MandeepRimpi7ਸਾਡੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਅਸੀਂ ਚੁੱਪ-ਚਾਪ ਗੇਟ ਤੋਂ ਬਾਹਰ ਆ ਗਈਆਂ। ਜਦੋਂ ਵੀ ਵੰਦਨਾ ਮੈਡਮ ਸਾਡੇ ਸਕੂਲ ...
(25 ਅਕਤੂਬਰ 2023)


“ਭਾਈ! ਇਹਨਾਂ ਨੂੰ ਚਾਹ ਪਿਲਾਓ … … ਰੋਟੀ ਖੁਆਓ ਤੇ ਤੋਰੋ। ...” ਜਦੋਂ ਉਹਨਾਂ ਨੇ ਆਪਣੇ ਘਰ ਦੀਆਂ ਸੁਆਣੀਆਂ ਨੂੰ ਇੰਜ ਕਿਹਾ, ਅਸੀਂ ਦੋਵੇਂ ਜਣੀਆਂ ਇੱਕ-ਦੂਜੀ ਦੇ ਮੂੰਹ ਵੱਲ ਵੇਖਦੀਆਂ ਰਹਿ ਗਈਆਂ

ਬਜ਼ੁਰਗ ਬਾਬੇ ਤੋਂ ਇਹ ਉਮੀਦ ਤਾਂ ਨਹੀਂ ਸੀ ਕਿ ਉਹ ਇੰਜ ਆਖੇਗਾ ਪਰ ਸਾਡੇ ਕੰਨਾਂ ਨੂੰ ਕਿਹੜਾ ਝੂਠ ਸੁਣਿਆ ਸੀ। ਜੋ ਉਹਦੇ ਮਨ ਵਿੱਚ ਸੀ, ਉਹਨੇ ਆਖ ਸੁਣਾਇਆਸ਼ਾਇਦ ਉਹ ਨਹੀਂ, ਉਹਦੇ ਵਿੱਚ ਉਹਦਾ ਘੁੰਮਢ ਤੇ ਪੁਰਖਾਂ ਦੀ ਪੀੜ੍ਹੀ ਦਰ ਪੀੜ੍ਹੀ ਤੁਰੀ ਆ ਰਹੀ ਜ਼ਮੀਨ ਜਾਇਦਾਦ ਦੀ ਆਕੜ ਬੋਲ ਰਹੀ ਸੀ

ਇੱਕ ਵਾਰ ਤਾਂ ਜੀਅ ਕੀਤਾ ਕਿ ਬਜ਼ੁਰਗ ਨੂੰ ਆਖ ਸੁਣਾਵਾਂ, “ਬਾਬਾ ਜੀ! ਪਰਮਾਤਮਾ ਨੇ ਬਥੇਰਾ ਦਿੱਤਾ ਐ … … ਆਪਣੇ ਕਮਾਏ ਮਾਣ-ਸਨਮਾਨ ਨਾਲ ਜ਼ਿੰਦਗੀ ਜਿਉਣੀ ਆਉਂਦੀ ਐ … … ਘੁੰਮਢ ਢੇਰੀ ਹੁੰਦਿਆਂ ਦੇਰ ਨਹੀਂ ਲੱਗਦੀ … … ਉਂਜ ਵੀ ਕਿਸੇ ਨਾਲ ਗੱਲ ਕਰਨ ਦੀ ਅਕਲ ਵੀ ਬੰਦੇ ਨੂੰ ਹੋਣੀ ਚਾਹੀਦੀ ਹੈ … … ਇੱਜ਼ਤ ਕਰਨੀ ਤੇ ਕਰਾਉਣੀ ਆਉਣੀ ਹਰ ਕਿਸੇ ਦੇ ਵੱਸ ਦੀ ਗੱਲ ਕਿੱਥੇ? … … ਜਦੋਂ ਸਕੂਲੋਂ ਤੁਹਾਡੇ ਘਰ ਵੱਲ ਤੁਰੀ ਸਾਂ, ਉਦੋਂ ਮੇਰੇ ਮਨ ਵਿੱਚ ਤੁਹਾਡੀ ਜਿਹੜੀ ਦਿੱਖ ਬਣੀ ਹੋਈ ਸੀ, ਉਹਨੇ ਮੈਨੂੰ ਹਮੇਸ਼ਾ ਖੁਸ਼ੀ ਦਿੱਤੀ … … ਕਿਉਂਕਿ ਮੈਂ ਕਿਹੜਾ ਅੱਜ ਤੁਹਾਨੂੰ ਪਹਿਲੀ ਵਾਰ ਮਿਲੀ ਹਾਂ? … … ਜਾਂ ਤੁਸੀਂ ਮੇਰੇ ਲਈ ਅਣਜਾਣ ਹੋ? … … ਮੇਰਾ ਪੇਕਾ ਪਿੰਡ ‘ਬੰਦੇ ਮਹਿਲ ਕਲਾਂ’ ਤਾਂ ਤੁਹਾਡਾ ਬੰਨਾ-ਚੰਨਾ ਲੱਗਦਾ ਹੈ … … ਇਸ ਲਈ ਮੈਂ ਤਾਂ ਬੜੇ ਹੱਕ ਨਾਲ ਆਈ ਸਾਂ ‘ਵੰਦਨਾ ਮੈਡਮ’ ਨਾਲ … … ਪਰ ਮੈਨੂੰ ਕੀ ਪਤਾ ਸੀ ਕਿ ਅੱਜਕੱਲ੍ਹ ਇਹੋ ਜਿਹੀਆਂ ਮੁਹੱਬਤੀ ਸਾਂਝਾਂ ਨੂੰ ਕੌਣ ਜਾਣਦੈ?”

ਬੜਾ ਕੁਝ ਇੱਕਦਮ ਮਨ ਵਿੱਚ ਉੱਭਰਦਾ ਹੋਇਆ ਮੈਨੂੰ ਹੁੱਝਾਂ ਮਾਰਦਾ ਰਿਹਾ ਪਰ ਪਤਾ ਨਹੀਂ ਮੈਂ ਕਿਹੜੇ ਲਿਹਾਜ਼ ਨੂੰ ਜ਼ੁਬਾਨ ਕਾਬੂ ਵਿੱਚ ਕਰ ਚੁੱਪ-ਚਾਪ ਸਕੂਲ ਆ ਬੈਠੀਸਾਰਾ ਦਿਨ ਬਾਬੇ ਦੇ ਬੋਲ ਕੰਨਾਂ ਵਿੱਚ ਰੜਕਦੇ ਰਹੇਵੰਦਨਾ ਮੈਡਮ ਵੀ ਹੈਰਾਨ ਸਨ ਕਿ ਕੋਈ ਐਨਾ ਘੁੰਮਢੀ ਵੀ ਹੋ ਸਕਦਾ ਹੈ? ਅਸੀਂ ਕਿਹੜਾ ਆਪਣੇ ਕਿਸੇ ਸਵਾਰਥ ਲਈ ਉਨ੍ਹਾਂ ਦੇ ਘਰ ਗਈਆਂ ਸਾਂ, ਸਾਨੂੰ ਤਾਂ ਇੱਕ ਮਾਸੂਮ ਦੀ ਮਾਸੂਮੀਅਤ ਖਿੱਚ ਕੇ ਲੈ ਗਈ ਸੀਉਸੇ ਘਰ ਦੀ ਇੱਕ ਨਿੱਕੀ ਜਿਹੀ ਜਿੰਦ Cerebral Palsy (CP) ਨਾਂ ਦੀ ਬਿਮਾਰੀ ਦੀ ਲਪੇਟ ਵਿੱਚ ਆਈ ਹੋਈ ਸੀ, ਜਿਸ ਨੂੰ ਲੋੜ ਸੀ ਆਪਣੇ ਹਾਣ ਦੇ ਸਾਥੀਆਂ ਨਾਲ ਆਪਣਾ ਮਨ ਸਾਂਝਾ ਕਰਨ ਦੀ, ਉਹਨਾਂ ਨਾਲ ਖੇਡਣ ਦੀ, ਉਹਨਾਂ ਨੂੰ ਵੇਖ ਬਹੁਤ ਕੁਝ ਸਿੱਖਣ ਦੀ। ਪਰ ਉਹ ਪਰਿਵਾਰ ਉਸ ਬੱਚੀ ਨੂੰ ਸਾਡੇ ਨਾਲ ਤੋਰਨ ਲਈ ਤਿਆਰ ਹੀ ਨਹੀਂ ਸੀ ਕਿ ਉਹ ਘਰੋਂ ਬਾਹਰ ਨਿਕਲ ਕੇ ਆਪਣੇ ਆਪ ਨੂੰ ਵੀ ਥੋੜ੍ਹਾ-ਬਹੁਤਾ ਸਮਝ ਸਕਣ ਦੀ ਜਾਂਚ ਸਿੱਖ ਸਕਦੀ ਹੈ। ਉਹਦੇ ਲਈ ਤਾਂ ਆਪਣਾ ਘਰ ਹੀ ਸਾਰੀ ਦੁਨੀਆਂ ਸੀਅਸੀਂ ਚਾਹੁੰਦੇ ਸਾਂ ਕਿ ਉਹ ਘਰੋਂ ਬਾਹਰ ਨਿਕਲ ਕੇ ਸਾਡੇ ਕੋਲ ਆਵੇ, ਕੁਝ ਸਿੱਖੇ, ਆਪਣੇ ਹਾਣਦਿਆਂ ਨਾਲ ਵਿਚਰੇ।

ਪਹਿਲਾਂ ਵੰਦਨਾ ਮੈਡਮ ਦੋ ਵਾਰ ਉਹਨਾਂ ਦੇ ਘਰੋਂ ਖਾਲੀ ਹੱਥ ਮੁੜ ਆਏ ਸਨ, ਉਹਨਾਂ ਨੇ ਕੋਈ ਹੁੰਗਾਰਾ ਨਹੀਂ ਸੀ ਭਰਿਆਇਸ ਲਈ ਉਹਨਾਂ ਬੜੇ ਵਿਸ਼ਵਾਸ ਨਾਲ ਮੈਨੂੰ ਆਪਣੇ ਨਾਲ ਜਾਣ ਲਈ ਰਾਜ਼ੀ ਕਰ ਲਿਆ। ਮੈਂ ਤੁਰ ਪਈ ਸਾਂ ਉਸ ਬੱਚੀ ਦੇ ਮੂੰਹ ਨੂੰ ਕਿਉਂਕਿ ਬੱਚੇ ਤਾਂ ਰੱਬ ਦਾ ਰੂਪ ਨੇਜਦੋਂ ਰੱਬ ਦੇ ਦਰ ’ਤੇ ਆਪਣੇ ਸਵਾਰਥ ਲਈ ਜਾ ਸਕਦੇ ਹਾਂ ਤਾਂ ਅੱਜ ਉਸ ਬੱਚੀ ਲਈ ਕਿਉਂ ਨਹੀਂ? ਇਹ ਜਜ਼ਬਾਤ ਮੇਰੇ ’ਤੇ ਭਾਰੂ ਸਨ ਉਸ ਦਿਨ

ਘਰ ਦੇ ਗੇਟ ਅੰਦਰ ਵੜਦਿਆਂ ਘਰ ਦੀਆਂ ਔਰਤਾਂ ਨੇ ਸਾਡਾ ਬਹੁਤ ਮੋਹ, ਆਦਰ ਕੀਤਾਖੁੱਲ੍ਹਾ ਘਰ-ਵਿਹੜਾ ਤੇ ਵਿਹੜੇ ਵਿੱਚ ਇੱਕ ਪਾਸੇ ਚੁੱਲ੍ਹੇ ’ਤੇ ਵੱਡੀ ਸਾਰੀ ਤਵੀ ’ਤੇ ਰੋਟੀਆਂ ਪਕਾਉਂਦੀਆਂ ਸੁਆਣੀਆਂ ਨੂੰ ਵੇਖ ਮਨ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਿਆ ਕਿ ਅਜੋਕੇ ਸਮੇ ਵਿੱਚ ਵੀ ਸੰਯੁਕਤ ਪਰਿਵਾਰ ਦਾ ਪਿਆਰ ਸਾਂਭੀ ਬੈਠਾ ਹੈ ਇਹ ਟੱਬਰਜਿਸ ਬੱਚੀ ਲਈ ਅਸੀਂ ਗਈਆਂ ਸਾਂ ਜਦੋਂ ਉਹਦੇ ਬਾਰੇ ਗੱਲ ਕੀਤੀ ਉਦੋਂ ਉਹਨਾਂ ਸਾਰੀਆਂ ਔਰਤਾਂ, ਜਿਨ੍ਹਾਂ ਵਿੱਚ ਮੰਨਤ ਦੀਆਂ ਚਾਚੀਆਂ, ਤਾਈਆਂ, ਦਾਦੀਆਂ ਦੇ ਨਾਲ ਮਾਂ ਵੀ ਸ਼ਾਮਿਲ ਸੀ, ਦਾ ਕਹਿਣਾ ਸੀ, ਮੰਨਤ ਦੇ ਬਾਬਾ ਜੀ ਨਹੀਂ ਮੰਨਦੇ

ਅਸੀਂ ਦੋਵਾਂ ਨੇ ਜ਼ਿਦ ਕੀਤੀ ਕਿ ਇੱਕ ਵਾਰ ਸਾਨੂੰ ਉਹਨਾਂ ਨਾਲ ਮਿਲਾ ਦਿਓਮੰਨਤ ਦੀਆਂ ਦਾਦੀਆਂ ਨੇ ਬਥੇਰੀ ਟਾਲ-ਮਟੋਲ ਕੀਤੀ ਕਿ ਅਸੀਂ ਬਾਬਾ ਜੀ ਨੂੰ ਨਾ ਮਿਲੀਏ ਪਰ ਕੀ ਕਰਦੀਆਂ? ਪੱਕੀਆਂ ਢੀਠ ਸੀ ਆਪਾਂ ਵੀਆਖਰ ਬਾਬਾ ਜੀ ਆ ਹੀ ਗਏਸਾਰੀਆਂ ਸਵਾਣੀਆਂ ਆਪੋ-ਆਪਣੇ ਦੁਪੱਟੇ ਸੁਆਰਦਿਆਂ ਹੋਈਆਂ ਗੱਲਾਂ-ਬਾਤਾਂ ਥਾਂਏਂ ਰੋਕ ਆਪੋ-ਆਪਣੇ ਕੰਮ ਵਿੱਚ ਰੁੱਝ ਗਈਆਂ। ਕੋਈ ਪੇੜੇ ਵੱਟਣ ਵਿੱਚ, ਕੋਈ ਰੋਟੀ ਰਾੜ੍ਹਨ ਵਿੱਚ ਤੇ ਕੋਈ ਅੱਗ ਬਾਲਣ ਵਿੱਚਅਸੀਂ ਪੂਰੇ ਭਰੋਸੇ ਨਾਲ ਮੰਨਤ ਦੇ ਬਾਬਾ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਬੱਚੀ ਦੇ ਭਵਿੱਖ ਨੂੰ ਵੇਖਦੇ ਹੋਏ ਸਾਡੇ ਨਾਲ ਛੇਤੀ ਹੀ ਸਹਿਮਤ ਹੋ ਜਾਣਗੇ ਪਰ ਉਹਨਾਂ ਨੇ ਤਾਂ ਹਿੰਦੀ ਫਿਲਮਾਂ ਦੇ ਅਮਰੀਸ਼ ਪੁਰੀ ਵਾਂਗ ਬੜੇ ਰੋਹਬ ਨਾਲ ਡਾਇਲਾਗ ਝਾੜਿਆ, “ਰੋਟੀ ਖਾਓ … … ਚਾਹ ਪੀਓ … … ਤੇ ਜਾਓ।”

ਨਾਲ ਦੀ ਨਾਲ ਰੋਟੀ ਪਕਾਉਂਦੀਆਂ ਸਵਾਣੀਆਂ ਵੱਲ ਵੇਖਦੇ ਹੋਏ ਉਨ੍ਹਾਂ ਕਿਹਾ, “ਇਹਨਾਂ ਨੂੰ ਚਾਹ ਪਿਲਾਓ … … ਰੋਟੀ ਖਿਲਾਓ ਤੇ ਤੋਰੋ।”

ਸਾਡੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈਅਸੀਂ ਚੁੱਪ-ਚਾਪ ਗੇਟ ਤੋਂ ਬਾਹਰ ਆ ਗਈਆਂ

ਜਦੋਂ ਵੀ ਵੰਦਨਾ ਮੈਡਮ ਸਾਡੇ ਸਕੂਲ ਆਉਂਦੇ ਇਸ ਗੱਲ ਦੀ ਚਰਚਾ ਜ਼ਰੂਰ ਹੁੰਦੀ। ਸਾਡਾ ਮਨ ਕੁੜੱਤਣ ਨਾਲ ਭਰ ਜਾਂਦਾ ਹੈਉਹ ਘਰ, ਘਰ ਦੇ ਲੋਕ, ਘਰ ਦਾ ਮਾਹੌਲ, ਘਰ ਦੀਆਂ ਔਰਤਾਂ ਸਭ ਕੁਝ ਮੈਨੂੰ ਫਿਲਮਾਂ ਵਰਗਾ ਜਾਪਿਆਜਿੱਥੇ ਸਹਿਮ ਤੇ ਚੁੱਪੀ ਸੀ

ਇੱਕ ਗੱਲ ਤਾਂ ਪੱਕੀ ਹੈ ਕਿ ਸਮਾਂ ਪੁੱਠਾ ਗੇੜਾ ਵੀ ਕੱਢਦਾ ਹੈ ਕਈ ਵਾਰ ਪਰ ਆਪਾਂ ਨੂੰ ਕਦੇ-ਕਦਾਈਂ ਹੀ ਸਮਝ ਆਉਂਦੀ ਸਮੇਂ ਦੀ ਰਮਜ਼ਮੰਨਤ ਨੂੰ ਮੈਂ ਕਦੇ ਨਾ ਭੁੱਲ ਸਕੀ ਤੇ ਉਹਦੇ ਦਾਦੇ ਨੂੰ ਵੀ ਕਿਹਨੇ ਭੁੱਲਣਾ ਸੀ? ਮੇਰੇ ਮਨ ਵਿੱਚ ਉਹਦੇ ਦਾਦੇ ਲਈ ਉੱਗੀ ਨਫ਼ਰਤ ਮੈਨੂੰ ਹਮੇਸ਼ਾ ਵੰਗਾਰਦੀ - ਤੂੰ ਉਦੋਂ ਚੁੱਪ ਕਿਉਂ ਰਹੀ? ਉਹਦੇ ਕੋਲੋਂ ਐਨਾ ਕੁਝ ਸੁਣ ਕਿਵੇਂ ਲਿਆ?

ਦੋ ਕੁ ਮਹੀਨੇ ਪਹਿਲਾਂ ਮੁੜ ਦੌਰਾ ਜਿਹਾ ਪਿਆ ਮੇਰੇ ਮਨ ਨੂੰ, ਮੰਨਤ ਨੂੰ ਸਕੂਲ ਲੈ ਕੇ ਆਉਣ ਦਾਆਂਗਣਵਾੜੀ ਦੇ ਸਹਿਯੋਗ ਨਾਲ ਰਿਨੂੰ ਤੇ ਕਿਰਨਜੀਤ ਕੌਰ ਨੇ ਪੂਰਾ ਸਾਥ ਦਿੱਤਾ ਤੇ ਇਸ ਵਾਰ ਵਕਤ ਵੀ ਮਿਹਰਬਾਨ ਹੋ ਗਿਆਛੇਤੀ ਹੀ ਉਹਦੀ ਮੰਮੀ ਮੰਨ ਗਈ ਤੇ ਲੈ ਆਈ ਮੰਨਤ ਨੂੰ ਸਕੂਲਹੁਣ ਕਦੇ ਮੰਮੀ, ਕਦੇ ਦਾਦੀ ਤੇ ਕਦੇ ਆਪਣੇ ਪਾਪਾ ਨਾਲ ਮੰਨਤ ਸਕੂਲ ਆਉਂਦੀਪਹਿਲੇ ਦਿਨ ਜਦੋਂ ਉਹ ਸਕੂਲ ਆਈ ਡਰੀ-ਡਰੀ, ਚੁੱਪ-ਚਾਪ ਜਿੱਥੇ ਬਿਠਾ ਦਿਓ ਬੈਠ ਜਾਣ ਵਾਲੀ, ਨਾ ਕਿਸੇ ਨਾਲ ਗੱਲ ਕਰਨੀ ਨਾ ਬੋਲਣਾ। ਥੋੜ੍ਹੀ ਜਿਹੀ ਗੱਲ ’ਤੇ ਰੋਣ ਵਾਲੀ। ਜੇ ਕਿਸੇ ਨੇ ਮੂੰਹ ਵਿੱਚ ਰੋਟੀ ਦੀ ਬੁਰਕੀ ਪਾ ਦਿੱਤੀ ਤਾਂ ਠੀਕ, ਨਹੀਂ ਤਾਂ ਨਾ ਸਹੀ, ਵਾਲੀ ਕੁੜੀ ਅੱਜ ਸਭ ਨਾਲ ਹੱਸਦੀ ਹੈ, ਖੇਡਦੀ ਹੈ, ਗੱਲਾਂ ਕਰਦੀ ਹੈ। ਆਪਣੇ ਹੱਥ ਨਾਲ ਆਪ ਬੁਰਕੀ ਤੋੜ ਕੇ ਆਪਣੇ ਮੂੰਹ ਵਿੱਚ ਰੋਟੀ ਪਾਉਂਦੀ ਹੈ, ਐਤਵਾਰ ਨੂੰ ਵੀ ਸਕੂਲ ਆਉਣ ਦੀ ਜ਼ਿੱਦ ਕਰਦੀ ਹੈ ਇਹ ਸਭ ਮੈਡਮ ਪਵਨਦੀਪ ਕੌਰ ਦੀ ਮਿਹਨਤ ਦਾ ਨਤੀਜਾ ਹੈ

ਹੁਣ ਮੰਨਤ ਦੇ ਘਰ ਦੇ ਕਦੇ ਛੁੱਟੀ ਨਹੀਂ ਕਰਵਾਉਂਦੇਬਦਲੀ ਹੋਈ ਮੰਨਤ ਵੇਖ ਮਨ ਨੂੰ ਬਹੁਤ ਚੰਗਾ ਵੀ ਲਗਦਾ ਹੈ ਤੇ ਕਦੇ ਕਦਾਈਂ ਆਪਣੇ ਨਾਲ ਉਹਦੇ ਘਰ ਵਿੱਚ ਹੋਇਆ ਅਪਮਾਨ ਵੀ ਭੁੱਲ ਜਾਈਦਾ ਹੈ।

ਅੱਜ ਪਹਿਲੀ ਵਾਰ ਮੰਨਤ ਦੇ ਬਾਬਾ ਜੀ ਮੰਨਤ ਨੂੰ ਆਪ ਸਕੂਲ ਛੱਡਣ ਆਏਜਦੋਂ ਉਹ ਮੰਨਤ ਨੂੰ ਕਲਾਸ ਵਿੱਚ ਬਿਠਾ ਵਾਪਸ ਪਰਤਣ ਲੱਗੇ ਮੈਥੋਂ ਰਿਹਾ ਨਾ ਗਿਆਮੈਂ ਉਹਨਾਂ ਨੂੰ ਪਿੱਛੋਂ ਹਾਕ ਮਾਰੀ, “ਬਾਬਾ ਜੀ! ਚਾਹ ਪੀ ਕੇ ਜਾਇਓ।”

ਅੱਜ ਉਹ ਪਿੱਛੇ ਮੁੜ ਬੜੀ ਹਲੀਮੀ ਨਾਲ ਆਖਣ ਲੱਗੇ, “ਨਹੀਂ ਭਾਈ! ਤੁਸੀਂ ਦੱਸੋ ਕੀ ਸੇਵਾ ਕਰੀਏ? … … ਤੁਸੀਂ ਤਾਂ ਮੇਰੀ ਪੋਤੀ ਨੂੰ ਸੱਚੀ-ਮੁੱਚੀ ਬਦਲ ਦਿੱਤਾ … …।”

ਮੈਂ ਸੋਚਦੀ ਰਹਿ ਗਈ ਕਿ ਇਹ ਉਹੀ ਇਨਸਾਨ ਹੈ?

ਮੈਨੂੰ ਇੰਜ ਲੱਗਿਆ ਜਿਵੇਂ ਅੱਜ ਮੇਰੇ ਮਨ ਵਿੱਚੋਂ ਸਾਰੀ ਕੁੜੱਤਣ ਧੋ ਹੋ ਗਈ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4420)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮਨਦੀਪ ਰਿੰਪੀ

ਮਨਦੀਪ ਰਿੰਪੀ

Roopnagar, Punjab, India.
Phone: (91 - 98143 - 85918)