“ਪੰਜਾਬ ਰੁਜ਼ਗਾਰ ਦੀਆਂ ਸੰਭਾਵਨਾਵਾਂ ਦੇ ਪੱਖ ਤੋਂ ਬੰਦ ਹਨ੍ਹੇਰੀ ਗਲੀ ਵਾਂਗ ...”
(21 ਜੁਲਾਈ 2018)
ਪੰਜਾਬ ਕਈ ਸਮੱਸਿਆਵਾਂ ਦੇ ਰੂਬਰੂ ਹੈ। ਵੈਸੇ ਇਹ ਪੰਜਾਬ ਦੀ ਹੋਣੀ ਵੀ ਹੈ। ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।’ ਇੱਥੋਂ ਦੀਆਂ ਸਮੱਸਿਆਵਾਂ ਦਾ ਲੰਮਾ ਇਤਿਹਾਸ ਹੈ। ਸੰਤਾਲੀ ਦੀ ਦੇਸ਼ ਵੰਡ ਨੇ ਪੰਜਾਬ ਨੂੰ ਵੱਡੇ ਪੱਧਰ ’ਤੇ ਕੱਟਿਆ-ਵੱਢਿਆ ਹੈ। ਦੇਸ਼ ਵੰਡ ਨਾਲ ਪਾਕਿਸਤਾਨ ਕੋਲ ਬਾਹਠ ਪ੍ਰਤੀਸ਼ਤ ਪੰਜਾਬ ਰਹਿ ਗਿਆ। ਸਾਨੂੰ ਮਿਲਿਆ ਅਠੱਤੀ ਪ੍ਰਤੀਸ਼ਤ ਦਾ ਪੰਜਾਬ। ਇਸ ਵੰਡ ਨੇ ਪੰਜਾਬ ਦੀ ਆਬਾਦੀ ਤੇ ਜ਼ਮੀਨੀ ਵੰਡ ਦਾ ਲੱਕ ਤੋੜ ਦਿੱਤਾ। ਇਸ ਨਾਲ ਸਾਡੀ ਆਰਥਿਕਤਾ ਤੇ ਸਾਂਝੀ ਰਹਿਤਲ ਨੂੰ ਭਾਰੀ ਸੱਟ ਵੱਜੀ। ਪੰਜਾਬ ਵਿਸ਼ਾਲ ਤੋਂ ਸੰਕੁਚਿਤ ਹੋ ਗਿਆ। ਫਿਰ ਕਿਸੇ ਹੋਰ ਨੇ ਨਹੀਂ, ਅਸਾਂ ਖੁਦ ਨੇ 1966 ਵਿਚ ਪੰਜਾਬ ਨੂੰ ਛੋਟਾ ਕਰ ਲਿਆ। ਪੰਜਾਬ ਵਿੱਚੋਂ ਬਿਨਾਂ ਮੰਗੇ ਦੋ ਨਵੇਂ ਸੂਬੇ ਬਣ ਗਏ। ਹਰਿਆਣੇ ਨੂੰ ਬਾਰਾਂ ਪ੍ਰਤੀਸ਼ਤ ਅਤੇ ਹਿਮਾਚਲ ਨੂੰ ਤਕਰੀਬਨ ਅੱਠ ਪ੍ਰਤੀਸ਼ਤ ਇਲਾਕਾ ਮਿਲ ਗਿਆ। ਹੁਣ ਸਾਡਾ ਅਠਾਰਾਂ ਪ੍ਰਤੀਸ਼ਤ ਦਾ ਪੰਜਾਬ ਹੈ।
ਇਸ ਕੱਟ-ਵੱਢ ਨੇ ਅਖ਼ੀਰ ਆਪਣਾ ਰੰਗ ਤਾਂ ਵਿਖਾਉਣਾ ਹੀ ਸੀ। ਪੰਜਾਬ ਕੇਵਲ ਖੇਤੀ ਪ੍ਰਧਾਨ ਮੈਦਾਨੀ ਇਲਾਕੇ ਤੱਕ ਸੀਮਿਤ ਹੋ ਗਿਆ। ਸਨਅਤ ਦੀ ਵੱਡੀ ਸੰਭਾਵਨਾ ਵਾਲਾ ਠੰਢਾ ਇਲਾਕਾ ਹਿਮਾਚਲ ਸਾਡੇ ਕੋਲੋਂ ਦੂਰ ਹੋ ਗਿਆ। ਰਾਜਧਾਨੀ ਦਿੱਲੀ ਨਾਲ ਰਾਜਸੀ ਰੂਪ ਵਿਚ ਜੁੜਨ ਵਾਲਾ ਵਪਾਰਕ ਤੇ ਉਦਯੋਗਿਕ ਕਿੱਤਿਆਂ ਵਾਲਾ ਹਰਿਆਣਾ ਵੀ ਅਸੀਂ ਆਪਣਾ ਸ਼ਰੀਕ ਬਣਾ ਲਿਆ। ਦੇਸ਼ ਦੀ ਰਾਜਧਾਨੀ ਨਾਲ ਜੁੜਨ ਦੇ ਸਿੱਟੇ ਵਜੋਂ ਹੀ ਹਰਿਆਣਾ ਵਿਚ ਕਈ ਬਰਕਤਾਂ ਹਨ। ਸਾਡਾ ਇਹ ਚੱਪਾ-ਰੋਟੀ ਜਿੱਡਾ ਪੰਜਾਬ ਹਾਲੋਂ-ਬੇਹਾਲ ਹੋਇਆ ਪਿਆ ਹੈ। ਅਸੀਂ ਪਾਕਿਸਤਾਨ ਤੋਂ ਭੱਜ ਆਏ ਸੀ, ਕਿਉਂਕਿ ਉੱਥੇ ਪਾਕਿਸਤਾਨ ਇਕ ਵੱਖਰਾ ਇਸਲਾਮਕ ਦੇਸ਼ ਬਣ ਗਿਆ ਸੀ। ਇਹ ਸਾਡੀ ਰਾਜਸੀ ਮਜਬੂਰੀ ਸੀ ਅਤੇ ਹੁਕਮਰਾਨਾਂ ਦਾ ਹੁਕਮ। ਫਿਰ 1966 ਵਿਚ ਅਸਾਂ ਪੰਜਾਬੀ ਸਮੁਦਾਇ ਦੇ ਸੰਗਠਨ ਨੂੰ ਭਾਰੀ ਸੱਟ ਮਾਰੀ। ਪੰਜਾਬੀ ਹਿੰਦੂਆਂ ਨੂੰ ਹਰਿਆਣੇ ਅਤੇ ਹਿਮਾਚਲ ਵੱਲ ਧੱਕਣ ਦਾ ਯਤਨ ਕੀਤਾ। ਇਸ ਨਾਲ ਪੰਜਾਬ ਦੇ ਕਾਰੋਬਾਰੀ/ਵਪਾਰਕ ਤੇ ਸਨਅਤੀ ਘਰਾਣੇ ਦੂਰ ਹੋ ਗਏ।
ਅਜੋਕਾ ਪੰਜਾਬ ਕੇਵਲ ਤੇ ਕੇਵਲ ਖੇਤੀ ਉਤਪਾਦਨ ਤੱਕ ਸੀਮਿਤ ਹੋ ਗਿਆ। ਇਸ ਸੰਬੰਧੀ ਹਰਾ ਇਨਕਲਾਬ ਅੱਗੇ ਨਹੀਂ ਤੁਰਿਆ ਹੈ। ਅਸੀਂ ਖੇਤੀ ਉਤਪਾਦਨ ਦੇ ਕੱਚੇ ਮਾਲ ਤਕ ਸੀਮਿਤ ਰਹੇ ਹਾਂ। ਖੇਤੀ ਆਧਾਰਿਤ ਸਨਅਤੀਕਰਣ ਦਾ ਅਗਲਾ ਪੜਾਅ ਆਰੰਭ ਹੀ ਨਹੀਂ ਹੋਇਆ ਹੈ। ਇਸ ਦੇ ਸਿੱਟੇ ਵਜੋਂ ਹਰੇ ਇਨਕਲਾਬ ਨਾਲ ਸਿਰਫ਼ ਵਕਤੀ ਹੁਲਾਰਾ ਹੀ ਮਿਲਿਆ ਹੈ। ਇਹ ਖੇਤੀ ਵਿਕਾਸ ਦੀ ਨਿਰੰਤਰਤਾ ਬਣਾਈ ਰੱਖਣ ਵਿਚ ਅਸਫ਼ਲ ਸਿੱਧ ਹੋਇਆ ਹੈ। ਸਾਡਾ ਸੱਤਰ੍ਹਵਿਆਂ ਵਿਚ ਆਇਆ ਹਰਾ ਇਨਕਲਾਬ ਕੇਵਲ ਤੇ ਕੇਵਲ ਖੇਤੀ ਉਤਪਾਦਨ ਦੇ ਵਾਧੇ ਦਾ ਸਬੱਬ ਤੇ ਕਾਰਣ ਬਣਿਆ। ਸਾਡਾ ਇੱਕੋ-ਇੱਕ ਨਿਸ਼ਾਨਾ ਖੇਤੀ ਉਪਜ ਵਿਚ ਵਾਧਾ ਕਰਨਾ ਸੀ। ਇਸ ਦੇ ਸਿੱਟੇ ਵਜੋਂ ਬੇਤਹਾਸ਼ਾ ਰਸਾਇਣ ਖਾਦਾਂ ਤੇ ਦਵਾਈਆਂ ਦੀ ਵਰਤੋਂ ਕੀਤੀ ਗਈ, ਨਾਲ ਸਾਰਾ ਜ਼ੋਰ ਜ਼ਮੀਨ ਵਿੱਚੋਂ ਪਾਣੀ ਕੱਢਣ ਉੱਤੇ ਲਗਾ ਦਿੱਤਾ। ਨਵੀਂ ਤਕਨੀਕ ਦੇ ਸਿੱਟੇ ਵਜੋਂ ਖੇਤੀ ਕਰਨੀ ਤਾਂ ਸੌਖੀ ਹੋ ਗਈ ਪਰ ਕਿਸਾਨੀ ਖੁਦ ਔਖੀ ਹੋ ਗਈ, ਨਾਲ ਹੀ ਔਖਾ ਹੋ ਗਿਆ ਪੰਜਾਬ ਦਾ ਵਾਤਾਵਰਣ।
ਹੁਣ ਵਾਤਾਵਰਣ (ਜ਼ਮੀਨ ਤੇ ਹਵਾ) ਗੰਧਲਾ ਹੋ ਗਿਆ ਹੈ। ਜ਼ਮੀਨ ਹੇਠੋਂ ਪਾਣੀ ਮੁੱਕ-ਸੁੱਕ ਰਿਹਾ ਹੈ। ਹੁਣ ਸਾਨੂੰ ਇਹ ਚਿੰਤਾ ਸਤਾਉਣ ਲੱਗੀ ਹੈ ਕਿ ਇੱਥੇ ਰਹਿਣਾ ਕਿਵੇਂ ਹੈ। ਇਸ ਕਾਰਣ ਸਾਡੀ ਮਾਨਸਿਕਤਾ ਡਰੂ ਹੋ ਗਈ ਹੈ। ਪੰਜਾਬ ਹੁਣ ਕਈ ਖ਼ਤਰਨਾਕ ਅਤੇ ਬੇ-ਇਲਾਜ ਬਿਮਾਰੀਆਂ ਦਾ ਗੜ੍ਹ ਬਣ ਗਿਆ ਹੈ। ਅਜਿਹੀਆਂ ਬਿਮਾਰੀਆਂ ਦਾ ਵਾਇਰਸ ਹਵਾਂ ਵਿੱਚ ਘੁਲ ਜਾਣ ਦਾ ਅਨੁਮਾਨ ਹੈ। ਇਸ ਕਰਕੇ ਸਿਹਤ ਪੱਖੋਂ ਚੰਗਾ ਤੇ ਲੰਮਾ ਜੀਵਨ ਜਿਊਂਦੇ ਰਹਿਣ ਸੰਬੰਧੀ ਇਕ ਵੱਡਾ ਪ੍ਰਸ਼ਨ-ਚਿੰਨ੍ਹ ਲੱਗ ਚੁੱਕਾ ਹੈ। ਮਸ਼ੀਨੀ ਖੇਤੀ ਨਾਲ ਹੱਥੀਂ ਕੰਮ ਕਰਨ ਦਾ ਕਲਚਰ ਗੁੰਮ-ਗਵਾਚ ਗਿਆ ਹੈ। ਕਿਸਾਨੀ ਵਿਚ ਵਿਹਲ ਹੁਣ ਵਰਤਾਰਾ ਬਣ ਗਿਆ ਹੈ। ਪਿਛਲੇ ਚਾਲੀ ਸਾਲ ਤੋਂ ਖੇਤੀ ਉਤਪਾਦਨ ਵਿਚ ਖੜੋਤ ਨਜ਼ਰ ਆਉਂਦੀ ਹੈ। ਖੇਤੀ ਲਾਗਤਾਂ ਲਗਾਤਾਰ ਵਧ ਰਹੀਆਂ ਹਨ। ਜੀਵਨ ਲੀਲਾ ਖਰਚੀਲੀ ਹੋ ਗਈ ਹੈ। ਇਸ ਸੰਬੰਧੀ ਇਕ ਘਟਨਾ ਜ਼ਿਕਰਯੋਗ ਹੈ। ਇਕ ਕਿਸਾਨ ਟਰੈਕਟਰ ਲਿਜਾ ਰਿਹਾ ਸੀ। ਟਰੈਕਟਰ ਨਾਲ ਹਲਾਂ ਪਿੱਛੇ ਮੱਝ ਬੰਨ੍ਹੀ ਹੋਈ ਸੀ। ਮੱਝ ਦੇ ਮਗਰ ਮੋਟਰ-ਸਾਈਕਲ ਉੱਤੇ ਕਿਸਾਨ ਦਾ ਲੜਕਾ ਡੰਡਾ ਫੜੀ ਜਾ ਰਿਹਾ ਸੀ। ਉਹ ਮੱਝ ਡਾਕਟਰ ਨੂੰ ਵਿਖਾਉਣ ਜਾ ਰਹੇ ਸਨ। ਮੱਝ ਨੂੰ ਤੁਰ ਕੇ ਜਾਂ ਤੋਰ ਕੇ ਲਿਜਾਣ ਦੀ ਥਾਂ ਦੋ ਮਸ਼ੀਨਰੀਆਂ ਦੀ ਖਪਤ ਹੋ ਰਹੀ ਸੀ। ਅਜਿਹੇ ਖਰਚਿਆਂ ਦੀ ਮਾਰ ਤਾਂ ਪੈਣੀ ਹੀ ਹੈ।
ਆਪਣੇ ਸੁਭਾਅ ਵਜੋਂ ਕਿਸਾਨੀ ਬੇਪ੍ਰਵਾਹ ਵੀ ਹੈ। ਅਜਿਹੀ ਸਮੁੱਚੇ ਹਾਲਾਤ ਦੇ ਮੱਦੇਨਜ਼ਰ ਛੋਟੀ ਕਿਸਾਨੀ ਸਾੜ੍ਹ-ਸਤੀ ਦੇ ਦੌਰ ਵਿਚ ਸ਼ਾਮਿਲ ਹੋ ਚੁੱਕੀ ਹੈ। ਸਨਅਤੀ ਤੇ ਵਪਾਰਕ ਤਜ਼ਰਬੇ ਵਾਲਿਆਂ ਨੂੰ ਅਸੀਂ ਪਹਿਲਾਂ ਹੀ ਆਪਣੇ ਤੋਂ ਦੂਰ ਕਰ ਛੱਡਿਆ ਹੈ। ਸਰਕਾਰੀ ਨੌਕਰੀਆਂ ਦਾ ਮਾਡਲ ਬੀਤੇ ਦੀ ਬਾਤ ਹੋ ਗਿਆ ਹੈ। ਇਸ ਵਿਚ ਸਾਡੀ ਤੇ ਸਰਕਾਰੀ ਦੀ ਪੂਰੀ ਮਿਲੀ-ਭੁਗਤ ਹੈ। ਪੰਜਾਬ ਵਿਚ ਪ੍ਰਾਈਵੇਟ ਸੈਕਟਰ ਉੱਤਰਿਆ ਹੀ ਨਹੀਂ ਹੈ। ਪੰਜਾਬ ਦਾ ਨੌਜਵਾਨ ਨਵੇਂ ਰੁਜ਼ਗਾਰ ਖੁਣੋ ਅਵਾਜ਼ਾਰ ਹੈ। ਖੇਤੀ ਵਿੱਚੋਂ ਅਸੀਂ ਪਹਿਲਾ ਹੀ ਵਿਹਲੇ ਹੋ ਚੁੱਕੇ ਹਾਂ।
ਜਿਵੇਂ ਕਦੇ ਅਸੀਂ ਪਾਕਿਸਤਾਨ ਵਿੱਚੋਂ ਭੱਜੇ ਸਾਂ, ਉਵੇਂ ਹੀ ਹੁਣ ਅਸੀਂ ਪੰਜਾਬ ਵਿੱਚੋਂ ਵਿਦੇਸ਼ ਭੱਜ ਜਾਣ ਲਈ ਤਰਲੋ-ਮੱਛੀ ਹਾਂ। ਇਹ ਸਾਡਾ ਸ਼ੌਕ ਨਹੀਂ, ਮਜਬੂਰੀ ਹੈ। ਸੋਚਵਾਨਾਂ ਨੂੰ ਪੰਜਾਬ ਦੇ ਵਾਤਾਵਰਣ ਤੇ ਬਿਮਾਰੀਆਂ ਦਾ ਡਰ ਖਾਈ ਜਾ ਰਿਹਾ ਹੈ। ਨੌਜਵਾਨਾਂ ਨੂੰ ਰੋਟੀ-ਰੋਜ਼ੀ ਦਾ ਮਸਲਾ ਸਤਾਅ ਰਿਹਾ ਹੈ। ਨੌਜਵਾਨ ਪੜ੍ਹਨ ਦੇ ਬਹਾਨੇ ਬਾਹਰ ਜਾ ਰਹੇ ਹਨ। ਮਾਪੇ ਫਿਰ ਬੱਚਿਆਂ ਦੇ ਬਹਾਨੇ ਮਗਰੇ ਹੀ ਵਿਦੇਸ਼ ਵੱਲ ਰੁੜ੍ਹ-ਪੁੜ੍ਹ ਰਹੇ ਹਨ। ਔਸਤਨ ਇਕ ਲੱਖ ਵਿਦਿਆਰਥੀ ਸਾਲਾਨਾ ਪੜ੍ਹਨ (ਸਟੱਡੀ ਵੀਜ਼ੇ) ਦੇ ਬਹਾਨੇ ਬਾਹਰ ਜਾ ਰਿਹਾ ਹੈ। ਇਹ ਪੜ੍ਹਾਈ ਕਾਫ਼ੀ ਖਰਚੀਲੀ ਹੈ। ਜੇ ਇਕ ਵਿਦਿਆਰਥੀ ਦੱਸ ਲੱਖ ਵੀ ਇੱਥੋਂ ਲੈ ਕੇ ਜਾਵੇ ਤਾਂ ਇਕ ਲੱਖ ਵਿਦਿਆਰਥੀ ਦੀ ਰਾਸ਼ੀ ਦੱਸ ਹਜ਼ਾਰ ਕਰੋੜ ਰੁਪਏ ਬਣਦੀ ਹੈ। ਹਰ ਪੜ੍ਹਨ ਗਏ ਵਿਦਿਆਰਥੀ ਨੂੰ ਮਾਪੇ ਔਸਤਨ ਤਿੰਨ ਲੱਖ ਰੁਪਏ ਸਾਲਾਨਾ ਭੇਜ ਰਹੇ ਹਨ। ਇਹ ਰਾਸ਼ੀ ਤਿੰਨ ਹਜ਼ਾਰ ਕਰੋੜ (ਇਕ ਲੱਖ ਗੁਣਾ ਤਿੰਨ ਲੱਖ) ਬਣਦੀ ਹੈ। ਇਹ ਸਾਰਾ ਪੈਸਾ ਤੇਜ਼ ਵਹਾਅ ਦੇ ਰੂਪ ਵਿਚ ਪੰਜਾਬ ਤੋਂ ਬਾਹਰ ਵਿਦੇਸ਼ ਵੱਲ ਰੁੜ੍ਹ ਰਿਹਾ ਹੈ।
ਹੁਣ ਪ੍ਰਵਾਸੀਆਂ/ਵਿਦੇਸ਼ੀਆਂ ਨੇ ਪੰਜਾਬ ਵਿਚ ਪੈਸਾ ਲਗਾਉਣਾ ਛੱਡ ਦਿੱਤਾ ਹੈ, ਕਿਉਂਕਿ ਉਹ ਇਸ ਗੱਲ ਤੋਂ ਜਾਣੂੰ ਹੋ ਚੁੱਕੇ ਹਨ ਕਿ ਪੰਜਾਬ ਦਾ ਭਵਿੱਖ ਖਤਰਨਾਕ ਮੋੜ ਕੱਟ ਰਿਹਾ ਹੈ। ਇਸ ਰੁਝਾਨ ਕਾਰਨ ਪੰਜਾਬ ਆਰਥਿਕਤਾ ਤੇ ਪੈਸੇ ਪੱਖੋਂ ਅੰਦਰੋਂ ਖੋਖਲਾ ਹੋ ਰਿਹਾ ਹੈ। ਇਸ ਸਥਿਤੀ ਨੇ ਪੰਜਾਬ ਦੀ ਵਿੱਤੀ ਹਾਲਾਤ ਦਾ ਲੱਕ ਤੋੜ ਦਿੱਤਾ ਹੈ। ਸਿੱਟੇ ਵਜੋਂ ਸਾਡੀਆਂ ਜ਼ਮੀਨਾਂ-ਜਾਇਦਾਦਾਂ ਦੇ ਰੇਟ ਲਗਾਤਾਰ ਹੇਠਾਂ ਡਿੱਗ ਰਹੇ ਹਨ।
ਪੰਜਾਬ ਦੀਆਂ ਪਹਿਲੀਆਂ ਵੰਡਾਂ ਦੇ ਸੰਕਟ ਸੰਪਰਦਾਇਕ ਕਿਸਮ ਦੇ ਸਨ। ਹੁਣ ਦਾ ਸੰਕਟ ਸੰਪਰਦਾਇਕਤਾ ਤੋਂ ਪਾਰ ਹੈ। ਇਹ ਕਿਸੇ ਧਰਮ ਜਾਂ ਜਾਤ ਤੱਕ ਸੀਮਿਤ ਨਹੀਂ ਹੈ। ਸਮੁੱਚਾ ਨੌਜਵਾਨ ਰੁਲ ਰਿਹਾ ਹੈ। ਨੌਕਰੀਆਂ ਅਤੇ ਰੁਜ਼ਗਾਰ ਦੀ ਸੰਭਾਵਨਾ ਮੁੱਕ-ਸੁੱਕ ਗਈ ਹੈ। ਖੇਤੀ, ਵਪਾਰ ਤੇ ਸਨਅਤ ਡਾਵਾਂ-ਡੋਲ ਹੈ। ਪੰਜਾਬ ਵਿਚ ਹਰੇਕ ਨੂੰ ਆਪਣਾ ਭਵਿੱਖ ਡਰਾਉਣ ਲੱਗਾ ਹੈ। ਕਈਆਂ ਦੀ ਚਿੰਤਾਂ ਇੱਥੋਂ ਦੇ ਖਤਮ ਹੋ ਰਹੇ ਕੁਦਰਤੀ ਸ੍ਰੋਤਾਂ ਸੰਬੰਧੀ ਹੈ। ਪੰਜਾਬ ਸੰਬੰਧੀ ਜਿਵੇਂ ਦੀ ਲੰਬੀ ਵਿਉਂਤਬੰਦੀ ਤੇ ਦੂਰ-ਅੰਦੇਸ਼ੀ ਮੰਗ ਕਰਦੀ ਸੀ, ਉਸ ਦੀ ਅਣਹੋਂਦ ਰਹੀ ਹੈ। ਸਭ ਡੰਗ-ਟਪਾਊ ਨੀਤੀਆਂ ਹਨ। ਪਿਛਲੇ ਚਾਲੀ ਸਾਲ ਤੋਂ ਪੰਜਾਬ ਨਿਰੰਤਰ ਖੜੋਤ ਵਿਚ ਹੀ ਨਹੀਂ, ਸਗੋਂ ਪਿਛਲ-ਪੈਰੀਂ ਰਸਾਤਲ ਵੱਲ ਜਾ ਰਿਹਾ ਹੈ।
ਪੰਜਾਬੀ ਆਪਣੇ ਵਿਰਸੇ ਦੇ ਸਭਿਆਚਾਰਕ ਮੁੱਲ-ਵਿਧਾਨ ਤੋਂ ਟੁੱਟ ਰਹੇ ਹਨ। ਅਜੋਕੇ ਨੌਜਵਾਨਾਂ ਵਿੱਚੋਂ ਬਹੁਤਿਆਂ ਦੀ ਦਿੱਖ ਜਾਂ ਸੂਰਤ ਹੀ ਪੰਜਾਬੀਆਂ ਵਾਲੀ ਨਹੀਂ ਹੈ। ਇਨ੍ਹਾਂ ਦੀ ਸੋਚ ਜਾਂ ਸੀਰਤ ਹੀਰੋਇਜ਼ਮ/ਗੈਂਗਸਟਰੀ ਵਰਤਾਰੇ ਅਤੇ ਛਲਾਵੇ ਤੋਂ ਪ੍ਰਭਾਵਿਤ ਹੋ ਰਹੀ ਹੈ। ਪਿਛਲੇ ਦਿਨੀਂ ਇਕ ਵਿਆਹ ਪਾਰਟੀ ਵਿਚ ਜਾਣ ਦਾ ਮੌਕਾ ਮਿਲਿਆ। ਵਿਆਹ-ਪਾਰਟੀ ਵਾਲੇ ਮੁੰਡੇ ਵੱਲੋਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਨਾਲ ਹਥਿਆਰ ਲਿਆਉਣ ਲਈ ਕਿਹਾ ਗਿਆ ਸੀ। ਇਸ ਨੌਜਵਾਨ ਦੀ ਪੈਲੀ ਤਿੰਨ ਕਿੱਲੇ ਸੀ। ਹੋਰ ਰੁਜ਼ਗਾਰ ਵੀ ਕੋਈ ਨਹੀਂ ਹੈ। ਉਸ ਦੇ ਸਾਰੇ ਨੌਜਵਾਨ ਦੋਸਤ-ਮਿੱਤਰ, ਰਿਸ਼ਤੇਦਾਰ ਨੱਚਣ-ਗਾਉਣ ਵਿਚ ਲੱਗੇ ਹੋਏ ਸਨ। ਨਸ਼ੇ ਦੇ ਲੋਰ ਵਿਚ ਰਿਸ਼ਤੇਦਾਰ ਫ਼ਾਇਰ ਕਰ ਰਹੇ ਸਨ। ਵਿਆਹ ਵਾਲਾ ਮੁੰਡਾ ਮਾਮੇ ਦੀ ਬੰਦੂਕ ਤੋਂ ਆਪਣੀ ਨਵੀਂ ਵਿਆਹੀ ਪਤਨੀ ਤੋਂ ਫਾਇਰ ਕਰਵਾ ਰਿਹਾ ਸੀ। ਨਵ-ਵਿਆਹੁਤਾ ਨੂੰ ਅਜਿਹਾ ਕਰਦਿਆਂ ਹੋਇਆ ਖੁਸ਼ੀ ਮਹਿਸੂਸ ਹੋ ਰਹੀ ਸੀ। ਵੇਖ ਕੇ ਹੈਰਾਨੀ ਵੀ ਹੁੰਦੀ ਹੈ ਤੇ ਚਿੰਤਾ ਵੀ। ਕਿੱਧਰ ਤੁਰ ਰਿਹਾ ਹੈ ਸਾਡਾ ਅਜੋਕਾ ਨੌਜਵਾਨ। ਅਜਿਹੀ ਮਾਹਰਕੇਬਾਜ਼ੀ ਨੌਜਵਾਨਾਂ ਦੀ ਜੀਵਨ-ਜਾਂਚ ਕਿਉਂ ਬਣ ਰਹੀ ਹੈ? ਇਸ ਦੇ ਵਿਸ਼ੇ਼ਸ਼ ਕਾਰਣ ਹੋ ਸਕਦੇ ਹਨ। ਅਜਿਹੇ ਬਹੁਤੇ ਘਰ-ਪਰਿਵਾਰ ਆਮ ਸਹੂਲਤਾਂ ਤੋਂ ਸੱਖਣੇ ਹਨ। ਪਰ ਇਹ ਵਿਆਹ-ਪਾਰਟੀਆਂ ਦੇ ਮੌਕੇ ਹਥਿਆਰਾਂ ਦੀ ਫੋਕੀ ਫਾਇਰਿੰਗ ਨਾਲ ਭਰਪੂਰ ਹਨ। ਅਮੀਰ ਹੋਣ ਦੇ ਵਕਤੀ ਦਿਖਾਵੇ ਅਤੇ ਹੀਰੋਇਜ਼ਮ ਨੇ ਕਈ ਬੁਰਾਈਆਂ ਨੂੰ ਜਨਮ ਦਿੱਤਾ ਹੈ।
ਸਾਡੇ ਬਾਜ਼ਾਰ ਵਿਚ ਫੈਲ ਰਹੇ ਸ਼ਾਪਿੰਗ ਮਾਲ ਤੇ ਕਾਰਪੋਰੇਟ ਸੈਕਟਰ ਦਾ ਆਪਣਾ ਲੁਭਾਉਣਾ ਪੱਖ ਹੈ। ਇਸ ਕਰਕੇ ਚਾਰ-ਚੁਫ਼ੇਰੇ ਚਕਾ-ਚੌਂਧ ਦੀ ਭਗਦੜ ਮਚੀ ਨਜ਼ਰ ਆਉਂਦੀ ਹੈ। ਇੱਥੇ ਕੁਝ ਹੱਥ ਪੱਲੇ ਨਾ ਪੈਣ ਕਰਕੇ ਇੱਕੋ ਰਾਹ ਇੱਥੋਂ ਭੱਜਣ ਦਾ ਰਹਿ ਗਿਆ ਹੈ। ਇਸ ਕਰਕੇ ਆਈਲੈੱਟ ਸੈਂਟਰਾਂ, ਅੰਬੈਸੀਆਂ ਅਤੇ ਏਅਰਪੋਰਟਾਂ ਵਿਚ ਭੀੜ ਦੀ ਮਾਰੋ-ਮਾਰ ਨਜ਼ਰ ਆਉਂਦੀ ਹੈ। ਸੱਤਰ ਸਾਲ ਪਹਿਲਾਂ ਜਿਨ੍ਹਾਂ ਵਿਦੇਸ਼ੀ ਹਾਕਮਾਂ ਨੂੰ ਇੱਥੋਂ ਕੱਢਣ ਲਈ ਕਦੀ ਘੋਲ ਕੀਤਾ ਸੀ, ਹੁਣ ਅਸੀਂ ਉਨ੍ਹਾਂ ਹਾਕਮਾਂ ਦੇ ਦੇਸ਼ਾਂ ਵਿੱਚ ਪਨਾਹ ਲੈਣ ਲਈ ਪਨਾਹਗੀਰ ਹੋ ਜਾਣ ਦਾ ਮੋੜ ਕੱਟ ਰਹੇ ਹਾਂ। ਇਹ ਮੋੜਾ ਸਿਰਫ਼ ਰੁਜ਼ਗਾਰ ਲੱਭਣ ਨਾਲ ਹੀ ਸੰਬੰਧਿਤ ਨਹੀਂ ਹੈ, ਇਸ ਨਾਲ ਪੰਜਾਬ ਦੇ ਵਿੱਤੀ-ਸ੍ਰੋਤਾਂ ਦਾ ਘਾਣ ਹੋਣ ਲੱਗਾ ਹੈ। ਇਸ ਵਿਦੇਸ਼ ਜਾਣ ਦੇ ਓਹੜ-ਪੋਹੜ (ਉਪਰਾਲੇ) ਲਈ ਕਰਜ਼ੇ ਚੁੱਕੇ ਜਾ ਰਹੇ ਹਨ, ਜ਼ਮੀਨਾਂ ਗਹਿਣੇ ਪੈ ਰਹੀਆਂ ਹਨ ਅਤੇ ਵਿਕਾਊ ਹੋ ਰਹੀਆਂ ਹਨ। ਅਜਿਹੀ ਖਰੀਦਦਾਰੀ ਦਾ ਹੁਣ ਗਾਹਕ ਵੀ ਘਟ ਗਿਆ ਹੈ, ਕਿਉਂਕਿ ਖੇਤੀ ਘਾਟੇ ਦਾ ਸੌਦਾ ਹੋ ਕੇ ਰਹਿ ਗਈ ਹੈ। ਇਸ ਸਮੱਸਿਆ ਤੋਂ ਅੱਗੇ ਕਈ ਸਮੱਸਿਆਵਾਂ ਦਾ ਆਲ-ਜੰਜਾਲ ਬਣ ਗਿਆ ਹੈ, ਜਿਸ ਵਿਚ ਪੰਜਾਬ ਤੇ ਪੰਜਾਬੀ ਬੁਰੀ ਤਰ੍ਹਾਂ ਫਸ ਗਏ ਹਨ। ਦੂਸਰੀ ਮਾਰ ਰੁਜ਼ਗਾਰ ਸੰਬੰਧੀ ਹੋਰਨਾਂ ਸ੍ਰੋਤਾਂ ਦੀ ਥੁੜੋਂ ਦੀ ਹੈ। ਇਸ ਤਰ੍ਹਾਂ ਪੰਜਾਬ ਰੁਜ਼ਗਾਰ ਦੀਆਂ ਸੰਭਾਵਨਾਵਾਂ ਦੇ ਪੱਖ ਤੋਂ ਬੰਦ ਹਨ੍ਹੇਰੀ ਗਲੀ ਵਾਂਗ ਨਜ਼ਰ ਆਉਂਦਾ ਹੈ। ਇਸ ਨੂੰ ਹੱਲ ਕਰਨ ਸੰਬੰਧੀ ਦੂਰ-ਅੰਦੇਸ਼ੀ ਨਾਲ ਸਿਰ ਜੋੜ ਕੇ ਬੈਠਣ ਦੀ ਵੱਡੀ ਲੋੜ ਹੈ।
*****
(1235)