“ਹਰ ਦੇਸ਼ ਦੀ ਪ੍ਰਸ਼ਾਸਨਿਕ ਵਿਵਸਥਾ ਚੰਗੇ ਮਾੜੇ ਸਮਾਜਾਂ ਦੀ ਸਿਰਜਣਾ ਕਰਦੀ ਹੈ। ਅੱਜ ਜੇਕਰ ਸਾਡੇ ...”
(3 ਜੂਨ 2023)
ਇਸ ਸਮੇਂ ਪਾਠਕ: 341.
ਕਿਸੇ ਦਾਰਸ਼ਨਿਕ ਨੇ ਕਿਹਾ ਹੈ, “ਮਨੁੱਖ ਕੋਲ ਜਿਊਣ ਲਈ ਇੱਕ ਜ਼ਿੰਦਗੀ ਹੈ। ਉਸਨੇ ਇਹ ਦੇਖਣਾ ਹੈ ਕਿ ਉਸ ਨੂੰ ਕਿਵੇਂ ਜਿਊਣਾ ਹੈ?” ਇਸਦੇ ਨਾਲ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਮਨੁੱਖ ਨੇ ਇਸ ਜੀਵਨ ਵਿੱਚ ਹਾਸਿਲ ਕੀ ਕੀਤਾ? ਮੇਰੇ ਅਨੁਸਾਰ ਮਨੁੱਖੀ ਜ਼ਿੰਦਗੀ ਦਾ ਹਾਸਿਲ ਇਹ ਹੈ ਕਿ ਮਨੁੱਖ ਨੇ ਜ਼ਿੰਦਗੀ ਨੂੰ ਕਿਵੇਂ ਜੀਵਿਆ। ਸਾਡਾ ਧਰਤੀ ’ਤੇ ਆਉਣਾ ਤਾਂ ਹੀ ਸਾਰਥਿਕ ਹੈ ਜੇਕਰ ਅਸੀਂ ਉਸ ਸਮੇਂ ਦੌਰਾਨ ਵੱਧ ਤੋਂ ਵੱਧ ਉਹ ਕਾਰ-ਵਿਹਾਰ ਕਰੀਏ ਜਿਨ੍ਹਾਂ ਨਾਲ ਸਾਡੀ ਸ਼ਖਸੀਅਤ ਵਿੱਚ ਵੀ ਨਿਖਾਰ ਆਵੇ ਅਤੇ ਸਮਾਜ ਦਾ ਵੀ ਭਲਾ ਹੋਵੇ। ਪੁਰਾਣੇ ਸਮਿਆਂ ਵਿੱਚ ਇੱਕ ਅਖਾਣ ਵਰਤਿਆ ਜਾਂਦਾ ਸੀ ਕਿ ‘ਕਿਰਤ ਵਿੱਚ ਸਦਾ ਬਰਕਤਾਂ ਨੇ’। ਭਾਵ ਕਿਰਤ ਮਨੁੱਖ ਨੂੰ ਆਰਥਿਕ ਪੱਖੋਂ ਹੀ ਨਹੀਂ, ਸਰੀਰਕ ਅਤੇ ਮਾਨਸਿਕ ਪੱਖੋਂ ਵੀ ਸਿਹਤਮੰਦ ਬਣਾਉਂਦੀ ਹੈ। ਕਿਰਤ ਬਾਰੇ ਕਾਰਲ ਮਾਰਕਸ ਨੇ ਲਿਖਿਆ ਹੈ, “ਕਿਰਤ ਉਹ ਪ੍ਰਕਿਰਿਆ ਹੈ ਜਿਸ ਵਿੱਚ ਮਨੁੱਖ ਅਤੇ ਪ੍ਰਕਿਰਤੀ ਦੋਵੇਂ ਸ਼ਾਮਿਲ ਹੁੰਦੇ ਹਨ।
ਅਸੀਂ ਪੰਜਾਬ ਦੇ ਲੋਕ ਜੇ ਕਿਸੇ ਮਹਾਨ ਸ਼ਖਸੀਅਤ ਨੂੰ ਸਭ ਤੋਂ ਵੱਧ ਮਾਣ ਦਿੰਦੇ ਹਾਂ ਤਾਂ ਉਹ ਹਨ ਗੁਰੂ ਨਾਨਕ ਦੇਵ ਜੀ। ਉਹਨਾਂ ਦਾ ਪਹਿਲਾ ਉਪਦੇਸ਼ ਹੀ ਕਿਰਤ ਕਰੋ ਦਾ ਹੈ। ਉਹਨਾਂ ਗੁਰਬਾਣੀ ਦੀਆਂ ਕਈ ਪੰਗਤੀਆਂ ਵਿੱਚ ਕਿਰਤ ਕਰਨ ਦੀ ਮਹਾਨਤਾ ਦਾ ਜ਼ਿਕਰ ਕੀਤਾ ਹੈ।
ਜਿਹੜੇ ਸਮਾਜਾਂ ਵਿੱਚ ਬਹੁਗਿਣਤੀ ਲੋਕ ਕਿਰਤ ਨਾਲ ਜੁੜੇ ਹੁੰਦੇ ਹਨ, ਉੱਥੇ ਲੋਕਾਂ ਵਿੱਚ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਹੁੰਦਾ ਹੈ। ਇਸਦਾ ਪ੍ਰਭਾਵ ਅਗਲੀਆਂ ਪੀੜ੍ਹੀਆਂ ਤਕ ਵੀ ਰਹਿੰਦਾ ਹੈ। ਅੱਜ ਲੋਕ ਵੱਡੀ ਗਿਣਤੀ ਵਿੱਚ ਮਾਨਸਿਕ ਤਣਾਵਾਂ ਦਾ ਸ਼ਿਕਾਰ ਹਨ। ਕੋਈ ਸਮਾਂ ਸੀ ਜਦੋਂ ਸਮਾਜ ਵਿੱਚ ਮਰਦ ਅਤੇ ਔਰਤਾਂ ਮਿਲ ਕੇ ਖੇਤੀ ਕਰਦੇ ਸਨ ਅਤੇ ਔਰਤਾਂ ਕਈ ਤਰ੍ਹਾਂ ਦੇ ਕੰਮਾਂ ਵਿੱਚ ਹੱਥ ਵਟਾਉਂਦੀਆਂ ਸਨ। ਆਂਢ ਗਵਾਂਢ ਵਿੱਚ ਲੋਕ ਬਿਨਾਂ ਕਿਸੇ ਲੋਭ ਲਾਲਚ ਦੇ ਇੱਕ ਦੂਸਰੇ ਦੇ ਕੰਮ ਵਿੱਚ ਹੱਥ ਵਟਾ ਦਿੰਦੇ ਸਨ। ਪਰ ਅੱਜ ਕਿਰਤ ਨਾਲ ਜੁੜੀਆਂ ਸਾਂਝਾਂ ਲਗਭਗ ਖਤਮ ਹੋ ਗਈਆਂ ਹਨ।
ਚੀਨੀ ਦਾਰਸ਼ਨਿਕ ਕਨਫਿਊਸ਼ੀਅਸ਼ ਦਾ ਕਹਿਣਾ ਹੈ ਕਿ ਧਰਮ ਅਤੇ ਸਿੱਖਿਆ ਗ੍ਰਹਿਣ ਕਰਨ ਨਾਲ ਕੋਈ ਪੂਰਨ ਮਨੁੱਖ ਨਹੀਂ ਬਣ ਜਾਂਦਾ, ਇਸ ਲਈ ਉਸਦਾ ਕਿਰਤ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਭਾਵ ਕਿਰਤ ਮਨੁੱਖ ਨੂੰ ਪੂਰਨ ਮਨੁੱਖ ਬਣਾਉਣ ਵਿੱਚ ਵੱਡਾ ਰੋਲ ਅਦਾ ਕਰਦੀ ਹੈ। ਅੱਜ ਸਾਡੇ ਦੇਸ਼ ਦੇ ਨੌਜਵਾਨ ਵੱਡੀਆਂ ਰਕਮਾਂ ਖਰਚ ਕੇ ਵਿਕਸਿਤ ਦੇਸ਼ਾਂ ਵਿੱਚ ਜਾਣ ਨੂੰ ਬੇਤਾਬ ਹਨ। ਉੱਥੇ ਸਾਡੇ ਨਾਲੋਂ ਕੀ ਵੱਖਰਾ ਹੈ? ਇਸਦਾ ਉੱਤਰ ਇਹ ਹੈ ਕਿ ਉੱਥੇ ਕਿਰਤ ਨੂੰ ਸਨਮਾਨ ਮਿਲਦਾ ਹੈ। ਔਖੇ ਭਾਰੇ ਕੰਮ ਕਰਨ ਵਾਲਿਆਂ ਨੂੰ ਵੱਧ ਮਾਣ ਅਤੇ ਮੁਆਵਜ਼ਾ ਮਿਲਦਾ ਹੈ। ਇੱਕ ਪ੍ਰੋਫੈਸਰ ਨਾਲੋਂ ਟਰੱਕ ਡਰਾਈਵਰ ਨੂੰ ਵੱਧ ਇਵਜ਼ਾਨਾ ਮਿਲਦਾ ਹੈ। ਪਰ ਸਾਡੇ ਦੇਸ਼ ਵਿੱਚ ਔਖੇ ਭਾਰੇ ਕੰਮ ਵਾਲਿਆਂ ਨੂੰ ਵੱਧ ਮਾਣ ਅਤੇ ਮੁਆਵਜ਼ਾ ਤਾਂ ਕੀ ਮਿਲਣਾ, ਉਲਟਾ ਉਨ੍ਹਾਂ ਨੂੰ ਨੀਵੇਂ ਸਮਝਿਆ ਜਾਂਦਾ ਹੈ।
ਹਰ ਦੇਸ਼ ਦੀ ਪ੍ਰਸ਼ਾਸਨਿਕ ਵਿਵਸਥਾ ਚੰਗੇ ਮਾੜੇ ਸਮਾਜਾਂ ਦੀ ਸਿਰਜਣਾ ਕਰਦੀ ਹੈ। ਅੱਜ ਜੇਕਰ ਸਾਡੇ ਸਮਾਜ ਦੀ ਬਹੁਗਿਣਤੀ ਕਿਰਤ ਵਿਹੂਣੀ ਹੋ ਗਈ ਹੈ ਤਾਂ ਉਸਦਾ ਕਾਰਨ ਇਹ ਕਿ ਜਿਸ ਤਰ੍ਹਾਂ ਦੇ ਲੋਕਾਂ ਲਈ ਕਿਰਤ ਦੇ ਵਸੀਲੇ ਪੈਦਾ ਕੀਤੇ ਜਾਣੇ ਚਾਹੀਦੇ ਸਨ, ਉਹ ਨਹੀਂ ਕੀਤੇ ਗਏ। ਅੱਜਕੱਲ੍ਹ ਇਲੈਕਟ੍ਰਿਕ ਅਤੇ ਸੋਸ਼ਲ ਮੀਡੀਆ ’ਤੇ ਇੱਕ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਹੁੰਦਾ ਹੈ ਕਿ ਚੀਨੀ ਸਮਾਨ ਦਾ ਬਾਈਕਾਟ ਕੀਤਾ ਜਾਵੇ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਚੀਨ ਵਰਗਾ ਮੁਲਕ ਆਪਣੇ ਦੇਸ਼ ਦੀ ਵੱਡੀ ਆਬਾਦੀ ਨੂੰ ਵੱਖ ਵੱਖ ਕੰਮਾਂ ਨਾਲ ਜੋੜ ਕੇ ਆਲਮੀ ਬਾਜ਼ਾਰ ’ਤੇ ਕਾਬਜ਼ ਹੋ ਸਕਦਾ ਹੈ ਤਾਂ ਸਾਡਾ ਭਾਰਤ ਕਿਉਂ ਨਹੀਂ? ਪਰ ਸਾਡੇ ਮੁਲਕ ਵਿੱਚ ਲੋਕਾਂ ਨੂੰ ਧਰਮ ਕਰਮ, ਜਾਤਾਂ ਪਾਤਾਂ ਅਤੇ ਰਾਜਨੀਤੀ ਦੀਆਂ ਕੋਝੀਆਂ ਚਾਲਾਂ ਵਿੱਚ ਉਲਝਾਇਆ ਜਾ ਰਿਹਾ ਹੈ। ਸਾਡੇ ਲੋਕਾਂ ਨੂੰ ਕਿਰਤ ਲਈ ਤਿਆਰ ਹੀ ਨਹੀਂ ਕੀਤਾ ਜਾ ਰਿਹਾ।
ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਵੱਖ ਵੱਖ ਅਦਾਰਿਆਂ ਵਿੱਚ ਹੁੰਦੀ ਕਿਰਤ ਦੀ ਲੁੱਟ ਨੂੰ ਰੋਕਣ ਵਿੱਚ ਸਕਾਰਾਤਮਕ ਭੂਮਿਕਾ ਨਿਭਾਵੇ। ਪਰ, ਇੱਥੇ ਸਾਡੇ ਮੁਲਕ ਵਿੱਚ ਇਸ ਤੋਂ ਉਲਟ ਹੋ ਰਿਹਾ ਹੈ। ਨੌਜਵਾਨ ਛੋਟੇ ਮੋਟੇ ਕੰਮਾਂ ਨੂੰ ਕਰਨ ਲਈ ਤਿਆਰ ਨਹੀਂ। ਪੜ੍ਹੇ ਲਿਖੇ ਨੌਜਵਾਨਾਂ ਨੂੰ ਪਹਿਲਾਂ ਤਾਂ ਸਰਕਾਰੀ ਨੌਕਰੀ ਮਿਲਦੀ ਨਹੀਂ, ਜੇਕਰ ਮਿਲਦੀ ਵੀ ਹੈ ਤਾਂ ਕਈ ਸਾਲ ਨਿੱਜੀ ਅਦਾਰਿਆਂ ਦੀ ਤਰ੍ਹਾਂ 10 ਹਜ਼ਾਰ, 15 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ। ਸਰਕਾਰਾਂ ਨੂੰ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੇਕਰ ਬੇਰੁਜ਼ਗਾਰੀ ਤੋਂ ਸਤਾਏ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਜਾਂ ਗਲਤ ਸੰਗਤ ਦੇ ਆਦੀ ਹੁੰਦੇ ਹਨ ਤਾਂ ਇਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸੇ ਨਾਲ ਸੰਬੰਧਿਤ ਦੂਸਰਾ ਰੁਝਾਨ ਜੋ ਵੇਖਣ ਨੂੰ ਮਿਲਦਾ ਹੈ, ਉਹ ਇਹ ਕਿ ਅੱਜ ਪੰਜਾਬ ਦੇ ਪਿੰਡਾਂ ਦੀ ਹਾਲਤ ਵੀ ਬਹੁਤ ਹੀ ਅਚੰਭਿਤ ਕਰਨ ਵਾਲੀ ਹੈ। ਨੌਜਵਾਨਾਂ ਦੇ ਨਾਲ ਨਾਲ ਸਿਆਣੇ ਲੋਕਾਂ ਨੇ ਵੀ ਹੱਥੀਂ ਕੰਮ ਕਰਨ ਤੋਂ ਮੂੰਹ ਫੇਰ ਲਿਆ ਹੈ। ਜ਼ਮੀਨਾਂ ਠੇਕੇ ’ਤੇ ਹਨ, ਪਸ਼ੂ ਘਰ ਵਿੱਚੋਂ ਕੱਢ ਦਿੱਤੇ ਗਏ ਹਨ। ਬਜ਼ਾਰੀ ਦੁੱਧ, ਸਬਜ਼ੀਆਂ, ਘਿਉ, ਖਾਣਾ, ਪੇਡੂ ਜੀਵਨਸ਼ੈਲੀ ਦਾ ਹਿੱਸਾ ਬਣ ਗਿਆ ਹੈ। ਕਦੇ ਰਾਤਾਂ ਨੂੰ ਜਾਗ ਜਾਗ ਜਾਂ ਅੰਮ੍ਰਿਤ ਵੇਲੇ ਉੱਠ ਖੇਤਾਂ ਨੂੰ ਪਾਣੀ ਲਾਉਣ ਵਾਲੇ ਪੰਜਾਬੀ, ਅੱਜ ਸਮੇਂ ਸਿਰ ਉੱਠਣਾ ਵੀ ਭੁੱਲ ਗਏ ਹਨ। ਅਸਲ ਵਿੱਚ ਅਸੀਂ ਸੁੱਖ ਅਰਾਮ ਨੂੰ ਵਿਹਲੜਪੁਣੇ ਨਾਲ ਜੋੜ ਕੇ ਇਸਦੇ ਗਲਤ ਅਰਥ ਸਮਝ ਬੈਠੇ ਹਾਂ। ਜਿਹੜਾ ਵਿਅਕਤੀ ਸਾਰਾ ਦਿਨ ਵਿਹਲਾ ਮੰਜੇ ’ਤੇ ਪਿਆ ਰਹਿੰਦਾ ਹੈ, ਸਾਡੇ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਬਹੁਤ ਹੀ ਸੁਖੀ ਹੈ, ਇਸੇ ਸੋਚ ਨੇ ਪੰਜਾਬੀਆਂ ਵਿੱਚੋਂ ਕਿਰਤੀ ਸੱਭਿਆਚਾਰ ਨੂੰ ਮਨਫ਼ੀ ਕਰ ਦਿੱਤਾ ਹੈ।
ਕਿਰਤ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਣ ਹਿੱਸਾ ਹੈ। ਜਿੰਨੀ ਦੇਰ ਕਿਰਤ ਸਾਡਾ ਵਿਹਾਰ ਨਹੀਂ ਬਣਦੀ, ਅਸੀਂ ਠੀਕ ਅਰਥਾਂ ਵਿੱਚ ਤਰੱਕੀ ਨਹੀਂ ਕਰ ਸਕਦੇ। ਕਿਰਤ ਕਰਨ ਤੋਂ ਬਿਨਾਂ ਕੋਈ ਵੀ ਮਨੁੱਖ ਜ਼ਿੰਦਗੀ ਦੇ ਅਰਥ ਨਹੀਂ ਜਾਣ ਸਕਦਾ ਅਤੇ ਨਾ ਹੀ ਜ਼ਿੰਦਗੀ ਨਾਲ ਮੁਹੱਬਤ ਕਰ ਸਕਦਾ ਹੈ। ਆਪਣੇ ਮਨਫ਼ੀ ਹੋ ਰਹੇ ਕਿਰਤੀ ਸੱਭਿਆਚਾਰ ਨੂੰ ਬਚਾਉਣਾ ਜਿੱਥੇ ਸਾਡੀ ਜ਼ਰੂਰਤ ਹੈ, ਉੱਥੇ ਸਾਡੀ ਜ਼ਿੰਮੇਵਾਰੀ ਵੀ ਹੈ, ਕਿਉਂਕਿ ਅਸੀਂ ਮਿਹਨਤੀ ਅਤੇ ਉੱਦਮੀ ਲੋਕਾਂ ਦੇ ਵਾਰਿਸ ਹਾਂ ਨਾ ਕਿ ਜਾਹਿਲ ਅਤੇ ਆਲਸੀ ਲੋਕਾਂ ਦੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4008)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)