“ਅੱਜ ਦੇ ਨਵੀਨਤਮ ਯੁਗ ਵਿੱਚ ਬਹੁਤ ਧੀਆਂ ਨੇ ਹਰੇਕ ਖੇਤਰ ਵਿੱਚ ਕਾਮਯਾਬੀ ਹਾਸਲ ਕਰਕੇ ...”
(8 ਅਕਤੂਬਰ 2023)
ਕੁੜੀਆਂ ਦੇ ਕਤਲ ਅੱਜ ਕੋਈ ਨਵੀਂ ਗੱਲ ਨਹੀਂ ਹੈ। ਇਹ ਮਾੜੀ ਰਵਾਇਤ ਯੁਗਾਂ ਤੋਂ ਚਲਦੀ ਆ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਰਾਜ ਕੌਰ ਨੂੰ ਮਾਰਨ ਦੀ ਕੋਸ਼ਿਸ਼ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਪੁਰਾਤਨ ਸਮੇਂ ਵਿੱਚ ਜਦੋਂ ਅਲਟਰਾਸਾਊਂਡ ਮਸ਼ੀਨਾਂ ਨਹੀਂ ਸਨ, ਉਦੋਂ ਕੁੜੀਆਂ ਨੂੰ ਜਨਮ ਤੋਂ ਤੁਰੰਤ ਬਾਅਦ ਪਾਣੀ ਵਿੱਚ ਡੁਬੋ ਕੇ ਜਾਂ ਕਿਸੇ ਜ਼ਹਿਰੀਲੀ ਜੜੀ-ਬੂਟੀ ਦੀ ਮਦਦ ਨਾਲ ਮਾਰ ਦਿੱਤਾ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਵੱਲੋਂ ਔਰਤ ਵਰਗ ਦੇ ਹੱਕ ਵਿੱਚ ਅਵਾਜ਼ ਚੁੱਕਣ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਔਰਤ ਨੂੰ ਉਸ ਸਮੇਂ ਵੀ ਬਹੁਤ ਨੀਵਾਂ ਸਮਝਿਆ ਜਾਂਦਾ ਸੀ। ਰਹਿਤਨਾਮਿਆਂ ਵਿੱਚ ਇਹ ਲਿਖਿਆ ਮਿਲਣਾ ਕਿ ਕੁੜੀਮਾਰਾਂ ਨਾਲ ਰਿਸ਼ਤਾ ਨਹੀਂ ਰੱਖਣਾ, ਵੀ ਸਾਬਤ ਕਰਦਾ ਹੈ ਕਿ ਕੁੜੀਆਂ ਨੂੰ ਜੰਮਣ ਤੋਂ ਬਾਅਦ ਮਾਰਨ ਦਾ ਸਿਲਸਿਲਾ ਇੰਨੇ ਵੱਡੇ ਪੱਧਰ ਉੱਤੇ ਜਾਰੀ ਸੀ ਕਿ ਇਸ ਜ਼ੁਲਮ ਦੇ ਖ਼ਿਲਾਫ਼ ਅਵਾਜ਼ ਚੁੱਕਣ ਦੀ ਲੋੜ ਪਈ।
ਹੁਣ ਨਵੇਂ ਜ਼ਮਾਨੇ ਵਿੱਚ ਨਵੀਆਂ ਤਕਨੀਕਾਂ ਆ ਗਈਆਂ ਹਨ। ਹੁਣ ਅਲਟਰਾਸਾਊਂਡ ਮਸ਼ੀਨਾਂ ਦੀ ਤਕਨੀਕ ਦਾ ਸਹਾਰਾ ਲੈ ਕੇ ਵਿਚਾਰੀ ਬੱਚੀ ਨੂੰ ਦੁਨੀਆਂ ’ਤੇ ਆਉਣ ਤੋਂ ਪਹਿਲਾ ਹੀ ਮਾਂ ਦੇ ਗਰਭ ਵਿੱਚ ਕਤਲ ਕੀਤਾ ਜਾ ਰਿਹਾ ਹੈ। ਕੁੜੀਆਂ ਦੇ ਇਸ ਕਤਲ ਨੂੰ ਭਰੂਣ ਹੱਤਿਆ ਦਾ ਨਾਂ ਦਿੱਤਾ ਗਿਆ ਹੈ। ਜੇਕਰ ਕੋਈ ਬੱਚੀ ਚੰਗੀ ਕਿਸਮਤ ਨੂੰ ਬਚ ਜਾਂਦੀ ਹੈ ਤਾਂ ਜਵਾਨੀ ਵਿੱਚ ਪੈਰ ਰੱਖਣ ਤੋਂ ਪਹਿਲਾ ਹੀ ਮਾਪਿਆਂ ਨੂੰ ਦਰਿੰਦਿਆਂ ਦਾ ਡਰ ਸਤਾਉਣ ਲਗਦਾ ਹੈ। ਜਦੋਂ ਅਣਭੋਲ ਲੜਕੀਆਂ ਦਰਿੰਦਿਆਂ ਦੇ ਚੀਰਹਰਨ ਦਾ ਸ਼ਿਕਾਰ ਹੋ ਜਾਂਦੀਆਂ ਹਨ ਤਾਂ ਉਹਨਾਂ ਦੇ ਮਾਪਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਕੁਝ ਸੂਝਬੂਝ ਅਤੇ ਸਮਾਜ ਵਿੱਚ ਸਿਰ ਉੱਚਾ ਕਰਕੇ ਵਿਚਰਨ ਵਾਲੀਆਂ ਕੁੜੀਆਂ ਬੇਸ਼ਕ ਉੱਪਰ ਲਿਖੇ ਜ਼ੁਲਮਾਂ ਤੋਂ ਤਾਂ ਬਚ ਜਾਂਦੀਆਂ ਹਨ, ਪਰ ਅੱਗੇ ਦਾਜ ਰੂਪੀ ਦੈਂਤ ਜਾਂ ਜ਼ਾਲਮ ਸਹੁਰਾ ਪਰਿਵਾਰ ਉਹਨਾਂ ਨੂੰ ਨਿਗਲਣ ਲਈ ਤਿਆਰ ਬੈਠਾ ਹੁੰਦਾ ਹੈ। ਇਹਨਾਂ ਕਾਰਨਾਂ ਕਰਕੇ ਹੀ ਸਾਡੇ ਸਮਾਜ ਵਿੱਚ ਕੁੜੀਆਂ ਦੀ ਭਰੂਣ ਹੱਤਿਆ ਹੁੰਦੀ ਹੈ। ਮਾਤਾ-ਪਿਤਾ ਦੀ ਦਿਲੀ ਰੀਝ ਹੁੰਦੀ ਹੈ ਕੇ ਉਹਨਾਂ ਦੇ ਬੇਟੇ ਦੇ ਨਾਲ ਇੱਕ ਬੇਟੀ ਵੀ ਹੋਵੇ, ਪਰ ਬਲਾਤਕਾਰ, ਦਹੇਜ ਅਤੇ ਕਈ ਥਾਂਈਂ ਸਹੁਰਾ ਪਰਿਵਾਰ ਦੇ ਜ਼ੁਲਮਾਂ ਦੀਆਂ ਕਹਾਣੀਆਂ ਕਰਕੇ ਹੀ ਲੋਕ ਕੁੜੀਆਂ ਪੈਦਾ ਕਰਨ ਤੋਂ ਡਰਦੇ ਹਨ।
ਵਿਸ਼ਵ ਸਿਹਤ ਸੰਗਠਨ ਅਨੁਸਾਰ 2005 ਤਕ 50 ਮਿਲੀਅਨ (ਪੰਜ ਕਰੋੜ) ਚੀਨੀ ਲੜਕੀਆਂ ਮਾਰੀਆਂ ਜਾ ਚੁੱਕੀਆਂ ਹਨ। ਅਮਰੀਕੀ ਲੇਖਕ ਅਤੇ ਜਰਨਲਿਸਟ ਜੋਸਫ ਫ਼ਾਰਾ ਮੁਤਾਬਕ ਇਸ ਨੂੰ ਮਨੁੱਖਤਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਘੱਲੂਘਾਰਾ ਕਰਾਰ ਦੇਣਾ ਚਾਹੀਦਾ ਹੈ। ਪਾਕਿਸਤਾਨ ਚੈਰਿਟੀ ਆਰਗੇਨਾਈਜ਼ੇਸ਼ਨ ਨੇ ਸੰਨ 2009 ਵਿੱਚ ਇਹ ਖੁਲਾਸਾ ਕੀਤਾ ਸੀ ਕਿ ਪਾਕਿਸਤਾਨ ਵਿੱਚ ਵੀ ਕੁੜੀਆਂ ਮਾਰਨ ਦਾ ਰੁਝਾਨ ਵਧ ਰਿਹਾ ਹੈ। ਭਾਰਤ ਵਿੱਚ ਭਰੂਣ ਹੱਤਿਆਵਾਂ ਅਤੇ ਜੰਮਦੀਆਂ ਕੁੜੀਆਂ ਨੂੰ ਮਾਰਨ ਉੱਤੇ ਪਾਬੰਦੀ ਹੈ ਪਰ ਯੂਨੀਸੈਫ ਮੁਤਾਬਕ ਹੁਣ ਤਕ 50 ਮਿਲੀਅਨ (ਪੰਜ ਕਰੋੜ) ਭਾਰਤੀ ਕੁੜੀਆਂ ਮਾਰੀਆਂ ਜਾ ਚੁੱਕੀਆਂ ਹਨ।
ਜੇ ਪੰਜਾਬ ਵੱਲ ਝਾਤ ਮਾਰੀਏ ਤਾਂ ਪਿਛਲੇ ਸਾਲ ਦੀਆਂ ਭਰੂਣ ਹੱਤਿਆਵਾਂ ਦੀ ਗਿਣਤੀ ਹੁਣ ਤਕ ਹੋਏ ਕਤਲਾਂ ਨੂੰ ਸਪਸ਼ਟ ਕਰ ਦੇਵੇਗੀ। ਸੰਨ 2010 ਵਿੱਚ ਜਿੰਨੀਆਂ ਕੁ ਗਰਭਵਤੀ ਔਰਤਾਂ ਰਜਿਸਟਰ ਹੋਈਆਂ, ਉਨ੍ਹਾਂ ਵਿੱਚੋਂ 75,000 ਮਾਦਾ ਭਰੂਣ ਗ਼ਾਇਬ ਹੋ ਗਏ ਸਨ। ਜਿਹੜੀਆਂ ਗਰਭਵਤੀ ਔਰਤਾਂ ਰਜਿਸਟਰ ਨਹੀਂ ਹੋਈਆਂ, ਉਨ੍ਹਾਂ ਬਾਰੇ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਅੰਮ੍ਰਿਤਸਰ ਵਿੱਚ 8320, ਫਿਰੋਜ਼ਪੁਰ ਵਿੱਚ 7652, ਲੁਧਿਆਣਾ ਵਿੱਚ 6550 ਅਤੇ ਸਭ ਤੋਂ ਵੱਧ ਪਟਿਆਲਾ ਵਿੱਚ 10,650 ਮਾਦਾ ਭਰੂਣ ਕਤਲ ਦਰਜ ਕੀਤੇ ਗਏ। ਯੂਨੀਸੈਫ ਰਿਪੋਰਟ ਮੁਤਾਬਕ ਅੱਜ ਤੋਂ 15 ਸਾਲਾਂ ਬਾਅਦ ਸੱਠ ਲੱਖ ਪੰਜਾਬੀ ਮੁੰਡੇ ਕੁਆਰੇ ਰਹਿਣਗੇ। ਹਸਪਤਾਲਾਂ ਵਿੱਚ ਟੀਕਾਕਰਣ ਵਾਸਤੇ ਵੀ ਕੁੜੀਆਂ ਘੱਟ ਆ ਰਹੀਆਂ ਹਨ।
ਇੱਕ ਧੀ ਦਾ ਜਨਮ ਹੀ ਮਾਪਿਆਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ। ਇੱਕ ਧੀ ਹੀ ਮਾਂ, ਭੈਣ, ਪਤਨੀ ਅਤੇ ਸੱਸ ਆਦਿ ਬਣ ਕੇ ਵੰਸ਼ ਨੂੰ ਅੱਗੇ ਤੋਰਦੀ ਹੈ। ਭਾਵੇਂ ਧੀ ਦੇ ਜਨਮ ਸਮੇਂ ਹਰੇਕ ਪਰਿਵਾਰ ਵਿੱਚ ਇੱਕ ਵਾਰ ਨਿਰਾਸ਼ਾ ਪੈਦਾ ਹੁੰਦੀ ਹੈ, ਪਰ ਧੀ ਦੇ ਤੋਤਲੇ ਬੋਲ ਜਲਦੀ ਹੀ ਨਿਰਾਸ਼ਾ ਨੂੰ ਖੁਸ਼ੀ ਵਿੱਚ ਬਦਲ ਦਿੰਦੇ ਹਨ। ਵੱਡੀ ਹੋਈ ਧੀ ਦਾ ਮੋਹ ਮਾਪੇ ਪੁੱਤਰਾਂ ਤੋਂ ਵੀ ਵੱਧ ਕਰਨ ਲੱਗ ਜਾਂਦੇ ਹਨ। ਬੇਸ਼ਕ ਮਾਪੇ ਬਚਪਨ ਤੋਂ ਹੀ ਧੀਆਂ ਨੂੰ ਪਰਾਇਆ ਧਨ ਆਖਦੇ ਰਹਿੰਦੇ ਹਨ, ਪਰ ਜਦੋਂ ਧੀ ਦੇ ਮੋਹ ਵਿੱਚ ਭਿੱਜੇ ਮਾਪਿਆਂ ਲਈ ਇੱਕ ਦਿਨ ਧੀ ਦੇ ਪਰਾਈ ਹੋਣ ਦਾ ਵਕਤ ਆ ਜਾਂਦਾ ਹੈ ਤਾਂ ਇਹ ਸਮਾਂ ਉਹਨਾਂ ਲਈ ਖੁਸ਼ੀ ਵਾਲਾ ਪਰ ਅਸਹਿ ਹੁੰਦਾ ਹੈ।
ਅੱਜ ਦੇ ਨਵੀਨਤਮ ਯੁਗ ਵਿੱਚ ਬਹੁਤ ਧੀਆਂ ਨੇ ਹਰੇਕ ਖੇਤਰ ਵਿੱਚ ਕਾਮਯਾਬੀ ਹਾਸਲ ਕਰਕੇ ਆਪਣੇ ਮਾਪਿਆਂ ਦਾ ਸਿਰ ਉੱਚਾ ਕੀਤਾ ਹੈ। ਇੱਕ ਧੀ ਬਾਬੁਲ ਦੀ ਪਗੜੀ ਅਤੇ ਸਹੁਰੇ ਘਰ ਦੀ ਇੱਜ਼ਤ ਹੁੰਦੀ ਹੈ। ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਆਪਣੇ ਘਰ ਦੇ ਸਾਰੇ ਦੁੱਖ ਸਿਰ ’ਤੇ ਚੁੱਕ ਕੇ ਵੀ ਕਿਸੇ ਨੂੰ ਦੁਖੀ ਹੋਣ ਦਾ ਅਹਿਸਾਸ ਨਹੀਂ ਹੋਣ ਦਿੰਦੀ। ਜੇ ਧੀ ਨੂੰ ਸਹੁਰੇ ਪਰਿਵਾਰ ਜਾਂ ਨਸ਼ੇੜੀ ਪਤੀ ਦਾ ਜ਼ੁਲਮ ਵੀ ਸਹਿਣਾ ਪਵੇ ਤਾਂ ਵੀ ਉਹ ਇਸਦੀ ਪੀੜ ਆਪਣੇ ਮਾਂ-ਬਾਪ ਨੂੰ ਨਹੀਂ ਹੋਣ ਦਿੰਦੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4275)
(ਸਰੋਕਾਰ ਨਾਲ ਸੰਪਰਕ ਲਈ: (