SatnamDhah7“ਸਸਕਾਰ 15 ਅਕਤੂਬਰ ਨੂੰ ਹੋਵੇਗਾ। ਪੂਰੀ ਜਾਣਕਾਰੀ ਅੰਦਰ ਪੜ੍ਹੋ --- ਸੰਪਾਦਕ।”
(13 ਅਕਤੂਬਰ 2018)

ਗੁਰਚਰਨ ਰਾਮਪੁਰੀ 

GurcharanRampuri5

23 ਜਨਵਰੀ 1929 - 8 ਅਕਤੂਬਰ 2018

 

RampuriNews3

 

ਜੀਵਨ ਬਿਉਰਾ

ਜਨਮ: 23 ਜਨਵਰੀ 1929
ਜਨਮ ਸਥਾਨ: ਰਾਮਪੁਰ, ਜ਼ਿਲ੍ਹਾ ਲੁਧਿਆਣਾ, ਪੰਜਾਬ

ਮਾਪੇ: ਸ. ਸੋਹਣ ਸਿੰਘ ਅਤੇ ਸਰਦਾਰਨੀ ਬਚਨ ਕੌਰ

ਪਰਿਵਾਰ: ਸੁਰਜੀਤ ਕੌਰ (ਸੁਪਤਨੀ), ਜਸਬੀਰ ਸਿੰਘ, ਰਾਵਿੰਦਰ ਸਿੰਘ (ਪੁੱਤਰ), ਦੇਵਿੰਦਰ ਕੌਰ, ਹਰਮਹਿੰਦਰ ਕੌਰ (ਧੀਆਂ)
ਵਿੱਦਿਆ: ਹਾਈ ਸਕੂਲ (ਡਿਪਲੋਮਾ-ਇਨ ਡਰਾਫਟਸਮੈਨ)
ਕਿੱਤਾ: ਬੀ. ਸੀ. ਹਾਈਡਰੋ ਵਿੱਚ ਲੰਬਾ ਸਮਾਂ ਕੰਮ ਕੀਤਾ (ਹੁਣ ਰੀਟਾਇਰਡ)

ਪੁਸਤਕਾਂ: ਕਣਕਾਂ ਦੀ ਖੁਸ਼ਬੋ, ਕੌਲ ਕਰਾਰ, ਕਿਰਨਾਂ ਦਾ ਆਲ੍ਹਣਾ, ਅੰਨ੍ਹੀ ਗਲ਼ੀ, ਕੰਚਨੀ, ਕਤਲਗਾਹ, ਅਗਨਾਰ, ਅੱਜ ਤੋਂ ਆਰੰਭ ਤਕ, ਦੋਹਾਵਲੀ, ਕਾਵਿ-ਸੰਗ੍ਰਹਿ।

ਅਨੁਵਾਦ: ਸਾਂਝਾ ਅਸਮਾਨ, (ਉਰਦੂ), ਪਾਰੇ ਦਾ ਨਗਰ (ਹਿੰਦੀ), ਐਨਥੋਲੋਜੀ ਆਫ ਦੀ ਮਾਡਰਨ ਪੰਜਾਬੀ ਪੋਇਟਰੀ ਪੰਜ ਕਵਿਤਾਵਾਂ (ਰਸ਼ੀਅਨ), ਐਨਥੋਲੋਜੀ ਆਫ਼ ਏਸ਼ੀਅਨ ਪੋਇਟਸ ਇਨ ਕੈਨੇਡਾ ‘ਗਰੀਨ ਸਨੋ’ ਕਵਿਤਾ ਸਮੇਤ

ਮਾਣ ਸਨਮਾਣ: ਪੰਜਾਬੀ ਲਿਖਾਰੀ ਸਭਾ ਰਾਮਪੁਰ, ਇੰਡੀਆ 1980, ਲੋਕ ਲਿਖਾਰੀ ਸਭਾ ਅੰਮ੍ਰਿਤਸਰ 1980, ਪੰਜਾਬੀ ਸਾਹਿਤਕ ਅਕੈਡਮੀ ਚੰਡੀਗੜ੍ਹ 1982, ਭਾਸ਼ਾ ਵਿਭਾਗ ਪਟਿਆਲਾ 1984, ਨੰਦ ਲਾਲ ਨੂਰਪੁਰੀ ਐਵਾਰਡ 1987 ਯੂ. ਐਸ. ਏ., ਸਾਈਂ ਬੁੱਲੇ ਸ਼ਾਹ ਐਵਾਰਡ ਡੈਨਮਾਰਕ 1992, ਰਿੰਮ ਝਿੰਮ ਬਰਾਡਕਾਸਟਿੰਗ ਵੈਨਕੋਵਰ 1993, ਬੀ. ਸੀ. ਕਲਚਰਲ ਫਾਊਂਡੇਸ਼ਨ ਵੈਨਕੂਵਰ ਬੀ. ਸੀ. 1994, ਕਰਤਾਰ ਸਿੰਘ ਧਾਰੀਵਾਲ ਲੁਧਿਆਣਾ 1997, ਯੂਥ ਐਸੋਸੀਏਸ਼ਨ ਸਰੀ 1998, ਪੰਜਾਬੀ ਲੇਖਕ ਮੰਚ ਵੈਨਕੂਵਰ 1999, ਕੈਨੇਡੀਅਨ ਪੰਜਾਬੀ ਕਲਾ ਮੰਚ 1999, ਪੰਜਾਬੀ ਲਿਖਾਰੀ ਸਭਾ ਕੈਲਗਰੀ 2003, ਮਨਜੀਤ ਯਾਦਗਾਰੀ ਸਾਹਿਤਕ ਐਵਾਰਡ ਵੈਨਕੂਵਰ 2003, ਖ਼ਾਲਸਾ ਦੀਵਾਨ ਸੁਸਾਇਟੀ ਵੈਨਕੋਵਰ 2006, ਵਧੀਆ ਲਿਖਾਰੀ ਐਵਾਰਡ ਪਰਵਾਸੀ ਅਖ਼ਬਾਰ ਵੱਲੋਂ 2006, ਲੇਖਕ ਮੰਚ ਵੈਨਕੂਵਰ ਬੀ. ਸੀ. ਵੱਲੋਂ ਲਾਈਫ਼ ਐਚੀਵਮੈਂਟ ਐਵਾਰਡ ਫਾਰ ਆਊਟ ਸਟੈਡਿੰਗ ਕੌਨਟਰੀਬਿਉਸ਼ਨ ਟੂ ਪੰਜਾਬੀ ਲੈਂਗੂਏਜ, ਲਿਟਰੇਚਰ ਐਂਡ ਕਲਚਰ 2007.

ਸਿਰਨਾਵਾਂ: 1057 Walls Ave., Coquitlam, B.C. Canada V3K 2T8
ਫ਼ੋਨ: 604-939-8665

**

ਕੁਝ ਤਾਂ ਇਸ ਦਾ ਰੂਪ ਹੰਡਾਓ
ਥੱਕੇ ਨੈਣ ਤ੍ਰੇਲ਼ੀਂ ਧੋਵੋ
ਕੁਝ ਘੜੀਆਂ ਤਾਂ ਆਪਣੇ ਨਾਲ ਗੁਜ਼ਾਰੋ
ਕੁਦਰਤ ਦੀ ਕਵਿਤਾ ਨੂੰ ਮਾਣੋ
ਸੁਣ! ਪਹਾੜੀ ਨਦੀ ਵਾਲਾ ਨਾਦ ਸੁਣ!!
ਏਸ ਦੇ ਵਿੱਚ ਜ਼ਿੰਦਗੀ ਦੀ ਦੌੜ ਹੈ
ਬੈਠ ਜ਼ਿੰਦਗੀ ਦੀ ਏਸ ਸਤਰੰਗੀ ਦੇ ਕੋਲ਼ੇ
ਸ਼ਹਿਰ ਦੇ ਧੂੰਏ ਤੇ ਭੀੜਾਂ ਵਿਚ ਕੀ ਧਰਿਆ ਪਿਆ

ਪੰਜਾਬੀ ਸਾਹਿਤ ਜਗਤ ਵਿੱਚ ਗੁਰਚਰਨ ਰਾਮਪੁਰੀ ਇੱਕ ਜਾਣੀ ਪਹਿਚਾਣੀ ਹਸਤੀ ਹੈ। ਇੱਕ ਇਸ ਕਰਕੇ ਕਿ ਉਸ ਦਾ ਜਨਮ ਅਸਥਾਨ ਪਿੰਡ ਰਾਮਪੁਰ ਹੈ, ਜਿੱਥੋਂ ਦੇ ਕਈ ਉੱਚ ਕੋਟੀ ਦੇ ਸਾਹਿਤਕਾਰ ਹੋਏ ਹਨ। ਦੂਸਰਾ ਇਸ ਕਰਕੇ ਕਿ ਗੁਰਚਰਨ ਇੱਕ ਅਣਥੱਕ, ਨਿਧੜਕ ਲਿਖਾਰੀ ਹੈਫਿਰ ਉਸ ਦੀ ਕਲਮ ਪਿਛਲੇ ਛੇ ਦਹਾਕਿਆਂ ਤੋਂ ਬਿਨਾਂ ਰੋਕ-ਟੋਕ ਚੱਲ ਰਹੀ ਹੈ। ਗੁਰਚਰਨ ਰਾਮਪੁਰੀ, ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੀਆਂ ਪੈੜਾਂ ਨੂੰ ਛੱਡ ਕੇ ਨਵੇਂ ਸਰੋਕਾਰਾਂ ਨੂੰ ਕਲਾਵੇ ਵਿੱਚ ਲੈਣ ਵਾਲੇ ਅਤੇ ਨਵੀਨ ਕਵਿਤਾ ਲਿਖਣ ਵਾਲੇ ਕਵੀਆਂ ਵਿੱਚੋਂ ਇੱਕ ਹੈ। ਰਾਮਪੁਰੀ ਨੂੰ ਜ਼ਿੰਦਗੀ ਦੇ ਹਰ ਪਹਿਲੂ, ਧਰਮ, ਰਾਜਨੀਤੀ, ਸਦਾਚਾਰ ਅਤੇ ਸਾਵੀਂ ਪੱਧਰੀ ਜੀਵਨ ਜਾਚ ਬਾਰੇ ਬਹੁਤ ਡੂੰਘੀ ਅਤੇ ਸੰਜਮ ਵਿੱਚ ਰਹਿ ਕੇ ਗੱਲ ਕਹਿਣ ਦੀ ਜਾਚ ਹੈ। ਗੁਰਚਰਨ ਨੇ ਆਪਣੇ ਜੀਵਨ ਕਾਲ ਵਿੱਚ ਵੱਖ-ਵੱਖ ਲਹਿਰਾਂ ਦਾ ਪ੍ਰਭਾਵ ਕਬੂਲਦਿਆਂ ਲੋਕਾਂ ਦੇ ਮੁੱਦਿਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਰਾਮਪੁਰੀ ਦਾ ਕਹਿਣਾ ਹੈ ਕਿ ਮੇਰਾ ਜਨਮ ਉਸ ਵੇਲੇ ਹੋਇਆ ਜਦੋਂ ਕਿ ਹਿੰਦੁਸਤਾਨ ਦੇ ਲੋਕ ਅੰਗਰੇਜ਼ ਸਰਕਾਰ ਦੇ ਖ਼ਿਲਾਫ਼ ਬਹੁਤ ਹੀ ਜ਼ਬਰਦਸਤ ਵਿਰੋਧ ਲੈ ਕੇ ਦੇਸ਼ ਦੀ ਆਜ਼ਾਦੀ ਲਈ ਜੂਝ ਰਹੇ ਸਨ, ਅੰਗਰੇਜ਼ ਸਰਕਾਰ ਆਪਣੀ ਦਹਿਸ਼ਤ ਨਾਲ ਲੋਕਾਂ ਨੂੰ ਦਬਾਉਣ ਦੀ ਹਰ ਕੋਸ਼ਿਸ਼ ਕਰ ਰਹੀ ਸੀ। ਕਵਿਤਾ ਮੈਂ ਉਦੋਂ ਲਿਖਣ ਲੱਗਾ, ਜਦੋਂ ਭਾਰਤ ਵਿੱਚ ਅੰਗਰੇਜ਼ ਸਾਮਰਾਜ ਦਾ ਸੂਰਜ ਡੁੱਬਣ ਲਈ ਤਿਆਰ ਸੀ। ਕੁਦਰਤੀ ਮੇਰੇ ਬਾਲ ਮਨ ’ਤੇ ਅੰਗਰੇਜ਼ੀ ਸਰਕਾਰ ਦੀਆਂ ਵਧੀਕੀਆਂ ਨੇ ਬਹੁਤ ਅਸਰ ਕੀਤਾ ਮੈਂ ਛੋਟੀ ਉਮਰ ਵਿੱਚ ਹੀ ਆਜ਼ਾਦੀ ਦੀਆਂ ਕਵਿਤਾਵਾਂ ਸੁਣਦਾ, ਪੜ੍ਹਦਾ ਸੀ। ਆਜ਼ਾਦੀ ਤਾਂ ਭਾਵੇਂ ਅਸੀਂ ਦੇਖੀ ਪਰ ਅਸਲੀ ਨਹੀਂ ਨਕਲੀ। ਦੇਸ਼ ਦੀ ਆਜ਼ਾਦੀ ਸਮੇਂ ਦੇਸ਼ ਵੰਡ ਦੀ ਬਰਬਾਦੀ ਨੇ ਦੇਸ਼ ਨੂੰ ਨਾ ਪੂਰਿਆ ਜਾ ਸਕਣ ਵਾਲਾ ਘਾਟ ਵੀ ਪਾਇਆ।

ਜਦੋਂ ਸੰਸਾਰ ਅਮਨ ਲਹਿਰ ਆਪਣੇ ਪੂਰੇ ਜੋਵਨ ’ਤੇ ਸੀ, ਉਹ ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ, ਸੰਤੋਖ ਸਿੰਘ ਧੀਰ, ਅਜਾਇਬ ਚਿੱਤਰਕਾਰ ਅਤੇ ਸੁਰਜੀਤ ਰਾਮਪੁਰੀ ਨਾਲ ਵੱਖ ਵੱਖ ਥਾਵਾਂ ਉੱਤੇ ਅਮਨ ਕਾਨਫ਼ਰੰਸਾਂ ਅਤੇ ਸਾਹਿਤਕ ਇਕੱਠਾਂ, ਮੇਲ਼ਿਆਂ ’ਤੇ ਕਵਿਤਾ ਪੜ੍ਹਨ ਜਾਂਦਾ ਰਿਹਾ। ਉਸ ਦੀ ਕਵਿਤਾ ਹਮੇਸ਼ਾ ਸਮੇਂ ਦੇ ਹਾਣ ਦੀ ਰਹੀ ਹੈ। ਜਿਸ ਤਰ੍ਹਾਂ ਬਹੁਤ ਸਾਰੇ ਪੰਜਾਬੀ ਕਵੀਆਂ ਨੇ ਬਾਹਰ ਆ ਕੇ ਭੂ-ਹੇਰਵੇ ਦੀ ਕਵਿਤਾ ਲਿਖੀ ਪਰ ਰਾਮਪਰੀ ਨੇ ਦੇਸਾਂ-ਪ੍ਰਦੇਸਾਂ ਦੀਆਂ ਹੱਦ-ਬੰਦੀਆਂ ਤੋੜ ਕੇ ਮਾਨਵਾਦੀ ਕਵਿਤਾ ਰਚੀ। ਦੂਜੇ ਕਵੀਆਂ ਨਾਲੋਂ ਵਿਲੱਖਣ ਗੱਲ ਮੈਨੂੰ ਇਹ ਲੱਗਦੀ ਹੈ ਕਿ ਉਸ ਨੇ ਇਤਿਹਾਸਕ ਅਤੇ ਮਿਥਿਹਾਸਕ ਪ੍ਰਤੀਕਾਂ ਦੀ ਖੁੱਲ੍ਹੀ ਵਰਤੋਂ ਕਰਕੇ ਇੱਕ ਵੱਖਰਾਪਨ ਪੰਜਾਬੀ-ਕਾਵਿ ਨੂੰ ਦਿੱਤਾ ਹੈ ਅਤੇ ਲੋਕਾਂ ਦੀ ਗੱਲ ਕਰਕੇ ਲੋਕ-ਕਵੀ ਹੋ ਵਿਚਰਿਆ। ਰਾਮਪੁਰੀ ਨੇ ਖੁੱਲ੍ਹੀ ਕਵਿਤਾ ਵੀ ਲਿਖੀ ਨਾਲ ਦੀ ਨਾਲ ਗੀਤ ਅਤੇ ਗ਼ਜ਼ਲਾਂ ਵੀ ਲਿਖੀਆਂ, ਜਿਨ੍ਹਾਂ ਨੂੰ ਇਕਬਾਲ ਮਾਹਲ ਨੇ ਸੁਰਿੰਦਰ ਕੌਰ ਅਤੇ ਉਸ ਦੀ ਧੀ ਡੌਲੀ ਗੁਲੇਰੀਆਂ ਅਤੇ ਗ਼ਜ਼ਲ ਗਾਉਣ ਦੇ ਬਾਦਸ਼ਾਹ ਜਗਜੀਤ ਜ਼ੀਰਵੀ ਦੀਆਂ ਆਵਾਜ਼ਾਂ ਵਿੱਚ ਰੀਕਾਰਡ ਵੀ ਕੀਤਾ ਹੈ। ਪਿੱਛੇ ਜਿਹੇ ਉਹਨਾਂ ਨੇ ਅੱਜ ਦੇ ਸਮਾਜਿਕ, ਰਾਜਨੀਤਿਕ ਧਾਰਮਿਕ ਵਰਤਾਰਿਆਂ ਤੇ ਵਿਅੰਗ ਕਰਦੀ ਕਵਿਤਾ ਦੋਹਾਵਲੀ ਲਿਖੀ ਹੈ, ਜਿਸ ਦਾ ਸਾਹਿਤਕ ਹਲਕਿਆਂ ਵਿੱਚ ਬਹੁਤ ਚਰਚਾ ਹੋਇਆ। ਅੱਜ ਸਤਾਸੀ ਸਾਲ ਦੀ ਉਮਰ ਵਿੱਚ ਵੀ ਸਾਹਿਤਕ ਸਿਰਜਣਾ ਵਿੱਚ ਲੱਗਾ ਹੋਇਆ ਇਹ ਸ਼ਾਇਰ ਕਹਿ ਰਿਹਾ ਹੈ ਕਿ ਅਜੇ ਬਹੁਤ ਸਾਰੇ ਕੰਮ ਕਰਨੇ ਵਾਲੇ ਰਹਿੰਦੇ ਹਨ। ਰਾਮਪੁਰੀ ਇੱਕ ਬਹੁਤ ਨਿੱਘੇ ਸੁਭਾ ਦਾ ਇਨਸਾਨ ਹੈ। ਹਰ ਜਾਣੇ ਅਣਜਾਣੇ ਨੂੰ ਇੱਕ ਦੋ ਮਿੰਟਾਂ ਵਿੱਚ ਹੀ ਆਪਣਾ ਬਣਾ ਲੈਂਦਾ ਹੈ। ਗਿਆਨ ਉਸ ਕੋਲ ਇੰਨਾ ਹੈ ਕਿ ਕਿਸੇ ਵੀ ਵਿਸ਼ੇ ’ਤੇ ਕਈ ਘੰਟੇ ਤੇ ਕਈ ਦਿਨ ਗੱਲ ਕਰਕੇ ਤੁਹਾਡੀ ਤਸੱਲੀ ਕਰਵਾ ਸਕਦਾ ਹੈ। ਉਹ ਵਿਸ਼ਵ ਭਰ ਦੀਆਂ ਸਮੱਸਿਆਵਾਂ ਨੂੰ ਆਪਣੇ ਕਲਾਵੇ ਵਿੱਚ ਲਈ ਫਿਰਦਾ ਹੈ। ਉਸ ਦੀ ਕਵਿਤਾ ਤੁਹਾਨੂੰ ਅੰਦਰੋਂ ਟੁੰਬਦੀ ਹੈ। ਜਿੱਥੇ ਉਹ ਕੁਦਰਤ ਨੂੰ ਪਿਆਰ ਕਰਨ ਵਾਲਾ ਸ਼ਾਇਰ ਹੈ, ਉੱਥੇ ਉਹ ਸਮਾਜਿਕ ਬੁਰਾਈਆਂ ’ਤੇ ਉਂਗਲ ਧਰਨ ਵਾਲਾ ਕ੍ਰਾਂਤੀਕਾਰੀ ਕਵੀ ਵੀ ਹੈ। ਧਾਰਮਿਕ ਅਡੰਬਰਾਂ ਨੂੰ ਪੇਸ਼ ਕਰਦਾ ਅਤੇ ਧਾਰਮਿਕ ਭੰਬਲਭੂਸੇ ਵਿੱਚ ਪਾਉਣ ਵਾਲਿਆਂ ਦੀ ਚੰਗੀ ਝੰਡ ਕਰਦਾ, ਇਸ ਦੋਹੇ ਵਿੱਚ ਸਚਾਈ ਲੋਕਾਂ ਦੇ ਸਾਹਮਣੇ ਲਿਆਉਣ ਤੋਂ ਨਹੀਂ ਝਿਜਕਦਾ।

ਆਪ ਕਮੇਟੀ ਵੇਚਦੀ, ਕਰੇ ਕਰਾਏ ਪਾਠ,
ਨਿੰਦੇ ਬ੍ਰਹਮਣਵਾਦ ਨੂੰ, ਅਜਬ ਵਪਾਰੀ ਠਾਠ

ਉਸ ਦੀ ਕਵਿਤਾ ਵਿੱਚ ਵਿਦਰੋਹੀ ਸੁਰ ਵੀ ਉਸੇ ਰਫ਼ਤਾਰ ਨਾਲ ਕੰਮ ਕਰਦੀ। ਉਸ ਦੇ ਪ੍ਰਗਤੀਵਾਦੀ ਵਿਚਾਰ ਨੂੰ ਪ੍ਰਗਟ ਕਰਦੀ ਕਵਿਤਾ ਦੀਆਂ ਸਤਰਾਂ:

‘ਹੁਣ’ ਭਿਆਨਕ ਭਵਿੱਖ ਝਾਉਲਾ ਹੈ
ਸਾਰਾ ਜੀਵਨ ਹੀ ਰਾਮ ਰੌਲ਼ਾ ਹੈ।

ਚੁੱਪ ਏਕਾਂਤ ਸ਼ਾਂਤੀ ਕਿੱਥੇ
ਮਰ ਗਈ ਕੱਲ੍ਹ ’ਚ ਕੁਝ ਨਹੀਂ ਲੱਭਣਾ

ਉਹ ਕੇਵਲ ਬੇਜਾਨ ਕਬਰ ਹੈ
ਕਬਰਾਂ ਛੱਡ ਕੇ ਜਬਰ ਅਜੋਕੇ ਦੀ ਗੱਲ ਤੋਰੋ
ਜਾਂ ਆਉਂਦੀ ਸੁੰਦਰ ਸਰਘੀ ਦੀ।

ਰਾਮਪੁਰੀ ਪੰਜਾਬ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੇ ਮਹਿਕਮੇ ਵਿੱਚ ਡਰਾਫਟਸਮੈਨ ਦੀ ਨੌਕਰੀ ਕਰਦਾ ਕਰਦਾ ਨੌਕਰੀ ਛੱਡ ਕੇ 1964 ਵਿੱਚ ਕੈਨੇਡਾ ਦੇ ਸ਼ਹਿਰ ਵੈਨਕੂਵਰ ਆ ਵਸਿਆ। ਇੱਥੇ ਉਹ ਬੀ. ਸੀ. ਦੇ ਹਾਈਡਰੋ ਮਹਿਕਮੇ ਵਿੱਚ ਨੌਕਰੀ ਕਰਦਾ ਰੀਟਇਰਡ ਹੋਇਆ। ਇਸ ਸ਼ਾਇਰ ਨਾਲ ਕੁਝ ਸਮਾਂ ਮਿਲ ਬੈਠਣ ਦਾ ਮੌਕਾ ਮਿਲਿਆ ਪਰ ਜਿੰਨੀ ਉਸ ਦੀ ਸਾਹਿਤਕ ਤਪੱਸਿਆ ਹੈ, ਇਸ ਦਾ ਲੇਖਾ ਜੋਖਾ ਕਰਨਾ ਮੇਰੇ ਵਰਗੇ ਸਾਹਿਤ ਦੇ ਵਿਦਿਆਰਥੀ ਲਈ ਔਖਾ ਹੀ ਨਹੀਂ, ਸਗੋਂ ਅਸੰਭਵ ਵੀ ਹੈ। ਮੇਰੀ ਜੋ ਗੱਲਬਾਤ ਇਸ ਅਣਥੱਕ ਅਤੇ ਸਿਰੜੀ ਸ਼ਾਇਰ ਨਾਲ ਹੋਈ, ਉਸ ਦੇ ਕੁਝ ਅੰਸ਼ ਮੈਂ ਆਪ ਨਾਲ ਸਾਂਝੇ ਕਰ ਰਿਹਾ ਹਾਂ:

? ਮੈਨੂੰ ਪਤਾ ਲੱਗਾ ਕਿ ਤੁਸੀਂ ਕਵਿਤਾ ਛੋਟੀ ਉਮਰ ਤੋਂ ਹੀ ਲਿਖਣ ਲੱਗ ਪਏ ਸੀ। ਤੁਹਾਡੀ ਕਵਿਤਾ ਲਿਖਣ ਦੀ ਪ੍ਰੇਰਨਾ ਦਾ ਸਰੋਤ ਕੀ ਸੀ? ਘਰ ਵਿੱਚੋਂ ਜਾਂ ਆਲੇ ਦੁਆਲੇ ਤੋਂ ਪ੍ਰੇਰਨਾ ਮਿਲੀ?

: ਮੈਂ ਕਵਿਤਾ 1944 ਤੋਂ ਲਿਖਣ ਲੱਗ ਪਿਆ ਸੀ। ਮੇਰੀ ਉਮਰ ਉਦੋਂ ਪੰਦਰਾਂ ਸਾਲਾਂ ਦੀ ਸੀ। ਮੇਰੇ ਮਿੱਤਰ ਸੁਰਜੀਤ ਰਾਮਪੁਰੀ, ਲਾਭ ਸਿੰਘ ਚਾਤ੍ਰਿਕ ਅਤੇ ਟਹਿਲ ਸਿੰਘ ਕਵਿਤਾ ਲਿਖਦੇ ਅਤੇ ਕਵੀਸ਼ਰੀ ਕਰਦੇ ਹੁੰਦੇ ਸੀ। ਮੈਂ ਵੀ ਤੁਕਬੰਦੀ ਕਰ ਕੇ ਉਨ੍ਹਾਂ ਨੂੰ ਸੁਣਦਾ ਸੁਣਾਉਦਾ ਤੇ ਵਾਹ ਵਾਹ ਹੁੰਦੀ ਰਹੀ। ਇਸ ਤਰ੍ਹਾਂ ਦਿਲ ਦਿਮਾਗ ਇੱਧਰ ਕਵਿਤਾ ਵੱਲ ਨੂੰ ਚੱਲ ਪਿਆ। ਫੇਰ ਮੇਰੀਆਂ ਕਵਿਤਾਵਾਂ ਅਖ਼ਬਾਰਾਂ, ਰਸਾਲਿਆਂ ਵਿੱਚ ਛਪਣ ਲੱਗ ਪਈਆਂ। `ਪ੍ਰੀਤਲੜੀ` ਵਿੱਚ ਮੇਰੀ ਕਵਿਤਾ ਸੰਨ 1950 ਵਿੱਚ ਛਪੀ ਸੀ, ਉਹਦਾ ਨਾਂ ਸੀ, “ਕਣਕਾਂ ਦੀ ਖੁਸ਼ਬੋ” ਅੱਗੇ ਜਾ ਕੇ ਮੈਂ ਆਪਣੀ ਪਹਿਲੀ ਕਿਤਾਬ ਦਾ ਨਾਂ ਵੀ “ਕਣਕਾਂ ਦੀ ਖੁਸ਼ਬੋ” ਰੱਖਿਆ। ਸੋ ਇਹ ਮਿੱਤਰ ਹੀ ਮੇਰਾ ਪ੍ਰੇਰਣਾ ਸਰੋਤ ਬਣੇ।

? ਤੁਸੀਂ ਕੈਨੇਡਾ ਆ ਕੇ ਰੋਟੀ ਰੋਜ਼ੀ ਲਈ ਨੱਸ ਭੱਜ ਵਾਲ਼ੀ ਜ਼ਿੰਦਗੀ ਵਿੱਚ ਵੀ ਕਵਿਤਾ ਨਾਲ ਰਿਸ਼ਤੇ ਨੂੰ ਕਿਵੇਂ ਜਿਉਂਦਾ ਰੱਖਿਆ?

: ਜਦੋਂ ਕਿਸੇ ਬੰਦੇ ਨੂੰ ਕੋਈ ਸ਼ੌਕ ਲੱਗ ਜਾਂਦਾ ਹੈ, ਉਹਨੂੰ ਛੱਡਣਾ ਬੜਾ ਔਖੀ ਗੱਲ ਹੈ। ਦੂਜਾ ,ਮੈਂ ਕਹਾਂਗਾ ਕਿ ਇਹ ਬਾਕੀ ਲੋੜਾਂ ਦੇ ਨਾਲ ਨਾਲ ਮੇਰੇ ਮਨ ਦੀ ਭੁੱਖ ਵੀ ਸੀ ਅਤੇ ਅੱਜ ਵੀ ਹੈ। ਜਦੋਂ ਮੈਂ ਇੱਧਰ ਆਇਆ ਤਾਂ ਮੇਰੀਆਂ ਕੇਵਲ ਤਿੰਨ ਕਿਤਾਬਾਂ ਛਪੀਆਂ ਸਨ। ‘ਕਣਕਾਂ ਦੀ ਖੁਸ਼ਬੋ’ ਦੇ ਤਿੰਨ ਐਡੀਸ਼ਨ ਛਪ ਚੁੱਕੇ ਹਨ, ਦੂਸਰੀਆਂ ਦੋ ਕਿਤਾਬਾਂ `ਕੌਲ ਕਰਾਰ` ਅਤੇ `ਕਿਰਨਾਂ ਦਾ ਆਲ੍ਹਣਾ` ਸਨ। ਇਸ ਤੋਂ ਪਿੱਛੋਂ 1971 ਵਿੱਚ ਇੱਕ ਕਿਤਾਬ `ਅੰਨ੍ਹੀ ਗਲ਼੍ਹੀ` ਛਪੀ। ਇਸ ਤੋਂ ਬਾਅਦ `ਕਤਲਗਾਹ` ਅਤੇ `ਅਗਨਾਰ`ਪੰਜਾਬ ਵਿੱਚ 20 ਸਾਲ ਲੰਬਾ ਦੁਖਾਂਤ ਵਾਪਰਿਆ, ਇਹ ਦੋ ਕਿਤਾਬਾਂ ਉਸ ਦੁਖਾਂਤ ਨਾਲ ਸਬੰਧਤ ਹਨ। ਪੰਜਾਬ ਨੂੰ ਲੱਗੀ ਅੱਗ, ਜਿਸ ਦਾ ਸੇਕ ਸਾਨੂੰ ਇੱਧਰ ਪੰਜਾਬੋਂ ਬਾਹਰ ਬੈਠਿਆਂ ਨੂੰ ਵੀ ਪੰਹੁਚਿਆ, ਇਸ ਬਾਰੇ ਲਿਖਣਾ ਮੇਰੇ ਮਨ ਦੀ ਭੁੱਖ ਸੀ। ਜਦੋਂ ਰਾਜਨੀਤਕ ਲੋਕ ਆਪਣੇ ਸੁਆਰਥਾਂ ਲਈ ਮਨੁੱਖਤਾ ਦਾ ਲਹੂ ਵਹਾਉਣ ਅਤੇ ਭੋਲੇ ਭਾਲੇ ਨਿਰਦੋਸ਼ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਤੋਂ ਸੰਕੋਚ ਨਾ ਕਰਨ ਤਾਂ ਇਸ ਕੌੜੇ ਸੱਚ ਨੂੰ ਬਿਆਨ ਕਰਨਾ ਹਰੇਕ ਲਿਖਾਰੀ ਦਾ ਧਰਮ ਹੈ। ਮੈਂ ਮਨੁੱਖੀ ਪੀੜ ਨੂੰ ਮਹਿਸੂਸ ਕੀਤਾ ਅਤੇ ਜਿੰਨਾ ਕੁਝ ਮੈਂ ਲਿਖ ਸਕਦਾ ਸੀ, ਲਿਖਿਆ। ਇਨ੍ਹਾਂ ਕਿਤਾਬਾਂ ਤੋਂ ਇਲਾਵਾ ਤਿੰਨ ਚਾਰ ਹੋਰ ਕਿਤਾਬਾਂ ਹਨ, ਜਿਵੇਂ: ਕੰਚਨੀ, ਅੱਜ ਤੋਂ ਆਰੰਭ ਤੱਕ (ਸਮੁੱਚੀ ਕਵਿਤਾ ਪੜਚੋਲ ਸਣੇ)। “ਦੋਹਾਵਲੀ” ਇੱਕ ਵੱਖਰੀ ਕਿਸਮ ਦੀ ਕਿਤਾਬ ਹੈ, ਜਿਸ ਵਿੱਚ ਕਿਸੇ ਵਿਚਾਰ ਨੂੰ ਦੋਹੇ ਦੇ ਰੂਪ ਵਿੱਚ ਦੋ ਤੁਕਾਂ ਵਿੱਚ ਪੂਰਾ ਕਰਨਾ ਹੁੰਦਾ ਹੈ। ਇਸ ਕਿਤਾਬ ਵਿੱਚ ਪੰਜ ਸੌ ਦੋਹੇ ਵੱਖ ਵੱਖ ਵਿਸ਼ਿਆਂ ਉੱਪਰ ਹਨ।

? ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਸਾਹਿਤਕ ਸਫ਼ਰ ਬਾਰੇ ਹੋਰ ਗੱਲਾਂਬਾਤਾਂ ਕਰੀਏ, ਤੁਸੀਂ ਆਪਣੇ ਬਾਰੇ (ਜਨਮ, ਵਿੱਦਿਆ ਅਤੇ ਪਰਿਵਰਕ ਪਿਛੋਕੜ) ਕੁਝ ਦੱਸੋ?

: ਮੇਰਾ ਜਨਮ 23, ਜਨਵਰੀ 1929 ਨੂੰ ਪਿੰਡ ਰਾਮਪੁਰ, ਦੁਰਾਹੇ ਨੇੜੇ ਹੋਇਆ। ਮੇਰਾ ਪਿੰਡ ਨਹਿਰ ਸਰਹਿੰਦ ਦੇ ਨੇੜੇ ਵਸਿਆ ਹੋਇਆ ਹੈ। ਮੈਂ ਆਪਣੇ ਮਾਪਿਆਂ ਦਾ ਵੱਡਾ ਪੁੱਤਰ ਹਾਂ। ਮੈਨੂੰ ਆਪਣੇ ਮਾਪਿਆਂ ਵੱਲੋਂ ਬਹੁਤ ਮੋਹ ਪਿਆਰ ਮਿਲਿਆ। ਉਸ ਸਮੇਂ ਛੋਟੀ ਉਮਰ ਵਿੱਚ ਹੀ ਵਿਆਹ ਸ਼ਾਦੀਆਂ ਕਰ ਦਿੰਦੇ ਸਨ। ਮੇਰਾ ਵਿਆਹ ਵੀ ਪੰਦਰਾਂ ਕੁ ਸਾਲ ਦੀ ਉਮਰ ਵਿੱਚ ਕਰ ਦਿੱਤਾ ਗਿਆ। ਸੰਨ 1948 ਵਿੱਚ ਮੇਰੀ ਵੱਡੀ ਲੜਕੀ ਦਵਿੰਦਰ ਦੇ ਜਨਮ ਤੋਂ ਬਾਅਦ ਮੇਰੀ ਜੀਵਨ ਸਾਥਣ ਸ੍ਰੀਮਤੀ ਜਸਵੰਤ ਕੌਰ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਚਲਾਣਾ ਕਰ ਗਈ। ਉਸ ਤੋਂ ਬਾਅਦ ਮੇਰਾ ਦੂਸਰਾ ਵਿਆਹ ਸੰਨ 1950 ਵਿੱਚ ਸੁਰਜੀਤ ਕੌਰ ਹੋਰਾਂ ਨਾਲ ਹੋਇਆ ਤੇ ਸਾਡਾ ਸਾਥ ਤਰਵੰਜਾ ਸਾਲ ਨਿਭਿਆ। ਸੁਰਜੀਤ ਕੌਰ ਸਤੰਬਰ 2003 ਵਿੱਚ ਲੰਮੀ ਬੀਮਾਰੀ ਪਿੱਛੋਂ ਗੁਜ਼ਰ ਗਈ। ਸਾਡੇ ਚਾਰ ਬੱਚੇ ਹਨ, ਦੋ ਲੜਕੇ ਅਤੇ ਦੋ ਲੜਕੀਆਂਅੱਗੇ ਉਨ੍ਹਾਂ ਦੇ ਪ੍ਰੀਵਾਰ ਹਨ। ਅਸੀਂ ਸਾਰੇ ਬੀ. ਸੀ. ਸੂਬੇ ਦੇ ਸ਼ਹਿਰ ਕੌਕਿਉਟਲਮ ਵਿੱਚ ਰਹਿੰਦੇ ਹਾਂ।

? ਰਾਮਪੁਰੀ ਜੀ, ਤੁਸੀਂ ਰੋਮਾਂਟਿਕ ਅਤੇ ਸਿਆਸੀ ਵਿਸ਼ਿਆਂ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਵਿਸ਼ੇ ’ਤੇ ਕਵਿਤਾ ਲਿਖੀ?

: ਪਿਆਰ ਜ਼ਿੰਦਗੀ ਦਾ ਧੁਰਾ ਹੈ। ਪਹਿਲਾਂ ਪਹਿਲ ਮੈਂ ਵੀ ਰੋਮਾਂਟਿਕ ਕਵਿਤਾ ਲਿਖੀ, ਪਰ ਮੇਰੀਆਂ ਬਹੁਤੀਆਂ ਕਵਿਤਾਵਾਂ ਸਿਆਸਤ ਤੋਂ ਪ੍ਰਭਾਵਿਤ ਹਨ। ਪਹਿਲਾਂ ਮੈਂ ਦੇਸ਼ ਦੀ ਵੰਡ ਦੇ ਖ਼ਿਲਾਫ, ਵੰਡ ਦੇ ਦੁਖਾਂਤ ਬਾਰੇ, ਫੇਰ ਸੰਸਾਰ ਅਮਨ ਨੂੰ ਖ਼ਤਰਾ ਹੋ ਗਿਆ ਤਾਂ ਮੈਂ ਅਮਨ ਲਹਿਰ ਵਿੱਚ ਸਰਗਰਮ ਹੋ ਗਿਆ ਤੇ ਜੰਗ ਦੇ ਵਿਰੁੱਧ ਕਵਿਤਾਵਾਂ ਲਿਖੀਆਂ। ਆਜ਼ਾਦ ਭਾਰਤ ਵਿੱਚ ਲੋਕਾਂ ਨੇ ਆਪਣੇ ਹੱਕਾਂ ਲਈ ਜੱਦੋਜਹਿਦ ਕੀਤੀ, ਉਸ ਬਾਰੇ ਲਿਖੀਆਂ। ਉਸ ਤੋਂ ਬਾਅਦ ਮੇਰੀ ਕਵਿਤਾ ਦੇ ਅੰਤਰ-ਰਾਸ਼ਟਰੀ ਸੁਭਾਅ ਮੁਤਾਬਕ ਮੈਂ ਸੰਸਾਰ ਦੇ ਵੱਡੇ ਲੋਕਾਂ ਬਾਰੇ ਲਿਖਿਆ, ਉਦਾਹਰਣ ਦੇ ਤੌਰ ਤੇ ਹੈਲਨ ਕੈਲਰ ਅਮਰੀਕਾ ਦੀ ਬਹੁਤ ਵੱਡੀ ਸਕਾਲਰ ਸੀ, ਜਿਵੇਂ ਆਪ ਨੂੰ ਪਤਾ ਹੈ ਉਹ ਜਨਮ ਤੋਂ ਹੀ ਅੰਨ੍ਹੀ, ਬੋਲ਼ੀ ਤੇ ਗੁੰਗੀ ਸੀ। ਪਰ ਉਹ ਵੱਡੀ ਲੇਖਕਾ ਸੀ। ਉਹ ਅੰਨ੍ਹੀ, ਬੋਲ਼ੀ ਤੇ ਗੁੰਗੀ ਹੁੰਦੀ ਹੋਈ, ਆਪਣੀ ਜ਼ਿੰਦਗੀ ਵਿੱਚ ਇੰਨਾ ਕੁਝ ਕਿਵੇਂ ਪ੍ਰਾਪਤ ਕਰ ਗਈ। ਉਸ ਨੇ ਬਹੁਤ ਕੁਝ ਲਿਖਿਆ ਤੇ ਬੜੀ ਸਾਰਥਕ ਜ਼ਿੰਦਗੀ ਜਿਉਂਈ। ਫੇਰ ਜਿੰਨੀਆਂ ਵੀ ਵੱਡੀਆਂ ਸੰਸਾਰਕ ਘਟਨਾਵਾਂ ਹੋਈਆਂ, ਜਿਸ ਤਰ੍ਹਾਂ ਮਿਡਲ ਈਸਟ, ਏਸ਼ੀਆ ਤੇ ਅਫ਼ਰੀਕਾ ਦੇ ਮੁਲਕਾਂ ਨੇ ਸਾਮਰਾਜ ਤੋਂ ਆਜ਼ਾਦੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਲਾਤੀਨੀ ਅਮਰੀਕਾ ਦੀ ਆਜ਼ਾਦੀ ਦਾ ਘੋਲ ਵੀ ਮੇਰੀਆਂ ਕਵਿਤਾਵਾਂ ਦਾ ਵਿਸ਼ਾ ਰਿਹਾ।

? ਤੁਸੀਂ ਆਜ਼ਾਦੀ ਦੇ ਘੋਲ ਅਤੇ ਦੇਸ਼ ਦੀ ਵੰਡ ਦਾ ਦੁਖਾਂਤ ਵੀ ਅੱਖੀਂ ਵੇਖਿਆ ਹੈ, ਉਸਨੇ ਤੁਹਾਡੀ ਕਵਿਤਾ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਇਆ?

: ਜਦੋਂ ਦੇਸ਼ ਦੀ ਵੰਡ ਹੋਈ, ਮੇਰੀ ਉਮਰ ਆਠਾਰ੍ਹਾਂ ਸਾਲਾਂ ਦੀ ਸੀ। ਮੈਂ ਉਸ ਸਮੇਂ ਦੁਰਾਹੇ ਮਿਉਂਸੀਪਲ ਕਮੇਟੀ ਵਿੱਚ ਨੌਕਰੀ ਕਰਦਾ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਸੈਂਕੜੇ ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਕਤਲ ਹੋਇਆ। ਇਸਨੇ ਮੇਰੇ ਮਨ ਉੱਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਮੈਂ ਦੇਸ਼ ਦੀ ਵੰਡ ਦੇ ਵਿਰੋਧ ਵਿੱਚ ਕਵਿਤਾਵਾਂ ਲਿਖੀਆਂ। ਇਸ ਵੰਡ ਨੇ ਸਾਨੂੰ ਸਦੀਆਂ ਪਿੱਛੇ ਪਾ ਦਿੱਤਾ। ਜੇਕਰ ਦੇਸ਼ ਇਕੱਠਾ ਰਹਿੰਦਾ ਤਾਂ ਦੇਸ਼ ਦੀ ਹਾਲਤ ਕਈ ਗੁਣਾਂ ਚੰਗੀ ਹੁੰਦੀ। ਇਹ ਸਾਰੀ ਰਾਜਨੀਤੀ ਦੀ ਖੇਡ ਸੀਸਿਆਸਤਦਾਨਾਂ ਨੇ ਆਮ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾ ਕੇ ਆਪਣੇ ਸੁਆਰਥ ਪੂਰੇ ਕੀਤੇ ਕਿਉਂਕਿ ਆਜ਼ਾਦੀ ਦੇ ਘੋਲ਼ ਸਮੇਂ ਸਿਰਫ ਭਾਰਤ ਦੀ ਆਜ਼ਾਦੀ ਹੀ ਨਿਸ਼ਾਨਾ ਸੀ। ਪਹਿਲਾਂ ਆਜ਼ਾਦੀ ਦੀ ਜੰਗ ਸਮੇਂ ਹਜ਼ਾਰਾਂ ਕੀਮਤੀ ਹੀਰੇ ਕੁਰਬਾਨ ਹੋਏ, ਆਜ਼ਾਦੀ ਆਈ ਤਾਂ ਦੇਸ਼ ਦੀ ਵੰਡ ਦੇ ਨਾਲ ਲੱਖਾਂ ਨਿਰਦੋਸ਼ ਬੱਚੇ, ਬੁੱਢੇ ਜੁਆਨ ਮਾਰੇ ਗਏ। ਲੱਖਾਂ ਲੋਕਾਂ ਨੂੰ ਆਪਣੇ ਵਸਦੇ ਰਸਦੇ ਘਰ ਘਾਟ ਛੱਡ ਉੱਜੜਨਾ ਪਿਆ। ਜਿਹੜਾ ਜਾਨੀ, ਮਾਲੀ ਨੁਕਸਾਨ ਹੋਇਆ, ਉਹਦੇ ਨਾਲ ਦੋਵੇਂ ਦੇਸ਼ ਗਰੀਬੀ ਦੀ ਡੂੰਘੀ ਖਾਈ ਵਿੱਚ ਡਿਗ ਪਏ ਅਤੇ ਅੱਜ ਤੱਕ ਗਰੀਬੀ ਨਾਲ ਜੂਝ ਰਹੇ ਹਨ। ਬਚਪਨ ਦੇ ਲਏ ਸੁਪਨੇ ਚਕਨਾਚੂਰ ਹੋ ਗਏ। ਮੈਂ ਆਪਣੀ ਕਵਿਤਾ ਵਿੱਚ ਇਸ ਸਾਰੇ ਦੁੱਖ ਨੂੰ ਬਿਆਨ ਕਰਨ ਦਾ ਯਤਨ ਕੀਤਾ, ਇਸ ਘਟਨਾ ਨੇ ਮੇਰੀ ਆਤਮਾ ਨੂੰ ਝਜੋੜ ਕੇ ਰੱਖ ਦਿੱਤਾ।

? ਤੁਹਾਡੇ ਪਿੰਡ ਰਾਮਪੁਰ ਨੂੰ ਜੇਕਰ ਮੈਂ ਲਿਖਾਰੀਆਂ ਦਾ ਪਿੰਡ ਕਹਾਂ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਕੀ ਕਾਰਨ ਹੈ ਕਿ ਰਾਮਪੁਰ ਵਿੱਚ ਇੰਨੇ ਲਿਖਾਰੀ ਹੋਏ ਹਨ?

: ਤੁਹਾਡਾ ਸਵਾਲ ਬਿਲਕੁਲ ਦਰੁਸਤ ਹੈ। ਮੈਂ ਸਮਝਦਾ ਹਾਂ ਕਿ ਮੇਰੇ ਤੋਂ ਪਹਿਲਾਂ ਜਿਨ੍ਹਾਂ ਲੇਖਕਾਂ ਦਾ ਮੈਂ ਜ਼ਿਕਰ ਕੀਤਾ, ਉਨ੍ਹਾਂ ਦੀ ਹੋਂਦ ਨੇ ਮੈਨੂੰ ਉਤਸ਼ਾਹ ਦਿੱਤਾ ਅਤੇ ਮੈਂ ਲਿਖਣ ਲੱਗ ਪਿਆ। ਫੇਰ ਅਸੀਂ `ਪੰਜਾਬੀ ਲਿਖਾਰੀ ਸਭਾ ਰਾਮਪੁਰ` ਸੰਨ 1953 ਵਿੱਚ ਬਣਾਈ। ਉਸ ਵਿੱਚ ਅਸੀਂ ਹਰ ਹਫਤੇ ਇਕੱਠੇ ਹੁੰਦੇ, ਇੱਕ ਦੂਜੇ ਨੂੰ ਆਪਣੀਆਂ ਨਜ਼ਮਾਂ ਸੁਣਾਉਂਦੇ ਅਤੇ ਉਨਾਂ ਉੱਪਰ ਉਸਾਰੂ ਅਲੋਚਨਾ ਕਰਦੇ। ਇੱਕ ਦੂਜੇ ਦੀ ਮਦਦ ਕਰਦੇ ਤੇ ਇੱਕ ਦੂਜੇ ਤੋਂ ਸਿੱਖਦੇ ਵੀ। ਇਸੇ ਤਰ੍ਹਾਂ ਸਾਡੇ ਇਲਾਕੇ ਦੇ ਹੋਰ ਲਿਖਣ ਵਾਲੇ ਲੋਕ ਵੀ ਆਉਣ ਲੱਗੇ, ਜਿਨ੍ਹਾਂ ਨੂੰ ਸਿੱਖਣ ਸਿਖਾਉਣ ਦਾ ਸ਼ੌਕ ਸੀ। ਫੇਰ ਹੋਰ ਸਾਡੀ ਸਭਾ ਦੀਆਂ ਸਾਹਿਤਕ ਮੀਟਿੰਗਾਂ ਵਿੱਚ ਵੱਡੇ ਨਾਮਵਰ ਲਿਖਾਰੀ ਸ਼ਾਮਲ ਹੁੰਦੇ ਰਹੇ ਹਨ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸ੍ਰ. ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰਭਜੋਤ ਕੌਰ, ਨਰਿੰਦਰਪਾਲ ਸਿੰਘ, ਸੰਤ ਸਿੰਘ ਸੇਖੋਂ ਤੇ ਹੋਰ ਵੱਡੇ-ਵੱਡੇ ਕਵੀ, ਲਿਖਾਰੀ ਸਮੇਂ ਸਮੇਂ ਕਾਨਫ਼ੰਰਸਾਂ ਵਿੱਚ ਆਉਂਦੇ ਰਹੇ ਹਨ। ਉਹ ਸਾਡੇ ਤੋਂ ਲੈਂਦੇ ਕੁਝ ਨਹੀਂ ਸਨ, ਅਸੀਂ ਸਿਰਫ਼ ਉਨ੍ਹਾਂ ਦੀ ਰਿਹਾਇਸ਼ ਅਤੇ ਰੋਟੀ ਪਾਣੀ ਦਾ ਹੀ ਇੰਤਜ਼ਾਮ ਕਰਦੇ ਸੀ। ਸਾਹਿਤਕਾਰ ਲੋਕਾਂ ਦਾ ਇਕੱਠੇ ਹੋਣਾ ਬਹੁਤ ਵੱਡੀ ਗੱਲ ਹੈ। ਇਸੇ ਤਰ੍ਹਾਂ ਦੀਵੇ ਨਾਲ ਦੀਵਾ ਜਗਾਉਣ ਵਾਲੀ ਗੱਲ ਹੈ। ਲੋਕ ਪਹਿਲਾਂ ਸਰੋਤੇ ਬਣ ਕੇ ਆਉਂਦੇ ਸਨ, ਫੇਰ ਲਿਖਾਰੀ ਬਣ ਲਿਖਣ ਲਗਦੇ।

ਜੇਕਰ ਕਿਸੇ ਨੂੰ ਕੋਈ ਗੱਲ ਕਹਿਣੀ ਜਾਂ ਦੱਸਣੀ ਹੁੰਦੀ ਸੀ ਤਾਂ ਅਸੀਂ ਆਦਰ ਤੇ ਪੂਰੇ ਸਤਿਕਾਰ ਨਾਲ ਕਹਿਣਾ ਅਤੇ ਉਸਾਰੂ ਅਲੋਚਨਾ ਕਰਦੇ ਸਾਂ। ਇਸ ਗੱਲ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਸੀ ਕਿ ਕਿਸੇ ਦੀ ਰਚਨਾ ਨਿੰਦ ਨਾ ਦੇਈਏ, ਅਗਲਾ ਲਿਖਣਾ ਹੀ ਬੰਦ ਕਰ ਦੇਵੇ। ਇਸ ਗੱਲ ਨੇ ਹੀ ਲੋਕਾਂ ਨੂੰ ਲਿਖਣ ਲਾਇਆ। ਐਸ ਵੇਲੇ ਸਾਡੇ ਪਿੰਡ ਤੀਹ ਲਿਖਾਰੀ ਹਨ, ਜੋ ਕਵਿਤਾ ਅਤੇ ਵਾਰਤਿਕ ਲਿਖਦੇ ਹਨ। ਉਨ੍ਹਾਂ ਦੀਆਂ ਕਿਤਾਬਾਂ ਛਪ ਚੁੱਕੀਆਂ ਹਨ। ਇਹਦੇ ਬਾਰੇ ਮੇਰੇ ਦੋਸਤ ਸੁਰਜੀਤ ਰਾਮਪੁਰੀ ਦੀਆਂ ਬੜੀਆਂ ਖ਼ੂਬਸੂਰਤ ਤੁਕਾਂ ਹਨ:

“ਜਿਹੜਾ ਪਾਣੀ ਪੀਂਦਾ ਸ਼ਾਇਰ ਹੋ ਜਾਂਦਾ
ਕਿੰਨੀਆਂ ਸਖ਼ਤ ਸਜ਼ਾਵਾਂ ਮੇਰੇ ਪਿੰਡ ਦੀਆਂ
ਘੁੰਗਟ ਵਰਗੀਆਂ ਛਾਂਵਾਂ ਮੇਰੇ ਪਿੰਡ ਦੀਆਂ
ਇੱਛਰਾਂ ਵਰਗੀਆਂ ਮਾਵਾਂ ਮੇਰੇ ਪਿੰਡ ਦੀਆਂ”

ਉਹਦੀ ਇਹ ਕਵਿਤਾ ਬਹੁਤ ਮਕਬੂਲ ਹੋਈ। ਉਂਝ ਮੈਂ ਸਮਝਦਾ ਹਾਂ ਕਿ ਹੋਰ ਪਿੰਡ ਜਾਂ ਸ਼ਹਿਰ ਵੀ ਐਸੇ ਹਨ, ਜਿੱਥੇ ਕਾਫੀ ਲੋਕ ਲਿਖਣ ਵਾਲੇ ਹਨ। ਇਹ ਇਤਫ਼ਾਕ ਦੀ ਗੱਲ ਹੈ ਕਿ ਲਿਖਾਰੀ ਸਭਾ ਕਰਕੇ ਸਾਡੇ ਪਿੰਡ ਕੁਝ ਜ਼ਿਆਦਾ ਹਨ। ਇਸ ਗੱਲ ਦਾ ਸਾਨੂੰ ਮਾਣ ਹੈ।

? ਗੁਰਚਰਨ ਜੀ, ਅੱਜ ਕੱਲ੍ਹ ਬਹੁਤੇ ਕਵਿਤਾ ਲਿਖਣ ਵਾਲਿਆਂ ਵਿੱਚ ਗ਼ਜ਼ਲ ਲਿਖਣ ਵੱਲ ਜ਼ਿਆਦਾ ਰੁਝਾਨ ਲੱਗਦਾ ਹੈਪਰ ਮੇਰੇ ਖ਼ਿਆਲ ਨਾਲ ਗ਼ਜ਼ਲ ਲਿਖਣ ਨੂੰ ਕਵਿਤਾ ਲਿਖਣ ਨਾਲੋਂ ਮਿਹਨਤ ਜ਼ਿਆਦਾ ਕਰਨ ਦੀ ਲੋੜ ਪੈਂਦੀ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

: ਸਤਨਾਮ ਜੀ, ਤੁਹਾਡਾ ਵਿਚਾਰ ਬਿਲਕੁਲ ਸਹੀ ਹੈ ਕਿ ਚੰਗੀ ਗ਼ਜ਼ਲ ਲਿਖਣ ਲਈ ਕਵਿਤਾ ਨਾਲੋਂ ਵਧੇਰੇ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ਗ਼ਜ਼ਲ ਦਾ ਹਰ ਸ਼ੇਅਰ ਇੱਕ ਮੁਕੰਮਲ ਇਕਾਈ ਹੁੰਦੀ ਹੈ। ਦੋ ਸਤਰਾਂ ਵਿੱਚ ਖ਼ਿਆਲ ਪ੍ਰਗਟ ਕਰਨਾ ਹੁੰਦਾ ਹੈ। ਅਗਲੇ ਸ਼ੇਅਰ ਵਿੱਚ ਇੱਕ ਨਵਾਂ ਸੱਚ ਕਿਹਾ ਜਾ ਸਕਦਾ ਹੈ। ਮੇਰੇ ਖ਼ਿਆਲ ਨਾਲ ਇਹ ਕੰਮ ਏਨਾ ਸੌਖਾ ਨਹੀਂ ਜਿੰਨਾ ਸਮਝ ਲਿਆ ਜਾਂਦਾ ਹੈ।

? ਥੋੜ੍ਹੀ ਜਿਹੀ ਗੱਲ ਪੰਜਾਬੀ ਬੋਲੀ ਬਾਰੇ ਵੀ ਕਰ ਲਈਏ ਕਿ ਸਾਡੇ ਪੰਜਾਬੀ ਲੋਕਾਂ ਨੇ ਪੰਜਾਬੀ ਬੋਲੀ ਪ੍ਰਤੀ ਉਹ ਵਤੀਰਾ ਨਹੀਂ ਅਪਨਾਇਆ ਜੋ ਚਾਹੀਦਾ ਹੈ। ਪੰਜਾਬ ਵਿੱਚ ਅੱਜ ਹਰ ਮਾਪਾ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਉਣ ਲਈ ਤਰਲੋ-ਮੱਛੀ ਹੋ ਰਿਹਾ ਹੈ। ਤੁਹਾਨੂੰ ਕੀ ਲੱਗਦਾ ਅੱਜ ਵਾਕਿਆ ਹੀ ਅੰਗਰੇਜ਼ੀ ਬਿਨਾਂ ਗੁਜ਼ਾਰਾ ਨਹੀਂ?

: ਪੰਜਾਬੀ ਦੁਨੀਆਂ ਦੀਆਂ ਬੋਲੀਆਂ ਵਿੱਚੋਂ ਵੱਡੀ ਬੋਲੀ ਹੈ। ਜਿਸ ਨੂੰ ਲਗਪਗ ਦਸ ਕਰੋੜ ਲੋਕ ਬੋਲਦੇ ਹਨ ਪਰ ਪੰਜਾਬੀ ਨੂੰ ਸਰਕਾਰੇ ਦਰਬਾਰੇ ਕਦੇ ਯੋਗ ਮਾਣ ਨਹੀਂ ਮਿਲ਼ਿਆ। ਜਿਹੜੇ ਸਿਆਤਦਾਨ ਅੱਜ ਵੀ ਪੰਜਾਬੀ ਦੇ ਨਾਂ ਤੇ ਚੋਣਾਂ ਜਿੱਤਦੇ ਹਨ, ਉਹਨਾਂ ਦੀ ਆਪਣੀ ਔਲਾਦ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੀ ਹੋਈ ਹੈ। ਸਰਕਾਰੀ ਕੰਮਾਂ ਲਈ ਵਧੇਰੇ ਕਰਕੇ ਅੰਗਰੇਜ਼ੀ ਦੀ ਵਰਤੋਂ ਕਰਦੇ ਹਨ। ਆਮ ਲੋਕ ਵੀ ਜਾਣਦੇ ਹਨ ਕਿ ਰੁਜ਼ਗਾਰ ਲੈਣ ਲਈ ਅੰਗਰੇਜ਼ੀ ਪੜ੍ਹਨੀ ਜ਼ਰੂਰੀ ਹੈ। ਅੰਗਰੇਜ਼ੀ ਹੁਣ ਸਿਰਫ਼ ਇੰਗਲੈਂਡ ਦੀ ਹੀ ਨਹੀਂ, ਸਗੋਂ ਸਾਰੀ ਦੁਨੀਆ ਦੀ ਕੰਪਿਊਟਰ ਬੋਲੀ ਬਣ ਚੁੱਕੀ ਹੈ। ਅੰਗਰੇਜ਼ੀ ਵਿੱਚ ਮੁਹਾਰਤ ਹੋਣੀ ਜ਼ਰੂਰੀ ਹੈ। ਸੋ ਮੇਰੇ ਖ਼ਿਆਲ ਨਾਲ ਪੰਜਾਬੀ ਮਾਪੇ ਇਸੇ ਕਰਕੇ ਆਪਣੀ ਔਲਾਦ ਨੂੰ ਅੰਗਰੇਜ਼ੀ ਦੀ ਤਾਲੀਮ ਦੁਆਉਣੀ ਜ਼ਰੂਰੀ ਸਮਝਦੇ ਹਨ। ਪਰ ਹਰ ਪੰਜਾਬੀ ਇਨਸਾਨ ਨੂੰ ਲੱਗਦੀ ਵਾਹ ਸ਼ੁੱਧ ਪੰਜਾਬੀ ਲਿਖਣੀ ਅਤੇ ਬੋਲਣੀ ਆਉਣੀ ਵੀ ਉੰਨੀ ਹੀ ਜ਼ਰੂਰੀ ਹੈ।

? ਕੈਨੇਡਾ ਵਿੱਚ ਲਿਖ ਰਹੇ ਸਾਹਿਤਕਾਰਾਂ ਨੂੰ ਕਿਹੜੇ ਵਿਸ਼ਿਆਂ ’ਤੇ ਲਿਖਣ ਦੀ ਵਧੇਰੇ ਲੋੜ ਮਹਿਸੂਸ ਕਰਦੇ ਹੋ? ਤੁਹਾਨੂੰ ਕੀ ਲੱਗਦਾ ਕੈਨੇਡੀਅਨ ਲੇਖਕ ਕਵਿਤਾ ਕਹਾਣੀ ਜ਼ਿਆਦਾ ਲਿਖ ਰਹੇ ਹਨ ਜਾਂ ਕਿਸੇ ਵਿਧਾ ਵਿੱਚ ਘੱਟ ਲਿਖਿਆ ਜਾ ਰਿਹਾ ਹੈ?

: ਦੇਖੋ ਹਰ ਲੇਖਕ ਆਪਣੀ ਪਸੰਦ ਜਾਂ ਸਮਰਥਾ ਅਨੁਸਾਰ ਹੀ ਲਿਖਦਾ ਹੈ। ਜ਼ਰੂਰੀ ਨਹੀਂ ਕਿ ਹਰ ਲੇਖਕ ਹਰ ਵਿਧਾ ਵਿੱਚ ਲਿਖੇ। ਹੁਣ ਤਾਂ ਪੰਜਾਬੀ ਵਿੱਚ ਹਰ ਸਾਲ ਹਜ਼ਾਰਾਂ ਨਵੀਆਂ ਕਿਤਾਬਾਂ ਛਪਦੀਆਂ ਹਨ ਜੋ ਮੈਂ ਨਹੀਂ ਪੜ੍ਹ ਸਕਦਾ। ਸੋ ਮੈਂ ਅਜੋਕੇ ਰੁਝਾਨ ਬਾਰੇ ਪੱਕੇ ਤੌਰ ਤੇ ਕੁਝ ਕਹਿਣਾ ਮੁਨਾਸਿਬ ਨਹੀਂ ਸਮਝਦਾ।

? ਪਰਵਾਸੀ ਕਵਿਤਾ ਮੁੱਖਧਾਰਾ ਦੀ ਕਵਿਤਾ ਨਾਲ ਕਦਮ ਮਿਲਾ ਕੇ ਚੱਲ ਰਹੀ ਹੈ? ਤੁਹਾਨੂੰ ਕੈਨੇਡਾ ਦੇ ਮੁੱਢਲੇ ਦੌਰ ਦੇ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਤੁਹਾਡੀ ਪਹਿਲੀ ਲਿਖੀ ਕਵਿਤਾ ਅਤੇ ਅੱਜ ਦੀ ਲਿਖੀ ਜਾ ਰਹੀ ਕਵਿਤਾ ਦੇ ਰੂਪ ਵਿੱਚ ਕੋਈ ਤਬਦੀਲੀ ਜੇ ਆਈ ਹੈ ਤਾਂ ਕਿਹੜੀ?

: ਮੇਰੇ ਸਾਹਿਤਕ ਜੀਵਨ ਦੇ ਸੱਤ ਦਹਾਕਿਆਂ ਵਿੱਚ ਕਵਿਤਾ ਦੇ ਰੂਪ ਵਿੱਚ ਵੰਨ-ਸੁਵੰਨਤਾ ਆਉਣੀ ਕੁਦਰਤੀ ਸੀ। ਮੈਨੂੰ ਲੱਗਦਾ ਕਿ ਹੁਣ ਤੁਕਾਂਤ ਅਤੇ ਲੈਅ ਭਰੀ ਕਵਿਤਾ ਅੱਗੇ ਨਾਲੋਂ ਨਿਸਬਤ ਘੱਟ ਲਿਖੀ ਜਾ ਰਹੀ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਜਿਹੀ ਰਚਨਾ ਕਰਨ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ। ਸੋ ਅੱਜ ਕੱਲ੍ਹ ਤਾਂ ਸਪਾਟ ਵਾਰਤਕ ਨੂੰ ਹੀ ਤੋੜ ਭੰਨ ਤਿੰਨ ਸਤਰਾਂ ਵਿੱਚ ਲਿਖ ਕੇ ਕਵਿਤਾ ਦਾ ਨਾਂ ਦੇ ਦਿੱਤਾ ਜਾਂਦਾ ਹੈ। ਮੇਰਾ ਖ਼ਿਆਲ ਹੈ ਕਿ ਅਜਿਹੀ ਰਚਨਾ ਨੂੰ ਤਾਂ ਹੀ ਕਵਿਤਾ ਕਿਹਾ ਜਾ ਸਕਦਾ ਹੈ, ਜੇ ਉਸ ਵਿੱਚਲੇ ਵਿਚਾਰ ਕਵਿਕ ਢੰਗ ਨਾਲ ਕਹੇ ਗਏ ਹੋਣ। ਮੈਂ ਗ਼ਜ਼ਲਾਂ ਵੀ ਲਿਖੀਆਂ ਹਨ ਅਤੇ ਗੀਤ ਵੀ, ਪਰ ਮੈਂ ਆਪਣੀ ਸਮੁੱਚੀ ਤੁਕਾਂਤ ਰਹਿਤ ਕਵਿਤਾ ਵਿੱਚ ਲੈਅ ਜ਼ਰੂਰ ਕਾਇਮ ਰੱਖੀ ਹੈ। ਮੈਂ ਆਪਣੀ ਤੁਕਾਂਤ ਰਹਿਤ ਕਵਿਤਾ ਵੀ ਗਾ ਕੇ ਪੇਸ਼ ਕੀਤੀ ਹੈ।

? ਰਾਮਪੁਰੀ ਜੀ, ਤੁਹਾਨੂੰ ਕੀ ਲੱਗਦਾ ਕਿ ਕਵਿਤਾ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਤਬਦੀਲੀਆਂ ਲਿਆਉਣ ਦੇ ਸਮਰੱਥ ਹੋ ਸਕਦੀ ਹੈ? ਇੱਕ ਸਾਹਿਤਕਾਰ ਦਾ ਰੋਲ ਕਿਸ ਤਰ੍ਹਾਂ ਮਦਦਗਾਰ ਹੋ ਸਕਦਾ ਹੈ?

: ਸਤਨਾਮ ਜੀ, ਬਿਲਕੁਲ, ਕਵਿਤਾ ਇਹ ਸਾਰੇ ਕਾਰਜ ਕਰ ਸਕਦੀ ਹੈ। ਸਮਾਜਿਕ ਸੰਗਰਾਮ ਵੇਲੇ ਲੋਕ-ਪੱਖ ਭਾਵਨਾਵਾਂ, ਆਸ਼ੇ ਅਤੇ ਉਤਸ਼ਾਹ ਭਰੀਆਂ ਰਚਨਾਵਾਂ ਲਿਖ ਬੋਲ ਕੇ ਕਵੀ ਸੰਗਰਾਮ ਵਿੱਚ ਆਪਣਾ ਹਿੱਸਾ ਪਾ ਸਕਦਾ ਹੈ ਅਤੇ ਮੰਜ਼ਲ ਤੱਕ ਪਹੁੰਚਣ ਵਿੱਚ ਸਹਾਈ ਹੋ ਸਕਦਾ ਹੈ। ਗ਼ਦਰੀਆਂ ਦੀ ਕਵਿਤਾ ਇਸ ਦਾ ਜਿਉਂਦਾ ਜਾਗਦਾ ਸਬੂਤ ਤੁਹਾਡੇ ਸਾਹਮਣੇ ਹੈ।

? ਤੁਸੀਂ ਦੇਸ਼ ਦੀ ਵੰਡ ਦਾ ਦੁਖ਼ਾਂਤ ਅੱਖੀਂ ਦੇਖਿਆ। ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਇਹ ਸਭ ਫਿਰਕੂ, ਧਾਰਮਿਕ ਕੱਟੜਤਾ ਦਾ ਨਤੀਜਾ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਇੰਨੇ ਸਮੇਂ ਬਾਅਦ ਅਤੇ ਵਿੱਦਿਆ ਦੇ ਪਸਾਰ ਨਾਲ ਲੋਕਾਂ ਦੀ ਮਾਨਸਿਕਤਾ ਵਿੱਚ ਕੋਈ ਤਬਦੀਲੀ ਆਈ ਹੈ?

: ਮੈਂ ਭਾਰਤ ਦੀ ਵੰਡ ਸਮੇਂ ਲੱਖਾਂ ਲੋਕਾਂ ਦੇ ਉਜਾੜੇ ਨੂੰ ਦੇਖਿਆ ਹੈ। ਵਾਘੇ ਦੇ ਦੋਵੇਂ ਪਾਸੇ ਅਣਗਿਣਤ ਲੋਕਾਂ ਦੇ ਕਤਲ ਹੋਣ, ਅਤੇ ਹੋਰ ਜ਼ੁਲਮ ਸਹਿਣ ਵਾਲੇ ਨਤੀਜੇ ਦੇਖੇ ਨੇ। ਮਨੁੱਖਤਾ ਦਾ ਘਾਣ ਹੁੰਦਾ ਦੇਖਿਆ ਤੇ ਜਾਣਿਆ ਹੈ। ਇਸ ਬਾਰੇ ਲਿਖਿਆ ਹੈ, ਪੜ੍ਹਿਆ ਹੈ। ਨਾਲ ਦੀ ਨਾਲ ਦੋਹੀਂ ਪਾਸੀ ਚੰਗੇ ਲੋਕਾਂ ਨੇ ਆਪਣੇ ਗੁਆਢੀਆਂ ਨੂੰ ਬਚਾਇਆ ਵੀ ਹੈ। ਕਈ ਵਾਰ ਤਾਂ ਇਨ੍ਹਾਂ ਚੰਗੇ ਇਨਸਾਨਾਂ ਨੂੰ ਆਪਣੀ ਕੁਰਬਾਨੀ ਵੀ ਦੇਣੀ ਪਈ ਹੈ। ਸੰਨ 1947 ਤੋਂ ਲੈ ਕੇ ਹੁਣ ਤੱਕ ਲੰਘੇ ਸਮੇਂ ਵਿੱਚ ਭਾਵੇਂ ਸਾਇੰਸ, ਵਿੱਦਿਆ, ਟੈਕਨੌਲੋਜੀ, ਫ਼ਲਸਫ਼ੇ ਬਾਰੇ ਬੜੀ ਤਰੱਕੀ ਹੋਈ ਹੈ ਪਰ ਇਸ ਜਹਾਨ ਦੇ ਸੱਤ ਅਰਬ ਲੋਕਾਂ ਦੇ ਬਹੁਤ ਵੱਡੇ ਹਿੱਸੇ ਵਿੱਚ ਧਾਰਮਿਕ ਕੱਟੜਤਾ ਵਧੀ ਹੈ, ਜਿਸ ਦੇ ਨਤੀਜੇ ਵਜੋਂ ਲਗਾਤਾਰ ਮਾਨੁੱਖਤਾ ਦਾ ਘਾਣ ਹੋਇਆ। ਤੁਸੀਂ ਦੇਖ ਰਹੇ ਹੋ ਬੇਲੋੜੀਆਂ ਲਾਮਾਂ ਲੱਗੀਆਂ ਰਹੀਆਂ ਹਨ। ਕੌਮੀ ਤਣਾ ਵਧੇ ਹਨ। ਉਂਝ ਵੀ ਬਹੁਤ ਸਾਰੇ ਨਿਰਦੋਸ਼ਾਂ ਦਾ ਲਹੂ ਵਹਿ ਰਿਹਾ ਹੈ।

? ਆਉ ਕੁਝ ਗੱਲ ਤੁਹਾਡੇ ਸਾਹਿਤਕ ਸੰਬੰਧਾਂ ਬਾਰੇ ਵੀ ਕਰ ਲਈਏ। ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਸਾਹਿਤਕਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਤੁਸੀਂ ਆਪਣੀਆਂ ਸਾਹਿਤਕ ਦੋਸਤੀਆਂ ਤੇ ਦੁਸ਼ਮਣੀਆਂ ਬਾਰੇ ਕੁਝ ਦੱਸੋ?

: ਦੇਖੋ ਗੱਲ ਇਹ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਸਾਹਿਤਕਾਰਾਂ ਨੂੰ ਮਿਲਿਆ ਹਾਂ ਤੇ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਲਈ ਵੀ ਮਿਲਿਆ। ਪਹਿਲਾਂ ਮੈਂ ਆਪਣੇ ਕਿਸੇ ਦੋਸਤ ਕੋਲੋਂ ਪ੍ਰੀਤਲੜੀ ਦੇ ਪੁਰਾਣੇ ਪਰਚੇ ਲੈ ਕੇ ਸ. ਗੁਰਬਖਸ਼ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਿਆ। ਉਹਦੇ ਵਿੱਚੋਂ ਕਾਫੀ ਲਿਖਤਾਂ ਵੱਡੇ ਲੋਕਾਂ ਬਾਰੇ ਪੜ੍ਹਨ ਨੂੰ ਲੱਭੀਆਂ। ਫਿਰ ਸਮਝ ਲੱਗੀ ਕਿ ਕਿਵੇਂ ਚੰਗਾ ਪੜ੍ਹਿਆ ਜਾ ਸਕਦਾ ਹੈ ਤੇ ਕਿਵੇਂ ਚੰਗਾ ਲਿਖਿਆ ਜਾ ਸਕਦਾ ਹੈ। ਮੈਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਹਾਂ ਕਿ ਮੈਨੂੰ ਮੇਰੀ ਨਜ਼ਮ ਕਰਕੇ ਸ. ਗੁਰਬਖਸ਼ ਸਿੰਘ, ਪ੍ਰੋ. ਮੋਹਣ ਸਿੰਘ, ਅੰਮ੍ਰਿਤਾ ਪ੍ਰੀਤਮ, ਨਵਤੇਜ ਸਿੰਘ, ਬਲਬੰਤ ਗਾਰਗੀ, ਰਾਜਿੰਦਰ ਸਿੰਘ ਬੇਦੀ, ਕੁਲਵੰਤ ਸਿੰਘ ਵਿਰਕ, ਪ੍ਰਭਜੋਤ ਕੌਰ, ਨਰਿੰਦਰਪਾਲ ਸਿੰਘ ਤੇ ਹੋਰ ਵੀ ਬਹੁਤ ਸਾਰੇ ਲਿਖਾਰੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਇਹ ਮੇਰੇ ਲਈ ਬੜੀ ਖੁਸ਼ੀ ਅਤੇ ਪ੍ਰਾਪਤੀ ਵਾਲੀ ਗੱਲ ਹੈ। ਉਨ੍ਹਾਂ ਸਾਰਿਆਂ ਤੋਂ ਮੈਂ ਬਹੁਤ ਕੁਝ ਸਿੱਖਿਆ ਵੀ। ਉਹ ਸਾਰੇ ਚੰਗੇ ਦੋਸਤ ਵੀ ਬਣੇ। ਦੁਸ਼ਮਣੀ ਦੀ ਗੱਲ, ਜਿੱਥੇ ਤਕ ਮੈਂ ਸਮਝਦਾ ਹਾਂ ਕਿ ਮੈਂ ਤਾਂ ਆਪਣੇ ਵੱਲੋਂ ਕਿਸੇ ਨਾਲ ਦੁਸ਼ਮਣੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਹੋ ਸਕਦਾ ਕੁਝ ਲੋਕਾਂ ਦੇ ਮਨ ਵਿੱਚ ਪੱਖਪਾਤੀ ਵਿਚਾਰ ਹੋਣ। ਪਰ ਮੈਂ ਕਦੇ ਕਿਸੇ ਇਹੋ ਜਿਹੇ ਵਿਚਾਰਾਂ ਵਾਲੇ ਲੋਕਾਂ ਨੂੰ ਦੁਸ਼ਮਣ ਨਹੀਂ ਸਮਝਿਆ। ਮੈਂ ਇਨ੍ਹਾਂ ਸਾਰਿਆਂ ਨੂੰ ਬਹੁਤ ਆਦਰ ਸਤਿਕਾਰ ਨਾਲ ਸੁਣਦਾ ਹਾਂ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਕਿ ਕੋਈ ਵੀ ਇਨਸਾਨ, ਇੱਥੋਂ ਤਕ ਕਿ ਕੋਈ ਬੱਚਾ ਵੀ ਤੁਹਾਨੂੰ ਸਵਾਲ ਕਰਕੇ ਕਿਸੇ ਨਵੇਂ ਰਾਹ ਪਾ ਸਕਦਾ ਹੈ। ਦੁਸ਼ਮਣੀ ਦੀ ਗੱਲ ਬਾਰੇ ਜਿਸ ਤਰ੍ਹਾਂ ਕਿਸੇ ਨੇ ਕਿਹਾ ਵੀ ਹੈ: “ਮੈਨੂੰ ਤਾਂ ਦੋਸਤੀ ਤੋਂ ਹੀ ਵਿਹਲ ਨਹੀਂ, ਦੁਸ਼ਮਣੀ ਕਰਨ ਲਈ ਸਮਾਂ ਕਿਸ ਕੋਲ ਹੈ?”

? ਤੁਹਾਡੀਆਂ ਕੁਝ ਕਵਿਤਾਵਾਂ ਦਾ ਰੂਸੀ ਵਿੱਚ ਵੀ ਅਨੁਵਾਦ ਹੋਇਆ ਹੈ। ਉਹ ਕਦੋਂ ਤੇ ਕਿਸ ਨੇ ਕੀਤਾ, ਤੁਹਾਡੀਆਂ ਕਵਿਤਾਵਾਂ ਦਾ ਰੂਸੀ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਬੋਲੀ ਵਿੱਚ ਅਨੁਵਾਦ ਹੋਇਆ?

: ਮੇਰੀ ਪਹਿਲੀ ਕਿਤਾਬ “ਕਣਕਾਂ ਦੀ ਖ਼ੁਸ਼ਬੋ” ਸੰਨ 1953 ਵਿੱਚ ਛਪੀ ਸੀ। ਉਨ੍ਹੀਂ ਦਿਨੀਂ ਰੂਸੀ ਕਲਚਰਲ ਡੈਲੀਗੇਸ਼ਨ ਭਾਰਤ ਦੇ ਦੌਰੇ ’ਤੇ ਆਇਆ ਤਾਂ ਮੈਂ ਆਪਣੀ ਕਿਤਾਬ ਦੀਆਂ ਦੋ ਕਾਪੀਆਂ ਡਾਕ ਵਿੱਚ ਰੂਸੀ ਅੰਬੈਸੀ ਰਾਹੀਂ ਡੈਲੀਗੇਸ਼ਨ ਨੂੰ ਭੇਜ ਦਿਤੀਆਂ। ਇੱਕ ਕਾਪੀ ਮਾਸਕੋ ਨੈਸ਼ਨਲ ਲਾਇਬਰੇਰੀ ਤੇ ਇੱਕ ਕਾਪੀ ਲੈਨਿਨ ਗਾਰਡ ਯੂਨੀਵਰਸਟੀ ਵਿੱਚ ਪਹੁੰਚ ਗਈ। ਲੈਨਿਨ ਗਾਰਡ ਯੂਨੀਵਰਸਿਟੀ ਤੋਂ ਲੈ ਕੇ ਮੇਰੀ ਕਿਤਾਬ ਨਤਾਸ਼ਾ ਟਾਲਸਤਾਈਆ ਨੇ ਪੜ੍ਹੀ। ਉਹ ਸਕਾਲਰ ਹਿੰਦੁਸਤਾਨ ਦੀਆਂ ਕਈ ਬੋਲੀਆਂ ਜਾਣਦੀ ਹੈ, ਜਿਵੇਂ: ਹਿੰਦੀ, ਪੰਜਾਬੀ, ਉਰਦੂ ਅਤੇ ਬੰਗਾਲੀ। ਪੰਜਾਬੀ ਵਿੱਚ ਤਾਂ ਉਹ ਲਿਖਦੀ ਵੀ ਹੈ। ਉਹਨੇ ਮੇਰੀਆਂ ਕਵਿਤਾਵਾਂ ਦਾ ਅਨੁਵਾਦ ਕੀਤਾ ਸੀ। ਉਹਨੇ ਚਾਰ ਹੋਰ ਭਾਰਤੀ ਕਵੀਆਂ ਜਿਹੜੇ ਉਸ ਸਮੇਂ ਦੇ ਮੰਨੇ ਪ੍ਰਮੰਨੇ ਜੀਵਤ ਕਵੀ ਸਨ, ਉਨ੍ਹਾਂ ਦੀਆਂ ਕਵਿਤਾਵਾਂ ਦਾ ਵੀ ਅਨੁਵਾਦ ਕੀਤਾ। ਭਾਈ ਵੀਰ ਸਿੰਘ, ਪ੍ਰੋਫੈਸਰ ਮੋਹਣ ਸਿੰਘ, ਧਨੀ ਰਾਮ ਚਾਤ੍ਰਿਕ ਤੇ ਅੰਮ੍ਰਿਤਾ ਪ੍ਰੀਤਮ। ਉਨ੍ਹਾਂ ਵਿੱਚੋਂ ਮੈਂ ਸਭ ਤੋਂ ਘੱਟ ਲਿਖਣ ਵਾਲਾ ਤੇ ਸਭ ਤੋਂ ਛੋਟੀ ਉਮਰ ਦਾ ਸੀ। “ਕਣਕਾਂ ਦੀ ਖ਼ੁਸ਼ਬੋ” ਵਿੱਚੋਂ ਬਾਰਾਂ ਕਵਿਤਾਵਾਂ ਦਾ ਰੂਸੀ ਵਿੱਚ ਅਨੁਵਾਦ ਛਾਪਿਆ। ਰੂਸੀ ਬੋਲੀ ਵਿੱਚ ਉਸ ਕਿਤਾਬ ਦਾ ਨਾਉ “ਪੰਜਾਬੀ ਕਵੀਆਂ ਦੀ ਕਵਿਤਾ” ਸੀ।  ਇਹ 1957 ਵਿੱਚ ਸਟੇਟ ਪਬਲਿਸ਼ਰ ਹਾਊਸ ਨੇ ਛਾਪੀ। ਉਸ ਕਿਤਾਬ ਦੀ ਕਾਪੀ ਨਤਾਸ਼ਾ ਨੇ ਨਵਤੇਜ ਹੱਥੀਂ ਮੈਨੂੰ ਭੇਜੀ। ਰੂਸੀ ਮੈਨੂੰ ਆਉਂਦੀ ਨਹੀਂ ਸੀ। ਮੈਂ ਨਵਤੇਜ ਨੂੰ ਕਿਹਾ ਕਿ ਮੈਨੂੰ ਘੱਟੋ ਘੱਟ ਇਹ ਤਾਂ ਦੱਸ ਦਿਉ ਕਿ ਇਨ੍ਹਾਂ ਵਿੱਚ ਮੇਰੀਆਂ ਨਜ਼ਮਾਂ ਕਿਹੜੀਆਂ ਨੇ? ਨਵਤੇਜ ਨੇ ਰੂਸੀ ਅੱਖਰ ਹੌਲ਼ੀ ਹੌਲ਼ੀ ਮੁਸ਼ਕਲ ਨਾਲ ਉਠਾਲ ਕੇ ਪੜ੍ਹੇ ਤੇ ਨਿਸ਼ਾਨੀਆਂ ਲਾ ਦਿੱਤੀਆਂ।

ਉਸ ਅਨੁਵਾਦ ਨੇ ਮੈਨੂੰ ਬੜਾ ਉਤਸ਼ਾਹ ਦਿੱਤਾ। ਉਸ ਸਮੇਂ ਦੇ ਮਹਾਂਰਥੀਆਂ ਦੀ ਕਤਾਰ ਵਿੱਚ ਖੜ੍ਹਾ ਹੋ ਕੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ। ਇਸੇ ਤਰ੍ਹਾਂ ਮੇਰੀਆਂ ਕਵਿਤਾਵਾਂ ਦੇ ਅਨੁਵਾਦ ਹੋਰ ਬੋਲੀਆਂ ਵਿੱਚ ਵੀ ਹੋਏ, ਜਿਸ ਤਰ੍ਹਾਂ ਅੰਗਰੇਜ਼ੀ ਵਿੱਚ ਅਨੁਵਾਦ ਸੰਤ ਸਿੰਘ ਸੇਖੋਂ, ਸੁਰਜੀਤ ਕਲਸੀ, ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ ਨੇ ਕੀਤੇ। ਇਨ੍ਹਾਂ ਤੋਂ ਇਲਾਵਾ ਅਮਰੀਕਾ ਵਿੱਚ ਡਾ. ਅਮ੍ਰਿਤਜੀਤ ਸਿੰਘ ਨੇ ਇੱਕ ਹੋਰ ਅਮਰੀਕਨ ਕਵਿੱਤਰੀ ਜੂਡੀ ਰੇਅ ਨਾਲ ਰਲ ਕੇ ਅਨੇਕਾਂ ਕਵਿਤਾਵਾਂ ਦਾ ਅਨੁਵਾਦ ਕੀਤਾ ਹੈ, ਜੋ ਸਮੇਂ-ਸਮੇਂ ਅੰਗਰੇਜ਼ੀ ਰਸਾਲਿਆਂ ਵਿੱਚ ਛਪਿਆ ਹੈ। ਉਹ ਅਜੇ ਹੋਰ ਵੀ ਕਰ ਰਹੇ ਹਨ। ਹਿੰਦੀ ਵਿੱਚ ਮੇਰੀਆਂ ਕਵਿਤਾਵਾਂ ਦਾ ਅਨੁਵਾਦ ਡਾ. ਯੋਗੇਂਦਰ ਬਖ਼ਸ਼ੀ, ਜਿਹੜੇ ਪਟਿਆਲਾ ਯੂਨੀਵਰਸਟੀ ਵਿੱਚ ਹੈੱਡ ਆਫ ਦੀ ਡਿਪਾਰਟਮੈਂਟ ਹੁੰਦੇ ਸੀ, ਹੋਰਾਂ ਕੀਤਾ ਅਤੇ ਇਸ ਹਿੰਦੀ ਦੀ ਕਿਤਾਬ ਦਾ ਨਾਂ ਸੀ, “ਪਾਰੇ ਕਾ ਨਗਰ”, ਜਿਸ ਨੂੰ ਚੇਤਨਾ ਪ੍ਰਕਾਸ਼ਨ ਨੇ ਛਾਪਿਆ। ਇਸ ਤੋਂ ਬਿਨਾਂ ਸੰਨ 1960 ਵਿੱਚ ਟਰਾਂਟੋ ਤੋਂ ਡਾ. ਸਟੀਫਨ ਗਿੱਲ ਹੋਰਾਂ ਨੇ ਇੱਕ ਕਿਤਾਬ ਛਾਪੀ, ਜਿਸ ਵਿੱਚ ਸਾਊਥ ਏਸ਼ੀਅਨ ਕਵੀਆਂ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਉਸ ਦਾ ਨਾਉਂ ਸੀ, “ਗਰੀਨ ਸਨੋ” ਉਹਦੇ ਵਿੱਚ ਕੁਝ ਅਨੁਵਾਦ ਜਿਹੜੇ ਅੰਗਰੇਜ਼ੀ ਵਿੱਚ ਕੀਤੇ ਹੋਏ ਸੀ, ਛਪੇ ਸਨ। ਮੈਂ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਸ਼ਾਹਮੁਖੀ ਲਿੱਪੀ ਵਿੱਚ ਲਾਹੌਰ ਤੋਂ ਛਪਵਾਇਆ ਜਿਹੜੇ ਲੋਕ ਗੁਰਮੁਖੀ ਨਹੀਂ ਜਾਣਦੇ, ਉਨ੍ਹਾਂ ਲਈ, ਖ਼ਾਸ ਕਰਕੇ ਲਹਿੰਦੇ ਪੰਜਾਬ ਦੇ ਭਰਾਵਾਂ ਲਈ। ਉਸ ਦਾ ਨਾਂ ਹੈ, “ਸਾਂਝਾ ਅਸਮਾਨ” ਉਸ ਦਾ ਬਹੁਤ ਅੱਛਾ ਹੁੰਗਾਰਾ ਮਿਲਿਆ ਹੈ।

? ਅਨੁਵਾਦ ਦੀ ਗੱਲ ਤੋਂ ਇੱਕ ਹੋਰ ਸਵਾਲ ਮਨ ਵਿੱਚ ਆਉਂਦਾ ਹੈ ਕਿ ਇੱਕ ਕਵੀ, ਕਵਿਤਾ ਆਪਣੀ ਮਾਂ ਬੋਲੀ ਵਿੱਚ ਲਿਖਦਾ ਹੈ। ਜਦੋਂ ਉਹੀ ਰਚਨਾ ਕਿਸੇ ਹੋਰ ਬੋਲੀ ਵਿੱਚ ਅਨੁਵਾਦ ਕੀਤੀ ਜਾਂਦੀ ਹੈ, ਕੀ ਕਵਿਤਾ ਦੀ ਉਹੀ ਖ਼ੂਬਸੂਰਤੀ ਦੂਸਰੀ ਬੋਲੀ ਦੇ ਪਾਠਕਾਂ ਤਕ ਪਹੁੰਚਦੀ ਹੈ?

: ਮੈਂ ਸਮਝਦਾ ਹਾਂ ਕਿ ਉਹ ਖ਼ੂਬਸੂਰਤੀ ਪੂਰੀ ਤਰ੍ਹਾਂ ਨਾਲ ਨਹੀਂ ਪਹੁੰਚ ਸਕਦੀਹਾਂ, ਵਿਚਾਰ ਜ਼ਰੂਰ ਪਹੁੰਚ ਜਾਂਦੇ ਹਨ। ਉਹੀ ਖ਼ੂਬਸੂਰਤੀ ਕਾਇਮ ਰੱਖਣੀ ਬੜੀ ਔਖੀ ਹੈ, ਕਿਉਂਕਿ ਹਰੇਕ ਬੋਲੀ ਦੀ ਆਪਣੀ ਖ਼ੂਬਸੂਰਤੀ ਹੈ, ਉਹਦੀ ਆਪਣੀ ਲੈਅ ਅਤੇ ਕਾਫ਼ੀਆ ਰਦੀਫ਼ ਹੈ। ਜਿਹੜਾ ਦੂਸਰੀ ਬੋਲੀ ਵਿੱਚ ਬਿਲਕੁਲ ਨਾ-ਮੁਮਕਿਨ ਹੈ। ਵੈਸੇ ਤਾਂ ਕਹਿੰਦੇ ਹਨ ਕਿ ਅਨੁਵਾਦ ਅਸਲ ਵਿੱਚ ਫੇਲ੍ਹ ਹੋਣ ਦੀ ਕਲਾ ਹੈ। ਤੁਹਾਡੀ ਕਾਮਯਾਬੀ ਇਸ ਵਿੱਚ ਹੈ ਕਿ ਤੁਸੀਂ ਫੇਲ੍ਹ ਕਿੰਨਾ ਘੱਟ ਹੁੰਦੇ ਹੋ। ਦੇਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਕਿੰਨੀ ਕੁ ਖ਼ੂਬਸੂਰਤੀ ਨਾਲ ਵਿਚਾਰਾਂ ਨੂੰ ਸਹੀ ਰੱਖ ਸਕੇ ਹੋ। ਹੱਦ-ਬੰਦੀਆਂ ਦੇ ਹੁੰਦਿਆਂ ਤੁਸੀਂ ਉਹੀ ਵਿਚਾਰ ਵਧੀਆ ਤਰੀਕੇ ਨਾਲ ਪੇਸ਼ ਕਰਕੇ ਲੋਕਾਂ ਤੱਕ ਪਹੁੰਚਾ ਸਕੋ, ਇਹੋ ਹੀ ਤੁਹਾਡੀ ਕਾਮਯਾਬੀ ਹੈ। ਅੱਜ ਦੇ ਯੁੱਗ ਵਿੱਚ ਅਨੁਵਾਦ ਦੀ ਬੜੀ ਲੋੜ ਹੈ ਕਿਉਂਕਿ ਹੋਰ ਬੋਲੀਆਂ ਵਿੱਚ ਵੀ ਬੜਾ ਕੁਝ ਲਿਖਿਆ ਪਿਆ ਹੈ, ਜਿਹੜਾ ਦੂਸਰੇ ਲੋਕਾਂ ਨਾਲ ਸਾਂਝਾ ਕਰਨ ਯੋਗ ਹੈ, ਜੋ ਦੂਜਿਆਂ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਨਹੀਂ ਤਾਂ ਉਹ ਇੱਕ ਦਾਇਰੇ ਵਿੱਚ ਹੀ ਸੁੰਗੜ ਕੇ ਹੀ ਰਹਿ ਜਾਵੇਗਾ।

? ਤੁਸੀਂ ਕੈਨੇਡਾ ਵਿੱਚ ਕਾਫੀ ਦੇਰ ਤੋਂ ਰਹਿ ਰਹੇ ਹੋ, ਕੀ ਕਦੀ ਕੈਨੇਡਾ ਰਹਿੰਦਿਆਂ ਤੁਹਾਨੂੰ ਨਸਲੀ ਵਿਤਕਰਾ ਵੀ ਭੋਗਣਾ ਪਿਆ?

: ਤੁਸੀਂ ਇਹ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਕੀਤਾ ਹੈ, ਖ਼ੁਸ਼ਕਿਸਮਤੀ ਨਾਲ ਮੈਨੂੰ ਵਿਤਕਰੇ ਦਾ ਕੋਈ ਸਿੱਧਾ ਅਨੁਭਵ ਭੋਗਣਾ ਨਹੀਂ ਪਿਆ। ਕਿਧਰੇ ਦੋ ਤਿੰਨ ਐਸੇ ਮੌਕੇ ਹੋਣਗੇ, ਜਦ ਕਦੇ ਕਿਧਰੇ ਕੋਈ ਕਿਸੇ ਚੁੱਭਦਾ ਬੋਲ ਕਹਿ ਦਿੱਤਾ ਹੋਵੇ। ਪਰ ਹੈ ਇਹ ਇਤਫ਼ਾਕ ਦੀ ਗੱਲ ਹੀ ਮੈਂ ਕਹਾਂਗਾ। ਉਂਝ ਹੋਰ ਬਹੁਤ ਲੋਕਾਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਹੈ। ਮੈਨੂੰ ਆਉਂਦਿਆਂ ਹੀ ਚੰਗਾ ਮਾਹੌਲ ਮਿਲ ਗਿਆ। ਕੈਨੇਡਾ ਆਉਣ ਤੋਂ ਪੰਦਰਾਂ ਦਿਨਾਂ ਬਾਅਦ ਨੌਕਰੀ ਮਿਲ ਗਈ ਤੇ ਉਨ੍ਹਾਂ ਲੋਕਾਂ ਨਾਲ ਵਾਹ ਪਿਆ, ਜਿਹੜੇ ਸਿਆਣੇ ਲੋਕ ਸੀ। ਇਹ ਇਤਫਾਕ ਦੀ ਗੱਲ ਹੈ। ਮੇਰੀ ਆਪਣੀ ਵਡਿਆਈ ਦੀ ਕੋਈ ਗੱਲ ਨਹੀਂ। ਮੈਂ ਕਹੂੰਗਾ ਕਿ ਇਹ ਉਨ੍ਹਾਂ ਲੋਕਾਂ ਦੀ ਚੰਗਿਆਈ ਦੀ ਗੱਲ ਹੈ ਜਾਂ ਐਸੇ ਮੌਕੇ ਨਾ ਮਿਲਣ ਦੀ ਗੱਲ ਹੈ, ਜੀਹਦੇ ਵਿੱਚ ਤੁਹਾਨੂੰ ਕੋਈ ਮਾੜਾ ਬੰਦਾ ਮਾੜੇ ਸ਼ਬਦ ਕਹਿ ਕੇ ਜਾਂ ਈਰਖਾ ਕਰਕੇ ਨੀਵਾਂ ਦਿਖਾਵੇ।

ਪਰ ਇਹਦੇ ਨਾਲ ਹੀ ਜਿਹੜਾ ਬਾਕੀ ਲੋਕਾਂ ਨਾਲ ਵਿਤਕਰਾ ਹੁੰਦਾ ਹੈ, ਮੈਂ ਉਹਦੀ ਚੀਸ ਵੀ ਮਹਿਸੂਸ ਕੀਤੀ ਹੈ। ਇੱਥੇ ਦੇ ਅਸਲੀ ਵਸਨੀਕ ਨੇਟਿਵ ਇੰਡੀਅਨਾਂ ਨਾਲ ਸਭ ਤੋਂ ਵੱਧ ਵਿਤਕਰਾ ਹੋਇਆ ਹੈ। ਉਨ੍ਹਾਂ ਦੀ ਜ਼ਿੰਦਗੀ ਤਾਂ ਹਰ ਪਹਿਲੂ ਤੋਂ ਤਬਾਹ ਹੋ ਗਈ ਹੈ। ਮੈਂ ਉਨ੍ਹਾਂ ਬਾਰੇ ਇੱਕ ਕਵਿਤਾ ਲਿਖੀ ਹੈ, “ਪ੍ਰਦੇਸੀ” ਜਿਹੜੇ ਲੋਕਾਂ ਨਾਲ ਆਪਣੇ ਦੇਸ਼ ਵਿੱਚ ਹੀ ਪ੍ਰਦੇਸੀਆਂ ਨਾਲੋਂ ਕਈ ਗੁਣਾਂ ਮਾੜਾ ਵਰਤਾਉ ਹੋ ਰਿਹਾ ਹੈ। ਉਸੇ ਨਜ਼ਮ ਦੀ ਇੱਕ ਸਤਰ ਹੈ: “ਹੁਣ ਇਹ ਆਪਣੇ ਵਤਨ ’ਚ ਗੁੰਮਿਆ ਪ੍ਰਦੇਸੀ ਹੈ”ਹੁਣ ਤੁਸੀਂ ਦੇਖ ਰਹੇ ਹੋ ਕਿ ਸਾਡੀ ਬਾਹਰੋਂ ਆਇਆਂ ਦੀ ਜ਼ਿੰਦਗੀ ਚੰਗੇਰੀ ਹੈ, ਪਰ ਨੇਟਿਵ ਇੰਡੀਅਨ ਸ਼ਰਾਬੀ ਤੇ ਗ਼ਰੀਬੀ ਦੀ ਹਾਲਤ ਵਿੱਚ ਰਹਿ ਰਹੇ ਹਨ। ਉਨ੍ਹਾਂ ਦੇ ਬੱਚੇ ਵੇਸਵਾ ਬਣਨ ਲਈ ਮਜ਼ਬੂਰ ਹਨ। ਉਨ੍ਹਾਂ ਦੀ ਜ਼ਿੰਦਗੀ ਬੜੀ ਨਿਰਾਸ਼ ਜ਼ਿੰਦਗੀ ਹੈ। ਮੈਂ ਇਸ ਨਸਲੀ ਵਿਤਕਰੇ ਦਾ ਕੰਡਾ ਮਹਿਸੂਸ ਕੀਤਾ ਤੇ ਉਸ ਪੀੜ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ।

? ਰਾਮਪੁਰੀ ਜੀ, ਇੱਕ ਸਵਾਲ ਪੰਜਾਬੀ ਗੀਤਕਾਰੀ ਬਾਰੇ ਹੈ, ਲੱਚਰ ਗੀਤਾਂ ਦਾ ਮੁਹਾਣ ਕਿਵੇਂ ਸ਼ੁਰੂ ਹੋਇਆ? ਇੱਕ ਕਵੀ ਹੋਣ ਦੇ ਨਾਤੇ ਕੀ ਕਹਿਣਾ ਚਾਹੋਗੇ?

: ਦੇਖੋ, ਹਿੰਦੁਸਤਾਨ, ਖ਼ਾਸ ਕਰਕੇ ਸਾਡੇ ਪੰਜਾਬ ਵਿੱਚ ਬਹੁਤ ਸਾਰੀਆਂ ਗੱਲਾਂ ਤੇ ਸਮਾਜਿਕ ਪਾਬੰਦੀਆਂ ਹਨ। ਸਮਾਜ ਨੇ ਅਨੇਕਾਂ ਗੱਲਾਂ ਵਰਜੀਆਂ ਹੋਈਆਂ ਹਨ। ਸਾਡੀ ਹਿਸਟਰੀ ਹੈ ਕਿ ਅਸੀਂ ਵਿਦੇਸ਼ੀ ਹਾਕਮਾਂ ਦੇ ਜ਼ੁਲਮ ਦਾ ਸ਼ਿਕਾਰ ਰਹੇ ਹਾਂ। ਉਨ੍ਹਾਂ ਦੀਆਂ ਵਧੀਕੀਆਂ ਸਹੀਆਂ ਹਨ। ਔਰਤ ਨੂੰ ਪਰਦੇ ਵਿੱਚ ਰੱਖਿਆ ਗਿਆ। ਸਾਡੇ ਸਮਾਜ ਵਿੱਚ ਖੁੱਲ੍ਹੇ ਆਮ ਮਿਲਣ ਦੀ ਮਾੜੀ ਮੋਟੀ ਇਜ਼ਾਜ਼ਤ ਵੀ ਪਿਛਲੇ ਪੰਜਾਹ ਸਾਲਾਂ ਤੋਂ ਹੀ ਹੋਈ ਹੈ। ਔਰਤਾਂ ਪੜ੍ਹਨ ਲਿਖਣ ਲੱਗੀਆਂ, ਘਰੋਂ ਬਾਹਰ ਨੌਕਰੀ ਕਰਨ ਤੋਂ ਇਲਾਵਾ ਬਹੁਤ ਸਾਰੇ ਵੱਡੇ ਅਹੁਦਿਆਂ ਤੇ ਵੀ ਲੱਗੀਆਂ ਹਨ। ਇਸ ਗੱਲ ਨਾਲ ਫ਼ਰਕ ਤਾਂ ਭਾਵੇਂ ਪਿਆ, ਪਰ ਜਿਹੜੀ ਪੁਰਾਣੇ ਸਮੇਂ ਤੋਂ ਔਰਤ ਨਾਲ ਵਧੀਕੀ ਹੋਈ, ਉਹਨੂੰ ਦਬਾ ਕੇ ਰੱਖਿਆ ਗਿਆ ਹੈ, ਉਹ ਕਾਫੀ ਹੱਦ ਤੱਕ ਅਜੇ ਤੁਰਿਆ ਹੀ ਆ ਰਿਹਾ ਹੈ। ਮੇਰੇ ਖ਼ਿਆਲ ਵਿੱਚ ਔਰਤ ਪ੍ਰਤੀ ਭੋਖੜੇ ਵਿੱਚੋਂ ਨਿਕਲਦੀ ਹੈ, ਗੰਦੀ ਬੋਲੀ; ਉਹਦੇ ਵਿੱਚੋਂ ਹੀ ਗੰਦੇ ਮਾੜੀ ਭਾਵਨਾ ਵਾਲੇ ਗੀਤ ਨਿਕਲਦੇ ਹਨ। ਮੇਰੇ ਖ਼ਿਆਲ ਵਿੱਚ ਇਹ ਵਿਅਕਤੀ ਅੰਦਰ ਦੱਬੀ ਭੁੱਖ ਦਾ ਹੀ ਪ੍ਰਗਟਾਵਾ ਹੈ। ਜਿਹੜੇ ਰਿਸ਼ਤੇ ਸਾਡੇ ਸਮਾਜ ਵਿੱਚ ਕਬੂਲੇ ਨਹੀਂ ਜਾਂਦੇ, ਉਹ ਫੇਰ ਅਸੀਂ ਗੀਤਾਂ ਰਾਹੀਂ ਲਿਖਦੇ, ਸੁਣਦੇ ਹਾਂ। ਉਹ ਵਿਕਦੇ ਵੀ ਹਨ, ਨਾਲ ਦੀ ਨਾਲ ਅਸੀਂ ਉਨ੍ਹਾਂ ਲਿਖਣ ਗਾਉਣ ਵਾਲਿਆਂ ਨੂੰ ਗਾਲ੍ਹਾਂ ਵੀ ਕੱਢੀ ਜਾਂਦੇ ਹਾਂ। ਇਸ ਨੂੰ ਠੱਲ੍ਹਣ ਦਾ ਇੱਕੋ ਇਲਾਜ ਹੈ ਕਿ ਚੰਗੇ ਗੀਤ ਲਿਖੇ ਜਾਣ। ਚੰਗੇ ਗੀਤ ਸੁਣੇ ਜਾਣ। ਤੁਸੀਂ ਦੇਖੋ, ਵਧੀਆ ਗੀਤਕਾਰਾਂ ਦੇ ਗੀਤ ਰਿਕਾਰਡ ਹੋਏ, ਲੋਕਾਂ ਨੇ ਗਾਏ ਤੇ ਵਿਕੇ ਵੀ ਹਨ। ਮੇਰੇ ਕਹਿਣ ਦਾ ਭਾਵ ਹੈ ਕਿ ਦੂਸਰੇ ਦੀ ਲੀਕ ਢਾਹੁਣ ਨਾਲੋਂ ਆਪ ਵੱਡੀ ਲਕੀਰ ਖਿੱਚੋ, ਸੋ ਲੋੜ ਹੈ ਆਪਣੇ ਆਪ ਨੂੰ ਬਦਲਣ ਦੀ। ਜੇਕਰ ਅਸੀਂ ਲੱਚਰ ਨਹੀਂ ਸੁਣਦੇ, ਨਹੀਂ ਪੜ੍ਹਦੇ, ਨਹੀਂ ਖ਼ਰੀਦਦੇ, ਲੱਚਰ ਗੀਤ ਆਪਣੇ ਆਪ ਪੈਦਾ ਹੀ ਨਹੀਂ ਹੋਵੇਗਾ। ਸਾਨੂੰ ਲੋਕਾਂ ਨੂੰ ਇਸ ਤਬਦੀਲੀ ਲਈ ਆਪ ਖੜ੍ਹਨਾ ਪਵੇਗਾ।

? ਤੁਸੀਂ ਆਪਣੇ ਜੀਵਨ ਵਿੱਚ ਵੱਖ-ਵੱਖ ਸਮੇਂ ਵੱਖ-ਵੱਖ ਲਹਿਰਾਂ ਵੇਖੀਆਂ, ਕੀ ਉਹ ਲਹਿਰਾਂ ਸਮੇਂ ਦੀ ਮੰਗ ਸਨ? ਉਨ੍ਹਾਂ ਵਿੱਚੋਂ ਅਸੀਂ ਕੀ, ਖੱਟਿਆ ਕਮਾਇਆ?

: ਮੇਰੀ ਪੀੜ੍ਹੀ ਬੜੇ ਹੋਣੀਆਂ ਭਰੇ ਸਮੇਂ ਵਿੱਚ ਜਿਉਂ ਰਹੀ ਹੈ। ਇਹ ਸਾਡੀ ਖੁਸ਼ਕਿਸਮਤੀ ਹੈ। 1931 ਵਿੱਚ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਨੂੰ ਫਾਂਸੀ ਲਾਇਆ ਗਿਆ। ਉਸ ਤੋਂ ਪਹਿਲਾਂ ਗ਼ਦਰ ਲਹਿਰ ਚੱਲ ਚੁੱਕੀ ਸੀ ਅਤੇ ਉਸ ਦਾ ਅਸਰ ਅਜੇ ਚੱਲ ਰਿਹਾ ਸੀ। ਉਸ ਦੌਰਾਨ ਦੇਸ਼ ਭਗਤ ਲੋਕਾਂ ਨੂੰ ਦੇਖਣ ਸੁਣਨ ਦਾ ਮੌਕਾ ਮਿਲਿਆ। ਸਾਡੇ ’ਤੇ ਬਹੁਤ ਪ੍ਰਭਾਵ ਪਿਆ। ਫੇਰ ਆਜ਼ਾਦੀ ਦਾ ਘੋਲ ਤੇਜ਼ ਹੋਇਆ। ਉਸ ਤੋਂ ਬਾਅਦ ਦੂਜੀ ਵੱਡੀ ਸੰਸਾਰ ਜੰਗ ਹੋਈ, ਜਿਸ ਨਾਲ ਬਰਤਾਨਵੀ ਸਾਮਰਾਜ ਕਮਜ਼ੋਰ ਹੋਇਆ ਤੇ ਸੋਸ਼ਲਿਸਟ ਦੇਸ਼ ਤਕੜੇ ਹੋਏ, ਭਾਵੇਂ ਜੰਗ ਵਿੱਚ ਤਬਾਹੀ ਉਨ੍ਹਾਂ ਦੀ ਵੀ ਬਹੁਤ ਹੋਈ। ਪਰ ਪਿੱਛੋਂ ਤਕੜੇ ਹੋ ਕੇ ਬਰਾਬਰ ਦਾ ਬਲੌਕ ਬਣਿਆ। ਬਾਅਦ ਵਿੱਚ 1942 ਅਤੇ 1946 ਵਿੱਚ ਹਿੰਦੁਸਤਾਨ ਵਿੱਚ ਬਗਾਵਤਾਂ ਹੋਈਆਂ। ਅਖ਼ੀਰ 1947 ਵਿੱਚ ਭਾਰਤ ਆਜ਼ਾਦ ਹੋਇਆ, ਪਰ ਉਦੋਂ ਦੇਸ਼ ਦੀ ਵੰਡ ਹੋਈ ਤਾਂ ਦੁੱਖ ਵੀ ਬਹੁਤ ਹੋਇਆ। ਇਨ੍ਹਾਂ ਸਾਰੀਆਂ ਗੱਲਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਤੇ ਮੈਂ ਲਿਖਿਆ। ਇਸ ਤੋਂ ਬਾਅਦ ਅਮਨ ਲਹਿਰ ਚੱਲੀ, ਉਹਦੇ ਬਾਰੇ ਲਿਖਿਆ। ਇਹ ਸਮਾਂ ਤਬਦੀਲੀ ਦਾ ਸਮਾਂ ਸੀ, ਫੇਰ ਕੋਰੀਆ ਦੀ ਜੰਗ ਹੋਈ, ਅਫ਼ਰੀਕਾ, ਏਸ਼ੀਆ ਦੇ ਮੁਲਕ ਆਜ਼ਾਦ ਹੋਏ।

ਉਸ ਤੋਂ ਬਾਅਦ ਨਵੇਂ ਸਾਮਰਾਜ ਦੇ ਹੱਥਕੰਡੇ ਦੇਖੇ। ਨਵੀਆਂ ਲੋਕ-ਲਹਿਰਾਂ ਵੀ ਚੱਲੀਆਂ। ਉਨ੍ਹਾਂ ਦੇ ਦੁੱਖ, ਸਫਲਤਾਵਾਂ ਅਤੇ ਅਸਫਲਤਾਵਾਂ ਵੀ ਦੇਖੀਆਂ। ਉਨ੍ਹਾਂ ਬਾਰੇ ਕਵਿਤਾਵਾਂ ਲਿਖੀਆਂ। ਤੁਸੀਂ ਦੇਖੋ ਕਿ ਦੁਨੀਆਂ ਪਿਛਲੇ ਪੰਜਾਹ ਸਾਲਾਂ ਵਿੱਚ ਇੰਨੀ ਬਦਲੀ ਹੈ ਕਿ ਪਿਛਲੇ ਪੰਜ ਹਜ਼ਾਰ ਸਾਲਾਂ ਵਿੱਚ ਸ਼ਾਇਦ ਏਨੀ ਤਬਦੀਲੀ ਨਹੀਂ ਸੀ ਆਈ। ਸਾਇੰਸ ਅਤੇ ਟੈਕਨੌਲੋਜੀ ਨੇ ਲੋਕ ਭਲਾਈ ਦੇ ਨਾਲ ਨਾਲ ਤਬਾਹੀ ਵੀ ਬਹੁਤ ਮਚਾਈ ਹੈ। ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਦੋ ਹੋਰ ਲਹਿਰਾਂ ਚੱਲੀਆਂ, ਜਿਨ੍ਹਾਂ ਨੇ ਬਹੁਤ ਨੁਕਸਾਨ ਪਹੁੰਚਾਇਆ। ਨਕਸਲਬਾੜੀ ਲਹਿਰ ਸਮੇਂ ਜਿਹੜੇ ਖੱਬੀ ਸੋਚ ਦੇ ਸਿਆਣੇ ਬੰਦੇ ਸੀ, ਉਨ੍ਹਾਂ ਕੁਰਬਾਨੀ ਤਾਂ ਬਹੁਤ ਕੀਤੀ, ਪਰ ਪ੍ਰਾਪਤੀ ਓਨੀ ਨਹੀਂ ਹੋਈ। ਨਕਸਲਬਾੜੀ ਲਹਿਰ ਵਿੱਚ ਬਹੁਤ ਸਾਰੇ ਸਮਰਥ ਸ਼ਾਇਰ, ਲਿਖਾਰੀ, ਫ਼ਿਲਾਫਰ ਤੇ ਬੁੱਧੀਜੀਵੀ ਸਨ, ਉਹ ਦਲੇਰ ਵੀ ਬਹੁਤ ਸਨ। ਉਨ੍ਹਾਂ ਦੀ ਉਸਾਰੂ ਸੋਚ ਤੇ ਸਖ਼ਸ਼ੀਅਤ ਸਾਡੇ ਕੋਲੋਂ ਸਦਾ ਲਈ ਖੁੱਸ ਗਈ। ਕਿਸੇ ਇੱਕਾ ਦੁੱਕਾ ਭੈੜੇ ਕਿਰਦਾਰ ਦੇ ਸਰਕਾਰੀ ਅਫਸਰ ਜਾਂ ਪੁਲੀਸ ਅਫ਼ਸਰ ਨੂੰ ਮਾਰਨ ਨਾਲ ਤੁਸੀਂ ਭੈੜੇ ਢਾਂਚੇ ਨੂੰ ਨਹੀਂ ਬਦਲ ਸਕਦੇ। ਉਹਦੇ ਨਾਲ ਹੁੰਦਾ ਇਹ ਹੈ ਕਿ ਮੌਕੇ ਦੀਆਂ ਸਰਕਾਰਾਂ ਦਾ ਆਮ ਲੋਕਾਂ ਉੱਤੇ ਤਸ਼ੱਦਦ ਵਧ ਜਾਂਦਾ ਹੈ ਤਾਂ ਕਿ ਸਰਕਾਰੀ ਦਹਿਸ਼ਤ ਨਾਲ ਆਮ ਲੋਕਾਂ ਨੂੰ ਡਰਾਇਆ ਜਾ ਸਕੇ। ਤੁਸੀਂ ਦੇਖੋ, ਆਜ਼ਾਦੀ ਦੇ ਘੋਲ ਵੇਲੇ ਭਗਤ ਸਿੰਘ ਹੋਰਾਂ ਨੂੰ ਫਾਂਸੀ ਨਾ ਚਾੜ੍ਹਿਆ ਹੁੰਦਾ ਤਾਂ ਸ਼ਾਇਦ ਆਪਣੇ ਦੇਸ਼ ਦੀ ਹਾਲਤ ਕੁਝ ਹੋਰ ਹੁੰਦੀ।

ਇਸੇ ਤਰ੍ਹਾਂ ਖਾਲ਼ਿਸਤਾਨੀ ਲਹਿਰ ਵੀ ਐਸੀ ਲਹਿਰ ਸੀ, ਜਿਸ ਨਾਲ ਸਰਕਾਰ ਨੂੰ 1975 ਵਿੱਚ ਲਾਈ ਐਮਰਜੈਂਸੀ ਮੌਕੇ ਅਕਾਲੀਆਂ ਵੱਲੋਂ ਕੀਤੇ ਵਿਰੋਧ ਦਾ ਬਦਲਾ ਲੈਣ ਲਈ ਲੋਕਾਂ ’ਤੇ ਤਸ਼ੱਦਦ ਕਰਨ ਦਾ ਮੌਕਾ ਮਿਲ਼ ਗਿਆ। ਜਿਸ ਦੀ ਆਮ ਤੇ ਨਿਰਦੋਸ਼ ਲੋਕਾਂ ਨੂੰ ਬਹੁਤ ਭਾਰੀ ਕੀਮਤ ਦੇਣੀ ਪਈ। ਅਸੀਂ ਜੋ ਵਿਦੇਸ਼ਾਂ ਵਿੱਚ ਬੈਠੇ ਹਾਂ, ਸਾਨੂੰ ਇੱਥੇ ਵੀ ਉਸ ਅੱਗ ਦਾ ਸੇਕ ਲੱਗਾ। ਇੱਥੇ ਵੀ ਲੋਕਾਂ ’ਤੇ ਜਾਨੀ ਹਮਲੇ ਹੋਏ। ਮੇਰੇ ’ਤੇ ਵੀ ਹਮਲਾ ਹੋਇਆ, ਪਰ ਮੈਂ ਉਨ੍ਹਾਂ ਲੋਕਾਂ ਨੂੰ ਭੁੱਲੜ ਸਮਝਦਾ ਹਾਂ, ਜਿਨ੍ਹਾਂ ਨੇ ਅਸਲੀ ਦੁਸ਼ਮਣ ਨੂੰ ਨਾ ਪਹਿਚਾਣ ਕੇ ਆਮ ਲੋਕਾਂ ’ਤੇ ਹਮਲੇ ਕੀਤੇ। ਮੈਂ ਤਾਂ ਆਪਣੇ ਸਮਾਜ ਦਾ, ਆਪਣੀ ਕਮਿਉਨਿਟੀ ਦਾ ਸਨੇਹੀ ਹਾਂ। ਜੇਕਰ ਮੈਨੂੰ ਕੋਈ ਬੇਲੋੜਾ ਹੀ ਦੁਸ਼ਮਣ ਸਮਝਣ ਲੱਗ ਪਵੇ ਤਾਂ ਮੈਂ ਉਸ ਨੂੰ ਭੁੱਲੜ ਹੀ ਕਹਾਂਗਾ, ਵੈਰੀ ਨਹੀਂ। ਇਸ ਨਾਲ ਸਾਡਾ ਐਨਾ ਨੁਕਸਾਨ ਹੋਇਆ ਕਿ ਹਜ਼ਾਰਾਂ ਹੀ ਨਿਰਦੋਸ਼ ਲੋਕ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮਾਰੇ ਗਏ। ਫੇਰ 329 ਲੋਕ ਏਅਰ ਇੰਡੀਆ ਦੇ ਜਹਾਜ ਵਿੱਚ ਮਾਰੇ ਗਏ। ਇਸ ਲਹਿਰ ਦੌਰਾਨ ਪੰਜਾਬ ਦਾ ਬੁਰੀ ਤਰ੍ਹਾਂ ਉਜਾੜਾ ਹੋਇਆ। ਪੰਜਾਬ ਲਗਪਗ ਕੰਗਾਲ ਤੇ ਕਰਜ਼ਾਈ ਹੋ ਗਿਆ। ਪੰਜਾਬ ਦੀ ਭੋਲੀ ਭਾਲੀ ਜਵਾਨੀ ਦੇ ਜਜ਼ਬਾਤਾਂ ਨੂੰ ਭੜਕਾ ਕੇ ਫਿਰਕਾਪ੍ਰਸਤ ਲੋਕਾਂ ਨੇ ਕੁਰਸੀਆਂ ਹਥਿਆਈਆਂ, ਦੇਸ਼ ਦੀ ਗਰੀਬ ਜਨਤਾ ਨੂੰ ਦੋਹੀਂ ਹੱਥੀਂ ਲੁੱਟ, ਧਨ ਦੀਆਂ ਪੰਡਾਂ ਦੀਆਂ ਪੰਡਾਂ ਨਾਲ ਦੇਸ਼ ਵਿਦੇਸ਼ ਦੀਆਂ ਬੈਂਕਾਂ ਭਰੀਆਂ ਜਾਂ ਘਰਾਂ ਨੂੰ ਲੈ ਗਏ। ਪੰਜਾਬ ਨੂੰ ਗ਼ਰੀਬੀ ਤੇ ਕੰਗਾਲੀ ਦੇ ਸਮੁੰਦਰ ਵਿੱਚ ਸੁੱਟ ਦਿੱਤਾ। ਸੋ ਇਨ੍ਹਾਂ ਲਹਿਰਾਂ ਨੇ ਸਾਨੂੰ ਦਿੱਤਾ ਕੁਝ ਨਹੀਂ, ਗੁਆਇਆ ਏਨਾ ਜ਼ਿਆਦਾ ਕਿ ਅਸੀਂ ਪੰਜਾਹ ਸਾਲ ਹੋਰ ਪਿੱਛੇ ਪੈ ਗਏ। ਜਿਹੜਾ ਜਾਨੀਂ ਨੁਕਸਾਨ ਹੋਇਆ, ਉਹ ਤਾਂ ਕਦੇ ਵੀ ਪੂਰਾ ਨਹੀਂ ਹੋਣ ਵਾਲਾ। ਸਾਨੂੰ ਲੋੜ ਹੈ ਫ਼ਿਰਕਾਪ੍ਰਸਤ ਤੇ ਖ਼ੁਦਗਰਜ਼ ਸਿਆਸਤਦਾਨਾਂ ਨੂੰ ਪਹਿਚਾਨਣ ਦੀ, ਜੋ ਸਾਨੂੰ ਵਰਤ ਕੇ ਆਪਣੇ ਸੁਆਰਥ ਪੂਰੇ ਕਰਦੇ ਹਨ ਅਤੇ ਕੁਰਸੀ ਦੀ ਖ਼ਾਤਰ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਆਪ ਦੇਸ਼ ਦਾ ਧਨ ਤੇ ਵਜ਼ੀਰੀਆਂ ਲੁੱਟਦੇ ਹਨ।

? ਦੇਸ਼ ਵਿਦੇਸ਼ ਵਿੱਚ ਤੁਹਾਨੂੰ ਪੰਜਾਬੀ ਬੋਲੀ ਦਾ ਭਵਿੱਖ ਕਿਹੋ ਜਿਹਾ ਲਗਦਾ ਹੈ?

: ਢਾਅ ਜੀ, ਬੜਾ ਹੀ ਅਹਿਮ ਸਵਾਲ ਹੈ, ਅਸੀਂ ਪੰਜਾਬੀ ਲੋਕ ਪਿਛਲੇ 100 ਸਾਲਾਂ ਤੋਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸੇ ਹੋਏ ਹਾਂ। ਇਹਦੇ ਨਾਲ ਹੀ ਪਹਿਲੀ ਪੀੜ੍ਹੀ ਦੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਬੋਲੀ ਨੂੰ ਜਿਉਂਦਾ ਰੱਖਿਆ ਜਾਵੇ। ਇਸ ਵਿਚਾਰ ਨੂੰ ਲੈ ਕੇ ਕਈ ਉੱਦਮ ਹੋਏ ਹਨ, ਹੁਣ ਵੀ ਜਾਰੀ ਹਨਇਸ ਕਰਕੇ ਮੈਨੂੰ ਲੱਗਦਾ ਕਿ ਪ੍ਰਦੇਸਾਂ ਵਿੱਚ ਤਾਂ ਪੰਜਾਬੀ ਬੋਲੀ ਦਾ ਭਵਿੱਖ ਠੀਕ ਹੀ ਹੈ ਪਰ ਖ਼ਤਰਾ ਮੈਨੂੰ ਆਪਣੇ ਮੁਲਕ ਵਿੱਚ ਖ਼ਾਸ ਕਰ ਪੰਜਾਬ ਵਿੱਚ ਲੱਗਦੈ। ਜਿਵੇਂ ਤੁਹਾਨੂੰ ਪਤਾ ਹੈ ਕਿ ਟਰਾਂਟੋ, ਵੈਨਕੂਵਰ, ਐਡਮਿੰਟਨ ਅਤੇ ਕੈਲਗਰੀ ਵਿੱਚ ਆਪਣੇ ਲੋਕ ਕਾਫੀ ਹਨ। ਇਨ੍ਹਾਂ ਸ਼ਹਿਰਾਂ ਵਿੱਚ ਇਸ ਕਰਕੇ ਸਰਕਾਰੀ ਤੌਰ ’ਤੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦਾ ਇੰਤਜ਼ਾਮ ਵੀ ਹੈ। ਦੂਸਰੇ ਪਾਸੇ ਸਾਡੇ ਪੰਜਾਬ ਵਿੱਚ ਪੰਜਾਬੀ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਪੜ੍ਹਾਉਣ ’ਤੇ ਜ਼ੋਰ ਦੇ ਰਹੇ ਹਨ। ਹੁਣ ਜਿਹੜੇ ਲੋਕ ਬਿਹਾਰ ਵਿੱਚੋਂ ਪੰਜਾਬ ਵਿੱਚ ਮਜ਼ਦੂਰੀ ਕਰਨ ਆਏ ਹਨ, ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਪੜ੍ਹਦੇ, ਬੋਲਦੇ ਤੇ ਲਿਖਦੇ ਹਨ।

ਤੁਸੀਂ ਦੇਖੋਗੇ ਕਿ ਇੰਗਲਿਸ਼ ਸਕੂਲ ਹਰ ਪਿੰਡ ਅਤੇ ਸ਼ਹਿਰ ਦੇ ਹਰ ਮੁਹੱਲੇ ਦੇ ਹਰ ਖੂੰਜੇ ਤੇ ਵਿਉਪਾਰੀਆਂ ਨੇ ਖੋਲ੍ਹੇ ਹੋਏ ਹਨ। ਜਿਨ੍ਹਾਂ ਦਾ ਨਾ ਕੋਈ ਸਟੈਂਡਰਡ, ਨਾ ਚੰਗੇ ਪੜ੍ਹੇ ਲਿਖੇ ਤਜ਼ਰਬੇਕਾਰ ਟੀਚਰ, ਨਾ ਖੇਡਣ ਲਈ ਕੋਈ ਗਰਾਊਂਡਾਂ ਦੀਆਂ ਸਹੂਲਤਾਂ ਹਨ। ਗ਼ਰੀਬ ਲੜਕੇ ਲੜਕੀਆਂ ਜਿਨ੍ਹਾਂ ਨੇ ਟੈੱਨ ਪਲੱਸ ਟੂ ਕੀਤਾ ਜਾਂ ਬੀ. ਏ. ਪਾਸ ਕੀਤੀ ਹੁੰਦੀ ਹੈ, ਉਨ੍ਹਾਂ ਨੂੰ ਐਵੇਂ ਮਾਮੂਲੀ ਜਿਹੀ ਤਨਖਾਹ ਦੇ ਕੇ ਪ੍ਰਾਈਵੇਟ ਪਬਲਿਕ ਸਕੂਲਾਂ ਵਾਲੇ ਲੋਕਾਂ ਤੋਂ ਮੋਟੀਆਂ ਰਕਮਾਂ ਅਟੇਰੀ ਜਾਂਦੇ ਹਨ। ਹੁਣ ਉਹ ਬੱਚੇ ਨਾ ਹੀ ਆਪਣੀ ਮਾਂ ਬੋਲੀ ਸਿੱਖਣ ਜੋਗੇ ਹਨ ਤੇ ਨਾ ਹੀ ਹਿੰਦੀ, ਅੰਗਰੇਜ਼ੀ। ਘਰਾਂ ਵਿੱਚ ਮਾਪੇ ਟੁੱਟੀ ਫੁੱਟੀ ਹਿੰਦੀ ਤੇ ਅੰਗਰੇਜ਼ੀ ਬੋਲਦੇ ਹਨ। ਅੱਜ ਕੱਲ੍ਹ ਪਿੰਡਾਂ ਵਿੱਚ ਵੀ ਬਿਹਾਰੀਆਂ ਨਾਲ ਲੋਕ ਪੰਜਾਬੀ ਵਿਚ ਹਿੰਦੀ ਰਲ਼ਾ ਕੇ ਬੋਲਣ ਦੇ ਫ਼ੈਸ਼ਨ ਦਾ ਸ਼ਿਕਾਰ ਹੋ ਗਏ ਹਨ। ਹੁਣ ਤੁਸੀਂ ਦੱਸੋ ਕਿ ਪੰਜਾਬੀ ਮਾਂ ਬੋਲੀ ਨੂੰ ਖ਼ਤਰਾ ਦੇਸ਼ ਵਿੱਚ ਹੈ ਜਾਂ ਵਿਦੇਸ਼ਾਂ ਵਿੱਚ। ਸਾਡੇ ਲੋਕ ਆਪਣੀ ਮਾਂ ਬੋਲੀ ਪ੍ਰਤੀ ਅਣਗਹਿਲੀ, ਬੇਰੁਖੀ ਵਾਲਾ ਵਤੀਰਾ ਅਪਨਾ ਰਹੇ ਹਨ, ਜੋ ਮਾੜੀ ਗੱਲ ਹੈ। ਕੈਨੇਡਾ ਵਰਗੇ ਦੇਸ਼ਾਂ ਵਿੱਚ ਲੋਕ ਆਪਣੀ ਮਾਂ ਬੋਲੀ ਨੂੰ ਜਿਉਂਦਿਆਂ ਰੱਖਣ ਲਈ ਯਤਨਸ਼ੀਲ ਹਨ। ਹੋਰ ਦੇਸ਼ਾਂ ਵਿੱਚ ਵੀ ਜਿੱਥੇ ਪੰਜਾਬੀ ਵਸੇ ਹੋਏ ਹਨ, ਜਿਵੇਂ ਇੰਗਲੈਂਡ, ਅਮਰੀਕਾ ਵਿੱਚ ਮਾਂ ਬੋਲੀ ਨੂੰ ਜਿਉਂਦਿਆਂ ਰੱਖਣ ਪ੍ਰਤੀ ਕਾਫੀ ਸੁਚੇਤ ਹਨ। ਪਰ ਸਾਡੇ ਦੇਸ਼ ਵਿੱਚ, ਖ਼ਾਸ ਕਰ ਪੰਜਾਬ ਵਿੱਚ, ਲੋਕ ਮਾਂ ਬੋਲੀ ਪ੍ਰਤੀ ਉੰਨੇ ਚਿੰਤਾਤੁਰ ਨਜ਼ਰ ਨਹੀਂ ਆ ਰਹੇ। ਇਹ ਇੱਕ ਚਿੰਤਾਜਨਕ ਰੁਝਾਨ ਹੈ। ਸੋ ਲੋੜ ਹੈ ਇਹੋ ਜਿਹੇ ਜਤਨਾਂ ਦੀ, ਜਿਸ ਨਾਲ ਪੰਜਾਬੀ ਬੋਲੀ ਨੂੰ ਲੰਬੇ ਸਮੇਂ ਲਈ ਜਿਉਂਦਾ ਰੱਖਿਆ ਜਾ ਸਕੇ। ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ।

? ਸਮੁੱਚਾ ਪੰਜਾਬੀ ਸਾਹਿਤ ਬਾਕੀ ਦੁਨੀਆਂ ਦੇ ਸਾਹਿਤਕ ਇਤਿਹਾਸ ਵਿੱਚ ਕਿੱਥੇ ਕੁ ਖੜ੍ਹਾ ਸਮਝਦੇ ਹੋ?

: ਸੰਸਾਰ ਸਾਹਿਤ ਬਾਰੇ ਮੇਰੀ ਜਾਣਕਾਰੀ ਬਹੁਤ ਸੀਮਤ ਹੈ। ਪਰ ਪੰਜਾਬੀ ਸਾਹਿਤ ਬਾਰੇ ਮੈਂ ਆਸ ਕਰਦਾ ਹਾਂ ਕਿ ਭਵਿੱਖ ਵਿੱਚ ਚੰਗੇਰਾ ਸਾਹਿਤ ਹਮੇਸ਼ਾ ਲਿਖਿਆ ਜਾਂਦਾ ਰਹੇਗਾ। ਮੇਰੇ ਲਈ ਸੰਸਾਰ ਸਾਹਿਤ ਵਿੱਚ ਪੰਜਾਬੀ ਸਾਹਿਤ ਦਾ ਸਥਾਨ ਮਿਥਣਾ ਸੰਭਵ ਨਹੀਂ।

? ਪੰਜਾਬੀ ਸਾਹਿਤ ਦੀ ਵਰਗ ਵੰਡ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਸਾਰੇ ਲੋਕ ਦੇਸ਼ ਵਿੱਚੋਂ ਬਾਹਰ ਰਚੇ ਗਏ ਸਾਹਿਤ ਨੂੰ ਉਹ ਮਾਣ ਸਤਿਕਾਰ ਨਹੀਂ ਦਿੰਦੇ ਜੋ ਦੇਸ਼ ਵਿੱਚ ਰਚੇ ਸਾਹਿਤ ਨੂੰ ਦਿੰਦੇ ਹਨ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ?

: ਸਤਨਾਮ ਜੀ, ਪੰਜਾਬੀ ਸਾਹਿਤ ਅਨੇਕਾ ਦੇਸ਼ਾਂ ਵਿੱਚ ਰਹਿੰਦੇ ਹੋਏ ਨਵਾਂ ਸਾਹਿਤ ਰਚ ਰਹੇ ਹਨ। ਮੇਰੇ ਖ਼ਿਆਲ ਨਾਲ ਤਾਂ ਸਾਰਾ ਸਾਹਿਤ ਹੀ ਸਮੁੱਚਾ ਪੰਜਾਬੀ ਸਾਹਿਤ ਹੈ। ਇਸ ਵਿੱਚ ਦੇਸ਼ ਵਾਸੀ ਜਾਂ ਪਰਵਾਸੀ ਸਾਹਿਤ ਕਹਿ ਕੇ ਵੰਡ ਪਾਉਣੀ ਬੇਲੋੜੀ, ਗ਼ਲਤ ਅਤੇ ਗੈਰ-ਕੁਦਰਤੀ ਹੈ।

? ਤੁਸੀਂ ਹੁਣ ਤੱਕ ਲਿਖਾਰੀ ਸਭਾ ਰਾਮਪੁਰ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਸਾਹਿਤਕ ਸੰਸਥਾਵਾਂ ਨਾਲ ਜੁੜੇ ਰਹੇ ਹੋ? ਕੀ ਇਹ ਸਭਾਵਾਂ ਲੇਖਕਾਂ ਲਈ ਮਦਦਗਾਰ ਸਾਬਤ ਹੋ ਰਹੀਆਂ ਹਨ?

: ਮੈਂ ਜਦੋਂ ਤੋਂ ਲਿਖਣ ਲੱਗਿਆ ਹਾਂ, ਉਸ ਸਮੇਂ ਤੋਂ ਹੀ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜਨ ਦਾ ਯਤਨ ਕੀਤਾ ਹੈ। ਮੈਂ ਉਨ੍ਹਾਂ ਸੰਸਥਾਵਾਂ ਤੋਂ ਸਿੱਖਿਆ ਵੀ ਬਹੁਤ ਕੁਝ ਹੈ। ਮੈਂ ਤਕਰੀਬਨ 1948 ਤੋਂ ਲੈ ਕੇ ਜਿਨ੍ਹਾਂ ਸੰਸਥਾਵਾਂ ਨਾਲ ਜੁੜਿਆ, ਉਨ੍ਹਾਂ ਵਿੱਚੋਂ ਪਹਿਲੀ ਸੀ, ਅੰਜਮੁਨ-ਏ ਤਰੱਕੀ ਪਸੰਦ ਮਸੰਨਫੀਨ, ਲੁਧਿਆਣਾ (ਭਾਵ) ਅਗਾਂਹ-ਵਧੂ। ਫੇਰ ਪੰਜਾਬੀ ਲਿਖਾਰੀ ਸਭਾ ਰਾਮਪੁਰ ਦਾ ਮੋਢੀ ਪ੍ਰਧਾਨ ਕਾਫੀ ਦੇਰ ਰਿਹਾ, ਕੇਂਦਰੀ ਪੰਜਾਬੀ ਲਿਖਾਰੀ ਸਭਾ ਭਾਰਤ ਦਾ ਮੈਂਬਰ, ਇੰਟਰਨੈਸ਼ਨਲ਼ ਪੰਜਾਬੀ ਲਿਟਰੇਰੀ ਟ੍ਰਸਟ ਕੈਨੇਡਾ ਦਾ ਮੋਢੀ ਪ੍ਰਧਾਨ ਰਿਹਾਂ। ਇੰਟਰਨੈਸ਼ਨਲ ਪੰਜਾਬੀ ਆਥਰਜ਼ ਐਂਡ ਆਰਟਿਸਟ ਕੈਨੇਡਾ ਦਾ ਮੋਢੀ ਜਨਰਲ ਸਕਤਰ ਰਿਹਾਂ। ਇਸੇ ਤਰ੍ਹਾਂ ਪੰਜਾਬੀ ਲੇਖਕ ਮੰਚ ਵੈਨਕੂਵਰ ਦਾ ਵੀ ਮੋਢੀ ਪ੍ਰਧਾਨ ਰਿਹਾਂ। ਉਰਦੂ ਐਸੋਸੀਏਸ਼ਨ ਵੈਨਕੂਵਰ, (ਕੈਨੇਡਾ) ਦਾ ਜਨਰਲ ਸਕੱਤਰ ਰਿਹਾ ਹਾਂ। ਅੱਜ ਕੱਲ੍ਹ ਰਾਈਟਰਜ਼ ਯੂਨੀਅਨ ਆਫ਼ ਕੈਨੇਡਾ ਦਾ ਪੰਜਾਬੀ ਦਾ ਮੈਂਬਰ ਹਾਂ। ਅਸੀਂ ਇਨ੍ਹਾਂ ਸੰਸਥਾਵਾਂ ਤੋਂ ਬੜਾ ਕੁਝ ਸਿੱਖਦੇ ਹਾਂ। ਜਿੱਥੇ ਵੀ ਚਾਰ ਲਿਖਾਰੀ ਰਲ ਮਿਲ ਬੈਠਦੇ ਹਨ, ਖੁੱਲ੍ਹੀਆਂ ਵਿਚਾਰਾਂ ਕਰਨ ਅਤੇ ਇੱਕ ਦੂਜੇ ਤੋਂ ਸਿੱਖਣ ਸਿਖਾਉਣ ਦਾ ਬਹੁਤ ਹੀ ਵਧੀਆ ਮੌਕਾ ਮਿਲਦਾ ਹੈ।

? ਤੁਹਾਡੇ ਕੀਤੇ ਸਾਹਿਤਕ ਕੰਮਾਂ ਨੂੰ ਦੇਖਦਿਆਂ ਕਿਸੇ ਸੰਸਥਾ ਨੇ ਕੋਈ ਮਾਣ ਸਨਮਾਨ …?

: ਮੈਨੂੰ ਸਮੇਂ ਸਮੇਂ ਬਹੁਤ ਮਿਹਰਬਾਨ ਲੋਕਾਂ ਅਤੇ ਸਾਹਿਤਕ ਜਥੇਬੰਦੀਆਂ ਨੇ ਮਾਣ ਸਨਮਾਨ ਬਖਸ਼ਿਆ। ਜਿਸ ਤਰ੍ਹਾਂ ਲੋਕ ਲਿਖਾਰੀ ਸਭਾ ਅੰਮ੍ਰਿਤਸਰ, ਪੰਜਾਬੀ ਲਿਖਾਰੀ ਸਭਾ ਰਾਮਪੁਰ, ਪੰਜਾਬੀ ਸਾਹਿਤ ਅਕੈਡਮੀ ਚੰਡੀਗੜ੍ਹ, ਭਾਸ਼ਾ ਵਿਭਾਗ ਪਟਿਆਲਾ, ਨੰਦ ਲਾਲ ਨੂਰਪੁਰੀ ਐਵਾਰਡ ਅਮਰੀਕਾ, ਸਾਈਂ ਬੁੱਲੇ ਸ਼ਾਹ ਐਵਾਰਡ ਡੈਨਮਾਰਕ, ਬੀ. ਸੀ. ਕਲਚਰਲ ਫਾਊਂਡੇਸ਼ਨ ਵੈਨਕੂਵਰ ਨੇ ਸਨਮਾਨਤ ਕੀਤਾ, ਕਰਤਾਰ ਸਿੰਘ ਧਾਲੀਵਾਲ ਐਵਾਰਡ ਲੁਧਿਆਣਾ, ਪੰਜਾਬੀ ਸਹਿਤ ਸਭਾ ਫਰਿਜ਼ਨੋ, ਕੈਲੇਫੋਰਨੀਆਂ ਨੇ ਸਨਮਾਨਤ ਕੀਤਾ। ਗੁਰੂ ਰਵਿਦਾਸ ਯੂਥ ਐਸੋਸੀਏਸ਼ਨ ਸਰੀ, ਕੈਨੇਡੀਅਨ ਪੰਜਾਬੀ ਕਲਾ ਮੰਚ ਵੈਨਕੂਵਰ, ਪੰਜਾਬੀ ਲਿਖਾਰੀ ਸਭਾ ਕੈਲਗਰੀ, ਮਨਜੀਤ ਮੈਮੋਰੀਅਲ ਸਾਹਿਤਕ ਐਵਾਰਡ ਨਾਲ ਮੇਰਾ ਮਾਣ ਸਨਮਾਨ ਕੀਤਾ। ਮੈਂ ਸਮਝਦਾ ਹਾਂ ਕਿ ਮੇਰੇ ਗੁਣਾਂ ਨਾਲੋਂ ਕਿਤੇ ਜ਼ਿਆਦਾ ਮਾਣ ਸਨਮਾਨ ਪੰਜਾਬੀ ਪਿਆਰਿਆਂ ਨੇ ਦਿੱਤਾ ਹੈ। ਮੈਂ ਆਪਣੇ ਸਨੇਹੀਆਂ ਦਾ ਸ਼ੁਕਰਗੁਜ਼ਾਰ ਹਾਂ।

? ਅੱਜ ਕੱਲ੍ਹ ਕੀ ਲਿਖ ਰਹੇ ਹੋ? ਜੋ ਕੁਝ ਅੱਜ ਤੱਕ ਲਿਖਿਆ ਹੈ, ਉਸ ਨਾਲ ਸੰਤੁਸ਼ਟ ਹੋ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਸ਼ਾਹਕਾਰ ਰਚਨਾ ਅਜੇ ਕਰਨੀ ਹੈ? ਜਾਂ ਲਿਖ ਚੁੱਕੇ ਹੋ?

: ਮੈਂ ਅੱਜ ਕੱਲ੍ਹ ਆਪਣੀ ਸਾਹਿਤਕ ਜੀਵਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਲਿਖ ਰਿਹਾ ਹਾਂ। ਪਰ ਇਹ ਕੰਮ ਬਹੁਤ ਮਧਮ ਰਫ਼ਤਾਰ ਨਾਲ ਹੋ ਰਿਹਾ ਹੈ। ਇਸ ਦਾ ਕਾਰਨ ਉਮਰ ਦਾ ਤਕਾਜ਼ਾ, ਸਿਹਤ, ਅਤੇ ਕੁਝ ਹੋਰ ਰੁਝੇਵੇਂ ਹਨ। ਕਦੇ ਕਦੇ ਦੋਹੇ ਜਾਂ ਕਵਿਤਾ ਵੀ ਲਿਖ ਹੋ ਜਾਂਦੀ ਹੈ। ਬਾਕੀ ਗੱਲ ਇਹ ਹੈ ਕਿ ਜੋ ਕੁਝ ਲਿਖਿਆ ਜਾ ਚੁੱਕਾ ਹੈ, ਉਸ ਤੋਂ ਮੈਂ ਸੰਤੁਸ਼ਟ ਹਾਂ। ਕੰਮਾਂ ਦਾ ਤਾਂ ਕੋਈ ਅੰਤ ਨਹੀਂ, ਬੜਾ ਕੁਝ ਅਜੇ ਕਰਨੇ ਵਾਲਾ ਪਿਆ ਹੈ। ਮੈਂ ਆਪਣੇ ਦੋਸਤਾਂ ਬਾਰੇ ਵੀ ਲਿਖਣਾ ਚਾਹੁੰਦਾ ਹਾਂ, ਮੈਂ ਮੁੱਕ ਜਾਵਾਂਗਾ, ਕੰਮ ਨਹੀਂ ਮੁਕਣੇਮੈਨੂੰ ਲੱਗਦਾ ਇਹ ਕੰਮ ਆਖ਼ਰੀ ਦਮ ਤੱਕ ਚੱਲਣਗੇ।

? ਤੁਸੀਂ ਆਪਣੇ ਜ਼ਿੰਦਗੀ ਦੇ ਲੰਬੇ ਤਜ਼ਰਬੇ ਤੋਂ ਕੋਈ ਸੁੱਖ ਸੁਨੇਹਾ ਲੇਖਕਾਂ, ਪਾਠਕਾਂ ਜਾਂ ਫੇਰ ਆਮ ਲੋਕਾਂ ਨੂੰ ਦੇਣਾ ਚਾਹੋਗੇ?

: ਲੇਖਕਾਂ ਨੂੰ ਸਲਾਹ ਤਾਂ ਮੈਂ ਕੀ ਦੇਣੀ ਹੈ। ਮੈਂ ਸਮਝਦਾ ਹਾਂ ਕਿ ਸਾਨੂੰ ਸਮੇਂ ਦਾ ਸੱਚ ਲਿਖਣਾ ਚਾਹੀਦਾ ਹੈ, ਉਹਦੇ ਲਈ ਸਮਾਂ ਕੱਢਣਾ ਚਾਹੀਦਾ ਹੈ। ਬਾਕੀ ਜਿਹੜਾ ਬੜੇ ਇਕੱਠ ਨੂੰ ਕਹਿਣਾ ਚਾਹੁੰਦਾ ਹਾਂ, ਉਹ ਇਹ ਹੈ ਕਿ ਇਹ ਠੀਕ ਹੈ, ਤੁਹਾਡੇ ਕੋਲ ਕੰਮ ਬਹੁਤ ਨੇ ਕਰਨੇ ਨੂੰ, ਤੁਸੀਂ ਰੁੱਝੇ ਵੀ ਬਹੁਤ ਹੋ, ਤੁਹਾਡੇ ਕੋਲ ਪੈਸੇ ਵੀ ਬਹੁਤ ਹਨ ਪਰ ਤੁਸੀਂ ਕੁਝ ਸਮਾਂ ਕਿਤਾਬਾਂ ਪੜ੍ਹਨ ਲਈ ਵੀ ਕੱਢੋ ਕਿਉਂਕਿ ਬਹੁਤ ਮਹਿੰਗੀਆਂ ਮਹਿੰਗੀਆਂ ਕਿਤਾਬਾਂ ਜਿਨ੍ਹਾਂ ਨੂੰ ਕਈ ਵਾਰ ਅਸੀਂ ਮੁੱਲ ਲੈ ਕੇ ਨਹੀਂ ਪੜ੍ਹ ਸਕਦੇ, ਉਹ ਸਾਨੂੰ ਪਬਲਿਕ ਲਾਇਬਰੇਰੀ ਵਿੱਚੋਂ ਮਿਲ ਸਕਦੀਆਂ ਹਨ, ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਜਦੋਂ ਅਸੀਂ ਉਹ ਕਿਤਾਬਾਂ ਨਹੀਂ ਪੜ੍ਹਦੇ, ਉਹ ਲਾਇਬਰੇਰੀ ਵਿੱਚ ਉਸੇ ਤਰ੍ਹਾਂ ਪਈਆਂ ਰਹਿੰਦੀਆਂ ਹਨ। ਜਦ ਲਾਇਬਰੇਰੀ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਲੋਕ ਇਨ੍ਹਾਂ ਨੂੰ ਨਹੀਂ ਪੜ੍ਹਦੇ ਤਾਂ ਉਹ ਉਨ੍ਹਾਂ ਕੀਮਤੀ ਕਿਤਾਬਾਂ ਨੂੰ ਸਿਰਫ਼ ਪੱਚੀ ਪੱਚੀ ਸੈਂਟਾਂ ਵਿੱਚ ਨਿਲਾਮ ਕਰਕੇ ਆਪਣੀਆਂ ਸ਼ੈਲਫਾਂ ਵਿਹਲੀਆਂ ਕਰ ਲੈਂਦੇ ਹਨ, ਜੋ ਕਿ ਬੜੇ ਦੁੱਖ ਦੀ ਗੱਲ ਹੈ। ਸਾਨੂੰ ਇਸ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਹਰ ਹਫ਼ਤੇ ਘੱਟੋ ਘੱਟ ਵੀਹ ਕਿਤਾਬਾਂ ਪੰਜਾਬੀ ਦੀਆਂ ਪਬਲਿਕ ਲਾਇਬਰੇਰੀ ਵਿੱਚੋਂ ਲੈ ਕੇ ਆਉ। ਜਿੰਨੀਆਂ ਪੜ੍ਹ ਹੁੰਦੀਆਂ ਪੜ੍ਹੋ, ਬਾਕੀ ਦੂਜੀ ਵਾਰੀ ਸਹੀ। ਇਸ ਤਰ੍ਹਾਂ ਉਹ ਬਹੁਤ ਕੀਮਤੀ ਕਿਤਾਬਾਂ ਕੂੜੇ ਵਿੱਚ ਸੁੱਟੇ ਜਾਣ ਤੋਂ ਬਚ ਜਾਣਗੀਆਂ। ਉਂਝ ਅਸੀਂ ਸਾਰੇ ਹੀ ਸ਼ਬਦ ਦੇ ਪੁਜਾਰੀ ਹਾਂ, ਪਰ ਸ਼ਬਦ ਨੂੰ ਪੜ੍ਹੇ ਸਮਝੇ ਬਿਨਾਂ ਹੀ ਮੱਥਾ ਟੇਕੀ ਜਾਂਦੇ ਹਾਂ। ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਕੁਝ ਨਵਾਂ ਪੜ੍ਹੋ, ਜੋ ਤੁਸੀਂ ਪੜ੍ਹਨਾ ਚਾਹੁੰਦੇ ਹੋ। ਪਰ ਇਸ ਨਾਲ ਸਾਡੀ ਮਾਂ ਬੋਲੀ ਦਾ ਸਾਹਿਤ ਸੁੱਟੇ ਜਾਣ ਤੋਂ ਬੱਚਿਆ ਰਹੇਗਾ। ਜੇਕਰ ਮੰਦਰਾਂ ਅਤੇ ਗੁਰੂ ਘਰਾਂ ਤੋਂ ਕਮੇਟੀਆਂ ਇਹ ਸੁਨੇਹਾ ਦੇਣ ਤਾਂ ਮੇਰਾ ਖ਼ਿਆਲ ਹੈ ਕਿ ਬਹੁਤ ਸਹਾਈ ਹੋ ਸਕਦਾ ਹੈ ਦੂਸਰੀ ਗੱਲ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਜਦੋਂ ਵੀ ਕਦੇ ਅਸੀਂ ਕੋਈ ਤੋਹਫ਼ਾ ਵਗੈਰਾ ਦੇਣਾ ਹੈ ਤਾਂ ਕੋਈ ਵਧੀਆ ਕਿਤਾਬ ਦੇਣ ਦਾ ਰਿਵਾਜ ਪਾਈਏ ਨਾ ਕਿ ਮਹਿੰਗੇ ਤੋਂ ਮਹਿੰਗੇ ਕੱਪੜੇ ਤੇ ਗਹਿਣੇ ਦਾ। ਆਪਣੇ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਬੋਲੋ, ਪੜ੍ਹੋ, ਤਦ ਹੀ ਆਉਣ ਵਾਲੀ ਪੀੜ੍ਹੀ ਆਪਣੀ ਬੋਲੀ, ਧਰਮ ਅਤੇ ਕਲਚਰ ਨੂੰ ਸਮਝ ਸਕੇਗੀ ਅਤੇ ਸੰਭਾਲ ਸਕੇਗੀ।

ਸਤਨਾਮ ਸਿੰਘ: ਰਾਮਪੁਰੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਆਪਣੇ ਸਾਹਿਤਕ ਸਫ਼ਰ ਦੇ ਪੰਨੇ ਸਾਂਝੇ ਕੀਤੇ। ਕੋਈ ਹੋਰ ਗੱਲ ਦੱਸਣੀ ਚਾਹੋਗੇ, ਜੋ ਮੈਂ ਤੁਹਾਨੂੰ ਨਾ ਪੁੱਛ ਸਕਿਆ ਹੋਵਾਂ?

ਰਾਮਪੁਰੀ: ਸਤਨਾਮ ਜੀ, ਇਹ ਦੱਸਣਾ ਪੁੱਛਣਾ ਤਾਂ ਕਦੇ ਨਾ ਮੁੱਕਣ ਵਾਲੀ ਗੱਲ ਹੈ, ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ, ਅਜੇ ਏਨੀਆਂ ਹੀ ਕਾਫ਼ੀ ਹਨ, ਬਾਕੀ ਫੇਰ ਕਦੇ ਸਹੀ। ਤੁਹਾਡਾ ਵੀ ਬਹੁਤ ਧੰਨਵਾਦ, ਜੋ ਤੁਸੀਂ ਮੈਨੂੰ ਆਪਣੇ ਮਨ ਦੀਆਂ ਗੱਲਾਂ ਕਰਨ ਦਾ ਇੱਕ ਵਧੀਆ ਮੌਕਾ ਦਿੱਤਾ।

*****

(ਨੋਟ: ਇਹ ਮੁਲਾਕਾਤ ਸਾਢੇ ਤਿੰਨ ਵਰ੍ਹੇ ਪਹਿਲਾਂ ਵੀ ‘ਸਰੋਕਾਰ’ ਵਿੱਚ ਛਪ ਚੁੱਕੀ ਹੈ --- ਸੰਪਾਦਕ)

(1341)

‘ਸਰੋਕਾਰ’ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸਤਨਾਮ ਸਿੰਘ ਢਾਅ

ਸਤਨਾਮ ਸਿੰਘ ਢਾਅ

Calgary, Alberta, Canada.
Email: (satnam.dhah@gmail.com)

More articles from this author