“ਜੇ ਗ਼ਰੀਬ ਅਤੇ ਭੁੱਖੇ ਮਰ ਰਹੇ ਮਨੁੱਖਾਂ ਨੂੰ ਅਸੀਂ ਘਰ, ਇਲਾਜ ਅਤੇ ਸੁਰੱਖਿਆ ਨਹੀਂ ਦੇ ਸਕਦੇ ਤਾਂ ਕੁੱਤਿਆਂ ਨੂੰ ਇਹ ਸਹੂਲਤਾਂ ...”
(14 ਮਈ 2023)
ਜਨ-ਜੀਵਨ ਦੀ ਖੁਆਰੀ ਤੇ ਦੁਸ਼ਵਾਰੀ ਦੇ ਇਹਨਾਂ ਸਮਿਆਂ ਵਿੱਚ ਕੂਕਰਾਂ ਜਾਂ ਕੁੱਤਿਆਂ ਦਾ ਰੁਤਬਾ ਦਿਨ ਪਰ ਦਿਨ ਹੋਰ ਉੱਚਾ ਹੋ ਰਿਹਾ ਹੈ। ਪਿੱਛੇ ਜਿਹੇ ਕਿਸੇ ਪਿੰਡ ਵਿੱਚ 26 ਆਵਾਰਾਂ ਕੁੱਤਿਆਂ ਨੂੰ ਪਿੰਡ ਵਾਸੀਆਂ ਨੇ ਇੱਕ ਟ੍ਰਾਲੀ ਵਿੱਚ ਬੰਦ ਕਰ ਦਿੱਤਾ। ਇੱਕ ਪ੍ਰਕਾਰ ਦੇ ਬੰਧਕ ਬਣਾਏ ਗਏ ਇਹਨਾਂ ਕੁੱਤਿਆਂ ਨੂੰ ਉਦੋਂ ਤਕ ਨਹੀਂ ਛੱਡਿਆ ਗਿਆ ਜਦੋਂ ਤਕ ਇਹਨਾਂ ਨੂੰ ਐਂਟੀਰੈਬੀਜ਼ ਟੀਕੇ ਨਹੀਂ ਲਗਾਏ ਗਏ। ਐਨੀਮਲ ਪ੍ਰੋਟੈਕਸ਼ਨ ਫ਼ਾਉਂਡੇਸ਼ਨ ਨੇ ਸਮਾਜ-ਸੇਵੀ ਹੋਣ ਦੀ ਹੈਸੀਅਤ ਨਾਲ ਕੁੱਤਿਆਂ ਨੂੰ ਐਂਟੀਰੈਬੀਜ਼ ਟੀਕੇ ਲਗਾ ਕੇ ਛੁਡਵਾ ਲਿਆ। ਪਰ ਫਿਰ ਝਗੜਾ ਇਸ ਗੱਲ ’ਤੇ ਸ਼ੁਰੂ ਹੋ ਗਿਆ ਕਿ ਉਹ ਕੁੱਤੇ ਪਿੰਡ ਵਿੱਚ ਨਹੀਂ ਸਗੋਂ ਪਿੰਡ ਤੋਂ ਬਾਹਰ ਕਿਤੇ ਛੱਡ ਦਿੱਤੇ ਗਏ ਹਨ। ਪਿੰਡ ਦੇ ਹੀ ਕੁਝ ਲੋਕਾਂ ਨੇ ਕੁੱਤਿਆਂ ਨੂੰ ਬੰਧਕ ਬਣਾਉਣ ਵਾਲਿਆਂ ਖਿਲਾਫ਼ ਫ਼ਾਊਡੇਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਕਿ ਕੁੱਤੇ ਟ੍ਰਾਲੀ ਤੋਂ ਰਿਹਾ ਕਰਕੇ ਪਿੰਡ ਵਿੱਚ ਨਹੀਂ ਪਿੰਡ ਤੋਂ ਬਾਹਰਲੀ ਸੜਕ ’ਤੇ ਛੱਡੇ ਗਏ ਹਨ। ਹੁਣ ਕੁੱਤਿਆਂ ਦਿਆਂ ਪਿਆਰਿਆਂ ਨੂੰ ਇਹ ਗਵਾਰਾ ਨਹੀਂ ਸੀ ਕਿ ਕੁੱਤੇ ਬਾਹਰ ਛੱਡ ਦਿੱਤੇ। ਬੱਸ ਇਸੇ ਨੂੰ ਮਸਲਾ ਬਣਾ ਕੇ ਜੀਵ-ਪ੍ਰੇਮੀਆਂ ਵੱਲੋਂ ਇੱਕ ਮੰਗ-ਪੱਤਰ ਤਿਆਰ ਕਰਕੇ ਪੁਲਿਸ ਨੂੰ ਜਾਂਚ ਕਰਵਾਉਣ ਲਈ ਦਿੱਤਾ ਗਿਆ। ਇਹਨਾਂ ਮੰਗਾਂ ਅਨੁਸਾਰ ਮਾਮਲੇ ਦਾ ਜੇ ਕੋਈ ਹੱਲ 24 ਘੰਟਿਆਂ ਵਿੱਚ ਨਹੀਂ ਲੱਭਿਆ ਗਿਆ ਤਾਂ ਪੁਲੀਸ ਅਤੇ ਪਿੰਡ ਦੇ ਲੋਕ ਜ਼ਿੰਮੇਵਾਰ ਹੋਣਗੇ ਅਤੇ ਜੀਵ-ਪ੍ਰੇਮੀ ਮੁਜ਼ਾਹਰਾ ਕਰਨਗੇ। ਹੋ ਗਈ ਨਾ ਕੁੱਤਾਗਿਰੀ ’ਤੇ ਸਿਆਸਤ!
ਥੋੜ੍ਹੇ ਹੀ ਦਿਨ ਪਹਿਲਾਂ ਗੁਰਦਾਸਪੁਰ ਵਾਲੇ ਪਾਸੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਥੱਲੇ ਆਪਸ ਵਿੱਚ ਲੜਦੇ ਦੋ ਕੁੱਤੇ ਅਚਾਨਕ ਆ ਗਏ। ਇੱਕ ਕੁੱਤਾ ਜੋ ਕਿਸੇ ਦਾ ਪਾਲਤੂ ਪਿੱਟਬੁਲ ਸੀ, ਇਸ ਹਾਦਸੇ ਵਿੱਚ ਮਾਰਿਆ ਗਿਆ। ਕੁੱਤੇ ਦੇ ਮਾਲਕ ਨੇ ਟੱਬਰ ਸਮੇਤ ਪਿੱਛੋਂ ਆ ਕੇ ਤਲਵਾਰਾਂ ਨਾਲ ਸਕੂਲ ਦੀ ਵੈਨ ’ਤੇ ਹਮਲਾ ਕਰ ਦਿੱਤਾ। ਬੱਚਿਆਂ ਦਾ ਚੀਕ-ਚਿਹਾੜਾ ਸੁਣ ਕੇ ਲੋਕਾਂ ਨੇ ਇਕੱਠੇ ਹੋ ਕੇ ਤਲਵਾਰਾਂ ਵਾਲਿਆਂ ਤੋਂ ਬੱਚਿਆਂ ਨੂੰ ਮਸਾਂ ਬਚਾਇਆ।
ਇਹ ਟੁੱਕਰਬੋਚ ਜੀਵ ਕੁੱਤਾ ਚੰਗਾ ਵੀ ਹੈ ਤੇ ਮਾੜਾ ਵੀ। ਜਿਸ ਨੂੰ ਵੱਢ ਖਾਵੇ ਉਸ ਲਈ ਮਾੜਾ ਹੈ ਤੇ ਜਿਸਦੇ ਅੱਗੇ ਪੂਛ ਹਿਲਾਵੇ ਉਸ ਨੂੰ ਚੰਗਾ ਲਗਦਾ ਹੈ। ਪਰ ਇਹ ਮੀਤ ਕਿਸੇ ਦਾ ਨਹੀਂ। ਮੈਨੂੰ ਯਾਦ ਹੈ ਮੇਰੇ ਗੁਆਂਢ ਵਿੱਚ ਰਹਿੰਦੀ ਇੱਕ ਪ੍ਰੋਫੈਸਰ ਸਾਹਿਬਾ ਆਪਣੇ ਬੇਟੇ ਦੇ ਕਹਿਣ ’ਤੇ ਇੱਕ ਕੁੱਤਾ ਰੱਖਣ ਲਈ ਲੈ ਆਏ। ਦੂਜੇ ਹੀ ਦਿਨ ਕੁੱਤੇ ਨੇ ਉਹਨਾਂ ਦੇ ਹੱਥ ’ਤੇ ਦੰਦੀ ਵੱਢ ਦਿੱਤੀ। ਮੈਂ ਉਹਨਾਂ ਨੂੰ ਕਿਹਾ ਕਿ ਭੈਣ ਜੀ ਇਹ ਆਖ਼ਰ ਨੂੰ ਇੱਕ ਜਾਨਵਰ ਹੈ, ਸਾਡਾ ਕੋਈ ਮਿੱਤਰ ਸਖਾ ਨਹੀਂ। ਅਸੀਂ ਇਸ ਨੂੰ ਖਲਾ-ਪਿਲਾ ਕੇ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਭੈਣ ਜੀ ਨੇ ਉਸੇ ਦਿਨ ਉਹ ਕੁੱਤਾ ਵਾਪਸ ਭੇਜ ਦਿੱਤਾ।
ਇਸੇ ਤਰ੍ਹਾਂ ਸਾਡਾ ਇੱਕ ਨੌਜਵਾਨ ਰਿਸ਼ਤੇਦਾਰ ਰੋਜ਼ ਪਿਆਰ ਨਾਲ ਕੁੱਤੇ ਨੂੰ ਰੋਟੀ ਖਲਾਉਂਦਾ! ਇੱਕ ਦਿਨ ਉਸਦੇ ਹੱਥੋਂ ਰੋਟੀ ਫੜਦਿਆਂ ਉਸ ਕੁੱਤੇ ਨੇ ਉਸ ਦੇ ਹੱਥ ’ਤੇ ਦੰਦੀ ਵੱਢ ਦਿੱਤੀ। ਜਵਾਨ ਬੰਦੇ ਨੇ ਕੁੱਤੇ ਦੇ ਵੱਢਣ ਨੂੰ ਬਹੁਤਾ ਗੌਲਿਆ ਤਾਂ ਨਾ ਪਰ ਟੀਕੇ ਲਗਵਾ ਲਏ। ਕੁਝ ਦਿਨਾਂ ਮਗਰੋਂ ਉਹ ਅਜਿਹਾ ਬੀਮਾਰ ਹੋਇਆ ਕਿ ਪੀ.ਜੀ.ਆਈ. ਵਿੱਚ ਦਾਖਲ ਹੋਣ ਤੋਂ ਮਹੀਨਾ-ਦੋ ਮਹੀਨੇ ਭਰ ਵਿੱਚ ਉਸ ਦੇ ਸਰੀਰ ਦੇ ਅੰਗ ਇੱਕ ਤੋਂ ਬਾਅਦ ਇੱਕ ਮੁੱਕਦੇ ਗਏ ਤੇ ਅੰਤ ਉਹ ਰੱਬ ਨੂੰ ਪਿਆਰਾ ਹੋ ਗਿਆ। ਡਾਕਟਰਾਂ ਨੇ ਉਸ ਸਮੇਂ ਕਿਹਾ ਸੀ ਕਿ ਕੁੱਤੇ ਦੇ ਵੱਢੇ ਜਾਣ ਵਾਲੇ ਹਜ਼ਾਰ ਕੇਸਾਂ ਵਿੱਚ ਕੋਈ ਅਜਿਹਾ ਕੇਸ ਵੀ ਹੋ ਜਾਂਦਾ ਹੈ, ਜਦੋਂ ਵੱਢਿਆ ਜਾਣ ਵਾਲਾ ਵਿਅਕਤੀ ਇੰਜ ਹੀ ਇੱਕ ਇੱਕ ਕਰਕੇ ਆਪਣੇ ਅੰਗ ਗੁਆਉਂਦਾ ਹੈ ਤੇ ਮੁੱਕ ਜਾਂਦਾ ਹੈ। ਉਂਜ ਇਹ ਗੱਲ 55 ਸਾਲ ਪੁਰਾਣੀ ਹੈ।
ਨੌਇਡਾ ਵਿੱਚ ਇੱਕ ਮਜ਼ਦੂਰ ਦੇ ਬੱਚੇ ਨੂੰ ਤਿੰਨ ਕੁੱਤਿਆਂ ਨੇ ਵੱਢ ਖਾਧਾ। ਬੱਚੇ ਨੂੰ ਉਸੇ ਸਮੇਂ ਹਸਪਤਾਲ ਵੀ ਲੈ ਗਏ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਕੁੱਤਿਆਂ ਦੁਆਰਾ ਲੋਕਾਂ ਨੂੰ ਵੱਢ ਖਾਣ ਦੀਆਂ ਘਟਨਾਵਾਂ ਨਿੱਤ ਵਾਪਰ ਰਹੀਆਂ ਹਨ। ਇਸ ਲੇਖ ਦੇ ਲਿਖਦਿਆਂ ਹੀ ਅਖ਼ਬਾਰਾਂ ਦੀਆਂ ਖਬਰਾਂ ਦੱਸ ਰਹੀਆਂ ਹਨ ਕਿ 2019 ਵਿੱਚ ਪਟਿਆਲਾ ਸ਼ਹਿਰ ਵਿੱਚ 18000 ਕੁੱਤੇ ਸਨ। ਪਿਛਲੇ ਤਿੰਨ ਮਹੀਨਿਆਂ ਵਿੱਚ ਕੁੱਤਾ-ਵੱਢ ਦੇ ਤਿੰਨ ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ ਅਤੇ ਪਿਛਲੇ 6 ਮਹੀਨਿਆਂ ਵਿੱਚ ਮੁਲਕ ਦੇ 14 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਹੈ। ਜਦੋਂ ਕੋਵਿਡ ਦੇ ਲੱਖਾਂ ਮਾਮਲੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਸਰਕਾਰ ਨੇ ਤਾਲਾਬੰਦੀ ਘੋਸ਼ਿਤ ਕਰਕੇ ਵੈਕਸੀਨੇਸ਼ਨ ਬਣਾਉਣ ਵਾਲੀਆਂ ਕੰਪਨੀਆਂ, ਹਸਪਤਾਲਾਂ, ਮੈਡੀਕਲ ਅਮਲੇ ਆਦਿ ਸਭ ਨੂੰ ਖਿੱਚ ਕੇ ਰੱਖ ਦਿੱਤਾ ਸੀ, ਤਾਂ ਫਿਰ ਕੁੱਤਿਆਂ ਦੇ ਵੱਢਣ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਜਾਂਦਾ? ਕਿਸੇ ਨੂੰ ਕੋਵਿਡ ਹੋ ਜਾਣਾ ਜਾਂ ਕੁੱਤੇ ਦਾ ਕਿਸੇ ਨੂੰ ਵੱਢ ਖਾਣਾ ਦੋਹਾਂ ਦੀ ਦਹਿਸ਼ਤ ਦਾ ਦਰਜਾ, ਮੈਂ ਸਮਝਦੀ ਹਾਂ, ਬਰਾਬਰ ਹੀ ਹੈ। ਜੀਵ-ਪ੍ਰੇਮੀਓ, ਤੁਹਾਨੂੰ ਕੁੱਤਾ-ਵੱਢ ਦੀਆਂ ਦੁਰਘਟਨਾਵਾਂ ਬਾਰੇ ਖਬਰਾਂ ਮਿਲਦੀਆਂ ਹੀ ਹੋਣਗੀਆਂ। ਇਹ ਖ਼ਬਰਾਂ ਸੁਣ ਕੇ ਵੀ ਤੁਸੀਂ ਚੈਨ ਨਾਲ ਕਿਵੇਂ ਸੌਂ ਲੈਂਦੇ ਹੋ?
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਵਾਰਾ ਕੁੱਤਿਆਂ ਦੇ ਵਾਧੇ ਦਾ ਨੋਟਿਸ ਲੈਂਦਿਆਂ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੀਆਂ ਮਿਉਂਸਪੈਲਟੀਆਂ ਤੋਂ ਕੁੱਤਿਆਂ ਦੇ ਖੱਸੀਕਰਨ ਅਤੇ ਵੈਕਸੀਨੇਸ਼ਨ ਬਾਰੇ ਕਾਰਗੁਜ਼ਾਰੀ ਦੀ ਰਿਪੋਰਟ ਮੰਗੀ ਹੈ। ਇਹ ਸਾਰਾ ਕੁਝ ਇਸ ਲਈ ਹੋ ਰਿਹਾ ਹੈ ਕਿਉਂਕਿ ਇੰਨੀ ਵੱਡੀ ਗਿਣਤੀ ਵਿੱਚ ਪਲ ਰਹੀ ਅਤੇ ਨਿੱਤ ਵਧ ਰਹੀ ਕੁੱਤਾ ਆਬਾਦੀ ਨੂੰ ਪੂਰੀ ਤਰ੍ਹਾਂ ਸਾਂਭ ਲੈਣਾ ਬੰਦਿਆਂ ਦੇ ਵੱਸ ਦੀ ਗੱਲ ਨਹੀਂ। ਪਿਛਲੇ ਇੱਕ ਦਹਾਕੇ ਤੋਂ ਭਾਰਤ ਵਿੱਚ ਕੁੱਤਿਆਂ ਦੇ ਖੱਸੀਕਰਨ ਅਤੇ ਰੈਬੀਜ਼ ਰੋਕੂ ਵੈਕਸੀਨੇਸ਼ਨ ਦੇ ਯਤਨ ਕੀਤੇ ਜਾ ਰਹੇ ਹਨ। ਪਰ ਕੁੱਤਿਆਂ ਦਾ ਵਾਧਾ ਉਵੇਂ ਹੀ ਜਾਰੀ ਹੈ। ਕੁੱਤਾ ਪ੍ਰੇਮੀ ਜਾਂ ਕੁੱਤਿਆਂ ਦੇ ਪ੍ਰਬੰਧਕ ਇਸ ਤੱਥ ਨੂੰ ਮਨੋਂ ਵਿਸਾਰ ਕੇ ਯਤਨ ਕਰਦੇ ਹਨ ਕਿ ਸਾਡੀ ਭਾਰਤੀਆਂ ਦੀ ਜੀਵਾਂ ਪ੍ਰਤੀ ਸੋਚ ਵੱਖਰੀ ਹੈ। ਅਸੀਂ ਤਿੱਥਾਂ ਤਿਓਹਾਰਾਂ ਵੇਲੇ, ਗ੍ਰਹਿ ਟਾਲਣ ਦੇ ਲਈ ਜਾਂ ਪੰਡਿਤਾਂ ਦੇ ਦੱਸੇ ਪੂਜਾ-ਅਨੁਸ਼ਠਾਨਾਂ ਨੂੰ ਪੂਰਨ ਲਈ ਕੁੱਤਿਆਂ ਨੂੰ ਰੋਟੀਆਂ ਅਤੇ ਗਾਈਆਂ ਨੂੰ ਆਟੇ ਦੇ ਪੇੜੇ ਖੁਆਉਣ ਵਾਲੀ ਕੌਮ ਹਾਂ। ਇੱਥੇ ਸਾਡੀ ਆਪਣੀ ਹੀ ਅਰਬਨ ਐਸਟੇਟ ਵਿੱਚ ਕਈ ਔਰਤਾਂ ਰੋਜ਼ ਸਵੇਰੇ ਸਵਖ਼ਤੇ ਆਵਾਰਾ ਕੁੱਤਿਆਂ ਦੇ ਝੁੰਡਾਂ ਨੂੰ ਰੋਟੀਆਂ ਪਾਉਣ ਲਈ ਸਕੂਟਰਾਂ ਉੱਤੇ ਆਉਂਦੀਆਂ ਹਨ। ਨਾਲ ਲਗਦੀ ਪੰਜਾਬੀ ਯੂਨੀਵਰਸਿਟੀ ਵਿੱਚ ਵੀ ਕੁਝ ਕੁੱਤਾ-ਪੂਜਕ ਕੁੱਤਿਆਂ ਨੂੰ ਨਿਯਮਿਤ ਤੌਰ ’ਤੇ ਰੋਟੀਆਂ ਖਲਾਉਂਦੇ ਹਨ। ਨਤੀਜਾ ਇਹ ਹੈ ਕਿ ਕੁੱਤਿਆਂ ਦੀ ਆਬਾਦੀ ਖੂਬ ਵਧ ਰਹੀ ਹੈ ਤੇ ਹਰ ਆਏ-ਗਏ ਲਈ ਅਤੇ ਵਿਦਿਆਰਥੀਆਂ ਲਈ ਖ਼ਤਰਾ ਬਣੀ ਹੋਈ ਹੈ।
25 ਮਾਰਚ ਨੂੰ ਲਦਾਖ ਵਿੱਚ ਕਾਰਗਿਲ ਦੇ ਜ਼ੰਸਕਾਰ ਖੇਤਰ ਵਿੱਚ ਇੱਕ ਵੱਡੀ ਉਮਰ ਦੀ ਔਰਤ ਨੂੰ ਕੁੱਤਿਆਂ ਨੇ ਹਮਲਾ ਕਰਕੇ ਮਾਰ ਮੁਕਾਇਆ। ਜਨਵਰੀ ਤੋਂ ਮਾਰਚ ਤਕ ਇਸ ਸੀਮਤ ਜਿਹੀ ਥਾਂ 34 ਵਿਅਕਤੀਆਂ ਨੂੰ ਕੁੱਤਿਆਂ ਨੇ ਵੱਢਿਆ ਹੈ। ਜ਼ੰਸਕਾਰ ਦੇ ਬਲਾਕ ਮੈਡੀਕਲ ਅਫਸਰ ਨੇ ਐਸ ਡੀ ਐਮ ਨੂੰ ਚਿੱਠੀ ਲਿਖ ਕੇ ਕੁੱਤਿਆਂ ਦੇ ਵਧ ਰਹੇ ਖ਼ਤਰੇ ਬਾਰੇ ਚੇਤਾਇਆ ਹੈ। ਪਿਛਲੇ ਸਾਲ 2000 ਕੁੱਤਾ-ਵੱਢ ਕੇਸ ਇਸ ਜ਼ਿਲ੍ਹੇ ਵਿੱਚ ਹੋਏ। ਕੁੱਤਾ-ਖੱਸੀਕਰਨ ਦੇ ਬਾਵਜੂਦ ਕੇਸਾਂ ਨੂੰ ਠੱਲ੍ਹ ਨਹੀਂ ਪੈ ਰਹੀ। ਇੱਕ ਜੀਵ-ਬਚਾਓ ਅਭਿਆਨਕਰਤਾ ੲਜ਼ਪਠ਼ਵ ਅਪਫੀਰਾ ਨੇ ਲੇਹ ਤੋਂ ਦੱਸਿਆ ਹੈ ਕਿ ਕੁੱਤੇ ਅਤੇ ਭੇੜੀਏ (ਬਘਿਆੜ) ਅੰਤਰ-ਪ੍ਰਜਣਨ ਕਰ ਰਹੇ ਹਨ। ਨਤੀਜੇ ਵਜੋਂ ਨਵੀਂ ਕੁੱਤਾ ਆਬਾਦੀ ਵੱਧ ਆਕ੍ਰਮਣਸ਼ੀਲ ਹੋ ਰਹੀ ਹੈ।
ਸ਼ਹਿਰਾਂ ਵਿੱਚ ਕੁੱਤਿਆਂ ਦੁਆਰਾ ਮਚਾਈ ਤਬਾਹੀ ਦੀ ਇੱਕ ਹੋਰ ਸੱਜਰੀ ਵਾਰਦਾਤ ਅੰਬਾਲਾ ਸ਼ਹਿਰ ਦੀ ਹੈ। ਗੁਰਦੁਆਰੇ ਤੋਂ ਪਾਠ ਕਰਕੇ ਇੱਕ ਪਾਠੀ ਸਿੰਘ ਜਦੋਂ ਘਰ ਪਰਤ ਰਿਹਾ ਸੀ ਤਾਂ ਉਸ ਨੂੰ ਗਲੀ ਵਿੱਚ ਹੀ ਆਵਾਰਾ ਕੁੱਤਿਆਂ ਨੇ ਘੇਰ ਲਿਆ। ਕਈ ਥਾਂ ਵੱਢਿਆ ਤੇ ਇੱਕ ਹੱਥ ਦੇ ਅੰਗੂਠੇ ਦਾ ਕੁਝ ਹਿੱਸਾ ਖਾ ਲਿਆ। ਅਜਿਹੀ ਬਰਬਰਤਾ ਦਾ ਸ਼ਿਕਾਰ ਹੋਣਾ ਆਮ ਬੰਦਿਆਂ ਦੇ ਕਿਹੜੇ ਪਾਪਾਂ ਦੀ ਸਜ਼ਾ ਹੈ, ਇਹ ਸਵਾਲ ਕੁੱਤਾ-ਹਿਮਾਇਤੀਆਂ ਨੂੰ ਪੁੱਛਣਾ ਬਣਦਾ ਹੈ।
ਮਨੁੱਖ ਸੁਭਾਵਕ ਹੀ ਭੇਡ-ਚਾਲੀ ਹੁੰਦਾ ਹੈ। ਜੀਵ-ਰੱਖਿਆ ਕਾਨੂੰਨ ਬਣਨ ਤੋਂ ਮਗਰੋਂ ਜੀਵ-ਪ੍ਰੇਮੀਆਂ ਦੀ ਗਿਣਤੀ ਵਿੱਚ ਵੀ ਦੇਖਾ ਦੇਖੀ ਵਾਧਾ ਹੋਇਆ ਹੈ। ਜੀਵਾਂ ਨੂੰ ਪ੍ਰੇਮ ਕਰਨਾ ਜ਼ਰੂਰੀ ਹੈ ਪਰ ਇਹ ਪ੍ਰੇਮ ਇਨਸਾਨਾਂ ਦੀ ਸੁਰੱਖਿਆ ਨੂੰ ਦਾਅ ਉੱਤੇ ਲਗਾ ਕੇ ਨਹੀਂ ਹੋਣਾ ਚਾਹੀਦਾ। ਇਨਸਾਨਾਂ ਦੇ ਛੋਟੇ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਸਾਡਾ ਪ੍ਰਥਮ ਕਰਤਵ ਹੈ। ਜਿਹਨਾਂ ਮਾਵਾਂ ਦੇ ਅਨੇਕਾਂ ਬੱਚਿਆਂ ਨੂੰ ਪਿੰਡਾਂ ਦੀਆਂ ਹੱਡਾਰੋੜੀਆਂ ਨੇੜਿਉਂ ਲੰਘਦਿਆਂ ਆਵਾਰਾ ਕੁੱਤਿਆਂ ਨੇ ਪਿਛਲੇ ਦਹਾਕਿਆਂ ਵਿੱਚ ਨੋਚ ਨੋਚਕੇ ਮਾਰ ਮੁਕਾਇਆ, ਉਹਨਾਂ ਮਾਵਾਂ ਦੇ ਦੁੱਖ ਦੀ ਇੰਤਹਾ ਕਿਸੇ ਨੇ ਮਹਿਸੂਸ ਨਹੀਂ ਕੀਤੀ। ਜਿਵੇਂ ਕਿ ਪਹਿਲਾਂ ਦੱਸਿਆ ਹੈ, ਆਵਾਰਾ ਕੁੱਤੇ ਬੱਚਿਆਂ ਤੇ ਵੱਡਿਆਂ ਨੂੰ ਵੱਢਦੇ ਹੀ ਨਹੀਂ, ਨੋਚ ਨੋਚ ਕੇ ਖਾ ਵੀ ਜਾਂਦੇ ਹਨ। ਮਨੁੱਖ ਦਾ ਦੁੱਖ ਵੱਡਾ ਹੈ ਜਾਂ ਵੱਢ-ਖਾਣੇ ਕੁੱਤੇ ਦੀ ਸੁਰੱਖਿਆ, ਇਹ ਸੋਚਣ ਅਤੇ ਸਮਝਣ ਦਾ ਵਿਸ਼ਾ ਹੈ। ਜਦੋਂ ਵਾਧੂ ਆਵਾਰਾ ਕੁੱਤਾ-ਆਬਾਦੀ ਖ਼ਤਮ ਕਰ ਦਿੱਤੀ ਜਾਂਦੀ ਸੀ, ਕੁੱਤੇ ਉਦੋਂ ਵੀ ਬਚ ਰਹਿੰਦੇ ਸਨ; ਕਦੇ ਮੁੱਕੇ ਨਹੀਂ। ਤਿੱਥਾਂ ਤਿਓਹਾਰਾਂ ਅਤੇ ਗ੍ਰਹਿ ਟਲਾਈਆਂ ਦੇ ਬਹਾਨੇ ਉਹਨਾਂ ਦੀ ਪੂਜਾ-ਪਾਲਣਾ ਨੂੰ ਵੀ ਕਦੇ ਠੱਲ੍ਹ ਨਹੀਂ ਪਈ। ਹੁਣ ਕਾਨੂੰਨ ਬਣਾ ਕੇ ਢੇਰ ਯਤਨ ਕਰ ਕੇ ਵੀ ਜੇ ਕੁੱਤਾ-ਵੱਢ ਕੇਸਾਂ ਅਤੇ ਕੁੱਤਿਆਂ ਦੀ ਗਿਣਤੀ ਵਿੱਚ ਵਾਧਾ ਨਹੀਂ ਰੁਕ ਰਿਹਾ ਤਾਂ ਕੀਤੀਆਂ ਕੋਸ਼ਿਸ਼ਾਂ ਕਿਸ ਲੇਖੇ ਹਨ, ਕੁੱਤਾ-ਪੂਜਕਾਂ ਨੂੰ ਇਹ ਪ੍ਰਸ਼ਨ ਕਰਨਾ ਬਣਦਾ ਹੈ। ਜੇ ਗ਼ਰੀਬ ਅਤੇ ਭੁੱਖੇ ਮਰ ਰਹੇ ਮਨੁੱਖਾਂ ਨੂੰ ਅਸੀਂ ਘਰ, ਇਲਾਜ ਅਤੇ ਸੁਰੱਖਿਆ ਨਹੀਂ ਦੇ ਸਕਦੇ ਤਾਂ ਕੁੱਤਿਆਂ ਨੂੰ ਇਹ ਸਹੂਲਤਾਂ (ਬੰਦਿਆਂ ਦੀ ਸੁਰੱਖਿਆ ਨੂੰ ਵਿਸਾਰ ਕੇ) ਦੇਣ ਦੇ ਪਿੱਛੇ ਕੀ ਤਰਕ ਹੈ, ਇਹ ਸਮਝ ਵਿੱਚ ਨਹੀਂ ਆਇਆ। ਹਾਈ ਕੋਰਟ ਨੇ ਅਜੇ ਤਾਂ ਐਨੀਮਲ ਬਰਥ ਕੰਟਰੋਲ ਦੇ ਯਤਨਾਂ ਦੀ ਨਜ਼ਰਸਾਨੀ ਅਤੇ ਸੰਸ਼ੋਧਨ ਕਰਨ ਲਈ ਹੀ ਕਿਹਾ ਹੈ, ਇਨਸਾਫ਼ ਦੇ ਇਹਨਾਂ ਘਰਾਂ ਨੂੰ ਕਦੇ ਜੀਵ ਰੱਖਿਆ ਕਾਨੂੰਨ ਨੂੰ ਸੋਧਣ ਬਾਰੇ ਵੀ ਫੈਸਲੇ ਕਰਨੇ ਪੈਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3970)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)