Sonia2

 

   (ਜੁਲਾਈ 9, 2015)

 

(ਸੋਨੀਆ, ਖੋਜਾਰਥਣ MDRC ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)

ਸੁਖਿੰਦਰ ਨੂੰ ਸ਼ਾਇਦ ਕਨੇਡਾ ਵਿਚ ਇੰਨੇ ਲੋਕ ਨਾ ਜਾਣਦੇ ਹੋਣ, ਜਿੰਨੇ ਕਿ ਪੰਜਾਬ ਵਿੱਚ ਜਾਣਦੇ ਹਨ ਭੌਤਿਕ ਵਿਗਿਆਨ ਦੇ ਵਿਸ਼ੇ ਤੋਂ ਆਪਣੀ ਲਿਖਤ ਦੀ ਸ਼ੁਰੂਆਤ ਕਰਨ ਵਾਲਾ ਸੁਖਿੰਦਰ ਅੱਜ ਪ੍ਰਵਾਸੀ ਪੰਜਾਬੀ ਸਾਹਿਤ ਵਿਚ ਨਾਮਵਰ, ਚਰਚਿਤ ਲੇਖਕ ਅਤੇ ਆਲੋਚਕ ਹੈ ਘਰ ਵਿਚ ਸਾਹਿਤਕ ਮਾਹੌਲ ਹੋਣ ਸਦਕਾ ਉਸਦੀ ਰੁਚੀ ਇੱਕ ਭੌਤਿਕ ਵਿਗਿਆਨੀ ਲੇਖਕ ਹੋਣ ਤੋਂ ਪੰਜਾਬੀ ਲੇਖਕ ਬਣਨ ਵੱਲ ਆ ਗਈ ਸੁਖਿੰਦਰ ਦੇ ਆਪਣੇ ਸ਼ਬਦਾਂ ਅਨੁਸਾਰ ਤੁਹਾਡੇ ਅੰਦਰ ਕੁਝ ਵੀ ਕਰਨ ਦੀ ਚਾਹ ਚਾਹੀਦੀ ਹੈ, ਫਿਰ ਰਸਤੇ ਆਪਣੇ ਆਪ ਬਣ ਜਾਂਦੇ ਹਨ ਸੁਖਿੰਦਰ ਇੱਕ ਬਹੁ-ਪਾਸਾਰੀ ਲੇਖਕ ਹੈ, ਜਿਸਨੇ ਵੱਖ-ਵੱਖ ਵਿਧਾਵਾਂ ਤੇ ਲਿਖਕੇ ਆਪਣੀ ਕਾਰਗੁਜ਼ਾਰੀ ਦਾ ਕਾਰਵਾਂ ਪੇਸ਼ ਕੀਤਾ ਹੈ ਪ੍ਰਵਾਸ ਦੀ ਧਰਤੀ ਤੇ ਰਹਿੰਦਿਆਂ ਵੀ ਸੁਖਿੰਦਰ ਨੇ ਪੰਜਾਬੀ ਮਾਂ ਬੋਲੀ ਦੀ ਤਨ, ਮਨ, ਧਨ ਨਾਲ ਸੇਵਾ ਕੀਤੀ ਸੁਖਿੰਦਰ ਦੀ ਸ਼ਾਇਰੀ ਵਿਚ ਵਿਦਰੋਹੀ ਸੁਰ ਦੀ ਪ੍ਰਧਾਨਤਾ ਹੈ ਉਹ ਜੋ ਵੀ ਲਿਖਦਾ ਹੈ, ਬੇਖੌਫ਼ ਹੋ ਕੇ ਲਿਖਦਾ ਹੈ ਉਸਦੀ ਸ਼ਾਇਰੀ ਸਮੇਂ ਦੇ ਉਸ ਯਥਾਰਥ ਦੀ ਪੇਸ਼ਕਾਰੀ ਕਰਦੀ ਹੈ, ਜਿਸ ਵਿਚ ਆਮ ਮਨੁੱਖ ਦਾ ਵਜੂਦ ਖਤਮ ਹੋ ਚੁੱਕਾ ਹੈ ਸ਼ਾਇਰ ਸਿਰਫ ਸਮੇਂ ਦਾ ਹਾਣੀ ਹੋਕੇ ਇਹਨਾਂ ਦਾ ਦਰਦ ਹੀ ਨਹੀਂ ਬਿਆਨਦਾ, ਸਗੋਂ ਲੋਕਾਂ ਵਿਚ ਇਨਕਲਾਬੀ ਸੁਰ ਵੀ ਭਰਦਾ ਹੈ ਅਤੇ ਇਨ੍ਹਾਂ ਦੱਬੇ ਲਿਤਾੜੇ ਮਨੁੱਖਾਂ ਦੇ ਨਾਲ ਖਲੋਤਾ ਨਜ਼ਰੀਂ ਪੈਂਦਾ ਹੈ ਪਿਛਲੇ ਦਿਨੀਂ ਕਨੇਡਾ ਤੋਂ ਭਾਰਤ ਆਏ ਸ਼ਾਇਰ ਸੁਖਿੰਦਰ ਨੂੰ ਮਿਲਣ ਦਾ ਮੌਕਾ ਮਿਲਿਆ ਉਸਦੀ ਜ਼ਿੰਦਗੀ ਦੇ ਪੰਨਿਆਂ ਨੂੰ ਫਰੋਲਣ ਅਤੇ ਉਸਦੀ ਸ਼ਾਇਰੀ ਦੀ ਸਿਰਜਣਾ ਬਾਰੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਗੱਲਬਾਤ ਦੇ ਕੁਝ ਅੰਸ਼ ਹਾਜ਼ਿਰ ਹਨ:

?           ਕੀ ਸਾਹਿਤ ਜਗਤ ਵਿਚ ਲੋਕ ਤੁਹਾਨੂੰ ਸੁਖਿੰਦਰ ਵਜੋਂ ਹੀ ਜਾਣਦੇ ਹਨ?

:         ਮੈਂ ਸਾਹਿਤ ਜਗਤ ਨਾਲ ਪਿਛਲੇ 40 ਕੁ ਵਰ੍ਹਿਆਂ ਤੋਂ ਜੁੜਿਆ ਹੋਇਆ ਹਾਂ ਮੈਨੂੰ ਮੇਰੇ ਪਾਠਕ, ਸਰੋਤੇ, ਆਲੋਚਕ, ਵਿਦਵਾਨ, ਸਾਹਿਤਕਾਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਸੁਖਿੰਦਰ ਵਜੋਂ ਹੀ ਜਾਣਦੇ ਹਨ

?         ਸੁਖਿੰਦਰ ਜੀ, ਆਪਣੇ ਜਨਮ ਅਤੇ ਪਰਿਵਾਰਕ ਪਿਛੋਕੜ ਬਾਰੇ ਦੱਸੋ?

:         ਮੇਰਾ ਜਨਮ 1947 ਵਿਚ ਅੰਮ੍ਰਿਤਸਰ ਸ਼ਹਿਰ ਵਿਚ ਹੋਇਆ ਮੇਰੇ ਜਨਮ ਤੋਂ ਬਾਅਦ 1947 ਵਿਚ ਮੇਰੇ ਮਾਤਾ-ਪਿਤਾ ਜੀ ਤੇ ਭਰਾ ਹੋਰੀਂ ਅੰਬਾਲਾ ਵਿਖੇ ਆਕੇ ਰਹਿਣ ਲੱਗ ਪਏ ਮੇਰੇ ਪਰਿਵਾਰ ਦਾ ਮਾਹੌਲ ਬੜਾ ਸਾਹਿਤਕ ਸੀ ਪੰਜਾਬੀ ਸਾਹਿਤ ਜਗਤ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਮੇਰੇ ਪਿਤਾ ਜੀ ਕਵੀ ਤੇ ਕਹਾਣੀਕਾਰ ਸਨ ਮੇਰੇ ਮਾਤਾ ਜੀ ਲਾਹੌਰ (ਪਾਕਿਸਤਾਨ) ਦੇ ਇੱਕ ਸਕੂਲ ਵਿੱਚ ਸੰਸਕ੍ਰਿਤ ਪੜ੍ਹਾਉਂਦੇ ਰਹੇ ਸਨ ਤੇ ਮੇਰੇ ਦੋ ਭਰਾ ਸਤਿੰਦਰ ਸਿੰਘ ਨੂਰ ਅਤੇ ਗੁਰਭਗਤ ਸਿੰਘ ਆਲੋਚਕ ਅਤੇ ਲੇਖਕ ਵਜੋਂ ਪੰਜਾਬੀ ਸਾਹਿਤ ਜਗਤ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਜਾਣੇ ਪਹਿਚਾਣੇ ਜਾਂਦੇ ਹਨ

?           ਵਿਗਿਆਨੀ ਲੇਖਕ ਹੁੰਦਿਆਂ ਹੋਇਆਂ ਵੀ ਤੁਸੀਂ ਪੰਜਾਬੀ ਲੇਖਕ ਬਣਨ ਦਾ ਰਾਹ ਕਿਵੇਂ ਚੁਣਿਆ?

:         ਬੇਸ਼ਕ ਮੈਂ ਸ਼ੁਰੂਆਤ ਵਿਗਿਆਨਕ ਰਚਨਾਵਾਂ ਲਿਖਣ ਨਾਲ ਕੀਤੀ ਪਰ ਇਸ ਦਾ ਭਾਵ ਇਹ ਨਹੀਂ ਕਿ ਮੈਂ ਪੰਜਾਬੀ ਸਾਹਿਤ ਨੂੰ ਪੜ੍ਹਿਆ ਹੀ ਨਹੀਂ ਘਰ ਵਿਚ ਸਾਹਿਤਕ ਮਾਹੌਲ ਹੋਣ ਕਰਕੇ ਮੈਂ ਪੰਜਾਬੀ ਸਾਹਿਤ ਜਗਤ ਨਾਲ ਛੋਟੀ ਉਮਰ ਤੋਂ ਹੀ ਜੁੜ ਗਿਆ ਸੀ ਮੇਰੇ ਪਿਤਾ ਜੀ ਮੁਸ਼ਾਇਰਿਆਂ, ਕਵੀ ਦਰਬਾਰਾਂ, ਨਾਟਕ ਮੇਲਿਆਂ ਤੇ ਕਵਾਲੀ ਪ੍ਰੋਗਰਾਮਾਂ ਵਿਚ ਮੈਨੂੰ ਹਮੇਸ਼ਾ ਆਪਣੇ ਨਾਲ ਲੈਕੇ ਜਾਇਆ ਕਰਦੇ ਸਨ ਘਰ ਦੀ ਲਾਇਬਰੇਰੀ ਵਿਚ ਆਉਣ ਵਾਲੀਆਂ ਪੰਜਾਬੀ ਸਾਹਿਤ ਨਾਲ ਸੰਬੰਧਤ ਸਾਰੀਆਂ ਪੁਸਤਕਾਂ ਮੈਂ ਬੜੀ ਨੀਝ ਨਾਲ ਪੜ੍ਹਿਆ ਕਰਦਾ ਸੀ ਦਿਲ ਵਿੱਚ ਪੰਜਾਬੀ ਨਾਲ ਨੇਹ ਨੇ ਮੈਨੂੰ ਇੱਕ ਵਿਗਿਆਨੀ ਲੇਖਕ ਤੋਂ ਸਾਹਿਤਕ ਲੇਖਕ ਬਣਨ ਵਿਚ ਮਦਦ ਕੀਤੀ

?          ਮੁਢਲੀ ਤੇ ਉਚੇਰੀ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ?

:         ਤਕਰੀਬਨ ਮੇਰੀ ਸਾਰੀ ਪੜ੍ਹਾਈ ਅੰਬਾਲਾ ਕੈਂਟ ਦੇ ਸਕੂਲ, ਕਾਲਜ, ਰਿਜਨਲ ਸੈਂਟਰ ਤੋਂ ਹੋਈ ਹੈ ਮੈਂ ਫਾਰੂਕਾ ਖਾਲਸਾ ਸਕੂਲ ਤੋਂ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਬੀ.ਐੱਸਸੀ. (ਵਿਗਿਆਨ) ਐੱਸ. ਡੀ. ਕਾਲਜ ਤੇ ਐੱਮ.ਏ. (ਇੰਗਲਿਸ਼) ਰਿਜਨਲ ਸੈਂਟਰ ਅੰਬਾਲਾ ਕੈਂਟ ਤੋਂ ਕੀਤੀ ਐੱਮ.ਐੱਸਸੀ. (ਫਿਜ਼ਿਕਸ) ਮੇਰਠ ਯੂਨੀਵਰਸਿਟੀ ਤੋਂ ਕੀਤੀ ਹੈ

?          ਉਚੇਰੀ ਵਿੱਦਿਆ ਪ੍ਰਾਪਤੀ ਤੋਂ ਬਾਅਦ ਅਧਿਆਪਨ ਹੀ ਕੀਤਾ ਜਾਂ ਕੋਈ ਹੋਰ ਕੰਮਕਾਰ ਵੀ ਕੀਤਾ?

:         ਮੈਂ ਅਧਿਆਪਨ ਨਹੀਂ ਕੀਤਾ ਬੇਸ਼ੱਕ ਮੇਰੀ ਨਿਯੁਕਤੀ ਬਤੌਰ ਅੰਗਰੇਜ਼ੀ ਪ੍ਰੋਫ਼ੈਸਰ ਵਜੋਂ ਕਮਲਾ ਨਹਿਰੂ ਮੈਮੋਰੀਅਲ ਕਾਲਜ ਕੈਥਲ ਵਿਖੇ ਹੋਈ ਇਸ ਤੋਂ ਪਹਿਲਾਂ ਹੀ ਮੇਰਾ ਕਨੇਡਾ ਜਾਣ ਦਾ ਪ੍ਰੋਗਰਾਮ ਬਣ ਚੁੱਕਾ ਸੀ ਮੈਂ ਉਸ ਸੀਟ ਤੇ ਇਕ-ਦੋ ਮਹੀਨੇ ਲਈ ਨਿਯੁਕਤ ਹੋ ਕੇ ਕਿਸੇ ਹੋਰ ਦੀ ਰੋਜ਼ੀ ਤੇ ਲੱਤ ਨਹੀਂ ਸੀ ਮਾਰਨੀ ਚਾਹੁੰਦਾ ਇਸ ਲਈ ਮੈਂ ਉੱਥੇ ਨਿਯੁਕਤ ਨਾ ਹੋ ਕੇ 1975 ਵਿਚ ਕਨੇਡਾ ਚਲਾ ਗਿਆ

?              ਆਮ ਕਿਹਾ ਜਾਂਦਾ ਹੈ ਕੇ ਹਰੇਕ ਸ਼ਖਸੀਅਤ ਦੀ ਉਸਾਰੀ ਵਿਚ ਉਸਦੇ ਮਾਪਿਆਂ ਅਤੇ ਜਾਣ ਪਹਿਚਾਣ ਵਾਲੇ ਲੋਕਾਂ ਦਾ ਹੱਥ ਹੁੰਦਾ ਹੈ ਤੁਸੀਂ ਇਸ ਵਿਚਾਰ ਨਾਲ ਕਿੱਥੋਂ ਤਕ ਸਹਿਮਤ ਹੋ?

:         ਸਾਹਿਤ ਦੀ ਗੁੜ੍ਹਤੀ ਮੈਨੂੰ ਪਰਿਵਾਰ ਵਿੱਚੋਂ ਮਿਲੀ ਹੈ ਮੇਰੀ ਆਪਣੀ ਮਿਹਨਤ ਨਾਲ ਮੈਂ ਆਪਣੇ ਪਰਿਵਾਰ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਪੰਜਾਬੀ ਸਾਹਿਤ ਜਗਤ ਵਿਚ ਪਹਿਚਾਣ ਬਣਾਈ ਹੈ ਪਰ ਮੇਰੇ ਪਰਿਵਾਰ ਦੇ ਸਾਹਿਤਕ ਮਾਹੌਲ ਦਾ ਅਸਰ ਤਾਂ ਮੇਰੇ ’ਤੇ ਹੋਣਾ ਸੁਭਾਵਿਕ ਹੀ ਸੀ ਇਸ ਲਈ ਮੇਰੀ ਸ਼ਖਸੀਅਤ ਦੀ ਉਸਾਰੀ ਵਿਚ ਮੇਰਾ ਪਰਿਵਾਰ ਮੇਰਾ ਰੋਲ ਮਾਡਲ ਰਿਹਾ ਹੈ

?              ਕਵਿਤਾ ਤੁਹਾਨੂੰ ਵਿਰਾਸਤ ਵਿਚ ਮਿਲੀ ਹੈ ਕੀ ਇਹ ਸੱਚ ਹੈ ਕਿ ਕਵਿਤਾ ਕਵੀ ਨੂੰ ਉੱਤਰਦੀ ਹੈ ਜਾਂ ਕਿ ਹਰ ਕੋਈ ਕਵਿਤਾ ਲਿਖ ਸਕਦਾ ਹੈ?

:         ਮੈਂ ਇਸ ਗੱਲ ਵਿਚ ਯਕੀਨ ਨਹੀਂ ਰੱਖਦਾ ਕਿ ਕਵਿਤਾ ਕਵੀ ਨੂੰ ਉੱਤਰਦੀ ਹੈ ਇਹ ਕੋਈ ਇਲਹਾਮ ਨਹੀਂ ਹੁੰਦਾ ਰੱਬ ਨੇ ਕਿਹਾ, ਤੁਹਾਡੇ ਮਨ ਵਿਚ ਗੱਲ ਆ ਗਈ ਤੇ ਤੁਸੀਂ ਲਿਖਣਾ ਸ਼ੁਰੂ ਕਰ ਦਿੱਤਾ ਕਵਿਤਾ ਦੀ ਰਚਨਾ ਉਦੋਂ ਹੁੰਦੀ ਹੈ ਜਦੋਂ ਕੋਈ ਕਵੀ ਪੜ੍ਹਦਿਆਂ, ਲਿਖਦਿਆਂ, ਸਮਾਜ ਵਿਚ ਵਿਚਰਦਿਆਂ, ਬਹੁਤ ਸਾਰੀਆਂ ਗੱਲਾਂ, ਸਮੱਸਿਆਵਾਂ ਦੇ ਰੂ-ਬ-ਰੂ ਹੁੰਦਾ ਹੈ ਇਹਨਾਂ ਵਿੱਚੋਂ ਕੋਈ ਵਿਚਾਰ ਜਾਂ ਬਿੰਬ ਕਵੀ ਨੂੰ ਟੁੰਬਦਾ ਜਾ ਹਲੂਣਦਾ ਹੈ ਫੇਰ ਕਵੀ ਉਸ ਬਿੰਬ ਨੂੰ ਸ਼ਬਦਾਂ ਦੀ ਭਾਸ਼ਾ ਵਿਚ ਪਰੋ ਕੇ ਪੇਸ਼ ਕਰਦਾ ਹੈ ਇਹ ਕਵਿਤਾ ਕਹਾਉਂਦੀ ਹੈ ਕਵਿਤਾ ਉੱਤਰਣ ਵਾਲਾ ਵਿਚਾਰ ਫਜ਼ੂਲ ਹੈ ਕਵਿਤਾ ਲਿਖਣਾ ਜ਼ਿੰਮੇਵਾਰੀ ਵਾਲਾ ਕੰਮ ਹੈ ਜ਼ਿੰਮੇਵਾਰੀ ਉਹੀ ਵਿਅਕਤੀ ਨਿਭਾ ਸਕਦਾ ਹੈ, ਜਿਸ ਨੂੰ ਪਤਾ ਹੈ ਕਿ ਆਲੇ-ਦੁਆਲੇ, ਸਮਾਜ ਵਿਚ, ਰਾਸ਼ਟਰੀ, ਅੰਤਰ-ਰਾਸ਼ਟਰੀ, ਪੱਧਰ ’ਤੇ ਕੀ ਵਾਪਰ ਰਿਹਾ ਹੈ ਕਵਿਤਾ ਪਾਠਕ ਨੂੰ ਆਨੰਦ ਤੱਕ ਸੀਮਤ ਨਾ ਰੱਖ ਕੇ ਸਮਾਜ ਵਿਚ ਰਹਿੰਦਿਆਂਹੱਕਾਂ ਪ੍ਰਤਿ ਜਾਗਰਿਤ ਵੀ ਕਰਦੀ ਹੈ ਇਸ ਵਿਚ ਵਿਚਾਰ ਉੱਤਰਣ ਵਾਲੀ ਕੋਈ ਗੱਲ ਨਹੀਂ ਹੈ

?          ਤੁਹਾਡੀ ਸ਼ਾਇਰੀ ਵਿਚ ਇਨਕਲਾਬੀ ਸੁਰ ਦੀ ਪ੍ਰਧਾਨਤਾ ਹੈ ਇਹ ਸੁਭਾਵਕ ਹੀ ਹੋਇਆ ਜਾਂ ਕਿ ਸੁਚੇਤ ਪੱਧਰ ਤੇ ਹੋਇਆ ਹੈ? ਸ਼ਾਇਰੀ ਦੀ ਇਸ ਇਨਕਲਾਬੀ ਸੁਰ ਲਈ ਤੁਸੀਂ ਆਪਣੇ ਆਪ ਨੂੰ ਕਿਨ੍ਹਾਂ ਕਵੀਆਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਇਆ ਮੰਨਦੇ ਹੋ?

:         ਮੇਰੀ ਕਵਿਤਾ ਜਾਣੀ ਜਾਂਦੀ ਹੀ ਵਿਦਰੋਹੀ ਸੁਰ ਕਰਕੇ ਹੈ ਇਹ ਸ਼ਾਇਰੀ ਬੇਖੋਫ਼ ਹੈ ਕਿਉਂਕਿ ਸੱਚ ਹੱਕ ਦੀ ਖਾਤਰ ਲਿਖੀ ਜਾ ਰਹੀ ਹੈ ਬਾਕੀ ਇਹ ਸਭ ਕੁਝ ਆਪਣੇ ਆਪ ਨਹੀਂ ਹੁੰਦਾ ਲੇਖਕ ਸਮਾਜ ਦਾ ਹਿੱਸਾ ਹੁੰਦਾ ਹੈ ਸਮਾਜ ਵਿਚ ਜੋ ਕੁਝ ਵਾਪਰਦਾ ਹੈ, ਉਸਦਾ ਪ੍ਰਭਾਵ ਲੇਖਕ ਤੇ ਵੀ ਪੈਂਦਾ ਹੈ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਕਵੀ ਆਪਣੀ ਸ਼ਾਇਰੀ ਦੀ ਸਿਰਜਣਾ ਲਈ ਸੇਧ ਲੈਂਦਾ ਹੈ ਮੈਂ ਕ੍ਰਾਂਤੀਕਾਰੀ ਵਿਚਾਰਾਂ ਨਾਲ ਭਰਪੂਰ ਗੁਰੂ ਨਾਨਕ ਦੇਵ ਜੀ ਦੀ ਸ਼ਾਇਰੀ ਤੋਂ ਇਲਾਵਾ ਕਾਰਲ ਮਾਰਕਸ, ਨੈਲਸਨ ਮੰਡੇਲਾ, ਪ੍ਰੋ. ਪੂਰਨ ਸਿੰਘ, ਪਾਸ਼, ਲਾਲ ਸਿੰਘ ਦਿਲ ਆਦਿ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਾਂ; ਜਿਨ੍ਹਾਂ ਨੇ ਸਮੁੱਚੀ ਲੋਕਾਈ ਦੇ ਹੱਕਾਂ ਦੀ ਖਾਤਰ ਲੋਟੂ ਸ਼ਾਸਕਾਂ ਨਾਲ ਦੋ ਹੱਥ ਕੀਤੇ ਲੁੱਟੀ ਜਾ ਰਹੀ ਧਿਰ ਦੀ ਬਾਂਹ ਫੜਕੇ ਉਨ੍ਹਾਂ ਦੇ ਇਸ ਸੰਘਰਸ਼ ਵਿਚ ਵਿਅਕਤੀਗਤ ਤੌਰ ’ਤੇ ਸਾਥ ਦਿੱਤਾ ਮੇਰੀ ਸ਼ਾਇਰੀ ਗੋਲਮੋਲ ਸ਼ਬਦਾਂ ਦੀ ਸ਼ਾਇਰੀ ਨਹੀਂ ਮੇਰੀ ਸ਼ਾਇਰੀ ਸਿੱਧੀ ਸਪਸ਼ਟ ਸ਼ਾਇਰੀ ਹੈ ਜੋ ਪਾਠਕ ਦੀ ਆਤਮਾ ਨੂੰ ਕੁਝ ਕਰ ਗੁਜ਼ਰਨ ਲਈ ਹਲੂਣ ਸੁੱਟਦੀ ਹੈ

?         ਤੁਹਾਡੀ ਵਿਚਾਰਧਾਰਾ ਨੂੰ ਜੇਕਰ ਤੁਹਾਡੀ ਕਵਿਤਾ ਵਿੱਚੋਂ ਜਾਨਣਾ ਹੋਵੇ ਤਾਂ ਸੰਖੇਪ ਸ਼ਬਦਾਂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ?

:         ਮੇਰੀ ਸ਼ਾਇਰੀ ਕ੍ਰਾਂਤੀਕਾਰੀ ਭਾਵਨਾਵਾਂ ਨਾਲ ਲਬਰੇਜ਼ ਹੈ ਮੇਰੀ ਸ਼ਾਇਰੀ ਗੋਲਮੋਲ ਸ਼ਬਦਾਂ ਦੀ ਸ਼ਾਇਰੀ ਨਾ ਹੋਕੇ ਉਹ ਸ਼ਾਇਰੀ ਹੈ, ਜੋ ਦੱਬੇ, ਕੁੱਚਲੇ, ਹਾਸ਼ੀਆਗਤ, ਲੋਕਾਂ ਵਿੱਚ ਵਿਦਰੋਹ ਦੀ ਭਾਵਨਾ ਪੈਦਾ ਕਰਕੇ ਆਪਣੇ ਹੱਕਾਂ ਪ੍ਰਤਿ ਜਾਗਰਿਤ ਕਰਨ ਵਲ ਰੁਚਿਤ ਹੁੰਦੀ ਹੈ ਇਸ ਵਿਚ ਕਿਸੇ ਇਕ ਖਾਸ ਫਿਰਕੇ, ਜ਼ਾਤਪਾਤ, ਨਸਲ ਦੀ ਗੱਲ ਨਾ ਕਰਕੇ ਮੈਂ ਗਲੋਬਲੀ ਯੁੱਗ ਵਿਚ ਲਿਤਾੜੇ ਜਾ ਰਹੇ ਮਨੁੱਖ ਦੀ ਬਾਤ ਪਾਈ ਹੈ

?              ਕਿਸੇ ਸਾਹਿਤਕ ਰਚਨਾ ਦੇ ਦੂਜੀ ਭਾਸ਼ਾ ਵਿਚ ਅਨੁਵਾਦ ਬਾਰੇ ਕੀ ਕਹਿਣਾ ਚਾਹੋਗੇ?

:         ਆਪਣੇ ਸਾਹਿਤ ਨੂੰ ਦੂਜੀਆਂ ਭਾਸ਼ਾਵਾਂ ਦੇ ਲੋਕਾਂ ਤੱਕ ਪਹੁੰਚਾਣ ਨੂੰ ਅਨੁਵਾਦ ਕਿਹਾ ਜਾਂਦਾ ਹੈ ਪਰ ਇਹ ਗੱਲ ਵੀ ਸੱਚ ਹੈ ਕਿ ਸਮੁੱਚਾ ਸਾਹਿਤ ਅਨੁਵਾਦ ਕਰਨਾ ਵੀ ਮੁਸ਼ਕਿਲ ਹੈ ਬੇਸ਼ਕ ਕਹਾਣੀ, ਨਾਵਲ, ਕਵਿਤਾ ਜਾਂ ਹੋਰ ਕਿਸੇ ਵਿਧਾ ਦੀ ਲਿਖਤ ਨੂੰ ਦੂਜੀ ਭਾਸ਼ਾ ਵਿਚ ਉਂਞ ਨਹੀਂ ਪੇਸ਼ ਕੀਤਾ ਜਾ ਸਕਦਾ, ਜਿਵੇਂ ਇਹਨਾਂ ਦਾ ਅਸਲ ਰੂਪ ਮੌਲਿਕ ਭਾਸ਼ਾ ਵਿਚ ਹੁੰਦਾ ਹੈ ਹਾਂ ਕੋਸ਼ਿਸ਼ ਕਰਨ ਵਿਚ ਸਾਰੇ ਕਾਮਯਾਬ ਹੋ ਜਾਂਦੇ ਹਨ ਪਰ ਉੰਨੀ-ਇੱਕੀ ਦਾ ਫਰਕ ਤਾਂ ਰਹਿ ਜਾਂਦਾ ਹੈ ਕਿਉਂਕਿ ਹਰ ਭਾਸ਼ਾ ਦੀ ਆਪਣੀ ਸਰੰਚਨਾ, ਬਣਤਰ, ਬੁਣਤਰ, ਸ਼ਬਦਾਵਲੀ, ਵਿਆਕਰਨ ਤੇ ਟੋਨ ਹੁੰਦੀ ਹੈ ਬੇਸ਼ਕ ਕਾਫੀ ਹੱਦ ਤੱਕ ਕਾਮਯਾਬੀ ਮਿਲ ਜਾਂਦੀ ਹੈ ਪਰ ਮੂਲ ਭਾਸ਼ਾ ਵਿੱਚ ਲਿਖੀ ਸਾਹਿਤਕ ਰਚਨਾ ਵਿੱਚ ਪ੍ਰਗਟਾਏ ਗਏ ਭਾਵਾਂ ਤੱਕ ਪਹੁੰਚਣ ਤੋਂ ਪਾਠਕ ਕਾਫੀ ਉਰ੍ਹਾਂ ਹੀ ਰਹਿ ਜਾਂਦਾ ਹੈ

?              ਕਵਿਤਾ ਤੇ ਕਵੀ ਦਾ ਆਪਸੀ ਰਿਸ਼ਤਾ ਕੀ ਹੈ? ਕਈ ਵਾਰ ਕਵਿਤਾ ਵਿਚਲਾ ਮਨੁੱਖ ਰੋਜ਼ਾਨਾ ਦੇ ਵਰਤਾਰੇ ਤੋਂ ਵੱਖਰਾ ਹੁੰਦਾ ਹੈ ਕਵੀ ਦੀ ਸ਼ਖਸੀਅਤ ਤੇ ਉਸਦੀ ਰਚਨਾ ਵਿਚਲਾ ਸੁਮੇਲ ਜ਼ਰੂਰੀ ਹੈ ਜਾਂ ਵੱਖਰਾਪਨ ਵੀ ਹੋ ਸਕਦਾ ਹੈ?

:         ਵੱਧ ਤੋਂ ਵੱਧ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕਵਿਤਾ ਤੇ ਕਵੀ ਇਕਮਿਕ ਹੋਣ ਜੇ ਦੋਵੇਂ ਇੱਕ ਦੂਜੇ ਵਿਚ ਰਲਗੱਡ ਹੋਣਗੇ ਤਾਂ ਹੀ ਅੰਦਰਲਾ ਸੱਚ ਬਾਹਰ ਨਿੱਕਲ ਕੇ ਪੇਸ਼ ਹੋਵੇਗਾ ਨਹੀਂ ਤਾਂ ਦੋਗਲੇਪਨ ਦੀ ਪੇਸ਼ਕਾਰੀ ਹੋਵੇਗੀ ਪਾਠਕ ਸੁਚੇਤ ਪੱਧਰ ਤੇ ਜਾਣ ਲੈਣਗੇ ਕਿ ਇਹ ਇਨਸਾਨ ਕੁਝ ਹੋਰ ਹੈ ਤੇ ਇਸਦੇ ਵਿਚਾਰ ਕੁਝ ਹੋਰ ਹਨ

?         ਤੁਹਾਡੀ ਕਵਿਤਾ ਨੇ ਤੁਹਾਡੀ ਰੋਜ਼ਾਨਾ ਜ਼ਿੰਦਗੀ ’ਤੇ ਕੀ ਪ੍ਰਭਾਵ ਪਾਇਆ?

:         ਜਿਸ ਤਰ੍ਹਾਂ ਦੀ ਸ਼ਾਇਰੀ ਮੈਂ ਲਿਖਦਾ ਹਾਂ, ਉਹ ਖਤਰਿਆਂ ਤੋਂ ਖਾਲੀ ਨਹੀਂ ਹੈ ਉਸ ਵਿਚ ਜਾਨ ਤੋਂ ਮਾਰਨ ਦੀਆਂ ਧਮਕੀਆਂ ਨਿੱਤ ਮਿਲਦੀਆਂ ਹਨ ਪਰ ਮੈਂ ਇਹਨਾਂ ਸਭ ਗੱਲਾਂ ਦੀ ਪ੍ਰਵਾਹ ਕੀਤੇ ਬਿਨਾਂ ਅਡੋਲ ਪੈਰ ਲੈਕੇ ਆਪਣੇ ਸਫਰ ’ਤੇ ਚੱਲ ਰਿਹਾ ਹਾਂ ਮੈਂ ਜੋ ਪਾਠਕਾਂ ਨੂੰ ਸੁਣਾਉਣਾ ਹੁੰਦਾ ਹੈ, ਉਹੀ ਸੁਣਾਉਂਦਾ ਹਾਂ, ਮਾਹੌਲ ਨੂੰ ਦੇਖ ਆਪਣਾ ਇਰਾਦਾ ਨਹੀਂ ਬਦਲਦਾ ਬੇਸ਼ਕ ਉਸ ਮਾਹੌਲ ਵਿਚ ਮੇਰੀ ਜਾਨ ਨੂੰ ਖਤਰਾ ਹੀ ਕਿਉਂ ਨਾ ਹੋਵੇ?

?         ਅਜੋਕੇ ਸਮੇਂ ਵਿਚ ਸਾਰੀ ਦੁਨੀਆਂ ਇੱਕ ਪਿੰਡ ਬਣ ਗਈ ਹੈ ਪਰ ਇਹ ਗੱਲ ਮਨੁੱਖਤਾ ਦੀ ਭਲਾਈ ਵਿੱਚ ਜਾਣ ਦੀ ਥਾਂ ਤੇ ਅੱਜ ਹਰ ਪਾਸੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਅਜਿਹੇ ਸਮੇਂ ਵਿਚ ਇੱਕ ਸਾਹਿਤਕਾਰ ਜਾਂ ਲੇਖਕ ਦਾ ਕੀ ਰੋਲ ਹੋਣਾ ਚਾਹੀਦਾ ਹੈ?

:         ਅਜੋਕੇ ਸਮੇਂ ਵਿਚ ਜਿਹੜੀਆਂ ਸ਼ਕਤੀਆਂ ਮਨੁੱਖਤਾ ਦਾ ਘਾਣ ਕਰਨਾ ਚਾਹੁੰਦੀਆਂ ਹਨ, ਖੱਬੇ ਪੱਖੀ ਹੋਕੇ ਉਨ੍ਹਾਂ ਦੇ ਵਿਰੁੱਧ ਲਿਖਣਾ ਚਾਹੀਦਾ ਹੈ ਲੇਖਕ ਨੂੰ ਮਾਨਵਤਾ ਦੇ ਹੱਕ ਵਿਚ ਖੜ੍ਹਾ ਹੋਕੇ ਜ਼ਾਤ-ਪਾਤ, ਆਰਥਿਕ ਕਾਣੀਵੰਡਜਿਹੇ ਵਰਤਾਰਿਆਂ ਦਾ ਵਿਰੋਧ ਕਰਕੇ, ਅਮਨ ਸ਼ਾਂਤੀ ਵਾਲੇ ਯਤਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਲੇਖਕ ਨੂੰ ਅਜਿਹੀ ਸ਼ਾਇਰੀ ਦੀ ਸਿਰਜਣਾ ਕਰਨੀ ਚਾਹੀਦੀ ਹੈ, ਜਿਸ ਵਿਚ ਇਨਾਮਾਂ ਸਨਮਾਨਾਂ ਦੀ ਚਾਹਤ ਨਾ ਹੋਵੇ, ਸਗੋਂ ਮਾਨਵ ਹਿੱਤ ਦੀ ਗਲ ਹੋਵੇ ਮਾਨਵ ਹਿਤੈਸ਼ੀ ਹੋਣਾ ਸਭ ਤੋਂ ਵੱਡਾ ਸਨਮਾਨ ਹੋਵੇਗਾ

?        ਪੰਜਾਬੀ ਬੋਲੀ ਦੇ ਵਿਕਾਸ ਲਈ ਜੋ ਕਾਨਫਰੰਸਾਂ, ਸਮਾਗਮ, ਰਾਸ਼ਟਰੀ, ਅੰਤਰ-ਰਾਸ਼ਟਰੀ, ਪੱਧਰ ਤੇ ਹੋ ਰਹੇ ਹਨ, ਉਨ੍ਹਾਂ ਨਾਲ ਬੋਲੀ ਦਾ ਵਿਕਾਸ ਹੋ ਰਿਹਾ ਹੈ ਜਾਂ ਕਿ ਇਹ ਸਾਰੇ ਸ਼ੁਗਲ ਮੇਲਿਆਂ ਦਾ ਸਾਧਨ ਹੀ ਹਨ?

:         ਬੋਲੀ ਦੇ ਵਿਕਾਸ ਦੇ ਨਾਲ-ਨਾਲ ਇਹ ਸ਼ੁਗਲ ਮੇਲਿਆਂ ਦਾ ਸਾਧਨ ਵੀ ਹਨ ਚਾਹੇ ਕੁਝ ਵੀ ਹੈ, ਬੋਲੀ ਦਾ ਵਿਕਾਸ ਤਾਂ ਹੋ ਰਿਹਾ ਹੈ ਬੇਸ਼ੱਕ ਥੋੜ੍ਹਾ ਹੀ ਸਹੀ, ਲੋਕ ਬੋਲੀ ਦੇ ਵਿਕਾਸ ਲਈ ਜੁੜਦੇ ਤਾਂ ਹਨ ਇਹ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਬੋਲੀ ਦੇ ਵਿਕਾਸ ਲਈ ਪਰ ਕੁਝ ਲੋਕ ਇਨ੍ਹਾਂ ਕਾਨਫਰੰਸਾਂ ਨੂੰਮਹਿਜ਼ਮੇਲ ਜੋਲ ਦਾ ਸਾਧਨ ਹੀ ਸਮਝਦੇ ਹਨ ਮੈਂ ਕਨੇਡਾ ਵਿਚ ਹੋਈ ਇੱਕ ਵਿਸ਼ਵ ਪੰਜਾਬੀ ਕਾਨਫਰੰਸ ਦੀ ਇਕ ਯਾਦ ਸਾਂਝੀ ਕਰਨੀ ਚਾਹੁੰਦਾ ਹੈ ਕਾਨਫਰੰਸ ਦੇ ਇੱਕ ਮੁੱਖ ਪ੍ਰਬੰਧਕ ਨੂੰ ਕਿਸੇ ਨੇ ਸਵਾਲ ਕੀਤਾ ਕਿ ਇਸ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਬੋਲੀ ਦੇ ਵਿਕਾਸ ਲਈ ਕੀ-ਕੀ ਮੁੱਦੇ ਉਠਾਏ ਜਾਣਗੇ? ਅੱਗੋਂ ਕਾਨਫਰੰਸ ਦੇ ਇਸ ਪ੍ਰਬੰਧਕ ਦਾ ਜਵਾਬ ਸੀ ਕਿ ਅਸੀਂ ਇੱਥੇ ਨਾ ਤਾਂ ਕੋਈ ਮੁੱਦੇ ਹੀ ਉਠਾਉਣ ਆਏ ਹਾਂ ਅਤੇ ਨਾ ਹੀ ਮੁੱਦਿਆਂ ਦੇ ਹੱਲ ਲੱਭਣ ਆਏ ਹਾਂ ਅਸੀਂ ਤਾਂ ਆਪਣੇ ਸਾਥੀਆਂ ਮਿੱਤਰਾਂ ਨੂੰ ਮਿਲਣਾ ਹੁੰਦਾ ਹੈ ਉੱਥੇ ਜਿੰਨੇ ਵੀ ਲੇਖਕ, ਬੁੱਧੀਜੀਵੀ, ਸਾਹਿਤਕਾਰ, ਆਲੋਚਕ ਖੜ੍ਹੇ ਸਨ, ਸਾਰੇ ਇਹ ਗੱਲ ਸੁਣਕੇ ਹੈਰਾਨ ਰਹਿ ਗਏ ਕਿ ਕਾਨਫਰੰਸ ਦੇ ਇਸ ਮੁੱਖ ਪ੍ਰਬੰਧਕ ਦੀ ਪੰਜਾਬੀ ਬੋਲੀ ਦੇ ਵਿਕਾਸ ਲਈ ਇਹ ਧਾਰਨਾ ਹੈ ਪਰ ਕੁਝ ਵੀ ਹੈ, ਸਾਰੇ ਲੋਕ ਮੰਦੇ ਨਹੀਂ ਹੁੰਦੇ ਕੁਝ ਕੁ ਚੰਗੇ ਵਿਅਕਤੀਆਂ ਦੀ ਮਿਹਨਤ ਸਦਕਾ ਹੀ ਇਹ ਕਾਨਫਰੰਸਾਂ ਨੇਪਰੇ ਵੀ ਚੜ੍ਹਦੀਆਂ ਹਨ ਅਤੇ ਸਾਰਥਕ ਵੀ ਬਣਦੀਆਂ ਹਨ

?          ਪਿਛਲੇ ਸਾਲ ਤੁਸੀਂ ਪਾਕਿਸਤਾਨ ਦਾ ਦੌਰਾ ਕੀਤਾ ਉੱਥੋਂ ਦੇ ਲੋਕਾਂ ਨਾਲ ਕਿਵੇਂ ਦਾ ਅਨੁਭਵ ਰਿਹਾ?

:         ਮੈਂ ਉੱਥੋਂ ਦੇ ਅਨੁਭਵਾਂ ਨੂੰ ਆਪਣੀ ਹੁਣੇ ਹੀ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ 'ਮੇਰਾ ਪਾਕਿਸਤਾਨੀ ਸਫ਼ਰਨਾਮਾ' ਵਿਚ ਦਰਜ ਕੀਤਾ ਹੈ ਉੱਥੋਂ ਦੇ ਲੋਕ ਬਹੁਤ ਖੁਸ਼ਮਿਜ਼ਾਜ ਹਨ ਉੱਥੋਂ ਦਾ ਰਹਿਣ-ਸਹਿਣ, ਖਾਣ-ਪਾਣ, ਸਭਿਆਚਾਰ ਬਹੁਤ ਹੀ ਵਧੀਆ ਹੈ ਲੋਕਾਂ ਵਿਚ ਨੇਹ ਪਿਆਰ ਦੀ ਕੋਈ ਕਮੀ ਨਹੀਂ ਹੈ ਮਿਲਵਰਤਣ ਦੀ ਭਾਵਨਾ ਨਾਲ ਭਰਪੂਰ ਲੋਕੀ ਦਿਲੋਂ ‘ਜੀ ਆਇਆਂ’ ਆਖਦੇ ਹਨ ਉਨ੍ਹਾਂ ਦੀ ਪੰਜਾਬੀ ਬੋਲੀ ਦਾ ਮਿਜ਼ਾਜ ਵੀ ਵੱਖਰਾ ਹੈ ਉਹ ਲੋਕ ਭਗਤ ਸਿੰਘ ਦੀ ਕੁਰਬਾਨੀ ਦੇ ਸ਼ੈਦਾਈ ਹਨ ਭਗਤ ਸਿੰਘ ਦੀ ਕੁਰਬਾਨੀ ਤਨੋ ਮਨੋ ਯਾਦ ਰੱਖਦੇ ਹਨ ਮੇਰੀ ਇਹ ਯਾਤਰਾ ਮੇਰੇ ਮਾਤਾ ਜੀ ਨੂੰ ਸਮਰਪਿਤ ਹੈ ਉਨ੍ਹਾਂ ਦੀ ਇੱਛਾ ਸੀ ਕਿ ਮੈਂ ਪਾਕਿਸਤਾਨ ਜਾਵਾਂ, ਉੱਥੋਂ ਦੇ ਆਵਾਮ ਨੂੰ ਮਿਲਾਂ ਅਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਾਂ

?          ਪੰਜਾਬੀ ਸਾਹਿਤ ਜਗਤ ਵਿਚ ਤੁਹਾਡੀਆਂ ਹੁਣ ਤੱਕ ਕਿੰਨੀਆਂ ਕਿਤਾਬਾਂ ਆ ਚੁੱਕੀਆਂ ਹਨ ਅਤੇ ਤੁਹਾਨੂੰ ਆਪਣੀ ਕਿਹੜੀ ਕਿਤਾਬ ਸਭ ਤੋਂ ਵੱਧ ਪਿਆਰੀ ਲੱਗਦੀ ਏ?

:         ਸੋਨੀਆ ਜੀ, ਇਹ ਸਵਾਲ ਕਾਫ਼ੀ ਔਖਾ ਹੈ ਜੇਕਰ ਕਿਸੇ ਮਾਂ ਨੂੰ ਪੁੱਛਿਆ ਜਾਵੇ ਤੈਨੂੰ ਕਿਹੜਾ ਬੱਚਾ ਘੱਟ ਪਿਆਰਾ ਤੇ ਕਿਹੜਾ ਜ਼ਿਆਦਾ ਪਿਆਰਾ ਤਾਂ ਉਸ ਲਈ ਉੱਤਰ ਦੇਣਾ ਮੁਸ਼ਕਿਲ ਹੀ ਨਹੀਂ, ਨਾ ਮੁਮਕਿਨ ਹੋ ਜਾਵੇਗਾ ਮੈਨੂੰ ਆਪਣੀ ਹਰ ਲਿਖਤ ਪਿਆਰੀ ਹੈ, ਜਿਸ ਨੂੰ ਮੈਂ ਆਪਣੀ ਕਲਮ ਰਾਹੀਂ ਲਿਖਿਆ ਹੈ ਪੰਜਾਬੀ ਸਾਹਿਤ ਜਗਤ ਵਿਚ ਮੈਂ ਹੁਣ ਤੱਕ 25-26 ਕਿਤਾਬਾਂ ਦਾ ਯੋਗਦਾਨ ਦੇ ਚੁੱਕਾ ਹਾਂ ਕਵਿਤਾ ਦੇ 12 ਕਾਵਿ ਸੰਗ੍ਰਹਿ ਹਨ, ਤਿੰਨ ਕਨੇਡੀਅਨ ਪੰਜਾਬੀ ਆਲੋਚਨਾ ਦੀਆਂ ਪੁਸਤਕਾਂ ਅਤੇ ਇਕ ਵਾਰਤਕ ਤੇ ਸਫ਼ਰਨਾਮਾ ਦੀਆਂ ਪੁਸਤਕਾਂ ਹਨ ਇਸ ਤੋਂ ਇਲਾਵਾ ਭੌਤਿਕ ਵਿਗਿਆਨ ਦੇ ਵਿਸ਼ੇ ’ਤੇ ਵੀ ਮੇਰੀਆਂ ਤਿੰਨ ਪੁਸਤਕਾਂ ਹਨ ਇਕ ਬੱਚਿਆਂ ਲਈ ਪੁਸਤਕ ਹੈ ਇਸ ਤੋਂ ਇਲਾਵਾ ਇਕ ਅੰਗਰੇਜ਼ੀ ਕਵਿਤਾ ਦੀ ਪੁਸਤਕ ਵੀ ਲਿਖ ਚੁੱਕਾ ਹਾਂ ਮੇਰੀਆਂ ਸਾਰੀਆਂ ਪੁਸਤਕਾਂ ਮੇਰੇ ਲਈ ਅਨਮੋਲ ਤੇ ਪਿਆਰੀਆਂ ਹਨ

?           ਪ੍ਰਵਾਸ ਵਿਚ ਰਹਿੰਦਿਆਂ ਵੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਧਰਤੀ ਨਾਲ ਗੂੜ੍ਹਾ ਪਿਆਰ ਹੈ? ਇਸ ਦਾ ਰਾਜ਼ ਕੀ ਹੈ?

:         ਮੇਰੀ ਗੁੜ੍ਹਤੀ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਪਤਾਸਾ ਘੁਲਿਆ ਹੋਇਆ ਹੈ ਮੈਂ ਕਨੇਡਾ ਦੀ ਤੇਜ਼ ਤਰਾਰ ਜ਼ਿੰਦਗੀ ਵਿਚ ਗਵਾਚਿਆ ਨਹੀਂ ਸਗੋਂ ਕੰਮਕਾਰ ਕਰਦਿਆਂ ਵੀ ਸਾਹਿਤ ਨਾਲ ਦਿਲੋਂ ਜੁੜਿਆ ਰਿਹਾ ਲੇਖਕਾਂ, ਆਲੋਚਕਾਂ ਨਾਲ ਮਿਲਕੇ ਕਾਫੀ ਸਾਰੀਆਂ ਸਾਹਿਤਕ ਸਭਾਵਾਂ ਬਣਾਈਆਂ ਇੱਧਰ ਪੰਜਾਬੀ ਦੇ ਲੇਖਕਾਂ ਨਾਲ ਮੇਲ ਜੋਲ ਰਿਹਾ ਇਸ ਕਰਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਨੇਹ ਨਹੀਂ ਟੁੱਟਿਆ, ਸਗੋਂ ਪ੍ਰਵਾਸ ਵਿਚ ਰਹਿੰਦਿਆਂ ਦਿਨ-ਬ-ਦਿਨ ਗੂੜ੍ਹਾ ਹੁੰਦਾ ਗਿਆ

?                ਪੰਜਾਬ ਦੀ ਨਿੱਘਰ ਰਹੀ ਹਾਲਤ ਲਈ ਤੁਸੀਂ ਕਿਨ੍ਹਾਂ ਲੋਕਾਂ ਨੂੰ ਜ਼ਿੰਮੇਵਾਰ ਸਮਝਦੇ ਹੋ?

:         ਅੱਜ ਪੰਜਾਬ ਉਹ ਪੰਜਾਬ ਨਹੀਂ ਰਿਹਾ, ਜਿੱਥੇ ਸਿੱਖ ਗੁਰੂਆਂ ਦੀ ਵਿਚਾਰਧਾਰਾ ਦਾ ਬੋਲਬਾਲਾ ਸੀ ਉੱਚੀਆਂ-ਸੁੱਚੀਆਂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਸੀ ਹੁਣ ਤਾਂ ਪੰਜਾਬ ਦਾ ਹਰ ਇਨਸਾਨ ਦੂਜੇ ਇਨਸਾਨ ਦਾ ਮਿੱਤਰ ਜਾਂ ਭਾਈ ਨਹੀਂ, ਬਲਕਿ ਦੁਸ਼ਮਣ ਬਣ ਚੁੱਕਾ ਹੈ ਅੱਜ ਪੰਜਾਬ ਸੰਸਾਰ ਦਾ ਸਭ ਤੋਂ ਵੱਡਾ ਡਰੱਗ ਮਾਫੀਆ ਦਾ ਕੇਂਦਰ ਬਣ ਚੁੱਕਾ ਹੈ ਪੰਜਾਬ ਦੀ ਢਿੱਡੋਂ ਜਾਈ ਖੇਡ ਕਬੱਡੀ ਦੇ ਨਾਇਕ ਖੁਦ ਡਰੱਗ ਪ੍ਰਮੋਟਰ ਬਣ ਚੁੱਕੇ ਹਨ ਪੰਜਾਬ ਦੀਆਂ ਬੱਸਾਂ ਵਿਚ ਧੀਆਂ ਭੈਣਾਂ ਸੁਰੱਖਿਅਤ ਨਹੀਂ ਕਿਸਾਨੀ ਸੰਕਟ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਰਾਹ ’ਤੇ ਪੈ ਗਏ ਹਨ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਆਰਥਿਕ ਕਾਣੀ ਵੰਡ ਨੇ ਪੰਜਾਬ ਨੂੰ ਲੱਖਾਂ ਲੋਕਾਂ ਦੀ ਲਈ ਕਬਰਿਸਤਾਨ ਬਣਾ ਛੱਡਿਆ ਹੈ ਇਸ ਲਈ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਸਿਆਸਤ ਹੈ, ਜੋ ਪੰਜਾਬ ਨੂੰ ਚਲਾ ਰਹੀ ਹੈ ਰਾਜਨੀਤਿਕ ਦਲ ਤੇ ਪੂੰਜੀਵਾਦੀ ਵਰਗ ਨੇ ਆਪਣੀਆਂ ਮੂੰਹ ਜ਼ੋਰ ਚਾਹਤਾਂ ਦੀ ਖਾਤਰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ; ਪਰ ਇਹਨਾਂ ਦੇ ਪਾਜ ਉਘੇੜਨ ਵਾਲਾ ਕੋਈ ਨਹੀਂ ਹੈ ਇੱਥੇ ਸਾਹਿਤਕਾਰਾਂ/ਲੇਖਕਾਂ ਦਾ ਕਰਤੱਵ ਹੈ ਕਿ ਲੋਕ-ਪੱਖੀ ਬਣਕੇ ਇਹਨਾਂ ਸਿਆਸਤਦਾਨਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਨੰਗਿਆਂ ਕਰਕੇ ਲੋਕਾਂ ਨੂੰ ਜਾਗਰਿਤ ਕਰਨ ਸੱਚੇ ਕਵੀ ਦਾ ਇਹੀ ਕਰਮ ਹੋਣਾ ਚਾਹੀਦਾ ਹੈ ਕਿ ਉਹ ਲੋਕਾਂ ਵਿਚ ਇਨਕਲਾਬੀ ਚੇਤਨਾ ਵਾਲੀਆਂ ਲਿਖਤਾਂ ਲੈ ਕੇ ਆਵੇ ਤੇ ਉਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰਿਤ ਕਰੇ

?           ਸੁਖਿੰਦਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੁਲਾਕਾਤ ਲਈ ਸਮਾਂ ਦਿੱਤਾ

:         ਸੋਨੀਆ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਕੋਲ ਮੁਲਾਕਾਤ ਕਰਨ ਲਈ ਆਏ ਮੈਂ ਤੁਹਾਡੇ ਨਾਲ ਜ਼ਿੰਦਗੀ ਬਾਰੇ, ਸਾਹਿਤਕ ਸਫ਼ਰ ਬਾਰੇ ਅਤੇ ਕਨੇਡਾ ਦੇ ਤਜ਼ਰਬਿਆਂ ਬਾਰੇ ਗੱਲਾਂ ਸਾਂਝੀਆਂ ਕੀਤੀਆਂ

*****

(33)

About the Author

ਸੋਨੀਆ

ਸੋਨੀਆ

Kurukshetra, Haryana, India.
Email: (kanwaldeepgrewal22@gmail.com)