“ਯੋਗ ਲੀਡਰ ਦੇ ਨਾਲ ਨਾਲ਼ ਪੰਜਾਬ ਦੇ ਲੋਕਾਂ ਦੇ ਵਿਚਾਰ, ਵਿਹਾਰ, ਆਦਤਾਂ, ਸੁਭਾਓ, ਅਤੇ ਚਾਲ-ਚੱਲਣ ਵੀ ਬਦਲਣ ਅਤੇ ...”
(27 ਅਕਤੂਬਰ 2023)
ਕਿਸੇ ਵੀ ਕੌਮ ਜਾਂ ਮੁਲਕ ਦਾ ਭਵਿੱਖ ਸਭ ਤੋਂ ਵੱਧ ਉਸ ਦੇ ਲੀਡਰ ਉੱਤੇ ਨਿਰਭਰ ਕਰਦਾ ਹੈ। ਸਫ਼ਲਤਾ ਹਮੇਸ਼ਾ ਲੀਡਰ ਦੇ ਠੀਕ ਢੰਗ ਨਾਲ ਪ੍ਰਸ਼ਾਸਨ ਚਲਾਉਣ ਅਤੇ ਉਸ ਦੇ ਸਾਥੀਆਂ ਦੀ ਯੋਗਤਾ ਅਤੇ ਸਹਿਯੋਗ ਨਾਲ ਹੀ ਪ੍ਰਾਪਤ ਹੁੰਦੀ ਹੈ। ਇਹ ਗੱਲ ਪਰਿਵਾਰ, ਕਿਸੇ ਵੀ ਸੰਸਥਾ, ਪਿੰਡ, ਸ਼ਹਿਰ, ਸੂਬੇ, ਜਾਂ ਦੇਸ਼ ਉੱਤੇ ਢੁਕਦੀ ਹੈ। ਜੇ ਪਰਿਵਾਰ ਵਿੱਚ ਪਰਿਵਾਰ ਦਾ ਮੁਖੀ ਹੀ ਨਿਕੰਮਾ ਅਤੇ ਸੁਸਤ ਹੋਵੇ ਤਾਂ ਪਰਿਵਾਰ ਲਈ ਸਫ਼ਲਤਾ ਪ੍ਰਾਪਤ ਕਰਨੀ ਮੁਸ਼ਕਲ ਹੋ ਜਾਂਦੀ ਹੈ। ਜੇ ਕਿਸੇ ਸੰਸਥਾ ਦਾ ਮੁਖੀ ਠੀਕ ਢੰਗ ਨਾਲ ਕੰਮ ਨਾ ਚਲਾ ਸਕੇ ਤਾਂ ਉਸ ਸੰਸਥਾ ਦੇ ਫੇਲ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜੇ ਕਿਸੇ ਸੂਬੇ ਜਾਂ ਦੇਸ਼ ਕੋਲ਼ ਯੋਗ ਲੀਡਰ ਨਾ ਹੋਣ ਤਾਂ ਉਹ ਸੂਬਾ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਜੇ ਕਿਸੇ ਮਰੀਜ਼ ਦਾ ਇਲਾਜ ਨੀਮ-ਹਕੀਮ ਡਾਕਟਰਾਂ ਤੋਂ ਹੀ ਕਰਾਇਆ ਜਾਵੇ ਤਾਂ ਬਿਮਾਰੀ ਵਧਣੀ ਹੀ ਹੁੰਦੀ ਹੈ, ਘਟਣੀ ਨਹੀਂ। ਪੰਜਾਬ ਦੀ ਬਦਕਿਸਮਤੀ ਇਹ ਰਹੀ ਹੈ ਕਿ ਇਸ ਨੂੰ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਕੋਈ ਯੋਗ ਲੀਡਰ ਨਹੀਂ ਮਿਲਿਆ ਅਤੇ ਜੇ ਮਿਲਿਆ ਹੈ ਤਾਂ ਉਸ ਨੂੰ ਰਾਜਨੀਤਕ ਪਾਰਟੀਆਂ ਦੀ ਅੰਦਰੂਨੀ ਫੁੱਟ ਨੇ ਬਹੁਤੀ ਦੇਰ ਚੱਲਣ ਨਹੀਂ ਦਿੱਤਾ। ਜਸਟਿਸ ਗੁਰਨਾਮ ਸਿੰਘ ਬਹੁਤ ਪੜ੍ਹਿਆ-ਲਿਖਿਆ ਯੋਗ ਮੁੱਖ ਮੰਤਰੀ ਸੀ ਪਰ ਉਸ ਨੂੰ ਅਕਾਲੀਆਂ ਦੀ ਆਪਸ-ਵਿਚਲੀ ਫੁੱਟ ਨੇ ਫੇਲ ਕਰ ਦਿੱਤਾ ਸੀ। ਉਹ ਦੋ ਵਾਰੀ ਮੁੱਖ ਮੰਤਰੀ ਬਣਿਆ ਸੀ - ਪਹਿਲੀ ਵਾਰੀ ਸਿਰਫ਼ 9 ਕੁ ਮਹੀਨੇ ਅਤੇ ਦੂਜੀ ਵਾਰੀ ਇੱਕ ਸਾਲ ਦੇ ਕਰੀਬ ਹੀ ਉਸ ਨੂੰ ਚੱਲਣ ਦਿੱਤਾ ਗਿਆ ਸੀ।
ਲਛਮਣ ਸਿੰਘ ਭਾਵੇਂ ਬਹੁਤਾ ਪੜ੍ਹਿਆ-ਲਿਖਿਆ ਮੁੱਖ ਮੰਤਰੀ ਨਹੀਂ ਸੀ ਪਰ ਉਸ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਪੰਜਾਬ ਲਈ ਕਈ ਵਧੀਆ ਕੰਮ ਕੀਤੇ ਸਨ। ਉਹ ਵੀ ਮਸਾਂ 9 ਕੁ ਮਹੀਨੇ ਹੀ ਮੁੱਖ ਮੰਤਰੀ ਰਿਹਾ ਸੀ। ਕੈਰੋਂ ਅਮਰੀਕਾ ਤੋਂ ਅਰਥ-ਸ਼ਾਸਤਰ ਅਤੇ ਰਾਜਨੀਤੀ ਵਿੱਚ ਦੋ ਐੱਮ.ਏ. ਕਰ ਕੇ ਵਾਪਸ ਹਿੰਦੁਸਤਾਨ ਚਲੇ ਗਿਆ ਸੀ। ਉਸ ਨੂੰ ਰਾਜਨੀਤੀ ਦਾ ਵੀ ਪੂਰਾ ਗਿਆਨ ਸੀ ਅਤੇ ਆਰਥਿਕ ਤਰੱਕੀ ਬਾਰੇ ਵੀ ਪੂਰੀ ਜਾਣਕਾਰੀ ਸੀ। ਉਸ ਨੇ ਕੁਝ ਸਾਲ ਅਮਰੀਕਾ ਵਿੱਚ ਗੁਜ਼ਾਰ ਕੇ ਉੱਥੋਂ ਦੇ ਸਿਸਟਮ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ ਸੀ। ਪ੍ਰਤਾਪ ਸਿੰਘ ਕੈਰੋਂ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਬਹੁਤ ਵਧੀਆ ਸੰਬੰਧ ਸਨ ਜਿਸ ਕਰ ਕੇ ਪ੍ਰਤਾਪ ਸਿੰਘ ਕੈਰੋਂ ਕੇਂਦਰ ਦੀ ਸਰਕਾਰ ਤੋਂ ਲੋੜੀਂਦੀ ਸਹਾਇਤਾ ਲੈ ਕੇ ਪੰਜਾਬ ਦੀ ਕਾਫ਼ੀ ਤਰੱਕੀ ਕਰ ਸਕਿਆ ਸੀ। ਕੈਰੋਂ ਨੇ ਆਪਣੇ ਲਗਭਗ ਅੱਠ ਸਾਲਾਂ ਦੇ ਰਾਜ ਵਿੱਚ ਪੰਜਾਬ ਵਿੱਚ ਬਹੁਤ ਸੁਧਾਰ ਕੀਤੇ ਸਨ। ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਕੈਰੋਂ ਤੋਂ ਬਾਅਦ ਕੋਈ ਇੱਕ ਵੀ ਉਸ ਵਰਗਾ ਯੋਗ ਮੁੱਖ ਮੰਤਰੀ ਪੈਦਾ ਨਹੀਂ ਕਰ ਸਕੇ। ਜੇ ਪੰਜਾਬ ਕੋਲ਼ ਯੋਗ ਲੀਡਰ ਹੀ ਨਹੀਂ ਤਾਂ ਪੰਜਾਬ ਦੀ ਤਰੱਕੀ ਕਿਵੇਂ ਹੋ ਸਕਦੀ ਹੈ?
ਇਹ ਵੀ ਬਦਕਿਸਮਤੀ ਹੈ ਕਿ ਪੰਜਾਬ ਵਿਚਲੀਆਂ ਦੋਵਾਂ ਮੁੱਖ ਪਾਰਟੀਆਂ ਨੇ ਵਾਰ ਵਾਰ ਉਨ੍ਹਾਂ ਸਿਆਸਤਦਾਨਾਂ ਨੂੰ ਹੀ ਲੀਡਰ ਚੁਣਿਆ ਹੈ ਜਿਹੜੇ ਵਧੀਆ ਕੰਮ ਨਹੀਂ ਕਰ ਸਕੇ। ਪੰਜਾਬ ਦੇ ਵੋਟਰ ਇੱਕ ਪਾਰਟੀ ਤੋਂ ਮਾਯੂਸ ਹੋ ਕੇ ਦੂਜੀ ਪਾਰਟੀ ਨੂੰ ਚੁਣ ਲੈਂਦੇ ਰਹੇ ਹਨ। ਫਿਰ ਉਸ ਪਾਰਟੀ ਤੋਂ ਮਾਯੂਸ ਹੋ ਕੇ ਪਹਿਲੀ ਨੂੰ ਦੁਬਾਰਾ ਚੁਣ ਲੈਂਦੇ ਰਹੇ ਹਨ। ਬਹੁਤ ਸਾਲਾਂ ਤੋਂ ਇਹੋ ਜਿਹਾ ਚੱਕਰ ਹੀ ਚਲਦਾ ਆ ਰਿਹਾ ਸੀ। ਦਿਨ-ਬ-ਦਿਨ ਪੰਜਾਬ ਦੀ ਹਾਲਤ ਪਤਲੀ ਹੋ ਰਹੀ ਦੇਖ ਕੇ ਸ਼ਾਹ ਮੁਹੰਮਦ ਦੀ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ’ ਦੀਆਂ ਇਹ ਸਤਰਾਂ ਯਾਦ ਆਉਂਦੀਆਂ ਹਨ: ‘ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।’ ਸਾਲ 2022 ਦੇ ਸ਼ੁਰੂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਹੋਈ ਸੀ ਅਤੇ ਭਗਵੰਤ ਮਾਨ ਦੀ ਸਰਕਾਰ ਬਣੀ ਸੀ। ਇਸ ਥੋੜ੍ਹੇ ਜਿਹੇ ਸਮੇਂ ਵਿੱਚ ਇਸ ਨਵੀਂ ਸਰਕਾਰ ਨੇ ਕਾਫ਼ੀ ਵਧੀਆ ਕੰਮ ਕੀਤੇ ਹਨ ਪਰ ਪੰਜਾਬ ਦੀ ਜੋ ਪਤਲੀ ਹਾਲਤ ਪਿਛਲੇ ਬਹੁਤ ਸਾਰੇ ਸਾਲਾਂ ਵਿੱਚ ਦੋ ਪਾਰਟੀਆਂ ਦੇ ਰਾਜ ਨੇ ਕੀਤੀ ਹੈ ਉਸ ਦਾ ਸੁਧਾਰ ਕਰਨ ਲਈ ਬਹੁਤ ਦੇਰ ਲੱਗੇਗੀ। ਇਹ ਇਸੇ ਤਰ੍ਹਾਂ ਹੈ ਜਿਵੇਂ ਕਿਸੇ ਮਰੀਜ਼ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੋਵੇ ਤਾਂ ਉਸ ਦਾ ਇਲਾਜ ਕਰ ਕੇ ਉਸ ਨੂੰ ਤੰਦਰੁਸਤ ਕਰਨ ਵਿੱਚ ਬਹੁਤ ਦੇਰ ਲਗਦੀ ਹੈ।
ਪੰਜਾਬ ਦੀ ਸਮੱਸਿਆ ਇਹ ਹੈ ਕਿ ਇਹ ਹਾਲੇ ਵੀ ਬਹੁਤਾ ਖੇਤੀ ਉੱਤੇ ਹੀ ਨਿਰਭਰ ਕਰਦਾ ਹੈ। ਅਜ਼ਾਦੀ ਦੇ ਲਗਭਗ 76 ਸਾਲਾਂ ਤੋਂ ਬਾਅਦ ਵੀ ਪੰਜਾਬ ਵਿੱਚ ਇੱਕ-ਦੋ ਤੋਂ ਛੁੱਟ ਵੱਡੀਆਂ ਕੰਪਨੀਆਂ ਨਹੀਂ ਖੋਲ੍ਹੀਆਂ ਗਈਆਂ। ਹਿੰਦੁਸਤਾਨ ਦੇ ਕਈ ਹੋਰ ਸੂਬਿਆਂ ਵਿੱਚ ਜਾਂ ਸ਼ਹਿਰਾਂ ਵਿੱਚ ਤਕਨਾਲੋਜੀ ਦੀਆਂ ਬਹੁਤ ਸਾਰੀਆਂ ਕੰਪਨੀਆਂ ਖੋਲ੍ਹੀਆਂ ਗਈਆਂ ਹਨ, ਜਿਵੇਂ ਪੂਨੇ, ਬੰਗਲੌਰ, ਨਾਇਡੂ, ਹੈਦਰਾਬਾਦ, ਅਤੇ ਗੁੜਗਾਉਂ ਵਿੱਚ। ਪੰਜਾਬ ਕੋਲ਼ ਕਾਫ਼ੀ ਨਿਪੁੰਨ ਇੰਜਨੀਅਰ ਅਤੇ ਕੰਪਿਊਟਰ ਦੇ ਮਾਹਿਰ ਹੋਣ ਦੇ ਬਾਵਜੂਦ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ। ਜਿੱਥੋਂ ਤਕ ਮੇਰੀ ਜਾਣਕਾਰੀ ਹੈ, ਕੋਈ ਵੱਡੀ ਇੰਜਨੀਅਰਿੰਗ ਕੰਪਨੀ, ਤਕਨਾਲੋਜੀ ਕੰਪਨੀ, ਜਾਂ ਦਵਾਈਆਂ ਬਣਾਉਣ ਦੀ (Pharmaceutical) ਕੰਪਨੀ, ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੰਪਨੀ ਪੰਜਾਬ ਵਿੱਚ ਨਹੀਂ ਸਥਾਪਤ ਕੀਤੀ ਗਈ। ਭਾਰਤ ਦੇ ਹੋਰ ਕਈ ਸੂਬਿਆਂ ਵਿੱਚ ਆਊਟ-ਸੋਰਸ (Outsource) ਦੀਆਂ ਕੰਪਨੀਆਂ ਖੁੱਲ੍ਹੀਆਂ ਹਨ ਜੋ ਅਮਰੀਕਾ, ਕੈਨੇਡਾ, ਅਤੇ ਹੋਰ ਉੱਨਤ ਦੇਸ਼ਾਂ ਲਈ ਗਾਹਕਾਂ ਦੇ ਫ਼ੋਨ ਕਾਲਾਂ ਦਾ ਜਵਾਬ ਦੇ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਦੀਆਂ ਹਨ। ਪਰ ਪੰਜਾਬ ਵਿੱਚ ਇਹੋ ਜਿਹੀ ਕੋਈ ਕੰਪਨੀ ਨਹੀਂ ਖੋਲ੍ਹੀ ਗਈ। ਮੈਂ ਕਈ ਵਾਰੀ ਦੇਖਿਆ ਹੈ ਕਿ ਜਦੋਂ ਮੈਂ ਕਿਸੇ ਕੰਪਿਊਟਰ ਕੰਪਨੀ ਜਾਂ ਕਿਸੇ ਏਅਰ ਲਾਈਨ ਕੰਪਨੀ ਜਾਂ ਕਿਸੇ ਕਰੈਡਿਟ ਕਾਰਡ ਕੰਪਨੀ ਆਦਿ ਤੋਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਬਹੁਤੀ ਵਾਰੀ ਫ਼ੋਨ ਦਾ ਜਵਾਬ ਦੇਣ ਵਾਲਾ ਮੁਲਾਜ਼ਮ ਹਿੰਦੁਸਤਾਨ, ਇੰਡੋਨੇਸ਼ੀਆ ਜਾਂ ਕਿਸੇ ਹੋਰ ਏਸ਼ੀਅਨ ਮੁਲਕ ਤੋਂ ਹੁੰਦਾ ਹੈ। ਹਿੰਦੁਸਤਾਨ ਵਿੱਚੋਂ ਆਮ ਤੌਰ ’ਤੇ ਇਹੋ ਜਿਹੇ ਮੁਲਾਜ਼ਮ ਪੂਨੇ, ਬੰਗਲੌਰ, ਨਾਇਡੂ, ਗੁੜਗਾਉਂ, ਜਾਂ ਹੈਦਰਾਬਾਦ ਤੋਂ ਹੀ ਹੁੰਦੇ ਹਨ। ਪੰਜਾਬ ਇਸ ਪਾਸੇ ਕਿਉਂ ਧਿਆਨ ਨਹੀਂ ਦੇ ਸਕਿਆ? ਪੰਜਾਬ ਕੋਲ਼ ਪੜ੍ਹੇ ਲਿਖੇ ਵਧੀਆ ਅੰਗਰੇਜ਼ੀ ਬੋਲਣ ਵਾਲੇ ਬਹੁਤ ਲੋਕ ਹਨ। ਮੁਸ਼ਕਲ ਇਹ ਹੈ ਕਿ ਪੰਜਾਬ ਦੇ ਲੀਡਰਾਂ ਅਤੇ ਲੋਕਾਂ ਨੇ ਇਸ ਪਾਸੇ ਕੋਈ ਧਿਆਨ ਹੀ ਨਹੀਂ ਦਿੱਤਾ।
ਇਸ ਇੱਕੀਵੀਂ ਸਦੀ ਵਿੱਚ ਕਿਸੇ ਵੀ ਦੇਸ਼ ਜਾਂ ਸੂਬੇ ਦਾ ਸਿਰਫ਼ ਖੇਤੀਬਾੜੀ ’ਤੇ ਨਿਰਭਰ ਹੋਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ। ਕੋਈ ਜ਼ਮਾਨਾ ਸੀ ਕਿ ਲੋਕਾਂ ਦੀਆਂ ਲੋੜਾਂ ਅਤੇ ਮੰਗਾਂ ਸਿਰਫ਼ ਰੋਟੀ, ਕੱਪੜੇ, ਅਤੇ ਮਕਾਨ ਤਕ ਹੀ ਸੀਮਤ ਸਨ। ਅੱਜ ਦੇ ਜ਼ਮਾਨੇ ਵਿੱਚ ਲੋਕਾਂ ਦੀਆਂ, ਖ਼ਾਸ ਕਰ ਕੇ ਨਵੀਂ ਪੀੜ੍ਹੀ ਦੀਆਂ ਲੋੜਾਂ ਅਤੇ ਮੰਗਾਂ ਬਹੁਤ ਜ਼ਿਆਦਾ ਹੋ ਗਈਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਜਿਸ ਆਮਦਨ ਦੀ ਪਰਿਵਾਰਾਂ ਨੂੰ ਲੋੜ ਹੈ, ਉਹ ਬਹੁਤੇ ਪਰਿਵਾਰਾਂ ਲਈ ਖੇਤੀ ਤੋਂ ਹਾਸਲ ਕਰਨੀ ਅਸੰਭਵ ਹੈ। ਪੰਜਾਬ ਨੂੰ ਰੁਜ਼ਗਾਰ ਦੇ ਨਵੇਂ ਹਾਈ-ਟੈੱਕ (High-tech) ਵਸੀਲੇ ਪੈਦਾ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਤੋਂ ਲੋਕਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਹੋਵੇ। ਪੰਜਾਬ ਵਿੱਚ ਰੁਜ਼ਗਾਰ ਦੇ ਸਾਧਨ ਬਹੁਤੇ ਨਾ ਹੋਣ ਕਰ ਕੇ ਹੀ ਨਵੀਂ ਨੌਜਵਾਨ ਪੀੜ੍ਹੀ ਦੇ ਲੜਕੇ ਅਤੇ ਲੜਕੀਆਂ ਬਹੁਤ ਨਿਰਾਸ਼ ਅਤੇ ਮਾਯੂਸ ਹਨ। ਪੜ੍ਹੇ-ਲਿਖੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਆਪਣੀ ਯੋਗਤਾ ਤੋਂ ਹੇਠਾਂ ਦਾ ਕੰਮ ਇਹ ਬੱਚੇ ਕਰ ਕੇ ਰਾਜ਼ੀ ਨਹੀਂ ਅਤੇ ਉਨ੍ਹਾਂ ਦੀ ਯੋਗਤਾ ਦੇ ਬਰਾਬਰ ਦਾ ਕੰਮ ਮਿਲਦਾ ਨਹੀਂ। ਇਸੇ ਕਰ ਕੇ ਪੰਜਾਬ ਦੇ ਬਹੁਤੇ ਨੌਜਵਾਨ ਲੜਕੇ-ਲੜਕੀਆਂ ਦੂਜੇ ਮੁਲਕਾਂ ਨੂੰ ਜਾਣ ਲਈ ਨੱਠੇ ਫਿਰਦੇ ਹਨ ਜਿਸ ਵਾਸਤੇ ਉਹ ਹਰ ਜਾਇਜ਼ ਅਤੇ ਨਜਾਇਜ਼ ਵਸੀਲਾ ਅਪਣਾਉਣ ਲਈ ਤਿਆਰ ਹਨ। ਜਦੋਂ ਨੌਜਵਾਨ ਬੱਚੇ ਬਾਹਰਲੇ ਮੁਲਕਾਂ ਤੋਂ ਆਏ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਪੈਸੇ ਦਾ ਦਿਖਾਵਾ ਕਰਦੇ ਦੇਖਦੇ ਹਨ ਤਾਂ ਇਨ੍ਹਾਂ ਦਾ ਦਿਲ ਵੀ ਬਾਹਰ ਜਾਣ ਨੂੰ ਘਾਊਂ-ਮਾਊਂ ਕਰਨ ਲੱਗ ਪੈਂਦਾ ਹੈ। ਬਹੁਤ ਸਾਰੇ ਪਰਿਵਾਰ ਇਸੇ ਕੋਸ਼ਿਸ਼ ਵਿੱਚ ਕਿ ਉਨ੍ਹਾਂ ਦੇ ਬੱਚੇ ਬਾਹਰ ਚਲੇ ਜਾਣ। ਕਈ ਜ਼ਮੀਨਾਂ ਵੇਚ ਕੇ ਪੈਸੇ ਗੁਆ ਬੈਠੇ ਹਨ, ਕਰਜ਼ਿਆਂ ਹੇਠ ਦੱਬੇ ਗਏ ਹਨ, ਅਤੇ ਦੀਵਾਲੀਏ ਬਣ ਗਏ ਹਨ।
ਕਦੇ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਗੁਰੂਆਂ-ਪੀਰਾਂ ਦੇ ਨਾਂ ’ਤੇ ਵਸਦਾ ਹੈ। ਹੁਣ ਬਹੁਤ ਸਾਲਾਂ ਤੋਂ ਪੰਜਾਬ ਦੋ ਗੱਲਾਂ ’ਤੇ ਹੀ ਵਸਦਾ ਹੈ। ਇੱਕ ਤਾਂ ਬਾਹਰਲੇ ਮੁਲਕਾਂ ਤੋਂ ਆਉਂਦੇ ਪੈਸੇ ਦੀ ਮਦਦ ਨਾਲ ਹੀ ਪੰਜਾਬ ਵਸਦਾ ਹੈ। ਜਿਨ੍ਹਾਂ ਪਰਿਵਾਰਾਂ ਦਾ ਇੱਕ ਮੈਂਬਰ ਵੀ ਬਾਹਰਲੇ ਕਿਸੇ ਮੁਲਕ ਵਿੱਚ ਚਲੇ ਗਿਆ ਸੀ, ਉਸ ਪਰਿਵਾਰ ਦੀਆਂ ਪੌਂਅ ਬਾਰਾਂ ਸਨ। ਬਾਕੀ ਮੈਂਬਰ ਵਿਹਲੇ ਬੈਠ ਕੇ ਜਾਂ ਥੋੜ੍ਹਾ ਬਹੁਤ ਕੰਮ ਕਰ ਕੇ ਹੀ ਰੱਜਵੀਂ ਰੋਟੀ ਖਾਂਦੇ ਸਨ। ਪਿਛਲੀ ਪੀੜ੍ਹੀ ਦੇ ਬਾਹਰ ਗਏ ਲੋਕਾਂ ਨੇ ਪੈਸੇ ਭੇਜ-ਭੇਜ ਕੇ ਪੰਜਾਬ ਵਿੱਚ ਵਧੀਆ ਮਕਾਨ ਬਣਾ ਲਏ, ਕੋਠੀਆਂ ਖ਼ਰੀਦ ਲਈਆਂ, ਅਤੇ ਜ਼ਮੀਨਾਂ ਖ਼ਰੀਦ ਲਈਆਂ। ਇਸਦਾ ਨਤੀਜਾ ਇਹ ਹੋਇਆ ਕਿ ਮਕਾਨਾਂ ਅਤੇ ਜ਼ਮੀਨਾਂ ਦੀਆਂ ਕੀਮਤਾਂ ਇੰਨੀ ਤੇਜ਼ੀ ਨਾਲ ਵਧ ਕੇ ਅਸਮਾਨ ਚੜ੍ਹ ਗਈਆਂ ਕਿ ਆਮ ਪੰਜਾਬੀ ਪਰਿਵਾਰ ਲਈ ਜ਼ਮੀਨ ਖ਼ਰੀਦਣੀ ਅਤੇ ਘਰ ਬਣਾਉਣਾ ਅਸੰਭਵ ਹੋ ਗਿਆ ਹੈ। ਪਰ ਹੁਣ ਬਾਹਰ ਗਏ ਪਿਛਲੀ ਪੀੜ੍ਹੀ ਦੇ ਲੋਕਾਂ ਨੇ ਇਹ ਮਹਿਸੂਸ ਕਰ ਲਿਆ ਹੈ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਬੱਚਿਆਂ ਨੇ ਕਦੇ ਵੀ ਵਾਪਸ ਹਿੰਦੁਸਤਾਨ ਨਹੀਂ ਆਉਣਾ ਜਦੋਂ ਕਿ ਪਹਿਲਾਂ ਇਹ ਲੋਕ ਸੋਚਦੇ ਸਨ ਕਿ ਕਿਸੇ ਦਿਨ ਉਹ ਹਿੰਦੁਸਤਾਨ ਵਾਪਸ ਜਾਣਗੇ ਅਤੇ ਬੁਢਾਪਾ ਉੱਥੇ ਹੀ ਗੁਜ਼ਾਰਨਗੇ। ਹੁਣ ਇਹ ਲੋਕ, ਜਿਨ੍ਹਾਂ ਨੇ ਪਹਿਲਾਂ ਜ਼ਮੀਨਾਂ ਅਤੇ ਮਕਾਨ ਪੰਜਾਬ ਵਿੱਚ ਖ਼ਰੀਦੇ ਸਨ, ਉਹ ਉਨ੍ਹਾਂ ਜ਼ਮੀਨਾਂ ਅਤੇ ਮਕਾਨਾਂ ਨੂੰ ਤੇਜ਼ੀ ਨਾਲ ਵੇਚ ਰਹੇ ਹਨ। ਇਹ ਇੱਕ ਮੁੱਖ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਜ਼ਮੀਨ ਅਤੇ ਮਕਾਨਾਂ ਦੀਆਂ ਕੀਮਤਾਂ ਬਹੁਤ ਘਟ ਗਈਆਂ ਹਨ। ਮੇਰਾ ਅੰਦਾਜ਼ਾ ਹੈ ਕਿ ਇਹ ਕੀਮਤਾਂ ਹਾਲੇ ਹੋਰ ਵੀ ਹੇਠਾਂ ਜਾਣਗੀਆਂ।
ਦੂਜੀ ਗੱਲ ਜਿਸ ’ਤੇ ਅੱਜ ਦਾ ਪੰਜਾਬ ਵਸਦਾ ਹੈ ਉਹ ਹੈ ਬਾਹਰਲੇ ਸੂਬਿਆਂ ਤੋਂ (ਖ਼ਾਸ ਕਰ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ) ਆਏ ਲੋਕ ਜੋ ਪੰਜਾਬ ਦਾ ਬਹੁਤਾ ਕਾਰੋਬਾਰ ਸੰਭਾਲੀ ਬੈਠੇ ਹਨ। ਅਸੀਂ ਇਨ੍ਹਾਂ ਲੋਕਾਂ ਨੂੰ ਪਰਵਾਸੀ ਕਹਿੰਦੇ ਹਾਂ ਪਰ ਅਸਲ ਵਿੱਚ ਇਹ ਲੋਕ ਪਰਵਾਸੀ ਨਹੀਂ, ਇਨ੍ਹਾਂ ਲੋਕਾਂ ਲਈ ਪਰਵਾਸੀ ਸ਼ਬਦ ਵਰਤਣਾ ਬਿਲਕੁਲ ਗ਼ਲਤ ਹੈ। ਇਹ ਤਾਂ ਆਪਣੇ ਮੁਲਕ ਵਿੱਚ ਹੀ ਇੱਕ ਸੂਬੇ ਤੋਂ ਉੱਠ ਕੇ ਦੂਜੇ ਸੂਬੇ ਵਿੱਚ ਜਾ ਵਸੇ ਹਨ। ਜਦੋਂ ਤਕ ਪੰਜਾਬ ਹਿੰਦੁਸਤਾਨ ਦਾ ਹਿੱਸਾ ਹੈ, ਉਦੋਂ ਤਕ ਹਿੰਦੁਸਤਾਨ ਦੇ ਕਿਸੇ ਵੀ ਹਿੱਸੇ ਵਿੱਚੋਂ ਕੋਈ ਇਨਸਾਨ ਵੀ ਆ ਕੇ ਪੰਜਾਬ ਵਿੱਚ ਵਸਣ ਦਾ ਉਸੇ ਤਰ੍ਹਾਂ ਦਾ ਹੱਕ ਰੱਖਦਾ ਹੈ ਜਿਸ ਤਰ੍ਹਾਂ ਦਾ ਪੰਜਾਬ ਦੇ ਲੋਕ ਦੂਜੇ ਸੂਬਿਆਂ ਵਿੱਚ ਜਾ ਕੇ ਵਸਣ ਦਾ ਹੱਕ ਰੱਖਦੇ ਹਨ। ਜਿਹੜੇ ਲੋਕ ਨੇਪਾਲ ਤੋਂ ਪੰਜਾਬ ਵਿੱਚ ਕੰਮ ਕਰਨ ਲਈ ਆਉਂਦੇ ਹਨ, ਉਹ ਜ਼ਰੂਰ ਪਰਵਾਸੀ ਹਨ। ਜਾਂ ਫਿਰ ਮੇਰੇ ਵਰਗੇ ਲੋਕ ਪਰਵਾਸੀ ਹਨ ਜੋ ਹਿੰਦੁਸਤਾਨ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਜਾ ਵਸੇ ਹਨ। ਜੇ ਇਹ ਲੋਕ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ (ਜਾਂ ਹੋਰ ਸੂਬਿਆਂ ਤੋਂ) ਪੰਜਾਬ ਵਿੱਚ ਨਾ ਆਉਣ ਤਾਂ ਪੰਜਾਬ ਦੇ ਬਹੁਤ ਸਾਰੇ ਕੰਮ ਬਿਲਕੁਲ ਠੱਪ ਹੋ ਜਾਣ। ਅਸਲ ਵਿੱਚ ਇਨ੍ਹਾਂ ਲੋਕਾਂ ਨੇ ਹੀ ਪੰਜਾਬ ਦੇ ਕਾਰੋਬਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਸਦੇ ਬਾਵਜੂਦ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਆ ਕੇ ਬਚਾ ਲਿਆ ਹੈ, ਪੰਜਾਬ ਦੇ ਕੁਝ ਲੋਕ ਕਹਿੰਦੇ ਹਨ ਕਿ ਇਨ੍ਹਾਂ ਲੋਕਾਂ ਨੇ ਆ ਕੇ ਪੰਜਾਬ ਦਾ ਕਲਚਰ ਵਿਗਾੜ ਦਿੱਤਾ ਹੈ। ਇਹ ਕਹਿਣਾ ਬਿਲਕੁਲ ਗ਼ਲਤ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਕਲਚਰ ਵੀ ਹਮੇਸ਼ਾ ਵਾਸਤੇ ਸਥਿਰ ਨਹੀਂ ਰਹਿੰਦਾ। ਕਲਚਰ ਹਮੇਸ਼ਾ ਬਦਲਦਾ ਰਹਿੰਦਾ ਹੈ, ਖ਼ਾਸ ਕਰ ਕੇ ਹਰ ਨਵੀਂ ਪੀੜ੍ਹੀ ਦੇ ਆਉਣ ਨਾਲ। ਦੂਸਰੀ ਗੱਲ ਕਿ ਜੇ ਪੰਜਾਬ ਦਾ ਕਲਚਰ ਵਿਗੜ ਰਿਹਾ ਹੈ ਤਾਂ ਇਸ ਵਿੱਚ ਬਹੁਤਾ ਹੱਥ ਪੰਜਾਬੀਆਂ ਦਾ ਆਪਣਾ ਹੈ, ਬਾਹਰਲੇ ਸੂਬਿਆਂ ਤੋਂ ਆਏ ਮਜ਼ਦੂਰਾਂ ਦਾ ਨਹੀਂ।
ਪੰਜਾਬ ਦੀ ਹੀ ਨਹੀਂ ਸਗੋਂ ਸਾਰੇ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਹੈ ਤੇਜ਼ੀ ਨਾਲ ਵਧੀ ਅਬਾਦੀ, ਜੋ ਹਾਲੇ ਵੀ ਵਧ ਰਹੀ ਹੈ। ਮੈਨੂੰ ਉਮੀਦ ਹੈ ਕਿ ਸ਼ਾਇਦ ਭਾਰਤ ਦੀ ਅਬਾਦੀ ਇਸ ਵੇਲੇ ਚੀਨ ਦੀ ਅਬਾਦੀ ਤੋਂ ਕੁਝ ਵੱਧ ਹੋ ਗਈ ਹੋਵੇ ਜਾਂ ਹੋਣ ਵਾਲੀ ਹੈ। ਅਮਰੀਕਾ ਦਾ ਕੁੱਲ ਏਰੀਆ ਹਿੰਦੁਸਤਾਨ ਨਾਲੋਂ ਤਿੰਨ ਗੁਣਾ ਵੱਧ ਹੈ ਪਰ ਹਿੰਦੁਸਤਾਨ ਦੀ ਅਬਾਦੀ ਅਮਰੀਕਾ ਨਾਲੋਂ ਚਾਰ ਗੁਣਾ ਵੱਧ ਹੈ। ਕੈਨੇਡਾ ਦਾ ਏਰੀਆ ਵੀ ਹਿੰਦੁਸਤਾਨ ਨਾਲੋਂ ਤਿੰਨ ਗੁਣਾ ਤੋਂ ਵੱਧ ਹੈ ਪਰ ਹਿੰਦੁਸਤਾਨ ਦੀ ਅਬਾਦੀ ਕੈਨੇਡਾ ਨਾਲੋਂ ਲਗਭਗ 37 ਗੁਣਾ ਵੱਧ ਹੈ। ਹਿੰਦੁਸਤਾਨ ਲਈ ਇੰਨੇ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਦੇਣਾ ਸਿਰਫ਼ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ। ਜੇ ਇਸ ਨੇ ਆਪਣਾ ਭਵਿੱਖ ਵਧੀਆ ਬਣਾਉਣਾ ਹੈ ਤਾਂ ਪੰਜਾਬ ਨੂੰ ਹੀ ਨਹੀਂ, ਸਗੋਂ ਸਾਰੇ ਹਿੰਦੁਸਤਾਨ ਨੂੰ ਆਪਣੀ ਅਬਾਦੀ ਜਿੰਨੀ ਛੇਤੀ ਹੋ ਸਕੇ ਬਹੁਤ ਤੇਜ਼ੀ ਨਾਲ ਘਟਾਉਣੀ ਚਾਹੀਦੀ ਹੈ। ਹੁਣ ਆਮ-ਤੌਰ’ ਤੇ ਪੜ੍ਹੇ-ਲਿਖੇ ਲੋਕ ਤਾਂ ਘੱਟ ਬੱਚੇ ਪੈਦਾ ਕਰ ਰਹੇ ਹਨ ਪਰ ਘੱਟ ਪੜ੍ਹੇ-ਲਿਖੇ ਲੋਕ ਅਤੇ ਅਨਪੜ੍ਹ ਲੋਕ ਹਾਲੇ ਵੀ ਆਮ-ਤੌਰ ’ਤੇ ਜ਼ਿਆਦਾ ਬੱਚੇ ਪੈਦਾ ਕਰਦੇ ਹਨ। ਅਬਾਦੀ ਘਟਾਉਣ ਲਈ ਲੋਕਾਂ ਨੂੰ ਛੋਟੇ ਪਰਿਵਾਰ ਦੇ ਫ਼ਾਇਦੇ ਦੱਸਣ ਦੀ ਲੋੜ ਹੈ। ਇਹ ਟੀਚਾ ਕਈ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਵੇਂ ਲੋਕਾਂ ਨੂੰ ਕੁਝ ਆਰਥਿਕ ਲਾਲਚ ਦੇ ਕੇ। ਲੋਕਾਂ ਵਿੱਚ ਘੱਟ ਬੱਚੇ ਪੈਦਾ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਲੋਕਾਂ ਨੂੰ ਇਹ ਸਮਝ ਆਉਣੀ ਚਾਹੀਦੀ ਹੈ ਕਿ ਬੱਚਿਆਂ ਦੀ ਗਿਣਤੀ ਘੱਟ ਅਤੇ ਉਨ੍ਹਾਂ ਵਿੱਚ ਗੁਣ ਜ਼ਿਆਦਾ ਪੈਦਾ ਕਰੋ। ਜਾਣੀ ਕਿ ਲੋਕਾਂ ਨੂੰ ਇਹ ਸਮਝਾਇਆ ਜਾਣਾ ਚਾਹੀਦਾ ਹੈ ਕਿ ਬੱਚੇ ਇੱਕ ਜਾਂ ਦੋ ਹੀ ਪੈਦਾ ਕਰੋ ਪਰ ਉਨ੍ਹਾਂ ਦੇ ਪਾਲਣ-ਪੋਸਣ ਵੱਲ ਜ਼ਿਆਦਾ ਧਿਆਨ ਦੇਵੋ ਅਤੇ ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਵਧੀਆ ਇਨਸਾਨ ਬਣਾਓ। ਭਾਵ ਇਹ ਕਿ emphasize on quality than quantity of children.
ਪੰਜਾਬ (ਅਤੇ ਸਾਰੇ ਹਿੰਦੁਸਤਾਨ) ਦੀ ਇੱਕ ਹੋਰ ਵੱਡੀ ਸਮੱਸਿਆ ਜੋ ਤਰੱਕੀ ਦੇ ਰਾਹ ਵਿੱਚ ਰੋੜਾ ਬਣ ਰਹੀ ਹੈ, ਉਹ ਹੈ ਭ੍ਰਿਸ਼ਟਾਚਾਰ, ਹੇਰਾ-ਫੇਰੀ, ਬੇਈਮਾਨੀ, ਰਿਸ਼ਵਤਖ਼ੋਰੀ, ਆਦਿ। ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਰਿਸ਼ਵਤ ਦੇਣ ਤੋਂ ਬਗੈਰ ਨਹੀਂ ਹੁੰਦਾ। ਬਹੁਤ ਸਾਰੇ ਲੋਕਾਂ ਦੀ ਨਿਗਾਹ ਕੰਮ ਕਰ ਕੇ ਗੁਜ਼ਾਰਾ ਕਰਨ ਦੀ ਥਾਂ ਹੇਰਾ-ਫੇਰੀ ਨਾਲ ਅਮੀਰ ਬਣਨ ਵੱਲ ਲੱਗੀ ਰਹਿੰਦੀ ਹੈ। ਇਮਾਨਦਾਰੀ ਬਹੁਤ ਘੱਟ ਹੀ ਨਜ਼ਰ ਆਉਂਦੀ ਹੈ। ਇਸਦਾ ਨਤੀਜਾ ਇਹ ਹੋਇਆ ਹੈ ਕਿ ਬਾਹਰ ਗਏ ਪੰਜਾਬੀ ਹੁਣ ਪੰਜਾਬ ਵਿੱਚ ਪੈਸਾ ਬਿਜ਼ਨਸ ਵਿੱਚ ਲਾਉਣ ਤੋਂ ਕਤਰਾਉਂਦੇ ਹੀ ਨਹੀਂ ਸਗੋਂ ਡਰਨ ਲੱਗ ਪਏ ਹਨ। ਵਿਦੇਸ਼ੀ ਕੰਪਨੀਆਂ ਵੀ ਭ੍ਰਿਸ਼ਟਾਚਾਰ ਅਤੇ ਰਿਸ਼ਵਤਖ਼ੋਰੀ ਕਾਰਨ ਹਿੰਦੁਸਤਾਨ ਵਿੱਚ ਬਿਜ਼ਨਸ ਖੋਲ੍ਹਣ ਤੋਂ ਡਰਦੀਆਂ ਹਨ।
ਜਿਵੇਂ ਪਹਿਲਾਂ ਕਿਹਾ ਹੈ, ਪੰਜਾਬ ਵਿੱਚ ਨੌਕਰੀਆਂ, ਖ਼ਾਸ ਕਰ ਕੇ ਪੜ੍ਹੇ-ਲਿਖੇ ਨੌਜਵਾਨ ਬੱਚਿਆਂ ਲਈ, ਬਹੁਤ ਘੱਟ ਹਨ। ਇਸ ਬੇਰੁਜ਼ਗਾਰੀ ਦੇ ਕਈ ਅਸਰ ਹਨ। ਇੱਕ ਅਸਰ ਤਾਂ ਇਹ ਹੈ ਕਿ ਨੌਜਵਾਨ ਬੱਚੇ-ਬੱਚੀਆਂ ਹਰ ਠੀਕ ਜਾਂ ਗ਼ਲਤ ਢੰਗ ਨਾਲ ਲੱਖਾਂ ਰੁਪਏ ਖ਼ਰਚ ਕੇ ਬਾਹਰਲੇ ਮੁਲਕਾਂ ਵਿੱਚ ਜਾਣ ਲਈ ਨੱਠੇ ਫਿਰਦੇ ਹਨ। ਜੇ ਉਹ ਇਸ ਟੀਚੇ ਵਿੱਚ ਸਫ਼ਲ ਨਹੀਂ ਹੁੰਦੇ ਅਤੇ ਪੈਸੇ ਵੀ ਗੁਆ ਲੈਂਦੇ ਹਨ ਤਾਂ ਕਈ ਨੌਜਵਾਨ ਤਾਂ ਖ਼ੁਦਕੁਸ਼ੀ ਕਰ ਲੈਂਦੇ ਹਨ। ਕੁਝ ਨਸ਼ਿਆਂ ਵਿੱਚ ਗੜੁੱਚ ਹੋ ਜਾਂਦੇ ਹਨ, ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ। ਪਿਛਲੇ ਕਈ ਸਾਲਾਂ ਤੋਂ ਪੰਜਾਬ ਨਸ਼ਿਆਂ ਦੀ ਬਿਮਾਰੀ ਦਾ ਦੱਬ ਕੇ ਮਰੀਜ਼ ਹੋਇਆ ਰਿਹਾ ਹੈ ਅਤੇ ਇਸਦੇ ਵਧਣ ਦਾ ਕਾਰਨ ਇਹ ਵੀ ਹੈ ਕਿ ਕੁਝ ਸਰਕਾਰ ਨਾਲ ਸੰਬੰਧਿਤ ਮੰਤਰੀ, ਐੱਮ.ਐੱਲ.ਏ., ਅਤੇ ਹੋਰ ਕਰਮਚਾਰੀ ਜਾਂ ਰਿਸ਼ਤੇਦਾਰ ਆਪ ਨਸ਼ੇ ਵੇਚਣ ਦੇ ਧੰਦੇ ਵਿੱਚ ਲੱਗੇ ਰਹੇ ਹਨ। ਨਸ਼ਿਆਂ ਦੀ ਬਹੁਤਾਤ ਕਾਰਨ ਨਵੀਂ ਪੀੜ੍ਹੀ ਦੇ ਬਹੁਤ ਸਾਰੇ ਨੌਜਵਾਨ ਬੱਚੇ ਕੰਮ ਨਹੀਂ ਕਰਦੇ ਅਤੇ ਪੰਜਾਬ ਦੀ ਹਾਲਤ ਦਿਨ-ਬ-ਦਿਨ ਵਿਗੜ ਰਹੀ ਹੈ।
ਦੁਨੀਆ ਦੇ ਸਾਰੇ ਧਰਮ ਹੀ ਗੁਰੂਆਂ, ਪੀਰਾਂ, ਫ਼ਕੀਰਾਂ, ਪੈਗ਼ੰਬਰਾਂ, ਆਦਿ ਨੇ ਇਸ ਲਈ ਸ਼ੁਰੂ ਕੀਤੇ ਸਨ ਕਿ ਲੋਕਾਂ ਨੂੰ ਜ਼ਿੰਦਗੀ ਵਿੱਚ ਭਟਕਣ ਤੋਂ ਬਚਾ ਕੇ ਸਹੀ ਰਸਤੇ ’ਤੇ ਪਾਇਆ ਜਾਵੇ। ਪਰ ਹੌਲੀ ਹੌਲੀ ਧਰਮਾਂ ਨੂੰ ਆਪਣੇ ਕਲਾਵੇ ਅਤੇ ਆਪਣੀ ਜਕੜ ਵਿੱਚ ਲੈ ਕੇ ਇਨ੍ਹਾਂ ਦੇ ਮਾਲਕ ਬਣ ਬੈਠੇ ਲੋਕਾਂ ਨੇ ਧਰਮਾਂ ਨੂੰ ਵੀ ਕੁਰਾਹੇ ਪਾ ਦਿੱਤਾ ਹੈ ਅਤੇ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਬਹੁਤੇ ਲੋਕਾਂ ਨੂੰ ਵੀ ਕੁਰਾਹੇ ਪਾ ਦਿੱਤਾ ਹੈ। ਧਰਮ ਦੇ ਨਾਂ ’ਤੇ ਪੰਜਾਬ ਵਿੱਚ ਹੀ ਨਹੀਂ, ਹਿੰਦੁਸਤਾਨ ਵਿੱਚ ਹੀ ਨਹੀਂ, ਸਗੋਂ ਦੁਨੀਆ ਦੇ ਲਗਭਗ ਸਾਰੇ ਮੁਲਕਾਂ ਵਿੱਚ ਦੰਗੇ, ਫ਼ਸਾਦ, ਲੜਾਈਆਂ, ਮਾਰ-ਪਿਟਾਈ, ਨਫ਼ਰਤ ਆਦਿ ਹੱਦ ਤੋਂ ਵੱਧ ਫ਼ੈਲ ਗਏ ਹਨ। ਧਰਮ ਤੋਂ ਜ਼ਿੰਦਗੀ ਜਿਊਣ ਦੇ ਵਧੀਆ ਅਸੂਲ ਸਿੱਖਣ ਦੀ ਬਜਾਏ ਲੋਕਾਂ ਨੇ ਸਿਰਫ਼ ਪਾਠ-ਪੂਜਾ ਵੱਲ ਹੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਇਹ ਕਿਸੇ ਇੱਕ ਧਰਮ ਦੀ ਗੱਲ ਨਹੀਂ, ਸਗੋਂ ਦੁਨੀਆ ਦੇ ਸਾਰੇ ਧਰਮਾਂ ਦੀ ਗੱਲ ਹੈ। ਜੇ ਪੰਜਾਬ ਵੱਲ ਦੇਖੀਏ ਤਾਂ ਬਾਬਿਆਂ ਦੇ ਡੇਰੇ ਪਿੰਡ-ਪਿੰਡ ਵਿੱਚ ਖੁੱਲ੍ਹੇ ਹੋਏ ਹਨ। ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਲੋਕ ਇਨ੍ਹਾਂ ਡੇਰਿਆਂ ਵਿੱਚ ਇਨ੍ਹਾਂ ਬਾਬਿਆਂ ਦੇ ਦਰਸ਼ਨ ਕਰਨ ਜਾਂਦੇ ਹਨ। ਧਾਰਮਿਕ ਸਥਾਨਾਂ ’ਤੇ ਜਾਣਾ ਮਾੜੀ ਗੱਲ ਨਹੀਂ ਪਰ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਕਿਹੋ ਜਿਹੇ ਧਾਰਮਿਕ ਸਥਾਨਾਂ ’ਤੇ ਜਾਣਾ ਹੈ ਅਤੇ ਕਿਸ ਮਕਸਦ ਲਈ ਜਾਣਾ ਹੈ। ਲੋਕ ਤਾਂ ਬੱਸਾਂ ਭਰ ਕੇ, ਟਰੱਕ ਭਰ ਕੇ, ਟਰਾਲੀਆਂ ਲੱਦ ਕੇ, ਕਾਰਾਂ ਭਰ ਕੇ ਇਨ੍ਹਾਂ ਬਾਬਿਆਂ ਦੇ ਡੇਰਿਆਂ ਵੱਲ ਵਹੀਰਾਂ ਘੱਤਦੇ ਹਨ ਅਤੇ ਕਈ ਕਈ ਦਿਨ ਇਨ੍ਹਾਂ ਡੇਰਿਆਂ ਉੱਤੇ ਬਿਤਾਉਂਦੇ ਹਨ। ਸੋਚੋ, ਜੇ ਇਨ੍ਹਾਂ ਸਾਰੇ ਲੋਕਾਂ ਦੇ ਇਨ੍ਹਾਂ ਡੇਰਿਆਂ ’ਤੇ ਬਿਤਾਏ ਸਮੇਂ ਨੂੰ ਜਮ੍ਹਾਂ ਕਰ ਲਿਆ ਜਾਵੇ ਤਾਂ ਕਿੰਨਾ ਸਮਾਂ ਧਰਮ ਦੇ ਨਾਂ ’ਤੇ ਇਸ ਮਕਸਦ ਲਈ ਲਗਾਇਆ ਜਾਂਦਾ ਹੈ। ਸ਼ਾਇਦ ਹਰ ਸਾਲ ਲੱਖਾਂ-ਕਰੋੜਾਂ ਘੰਟਿਆਂ ਦਾ ਸਮਾਂ ਇਸ ਤਰ੍ਹਾਂ ਬਰਬਾਦ ਕੀਤਾ ਜਾਂਦਾ ਹੈ। ਇਸ ਵਿੱਚੋਂ ਲੱਭਦਾ ਕੀ ਹੈ? ਕੁਝ ਵੀ ਨਹੀਂ। ਜੇ ਇਹੋ ਸਮਾਂ ਕੰਮ ਕਰਨ ’ਤੇ ਖ਼ਰਚਿਆ ਜਾਵੇ ਤਾਂ ਕਿੰਨੀ ਕਮਾਈ ਹੋ ਸਕਦੀ ਹੈ। ਲੋਕਾਂ ਨੂੰ ਸਿੱਖਣ ਦੀ ਲੋੜ ਹੈ ਕਿ ਧਰਮ ਕੀ ਹੈ, ਧਰਮ ਕਿਉਂ ਚਲਾਏ ਗਏ ਸਨ, ਅਤੇ ਇਨ੍ਹਾਂ ਨੂੰ ਕਿਵੇਂ ਆਪਣੀ ਬਿਹਤਰੀ ਲਈ ਵਰਤਣਾ ਹੈ। ਪੰਜਾਬ ਨੂੰ ਤਰੱਕੀ ਦੀ ਸਿਖਰ ’ਤੇ ਲਿਜਾਣ ਲਈ ਧਰਮਾਂ ਵਿੱਚ ਪੈਦਾ ਹੋਈ ਕੱਟੜਤਾ ਅਤੇ ਅੰਧ-ਵਿਸ਼ਵਾਸ ਨੂੰ ਖ਼ਤਮ ਕਰਨਾ ਜ਼ਰੂਰੀ ਹੈ।
ਪੰਜਾਬ ਵਿੱਚ ਹੀ ਨਹੀਂ, ਸਾਰੇ ਹਿੰਦੁਸਤਾਨ ਵਿੱਚ ਹੀ ਵਿਤਕਰਾ ਅਤੇ ਪੱਖਪਾਤ ਕਰਨ ਦੀ ਬਿਮਾਰੀ ਬਹੁਤ ਜ਼ਿਆਦਾ ਹੈ। ਇਹ ਵਿਤਕਰਾ ਧਰਮ ਦੇ ਨਾਂ ’ਤੇ ਵੀ ਹੈ, ਜਾਤਾਂ ਦੇ ਅਧਾਰ ’ਤੇ ਵੀ, ਇਸ ਅਧਾਰ ’ਤੇ ਵੀ ਕਿ ਤੁਸੀਂ ਹਿੰਦੁਸਤਾਨ ਦੇ ਕਿਸ ਇਲਾਕੇ ਤੋਂ ਹੋ, ਰੰਗ ਦੇ ਅਧਾਰ ’ਤੇ ਵੀ, ਅਤੇ ਹੋਰ ਕਈ ਕਾਰਨਾਂ ਕਰ ਕੇ ਵੀ ਹੈ। ਕਿਸੇ ਵੀ ਕੌਮ ਲਈ ਅੱਗੇ ਵਧਣ ਲਈ ਸਭ ਕਿਸਮ ਦਾ ਵਿਤਕਰਾ ਖ਼ਤਮ ਕਰਨ ਦੀ ਲੋੜ ਹੈ। ਵਿਤਕਰਾ ਪੂਰੀ ਤਰ੍ਹਾਂ ਤਾਂ ਕਿਸੇ ਵੀ ਦੇਸ਼ ਵਿੱਚ ਖ਼ਤਮ ਨਹੀਂ ਕੀਤਾ ਜਾ ਸਕਦਾ ਪਰ ਇਸ ਨੂੰ ਜਿੰਨਾ ਵੀ ਘਟਾਇਆ ਜਾ ਸਕੇ ਚੰਗਾ ਹੀ ਹੈ।
ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸਾਰਾ ਸੁਧਾਰ ਕਰਨ ਦੀ ਲੋੜ ਹੈ। ਇਹ ਸੁਧਾਰ ਸਕੂਲਾਂ ਤੋਂ ਲੈ ਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਤਕ ਕਰਨ ਦੀ ਲੋੜ ਹੈ। ਸਕੂਲਾਂ ਵਿੱਚ ਉਹ ਮਜ਼ਮੂਨ ਪੜ੍ਹਾਉਣ ਦੀ ਲੋੜ ਹੈ ਜਿਨ੍ਹਾਂ ਨਾਲ ਵਿਦਿਆਰਥੀ ਵੱਡੇ ਹੋ ਕੇ ਆਪਣੀ ਜ਼ਿੰਦਗੀ ਸੁਧਾਰ ਸਕਣ ਅਤੇ ਰੋਟੀ-ਰੋਜ਼ੀ ਕਮਾ ਸਕਣ। ਨਵੇਂ ਮਜ਼ਮੂਨ, ਜਿਵੇਂ ਜ਼ਿੰਦਗੀ ਜਿਊਣ ਦੇ ਵਧੀਆ ਤੌਰ ਤਰੀਕੇ ਅਤੇ ਰੰਗ-ਢੰਗ, ਪਰਿਵਾਰ ਦੀ ਮਹੱਤਤਾ, ਛੋਟੇ ਪਰਿਵਾਰ ਦੇ ਗੁਣ, ਨਵੇਂ ਬਿਜ਼ਨਸ ਖੋਲ੍ਹਣ ਅਤੇ ਚਲਾਉਣ ਦੀ ਸਿੱਖਿਆ, ਨਵੀਂ ਤਕਨਾਲੋਜੀ ਅਤੇ ਮਕੈਨੀਕਲ ਸਿੱਖਿਆ ਆਦਿ ਸਕੂਲਾਂ ਵਿੱਚ ਪੜ੍ਹਾਏ ਜਾਣੇ ਚਾਹੀਦੇ ਹਨ। ਇਹੋ ਜਿਹੇ ਮਜ਼ਮੂਨਾਂ ਦੀ ਜ਼ਿਆਦਾ ਡੁੰਘਾਈ ਵਾਲੀ ਸਿੱਖਿਆ ਕਾਲਜਾਂ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਬਦਕਿਸਮਤੀ ਨਾਲ ਬਹੁਤ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਜ਼ਿਆਦਾ ਸੌਖੇ ਮਜ਼ਮੂਨ ਪੜ੍ਹਾਉਣ ’ਤੇ ਹੀ ਜ਼ੋਰ ਦਿੰਦੇ ਹਨ ਪਰ ਪ੍ਰੈਕਟੀਕਲ ਸਿੱਖਿਆ ਵਾਲੇ ਮਜ਼ਮੂਨ ਘੱਟ ਪੜ੍ਹਾਉਂਦੇ ਹਨ ਜਾਂ ਪੜ੍ਹਾਉਂਦੇ ਹੀ ਨਹੀਂ। ਆਰਟਸ ਕਾਲਜ ਖੋਲ੍ਹਣ ਦੀ ਬਜਾਏ ਪਾਲੀਟੈਕਨਿਕ ਕਾਲਜ ਖੋਲ੍ਹਣ ਦੀ ਲੋੜ ਹੈ। ਪਿਛਲੇ 30-35 ਸਾਲਾਂ ਵਿੱਚ ਬਹੁਤ ਸਾਰੇ ਪ੍ਰਾਈਵੇਟ ਕਾਲਜ ਖੋਲ੍ਹੇ ਗਏ ਸਨ। ਹੋ ਸਕਦਾ ਇਹ ਸਾਰੇ ਲਵਲੀ ਯੂਨੀਵਰਸਿਟੀ ਦੀ ਸਫ਼ਲਤਾ ਤੋਂ ਪ੍ਰਭਾਵਿਤ ਹੋ ਕੇ ਹੀ ਖੋਲ੍ਹੇ ਗਏ ਹੋਣ। ਇਹ ਕਾਲਜ ਥੋੜ੍ਹੇ ਸਾਲਾਂ ਵਿੱਚ ਇਵੇਂ ਖੁੱਲ੍ਹੇ ਸਨ ਜਿਵੇਂ ਬਰਸਾਤ ਵਿੱਚ ਖੁੰਬਾਂ ਉੱਗਦੀਆਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕਾਲਜ ਤਾਂ ਹੁਣ ਬੰਦ ਵੀ ਹੋ ਗਏ ਹਨ। ਬਹੁਤ ਸਾਰੇ ਪ੍ਰਾਈਵੇਟ ਆਰਟਸ ਕਾਲਜਾਂ ਦੀ ਹਾਲਤ ਪਾਣੀ ਤੋਂ ਵੀ ਪਤਲੀ ਹੋ ਗਈ ਹੈ। ਇਸਦਾ ਪਹਿਲਾ ਕਾਰਨ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਘਟ ਗਈ ਹੈ ਜਾਂ ਬਹੁਤੇ ਨੌਜਵਾਨ ਲੜਕੇ-ਲੜਕੀਆਂ ਹਾਈ ਸਕੂਲ ਤੋਂ ਅੱਗੇ ਪੜ੍ਹਨਾ ਹੀ ਨਹੀਂ ਚਾਹੁੰਦੇ। ਦੂਜਾ ਕਾਰਨ ਇਹ ਵੀ ਹੈ ਕਿ ਪੰਜਾਬ ਦੇ ਬਹੁਤੇ ਨੌਜਵਾਨ ਲੜਕੇ-ਲੜਕੀਆਂ ਪੜ੍ਹਨ ਦੀ ਬਜਾਏ ਬਾਹਰਲੇ ਮੁਲਕਾਂ ਨੂੰ ਲਗਾਤਾਰ ਹੀਲੇ-ਵਸੀਲੇ ਤੁਰੀ ਜਾ ਰਹੇ ਹਨ। ਕੁਝ ਮਹੀਨੇ ਪਹਿਲਾਂ ਮੈਂ ਇਹ ਖ਼ਬਰ ਸੁਣੀ-ਪੜ੍ਹੀ ਸੀ ਕਿ ਚੀਨ ਨੇ ਉਹ ਸਕੂਲ ਅਤੇ ਕਾਲਜ ਬੰਦ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਹੜੇ ਮੁਨਾਫ਼ੇ ਲਈ ਖੋਲ੍ਹੇ ਗਏ ਸਨ। ਜਾਣੀ ਕਿ ਚੀਨ ਦਾ ਕਹਿਣਾ ਹੈ ਕਿ ਸਕੂਲ ਅਤੇ ਕਾਲਜ ਮੁਨਾਫ਼ਾ ਕਮਾਉਣ ਲਈ ਨਹੀਂ ਖੋਲ੍ਹੇ ਜਾਣੇ ਚਾਹੀਦੇ। ਇਹ ਗੱਲ ਬਿਲਕੁਲ ਠੀਕ ਹੈ। ਸਕੂਲ ਅਤੇ ਕਾਲਜ ਤਾਂ ਨੌਨ-ਪਰੌਫਿਟ (Nonprofit) ਸੰਸਥਾਵਾਂ ਹੋਣੀਆਂ ਚਾਹੀਦੀਆਂ ਹਨ।
ਜੇ ਅਜ਼ਾਦੀ ਤੋਂ ਬਾਅਦ ਦੇ ਸ਼ੁਰੂ ਦੇ ਕੁਝ ਸਾਲਾਂ ਦੀ ਹਿੰਦੁਸਤਾਨ ਦੀ ਲੀਡਰਸ਼ਿੱਪ ਵੱਲ ਦੇਖੀਏ ਤਾਂ ਪ੍ਰਧਾਨ ਮੰਤਰੀ ਨਹਿਰੂ ਬਹੁਤ ਸਿਆਣਾ ਅਤੇ ਵਿਦਵਾਨ ਇਨਸਾਨ ਸੀ, ਪਰ ਲੀਡਰ ਦੇ ਤੌਰ ’ਤੇ ਉਹ ਹਿੰਦੁਸਤਾਨ ਦੇ ਭਵਿੱਖ ਨੂੰ ਪੂਰੀ ਤਰ੍ਹਾਂ ਨਹੀਂ ਸੀ ਸਮਝ ਸਕਿਆ। ਉਸ ਨੇ ਜਾਂ ਸੋਚਿਆ ਹੀ ਨਹੀਂ ਸੀ ਜਾਂ ਇਸ ਪਾਸੇ ਧਿਆਨ ਹੀ ਨਹੀਂ ਸੀ ਦਿੱਤਾ ਕਿ ਹਿੰਦੁਸਤਾਨ ਦੀ ਜਨ-ਸੰਖਿਆ ਇੰਨੀ ਤੇਜ਼ੀ ਨਾਲ ਵਧ ਕੇ ਇੱਥੇ ਤਕ ਪਹੁੰਚ ਜਾਵੇਗੀ ਜਿੱਥੇ ਇਹ ਅੱਜ ਹੈ। ਨਹਿਰੂ ਦੇ ਵੇਲੇ ਹੀ ਪੰਜ-ਸਾਲਾ ਯੋਜਨਾਵਾਂ ਬਣਾਈਆਂ ਗਈਆਂ ਸਨ ਪਰ ਇਨ੍ਹਾਂ ਨੇ ਮੁਲਕ ਦਾ ਕੋਈ ਖ਼ਾਸ ਫ਼ਾਇਦਾ ਨਹੀਂ ਕੀਤਾ। ਨਹਿਰੂ ਨੇ ਅਮਰੀਕਾ ਨਾਲ ਘੱਟ ਅਤੇ ਸੋਵੀਅਤ ਯੂਨੀਅਨ (ਪੁਰਾਣੇ ਰੂਸ) ਨਾਲ ਜ਼ਿਆਦਾ ਗੱਠ-ਜੋੜ ਕੀਤਾ ਸੀ ਜਿਹੜਾ ਕਿ ਬਹੁਤਾ ਲਾਹੇਵੰਦ ਸਾਬਤ ਨਹੀਂ ਹੋਇਆ। ਨਹਿਰੂ ਦਾ ਸੋਸ਼ਲਿਸਟਿਕ ਪੈਟਰਨ ਆਫ ਸੋਸਾਇਟੀ (Socialistic Pattern of Society) ਦਾ ਸਲੋਗਨ ਗ਼ਲਤ ਸਾਬਤ ਹੋਇਆ। ਵੱਡੇ-ਵੱਡੇ ਕਾਰਖ਼ਾਨੇ (ਜਿਵੇਂ ਦੋ ਸਟੀਲ ਪਲਾਂਟ) ਸਰਕਾਰੀ ਖੇਤਰ ਵਿੱਚ ਲਗਾਏ ਗਏ ਸਨ ਜੋ ਕਰੋੜਾਂ-ਅਰਬਾਂ ਦਾ ਘਾਟਾ ਖਾ ਕੇ ਫੇਲ ਹੋ ਗਏ ਸਨ। ਹੋਰ ਪਤਾ ਨਹੀਂ ਕਿੰਨੇ ਕੁ ਕਾਰਖ਼ਾਨੇ ਸਰਕਾਰੀ ਖੇਤਰ ਵਿੱਚ ਲਾਏ ਫੇਲ ਹੋਏ ਸਨ। ਸੋਸ਼ਲਿਜ਼ਮ ਅਤੇ ਕਮਿਊਨਿਜ਼ਮ ਲਗਭਗ ਸਾਰੀ ਦੁਨੀਆ ਵਿੱਚੋਂ ਹੀ ਖ਼ਤਮ ਹੋ ਗਏ ਹਨ। ਪੂੰਜੀਵਾਦ ਹੀ ਅਸਲ ਵਿੱਚ ਤਰੱਕੀ ਦਾ ਢੰਗ ਹੈ। ਪਰ ਪੂੰਜੀਵਾਦ ਨੂੰ ਵੀ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ, ਇਸਦੇ ਵੀ ਕੁਝ ਨਕੇਲ ਪਾ ਕੇ ਰੱਖਣੀ ਚਾਹੀਦੀ ਹੈ। ਅਮੀਰ-ਗਰੀਬ ਦੇ ਪਾੜੇ ਨੂੰ ਘਟਾਉਣ ਦੇ ਢੰਗ ਅਪਣਾਏ ਜਾਣੇ ਚਾਹੀਦੇ ਹਨ। ਸਰਕਾਰੀ ਅਦਾਰਿਆਂ ਵਿੱਚ ਲੋਕ ਕੰਮ ਕਰ ਕੇ ਰਾਜ਼ੀ ਨਹੀਂ ਹੁੰਦੇ। ਪ੍ਰਾਈਵੇਟ ਅਦਾਰਿਆਂ ਵਿੱਚ ਲੋਕ ਜ਼ਿਆਦਾ ਕੰਮ ਕਰਦੇ ਹਨ। ਰੇਲਵੇ, ਜਹਾਜ਼, ਕਾਰਾਂ, ਬੱਸਾਂ, ਟਰੱਕ, ਬਿਜਲੀ, ਕੈਮਰਾ, ਰੇਡੀਓ, ਟੈਲੀਫ਼ੋਨ, ਟੈਲੀਵਿਜ਼ਨ, ਇੰਟਰਨੈੱਟ, ਕੰਪਿਊਟਰ ਆਦਿ ਸਭ ਪੂੰਜੀਵਾਦੀ ਦੇਸ਼ਾਂ ਵਿੱਚ ਹੀ ਖੋਜੇ ਗਏ ਸਨ, ਸੋਸ਼ਲਿਸਟ ਜਾਂ ਕਮਿਊਨਿਸਟ ਮੁਲਕਾਂ ਵਿੱਚ ਨਹੀਂ ਖੋਜੇ ਗਏ। ਤਕਨਾਲੋਜੀ ਦੇ ਪੱਖ ਤੋਂ ਜਿੱਥੇ ਅਸੀਂ ਅੱਜ ਪਹੁੰਚੇ ਹਾਂ, ਇਹ ਸਭ ਪੂੰਜੀਵਾਦ ਸਮਾਜ ਦੀ ਦੇਣ ਹੈ।
ਅਖੀਰ ਤੇ ਮੈਂ ਕਹਾਂਗਾ ਕਿ ਪੰਜਾਬ ਵਿੱਚ ਵਾਤਾਵਰਣ (Climate) ਦੀ ਹਾਲਤ ਇੰਨੀ ਵਿਗੜ ਗਈ ਹੈ ਕਿ ਇਸ ਨੂੰ ਬਹੁਤੀ ਜਲਦੀ ਸੁਧਾਰਿਆ ਨਹੀਂ ਜਾ ਸਕਦਾ। ਫ਼ਸਲਾਂ ਤੇ ਵਰਤੀਆਂ ਜਾ ਰਹੀਆਂ ਅਨੇਕਾਂ ਬਹੁਤ ਹੀ ਹਾਨੀਕਾਰਕ ਦੁਆਈਆਂ, ਖਾਦਾਂ ਆਦਿ ਨੇ ਭੋਜਨ ਨੂੰ ਤਾਂ ਜ਼ਹਿਰੀ ਬਣਾਉਣਾ ਹੀ ਸੀ ਪਰ ਇਨ੍ਹਾਂ ਦਵਾਈਆਂ ਅਤੇ ਖਾਦਾਂ ਦੇ ਜ਼ਮੀਨ ਵਿੱਚ ਖੁਰਨ ਦੇ ਕਾਰਨ ਪਾਣੀ ਵੀ ਬਹੁਤ ਗੰਦਾ ਅਤੇ ਹਾਨੀਕਾਰਕ ਹੋ ਗਿਆ ਹੈ। ਪੰਜਾਬ ਵਿੱਚ ਬਹੁਤ ਸਾਰੀਆਂ ਦਵਾਈਆਂ ਅਤੇ ਖਾਦਾਂ ਜੋ ਫ਼ਸਲਾਂ ਲਈ ਵਰਤੀਆਂ ਜਾ ਰਹੀਆਂ ਹਨ ਉਹ ਉੱਨਤ ਮੁਲਕਾਂ ਵਿੱਚ ਨਹੀਂ ਵਰਤੀਆਂ ਜਾ ਸਕਦੀਆਂ ਕਿਉਂਕਿ ਉਨ੍ਹਾਂ ਮੁਲਕਾਂ ਵਿੱਚ ਇਨ੍ਹਾਂ ਦਵਾਈਆਂ ਅਤੇ ਖਾਦਾਂ ਨੂੰ ਵਰਤਣ ਉੱਤੇ ਮਨਾਹੀ ਹੈ। ਇਹੋ ਕਾਰਨ ਹੈ ਕਿ ਪੰਜਾਬ ਵਿੱਚ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਬਹੁਤ ਜ਼ਿਆਦਾ ਤਾਦਾਦ ਵਿੱਚ ਲੋਕਾਂ ਨੂੰ ਬਿਮਾਰ ਕਰ ਰਹੀਆਂ ਹਨ। ਪੰਜਾਬ ਵਿੱਚ ਜ਼ਮੀਨ ਵਿੱਚ ਪਾਣੀ ਦਾ ਪੱਧਰ ਬਹੁਤ ਡੂੰਘਾ ਚਲੇ ਗਿਆ ਹੈ ਅਤੇ ਇਹ ਡਰ ਹੈ ਕਿ ਕਿਸੇ ਦਿਨ ਜ਼ਮੀਨ ਵਿੱਚੋਂ ਪਾਣੀ ਨਿਕਲਨੋਂ ਹੀ ਬੰਦ ਨਾ ਹੋ ਜਾਵੇ ਜਾਂ ਬਹੁਤ ਘਟ ਜਾਵੇ। ਹਾਲੇ ਤਕ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਇਸ ਪਾਸੇ ਲੋੜੀਂਦਾ ਧਿਆਨ ਨਹੀਂ ਦਿੱਤਾ। ਇਨ੍ਹਾਂ ਗੱਲਾਂ ਵੱਲ ਬਹੁਤ ਜਲਦੀ ਅਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।
ਪੰਜਾਬ ਨੂੰ ਇਸ ਲੇਖ ਵਿੱਚ ਬਿਆਨ ਕੀਤੀਆਂ ਮੁਸ਼ਕਲਾਂ ਵਿੱਚੋਂ ਕੱਢ ਕੇ ਤਰੱਕੀ ਦੇ ਰਾਹ ’ਤੇ ਤੋਰਨ ਲਈ ਇੱਕ ਵਧੀਆ ਅਤੇ ਸੁਲਝੇ ਹੋਏ ਲੀਡਰ ਦੀ ਲੋੜ ਹੈ ਜੋ ਇਨ੍ਹਾਂ ਸਮੱਸਿਆਵਾਂ ਨੂੰ ਅਤੇ ਇਨ੍ਹਾਂ ਦੇ ਹੱਲ ਨੂੰ ਸਮਝ ਸਕੇ। ਇਮਾਨਦਾਰੀ ਨਾਲ ਕੰਮ ਕਰਨ ਵਾਲੇ ਯੋਗ ਲੀਡਰ ਤੋਂ ਬਗੈਰ ਪੰਜਾਬ ਦਾ ਭਵਿੱਖ ਬਹੁਤਾ ਵਧੀਆ ਨਹੀਂ ਲਗਦਾ। ਪਰ ਯੋਗ ਲੀਡਰ ਦੇ ਨਾਲ ਨਾਲ਼ ਪੰਜਾਬ ਦੇ ਲੋਕਾਂ ਦੇ ਵਿਚਾਰ, ਵਿਹਾਰ, ਆਦਤਾਂ, ਸੁਭਾਓ, ਅਤੇ ਚਾਲ-ਚੱਲਣ ਵੀ ਬਦਲਣ ਅਤੇ ਸੁਧਾਰਨ ਦੀ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4427)
(ਸਰੋਕਾਰ ਨਾਲ ਸੰਪਰਕ ਲਈ: (