“ਅੱਜ ਦੀ ਰਾਜਨੀਤੀ ਵਿਰੋਧਾਂ ਤੋਂ ਅੱਗੇ ਲੰਘ ਕੇ ਵੈਰ ਦੀਆਂ ਬਰੂਹਾਂ ...”
(28 ਜੂਨ 2018)
ਰਾਜਨੀਤੀ ਸੇਵਾ ਦਾ ਰਾਹ ਹੈ, ਜਿਸ ’ਤੇ ਚੱਲਦਿਆਂ ਸਵਾਰਥ ਅਤੇ ਫਲ ਬਾਰੇ ਸੋਚਿਆ ਤੱਕ ਨਹੀਂ ਜਾਣਾ ਚਾਹੀਦਾ। ਸੇਵਾ ਤਾਂ ਉਹ ਜਜ਼ਬਾ ਹੈ, ਜਿਸ ਦੇ ਪੂਰਾ ਕੀਤਿਆਂ ਆਨੰਦ ਵੀ ਮਿਲਦਾ ਹੈ ਅਸੀਸ ਵੀ। ਆਨੰਦ ਇਸ ਲਈ ਕਿ ਜੋ ਮਿਥਿਆ ਸੀ, ਪੂਰਾ ਹੋਣ ਲੱਗ ਪਿਆ ਅਤੇ ਅਸੀਸ ਉਨ੍ਹਾਂ ਲੋਕਾਂ ਦੀ, ਜਿਨ੍ਹਾਂ ਦੇ ਕੰਮ ਵੀ ਹੋਣ ਲੱਗ ਪਏ, ਜਿਨ੍ਹਾਂ ਨੂੰ ਸਹੂਲਤਾਂ ਵੀ ਮਿਲਣ ਲੱਗ ਪਈਆਂ। ਰਾਜਨੀਤੀ ਲੋਕਾਂ ਲਈ ਹੋਵੇ ਤਾਂ ਬਿਹਤਰ ਅਤੇ ਕੇਵਲ ਆਪਣੇ ਆਪ ਲਈ ਹੋਵੇ ਤਾਂ ਬਦੀ ਵੀ ਅਤੇ ਬਦਤਰ ਵੀ। ਸੇਵਾ ਭਾਵਨਾ ਵਾਲੇ ਰਾਜਨੀਤੀ ਵਿੱਚ ਆ ਕੇ ਅਜਿਹਾ ਮਾਹੌਲ ਸਿਰਜ ਦਿੰਦੇ ਹਨ ਕਿ ਭਾਈਚਾਰਕ ਸਾਂਝਾਂ ਪਕੇਰੀਆਂ ਹੁੰਦੀਆਂ ਹਨ ਅਤੇ ਲੋਕਾਂ ਦੀ ਸ਼ਮੂਲੀਅਤ ਵੀ ਆਪਣੇ ਆਪ ਹੀ ਹੋ ਜਾਂਦੀ ਹੈ, ਜਿਸ ਵਾਸਤੇ ਜ਼ੋਰ ਨਹੀਂ ਲਾਉਣਾ ਪੈਂਦਾ। ਆਪਣੇ ਅਤੇ ਸਮਾਜ ਦੇ ਭਲੇ ਲਈ ਹੁੰਦੇ ਕੰਮ ਵੇਖ ਕੇ ਉਨ੍ਹਾਂ ਵਿੱਚ ਆਪਣਾ ਯੋਗਦਾਨ ਪਾਉਣਾ ਨਹੀਂ ਭੁੱਲਦੇ। ਇਹ ਸਾਫ਼-ਸੁਥਰੀ ਰਾਜਨੀਤੀ ਦੀਆਂ ਗੱਲਾਂ ਹਨ, ਗੰਧਲੀ ਅਤੇ ਸਵਾਰਥੀ ਅਤੇ ਬੇਈਮਾਨੀ ਭਰੀ ਰਾਜਨੀਤੀ ਦੀਆਂ ਨਹੀਂ।
ਕਿਸੇ ਵੀ ਥਾਂ (ਹਲਕੇ) ’ਤੇ ਦੋ-ਤਿੰਨ ਨੇਤਾਵਾਂ ਵਿੱਚ ਮੁਕਾਬਲਾ ਹੁੰਦਾ ਹੈ, ਜਿਸ ਕਾਰਨ ਲੋਕਾਂ ਵਿੱਚ ਧੜੇਬੰਦੀ ਹੋ ਜਾਣ ਕਾਰਨ ਉਨ੍ਹਾਂ ਵਿੱਚ ਸਹਿਜ ਨਹੀਂ ਰਹਿੰਦਾ। ਨੇਤਾਵਾਂ ਵਿੱਚ ਆਪੋ-ਆਪਣੀ ਜਿੱਤ ਲਈ ਜ਼ੋਰ ਅਜ਼ਮਾਈ ਹੁੰਦੀ ਹੈ, ਜਿਸ ਕਾਰਨ ਉਹ ਆਪਸ ਵਿੱਚ ਵਿਰੋਧ ਤੋਂ ਦੂਰ ਨਹੀਂ ਰਹਿੰਦੇ। ਅਜਿਹੀ ਸਥਿਤੀ ਵਿੱਚ ਵਿਰੋਧ ਤਾਂ ਹੋਣਾ ਹੀ ਹੋਇਆ ਅਤੇ ਹੋਣਾ ਵੀ ਚਾਹੀਦਾ ਹੈ, ਤਾਂ ਕਿ ਇੱਕ ਦੂਜੇ ਨੂੰ ਪਛਾੜਿਆ ਜਾ ਸਕੇ। ਇਹ ਵਿਰੋਧ ਰਾਜਨੀਤਕ ਹੀ ਰਹਿਣਾ ਚਾਹੀਦਾ ਹੈ। ਇਹ ਵਿਰੋਧ ਮੁੱਦਿਆਂ ਅਤੇ ਮਸਲਿਆਂ ਬਾਰੇ ਹੋਣਾ ਚਾਹੀਦਾ ਹੈ ਤਾਂ ਕਿ ਲੋਕ ਵਿਰੋਧ ਦੇ ਅਰਥ ਸਮਝ ਕੇ ਆਪਣੇ ਹਿੱਤ ਦੇ ਨੇਤਾ ਦੀ ਚੋਣ ਕਰ ਸਕਣ। ਜਿਸ ਇੱਕ ਨੇ ਵਿਰੋਧ ਦੀ ਧਾਰਾ ਨੂੰ ਨਿਰਮਲਤਾ ਨਾਲ ਸਮਝਾਇਆ, ਉਹ ਹੁੰਦੀ-ਹੁੰਦੀ ਹਾਰ ਉੱਤੇ ਵੀ ਜਿੱਤ ਪ੍ਰਾਪਤ ਕਰ ਲਵੇਗਾ।
ਜਿਹੜਾ ਨੇਤਾ ਵਿਰੋਧ ਦੀ ਉਚਾਈ ਕਾਇਮ ਨਹੀਂ ਰੱਖ ਸਕਦਾ ਅਤੇ ਆਪਣੇ ਮੁਕਾਬਲੇ ’ਤੇ ਖੜ੍ਹਿਆਂ ਨਾਲ ਵਿਰੋਧ ਦੇ ਅਰਥ ਲੋਕਾਂ ਨੂੰ ਨਹੀਂ ਸਮਝਾ ਸਕਦਾ, ਉਹ ਕਦੇ ਜਿੱਤ ਨਹੀਂ ਸਕਦਾ। ਲੋਕਾਂ ਦੇ ਮਸਲਿਆਂ ਦੇ ਹੱਕ ਵਿੱਚ ਤੁਰਨ ਵਾਲਾ ਕਦੇ ਮਾਰ ਨਹੀਂ ਖਾਂਦਾ। ਜਿਹੜਾ ਨਾਲ ਦੇ ਨੇਤਾਵਾਂ ਦੇ ਵਿਰੋਧ ਖ਼ਾਤਰ ਲੋਕ ਹਿੱਤ ਦੇ ਮਸਲਿਆਂ ਦਾ ਹੀ ਵਿਰੋਧ ਕਰਨ ਲੱਗ ਪਵੇ, ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਜ਼ਰੂਰੀ ਹੈ ਕਿ ਵਿਰੋਧ ਨੂੰ ਪੂਰੀ ਤਰ੍ਹਾਂ ਸਮਝ ਕੇ ਹੀ ਇਸ ਦੀ ਵਰਤੋਂ ਕੀਤੀ ਜਾਵੇ। ਮੁਕਾਬਲੇ ’ਤੇ ਖੜ੍ਹੇ ਨੇਤਾਵਾਂ ਦਾ ਵਿਰੋਧ ਕਰਨਾ ਆਮ ਗੱਲ ਹੈ ਅਤੇ ਇਸ ਨੂੰ ਰਾਜਨੀਤਕ ਪੱਧਰ ’ਤੇ ਬੁਰਾ ਵੀ ਨਹੀਂ ਮੰਨਿਆ ਜਾ ਸਕਦਾ। ਜੇਕਰ ਆਪਣੇ ਵਿਰੋਧ ਨੂੰ ਤਕੜਾ ਕਰਨ ਲਈ ਦਲੀਲਾਂ ਨਾਲ ਭਰਪੂਰ ਸੁਸ਼ੀਲ ਅਤੇ ਸਲੀਕੇ ਵਾਲੀ ਭਾਸ਼ਾ ਵਰਤੀ ਜਾਵੇ ਤਾਂ ਲੋਕਾਂ `ਤੇ ਹਾਂ-ਪੱਖੀ ਅਤੇ ਮੋਹ-ਭਰਿਆ ਅਸਰ ਹੋ ਕੇ ਹੀ ਰਹੇਗਾ।
ਹੁਣ ਗੱਲ ਆਈ ਹੈ ਕਿ ਵਿਰੋਧ ਤਾਂ ਹੋਵੇ, ਪਰ ਵੈਰ ਕਿਸੇ ਤਰ੍ਹਾਂ ਵੀ ਨਾ ਹੋਵੇ। ਰਾਜਨੀਤੀ ਦੇ ਖੇਤਰ ਵਿੱਚ ਜਦੋਂ ਰਾਜਨੀਤਕ ਵਿਰੋਧ ਆਪਸੀ ਵੈਰ ਵਿੱਚ ਬਦਲ ਜਾਂਦਾ ਹੈ ਤਾਂ ਹਾਲਾਤ ਵਿਗੜ ਜਾਂਦੇ ਹਨ। ਇਸ ਵੈਰ ਦਾ ਅਸਰ ਨੇਤਾਵਾਂ ਤੋਂ ਅਗਾਂਹ ਉਨ੍ਹਾਂ ਦੇ ਪੈਰੋਕਾਰਾਂ, ਕਾਰਕੁਨਾਂ ਅਤੇ ਆਮ ਲੋਕਾਂ ਤੱਕ ਵੀ ਪਹੁੰਚ ਜਾਂਦਾ ਹੈ। ਵਿਰੋਧ ਦੀ ਸਰਹੱਦ ’ਤੇ ਖੜ੍ਹਿਆਂ ਵੈਰ ਦੇ ਤਿੱਖੇ ਤੀਰ ਸਰਹੱਦ ਦੇ ਆਰ-ਪਾਰ ਛੱਡਣੇ ਰਾਜਨੀਤੀ ਦੇ ਉੱਚੇ ਝੰਡਿਆਂ ਨੂੰ ਚੁਣੌਤੀ ਦੇਣਾ ਵੀ ਹੁੰਦਾ ਹੈ ਅਤੇ ਡੇਗਣਾ ਵੀ। ਇੱਥੋਂ ਹੀ ਸ਼ੁਰੂ ਹੋ ਜਾਂਦੀਆਂ ਹਨ ਮਾਰ-ਧਾੜ, ਝਗੜੇ-ਝੇੜਿਆਂ ਦੀਆਂ ਗੱਲਾਂ, ਜਿਹੜੀਆਂ ਨੇਤਾਵਾਂ, ਪੈਰੋਕਾਰਾਂ, ਕਾਰਕੁਨਾਂ ਦਾ ਹੀ ਨਹੀਂ, ਸਗੋਂ ਸਾਰੇ ਸਮਾਜ ਦਾ ਤਾਣਾ-ਬਾਣਾ ਕਾਇਮ ਨਹੀਂ ਰਹਿਣ ਦਿੰਦੀਆਂ। ਨੇਤਾ ਵਿਰੋਧ ਤੇ ਵੈਰ ਦਾ ਫ਼ਰਕ ਜ਼ਰੂਰ ਸਮਝਣ।
ਜਿਹੜਾ ਰਾਹ ਹੀ ਸੇਵਾ ਦਾ ਹੋਵੇ, ਉਸ ’ਤੇ ਤੁਰਦਿਆਂ ਤਾਂ ਹਮੇਸ਼ਾ ਸੇਵਾਦਾਰ ਬਣੇ ਰਹਿਣਾ ਪਵੇਗਾ। ਰਾਜਨੀਤੀ ਵਿੱਚ ਮਿਸ਼ਨਰੀ ਬਣ ਕੇ ਲੋਕ ਸੇਵਾ ਕੀਤੀ ਜਾਵੇ ਤਾਂ ਜਿਹੜਾ ਰੁਤਬਾ ਨੇਤਾ ਨੂੰ ਲੋਕ-ਦਿਲਾਂ ਵਿੱਚ ਮਿਲਦਾ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਲੋਕਾਂ ਦੇ ਦੁੱਖਾਂ-ਮੁਸੀਬਤਾਂ ਲਈ ਦਵਾ-ਦਾਰੂ ਭਾਲਦਾ ਹੈ ਅਤੇ ਨਿਜਾਤ ਦੁਆਉਣ ਤੋਂ ਗੁਰੇਜ਼ ਨਹੀਂ ਕਰਦਾ। ਅਜਿਹਾ ਨੇਤਾ ਵਿਰੋਧ ਦੀਆਂ ਗੱਲਾਂ ਨਹੀਂ, ਆਪਣੇ ਏਜੰਡੇ ਦੇ ਨੁਕਤਿਆਂ ਨੂੰ ਹੀ ਲੋਕਾਂ ਅੱਗੇ ਰੱਖਦਾ ਹੈ, ਤਾਂ ਕਿ ਲੋਕ ਆਪ ਹੀ ਨਿਰਣਾ ਕਰ ਸਕਣ।
ਅੱਜ ਦੀ ਰਾਜਨੀਤੀ ਵਿਰੋਧਾਂ ਤੋਂ ਅੱਗੇ ਲੰਘ ਕੇ ਵੈਰ ਦੀਆਂ ਬਰੂਹਾਂ ਮੱਲੀ ਬੈਠੀ ਹੈ, ਜਿਸ ਨਾਲ ਲੋਕਾਂ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਦੇਸ਼ ਦਾ ਵੀ। ਵੈਰ (ਦੁਸ਼ਮਣੀ) ਨੇ ਸਿਆਸਤ ਦੀਆਂ ਉੱਚੀਆਂ ਕਦਰਾਂ-ਕੀਮਤਾਂ ਨੂੰ ਰੋਲ ਕੇ ਰੱਖ ਦਿੱਤਾ ਹੈ, ਜਿਸ ਕਾਰਨ ਨੇਤਾਵਾਂ ਦੀ ਜੋ ਇੱਜ਼ਤ ਪਹਿਲਾਂ ਹੁੰਦੀ ਸੀ, ਹੁਣ ਉਹ ਨਹੀਂ ਰਹੀ। ਉਹ ਸਵਾਰਥੀ ਹੋ ਗਏ ਅਤੇ ਭੈੜੇ ਵੀ। ਕਿੰਨੀ ਹੀ ਗਿਣਤੀ ਵਿੱਚ ਨੇਤਾ ਲੋਕ ਦੁਰਾਚਾਰ ਦੇ ਕੇਸਾਂ ਵਿੱਚ ਫਸੇ ਹੋਏ ਹਨ ਅਤੇ ਕਿੰਨੇ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ।
ਭੈੜੇ ਨੇਤਾਵਾਂ ਤੋਂ ਛੁਟਕਾਰਾ ਆਸਾਨ ਨਹੀਂ। ਜੇਕਰ ਲੋਕ ਸਮਝਦਾਰ ਨਾ ਹੋਏ ਤਾਂ ਰਾਜਨੀਤੀ ਹੀ ਨਹੀਂ, ਸਗੋਂ ਹਰ ਖੇਤਰ ਦੇ ਨੇਤਾ, ਰਹਿਬਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੀ ਰਹਿਣਗੇ। ਜ਼ਰੂਰੀ ਹੈ ਕਿ ਲੋਕ ਸਿਆਣੇ ਹੋਣ। ਲੋਕ ਨੇਤਾਵਾਂ ਦੇ ਵਿਰੋਧ ਨੂੰ ਵੀ ਸਮਝਣ ਅਤੇ ਵੈਰ ਨੂੰ ਵੀ। ਲੋਕ ਨੇਤਾਵਾਂ ਨੂੰ ਮਜਬੂਰ ਕਰ ਸਕਦੇ ਹਨ ਕਿ ਉਹ ਆਪਸ ਵਿੱਚ ਸਿਹਤਮੰਦ ਵਿਰੋਧ ਤਾਂ ਕਰਨ, ਪਰ ਕਿਸੇ ਵੀ ਕੀਮਤ ਉੱਤੇ ਵੈਰ ਨਾ ਕਰਨ, ਤਾਂ ਕਿ ਰਾਜਨੀਤੀ ਸਾਫ਼-ਸੁਥਰੀ ਹੀ ਰਹੇ।
ਮੁੱਕਦੀ ਗੱਲ, ਰਾਜਨੀਤੀ ਵਿੱਚ ਨੇਤਾਵਾਂ ਦਾ ਵਿਰੋਧ ਹੁੰਦਾ ਹੈ ਨਾ ਕਿ ਵੈਰ। ਪਾਰਟੀਆਂ ਦਾ ਵਿਰੋਧ ਹੁੰਦਾ ਹੈ, ਨਾ ਕਿ ਦੁਸ਼ਮਣੀ। ਦੇਸ਼ ਦੀ ਰਾਜਨੀਤੀ ਵਿੱਚ ਆਪਸੀ ਮੁਕਾਬਲੇਬਾਜ਼ੀ ਹੁੰਦੀ ਹੈ, ਉਹ ਵੀ ਚੋਣਾਂ ਹੋਣ ਤੱਕ, ਵੋਟਾਂ ਮਿਲਣ ਤੱਕ। ਬਾਅਦ ਵਿੱਚ ਜਿਹੜਾ ਜਿੱਤ ਜਾਵੇ, ਉਹ ਇਲਾਕੇ, ਹਲਕੇ ਦੇ ਲੋਕਾਂ ਦਾ ਸਾਂਝਾ ਨੇਤਾ ਹੁੰਦਾ ਹੈ, ਕਿਸੇ ਗੁੱਟ ਦਾ ਨਹੀਂ। ਰਾਜਨੀਤੀ ਤਾਂ ਦੇਸ਼ ਦਾ, ਸੂਬੇ ਦਾ ਰਾਜ-ਭਾਗ ਚਲਾਉਣ ਲਈ ਹੁੰਦੀ ਹੈ, ਦੁਸ਼ਮਣੀ ਦੀ ਖੇਡ ਖੇਡਣ ਲਈ ਨਹੀਂ। ਇਹ ਦੋ ਦੇਸ਼ਾਂ ਦੀ ਜੰਗ ਨਹੀਂ ਹੁੰਦੀ ਕਿ ਦੁਸ਼ਮਣੀ ਪਾਲੀ ਜਾਵੇ। ਇਸ ਲਈ ਦੇਸ਼ ਦੇ ਨੇਤਾਵਾਂ ਨੂੰ ਵੀ ਇਹ ਗੱਲ ਪੱਕੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਰਾਜਨੀਤੀ ਵਿੱਚ ਵਿਰੋਧ ਤਾਂ ਜਾਇਜ਼ ਹੈ, ਪਰ ਵੈਰ ਜਾਂ ਦੁਸ਼ਮਣੀ ਕਰਨੀ ਬਿਲਕੁਲ ਮੁਨਾਸਬ ਨਹੀਂ।
ਅਚਾਰੀਆ ਓਸ਼ੋ ਦੀ ਸੁਣੀਏ
ਅਚਾਰੀਆ ਰਜਨੀਸ਼ ਤੋਂ ਪੁੱਛਿਆ ਗਿਆ ਕਿ ਮਾੜੇ ਨੇਤਾਵਾਂ ਤੋਂ ਦੇਸ਼ ਨੂੰ ਮੁਕਤੀ ਕਦੋਂ ਮਿਲੇਗੀ? ਉਸ ਦਾ ਜਵਾਬ ਸੀ ਕਿ ਬਹੁਤ ਮੁਸ਼ਕਲ ਹੈ, ਕਿਉਂਕਿ ਸਵਾਲ ਨੇਤਾਵਾਂ ਤੋਂ ਮੁਕਤੀ ਦਾ ਨਹੀਂ, ਸਵਾਲ ਤਾਂ ਲੋਕਾਂ ਦੇ ਬੇਸਮਝ ਹੋਣ ਦਾ ਹੈ, ਕੋਈ ਨਾ ਕੋਈ ਤੁਹਾਨੂੰ ਲੁੱਟਦਾ ਹੀ ਰਹੇਗਾ।
ਉਹ ਕਿਵੇਂ, ਪੁੱਛਣ ਵਾਲਾ ਤਾਂ ਪੁੱਛਦਾ ਹੀ ਰਿਹਾ?
ਓਸ਼ੋ ਨੇ ਕਿਹਾ: ਪਰੋਹਿਤ ਚੂਸਣਗੇ, ਮੌਲਾਨਾ ਚੂਸਣਗੇ, ਭਾਈ ਚੂਸਣਗੇ, ਰਾਜਨੇਤਾ ਚੂਸਣਗੇ। ਜਦੋਂ ਤੱਕ ਤੁਸੀਂ ਨਹੀਂ ਜਾਗੋਗੇ, ਲੁੱਟ ਹੁੰਦੇ ਰਹੋਗੇ। ਕਿਸ ਨੇ ਲੁੱਟਿਆ, ਕੀ ਫ਼ਰਕ ਪੈਂਦਾ ਹੈ। ਕਿਸੇ ਝੰਡੇ ਨਾਲ, ਕਿਸੇ ਨਿਸ਼ਾਨ ਨਾਲ ਲੁੱਟ ਲੈਣ, ਲੁੱਟ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਦੇਸ਼ ਦਾ ਹਰ ਇਨਸਾਨ ਸਮਝਦਾਰ ਨਹੀਂ ਹੁੰਦਾ।
*****
(1208)