KirtmeetKohar7ਇਸ ਦੌਰਾਨ ਸਰੋਤਿਆਂ ਨੇ ਬਾਰ-ਬਾਰ ਖੜ੍ਹੇ ਹੋ ਕੇ ਤਾੜੀਆਂ ਨਾਲ ਬਾਬਾ ਨਜਮੀ ਨੂੰ ...
(28 ਜੁਲਾਈ 2018)

 

 NajmiAB1

 

ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ,
ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ।

 

ਐਡਮਿੰਟਨ (15 ਜੁਲਾਈ): ਪੀ.ਪੀ.ਐਫ.ਈ. (ਪ੍ਰੋਗਰੈੱਸਿਵ ਪੀਪਲਜ਼ ਫ਼ਾਊਂਡੇਸ਼ਨ ਆਫ਼ ਐਡਮਿੰਟਨ) ਵਲੋਂ ਕਮੇਟੀ ਆਫ਼ ਪ੍ਰੋਗਰੈੱਸਿਵ ਪਾਕਿਸਤਾਨੀ ਕੈਨੇਡਅਨਜ਼, ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ (ਬਰੈਂਪਟਨ), ਤਰਕਸ਼ੀਲ ਕਲਚਰਲ ਸੁਸਾਇਟੀ ਆਫ਼ ਕੈਨੇਡਾ, ਪ੍ਰੋਗਰੈੱਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਓਂਟਾਰਓ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ ਵਿਨੀਪੈੱਗ ਆਦਿ ਦੇ ਸਹਿਯੋਗ ਨਾਲ ਪਹਿਲੀ ਵਾਰ ਕੈਨੇਡਾ ਪਹੁੰਚੇ ਪਾਕਿਸਤਾਨੀ ਪੰਜਾਬ ਦੇ ਸੰਸਾਰ ਪੱਧਰ ਦੇ ਮਸ਼ਹੂਰ ਤੇ ਇਨਕਲਾਬੀ ਸ਼ਾਇਰ ਬਾਬਾ ਨਜਮੀ ਨੇ ਐਡਮਿੰਟਨ ਵਿਖੇ ਆਪਣੀ ਸ਼ਾਇਰੀ ਦੇ ਰੰਗ ਬਿਖੇਰੇ। ਵੈਨਕੂਵਰ ਤੋਂ ਬਾਅਦ ਐਡਮਿੰਟਨ ਵਿਖੇ ਸਫ਼ਲ ਸਮਾਗਮ ਹੋਇਆ।

ਪੀ.ਪੀ.ਐੱਫ.ਈ. ਵਲੋਂ ਬਜ਼ਮ-ਏ-ਸੁਖਮ ਦੇ ਸਹਿਯੋਗ ਨਾਲ ਆਕਾ ਸੈਂਟਰ ਵਿਖੇ ਐਡਮਿੰਟਨ ਵਿਖੇ ਕਰਵਾਏ ਗਏ ਮੁਸ਼ਾਇਰੇ ਵਿਚ ਬਾਬਾ ਨਜਮੀ ਮੁੱਖ ਸ਼ਾਇਰ ਦੇ ਤੌਰ ’ਤੇ ਪਹੁੰਚੇ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਪੀ.ਪੀ.ਐੱਫ.ਈ. ਦੇ ਸਕੱਤਰ ਕਿਰਤਮੀਤ ਕੁਹਾੜ ਨੇ ਦੱਸਿਆ ਕਿ ਸਮਾਗਮ ਵਿੱਚ ਵੱਖ-ਵੱਖ ਭਾਈਚਾਰਿਆਂ ਤੋਂ ਤਿੰਨ ਸੌ ਤੋਂ ਵੱਧ ਲੋਕਾਂ ਨੇ ਸ਼ਮੂਲੀਅਲ ਕੀਤੀ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਬਾਬਾ ਨਜਮੀ, ਸਾਬਕਾ ਐੱਮ.ਐੱਲ.ਏ. ਤੇ ਸਾਬਕਾ ਪ੍ਰੋਫੈੱਸਰ ਰਾਜ ਪੰਨੂ, ਅਰਪਨ ਲਿਖਾਰੀ ਸਭਾ ਕੈਲਗਰੀ ਵਲੋਂ ਕੇਸਰ ਸਿੰਘ ਨੀਰ, ਪੀ.ਪੀ.ਐੱਫ.ਈ. ਦੇ ਪ੍ਰਧਾਨ ਡਾ. ਪ੍ਰਿਥਵੀ ਰਾਜ ਕਾਲੀਆ ਅਤੇ ਬਜ਼ਮ-ਏ-ਸੁਖਮ ਦੀ ਪ੍ਰਧਾਨ ਕਿਸ਼ਵਰ ਗਨੀ ਸ਼ਾਮਲ ਸਨ।

ਸਮਾਗਮ ਵਿਚ ਭਾਰਤ ਤੋਂ ਆਏ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਕਾਰਜਕਾਰੀ ਮੈਂਬਰ ਮੱਖਣ ਕੁਹਾੜ, ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਦੇ ਦੇਬਾਲ ਕੇ ਸਿੰਘਾਰੌਏ, ਤਰਕਸ਼ੀਲ ਕਲਚਰਲ ਸੁਸਾਇਟੀ ਆਫ਼ ਕੈਨੇਡਾ, ਵੈਨਕੂਵਰ ਦੇ ਪ੍ਰਧਾਨ ਬਾਈ ਅਵਤਾਰ ਗਿੱਲ, ਰੇਡੀਓ ਪੰਜਾਬ ਵੈਨਕੂਵਰ ਦੇ ਪ੍ਰੋ. ਗੁਰਵਿੰਦਰ ਧਾਲੀਵਾਲ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸਟੇਜ਼ ਸਕੱਤਰ ਦੀ ਭੂਮਿਕਾ ਦਲਬੀਰ ਸਾਂਗਿਆਣ ਨੇ ਨਿਭਾਈ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ।

ਦੋ ਸੈਸ਼ਨਾਂ ਵਿਚ ਕਰਵਾਏ ਗਏ ਇਸ ਸਮਾਗਮ ਦੇ ਪਹਿਲੇ ਪੜਾ ਦੌਰਾਨ ਡਾ. ਕਾਲੀਆਂ ਵਲੋਂ ਬਾਬਾ ਨਜਮੀ ਬਾਰੇ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਬਾਬਾ ਨਜਮੀ ਨੂੰ ਐਡਮਿੰਟਨ ਵਿਖੇ ਪਹੁੰਚਣ ਅਤੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਜੀ ਆਇਆਂ ਕਿਹਾ। ਸਮਾਗਮ ਦੀ ਸ਼ੁਰੂਆਤ ਜੋਗਿੰਦਰ ਰੰਧਾਵਾ ਨੇ ਡਾ. ਜਗਤਾਰ ਦੀ ਨਜ਼ਮ ਗਾ ਕੇ ਕੀਤੀ।

ਇਸ ਉਪਰੰਤ ਪਵਿੱਤਰ ਧਾਲੀਵਾਲ ਨੇ ਆਪਣੀ ਨਵੀਂ ਆਈ ਕਿਤਾਬ ‘ਸਮੇਂ ਦਾ ਰਾਗ’ ਵਿੱਚੋਂ ਕਵਿਤਾ ਪੜ੍ਹ ਕੇ ਸੁਣਾਈ। ਇਸ ਮੌਕੇ ਪੀ.ਪੀ.ਐੱਫ.ਈ. ਵਲੋਂ ਸਮਾਗਮ ਨੂੰ ਮੁੱਖ ਰੱਖ ਕੇ ‘ਬਾਬਾ ਨਜਮੀ’ ਬਾਰੇ ਪੰਜਾਬੀ (ਸ਼ਾਹਮੁਖੀ ਅਤੇ ਗੁਰਮੁਖੀ) ਵਿਚ ਤਿਆਰ ਕੀਤੀਆਂ ਨਜ਼ਮਾਂ ਦੇ ਪਰਚੇ ਨੂੰ ਲੋਕ ਅਰਪਣ ਕੀਤਾ ਗਿਆ। ਸੰਸਥਾਵਾਂ ਵਲੋਂ ਵੱਖ-ਵੱਖ ਸਮੇਂ ’ਤੇ ਛਪਵਾਈਆਂ ਅੰਗਰੇਜ਼ੀ ਅਤੇ ਪੰਜਾਬੀ (ਅਨੁਵਾਦ) ਕਿਤਾਬਾਂ ਬਾਬਾ ਨਜ਼ਮੀ ਨੂੰ ਭੇਂਟ ਕੀਤੀਆਂ ਗਈਆਂ। ਇਸ ਉਪਰੰਤ ਬਖਸ਼ ਸੰਘਾ ਵਲੋਂ ‘ਔਰਤਾਂ ਨੂੰ ਇਨਸਾਨ ਨਹੀਂ ਸਮਝਿਆ’ ਪੜ੍ਹੀ ਗਈ, ਜਿਸ ਨੂੰ ਖੂਬ ਸਲਾਹਿਆ ਗਿਆ। ਕੇਸਰ ਸਿੰਘ ਨੀਰ ਵਲੋਂ ਪੜ੍ਹੀ ਗ਼ਜ਼ਲ ਅਤੇ ਇਕਲਾਬ ਖ਼ਾਨ ਦੀ ਕਵਿਤਾ ‘ਮਜ਼ਦੂਰ’ ਆਦਿ ਦੀ ਵੀ ਤਾਰੀਫ਼ ਕੀਤੀ ਗਈ।

ਬਾਬਾ ਨਜਮੀ ਵਲੋਂ ਪਹਿਲੇ ਸ਼ੇਅਰ ਨਾਲ ਲਗਵਾਈ ਹਾਜ਼ਰੀ ਏਨੀ ਪ੍ਰਭਾਵਸ਼ਾਲੀ ਸੀ ਕਿ ਸਰੋਤਿਆਂ ਵਲੋਂ ਲਗਭਗ ਇਕ ਮਿੰਟ ਤਕ ਖੜ੍ਹੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ ਗਿਆ, ਜਿਸ ਕਰਕੇ ਬਾਬਾ ਨਜ਼ਮੀ ਨੂੰ ਅਗਲਾ ਸ਼ੇਅਰ ਸੁਣਾਉਣ ਲਈ ਇੰਤਜ਼ਾਰ ਕਰਨਾ ਪਿਆ। 20 ਤੋਂ 25 ਮਿੰਟ ਦੀ ਪ੍ਰਭਾਵਸ਼ਾਲੀ ਸ਼ਾਇਰੀ ਦੌਰਾਨ ਬਾਬਾ ਨਜ਼ਮੀ ਨੇ ‘ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ ...’, ‘ਬੇਹਿੰਮਤੇ ਨੇ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ...’, ‘ਜਿਸ ਧਰਤੀ ਤੇ ਰੱਜਵਾਂ ਟੁਕਰ ਖਾਂਦੇ ਨਹੀਂ ਮਜ਼ਦੂਰ…’, ‘ਝੁੱਗੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੇਂ ...’ ‘ਆਪਣੇ ਮੂੰਹ ਨੂੰ ਡੱਕਾ ਲਾ ਓਇ, ਸੀਦੇ ਸ਼ਾਹ...’ ਆਦਿ ਨਜ਼ਮਾਂ/ਗ਼ਜ਼ਲਾਂ ਸੁਣਾ ਕੇ ਸਮੇਂ ਨੂੰ ਬੰਨ੍ਹੀਂ ਰੱਖਿਆ।

ਸਮਾਗਮ ਦੇ ਦੂਸਰੇ ਪੜਾ ਦੀ ਸ਼ੁਰੂਆਤ ਕਿਸ਼ਵਰ ਗਨੀ ਵਲੋਂ ਉਰਦੂ ਦੀ ਨਜ਼ਮ, ਜਮੈਕ ਚੌਧਰੀ, ਰਾਸ਼ਦ ਚੌਧਰੀ, ਜਰਨੈਲ ਕੌਰ, ਵੀਨਾ ਸ਼ਰਮਾ, ਵੰਦਨਾ ਤਿਵਾੜੀ ਆਦਿ ਨੇ ਆਪੋ-ਆਪਣੀਆਂ ਨਜ਼ਮਾਂ ਸੁਣਾਈਆਂ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਕਾਰਜਕਾਰੀ ਮੈਂਬਰ ਮੱਖਣ ਕੁਹਾੜ, ਜਿਨ੍ਹਾਂ ਨੂੰ ਕੇਂਦਰੀ ਸਭਾ ਵਲੋਂ ਸਾਹਿਤਕ ਜਥੇਬੰਧਕ ਸੇਵਾਵਾਂ ਲਈ ‘ਹੀਰਾ ਸਿੰਘ ਦਰਦ’ ਐਵਾਰਡ ਦਿੱਤਾ ਜਾ ਰਿਹਾ ਹੈ, ਨੇ ਗ਼ਜ਼ਲ ‘ਉਹ ਬਣਿਆ ਬਾਗ ਦਾ ਰਾਖਾ ਜਿਹਦੇ ਹੱਥ ਵਿਚ ਆਰੀ ਹੈ’ ..., ‘ਮੰਦਰਾਂ ਦੀ ਬਾਤ ਪਾ ਜਾ ਮਸਜਿਦਾਂ ਦੀ ਬਾਤ ਪਾ’... ਅਤੇ ‘ਐਪਰ ਸੁਣਿਆ ਜੰਗਲ ਅੰਦਰ ਅਜਗਰਾਂ ਬਾਘਾਂ ਦੀ ਯਾਰੀ ਹੈ’ ਸੁਣਾ ਕੇ ਹਾਜ਼ਰੀਨ ਨੂੰ ਦਾਦ ਦੇਣ ਲਈ ਮਜਬੂਰ ਕਰ ਦਿੱਤਾ। ਪੀ.ਪੀ.ਐੱਫ਼.ਈ. ਦੇ ਪ੍ਰਧਾਨ ਡਾ. ਪੀ.ਆਰ. ਕਾਲੀਆ ਵੱਲੋਂ ਆਪਣੀ ਹਿੰਦੀ ਦੀ ਕਵਿਤਾ ‘ਮਜ਼ਦੂਰ ਕੇ ਹਾਥ’ ਸੁਣਾ ਕੇ ਮਹਿਫ਼ਲ ਨੂੰ ਅਖੀਰ ਤੇ ਪਹੁੰਚਾ ਦਿੱਤਾ।

ਦੂਸਰੇ ਸੈਸ਼ਨ ਦੇ ਅੰਤ ਵਿਚ ਬਾਬਾ ਨਜਮੀ ਨੇ ਆਪਣੀਆਂ ਪਸੰਦੀਦਾ ਗ਼ਜ਼ਲਾਂ/ਨਜ਼ਮਾਂ ਦੀ ਫਿਰ ਸ਼ਹਿਬਰ ਲਾਈ ਅਤੇ ਲੰਬੇ ਸਮੇਂ ਤਕ ਸਰੋਤਿਆਂ ਨੂੰ ਕੀਲੀ ਰੱਖਿਆ। ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਲਿਖੀ ਨਵੀਂ ਨਜ਼ਮ ਨੂੰ ਇਸ ਸਮਾਗਮ ਵਿੱਚ ਪਹਿਲੀ ਵਾਰ ਪੜ੍ਹਿਆ।

ਜ਼ਿੰਦਗੀ ਭਰ ਜੁਝਾਰੂ ਰਚਨਾਵਾਂ ਰਚਦੇ ਰਹਿਣ ਅਤੇ ਸਟੇਜਾਂ ਉੱਪਰੋਂ ਹਿੱਕ ਠੋਕ ਕੇ ਬੋਲਦੇ ਰਹਿਣ ਦੇ ਵਾਅਦੇ ਨਾਲ ਬਾਬਾ ਨਜਮੀ ਨੇ ਹਾਜ਼ਰੀਨ ਤੋਂ ਵਿਦਾ ਲਈ। ਇਸ ਦੌਰਾਨ ਸਰੋਤਿਆਂ ਨੇ ਬਾਰ-ਬਾਰ ਖੜ੍ਹੇ ਹੋ ਕੇ ਤਾੜੀਆਂ ਨਾਲ ਬਾਬਾ ਨਜਮੀ ਨੂੰ ਦਾਦ ਦਿੱਤੀ ਅਤੇ ਸਤਿਕਾਰ ਦਿੱਤਾ। ਸਮਾਗਮ ਦੇ ਅੰਤ ਵਿਚ ਪ੍ਰੋ. ਰਾਜ ਪੰਨੂ ਹੁਰਾਂ ਨੇ ਪ੍ਰੋਗਰੈੱਸਿਵ ਪੀਪਲਜ਼ ਫ਼ਾਊਂਡੇਸ਼ਨ ਆਫ਼ ਐਡਮਿੰਟਨ ਵਲੋਂ ਅਜਿਹਾ ਪ੍ਰੋਗਰਾਮ ਉਲੀਕਣ ਅਤੇ ਇਸ ਨੂੰ ਸਫਲਤਾਪੂਰਨ ਨੇਪਰੇ ਚਾੜ੍ਹਨ ’ਤੇ ਵਧਾਈ ਦਿੱਤੀ ਅਤੇ ਸਮਾਗਮ ਵਿੱਚ ਸ਼ਾਮਲ ਸ੍ਰੋਤਿਆਂ ਦਾ ਧੰਨਵਾਦ ਕੀਤਾ।

*****

About the Author

ਕਿਰਤਮੀਤ ਕੁਹਾੜ

ਕਿਰਤਮੀਤ ਕੁਹਾੜ

Edmonton, Alberta, Canada.
Phone: (780 200 5328)
Email: (kirtmeetsingh@gmail.com)