“ਜਿੱਥੇ ਅਸੀਂ ਰਹਿੰਦੇ ਹਾਂ, ਉੱਥੇ ਜ਼ਿੰਦਗੀ ਰੇਖਕੀ ਨਹੀਂ ਹੈ ਤੇ ਨਾ ...”
(1 ਅਗਸਤ 2018)
ਸਾਵੇ ਪੱਤਰ ਦੀ ਕਵਿਤਾ ‘ਮੌਤ ਨੂੰ’
ਨੱਬੇ ਵਰ੍ਹੇ ਦੀ ਉਮਰ ਵਿਚ ਵੀ ਮਾਸੀ ਨਿਧ ਕੌਰ (ਮੇਰੀ ਪਤਨੀ ਸੁਰਿੰਦਰ ਦੀ ਮਾਂ) ਨੂੰ ਸਾਵੇ ਪੱਤਰ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਯਾਦ ਹਨ। ਪਿਛਲੇ ਹਫ਼ਤੇ ਉਹ ਬੈਠੀ-ਬੈਠੀ ਗੁਣਗੁਣਾਉਣ ਲੱਗ ਪਈ: ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ ਤੇ ਰੁਕ-ਰੁਕ ਕੇ ਪੂਰੀ ਕਵਿਤਾ ਬੋਲ ਦਿੱਤੀ। ਅੰਤ ’ਤੇ ਕਹਿੰਦੀ, “ਲੈ, ਹੁਣ ਮੈਂ ਵਿਹਲੀ ਆਂ।”
ਇਹੀ ਕਵਿਤਾ ਅਠਤਾਲੀ ਵਰ੍ਹੇ ਪਹਿਲਾਂ ਮੈਂ ਪਟਿਆਲੇ ਮਹਿੰਦਰਾ ਕਾਲਜ ਵਿਚ ਸੁਣੀ ਸੀ। ਸੁਣਾਉਣ ਵਾਲੀ ਪਹਿਲੇ ਸਾਲ ਦੀ ਵਿਦਿਆਰਥਣ ਸੀ, 17-18 ਵਰ੍ਹੇ ਦੀ। ਨਵੀਂ-ਨਵੀਂ ਪਿੰਡੋਂ ਆਈ ਸੀ। ਸੰਙਦੀ ਸੀ। ਕਿਸੇ ਓਪਰੇ ਨਾਲ ਕਦੇ ਬੋਲੀ ਨਹੀਂ ਹੋਣੀ। ਪਿੰਡਾਂ ਦੇ ਲੋਕ ਓਪਰੇ ਨਾਲ ਨਹੀਂ ਬੋਲਦੇ। ਜਦੋਂ ਬੋਲਦੇ ਹਨ, ਪਹਿਲੀਆਂ ਇਕ-ਦੋ ਗੱਲਾਂ ਵਿਚ ਹੀ ਕੋਈ ਸਕੀਰੀ ਕੱਢ ਲੈਂਦੇ ਹਨ ਤੇ ਉਹਨੂੰ ਆਪਣਾ ਬਣਾ ਲੈਂਦੇ ਹਨ।
ਏਥੇ ਉਹਦੇ ਸਾਹਮਣੇ ਸੈਂਕੜੇ ਓਪਰੇ ਬੈਠੇ ਸਨ ਤੇ ਸਾਰੇ ਉਸ ਵਲ ਝਾਕ ਰਹੇ ਸਨ। ਉੱਤੋਂ ਉਹਨੂੰ ਮਾਈਕ ’ਤੇ ਬੋਲਣਾ ਪੈਣਾ ਸੀ; ਉਹ ਵੀ ਸ਼ਾਇਦ ਪਹਿਲੀ ਵਾਰ। ਪੇਂਡੂ ਲੋਕ ਮਾਈਕ ’ਤੇ ਬੋਲਣ ਵਾਲੇ ’ਤੇ ਪੂਰਾ ਧਿਜਦੇ ਨਹੀਂ। ਅੱਖ ਵਿਚ ਅੱਖ ਪਾ ਕੇ ਕੀਤੀ ਗੱਲ ’ਤੇ ਹੀ ਯਕੀਨ ਕਰਦੇ ਹਨ। ਚੀਜ਼ਾਂ ਦੀ ਮੁਨਾਦੀ, ਕਿਸੇ ਕੰਪਨੀ ਦੀ ਮਸ਼ਹੂਰੀ ਜਾਂ ਚੋਣਾਂ ਦਾ ਪ੍ਰਚਾਰ ਕਰਨ ਵਾਲੇ ਲਾਊਡਸਪੀਕਰ ਅਜੇ ਵੀ ਗ੍ਰਾਮੀਣ ਬੋਲ-ਬਾਣੀ ਦਾ ਅੰਗ ਨਹੀਂ ਬਣ ਸਕੇ। ਇਸ ਕਰਕੇ ਪੇਂਡੂ ਬੰਦਾ, ਜਦੋਂ ਮਾਈਕ ’ਤੇ ਬੋਲਦਾ ਹੈ; ਖ਼ਾਸ ਕਰਕੇ ਪਹਿਲੀ ਵਾਰ, ਤਾਂ ਝੂਠਾ ਜਿਹਾ ਲੱਗਦਾ ਹੈ। ਮਾਈਕ ਸਾਹਵੇਂ ਖੜ੍ਹੀ ਕੁੜੀ ਅੰਦਰ ਇਹ ਉੱਥਲ-ਪੁੱਥਲ ਹੋ ਰਹੀ ਸੀ। ਆਵਾਜ਼ ਉਹਦੀ ਅਜੇ ਵੀ ਪਿੰਡ ਵਿਚ ਖੜ੍ਹੀ ਸੀ; ਮਾਈਕ ਤੋਂ ਕੋਹਾਂ ਦੂਰ। ਕਿਵੇਂ ਨਾ ਕਿਵੇਂ ਉਹਨੇ ਆਪਣੇ ਸੰਘ ਵਿਚ ਫਸੀ ਆਵਾਜ਼ ਬੁੱਲ੍ਹਾਂ ਤਕ ਧੂਹ ਲਿਆਂਦੀ ਤੇ ਕਵਿਤਾ ਬੋਲਣ ਲੱਗ ਪਈ।
ਉਹਨੇ ਦੋ ਪੰਕਤੀਆਂ ਹੀ ਬੋਲੀਆਂ ਸੀ ਕਿ ਕੁਝ ਮੁੰਡੇ ਉਹਦੇ ਨਾਲ ਬੋਲਣ ਲੱਗ ਪਏ। ਤੇ ਜਦੋਂ ਉਹ “ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ” ਵਾਲੀ ਪੰਕਤੀ ਕਹਿਣ ਲੱਗੀ, ਉਹਦੀ ਆਵਾਜ਼ ਨਾਲ ਅਨੇਕਾਂ ਹੋਰ ਆਵਾਜ਼ਾਂ ਰਲ ਗਈਆਂ। ਤੇ ਉਹਦੇ ਸਾਹਮਣੇ ਬੈਠੇ ਮੁੰਡੇ ਜਿਹੜੇ ਪਹਿਲਾਂ ਓਪਰੇ ਲੱਗਦੇ ਸਨ, ਹੁਣ ਓਨੇ ਓਪਰੇ ਨਾ ਰਹੇ। ਉਨ੍ਹਾਂ ਨਾਲ ਕਵਿਤਾ ਦੀ ਸਕੀਰੀ ਨਿਕਲ ਆਈ ਸੀ। ਕਵਿਤਾ ਦਾ ਇਹ ਸਕੀਰੀ ਗੁਣ, ਭਾਰਤੀ ਕਾਵਿ ਸ਼ਾਸਤਰ ਵਿਚ ਅੰਕੇ ਕਵਿਤਾ ਦੇ ਬਾਕੀ ਤਿੰਨ ਗੁਣਾਂ- ਮਾਧੁਰਯ, ਓਜ ਅਤੇ ਪ੍ਰਸਾਦਿ - ਵਿਚ ਜੋੜ ਲੈਣਾ ਚਾਹੀਦਾ ਹੈ। ਦਿਨੋਂ ਦਿਨ ਓਪਰੇ ਅਤੇ ਵੰਡੇ ਜਾ ਰਹੇ ਮਨੁੱਖ ਲਈ ਇਹਦੀ ਵਧੇਰੇ ਲੋੜ ਹੈ। ਜੁੜੇ ਰਹਿਣ ਲਈ ਕਵਿਤਾ ਤੇ ਪਿੰਡ ਦੋਵਾਂ ਦੀ ਲੋੜ ਹੈ।
1992 ਦੇ ਦਸੰਬਰ ਮਹੀਨੇ ਵਿਚ ਮੈਂ ਲਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਘੁੰਮ ਰਿਹਾ ਸੀ, ਇਕੱਲਾ ਸੀ ਤੇ ਪਹਿਲੀ ਵਾਰ ਆਇਆ ਸੀ। ਅਚਾਨਕ ਪਿੱਛੋਂ ਆ ਕੇ ਕਿਸੇ ਸੱਜਣ ਨੇ ਮੇਰੀ ਬਾਂਹ ਫੜ ਲਈ ਤੇ ਅੰਮ੍ਰਿਤਾ ਪ੍ਰੀਤਮ ਦੀ “ਅੱਜ ਆਖਾਂ ਵਾਰਿਸ ਸ਼ਾਹ ਨੂੰ” ਕਵਿਤਾ ਦੀਆਂ ਟੁੱਟੀਆਂ-ਫੁੱਟੀਆਂ ਸਤਰਾਂ ਸੁਣਾਉਣ ਲੱਗ ਪਿਆ। ਤੇ ਮੇਰੇ ਹੱਥ ਚੁੰਮ ਕੇ ਬਿਨਾਂ ਕੁਝ ਹੋਰ ਬੋਲੇ ਚਲਾ ਗਿਆ। ਬੰਦਾ ਜਦੋਂ ਓਪਰਾ ਹੋਣ ਲੱਗਦਾ ਹੈ; ਕਵਿਤਾ ਉਹਦੀ ਬਾਂਹ ਫੜ ਲੈਂਦੀ ਹੈ।
ਕੋਈ-ਕੋਈ ਕਵਿਤਾ ਹੁੰਦੀ ਹੈ, ਜਿਹੜੀ ਅੱਖ ਕੰਨ ਟੱਪ ਕੇ ਸਾਡੇ ਲਹੂ ਵਿਚ ਵਗਣ ਲੱਗ ਪੈਂਦੀ ਹੈ। ਅਸੀਂ ਉਹਨੂੰ ਜਿਉਣ ਲੱਗ ਪੈਂਦੇ ਹਾਂ ਤੇ ਕਦੇ-ਕਦੇ ਪੜ੍ਹਨ-ਸੁਣਨ ਦੀ ਥਾਂ ਉਸ ਨਾਲ ਖੇਡਣ ਲੱਗ ਜਾਂਦੇ ਹਾਂ। ਉਸ ਦਿਨ ਮਹਿੰਦਰਾ ਕਾਲਜ ਵਿਚ ਇਉਂ ਹੀ ਹੋਇਆ ਸੀ। ਜਿਹੜੀ ਕਵਿਤਾ ਕੁੜੀ ਸੁਣਾ ਰਹੀ ਸੀ; ਬਹੁਤੇ ਮੁੰਡਿਆਂ ਨੂੰ ਪਹਿਲਾਂ ਹੀ ਯਾਦ ਸੀ। ਇਹਦੀਆਂ ਬਾਰਾਂ ਹੀ ਪੰਕਤੀਆਂ ਸਨ। ਉਹ ਕਵਿਤਾ ਘਟ ਸੁਣ ਰਹੇ ਸਨ; ਉਚਾਰਿਕਾ ਦੇ ਚਿਹਰੇ ਵੱਲ ਵਧੇਰੇ ਵੇਖ ਰਹੇ ਸਨ ਤੇ ਉਡੀਕ ਰਹੇ ਸਨ ਕਿ ਅੰਤਲੀ ਤੁਕ ਕਹਿਣ ਵੇਲੇ ਇਹਦਾ ਕੀ ਰੰਗ ਹੁੰਦਾ ਹੈ? ਸ਼ਾਇਦ ਉਹ ਵੀ ਉਨ੍ਹਾਂ ਦੀ ਸ਼ਰਾਰਤ ਭਾਂਪ ਗਈ ਸੀ। ਜਿਵੇਂ-ਜਿਵੇਂ ਉਹ ਅੰਤਲੀ ਪੰਕਤੀ ਵਲ ਵਧ ਰਹੀ ਸੀ; ਹਿੱਕ ਦੀ ਧੜਕਣ ਉੱਚੀ ਹੁੰਦੀ ਜਾ ਰਹੀ ਸੀ। ਕਵਿਤਾ ਦਾ ਤਾਲ ਸ਼ਬਦਾਂ ਦੀ ਥਾਂ ਸਾਹ ਬਣ ਗਿਆ ਸੀ:
ਹੰਝੂ ਮੇਰੇ ਰਾਖਵੇਂ ਅਣਵੰਡੀਆਂ ਆਹੀਂ
ਸਹਿਕਣ ਮੇਰੇ ਦੀਵਿਆਂ ਤਾਈਂ ਖ਼ਨਗਾਹੀਂ
ਅੱਖਾਂ ਅਜੇ ਨਾ ਮੇਰੀਆਂ ਲੱਗੀਆਂ ਨੇ ਰਾਹੀਂ
ਤੇ ਅਗਲੀ ਪੰਕਤੀ, ਜਿਹਨੂੰ ਮੁੰਡੇ ਸਾਹ ਰੋਕ ਕੇ ਉਡੀਕ ਰਹੇ ਸਨ, ਕੁੜੀ ਦੇ ਕੰਠ ਵਿਚ ਉਲਝ ਗਈ। ਪਰ ਕਵਿਤਾ ਕਿਸੇ ਇਕ ਕੰਠ ਦੀ ਥੁੜੋਂ ਮੁਥਾਜ ਹੁੰਦੀ ਹੈ। ਮੁੰਡਿਆਂ ਨੇ ਆਪ ਉਹ ਪੰਕਤੀ ਬੋਲ ਦਿੱਤੀ: ‘ਅਜੇ ਨਾ ਆਪਣੇ ਹਾਣ ਦਾ ਮੈਂ ਚੁਣਿਆ ਬੇਲੀ’ ਤੇ ਤਾੜੀਆਂ ਨਾਲ ਵਿਹੜਾ ਗੂੰਜ ਉੱਠਿਆ। ਸੰਙ ਨਾਲ ਕੁੜੀ ਦਾ ਚਿਹਰਾ ਸੂਹਾ ਹੋ ਗਿਆ।
ਜੇ ਉਸ ਦਿਨ ਮੋਹਨ ਸਿੰਘ ਸਰੋਤਿਆਂ ਵਿਚ ਬੈਠਾ ਹੁੰਦਾ, ਆਪਣੀ ਕਵਿਤਾ ਦਾ ਸੂਹਾ ਰੰਗ ਵੇਖਕੇ ਹੈਰਾਨ ਹੋ ਜਾਂਦਾ। ਸਾਵੇ ਪੱਤਰ ਵਿੱਚੋਂ ਇਹਦਾ ਕਿਆਸ ਨਹੀਂ ਲੱਗ ਸਕਦਾ। ਦੀਵਾ ਜਗਣ ’ਤੇ ਹੀ ਦੀਵੇ ਦਾ ਜਲੌਅ ਦਿਸਦਾ ਹੈ। ਪਰ ਦੀਵਾ ਕਿਸਦਾ ਹੈ: ਬਣਾਉਣ ਵਾਲੇ ਦਾ, ਜਗਾਉਣ ਵਾਲੇ ਦਾ, ਪ੍ਰਕਾਸ਼ ਵਿਚ ਬੈਠਣ ਵਾਲੇ ਦਾ ਜਾਂ ਸਭ ਦਾ ਸਾਂਝਾ? ਸੂਹਾ ਰੰਗ ਸਾਵੇ ਪੱਤਰ ਵਾਲੀ ਕਵਿਤਾ ਦਾ ਸੀ ਜਾਂ ਕੁੜੀ ਦੇ ਚਿਹਰੇ ਦਾ? ਕਵਿਤਾ ਸੁਣਨ ਵੇਲੇ ਉਹ ਸ਼ਾਇਦ ਅਜਿਹੇ ਪ੍ਰਸ਼ਨਾਂ ਦੀ ਗੂੰਜ ਵੀ ਸੁਣਦਾ। ਜਿਉਂਦੀ ਕਵਿਤਾ ਸੁਣਨ ਵੇਲੇ ਅਸੀਂ ਸ਼ਬਦਾਂ ਤੋਂ ਬਿਨਾਂ ਹੋਰ ਵੀ ਬੜਾ ਕੁਝ ਸੁਣਦੇ ਹਾਂ। ਕੀ ਪਤਾ ਉਹ ਇਹ ਵੀ ਮਹਿਸੂਸ ਕਰਦਾ ਕਿ ਸੁਣਾਉਣ ਵਾਲੀ ਤੇ ਸੁਣਨ ਵਾਲੇ ਸਾਰਿਆਂ ਵਿਚ ਉਹ ਭੋਰਾ-ਭੋਰਾ ਵੰਡਿਆ ਹੋਇਆ ਸੀ। ਜਾਂ ਉਹ ਆਪ ਹੀ ਬੋਲ ਰਿਹਾ ਸੀ, ਆਪ ਹੀ ਸੁਣ ਰਿਹਾ ਸੀ। “ਕਹਿਤਾ, ਬਕਤਾ ਸੁਣਤਾ ਸੋਊ।” ਜਿਉਂਦੀ ਕਵਿਤਾ ਅਨੇਕਾਂ ਵਾਰ ਲਿਖੀ ਜਾਂਦੀ ਹੈ। ਅਨੇਕਾਂ ਕਵੀ ਲਿਖਦੇ ਹਨ। ਆਦਿ ਕਵੀ ਤਾਂ ਖ਼ਾਕਾ ਹੀ ਤਿਆਰ ਕਰਦਾ ਹੈ। ਹਵਾ ਤੇ ਧੁੱਪ ਵਾਂਙੂੰ ਇਹ ਉਸੇ ਦੀ ਹੁੰਦੀ ਹੈ, ਜਿਹੜਾ ਇਹਨੂੰ ਆਪਣੀ ਬਣਾ ਲਵੇ।
ਤੇ ਜੇ ਪਿਛਲੇ ਹਫ਼ਤੇ ਮਾਸੀ ਕੋਲ਼ੋਂ ਇਹੀ ਕਵਿਤਾ ਸੁਣ ਲੈਂਦਾ, ਤਾਂ ਗੌਰਵ ਨਾਲ ਭਰ ਜਾਂਦਾ। ਪਹਿਲੀ ਸੰਙ ਨਾਲ ਰੰਗੇ ਚਿਹਰੇ ਤੋਂ ਝੁਰੜੀਆਂ ਨਾਲ ਅੰਗੇ ਚਿਹਰੇ ਤਕ ਉਹਦੀ ਕਵਿਤਾ ਲੋਅ ਦਿੰਦੀ ਰਹੀ ਹੈ। ਪੰਨੇ ਤੋਂ ਉਠ ਕੇ ਲੋਕਾਂ ਦੀ ਸਿਮਰਤੀ ਵਿਚ ਵਸੀ ਹੋਈ ਹੈ। ਤੇ ਸਿਮਰਤੀ ਹੀ ਕਵਿਤਾ ਦਾ ਅਸਲੀ ਘਰ ਹੈ।
ਸਾਡੀਆਂ ਬਹੁਤੀਆਂ ਕਵਿਤਾਵਾਂ ਤਾਂ ਪੰਨੇ ਤੋਂ ਬਾਹਰ ਆਉਣ ਜੋਗੀਆਂ ਹੀ ਨਹੀਂ। ਉਨ੍ਹਾਂ ਵਿਚ ਚੀਜ਼ਾਂ ਦੇ ਸਾਹਮਣੇ ਹੋਣ ਦਾ ਹੀਆ ਨਹੀਂ। ਪੰਨੇ ’ਤੇ ਜੰਮਦੀਆਂ ਪੰਨੇ ’ਤੇ ਵਿਹਾਅ ਜਾਂਦੀਆਂ ਹਨ। ਜਿਵੇਂ ਜੀਵਨ ਜਿਉਣ ਤੋਂ ਬਿਨਾਂ ਹੀ ਬੀਤ ਜਾਵੇ। ਵੇਲਜ਼ ਦਾ ਕਵੀ ਡਿਲਨ ਟ੍ਹੌਮਸ ਕਹਿੰਦਾ ਹੈ ਕਿ ਪੰਨੇ ’ਤੇ ਲਿਖੀ ਕਵਿਤਾ ਅੱਧੀ ਹੁੰਦੀ ਹੈ। ਅੱਧੀ ਵੀ ਮੁੱਲ ਵਾਲੀ ਹੁੰਦੀ ਹੈ; ਕਮਰੇ ਵਿਚ ਬੰਦ ਆਸਮਾਨ ਵਾਂਙ। ਪਰ ਉਸ ਵਿਚ ਤਾਰੇ ਨਹੀਂ ਹੁੰਦੇ; ਨਾ ਹੀ ਉਸ ਵਿਚ ਕਾਲੀ-ਬੋਲੀ ਨ੍ਹੇਰੀ ਵਗਦੀ ਹੈ ਤੇ ਝੱਖੜਝਾਂਜੀ ਮੇਘਲਾ ਵਰ੍ਹਦਾ ਹੈ।
ਪੰਨੇ ਤੋਂ ਬਾਹਰ ਨਿਕਲਦੀ ਹੈ, ਤਾਂ ਕਵਿਤਾ ਜੀਣ-ਥੀਣ ਦੇ ਤਾਲ ਨਾਲ ਜੁੜ ਜਾਂਦੀ ਹੈ। ਪੰਨੇ ਉੱਤੇ ਉਹ ਆਰੰਭ ਹੁੰਦੀ ਹੈ ਤੇ ਪੂਰੀ ਹੋ ਜਾਂਦੀ ਹੈ। ਬਾਹਰ, ਜਿਉਣ ਵਾਂਙ ਅਧੂਰੀ ਰਹਿੰਦੀ ਹੈ। ਜੇ ਇਕ ਥਾਂ ’ਤੇ ਅੰਤ ਹੁੰਦੀ ਹੈ; ਅਗਲੇ ’ਤੇ ਫਿਰ ਆਰੰਭ ਹੋ ਜਾਂਦੀ ਹੈ। ਅੰਤ ਨਾ ਅੰਤ ਦੀ ਖੇਡ ਹੈ ਇਹ। ਇਕ ਦੀਵੇ ਵਿਚ ਵੱਡੀ ਹੁੰਦੀ ਹੈ, ਦੂਜੇ ਵਿਚ ਜਗ ਪੈਂਦੀ ਹੈ। ਪੰਨੇ ’ਤੇ, ਇਹ ਜਿਵੇਂ ਲਿਖੀ ਹੈ; ਤਿਵੇਂ ਰਹਿੰਦੀ ਹੈ। ਲਿਖੇ ਲੇਖ ਨਾ ਮਿਟਦੇ ਹਨ, ਨਾ ਬਦਲਦੇ ਹਨ। ਬਾਹਰ, ਇਹ ਆਪਣੇ ਲੇਖਾਂ ਤੇ ਲਿਖਾਰੀ ਤੋਂ ਮੁਕਤ ਹੋ ਜਾਂਦੀ ਹੈ; ਭਾਵੇਂ ਉਨ੍ਹਾਂ ਨਾਲ ਜੁੜੀ ਰਹਿੰਦੀ ਹੈ।
‘ਮੌਤ ਨੂੰ’ ਕਵਿਤਾ ਦਾ ਸੁਹਜ ਪੰਨੇ ਤੋਂ ਬਾਹਰ ਹੈ। ਮਹਿੰਦਰਾ ਕਾਲਜ ਦੇ ਮੰਚ ਉੱਤੇ ਇਹ ਆਰੰਭ ਲਿਖੇ ਸ਼ਬਦ ਨਾਲ ਹੁੰਦੀ ਹੈ, ਪਰ ਅੰਤ ਚਿਹਰੇ ਦੀ ਸੂਹੀ ਸੰਙ ’ਤੇ। ਭਾਵੇਂ ਇਹ ਅੰਤ ਸੱਚਮੁੱਚ ਦਾ ਅੰਤ ਨਹੀਂ ਹੈ। ਕਿਉਂਕਿ ਅੰਤਲੀ ਪੰਕਿਤੀ ਅਣਕਹੀ ਰਹਿ ਗਈ ਹੈ, ਜਿਹਨੂੰ 50 ਵਰ੍ਹਿਆਂ ਪਿੱਛੋਂ, ਪਿਛਲੇ ਹਫ਼ਤੇ ਮਾਸੀ ਕਹਿੰਦੀ ਹੈ। ਪੰਨੇ ਦੀ ਕਵਿਤਾ ਪੂਰੀ ਹੋ ਜਾਂਦੀ ਹੈ, ਪਰ ਉਹ ਇਕ ਪੰਕਤੀ ਆਪਣੇ ਕੋਲ਼ੋਂ ਜੋੜ ਦਿੰਦੀ ਹੈ, “ਲੈ ਹੁਣ ਮੈ ਵਿਹਲੀ ਆਂ।” ਤੇ ਅੱਗੇ ਤੁਰਨ ਲਈ ਕਵਿਤਾ ਦੇ ਪੈਰ ਲਾ ਦਿੰਦੀ ਹੈ। ਇਹ ਸਹਿਜ ਸੁਭਾਅ ਹੁੰਦਾ ਹੈ। ਕਵਿਤਾ ਜਿਉਣ ਨਾਲ ਇਸ ਤਰ੍ਹਾਂ ਸਿਉਂਤੀ ਹੋਈ ਹੈ ਕਿ ਵਿਚਾਲੇ ਸਿਉਣ ਨਹੀਂ ਦਿਸਦੀ।
ਜਿਉਣ ਨਾਲ ਸਿਉਂਤੀ ਹੋਣਾ ਇਸ ਕਵਿਤਾ ਦੀ ਵਡਿਆਈ ਹੈ। ਕੁਝ ਸੁਹਜ ਸ਼ਾਸਤਰੀ ਕਹਿੰਦੇ ਹਨ, ਕਲਾ ਤੇ ਜ਼ਿੰਦਗੀ ਸਮਾਨਾਂਤਰ ਰੇਖਾਵਾਂ ਹਨ ਤੇ ਸਦਾ ਇਕ ਦੂਸਰੀ ਤੋਂ ਅੱਡ ਰਹਿੰਦੀਆਂ ਹਨ। ਉਹ ਸਹੀ ਹੋਣਗੇ। ਪਰ ਮੈਨੂੰ ਇਹ ਰੂਪਕ ਸਹੀ ਨਹੀਂ ਲੱਗਦਾ। ਇਹ ਰੇਖਾ ਸ਼ਾਸਤਰ ਤੋਂ ਉਧਾਰਾ ਲਿਆ ਗਿਆ ਹੈ। ਮਾਂਗਵੇਂ ਕੱਪੜੇ ਕਦੇ-ਕਦਾਈਂ ਹੀ ਮੇਚ ਆਉਂਦੇ ਹਨ। ਅਸੀਂ ਉਸ ਬ੍ਰਹਿਮੰਡ ਵਿਚ ਨਹੀਂ ਰਹਿੰਦੇ, ਜਿਸ ਵਿਚ ਸਮਾਨਾਂਤਰ ਰੇਖਾਵਾਂ ਇਕ ਦੂਜੀ ਨਾਲ ਕਦੇ ਨਹੀਂ ਮਿਲਦੀਆਂ। ਉਹ ਰੇਖਾ ਸ਼ਾਸਤਰ ਦਾ ਬ੍ਰਹਿਮੰਡ ਹੈ। ਜਿੱਥੇ ਅਸੀਂ ਰਹਿੰਦੇ ਹਾਂ, ਉੱਥੇ ਜ਼ਿੰਦਗੀ ਰੇਖਕੀ ਨਹੀਂ ਹੈ ਤੇ ਨਾ ਕਲਾ। ਦੋਵੇਂ ਇਕ ਦੂਜੀ ਨਾਲ ਮਿਲਦੀਆਂ ਵਿੱਛੜਦੀਆਂ ਤੇ ਖਹਿ ਕੇ ਲੰਘਦੀਆਂ ਹਨ। ਜਿੱਥੇ ਮਿਲਦੀਆਂ ਹਨ, ਉੱਥੇ ਤੀਰਥ ਬਣ ਜਾਂਦਾ ਹੈ। ਗੰਗਾ ਤੇ ਜਮੁਨਾ ਜਦੋਂ ਮਿਲਦੀਆਂ ਹਨ; ਦੋਵੇਂ ਪੂਜਣਜੋਗ ਬਣ ਜਾਂਦੀਆਂ ਹਨ। ਮੋਹਨ ਸਿੰਘ ਦੀ ‘ਮੌਤ ਨੂੰ’ ਕਵਿਤਾ ਦੀ, ਜ਼ਿੰਦਗੀ ਨਾਲ ਕੁਝ ਇਹੋ-ਜਿਹੀ ਹੀ ਸਕੀਰੀ ਹੈ। ਗੰਗਾ ਜਮੁਨਾ ਵਾਂਙ ਦੋਵੇਂ ਇਕ ਦੂਜੀ ਵਿਚ ਵਗਦੀਆਂ ਹਨ, ਪਰ ਸਰਸਵਤੀ ਵਾਂਙ ਆਪਣੀ ਹੋਂਦ ਸਾਂਭੀ ਰਖਦੀਆਂ ਹਨ।
ਸੰਭਵ ਹੈ ਇਹ ਸੰਗਮ ਇਕ ਦੂਜੀ ਦੀ ਹੋਂਦ ਦੀ ਲੋੜ ਹੋਵੇ। ਕਲਾ ਦੀ ਪੌਣ ਪਾਣੀ ਜਿੰਨੀ ਲੋੜ ਹੋਵੇ। ਸੰਸਕ੍ਰਿਤੀ, ਜੈਵਕਤਾ (ਬਾਇਓਲੌਜੀ) ਦਾ ਅੰਗ ਬਣ ਗਈ ਹੋਵੇ। ‘ਮੌਤ’ ਨੂੰ ਪੜ੍ਹਦਿਆਂ-ਸੁਣਦਿਆਂ ਅਸੀਂ ਅਜਿਹੇ ਪ੍ਰਸ਼ਨਾਂ ਦੇ ਸਾਹਮਣੇ ਹੁੰਦੇ ਹਾਂ।
ਨੱਬੇਵੇਂ ਵਰ੍ਹੇ ਤਕ ਆਉਂਦੀ-ਆਉਂਦੀ ਮਾਸੀ ਬਹੁਤ ਕੁਝ ਭੁੱਲ ਗਈ ਹੈ। ਪਰ ਉਹਨੂੰ ਜਪੁਜੀ, ਕੀਰਤਨ ਸੋਹਿਲਾ, ਰਹਿਰਾਸ ਦੀਆਂ ਬਾਣੀਆਂ ਯਾਦ ਹਨ। ਕਬੀਰ, ਫ਼ਰੀਦ, ਨੌਵੇਂ ਮਹੱਲੇ ਦੇ ਸਲੋਕ ਯਾਦ ਹਨ। ਭਾਈ ਗੁਰਦਾਸ ਦੀਆਂ ਵਾਰਾਂ ਯਾਦ ਹਨ। ਤੇ ‘ਮੌਤ ਨੂੰ’ ਕਵਿਤਾ ਵੀ ਉਹਦੇ ਚੇਤੇ ਵਿਚ ਟਿਕੀ ਹੋਈ ਹੈ। ਕਹਿੰਦੀ ਹੈ, “ਬਾਣੀ ਮੈਨੂੰ ਸੁੱਖ ਦਿੰਦੀ ਹੈ ਤੇ ਜਿਉਂਦਾ ਰੱਖਦੀ ਹੈ। ਸ਼ੁਕਰ ਐ, ਮੈਨੂੰ ਬਾਣੀ ਯਾਦ ਐ”, ਉਹ ਕਹਿੰਦੀ ਹੈ। ਲੱਗਦਾ ਹੈ, ਸਾਡਾ ਜਿਉਂਦੇ ਰਹਿਣਾ ਸਾਡੀ ਸਿਮਰਤੀ ਤੇ ਵਿਸਿਮਰਤੀ ਨਾਲ ਜੁੜਿਆ ਹੋਇਆ ਹੈ। ਯਾਦ ਕਰਨ ਨਾਲ ਅਸੀਂ ਜਿਉਂਦੇ ਹਾਂ, ਭੁੱਲਣ ਨਾਲ ਮਰ ਜਾਂਦੇ ਹਾਂ। “ਆਖਾ ਜੀਵਾਂ, ਵਿਸਰੈ ਮਰ ਜਾਓ" ਨਾਨਕ ਜੀ ਬਚਨ ਕਰਦੇ ਹਨ।
ਇਹ ਬਚਨ ਆਤਮਾ ਦੇ ਜਿਉਣ ਮਰਨ ਦਾ ਰੂਪਕ ਹੈ ਜਾਂ ਸਰੀਰ ਦੇ ਜਿਉਣ ਮਰਨ ਦਾ ਸੂਚਕ? ਇਹ ਇਸ ਗੱਲ ’ਤੇ ਨਿਰਭਰ ਹੈ ਕਿ ਅਸੀਂ 'ਹੋ ਰਹੇ' ਨੂੰ ਕਿਵੇਂ ਵੇਖਦੇ ਹਾਂ: ਘਟਨਾ ਦੇ ਰੂਪ ਵਿਚ ਜਾਂ ਪ੍ਰਵਾਹ ਵਿਚ। ਜੇ ਸਭ ਕੁਝ ਘਟਨਾਵਾਂ ਵਿਚ ਘਟ ਰਿਹਾ ਹੈ, ਤਾਂ ਮਿਰਤੂ ਵੀ ਘਟਨਾ ਹੈ। ਅੰਤਮ ਘਟਨਾ। ਇੱਕੋ ਵਾਰ ਘਟਦੀ ਹੈ। ਰਸਤਾ ਕਬਰ ਵਿਚ ਡਿਗਦਾ ਹੈ, ਤਾਂ ਉਸ ਤੋਂ ਅੱਗੇ ਨਹੀਂ ਜਾਂਦਾ। ਪਰ ਜੇ ਸ੍ਰਿਸ਼ਟੀ ਪ੍ਰਵਾਹ ਹੈ, ਤਾਂ ਸਾਡੀ ਮਿਰਤੂ ਵੀ ਪ੍ਰਵਾਹ ਹੈ। ਇਹ ਅੰਤਿਮ ਘਟਨਾ ਨਹੀਂ। ਇਹ ਸਾਡੇ ਨਾਲ-ਨਾਲ ਤੁਰਦੀ ਹੈ। ਸਰੀਰ ਤੇ ਆਤਮਾ ਦੀ ਮਿਰਤੂ ਇੱਕੋ ਹੈ। ਨਾਨਕ ਬਚਨ ਕੇਵਲ ਰੂਪਕ ਨਹੀਂ ਹੈ।
ਬਾਣੀ ਕਹਿੰਦੀ ਹੈ - ਜੀਆਂ ਅੰਦਰ ਜਿਉਣ ਦੀ ਜੁਗਤ ਧਰੀ ਹੋਈ ਹੈ। ਲੱਗਦਾ ਹੈ, ਜਿਹੜੀ ਚੀਜ਼ ਜਿਉਣ ਲਈ ਜ਼ਰੂਰੀ ਨਹੀਂ ਉਹ ਸਿਮਰਤੀ ਵਿੱਚੋਂ ਕਿਰ ਜਾਂਦੀ ਹੈ। ਜਿੰਨੀ ਕੁ ਸਿਮਰਤੀ ਕਿਰਦੀ ਹੈ, ਉੰਨਾ ਕੁ ਅਸੀਂ ਮਰ ਜਾਂਦੇ ਹਾਂ। ਏਸ ਉਮਰ ਵਿਚ ਮਾਸੀ ਦੀ ਸਿਮਰਤੀ ਵਿੱਚੋਂ ਬਹੁਤ ਕੁਝ ਕਿਰ ਗਿਆ ਹੈ। ਉਹੀ ਰਹਿ ਗਿਆ ਹੋਣਾ ਹੈ, ਜਿਸ ਬਿਨਾਂ ਸਰਦਾ ਨਹੀਂ। ਜੇ ‘ਮੌਤ ਨੂੰ’ ਕਵਿਤਾ ਬਚ ਗਈ ਹੈ, ਤਾਂ ਮਾਸੀ ਦਾ ਉਸ ਬਿਨਾਂ ਵੀ ਸਰਦਾ ਨਹੀਂ ਹੋਣਾ।
ਜਿਸ ਸਿਮਰਤੀ ਵਿਚ ਗੁਰਬਾਣੀ ਅਤੇ ਭਾਈ ਗੁਰਦਾਸ ਦੀ ਕਵਿਤਾ ਟਿਕੀ ਹੋਵੇ, ਉੱਥੇ ਵਾਸਾ ਮਿਲਣਾ ਹੀ ਇਸ ਕਵਿਤਾ ਦੀ ਵਡਿਆਈ ਹੈ। ਮੈਨੂੰ ਲੱਗਦਾ ਹੈ ਕਵਿਤਾ ਦਾ ਜਿਉਣ ਦੀ ਲੋੜ ਬਣਨਾ, ਇਹਦਾ ਕਾਵਿ ਧਰਮ ਹੈ; ਭਾਵੇਂ ਇਕ ਜਣੇ ਲਈ ਹੀ ਬਣੇ। ਮੈਨੂੰ ‘ਮੌਤ ਨੂੰ’ ਕਵਿਤਾ ਏਸੇ ਲਈ ਮੁੱਲਵਾਨ ਲੱਗਦੀ ਹੈ।
ਇਹ ਕਵਿਤਾ ਮਿਰਤੂ ਨੂੰ ਸਵੀਕਾਰ ਹੀ ਨਹੀਂ ਕਰਦੀ, ਮਿਰਤੂ ਨੂੰ ਜਿਉਣ ਦਾ ਅੰਗ ਸਮਝਦੀ ਹੈ। ਸਵੀਕਾਰ ਬਾਹਰਲੇ ਨੂੰ ਜਾਂ ਦੂਜੇ ਨੂੰ ਕੀਤਾ ਜਾਂਦਾ ਹੈ ਆਪਣੇ ਅੰਗ ਨੂੰ ਨਹੀਂ। ਪਰ ਅਸੀਂ ਮੌਤ ਨੂੰ ਦੂਈ ਜਾਂ ਦੂਜੇ ਦੇ ਰੂਪ ਵਿਚ ਵੇਖਦੇ ਹਾਂ। ਦੂਜਾ ਭੈਅ ਹੈ। ਫ਼ਲਸਫ਼ੀ ਸਾਰਤਰ ‘ਦੂਜੇ ਨੂੰ ਦੋਜ਼ਖ਼’ ਕਹਿੰਦਾ ਹੈ। ਦੋਜ਼ਖ਼ ਵੀ ਭੈਅ ਹੈ। ਮਨੋਵਿਗਿਆਨੀਆਂ ਦਾ ਅਨੁਮਾਨ ਹੈ, ਬੰਦਾ ਦਸ ਵਿੱਚੋਂ ਨੌਂ ਖੰਡ ਭੈਅ ਵਿਚ ਰਹਿੰਦਾ ਹੈ। ਬਾਬਾ ਨਾਨਕ ਇਸ ਤੋਂ ਵੀ ਅੱਗੇ ਜਾਂਦੇ ਹਨ: ਜੀਵ ਭੈਅ ਵਿਚ ਜੰਮਦਾ ਹੈ, ਭੈਅ ਵਿਚ ਮਰਦਾ ਹੈ, ਭੈਅ ਵਿਚ ਉਹ ਹੱਸਦਾ ਹੈ, ਭੈਅ ਵਿਚ ਰੋਂਦਾ ਹੈ। ਭੈਅ ਸਾਨੂੰ ਭੈਭੀਤ ਕਰਦਾ ਹੈ। ਇਹਦੇ ਸਾਹਵੇਂ ਅਰਜਨ ਵੀ ਨਿਹੱਥਾ ਹੋ ਜਾਂਦਾ ਹੈ।
‘ਮੌਤ ਨੂੰ’ ਕਵਿਤਾ ਵਿਚ ਮਿਰਤੂ ਭਿਅੰਕਰ ਨਹੀਂ ਦਿਸਦੀ। ਉਹਦੇ ਗਲ ਵਿਚ ਖੋਪਰੀਆਂ ਦੀ ਮਾਲ਼ਾ ਨਹੀਂ, ਜਬ੍ਹਾੜਿਆਂ ਵਿੱਚੋਂ ਲਹੂ ਨਹੀਂ ਚਿਉਂਦਾ। ਮਿਰਤੂ ਸਾਧਾਰਣ ਵਰਤਾਰਾ ਹੈ; ‘ਜੌਂ ਚਰਵਾਈ ਲੈਣ’ ਤੋਂ ਵੀ ਸਾਧਾਰਣ, ‘ਭਾਬੀ ਨੂੰ ਝਾਤ’ ਬੁਲਾਉਣ ਤੋਂ ਵੀ ਸਾਧਾਰਣ। ਇਹ ਰਿਹਾੜ ਕਰਦੇ ਬੱਚੇ ਵਰਗੀ ਹੈ, ਜਿਹੜਾ ਝਿੜਕ ਖਾ ਕੇ ਪਾਸੇ ਬੈਠਾ ਜਾਂਦਾ ਹੈ ਤੇ ਥੋੜ੍ਹੇ ਚਿਰ ਪਿੱਛੋਂ ਅੱਖਾਂ ਮਲਦਾ ਫੇਰ ਕੋਲ ਆ ਜਾਂਦਾ ਹੈ।
ਮਿਰਤੂ ਦਾ ਇਹ ਚਿਹਰਾ ਘਰੇਲੂ ਹੈ। ਤੇ ਕੇਵਲ ਏਸੇ ਕਵਿਤਾ ਵਿਚ ਮਿਲਦਾ ਹੈ। ਨਾ ਅੱਗੇ ਨਾ ਪਿੱਛੇ। ਮੋਹਨ ਸਿੰਘ ਦੀ ਬਾਕੀ ਰਚਨਾ ਵਿਚ ਵੀ ਨਹੀਂ। ਪੰਜਾਬੀ ਦੀ ਸਮੁੱਚੀ ਨਵੀਂ ਕਵਿਤਾ ਇਹ ਤੋਂ ਕੋਰੀ ਹੈ। ਇਹ ਸਬੱਬ ਦੀ ਕਵਿਤਾ ਹੈ। ਪਰ ਹਰ ਸਬੱਬ ਬਿਲਕੁਲ ਬੇਸਬੱਬ ਨਹੀਂ ਹੁੰਦਾ। ਬਸ ਉਹ ਸਾਡੇ ਤਰਕ ਦੇ ਘੇਰੇ ਵਿਚ ਨਹੀਂ ਆਉਂਦਾ। ਰੁੱਖ ਦੀ ਜੜ੍ਹ ਸਾਨੂੰ ਦਿਸਦੀ ਨਹੀਂ।
‘ਮੌਤ ਨੂੰ’ ਕਵਿਤਾ ਦੀ ਜੜ੍ਹ ਪੰਜਾਬੀ ਦੀ ਕਾਵਿ ਪਰੰਪਰਾ ਵਿਚ ਨਹੀਂ, ਲੋਕਧਾਰਾ ਵਿਚ ਲੱਗੀ ਹੋਈ ਹੈ। ਇਹਦੀ ਸੁਰ ਲੋਕਗੀਤ ਵਾਲੀ ਅਤੇ ਆਵਾਜ਼ ਇਸਤਰੀ ਦੀ ਹੈ। ਪੰਜਾਬ ਦੀ ਇਸਤਰੀ ਲੋਕ ਗੀਤਾਂ ਵਿਚ ਹੀ ਖੁੱਲ੍ਹ ਕੇ ਬੋਲਦੀ ਹੈ। ਪੰਜਾਬੀ ਦੇ ਪੁਰਖ ਪ੍ਰਧਾਨ ਪ੍ਰਵਚਨ ਵਿਚ ਇਹਦੀ ਆਵਾਜ਼ ਗ਼ਾਇਬ ਹੈ। ਉਹ ਕੰਮ ਸਾਰਨ ਲਈ ਬੋਲਦੀ ਹੈ ਜਾਂ ਅਣਸਰਦੇ ਨੂੰ ਬੋਲਦੀ ਹੈ: “ਜੇ ਤੂੰ ਸਿਰ ਚੜ੍ਹਿਆ ਅਣਸਰਦੇ ਨੂੰ ਬੋਲੀ।” ਪਰ ਇਹਦਾ ਵੀ ਉਹਨੂੰ ਮੁੱਲ ਤਾਰਨਾ ਪੈਂਦਾ ਹੈ: “ਕਰਦੂੰ ਗਜ ਵਰਗੀ ਜੇ ਫੇਰ ਬਰਾਬਰ ਬੋਲੀ।”
‘ਮੌਤ ਨੂੰ’ ਕਵਿਤਾ ਵਿਚ ਇਸਤਰੀ ਆਪਣੇ ਵਾਂਙੂੰ (ਨਾਰੀ ਵਾਂਙੂੰ) ਬੋਲਦੀ ਹੈ; ਮਰਦ ਵਾਂਙੂੰ ਨਹੀਂ, ਨਾ ਉਹਦੇ ਬਰਾਬਰ, ਨਾ ਰੋਸ ਵਿਚ, ਨਾ ਅਣਸਰਦੇ ਨੂੰ। ਏਹੋ ਜਿਹੀ ਖਰੀ ਆਵਾਜ਼ ਪੰਜਾਬ ਦੀ ਨਾਰੀ ਕਵਿਤਾ ਵਿਚ ਵੀ ਨਹੀਂ ਸੁਣਦੀ। ਬਹੁਤੀ ਕਵਿਤਾ ਵਿਚ ਰੋਹ, ਵਿਦਰੋਹ, ਚਿੰਤਾ ਨਾਰੀ ਦੀ ਹੈ; ਪਰ ਆਵਾਜ਼ ਮਰਦਾਵੀਂ। ਆਪਣਾ ਦੁੱਖ-ਸੁੱਖ ਕਹਿਣ ਲਈ ਉਸ ਕੋਲ ਆਪਣੀ ਭਾਸ਼ਾ ਨਹੀਂ। ਮਰਦ ਦੀ ਭਾਸ਼ਾ ਵਿਚ ਉਹ ਹਾਸੋਹੀਣਾ ਬਣ ਜਾਂਦਾ ਹੈ। ਜਿਵੇਂ ਰਾਣੀ ਜਿੰਦਾਂ ਨੂੰ ‘ਪੰਜਾਬ ਦਾ ਇੱਕੋ ਮਰਦ’ ਕਹਿਣ ਨਾਲ।
ਮਿਰਤੂ ਨਾਲ ਸੰਵਾਦ ਇਸ ਕਵਿਤਾ ਦਾ ਹੋਰ ਗੁਣ ਹੈ। ਸਾਡੇ ਪਰਵਚਨ ਵਿਚ ਸੰਵਾਦ ਘੱਟ ਹੈ, ਵਿਵਾਦ ਵੱਧ। ਪਰ ਵਿਵਾਦ ਸਾਡਾ ਵਿਰਸਾ ਨਹੀਂ, ਇਤਿਹਾਸ ਦਾ ਦਿੱਤਾ ਸਰਾਪ ਹੈ। ਸਾਨੂੰ ਏਨਾ ਚਿਰ ਸ਼ਸਤਰ ਚੁੱਕਣੇ ਪਏ ਕਿ ਅਸੀਂ ਭੁੱਲ ਗਏ ਰੱਖਣੇ ਕਿਵੇਂ ਹਨ? ਸਾਡੇ ਹੱਥ ਹੀ ਸ਼ਸਤਰ ਬਣ ਗਏ ਹਨ। ਸ਼ਸਤਰ ਹੀ ਗੁਰੂ ਪੀਰ। ਤੇ ਯੁੱਧ ਸਾਡਾ ਧਰਮ।
ਸ਼ਸਤਰ ਵੈਰੀ ’ਤੇ ਹੀ ਨਹੀਂ ਉਸ ਭਾਸ਼ਾ ’ਤੇ ਵੀ ਵਾਰ ਕਰਦੇ ਹਨ, ਜਿਹੜੀ ਸ਼ਸਤਰ ਮਹਿਮਾ ਨਹੀਂ ਕਰਦੀ। ਵੇਖੋ ਸਾਡੀ ਮੁੱਖ ਕਿਰਿਆ ‘ਕਰਨਾ’ ਕਿਵੇਂ ‘ਮਾਰਨਾ’ ਬਣ ਗਈ ਹੈ: ਅਸੀਂ ਗੱਲਾਂ ਮਾਰਦੇ ਹਾਂ, ਝੂਠ ਮਾਰਦੇ ਹਾਂ, ਮੌਜ ਮਾਰਦੇ ਹਾਂ। ਸੈਂਕੜੇ ਚੀਜ਼ਾਂ ਹਨ; ਜਿਹੜੀਆਂ ਅਸੀਂ ਹੁਣ ਕਰਦੇ ਨਹੀਂ, ਮਾਰਦੇ ਹਾਂ। ਵਿਆਕਰਣ ਦੀ ਕਿਰਿਆ ਜਿਉਣ ਦੀ ਕਿਰਿਆ ਤੋਂ ਵੱਖਰੀ ਨਹੀਂ ਹੁੰਦੀ। ਲੱਗਦਾ ਹੈ, ਸਾਡੇ ਹਰ ਕਰਨ ਵਿਚ ਮਰਨ ਰਲ ਜਾਂਦਾ ਹੈ। ਹੱਥ ਹਥਿਆਰ ਬਣਦੇ ਹਨ, ਤਾਂ ਹਰ ਛੁਹ ਵਲੂੰਧਰੀ ਜਾਂਦੀ ਹੈ।
ਸ਼ਸਤਰਬੱਧ ਭਾਸ਼ਾ ਵਿਚ ਸੰਵਾਦ ਨਹੀਂ ਹੋ ਸਕਦਾ। ਪੰਜਾਬੀ ਬੰਦਾ ਵੈਰੀ ਨਾਲ ਗੱਲ ਨਹੀਂ ਕਰਦਾ। ਮਰਦਾ ਹੈ ਜਾਂ ਮਾਰਦਾ ਹੈ। ਇਸ ਲਈ ਉਹ ਮਿਰਤੂ ਨਾਲ ਗੱਲ ਨਹੀਂ ਕਰ ਸਕਦਾ।
‘ਮੌਤ ਨੂੰ’ ਕਵਿਤਾ ਵਿਚ ਇਹ ਗੱਲਬਾਤ ਇਸਤਰੀ ਕਰਦੀ ਹੈ। ਸਾਵਿਤਰੀ-ਸੱਤਿਆਵਾਨ ਮਿੱਥ ਵਿਚ ਵੀ ਇਸਤਰੀ ਹੀ ਇਹ ਭੂਮਿਕਾ ਨਿਭਾਉਂਦੀ ਹੈ। ਅਸਲ ਵਿਚ ਮਿਰਤੂ ਨਾਲ ਵਾਰਤਾਲਾਪ ਇਸਤਰੀ ਵੀ ਨਹੀਂ ਕਰਦੀ, ਇਸਤਰੀ ਦੇ ਰੂਪ ਵਿਚ ਜਨਨੀ ਕਰਦੀ ਹੈ। ਉਹੀ ਇਹਦੀ ਭਾਸ਼ਾ ਜਾਣਦੀ ਹੈ। ਇਹ ਭਾਸ਼ਾ ਉਹ ਜਣੇਪੇ ਦੀ ਪੀੜ ਵਿੱਚੋਂ ਸਿੱਖਦੀ ਹੈ।
ਤਰਕ ਵਿਤਰਕ ਤੇ ਹਾਰ ਜਿੱਤ ਦੀ ਭਾਸ਼ਾ ਵਿਚ ਇਹ ਵਾਰਤਾਲਾਪ ਅਸੰਭਵ ਹੈ। ਸਵੀਡਨ ਦੇ ਫਿਲਮ ਨਿਰਦੇਸ਼ਕ ਇੰਗਮਾਰ ਬਰਜਮੱਨ ਦੀ ਫਿਲਮ ਸੈਵਨਥ ਸੀਲ ਵਿਚ ਮਨੁੱਖ ਮਿਰਤੂ ਨਾਲ ਸ਼ਤਰੰਜ ਦੀ ਬਾਜ਼ੀ ਲਾਉਂਦਾ ਹੈ। ਸਤਰੰਜ ਦੀ ਭਾਸ਼ਾ ਹਾਰ ਜਿੱਤ ਦੀ ਭਾਸ਼ਾ ਹੈ, ਯੁੱਧ ਦੀ ਭਾਸ਼ਾ ਹੈ। ਇਸ ਕਰਕੇ ਵਾਰਤਾਲਾਪ ਦੀ ਖੇਡ ਸਿਰੇ ਨਹੀਂ ਚੜ੍ਹਦੀ।
ਸਾਵਿੱਤਰੀ - ਯਮਰਾਜ ਵਾਰਤਲਾਪ ਮਿਰਤੂ ਦੀ ਪਰਿਭਾਸ਼ਾ ਬਾਰੇ ਹੈ। ਸੱਤਿਆਵਾਨ ਦਾ ਸਜਿੰਦ ਹੋਣਾ ਇਸਦਾ ਪਰਿਣਾਮ ਹੈ। ਉਹ ਆਪਣੀ ਆਈ ’ਤੇ ਘਟ ਚੁੱਕਾ ਹੈ। ਸਾਵਿਤਰੀ ਇਸ ਘਟਨਾ ਨੂੰ ਅਣਘਟ ਅਤੇ ਆਈ ਨੂੰ ਅਣਆਈ ਕਰਨਾ ਚਾਹੁੰਦੀ ਹੈ।
ਬਰਜਮੱਨ ਦੀ ਫਿਲਮ ਵਿਚ ਸ਼ਤਰੰਜ ਦੀ ਖੇਡ ਮਿਰਤੂ ਦੇ ਆਉਣ ਦੀ ਘੜੀ ਨੂੰ ਖੁੰਝਾਉਣ ਵਾਸਤੇ ਖੇਡੀ ਜਾਂਦੀ ਹੈ। ਬੰਦਾ, ਹਾਰਨ ਲੱਗਾ, ਹੱਥ ਮਾਰ ਕੇ ਨਰਦਾਂ ਖਿੰਡਾ ਦਿੰਦਾ ਹੈ। ਸੋਚਦਾ ਹੈ, ਮਿਰਤੂ ਨੂੰ ਯਾਦ ਨਹੀਂ ਰਹਿਣਾ, ਕਿਹੜੀ ਨਰਦ ਕਿੱਥੇ ਪਈ ਸੀ। ਖੇਡ ਮੁੱਢ ਤੋਂ ਸ਼ੁਰੂ ਕਰਨੀ ਪਵੇਗੀ ਤੇ ਮਿਰਤੂ ਦਾ ਵੇਲਾ ਖੁੰਝ ਜਾਵੇਗਾ।
ਦੋਵੇਂ ਸੰਵਾਦ ਮਿਰਤੂ ਦੀ ਅਟੱਲਤਾ ਬਾਰੇ ਹਨ। ਦੋਵੇਂ ਮਿਰਤੂ ਨੂੰ ਸਮੱਸਿਆ ਸਮਝਦੇ ਹਨ ਤੇ ਇਹਨੂੰ ਹੱਲ ਕਰਨ ਦਾ ਯਤਨ ਕਰਦੇ ਹਨ।
‘ਮੌਤ ਨੂੰ’ ਕਵਿਤਾ ਵਿਚ ਮਿਰਤੂ ਸਮੱਸਿਆ ਨਹੀਂ ਹੈ। ਕਵਿਤਾ ਚੀਜ਼ਾਂ ਨੂੰ ਸਮੱਸਿਆ-ਗ੍ਰਸਤ ਦ੍ਰਿਸ਼ਟੀ ਨਾਲ ਵੇਖਦੀ ਹੀ ਨਹੀਂ। ਸਮੱਸਿਆਵਾਂ ਮਨੁੱਖੀ ਲੋੜਾਂ ਤੋਂ ਉਪਜਦੀਆਂ ਹਨ। ਲੋੜ ਵਾਲੀ ਅੱਖ ਨਾਲ ਰੁੱਖ ਸ਼ਾਇਦ ਲੱਕੜ ਦਿਸੇ ਤੇ ਗੁਲਾਬ ਗੁਲਕੰਦ। ਕਵਿਤਾ ਦਾ ਧਰਮ ਰੁੱਖ ਨੂੰ ਰੁੱਖ ਵੇਖਣਾ ਹੈ ਤੇ ਫੁੱਲ ਨੂੰ ਫੁੱਲ। ਰੁੱਖ ਤੇ ਫੁੱਲ ਉੰਨਾ ਚਿਰ ਹੀ ਬਚੇ ਰਹਿਣਗੇ, ਜਿੰਨਾ ਚਿਰ ਉਹ ਕਵਿਤਾ ਦੀ ਅੱਖ ਨਾਲ ਵੇਖੇ ਜਾਣਗੇ। ਅੱਜ ਦੇ ਪਰਿਆਵਰਣ ਦੀ ਦੁਰਦਸ਼ਾ ਤੇ ਪਰਦੂਸ਼ਣ, ਕਵਿਤਾ ਵੱਲੋਂ ਬੇਮੁਖ ਹੋਣ ਕਰਕੇ ਵੀ ਹੈ। ਇਸ ਤੋਂ ਵੀ ਪੁਸ਼ਟੀ ਹੁੰਦੀ ਹੈ ਕਿ ਕਵਿਤਾ ਸਾਡੇ ਹੋਣ ਦੀ ਜ਼ਰੂਰਤ ਹੈ।
‘ਮੌਤ ਨੂੰ’ ਕਵਿਤਾ ਕਿਸੇ ‘ਮਸਲੇ’ ਨਾਲ ਮੈਲੀ ਨਹੀਂ ਹੋਈ ਹੈ। ਮਸਲੇ ਮਿਰਤੂ ਨੂੰ ਫ਼ਤਹਿ ਕਰਨ ਦੀ ਲੋੜ ਵਿੱਚੋਂ ਪੈਦਾ ਹੁੰਦੇ ਹਨ। ਉਹ ਲੋੜ ਇਸ ਕਵਿਤਾ ਵਿਚ ਹੈ ਨਹੀਂ। ਲੱਗਦਾ ਹੈ, ਬੰਦਾ ਮੌਤ ਨਾਲ ਹਮੇਸ਼ਾ ਸਪੇਨੀ ਨਾਵਲਕਾਰ ਸਰਵਾਂਤੇ ਦੇ ਡਾਨ ਕਿਹੋਤੇ ਵਾਂਙ ਲੜਦਾ ਰਿਹਾ ਹੈ, ਜਿਹਨੂੰ ਸਾਹਮਣੇ ਧੂੜ ਵਿਚ ਆਉਂਦੀਆਂ ਭੇਡਾਂ ਵੈਰੀ ਦਲ ਦਿਸਦੀਆਂ ਸਨ। ਨਾਇਕ ਬਣਨ ਲਈ ਬੰਦੇ ਨੂੰ ਕੀ-ਕੀ ਨਹੀਂ ਕਰਨਾ ਪੈਂਦਾ? ਇਸਤਰੀ ਇਸ ਆਪ-ਸਹੇੜੀ ਬਲਾ ਤੋਂ ਮੁਕਤ ਹੈ। ਉਹਨੂੰ ਚੀਜ਼ਾਂ ਨੂੰ ਧੂੜ ਵਿਚ ਵੇਖਣ ਦੀ ਲੋੜ ਨਹੀਂ।
‘ਮੌਤ ਨੂੰ’ ਕਵਿਤਾ ਵਿਚਲਾ ਨਿਰਮਲ ਤੇ ਨਿਰਮਾਣ ਬਿੰਬ ਪੰਜਾਬੀ ਦੀ ਬਾਕੀ ਕਵਿਤਾ ਵਿਚ ਦੁਰਲੱਭ ਹੈ।
ਇਸ ਕਵਿਤਾ ਵਿਚ ਮਿਰਤੂ ਨਾਲ ਵਾਰਤਾਲਾਪ ਵੀ ਨਿਆਰਾ ਹੈ। ਵਾਰਤਾਲਾਪ ਕਵਿਤਾ ਤੋਂ ਪਹਿਲਾਂ ਸ਼ੁਰੂ ਹੋਇਆ ਹੁੰਦਾ ਹੈ। ਕਵਿਤਾ ਜਿਸ ਪ੍ਰਸ਼ਨ ਦੁਆਲੇ ਘੁੰਮਦੀ ਹੈ, ਉਹ ਕਵਿਤਾ ਤੋਂ ਬਾਹਰ ਹੈ। ਸ਼ਾਇਦ ਸ਼ੂਨਯ ਹੀ ਕਵਿਤਾ ਦੀ ਧੁਰੀ ਹੈ, ਜਿਹਦੇ ਆਲੇ-ਦੁਆਲੇ ਉਹ ਰੂਪ ਸਾਜਦੀ ਹੈ। ਹੋਣ ਅਤੇ ਅਣਹੋਣ ਦਾ ਵਾਰਤਾਲਾਪ ਸਦਾ ਤੋਂ ਚਲ ਰਿਹਾ ਹੈ। ਇਹ ਕਵਿਤਾ ਚਲਦੇ ਵਾਰਤਾਲਾਪ ਵਿਚ ਪਰਵੇਸ਼ ਕਰਦੀ ਹੈ ਤੇ ਵਾਰਤਾਲਾਪ ਨੂੰ ਮਨੁੱਖੀ ਚਿਹਰਾ ਦੇ ਦਿੰਦੀ ਹੈ। ਕਵਿਤਾ ਵਿੱਚੋਂ ਆਦਿ-ਜੁਗਾਦੀ ਭਾਰੇ ਪ੍ਰਸਤਾਵ ਨਿਕਲ ਜਾਂਦੇ ਹਨ। ਮਹਿੰਦੀ ਲਾਉਣ, ਘੋੜੀ ਗਾਉਣ ਤੇ ਪੀਂਘ ਝੂਟਣ ਜਿਹੇ ਨਿੱਕੇ-ਨਿੱਕੇ ਦ੍ਰਿਸ਼ ਪ੍ਰਵੇਸ਼ ਕਰ ਜਾਂਦੇ ਹਨ।
ਇਸ ਕਵਿਤਾ ਦੀ ਸਿਫ਼ਤ ਹੈ ਕਿ ਇਹ ਮਿਰਤੂ ਦੀ ਗੱਲ ਮਿਰਤੂ ਦੇ ਮੁਹਾਵਰੇ ਵਿਚ ਨਹੀਂ ਕਰਦੀ। ਪੰਜਾਬੀ ਦਾ ਇਹ ਮੁਹਾਵਰਾ ਇਹਦੇ ਰਾਸ ਵੀ ਨਹੀਂ ਆਉਣਾ ਸੀ। ਇਹ ਹਿੰਸਾ ਨਾਲ ਵਿੰਨ੍ਹਿਆ ਹੋਇਆ ਹੈ। ਇਸ ਕਵਿਤਾ ਨੇ ਸਹਿਜ ਸੁਭਾਅ ਹੀ ਇਹ ਮੁਹਾਵਰਾ ਨਕਾਰ ਦਿੱਤਾ ਹੈ। ਅਸਲ ਵਿਚ ਕਵਿਤਾ ਮਿਰਤੂ ਨਾਲ ਗੱਲ ਕਰਦੀ ਹੈ, ਮਿਰਤੂ ਬਾਰੇ ਨਹੀਂ। ਗੱਲ ਜਿਉਣ ਬਾਰੇ ਹੈ।
ਵਾਰਤਾਲਾਪ ਵਿਚ ਮਿਰਤੂ ਬੋਲਦੀ ਨਹੀਂ। ਬੋਲੀ ਵਿਚ ਗੱਲ ਬੱਝ ਜਾਂਦੀ ਹੈ। ਚੁੱਪ ਵਿਚ ਗੱਲ ਪਸਰੀ ਹੁੰਦੀ ਹੈ ਧੁੱਪ ਵਾਂਙ। ਉਹ ਅਕਲ ਦੀ ਪੰਡ ਵਿਚ ਬੱਝਦੀ ਨਹੀਂ। ਇਸ ਕਰਕੇ ਅਸੀਂ ਚੁੱਪ ਤੋਂ ਡਰਦੇ ਹਾਂ। ਤੇ ਚਾਹੁੰਦੇ ਹਾਂ ਕਿ ਮਿਰਤੂ ਸਾਡੇ ਵਾਙੂੰ ਸਾਡੇ ਨਾਲ ਬੋਲੇ। ਸਾਡੀ ਬੋਲੀ ਵਿਚ ਬੋਲੇ।
ਪਰ ਕਵੀ ਮਿਰਤੂ ਦੇ ਮੂੰਹ ਵਿਚ ਮਨੁੱਖੀ ਜ਼ਬਾਨ ਪਾਉਣ ਦੀ ਉਕਾਈ ਨਹੀਂ ਕਰਦਾ। ਸੋ ਵਾਰਤਾਲਾਪ ਦੋਹਾਂ ਜ਼ਬਾਨਾਂ ਵਿਚ ਹੁੰਦਾ ਹੈ। ਸਾਨੂੰ ਲੱਗਦਾ ਹੈ, ਵਾਰਤਾਲਾਪ ਕੇਵਲ ਸਾਡੀ ਬੋਲੀ ਵਿਚ ਹੀ ਹੋ ਰਿਹਾ ਹੈ। ਬੋਲ ਕੇਵਲ ਅਸੀਂ ਰਹੇ ਹਾਂ, ਮਿਰਤੂ ਕੇਵਲ ਸੁਣ ਰਹੀ ਹੈ। ਇਹ ਸਾਡਾ ਭਰਮ ਹੈ। ਵਾਰਤਾਲਾਪ ਕੇਵਲ ਬੋਲ ਕੇ ਹੀ ਨਹੀਂ ਹੁੰਦਾ। ਅਣਬੋਲਿਆਂ ਵੀ ਬਿਰਥਾ ਜਾਣੀ ਜਾ ਸਕਦੀ ਹੈ।
‘ਮੌਤ ਨੂੰ’ ਕਵਿਤਾ ਦੇ ਹਰ ਬੰਦ ਦਾ ਅੰਤ ਮਿਰਤੂ ਨੂੰ ਆਖੇ ਨਾਲ ਹੁੰਦਾ ਹੈ: ‘ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ।’ ਪਹਿਲੇ ਬੰਦ ਦੇ ਅੰਤ ਅਤੇ ਦੂਜੇ ਬੰਦ ਦੇ ਜਨਮ ਵਿਚਕਾਰ ਖੱਪਾ ਹੈ; ਸ਼ੂਨਯ ਹੈ; ਰਹਾਓ ਹੈ। ਤੇ ਇਹ ਚੁੱਪ ਹੈ। ਇਹ ਚੁੱਪ ਮਿਰਤੂ ਦਾ ਸੰਵਾਦ ਹੈ। ਇਸ ਸ਼ੂਨਯ ਵਿਚ ਪਹਿਲੇ ਬੰਦ ਦੀ ਮਿਰਤੂ ਹੈ ਤੇ ਦੂਜੇ ਦਾ ਜਨਮ ਹੈ। ਇਹ ਹੋਣ ਅਤੇ ਨਾ ਹੋਣ ਦਾ ਰਿਦਮ ਹੈ। ਅਸੀਂ ਤੁਰਦੇ ਹਾਂ; ਤਾਂ ਇਕ ਪੈਰ ਧਰਤੀ ’ਤੇ ਹੁੰਦਾ ਹੈ, ਦੂਜਾ ਸ਼ੂਨਯ ਵਿਚ। ਇਹ ਹੋਣ ਅਤੇ ਅਣਹੋਣ ਦਾ, ਜਿਉਣ ਅਤੇ ਮਿਰਤੂ ਦਾ ਵਾਰਤਾਲਾਪ ਹੈ।
ਮੌਤ ਕਵਿਤਾ ਹੋਣ ਅਤੇ ਅਣਹੋਣ ਦੇ ਰਿਦਮ ਵਿਚ ਲਿਖੀ ਗਈ ਹੈ। ਸਾਡੇ ਜਿਉਣ ਦੀ ਕਰਮਗਤੀ ਵੀ। ਜਿਉਣਾ ਰੰਗਾਂ ਦਾ ਅਚੰਭਾ ਛੰਭ ਹੈ, ਪੂਰਨ ਸਿੰਘ ਕਿਸੇ ਕਵਿਤਾ ਵਿਚ ਕਹਿੰਦਾ ਹੈ। ਪਰ ਇਹ ਦਿਸਦਾ ਛੰਭ ਤੋਂ ਬਾਹਰ ਖੜ੍ਹ ਕੇ ਹੈ। ਉਹ ਬਾਹਰ ਬਿਲਕੁਲ ਬਾਹਰ ਨਹੀਂ, ਖੱਪੇ ਵਾਲੀ ਥਾਂ ਹੈ। ਜਿਉਣਾ ਵਿਆਹ ਵਰਗਾ ਹੈ, ਮੋਹਨ ਸਿੰਘ ਇਸ ਕਵਿਤਾ ਵਿਚ (ਰੂਪਕ ਵਜੋਂ) ਕਹਿੰਦਾ ਹੈ। ਪਰ ਇਹ ਵਿਆਹ ਤਾਂ ਹੀ ਹੈ ਕਿ ਇਸ ਵਿਚ ਮਿਰਤੂ ਵੀ ਸ਼ਾਮਲ ਹੈ। ਵਿਆਹ ਵਿਚ ਆਈਆਂ ਮੇਲਣਾਂ ਵਿਚ ਮੇਲਣ ਹੈ, ਜਿਸ ਨਾਲ ਵਿਚ-ਵਿਚ ਗੱਲਬਾਤ ਕਰਨੀ ਪੈਂਦੀ ਹੈ।
ਇਹ ਕਵਿਤਾ ਦੱਸਦੀ ਹੈ ਕਿ ਮਿਰਤੂ ਦੀ ਅੱਖ ਨਾਲ ਵੇਖਿਆਂ ਹੀ ਜਿਉਣਾ ਚੰਗਾ ਲੱਗਦਾ ਹੈ। ਦੁਨੀਆ ਸੁਹਣੀ ਲੱਗਦੀ ਹੈ। ਸੁਹਜ ਹੈ ਹੀ ਮਿਰਤੂ ਕਰਕੇ। ਫੁੱਲਾਂ ਵਿਚ ਰੰਗ ਤੇ ਸੁਗੰਧ ਮਿਰਤੂ ਦੀ ਹੈ। ਸਦਾ ਬਹਾਰ ਰੁੱਖਾਂ ਨੂੰ ਰੰਗ ਨਹੀਂ ਲੱਗਦੇ। ਉਹ ਇੱਕੋ ਰੁੱਤ ਦੇ ਸਰਾਪ ਵਿਚ ਰਹਿੰਦੇ ਹਨ।
ਮਾਸੀ ਕਹਿੰਦੀ ਹੈ: “ਹੁਣ ਮੈਂ ਵਿਹਲੀ ਆਂ, ਬਥੇਰਾ ਜਿਉਂ ਲਿਆ ਹੈ।” ਭਾਈ ਗੁਰਦਾਸ ਨੂੰ ਯਾਦ ਕਰਨ ਲੱਗਦੀ ਹੈ:
ਅੱਖੀਂ ਵੇਖ ਨ ਰਜੀਆ, ਬਹੁ ਰੰਗ ਤਮਾਸੇ॥
ਉਸਤਤਿ ਨਿੰਦਾ ਕੰਨਿ ਸੁਣਿ, ਰੋਣੇ ਤੇ ਹਾਸੇ॥
ਸਾਦੀ ਜੀਭ ਨ ਰਜੀਆ, ਕਰ ਭੋਗ ਬਿਲਾਸੇ॥
ਨਕ ਨ ਰਜਾ ਵਾਸੁ ਲੈ, ਦੁਰਗੰਧ ਸੁਵਾਸੇ॥
ਰਜਿ ਨ ਕੋਈ ਜੀਵਿਆ, ਕੂੜੇ ਭਰਵਾਸੇ॥
ਮੋਹਨ ਸਿੰਘ ਦੀ ਇਹ ਕਵਿਤਾ ਰੱਜਣ ਨੂੰ ਕੂੜਾ ਨਹੀਂ ਸਮਝਦੀ। ਇਹ ਕਹਿੰਦੀ ਹੈ, ਜਿਉਣਾ ਏਨਾ ਰਸਵੰਤ ਹੈ ਕਿ ਇਹਦਾ ਰੱਜ ਨਹੀਂ ਆਉਂਦਾ। ਇਹੀ ਗੱਲ ਡੇਢ ਸਦੀ ਪਹਿਲਾਂ ਅਮਰੀਕਨ ਕਵੀ ਐਮਿਲੀ ਡਿਕਨਸਨਸ ਨੇ ਕਹੀ ਸੀ, “ਜਿਉਣਾ ਹੀ ਏਨਾ ਅਚੰਭੇ ਭਰਿਆ ਹੈ ਕਿ ਹੋਰ ਕੰਮ ਲਈ ਵਿਹਲ ਹੀ ਨਹੀਂ ਦਿੰਦਾ।”
ਮਾਸੀ ਵੀ ਵਿਹਲੀ ਨਹੀਂ। ਉਹ ਜਿਉਣ ਦਾ ਕੰਮ ਕਰੀ ਜਾ ਰਹੀ ਹੈ। ਨਾਲ ਦੇ ਸੰਗੀ-ਸਾਥੀ ਤੁਰ ਗਏ ਹਨ। ਹਾਣ ਦਾ ਬੇਲੀ ਚਲਾ ਗਿਆ ਹੈ। ਕਦੇ-ਕਦੇ ਬਾਣੀ ਦੀ ਥਾਂ ਹੋਠਾਂ ’ਤੇ ਰੋਸਾ ਆ ਜਾਂਦਾ ਹੈ:
ਸੰਜੋਗ ਤੋਂ ਵਿਜੋਗ ਲਿਖ ਤੇ
ਹੱਥ ਚੰਦਰੇ ਦੇ ਕਲਮ ਫੜਾਈ॥
*****
(1247)