“ਅੱਜ ਦੇ ਹਾਲਾਤ ਇਹ ਹਨ ਕਿ ਜੇਕਰ ਮਸਲਾ ਜਲਦੀ ਨਾਲ ...”
(5 ਅਗਸਤ 2018)
ਪਿਛਲੇ ਕਈ ਦਿਨਾਂ ਤੋਂ ਸੁਖਪਾਲ ਖਹਿਰੇ ਨੂੰ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਚ ਜੋ ਕਲਾ ਕਲੇਸ਼ ਚੱਲ ਰਿਹਾ ਹੈ, ਉਹ ਦਿਨੋਂ ਦਿਨ ਗਹਿਰਾਉਂਦਾ ਜਾ ਰਿਹਾ ਹੈ। ਪਾਰਟੀ ਦੀ ਕੌਮੀ ਲੀਡਰਸ਼ਿੱਪ ਇਸ ਮਸਲੇ ਨੂੰ ਮਿਲ ਬੈਠਕੇ ਸੁਲਝਾਉਣ ਦੀ ਬਜਾਏ ਸਗੋਂ ਹੋਰ ਉਲਝਾਈ ਜਾ ਰਹੀ ਹੈ।
ਖਹਿਰੇ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਏ ਜਾਣ ਦੇ ਕਾਰਨਾਂ ਬਾਰੇ ਜਦੋਂ ਡੂੰਘੀ ਵਿਚਾਰ ਕਰਦੇ ਹਾਂ ਤਾਂ ਕਈ ਕਾਰਨ ਸਾਹਮਣੇ ਆਉਂਦੇ ਹਨ ਜਿਹਨਾਂ ਵਿੱਚ ਉਸ ਦੀ ਬੇਬਾਕੀ ਅਤੇ ਪੰਜਾਬੀਆਂ ਦੇ ਹੱਕਾਂ ਹਿਤਾਂ ਦੀ ਗੱਲ ਕਰਨਾ ਸਭ ਤੋਂ ਵੱਡੇ ਕਾਰਨ ਹਨ। ਜਿਸ ਢੰਗ ਅਤੇ ਮਜ਼ਬੂਤੀ ਨਾਲ ਉਸ ਨੇ ਪਿਛਲੇ ਸਮੇਂ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਅਦਾ ਕਰਦਿਆਂ ਰੇਤ ਮਾਫੀਆ, ਪਾਣੀ ਪਰਦੂਸ਼ਣ, ਨਸ਼ਾਖੋਰੀ ਅਤੇ ਬੇਰੁਜ਼ਗਾਰੀ ਆਦਿ ਮੁੱਦੇ ਉਠਾਏ ਹਨ, ਉਹਨਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ, ਜਿਸ ਕਾਰਨ ਸਰਕਾਰ ਵਲੋਂ ਉਸ ਉੱਤੇ ਝੂਠੇ ਮੁਕੱਦਮੇ ਪਾ ਕੇ ਉਸ ਨੂੰ ਉਲਝਾਉਣ ਦੀ ਅਸਫਲ ਕੋਸ਼ਿਸ਼ ਵੀ ਕੀਤੀ ਗਈ।
ਦੂਸਰਾ ਕਾਰਨ ਹੈ, ਉਸ ਦੀ ਬੇਬਾਕੀ। ਸੁਖਪਾਲ ਕਿਸੇ ਵੀ ਮਸਲੇ ਉੱਤੇ ਜਦ ਕੋਈ ਟਿੱਪਣੀ ਜਾਂ ਬਿਆਨ ਦੇਂਦਾ ਹੈ, ਉਹ ਇਮਾਨਦਾਰੀ ਨਾਲ ਦਿੰਦਾ ਹੈ। ਉਸ ਨੇ ਕਦੇ ਵੀ ਗੱਲ ਨੂੰ ਗੋਲ ਮੋਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੇਜਰੀਵਾਲ ਨੇ ਨਸ਼ਾਖੋਰੀ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਏ ਤੋਂ ਮਾਫੀ ਮੰਗੀ ਤੇ ਖਹਿਰੇ ਨੇ ਡਟਕੇ ਵਿਰੋਧ ਕੀਤਾ। ਉਸ ਦਾ ਬੇਬਾਕੀ ਨਾਲ ਬੋਲਣਾ ਵਿਰੋਧੀ ਪਾਰਟੀਆਂ ਸਮੇਤ ਆਪ ਦੀ ਕੌਮੀ ਲੀਡਰਸ਼ਿੱਪ ਨੂੰ ਵੀ ਪਸੰਦ ਨਹੀਂ ਸੀ।
ਅਸੀਂ ਜਾਣਦੇ ਹਾਂ ਕਿ ਆਪ ਪਾਰਟੀ ਵਿਚ ਚੌਧਰ ਨੂੰ ਲੈ ਕੇ ਖਿੱਚੋਤਾਣ ਹਮੇਸ਼ਾ ਹੀ ਚਲਦੀ ਰਹੀ ਹੈ ਜਿਸ ਦੇ ਦੋਸ਼ ਸਮੇਂ ਸਮੇਂ ਆਪ ਦੀ ਪੰਜਾਬ ਇਕਾਈ ਦੇ ਆਗੂਆਂ ਉੱਤੇ ਲਗਦੇ ਰਹੇ ਹਨ। ਸੋ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਕੁਝ ਕੁ ਚੌਧਰ ਦੇ ਭੁੱਖਿਆਂ ਨੇ ਕੌਮੀ ਲੀਡਸ਼ਿੱਪ ਦੇ ਕੰਨ ਖਹਿਰੇ ਦੇ ਵਿਰੁੱਧ ਭਰੇ ਹੋਣ। 2019 ਦੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵਿੱਚ ਗਠਜੋੜ ਬਾਰੇ ਗੱਲਬਾਤ ਚੱਲ ਰਹੀ ਹੈ। ਇਹ ਵੀ ਹੋ ਸਕਦਾ ਹੈ ਸੁਖਪਾਲ ਖਹਿਰੇ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਉਣਾ ਉਸੇ ਨੀਤੀ ਦਾ ਹਿੱਸਾ ਹੋਵੇ।
ਰਹੀ ਗੱਲ ਦਲਿਤਾਂ ਨੂੰ ਸਨਮਾਨ ਦੇਣ ਦੀ। ਕੌਮੀ ਲੀਡਰਸ਼ਿੱਪ ਦਾ ਇਹ ਪੱਤਾ ਨਿਰਾ ਬਕਵਾਸ ਤੋਂ ਵੱਧ ਕੁਝ ਵੀ ਨਹੀਂ। ਭਗਵੰਤ ਮਾਨ ਦੇ ਅਸਤੀਫੇ ਤੋਂ ਬਾਦ ਪੰਜਾਬ ਪਰਧਾਨ ਕੋਈ ਦਲਿਤ ਨਿਯੁਕਤ ਕੀਤਾ ਜਾ ਸਕਦਾ ਸੀ। ਦਿੱਲੀ ਸਰਕਾਰ ਵਿੱਚ ਦਲਿਤ ਨਿਯੁਕਤ ਕੀਤੇ ਜਾ ਸਕਦੇ ਸਨ। ਹਰਪਾਲ ਚੀਮਾ ਇਕ ਅਨਾੜੀ ਸਿਆਸਤਦਾਨ ਹੈ, ਉਸ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣਾ ਅਤੇ ਇਕ ਤਜ਼ਰਬੇਕਾਰ ਸਿਆਸਤਦਾਨ ਨੂੰ, ਜੋ ਆਪਣੀ ਡਿਊਟੀ ਵਿਰੋਧੀ ਧਿਰ ਦੇ ਨੇਤਾ ਵਜੋਂ ਬਾਖੂਬੀ ਨਿਭਾ ਰਿਹਾ ਸੀ, ਨੂੰ ਬਿਨਾਂ ਕਾਰਨ ਹਟਾਉਣਾ ਸਿਰੇ ਦਾ ਅਹਿਮਕਪੁਣਾ ਹੈ ਜਿਸ ਦਾ ਪਾਰਟੀ ਨੂੰ ਹੁਣ ਵੱਡਾ ਖਮਿਆਜਾ ਭੁਗਤਣਾ ਪਵੇਗਾ।
ਉਕਤ ਤੋਂ ਇਲਾਵਾ ਕਈ ਹੋਰ ਕਾਰਨ ਵੀ ਹੋ ਸਕਦੇ ਹਨ, ਜਿਹਨਾਂ ਵਿੱਚੋਂ ਇੱਕ ਪੰਜਾਬ ਦੀਆਂ ਅਕਾਲੀ ਤੇ ਕਾਂਗਰਸੀ ਪਾਰਟੀਆਂ ਦਾ ਆਪ ਦੀ ਕੌਮੀ ਲੀਡਰਸ਼ਿਪ ਉੱਤੇ ਪਰਭਾਵ ਵੀ ਹੋ ਸਕਦਾ ਹੈ ਤੇ ਕੇਂਦਰ ਦੀ ਭਾਜਪਾ ਨਾਲ ਕੋਈ ਗੰਢਤੁੱਪ ਦੀ ਰਾਜਨੀਤੀ ਵੀ। ਪਰ ਜਿਸ ਢੰਗ ਨਾਲ ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਘੁੱਗੀ, ਹਰਵਿੰਦਰ ਸਿੰਘ ਫੂਲਕਾ, ਡਾ. ਧਰਮਵੀਰ ਗਾਂਧੀ , ਹਰਿੰਦਰ ਸਿੰਘ ਖਾਲਸਾ ਤੇ ਹੁਣ ਸੁਖਪਾਲ ਸਿੰਘ ਖਹਿਰਾ ਆਦਿ ਨਾਲ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਸਲੂਕ ਕੀਤਾ ਹੈ, ਉਹ ਕਿਸੇ ਤਰ੍ਹਾਂ ਵੀ ਪਾਰਟੀ ਦੇ ਹਿਤ ਵਿੱਚ ਨਹੀਂ। ਖਹਿਰੇ ਵਾਲੇ ਮਾਮਲੇ ਵਿੱਚ ਤਾਂ ਸਿੱਧੇ ਤੌਰ ’ਤੇ ਰਿਮੋਟ ਕੰਟਰੋਲ ਦੀ ਵਰਤੋਂ ਕਰਕੇ ਆਪ ਦੀ ਕੌਮੀ ਲੀਡਰਸ਼ਿੱਪ ਨੇ ਆਪਣੇ ਪੈਰ ’ਤੇ ਆਪ ਕੁਹਾੜੀ ਨਹੀਂ, ਸਗੋਂ ਕੁਹਾੜਾ ਮਾਰ ਲਿਆ ਹੈ।
ਅੱਜ ਦੇ ਹਾਲਾਤ ਇਹ ਹਨ ਕਿ ਜੇਕਰ ਮਸਲਾ ਜਲਦੀ ਨਾਲ ਸੁਲਝਾਇਆ ਨਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਵਿਰੋਧੀ ਧਿਰ ਦਾ ਨੇਤਾ ਅਕਾਲੀ ਦਲ ਦਾ ਕੋਈ ਨੁਮਾਇੰਦਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਪੰਜਾਬ ਹਿਤੈਸ਼ੀਆਂ ਦਾ ਕੋਈ ਨਵਾਂ ਗੱਠਜੋੜ ਬਣ ਕੇ ਕੋਈ ਨਵੀਂ ਪਾਰਟੀ ਹੋਂਦ ਵਿੱਚ ਆ ਜਾਵੇ। ਪਰ ਇਕ ਗੱਲ ਪੱਕੀ ਹੈ ਕਿ ਸੁਖਪਾਲ ਖਹਿਰੇ ਨੂੰ ਹਟਾਉਣ ਦੇ ਗੈਰ ਜਮਹੂਰੀ ਤਰੀਕੇ ਤੋਂ ਪੈਦਾ ਹੋਏ ਹਾਲਾਤ ਨੇ ਪੰਜਾਬ ਵਿੱਚ ਜਿੱਥੇ ਆਮ ਆਦਮੀ ਪਾਰਟੀ ਖੱਖੜੀਆਂ ਕਰੇਲੇ ਕਰ ਦਿੱਤੀ ਹੈ, ਉੱਥੇ ਨਾਲ ਹੀ ਪੰਜਾਬ ਵਿੱਚੋਂ ਇਸ ਪਾਰਟੀ ਦੇ ਖਾਤਮੇ ਦੀ ਪੁੱਠੀ ਗਿਣਤੀ ਵੀ ਸ਼ੁਰੂ ਕਰ ਦਿੱਤੀ ਹੈ। ਇਸਦੀ ਕੌਮੀ ਲੀਡਰਸ਼ਿੱਪ ਦੁਆਰਾ ਕੀਤੀਆਂ ਆਪ ਹੁਦਰੀਆਂ ਨਾਦਰੀ ਕਾਰਵਾਈਆਂ ਦਾ ਸਿੱਟਾ ਇਹ ਹੋਵੇਗਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਨਾ ਹੀ ਪੰਜਾਬੀ ਤੇ ਨਾ ਹੀ ਪਰਵਾਸੀ ਇਸ ਨੂੰ ਮੂੰਹ ਲਾਉਣਗੇ ਤੇ ਪੰਜਾਬ ਵਿੱਚੋਂ ਇਸ ਪਾਰਟੀ ਦਾ ਭੋਗ ਪੈਣਾ ਤੈਅ ਹੈ। ਭਵਿੱਖੀ ਚੋਣਾਂ ਵਿੱਚ ਇਸ ਦੁਆਰਾ ਖੜ੍ਹੇ ਕੀਤੇ ਸਮੂਹ ਉਮੀਦਵਾਰਾਂ ਦੀਆਂ ਜ਼ਮਾਨਤ ਹੀ ਜ਼ਬਤ ਹੋਣਗੀਆਂ।
*****
(1253)