““ਹਾਂ, ਹਾਂ, ਅੱਖਾਂ ਨਮ ਸੀ ਉਹਦੀਆਂ।” ਬਾਕੀਆਂ ਨੇ ਵੀ ਹਾਮੀ ਭਰੀ ...”
(10 ਮਈ 2020)
ਵਾਢੀ ਹਾੜ੍ਹੀ ਦੀ ਹੁੰਦੀ ਜਾਂ ਸਾਉਣੀ ਦੀ, ਸੁਰਜਣ ਵਾਢੀ ਕਰਨ ਵਾਲਿਆਂ ਨੂੰ ਸ਼ੀਸ਼ਾ ਦਿਖਾਉਣਾ ਕਦੇ ਨਾ ਭੁੱਲਦਾ। ਇੱਕ ਖੇਤ ਤੋਂ ਦੂਜੇ ਖੇਤ, ਦੂਜੇ ਖੇਤ ਤੋਂ ਤੀਜੇ ਤੇ ਇੰਜ ਸੂਰਜ ਢਲੇ ਘਰ ਪਰਤਦਾ। ਸ਼ੀਸ਼ਾ ਦਿਖਾ ਕੇ ਜਿਵੇਂ ਉਹ ਜ਼ਿਮੀਂਦਾਰਾਂ ਨੂੰ ਅਨਾਜ ਵਿੱਚ ਆਪਣੇ ਸੀਰ ਦੀ ਯਾਦ ਕਰਵਾਉਂਦਾ ਸੀ। ਗਹਾਈ ਮਗਰੋਂ ਉਹਦੇ ਹਿੱਸੇ ਦਾ ਅਨਾਜ ਉਹਦੇ ਭੜੋਲੇ ਵਿੱਚ ਆ ਪੈਂਦਾ ਸੀ। ਸਾਲ ਭਰ ਅਨਾਜ ਵੱਲੋਂ ਬੇਫ਼ਿਕਰੀ ਰਹਿੰਦੀ ਸੀ।’ ਕੱਲਾਕਾਰਾ ਬੰਦਾ ਸੀ ਉਹ। ਜ਼ਿਆਦਾ ਅਨਾਜ ਤਾਂ ਲੋਕਾਂ ਦੇ ਕੰਮ ਹੀ ਆਉਂਦਾ ਸੀ, ਉਹ ਇਕੱਲਾ ਕਿੰਨਾ ਕੁ ਖਾ ਸਕਦਾ ਸੀ? ਆਪਣੀ ਪਤਨੀ ਦੇ ਗ਼ੁਜ਼ਰ ਜਾਣ ਮਗਰੋਂ ਵੀ ਉਹ ਆਮ ਵਾਂਗ ਕੰਮ ਕਰਨ ਤੇ ਆਮ ਵਾਂਗ ਦਿਖਾਈ ਦੇਣ ਦਾ ਯਤਨ ਕਰਦਾ ਪਰ ਪਿੰਡ ਦੀਆਂ ਤੀਵੀਂਆਂ ਅਕਸਰ ਉਹਦੇ ਬਾਰੇ ਕਹਿੰਦੀਆਂ, “ਜਦੋਂ ਦੀ ਧਨ ਕੁਰ ਜਹਾਨੋਂ ਤੁਰ ਗਈ, ਸੁਰਜਣ ਜਾਣੀ ਪਹਿਲਾਂ ਵਾਲਾ ਸੁਰਜਣ ਹੀ ਨਹੀਂ ਰਿਹਾ।”
ਸੁਰਜਣ ਨੇ ਆਪਣੇ ਯਾਰਾਂ ਬੇਲੀਆਂ ਤੋਂ ਤਸਦੀਕ ਕਰਨੀ ਚਾਹੀ, “ਸੱਜਣ ਸਿਆਂ! ਬੁੜ੍ਹੀਆਂ ਦੇ ਤਬਸਰੇ ਬਾਰੇ ਤੇਰਾ ਕੀ ਖ਼ਿਆਲ ਐ?”
“ਐਵੇਂ ਮਗਜੌਲੀ! ਹੋਰ ਕੀ, ਇਨ੍ਹਾਂ ਨੂੰ ਤਾਂ ਵਾਲ ਚਾਹੀਦਾ ਹੈ ਖੱਲ ਲਾਹੁਣ ਲਈ।” ਸੱਜਣ ਨੇ ਆਪਣੀ ਵਡਮੁੱਲੀ ਰਾਇ ਦੇ ਕੇ ਸੁਰਜਣ ਤੋਂ ਉਸਤਰਾ ਲਿਆ ਤੇ ਘਰ ਦੇ ਗੇਟ ਮੁੱਢ ਬਣੇ ਕੋਠੇ ਵਿੱਚ ਜਾ ਵੜਿਆ।
ਨਿਆਣੇ ਸੁਰਜਣ ਦੇ ਵਿਹੜੇ ਵਿੱਚ ਇਕੱਠੇ ਹੋ ਗਏ। ਉਨ੍ਹਾਂ ਨਿਆਣਿਆਂ ਵਿੱਚੋਂ ਟੱਟੂ ਹਜਾਮਤ ਕਰਵਾਉਣ ਵਾਲਿਆਂ ਨੂੰ ਸੱਜਣ ਦੇ ਮੁੜਣ ਤਕ ਉਡੀਕ ਕਰਨੀ ਪੈਣੀ ਸੀ, ਉਸਤਰਾ ਜੁ ਸੱਜਣ ਦੇ ਕੋਲ ਸੀ। ਤਕਰੀਬਨ ਸਾਰੇ ਨਿਆਣੇ ਟੱਟੂ ਹਜਾਮਤ ਲਈ ਹੀ ਆਏ ਸਨ। ਸਿਰ ਘੋਨ ਮੋਨ ਕਰਵਾ ਕੇ ਉਨ੍ਹਾਂ ਗਰਮੀ ਦੇ ਮੌਸਮ ਦੀ ਮੌਜ ਲੁੱਟਣੀ ਸੀ। ਬਰੋਟਿਆਂ ਦੇ ਟਾਹਣਾਂ ਨਾਲ ਲਮਕਣਾ ਸੀ, ਛੱਪੜਾਂ ਵਿੱਚ ਤਾਰੀਆਂ ਲਾਉਣੀਆਂ ਸਨ ਤੇ ਬੋੜੇ ਖੂਹਾਂ ਦੀਆਂ ਮੌਣਾਂ ਉੱਪਰ ਖੜ੍ਹ ਕੇ ਖੂਹਾਂ ਵਿੱਚੋਂ ਇੱਟਾਂ ਕੱਢਣ ਦੀਆਂ ਸ਼ਰਤਾਂ ਜਿੱਤਣੀਆਂ ਸਨ। ਚਾਮ੍ਹਲੇ ਹੋਏ ਤੇ ਕਾਹਲੇ ਪਏ ਨਿਆਣਿਆਂ ਨੂੰ ਸੁਰਜਣ ਲਾਡ ਨਾਲ ਘੁਰਕਦਾ, “ਸਬਰ ਕਰੋ ਓਏ ਭੇਡੀਓ!”
“ਹੁਣ ਨੀਂ ਰੌਲਾ ਪਾਉਂਦੇ ਬਾਬਾ!” ਕਹਿ ਕੇ ਨਿਆਣੇ ਚੁੱਪ ਹੋ ਜਾਂਦੇ। ਸੁਰਜਣ ਹੁੱਕੇ ਦੇ ਘੁੱਟ ਭਰਦਾ ਰਹਿੰਦਾ, ਜਿਉਂ ਹੀ ਉਸਤਰਾ ਸੱਜਣ ਹੱਥੋਂ ਮਿਲਦਾ, ਸੁਰਜਣ ਇੱਕ-ਇੱਕ ਕਰਕੇ ਹਰੇਕ ਨਿਆਣੇ ਦੀ ਟਿੰਡ ਕੱਢਦਾ। ਬੁੜ੍ਹੀਆਂ ਤਾਂ ਇਹ ਵੀ ਕਹਿੰਦੀਆਂ, “ਸੁਰਜਣ ਨਿਆਣਿਆਂ ਦੀ ਹਜਾਮਤ ਕਰਨ ਵੇਲੇ ਇਉਂ ਲਗਦਾ ਹੈ ਜਿਵੇਂ ਉਹਦਾ ਗੱਚ ਭਰਿਆ ਹੋਇਆ ਹੋਵੇ।”
ਸੁਰਜਣ ਨੂੰ ਇਹ ਗੱਲ ਸੁੱਚੇ ਨੇ ਦੱਸੀ ਸੀ। ਬੁੜ੍ਹੀਆਂ ਦੇ ਇਸ ਵਾਰਤਾਲਾਪ ਬਾਰੇ ਸੁਰਜਣ ਨੇ ਸੁੱਚੇ ਦੀ ਰਾਇ ਲਈ, “ਤੂੰ ਕੀ ਸਮਝਦਾ ਹੈਂ, ਹੈ ਕੋਈ ਦਮ ਇਸ ਗੱਲ ’ਚ?”
ਸੁੱਚੇ ਨੇ ਵੀ ਇਹੋ ਕਿਹਾ, “ਐਵੇਂ ਬੁੜ੍ਹੀਆਂ ਦੀ ਮਗਜੌਲੀ, ਹੋਰ ਦਮ-ਦੁਮ ਕੀ ਹੋਣਾ ਇਨ੍ਹਾਂ ਗੱਲਾਂ ਵਿੱਚ ਰਾਜਾ ਜੀ, ਹਾਂ ਸੱਚ, ਮੈਂ ਤਾਂ ਸੁਨੇਹਾ ਲੈ ਕੇ ਅਇਆ ਸੀ ਲੰਬੜਦਾਰਾਂ ਦਾ, ਕਹਿੰਦੇ ਸੀ ਚੌਲਾਂ ਦੀ ਦੇਗ ਤਿਆਰ ਕਰਨੀ ਐ. ਅੱਜ ਤੋਂ ਦਸਮੇਂ ਦਿਨ ਨੂੰ ਤਿਆਰ ਰਹਿਣਾ, ਘਰ ਆ ਕੇ ਸੀਧਾ-ਪੱਤਾ ਤੇ ਹੋਰ ਚੀਜ-ਵਸਤ ਦੱਸ ਜਾਣਾ।”
“ਬਸ ਤਿਆਰ ਹੀ ਆਂ, ਆਪਾਂ ਕਿਹੜਾ ਘੋੜੇ ਬੀੜਨੇ ਆ। ਕੀ ਗੱਲ ਮੁੜ ਚੱਲਿਐਂ? ਬੈਠ ਦੋ ਘੜੀਆਂ, ਮੈਂ ਹੁੱਕਾ ਤਾਜਾ ਕਰਦਾਂ, ਗੱਲਾਂਬਾਤਾਂ ਕਰਦੇ ਆਂ, ਕਹਿੰਨਾ ਮੈਂ ਕਿਸੇ ਨੂੰ ਚਾਹ ਲਿਆਵੇ।”
ਹੁੱਕੇ ਨੂੰ ਨਲਕੇ ’ਤੇ ਤਾਜ਼ਾ ਕਰ ਸੁਰਜਣ ਚਿਲਮ ਵਿੱਚ ਤੰਬਾਕੂ ਪਾ ਗੁਆਂਢੀਆਂ ਦੇ ਘਰ ਚਿਲਮ ਵਿੱਚ ਅੱਗ ਧਰਨ ਚਲਾ ਗਿਆ। ਮੁੜਿਆ ਤਾਂ ਉਹਦੇ ਇੱਕ ਹੱਥ ਚਿਲਮ ਤੇ ਦੂਜੇ ਹੱਥ ਚਾਹ ਦੀ ਗੜਵੀ ਵੀ ਸੀ। ਮਗਰੋਂ ਸੁੱਚਾ ਸ਼ੀਸ਼ਾ ਮੂੰਹ ਅੱਗੇ ਕਰਕੇ ਮੋਚਨੇ ਨਾਲ ਦਾੜ੍ਹੀ ਦੇ ਧੌਲ਼ੇ ਵਾਲ ਚੁਗਣ ਲੱਗ ਪਿਆ ਸੀ। ਸ਼ੀਸ਼ਾ-ਮੋਚਨਾ ਰੱਖ ਉਹ ਅੰਦਰੋਂ ਦੋ ਬਾਟੀਆਂ ਚੁੱਕ ਲਿਆਇਆ। ਗੜਵੀ ਵਿੱਚੋਂ ਬਾਟੀਆਂ ਵਿੱਚ ਉਲੱਦੀ ਚਾਹ ਪੀਂਦਿਆਂ ਦੋਵਾਂ ਨੇ ਮਾਸਾ-ਮਾਸਾ ਮਾਵਾ ਵੀ ਛਕਿਆ ਤੇ ਫਿਰ ਜੱਗ-ਜਹਾਨ ਦੀਆਂ ਗੱਲਾਂ ਦੇਰ ਤਕ ਕਰਦੇ ਰਹੇ, ਉਦੋਂ ਤਕ ਜਦੋਂ ਤਕ ਕਈ ਹੋਰ ਬੰਦੇ ਰਾਜੇ ਸੁਰਜਣ ਦੀ ਚੌਂਕੀ ਭਰਨ ਨਹੀਂ ਆ ਗਏ।
ਚੌਲ਼ਾਂ ਦੀ ਦੇਗ ਬਣਾਉਣ ਵੇਲੇ ਸੁੱਚਾ ਹੀ ਸੁਰਜਣ ਦਾ ਸਹਾਇਕ ਹੋਇਆ ਕਰਦਾ ਸੀ। ਉਹ ਭੱਠੀ ਬਾਲ਼ਦਾ, ਮਘਾਉਂਦਾ ਤੇ ਫਿਰ ਅੱਗ ਨੂੰ ਲੋੜ ਮੂਜਬ ਘੱਟ-ਵੱਧ ਕਰਦਾ। ਚੌਲ਼ਾਂ ਨੂੰ ਭਾਫ਼ ਨਾਲ ਤਿਆਰ ਕਰਦਾ ਸੀ ਸੁਰਜਣ। ਕੜਾਹੇ ਵਿੱਚ ਜਦੋਂ ਬੇਮਲੂਮਾ ਜਿਹਾ ਪਾਣੀ ਰਹਿ ਜਾਂਦਾ ਤਾਂ ਇਹਨੂੰ ਮਲਮਲ ਦੇ ਕੱਪੜਿਆਂ ਨਾਲ ਢਕ ਦਿੱਤਾ ਜਾਂਦਾ। ਮਲਮਲ ਦੇ ਕੱਪੜੇ ਉੱਪਰੋਂ ਚਿੱਟੀ ਦੂਧੀਆ ਭਾਫ਼ ਬਾਹਰ ਉੱਡਦੀ ਤਾਂ ਉਹਦੇ ਵਿੱਚ ਲੌਂਗਾ ਦੀ ਮਹਿਕ ਵੀ ਘੁਲ਼ੀ ਹੁੰਦੀ। ਦੇਗ਼ ਤਿਆਰ ਹੁੰਦੀ, ਮਿੱਠੇ ਚੌਲ਼ ਨਿਆਣੇ ਤਾਂ ਝੱਗਿਆਂ ਦੀਆਂ ਝੋਲੀਆਂ ਵਿੱਚ ਹੀ ਪੁਆ ਲੈਂਦੇ, ਸਿਆਣੇ ਮੋਢੇ ਧਰੇ ਸਮੋਸਿਆਂ ਵਿੱਚ, ਕੁਝ ਕੁ ਕੋਲ ਹੀ ਬਾਟੀਆਂ ਹੁੰਦੀਆਂ। ਖਿਲਰਵੇਂ ਚੌਲ਼ ਮਜ਼ਾਲ ਕੀ ਜੇ ਕੱਪੜਿਆਂ ਉੱਪਰ ਕੋਈ ਅਸਰ ਕਰ ਜਾਣ। ਖਾਣ ਵਾਲੇ ਰੱਬ ਦਾ ਸ਼ੁਕਰ ਕਰਦੇ, ਦਾਨੀ ਪੁਰਸ਼ ਨੂੰ ਅਸੀਸਾਂ ਦਿੰਦੇ, ਇਹ ਕਹਿਣ ਤੋਂ ਵੀ ਉੱਕਦੇ ਨਾ, ‘ਨਹੀਂ ਰੀਸਾਂ ਓਏ ਸੁਰਜਣ ਸਿਆਂ ਤੇਰੀਆਂ!’ ਦੇਗ਼ ਨੂੰ ਵਰਤਾਵਿਆਂ ਸਪੁਰਦ ਕਰਕੇ ਸੁਰਜਣ ਆਪਣਾ ਹੁੱਕਾ ਲੈ ਕੇ ਘਰ ਆ ਵੜਦਾ। ਸੁੱਚੇ ਨੂੰ ਵਰਤਾਵਿਆਂ ਦੀ ਅਗਵਾਈ ਕਰਨ ਲਈ ਪਿੱਛੇ ਦਾਨੀ ਪਰਿਵਾਰ ਦੇ ਘਰ ਛੱਡ ਆਉਂਦਾ।
ਵਿਆਹ ਸ਼ਾਦੀ ਤੋਂ ਪਹਿਲੇ ਦਿਨ ਪਿੰਡ ਨੂੰ ਦਿੱਤੀ ਜਾਂਦੀ ਰੋਟੀ ਤਿਆਰ ਕਰਨ ਵਿੱਚ ਵੀ ਸੁਰਜਣ ਦਾ ਕੋਈ ਸਾਨੀ ਨਹੀਂ ਸੀ। ਸੂਜੀ ਦਾ ਹਲਵਾ ਤੇ ਮਾਂਹ ਛੋਲਿਆਂ ਦੀ ਦਾਲ ਉਹ ਪਤਾ ਨਹੀਂ ਕਿਹੜੇ ਫਾਰਮੂਲੇ ਨਾਲ ਬਣਾਉਂਦਾ ਸੀ ਕਿ ਉਹਦੇ ਇਹ ਪਕਵਾਨ ਮੂੰਹੋਂ ਨਹੀਂ ਸਨ ਲਹਿੰਦੇ। ਨਾਲ ਕਾਗ਼ਜ਼ ਵਰਗੇ ਮੰਡੇ ਸ਼ਰੀਕੇ ਦੀਆਂ ਤੀਵੀਂਆਂ ਪਕਾ ਦਿੰਦੀਆਂ। ਸੁੱਚਾ ਚੁਰ ਵਿੱਚ ਮੱਠੀ-ਮੱਠੀ ਅੱਗ ਬਾਲੀ ਰੱਖਦਾ। ਮੰਡਿਆਂ ਨਾਲ ਟੋਕਰੀਆਂ ਭਰ ਜਾਂਦੀਆਂ। ਮੰਡਿਆਂ ਦੇ ਵਿਚਕਾਰ ਹਲਵਾ ਲਾ ਕੇ, ਸੈਂਡਵਿਚ-ਨੁਮਾ ਪਰੋਸੇ ਤਿਆਰ ਕਰਕੇ, ਪਿੰਡ ਵਿੱਚ ਚੱਕਵੀਂ ਰੋਟੀ, ਜਦੋਂ ਧਨ ਕੁਰ ਜੀਂਦੀ ਸੀ, ਆਪ ਘਰ-ਘਰ ਪੁਚਾ ਕੇ ਆਉਂਦੀ। ਨੇੜਲੇ ਘਰਾਂ ਨੂੰ ਚੁੱਲ੍ਹੇ ਨਿਉਂਦਾ ਹੁੰਦਾ, ਉਹ ਘਰ ਆ ਕੇ ਰੋਟੀ ਖਾ ਕੇ ਜਾਂਦੇ। ਘਰ-ਘਰ ਰੋਟੀ ਪਹੁੰਚਾਉਣ ਵਾਲਾ ਕੰਮ ਧਨ ਕੁਰ ਬੜੀ ਜ਼ਿੰਮੇਵਾਰੀ ਨਾਲ ਨਿਭਾਉਂਦੀ ਸੀ। ਉਦੋਂ ਸੁਰਜਣ ਵੀ ਦੇਰ ਤਕ ਵਿਆਹ ਵਾਲੇ ਘਰ ਬੈਠਾ ਰਹਿੰਦਾ ਸੀ। ਹੁਣ ਤਾਂ ਜਿਉਂ ਹੀ ਉਹਦਾ ਕੰਮ ਨਿੱਬੜਦਾ, ਉਹ ਆਪਣੇ ਘਰ ਨੂੰ ਮੁੜ ਜਾਂਦਾ। ਆਉਂਦਾ ਹੋਇਆ ਭੱਠੀ ਦੀਆਂ ਦਗ਼ਦੀਆਂ ਅੰਗਿਆਰੀਆਂ ਚਿਲਮ ਵਿੱਚ ਜ਼ਰੂਰ ਧਰ ਲਿਆਉਂਦਾ। ਬੁੜ੍ਹੀਆਂ ਫਿਰ ਗੱਲਾਂ ਕਰਦੀਆਂ, “ਬੇਚਾਰਾ, ਧਨ ਕੁਰ ਦਾ ਬਾਹਲਾ ਵੈਰਾਗ ਕਰਦੈ।” ਮੁਕੰਦੇ ਹੋਰੀਂ ਉਹਨੂੰ ਇਹ ਗੱਲ ਦੱਸਦੇ ਤੇ ਨਾਲੇ ਆਖਦੇ, “ਖੰਭਾਂ ਦੀਆਂ ਡਾਰਾਂ ਨਾ ਬਣਾਉਣ ਤਾਂ ਇਨ੍ਹਾਂ ਨੂੰ ਤੀਮੀਂਆਂ ਕੌਣ ਕਹੇ?”
ਜਦੋਂ ਦੀ ਧਨ ਕੁਰ ਸਦੀਵੀਂ ਵਿਛੋੜਾ ਦੇ ਗਈ ਸੀ, ਸੁਰਜਣ ਦਾ ਘਰ ਤਾਂ ਜਾਣੀ ਅੱਡਾ ਹੀ ਬਣ ਗਿਆ ਸੀ। ਉਹਦੇ ਕੋਲ ਉਨ੍ਹਾਂ ਲੋਕਾਂ ਦਾ ਆਉਣ-ਜਾਣ ਆਮ ਹੋ ਗਿਆ ਸੀ, ਜਿਹੜੇ ਸੰਨ ਸੰਤਾਲੀ ਵੇਲੇ ਕਾਫ਼ਲੇ ਵੱਢਣ ਗਏ ਸਨ। ਲੁੱਟਾਂ-ਖੋਹਾਂ ਇਨ੍ਹਾਂ ਨੇ ਧਰਮ ਸਮਝ ਕੇ ਕੀਤੀਆਂ ਸਨ। ਸਭ ਵੈਲੀ ਸਨ, ਨਸ਼ੇ-ਪੱਤੇ ਕਰਦੇ ਸਨ, ਸੁਰਜਣ ਕੋਲੋਂ ਸ਼ੁਕੀਨਾਂ ਵਾਲੀ ਦਿੱਖ ਬਣਵਾਉਂਦੇ ਸਨ। ਸੁਰਜਣ ਦੇ ਛੋਟੇ-ਮੋਟੇ ਕੰਮ ਕਰਦੇ ਰਹਿੰਦੇ ਤੇ ਪੋਸਤ ਵੀ ਲਿਆ ਕੇ ਦਿੰਦੇ। ਹੁੱਕੇ ਦੇ ਕਸ਼ ਖਿੱਚਦੇ ਉਹ ਕਈ ਕਈ ਘੰਟੇ ਯੱਕੜ ਵੱਢਦੇ ਰਹਿੰਦੇ। ਸੁਰਜਣ ਦੇ ਘਰ ਦੀ ਅਰਲ ਖੁੱਲ੍ਹੀ ਰਹਿੰਦੀ ਪਰ ਬੂਹਾ ਹਮੇਸ਼ਾ ਭੇੜਿਆ ਰਹਿੰਦਾ, ਜਿਵੇਂ ਅੰਦਰ ਬੈਠਣ ਵਾਲਾ ਬਾਹਰਲਿਆਂ ਵੱਲੋਂ ਦੇਖ ਨਾ ਲਿਆ ਜਾਵੇ। ਇਹ ਤਾਂ ਬੱਸ ਸੁਰਜਣ ਦੇ ਘਰ ਦੀ ਮਰਯਾਦਾ ਹੀ ਸੀ, ਉਂਜ ਅੰਦਰ ਬੈਠਣ ਵਾਲੇ ਕਿਸ ਕਰਤੂਤ ਦੇ ਮਾਲਕ ਸਨ, ਸਭ ਨੂੰ ਪਤਾ ਹੀ ਸੀ।
ਧਨ ਕੁਰ ਜਿਉਂਦੀ ਤਕ ਸੁਰਜਣ ਨੂੰ ਮਿਲਣ ਦੋ ਜਣੇ ਉਹਦੇ ਰਿਸ਼ਤੇਦਾਰ ਹੀ ਅਕਸਰ ਆਇਆ ਕਰਦੇ ਸਨ। ਇੱਕ ਉਹਦਾ ਰਿਸ਼ਤੇਦਾਰ ਸੁਣੀਦਾ ਸੀ, ਹਜਾਮਤ ਕਰਵਾਉਣ ਆਏ ਨਿਆਣੇ ਉਹਨੂੰ ਮਾਮਾ ਆਖ ਕੇ ਸੱਦਦੇ ਸਨ। ਉਹਦਾ ਚੱਕਰ ਬਹੁ-ਮੰਤਵੀ ਹੁੰਦਾ ਸੀ। ਉਹ ਸਾਈਕਲ ’ਤੇ ਆਉਂਦਾ ਜਿਸ ਉੱਪਰ ਇੱਕ ਮਜ਼ਬੂਤ ਸਣ ਦਾ ਰੱਸਾ ਵਲ੍ਹੇਟ ਕੇ ਟੰਗਿਆ ਹੁੰਦਾ। ਇੱਕ ਡੰਡਾ ਫਰੇਮ ਵਿੱਚ ਫਸਾਇਆ ਹੁੰਦਾ। ਮੂਹਰੇ ਹੈਂਡਲ ਨਾਲ ਇੱਕ ਝੋਲਾ ਲਟਕਦਾ ਹੁੰਦਾ। ਇਹ ਬਲ਼ਦਾ ਦੇ ਖੁਰੀਆਂ ਲਾਉਂਦਾ, ਊਠ, ਖੱਚਰਾਂ, ਘੋੜੇ-ਘੋੜੀਆਂ ਨੂੰ ਮੁੰਨ ਜਾਂਦਾ। ਆਪਣੇ ਕੰਮ ਦਾ ਬਹੁਤ ਮਾਹਿਰ ਸੀ ਇਹ ਮਾਮਾ, ਪਹਿਲਾਂ ਬੜੀ ਸਫ਼ਾਈ ਨਾਲ ਜਾਨਵਰ ਦੇ ਵਧੇ ਹੋਏ ਖੁਰ ਕੱਟਦਾ, ਫਿਰ ਖੁਰੀਆਂ ਲਾਉਂਦਾ। ਤਕੜੇ ਫੁਰਤੀਲੇ ਬਲ਼ਦਾ ਅਤੇ ਅਲਕ ਵਹਿੜਕਿਆਂ ਨੂੰ ਵੀ ਉਹ ਅੱਖ ਦੇ ਫੋਰ ਵਿੱਚ ਹੀ ਆਪਣੇ ਡੰਡੇ ਤੇ ਰੱਸੇ ਦੀ ਜੁਗਤ ਨਾਲ ਜ਼ਮੀਨ ’ਤੇ ਸੁੱਟ ਲੈਂਦਾ ਤੇ ਫਿਰ ਖੁਰੀਆਂ ਲਾਉਣ ਤਕ ਜਾਨਵਰ ਨੂੰ ਹਿੱਲਣ ਨਾ ਦਿੰਦਾ। ਇੱਕ-ਦੋ ਦਿਨ ਕੰਮ ਤੋਂ ਮਗਰੋਂ ਸੁਰਜਣ ਘਰ ਆ ਜਾਂਦਾ, ਦੋਵੇਂ ਇਕੱਠੇ ਧਨ ਕੁਰ ਦੇ ਹੱਥ ਦੀ ਪੱਕੀ ਰੋਟੀ ਖਾਂਦੇ। ਧਨ ਕੁਰ ਮਗਰੋਂ ਮਾਮਾ ਵੀ ਇਸ ਘਰ ਤੋਂ ਮੂੰਹ ਮੋੜ ਗਿਆ।
ਸੁਰਜਣ ਦੀ ਭੈਣ ਵੀ ਵਰ੍ਹੇ ਛਿਮਾਹੀ ਗੇੜਾ ਮਾਰ ਜਾਂਦੀ ਸੀ। ਸੁਣਿਆ ਸੀ ਕਿ ਉਹ ਮਰ ਕੇ ਜਿਉਂਦੀ ਹੋਈ ਸੀ, ਜਮਦੂਤ ਗਲਤੀ ਨਾਲ ਉਹਨੂੰ ਲੈ ਗਏ ਸਨ ਤੇ ਫਿਰ ਛੱਡ ਗਏ ਸਨ। ਨਿਆਣਿਆਂ ਨੂੰ ਜਗਿਆਸਾ ਸੀ ਕਿ ਭੂਆ ਉਨ੍ਹਾਂ ਨੂੰ ਜਮਦੂਤਾਂ ਦਾ ਹੁਲੀਆ ਦੱਸੇ। ਇਹ ਵੀ ਦੱਸੇ ਕਿ ਉਹ ਉਹਨੂੰ ਕਿਵੇਂ ਲੈ ਕੇ ਗਏ ਤੇ ਕਿਵੇਂ ਛੱਡ ਕੇ ਗਏ। ਪਰ ਭੂਆ ਨੇ ਕਦੇ ਕੋਈ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕਰਨ ਵਾਲੀ ਗੱਲ ਨਾ ਕੀਤੀ। ਭੂਆ ਸੁਰਜਣ ਦੇ ਯਾਰਾਂ ਬੇਲੀਆਂ ਦੇ ਤੌਰ ਤਰੀਕੇ ਦੇਖ ਕੇ ਭਮੰਤਰ ਜਿਹੀ ਗਈ ਸੀ। ਉਹ ਆਂਢ-ਗਵਾਂਢ ਆਖ ਗਈ ਸੀ, “ਬਾਈ ਦਾ ਤੁਸੀਂ ਹੀ ਖਿਆਲ ਰੱਖਿਓ, ਇੱਥੇ ਘਰ ਵਿੱਚ ਤਾਂ ਮੈਂਨੂੰ ਚੱਜ ਬਹੁਤੇ ਚੰਗੇ ਨਹੀਂ ਲੱਗਦੇ …।” ਸੁਰਜਣ ਦੀ ਭੈਣ ਨੇ ਵੀ ਵਰ੍ਹੇ ਛਿਮਾਹੀ ਗੇੜਾ ਬੰਦ ਕਰ ਦਿੱਤਾ। ਹੁਣ ਤਾਂ ਸੁਰਜਣ ਜੁੰਡੀ ਦੇ ਯਾਰਾਂ ਜੋਗਾ ਹੀ ਸੀ। ਫਿਰ ਵੀ ਉਹ ਪਿੰਡ ਦਾ ਦਾਨਾ ਪੁਰਸ਼ ਸੀ। ਔਰਤਾਂ ਉਹਨੂੰ ਦੇਖ ਕੇ ਸਿਰ ’ਤੇ ਪੱਲਾ ਕਰ ਲੈਂਦੀਆਂ। ਮੰਗਣੇ-ਵਿਆਹਾਂ ਵਿੱਚ ਉਹਦੀ ਸਲਾਹ ਦੀ ਕਦਰ ਕੀਤੀ ਜਾਂਦੀ। ਸਾਹੇ ਚਿੱਠੀ ਭੇਜਣੀ ਹੋਵੇ ਜਾਂ ਭੇਲੀ, ਰਿਸ਼ਤੇਦਾਰੀਆਂ ਵਿੱਚ ਉਸ ਨੂੰ ਹੀ ਭੇਜਿਆ ਜਾਂਦਾ।
ਪੈਰਾਂ ਭਾਰ ਬੈਠ ਹੁੱਕੇ ਦੇ ਸੂਟੇ ਖਿੱਚ ਰਹੇ ਸੁਰਜਣ ਦੇ ਕੋਲ ਕਰਕੇ ਕੰਧ ਨਾਲ ਖੜ੍ਹੀ ਮੰਜੀ ਡਾਹ ਮੁਕੰਦਾ ਤਸੱਲੀ ਨਾਲ ਬੈਠ ਗਿਆ। ਸੁਰਜਣ ਹੱਥੋਂ ਨੜੀ ਫੜ ਕੇ ਉਹਨੇ ਵੀ ਦੋ ਚਾਰ ਸੂਟੇ ਖਿੱਚੇ ਤੇ ਫਿਰ ਨੜੀ ਵਾਪਸ ਕਰਕੇ ਸੰਜੀਦਗੀ ਨਾਲ ਬੋਲਿਆ, “ਲੈ ਕਿਸੇ ਦਾ ਕੀ ਮੂੰਹ ਫੜ ਲੈਣੈ, ਤੀਮੀਂਆਂ ਕਹਿੰਦੀਆਂ, ਸੁਰਜਣ ਬੂਹਾ ਬੰਦ ਕਰਕੇ ਸੰਦੂਕ ਵਿੱਚੋਂ ਧਨ ਕੁਰ ਦੇ ਘੱਗਰੇ, ਕੁੜਤੀਆਂ ਬਾਹਰ ਕੱਢ ਕੇ ਖਿਲਾਰ ਦਿੰਦਾ, ਫਿਰ ਕਿੰਨਾ ਕਿੰਨਾ ਚਿਰ ਖਾਲੀ ਸੰਦੂਕ ਵਿੱਚ ਹੀ ਝਾਕੀ ਜਾਂਦਾ, ਜਿਮੇਂ ਉੱਥੋਂ ਕੁਝ ਲੱਭ ਰਿਹਾ ਹੋਵੇ। ਇਹ ਉੱਘ ਦੀਆਂ ਪਤਾਲ ਨਹੀਂ ਤਾਂ ਹੋਰ ਕੀ ਐ ਰਾਜਾ!”
“ਬੱਸ, ਬੱਸ, ਤੂੰ ਆਪ ਸਿਆਣੈ ਮੁਕੰਦਿਆ ...” ਆਖ ਕੇ ਸੁਰਜਣ ਚੁੱਪ ਕਰ ਰਿਹਾ। ਮੁਕੰਦਾ ਵੀ ਆਪਣੀ ਗੱਲ ਮੁਕਾ ਕੇ ਚੁੱਪ ਕਰ ਗਿਆ। ਜਦੋਂ ਤਕ ਹੋਰ ਢਾਣੀ ਨਾ ਆ ਜੁੜੀ ਉਦੋਂ ਤਕ ਉੱਥੇ ਸਿਰਫ਼ ਹੁੱਕੇ ਦੀ ਗੁੜ-ਗੁੜ ਦੀ ਆਵਾਜ਼ ਹੀ ਸੀ। ਹਨੇਰਾ ਹੋਣ ਤਕ ਆਉਣ-ਜਾਣ ਦਾ ਸਿਲਸਿਲਾ ਬਣਿਆ ਰਿਹਾ। ਸੁੱਚਾ ਗਿਆ ਤਾਂ ਸੁਰਜਣ ਨੂੰ ਚੇਤਾ ਕਰਵਾ ਗਿਆ, “ਮਖ਼ਾਂ ਰਾਜਾ, ਕੱਲ੍ਹ ਨੂੰ ਬਰਾੜਾਂ ਦੇ ਮੁੰਡੇ ਦਾ ਮੰਗਣੈਂ, ਤਿਆਰ ਰਹੀਂ, ਮੈਂ ਕਹੇਂ ਤਾਂ ਸਿੱਧਾ ਮੰਗਣੇ ਆਲੇ ਘਰ ਪਹੁੰਚ ਜੂੰ, ਕਹੇਂ ਤਾਂ ਪਹਿਲਾਂ ਤੇਰੇ ਕੋਲ ਆ ਜਾਊਂ।”
“ਤੂੰ ਇੱਥੇ ਈ ਆਜੀਂ … ’ਕੱਠੇ ਚੱਲਾਂਗੇ” ਸੁਰਜਣ ਦਾ ਜਵਾਬ ਪਾ ਕੇ ਸੁੱਚਾ ਘਰ ਨੂੰ ਤੁਰ ਗਿਆ।
ਅਗਲੇ ਦਿਨ ਸਿਰ ’ਤੇ ਚਿੱਟੀ ਪੱਗ ਸਜਾਈ, ਡੱਬੀਦਾਰ ਚਾਦਰੇ ਨਾਲ ਕੜਾਹ ਰੰਗਾ ਕੁੜਤਾ ਪਾਈ ਸੁਰਜਣ ਸੁੱਚੇ ਆਉਂਦੇ ਨੂੰ ਤਿਆਰ ਬੈਠਾ ਸੀ। ਦੋਵਾਂ ਨੇ ਹੁੱਕੇ ਦੇ ਸੂਟੇ ਲਾਏ। ਗੁਆਂਢੀਆਂ ਘਰੋਂ ਆਈ ਚਾਹ ਨਾਲ ਥੋੜ੍ਹੀ-ਥੋੜ੍ਹੀ ਨਾਗਣੀ ਛਕੀ ਤੇ ਮੰਗਣੇ ਵਾਲੇ ਘਰ ਰਵਾਨਾ ਹੋ ਗਏ।
ਮੰਗਣਾ ਕਰਨ ਆਇਆਂ ਨੂੰ ਸੁਰਜਣ ਪਹਿਲਾਂ ਹੀ ਜਾਣਦਾ ਸੀ। ਦੋਵਾਂ ਪਰਿਵਾਰਾਂ ਦੀ ਚੱਲਦੀ ਰਹੀ ਗੱਲਬਾਤ ਵਿੱਚ ਉਹ ਸੂਤਰਧਾਰ ਦੀ ਭੂਮਿਕਾ ਨਿਭਾਉਂਦਾ ਰਿਹਾ ਸੀ।
ਸੁੱਚੇ ਨੇ ਦਰੀਆਂ-ਚਾਦਰਾਂ ਠੀਕ ਢੰਗ ਨਾਲ ਵਿਛਾਈਆਂ। ਚੌਂਕੀ ਦੀ ਦਿਸ਼ਾ ਸਹੀ ਕੀਤੀ। ਚੌਂਕੀ ਉੱਪਰ ਚਿੱਟੀ ਚਾਦਰ ਵਿਛਵਾਈ। ਸ਼ਗਨ ਪਾਉਣ ਆਏ ਚੌਧਰੀਆਂ ਲਈ ਚੌਂਕੀ ਦੇ ਅੱਗੇ ਵਿਸ਼ੇਸ਼ ਚਾਦਰ ਵਿਛਵਾਈ। ਸਪੀਕਰ ਤੋਂ ਪਿੰਡ ਵਿੱਚ ਸ਼ਗਨ ਪੈਣ ਦੀ ਸੂਚਨਾ ਵੀ ਭਿਜਵਾਈ। ਚੌਂਕੀ ਦੇ ਸਾਹਮਣੇ ਬੰਦੇ ਇੱਕ ਪਾਸੇ ਤੇ ਮਾਈਆਂ ਇੱਕ ਪਾਸੇ ਬੈਠੀਆਂ। ਪਿੱਛੇ ਕਰਕੇ ਨਿਆਣੇ ਬੈਠੇ ਸਨ। ਉਨ੍ਹਾਂ ਸ਼ਗਨ ਨਹੀਂ ਸੀ ਪਾਉਣਾ, ਪਰ ਸ਼ਗਨ ਮਗਰੋਂ ਪਤਾਸੇ ਉਨ੍ਹਾਂ ਨੂੰ ਵੀ ਵਰਤਾਏ ਜਾਣੇ ਸਨ।
ਸੁਰਜਣ ਨੇ ਮਰਯਾਦਾ ਨਾਲ ਜੀਤ ਸਿਉਂ ਨੂੰ ਚੌਂਕੀ ਉੱਪਰ ਬਿਠਾਇਆ। ਉਹਦੇ ਮੋਢੇ ਰੱਖੇ ਸਾਫ਼ੇ ਦਾ ਅਗਲਾ ਲੜ ਉਹਦੀ ਝੋਲੀ ਵਿੱਚ ਖੋਲ੍ਹਿਆ। ਬਣ ਰਹੇ ਨਵੇਂ ਸਬੰਧ ਦੀ ਜਾਣਕਾਰੀ ਭਾਈਚਾਰੇ ਤੇ ਪਿੰਡ ਨੂੰ ਦਿੱਤੀ। ਜੋੜੀ ਦੀ ਲੰਮੀ ਉਮਰ ਦੀ ਦੁਆ ਕੀਤੀ। ਦੁਆ ਮੰਗਦਿਆਂ ਉਹਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸਨ। ਪਰ ਉਹਨੇ ਛੇਤੀ ਹੀ ਆਪਣੇ ਆਪ ਨੂੰ ਸੰਭਾਲ ਲਿਆ। ਆਖ਼ਰ ਸ਼ਗਨਾਂ ਦਾ ਕਾਰਜ ਸੀ ਇਹ। ਮੁੰਡੇ ਦੀ ਝੋਲੀ ਸ਼ਗਨ ਪਿਆ, ਲੋਕਾਂ ਸ਼ਗਨ ਪਾਏ। ਸ਼ਗਨ ਪਾਉਣ ਵਾਲਿਆਂ ਨੂੰ ਪਤਾਸਿਆਂ ਨਾਲ ਭਰੇ ਲਿਫ਼ਾਫ਼ੇ ਵਰਤਾਏ ਗਏ। ਕਾਰਜ ਪੂਰੇ ਹੋਏ। ਸੁਰਜਣ ਨੇ ਆਪਣਾ ਲਾਗ ਲਿਆ ਤੇ ਸੁੱਚੇ ਨੂੰ ਨਾਲ ਲੈ ਕੇ ਘਰ ਨੂੰ ਤੁਰ ਪਿਆ। ਵਾਪਸ ਮੁੜਦੇ ਮਰਦਾਂ-ਤੀਵੀਂਆਂ ਕੋਲ਼ੋਂ ਜਦੋਂ ਸੁਰਜਣ ਗ਼ੁਜ਼ਰ ਰਿਹਾ ਸੀ ਤਾਂ ਤੀਵੀਂਆਂ, ਜਿਨ੍ਹਾਂ ਦੀ ਪਿੱਠ ਸੁਰਜਣ ਵੱਲ ਸੀ, ਉਹਦੀਆਂ ਹੀ ਗੱਲਾਂ ਕਰੀ ਜਾ ਰਹੀਆਂ ਸਨ। ਇੱਕ ਆਖ ਰਹੀ ਸੀ, “ਬੇਚਾਰਾ ਬਾਹਲਾ ਈ ਹੇਰਵਾ ਕਰਦਾ ਹੈ ਧਨ ਕੁਰ ਦਾ।”
“ਹਾਂ, ਹਾਂ, ਅੱਖਾਂ ਨਮ ਸੀ ਉਹਦੀਆਂ।” ਬਾਕੀਆਂ ਨੇ ਵੀ ਹਾਮੀ ਭਰੀ
ਸੁਣ ਕੇ, ਸੁਰਜਣ ਠਠੰਬਰ ਜਿਹਾ ਗਿਆ, ਉਹਨੂੰ ਜਾਪਿਆ ਜਿਵੇਂ ਤੀਵੀਂਆਂ ਉਹਦੀ ਥੱਕੀ-ਹਾਰੀ ਰੂਹ ਨੂੰ ... ਉਹਦੇ ਇਕਲਾਪੇ ਨੂੰ, ਕੋਈ ਸ਼ੀਸ਼ਾ ਦਿਖਾ ਰਹੀਆਂ ਹੋਣ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2117)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)










































































































