“ਇਹ ਸਾਰਾ ਹਿੱਸਾ ਆਹ ਵੱਡੇ ਮਗਰਮੱਛਾਂ ਦੇ ਹੱਥਾਂ ਵਿੱਚ ਦੀ ਹੁੰਦਾ ਹੋਇਆ ...”
(6 ਜੂਨ 2018)
ਭਾਰਤ ਦਾ ਪ੍ਰਸ਼ਾਸਨਿਕ ਢਾਂਚਾ ਕਿੰਨਾ ਕੁ ਗਰਕ ਗਿਆ ਹੈ, ਇਹ ਸਾਡੇ ਜਿਹੇ ਸਤਹੀ ਸਮਝ ਵਾਲੇ ਲੋਕ ਸੋਚ ਹੀ ਨਹੀਂ ਸਕਦੇ। ਜਿਹੜੀਆਂ ਗੱਲਾਂ ਸਾਨੂੰ ਮਾਮੂਲੀ ਲੱਗਦੀਆਂ ਹਨ, ਉਹ ਏਨੀਆਂ ਗੰਭੀਰ ਹੁੰਦੀਆਂ ਹਨ ਕਿ ਸਾਨੂੰ ਅੰਦਾਜ਼ਾ ਹੀ ਨਹੀਂ ਹੁੰਦਾ ਅਤੇ ਜਿਹਨਾਂ ਨੂੰ ਅਸੀਂ ਬਹੁਤ ਗੰਭੀਰ ਮੰਨ ਲੈਂਦੇ ਹਾਂ, ਉਹ ਬਿਲਕੁਲ ਮਾਮੂਲੀ ਜਿਹੀਆਂ ਹੁੰਦੀਆਂ ਹਨ। ਇੱਥੋਂ ਦੀ ਵਿਵਸਥਾ ਹੀ ਅਜਿਹੀ ਹੈ ਕਿ ਮਾਮੂਲੀ ਗੱਲ ਨੂੰ ਤੂਲ ਦੇ ਕੇ ਗੰਭੀਰ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ।
ਆਮ ਮਨੁੱਖ ਨਿਆਂ-ਪਾਲਿਕਾ, ਕਾਰਜਪਾਲਿਕਾ ਦੀ ਕਾਰਜਵਿਧੀ ਬਾਰੇ ਨਹੀਂ ਜਾਣਦੇ ਅਤੇ ਨਿਆਂਪਾਲਿਕਾ, ਕਾਰਜਪਾਲਿਕਾ ਆਮ ਮਨੁੱਖ ਅੰਦਰ ਚੱਲ ਰਹੀ ਉੱਥਲ-ਪੁਥਲ ਬਾਰੇ ਅਣਜਾਣ ਅਤੇ ਅਸੰਵੇਦਨਸ਼ੀਲ ਹੁੰਦੀ ਹੈ। ਜਦੋਂ ਕਿਸੇ ਉੱਤੇ ਕੋਈ ਮੁਸੀਬਤ ਆਣ ਪੈਂਦੀ ਹੈ ਤਾਂ ਉਹ ਮੁਸੀਬਤ ਦੇ ਹੱਲ ਲਈ ਪੰਚਾਇਤ, ਪੁਲਿਸ, ਅਦਾਲਤ ਆਦਿ ਦੇ ਚੱਕਰ ਲਾਉਂਦਾ ਹੈ, ਪਰ ਇਹ ਪਹੁੰਚ ਉਸਦੀ ਮੁਸੀਬਤ ਨੂੰ ਘੱਟ ਕਰਨ ਦੀ ਬਜਾਏ ਵਧਾਉਂਦੀ ਹੈ।
ਆਮ ਲੋਕਾਂ ਦੀ ਸਮਝ ਹੁੰਦੀ ਹੈ ਕਿ ਭਾਰਤ ਵਿੱਚ ਬਹੁਤ ਕੁੱਝ ਗੈਰਕਾਨੂੰਨੀ ਹੋ ਰਿਹਾ ਹੈ। ਦਰਅਸਲ ਇਹ ਗੈਰਕਾਨੂੰਨੀ ਹੀ ਨਹੀਂ, ਕਾਨੂੰਨ ਦੇ ਲਚਕੀਲੇਪਨ ਅਤੇ ਅੰਨ੍ਹੇਪਨ ਦਾ ਫਾਇਦਾ ਉਠਾਇਆ ਜਾ ਰਿਹਾ ਹੁੰਦਾ ਹੈ। ਮਨੁੱਖੀ ਅਧਿਕਾਰ ਕਮਿਸ਼ਨ, ਐੱਸ ਸੀ/ਐੱਸ ਟੀ ਕਮਿਸ਼ਨ, ਸੂਚਨਾ ਅਧਿਕਾਰ ਆਦਿ ਸਭ ਖੋਖਲੇ ਦਾਅਵੇ ਸਿੱਧ ਹੋ ਰਹੇ ਹਨ। ਪੁਲਿਸ ਵਿਭਾਗ ਦਾ ਹਾਲ ਇੰਨਾ ਮਾੜਾ ਹੈ ਕਿ ਸੱਤਾਧਾਰੀ ਲੋਕ ਇਹਨਾਂ ਤੋਂ ਜੁੱਤੀਆਂ ਸਾਫ਼ ਕਰਵਾਉਂਦੇ ਹਨ, ਇਹਨਾਂ ਦਾ ਸ਼ਰੇਆਮ ਕੁਟਾਪਾ ਵੀ ਲਾ ਦਿੱਤਾ ਜਾਂਦਾ ਹੈ, ਇਹਨਾਂ ਦੀਆਂ ਧੀਆਂ ਨਾਲ ਛੇੜਛਾੜ, ਬਲਾਤਕਾਰ ਵੀ ਸਿਆਸਤਦਾਨ ਕਰ ਜਾਂਦੇ ਹਨ ਅਤੇ ਇਹ ਕਾਨੂੰਨ ਦੇ ਰਾਖੇ ਹੋਣ ਦੇ ਬਾਵਜੂਦ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਆਜ਼ਾਦ ਨਹੀਂ ਹੁੰਦੇ। ਪੁਲਿਸ ਨੇ ਆਪਣਾ ਇਹ ਅਕਸ ਆਪ ਬਣਾਇਆ ਹੈ।
“ਇਮਾਨਦਾਰ ਬੰਦਾ ਤਾਂ ਇਸ ਮਹਿਕਮੇ ਵਿੱਚ ਫਿੱਟ ਹੀ ਨਹੀਂ ਬੈਠਦਾ। ਇੱਥੇ ਤਾਂ ਥਾਣਿਆਂ ਦੀ ਬੋਲੀ ਲੱਗਦੀ ਐ। ਆਹ ਚੌਕ ਵਾਲਾ ਥਾਣਾ ਲੈਣ ਲਈ ਇੰਸਪੈਕਟਰ ਮਹੀਨੇ ਦਾ ਪੰਦਰਾਂ ਲੱਖ ਉੱਕੇ-ਪੱਕੇ ਭਰਦਾ ਏ ਤੇ ਬਾਕੀ ਉਹਦੇ ਆਵਦੇ। ਜਿਸ ਦਿਨ ਉਹ ਰਾਜਨੀਤਿਕ ਬੰਦਿਆਂ ਦੀ ਮੰਨਣੋਂ ਹਟ ਗਿਆ ਜਾਂ ਕਿਸੇ ਹੋਰ ਨੇ ਬੋਲੀ ਵੱਧ ਲਾ ਦਿੱਤੀ ਤਾਂ ਉਸਨੂੰ ਵੀ ਗੁੱਠੇ ਲਾਇਨ ਲਾ ਦੇਣਗੇ। ਇਹ ਸਾਰਾ ਹਿੱਸਾ ਆਹ ਵੱਡੇ ਮਗਰਮੱਛਾਂ ਦੇ ਹੱਥਾਂ ਵਿੱਚ ਦੀ ਹੁੰਦਾ ਹੋਇਆ ਨੇਤਾਵਾਂ ਤੇ ਮੰਤਰੀਆਂ ਤੱਕ ਜਾਂਦਾ ਹੈ। ਹੁਣ ਤੁਸੀਂ ਦੱਸੋ, ਬਈ ਕਿਹੜਾ ਆਪਣੇ ਕਮਾਊ ਪੁੱਤ ਤੇ ਕਾਰਵਾਈ ਕਰੇਗਾ? ਤੁਹਾਡੇ ਤੋਂ ਕਿਸੇ ਨੇ ਕੜ੍ਹੀ ਲੈਣੀ ਐ?”
ਆਮ ਲੋਕਾਂ ਨਾਲ ਪੇਸ਼ ਆਉਂਦੇ ਪੁਲਸ ਦੇ ਉੱਚ ਅਧਿਕਾਰੀਆਂ ਦੀ ਭਾਸ਼ਾ ਕਿੰਨੀ ਕੁਰਖ਼ਤ ਹੁੰਦੀ ਹੈ, ਇੱਕ ਐੱਸ ਪੀ ਦੇ ਮੂਹੋਂ ਕਿਰਦੇ ਫੁੱਲ ਸੁਣੋ, “ਤੂੰ ਇੱਕ ਸੌ ਕਿਆਸੀ ’ਤੇ ਸ਼ਿਕਾਇਤ ਕੀਤੀ ਏ ਨਾ? ਭਾਵੇਂ ਤੂੰ ਇੱਕ ਲੱਖ ਕਿਆਸੀ ’ਤੇ ਕਰ ਲੈ, ਆਖਿਰਕਾਰ ਇਨਕੁਆਇਰੀ ਤਾਂ ਮੈਂ ਹੀ ਕਰਨੀ ਐ।” ਏਨੀ ਕੁ ਵਾਰਤਾਲਾਪ ਸਾਨੂੰ ਸਮਝਾ ਦਿੰਦੀ ਹੈ ਕਿ ਸਾਡਾ ਪ੍ਰਬੰਧਕੀ ਢਾਂਚਾ ਕਿੰਨਾ ਕੁ ਦਰੁਸਤ ਅਤੇ ਕਿੰਨਾ ਕੁ ਲੋਕ ਪੱਖੀ ਜਾਂ ਇਨਸਾਫ਼ ਪੱਖੀ ਹੈ।
ਪੁਲਿਸ, ਪ੍ਰਸ਼ਾਸਨ, ਨਿਆਂਪਾਲਿਕਾ ਅਤੇ ਸਾਡੇ ਸਮਾਜ ਦੇ ਕਰੂਰ ਚਿਹਰੇ ਦਾ ਹੂਬਹੂ ਚਿਤਰਣ ਹੈ ਕਿਤਾਬ: “ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ ...।” ਇੱਕ ਆਮ ਅਤੇ ਸਾਧਾਰਣ ਵਿਅਕਤੀ ਨੂੰ ਇਹ ਸਮਾਜ ਇੰਨਾ ਜਲੀਲ ਕਰ ਦਿੰਦਾ ਹੈ ਕਿ ਹੱਸਦੇ-ਵੱਸਦੇ ਪਰਿਵਾਰ ਵਿੱਚ ਮੌਤ ਵਰਗੀ ਚੁੱਪ ਪਸਰ ਜਾਂਦੀ ਹੈ। ਦੂਸਰਿਆਂ ਨੂੰ ਜ਼ਿੰਦਗ਼ੀ ਦੇਣ, ਚੰਗੇ ਨਾਗਰਿਕ ਬਣਨ ਦੀ ਸਿੱਖਿਆ ਦੇਣ ਵਾਲਾ ਇੱਕ ਖੂਨਦਾਨੀ ਅਧਿਆਪਕ ਇਸ ਪ੍ਰਸ਼ਾਸਨ ਹੱਥੋਂ ਇੰਨਾ ਮਜ਼ਬੂਰ ਹੋ ਜਾਂਦਾ ਹੈ ਕਿ ਉਸ ਦੇ ਮਨ ਵਿੱਚ ਆਤਮਹੱਤਿਆ ਦਾ ਖ਼ਿਆਲ ਭਾਰੂ ਹੋਣ ਲੱਗ ਜਾਂਦਾ ਹੈ। ਉਸ ਲਈ ਇਹ ਸਮਾਜ ਜਿਊਣਯੋਗ ਹਾਲਾਤ ਨਹੀਂ ਛੱਡਦਾ, ਬਾਵਜੂਦ ਇਸ ਦੇ ਉਹ ਸਿਦਕ ਵਾਲਾ ਪੱਲਾ ਨਹੀਂ ਛੱਡਦਾ। ਜਿਹੜਾ ਪਰਿਵਾਰ ਸਮੇਤ ਖ਼ੁਦਕੁਸ਼ੀ ਦਾ ਖਿਆਲ ਮਨ ਵਿੱਚ ਪਾਲ਼ ਬੈਠਾ ਹੈ, ਉਹ ਆਪਣੇ ਦੁਸ਼ਮਣ ਦੇ ਪਰਿਵਾਰ ਦੇ ਰੁਲ਼ ਜਾਣ ਤੋਂ ਵੀ ਚਿੰਤਿਤ ਹੈ, ਇਸ ਲਈ ਉਹ ਠੋਸ ਸਬੂਤ ਹੋਣ ਦੇ ਬਾਵਜੂਦ ਉਹਨਾਂ ਵਿਰੁੱਧ ਸਖ਼ਤ ਕਦਮ ਨਹੀਂ ਚੁੱਕਦਾ ਅਤੇ ਅੰਤ ਤੱਕ ਹਰ ਹੀਲੇ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਅਤੇ ਉਹਨਾਂ ਦੇ ਸਮਝ ਜਾਣ ਦੀ ਉਮੀਦ ਵੀ ਰੱਖਦਾ ਹੈ।
“ਤੇਰਾ ਕਸੂਰ ਪਤਾ ਕੀ ਐ? ਤੂੰ ਏਸ਼ੀਆ ਮਹਾਂਦੀਪ ਵਿੱਚ ਜੰਮ ਪਿਆ ਏਂ। ਤੇਰੀ ਇਸ ਤੋਂ ਵੀ ਵੱਡੀ ਗਲਤੀ ਇਹ ਆ ਕਿ ਤੂੰ ਜੰਮ ਵੀ ਇੰਡੀਆ, ਉਹ ਵੀ ਪੰਜਾਬ ਵਿੱਚ ਪਿਆ ਏਂ, ਹੋਰ ਤੇਰਾ ਕਸੂਰ ਕੋਈ ਨਹੀਂ। ਤੇਰੀ ਇਸ ਅਣਕੀਤੀ ਗਲਤੀ ਦਾ ਖਮਿਆਜਾ ਤੈਨੂੰ ਭੁਗਤਣਾ ਹੀ ਪੈਣਾ ਏ। ਤੈਨੂੰ ਇਨਸਾਫ਼ ਲੈਣ ਲਈ ਲੜਨਾ ਵੀ ਪੈਣਾ ਏ, ਕਤਾਰਾਂ ਵਿੱਚ ਖੜ੍ਹਨਾ ਵੀ ਪੈਣਾ ਏ। ਲੰਮਾ ਸਮਾਂ ਇਨਸਾਫ਼ ਦੀ ਉਡੀਕ ਵੀ ਕਰਨੀ ਪੈਣੀ ਏ। ਜੇ ਇਹ ਨਹੀਂ ਕਰ ਸਕਦਾ ਤਾਂ ਭੀੜ ਨੇ ਤੈਨੂੰ ਪੈਰਾਂ ਹੇਠ ਲਤਾੜ ਕੇ ਅੱਗੇ ਲੰਘਦੀ ਜਾਣਾ ਹੈ।” ਵਕੀਲ ਵਲੋਂ ਲੇਖਕ ਨੂੰ ਇਹਨਾਂ ਚੰਦ ਕੁ ਸ਼ਬਦਾਂ ਵਿੱਚ ਕਿੱਡੀ ਵੱਡੀ ਸੱਚਾਈ ਦੱਸ ਦਿੱਤੀ ਜਾਂਦੀ ਹੈ। ਸੱਚਮੁੱਚ ਹੀ ਲੱਗਦਾ ਹੈ ਕਿ ਇਸ ਮੁਲਕ ਵਿੱਚ ਜੰਮ ਪੈਣਾ ਹੀ ਸਭ ਤੋਂ ਵੱਡਾ ਗੁਨਾਹ ਹੈ, ਜਿੱਥੇ ਆਮ ਵਿਅਕਤੀ ਲਈ ਜਿਊਣ ਦੇ ਮੁਢਲੇ ਸਾਧਨਾਂ ’ਤੇ ਹੀ ਗੁੰਡਿਆਂ/ਬਦਮਾਸ਼ਾਂ ਦਾ ਕਬਜ਼ਾ ਹੈ।
ਸਰਕਾਰ ਬਰਾਬਰ ਵੰਡ ਕਰਨ ਵਿੱਚ ਅਸਮਰੱਥ ਹੋਵੇ ਜਾਂ ਇਨਸਾਫ਼ ਦਿਵਾਉਣ ਵਿੱਚ ਅਸਫ਼ਲ ਹੋਵੇ, ਉਦੋਂ ਤਾਂ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਮੁਜ਼ਾਹਰਾ ਵਗੈਰਾ ਕੀਤਾ ਜਾਣਾ ਦਰੁਸਤ ਪਹੁੰਚ ਹੈ, ਪਰ ਜੇ ਸਰਕਾਰ ਜਾਣ-ਬੁੱਝ ਕੇ ਲੋਕ ਵਿਰੋਧੀ ਹਾਲਾਤ ਪੈਦਾ ਕਰ ਰਹੀ ਹੋਵੇ ਤਾਂ ਲੜਾਈ ਆਰ ਜਾਂ ਪਾਰ ਦੀ ਹੀ ਲੜਨੀ ਪੈਣੀ ਹੈ, ਇਸ ਤੋਂ ਬਿਨਾਂ ਹੋਰ ਕੋਈ ਦੂਸਰਾ ਰਾਹ ਨਹੀਂ। ਪਰ ਜਦੋਂ ਲੋਕ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਸ਼ਿਕਾਰ ਹੋਕੇ ਵੀ ਸਰਕਾਰ ਦੀਆਂ ਚਾਲਾਂ ਵਿੱਚ ਫਸਦੇ ਰਹਿਣ ਤਾਂ ਇਹ ਲੜਾਈ ਬਹੁਤ ਲੰਮੀ ਹੋ ਜਾਂਦੀ ਹੈ ਅਤੇ ਲੇਖਕ ਲੋਕਾਂ ਦੀ ਇਸੇ ਨਾਸਮਝੀ ਦਾ ਸ਼ਿਕਾਰ ਹੋ ਕੇ ਸਰਕਾਰੇ-ਦਰਬਾਰੇ ਠੋਹਕਰਾਂ ਖਾਂਦਾ ਫਿਰਦਾ ਹੈ।
ਇਸ ਨਾਵਲ ਵਿੱਚੋਂ ਕੁੱਝ ਹੋਰ ਟੂਕਾਂ ਵੇਖੋ, ਜੋ ਯਥਾਰਥ ਦੇ ਕਿੰਨੀਆਂ ਨੇੜੇ ਹਨ।
“ਵਕੀਲ ਭਾਵੇਂ ਕੋਈ ਵੀ ਹੋਵੇ, ਉਹ ਦਿਲੋਂ ਇਹ ਹੀ ਚਾਹੁੰਦਾ ਹੁੰਦਾ ਹੈ ਕਿ ਕੇਸ ਸਟੇਅ ਹੋ ਜਾਵੇ ਤੇ ਕਾਫ਼ੀ ਲੰਮਾ ਸਮਾਂ ਚੱਲੇ, ਤਾਂ ਕਿ ਉਸ ਦੀ ਰੋਜ਼ੀ-ਰੋਟੀ ਚੱਲਦੀ ਰਹੇ। ਉਸ ਨੂੰ ਕੀ ਕਿਸੇ ਦੇ ਦਿਲ ਤੇ ਕੀ ਬੀਤਦੀ ਹੈ, ਬੀਤੀ ਜਾਵੇ।” ਲੇਖਕ ਨੂੰ ਆਪਣੇ ਮਾਮਲੇ ਵਿੱਚ ਚੰਗਾ ਵਕੀਲ ਮਿਲਣ ਦਾ ਇੱਕ ਇਹ ਵੀ ਫ਼ਾਇਦਾ ਨਜ਼ਰ ਆਉਂਦਾ ਹੈ ਕਿ ਲੇਖਕ ਇਸ ਮਹਿਕਮੇ ਦੀਆਂ ਅੰਦਰੂਨੀ ਗੱਲਾਂ ਬਾਰੇ ਬਹੁਤ ਬਾਰੀਕੀ ਨਾਲ ਅਧਿਐਨ ਕਰਦਾ ਹੈ। ਜੱਜ ਕਿਵੇਂ ਵਕੀਲਾਂ ਦੇ ਦਬਾਅ ਹੇਠ ਕੰਮ ਕਰਦੇ ਹਨ, ਪ੍ਰਸ਼ਾਸਨ ਦੇ ਦਬਾਅ ਹੇਠ ਜਾਣਬੁੱਝ ਕੇ ਗਲਤ ਫੈਸਲੇ ਕਰਦੇ ਹਨ, ਫੈਸਲਾ ਹੋਣ ਦੇ ਬਾਵਜੂਦ ਫੈਸਲਾ ਸੁਣਾਉਣ ਦਾ ਸਮਾਂ ਲਮਕਾਉਂਦੇ ਹਨ। ਨਿਆਂਪਾਲਿਕਾ ਦੇ ਦਬਾਅ ਹੇਠ ਆ ਕੇ ਕੰਮ ਕਰਨ ਦੀਆਂ ਪ੍ਰਤੱਖ ਉਦਾਹਰਣਾਂ ਹਨ ਇਸ ਕਿਤਾਬ ਵਿੱਚ। ਅਦਾਲਤ ਵਿੱਚ ਉੱਚੀ ਕੁਰਸੀ ਤੇ ਬੈਠਾ ਜੱਜ ਸੁਨਹਿਰੀ ਕਲਗੀ ਵਾਲੇ ਲੱਕੜ ਦੇ ਕੁੱਕੜ ਤੋਂ ਵਧਕੇ ਕੁੱਝ ਵੀ ਨਹੀਂ ਜਾਪਦਾ।
ਲੇਖਕ ਸੁਭਾਵਿਕ ਹੀ ਬਹੁਤ ਵੱਡੀ ਅਤੇ ਕੀਮਤੀ ਗੱਲ ਕਹਿ ਜਾਂਦਾ ਹੈ, “ਇਸ ਨਿਜ਼ਾਮ ਤੋਂ ਲੋਕਾਂ ਦਾ ਮੋਹ ਜਿੰਨਾ ਜਲਦੀ ਭਟਕੇਗਾ (ਜਿੰਨੀ ਜਲਦੀ ਭੰਗ ਹੋਵੇਗਾ), ਉਹ ਉੰਨਾ ਹੀ ਜਲਦੀ ਜੱਥੇਬੰਦ ਹੋ ਕੇ ਗਲਤ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨਗੇ।”
ਜਦੋਂ ਘਰ ਵਿੱਚ ਮੁਰਦੇਹਾਣੀ ਚੁੱਪ ਪਸਰੀ ਹੋਵੇ, ਕੁੱਝ ਵੀ ਚੰਗਾ ਨਾ ਲੱਗਦਾ ਹੋਵੇ, ਨਾ ਰੋਟੀ ਸੰਘੋਂ ਲੰਘਦੀ ਹੋਵੇ, ਨਾ ਕੋਈ ਤਿੱਥ-ਤਿਉਹਾਰ ਚੰਗਾ ਲੱਗਦਾ ਹੁੰਦਾ, ਤਦ ਵੀ ਘਰ ਵਿੱਚ ਜ਼ਿੰਦਗ਼ੀ ਧੜਕਦੀ ਹੈ, ਲੇਖਕ ਨੇ ਇਸ ਨੂੰ ਬਹੁਤ ਖ਼ੂਬਸੂਰਤੀ ਨਾਲ ਪਕੜਿਆ ਹੈ। “ਉਸ ਦਿਨ ਬੱਚਿਆਂ ਨੂੰ ਪਤਾ ਨਹੀਂ ਕਿਹੜਾ ਚਾਅ ਚੜ੍ਹਿਆ ਹੋਇਆ ਸੀ ਕਿ ਬੜੇ ਦਿਨਾਂ ਬਾਅਦ ਸਾਨੂੰ ਖ਼ੁਸ਼ ਵੇਖ ਕੇ ਨੱਚਣੋਂ-ਟੱਪਣੋਂ ਹਟ ਕੇ ਸੌਣ ਦਾ ਨਾਮ ਹੀ ਨਹੀਂ ਸੀ ਲੈ ਰਹੇ।” ਇਹ ਸਤਰਾਂ ਪੜ੍ਹਦਿਆਂ ਅੱਖਾਂ ਮੱਲੋ-ਮੱਲੀ ਨਮ ਹੋ ਜਾਂਦੀਆਂ ਹਨ। ਅਸੀਂ ਸਮਝਦੇ ਹਾਂ ਕਿ ਬੱਚੇ, ਬੱਚੇ ਹੀ ਹੁੰਦੇ ਹਨ ਪਰ ਇਹ ਸਾਡੇ ਸਮਝਣ ਵਿੱਚ ਭੁਲੇਖਾ ਹੈ। ਘਰ ਵਿੱਚ ਪਲ-ਪਲ ਕੀ ਵਾਪਰ ਰਿਹਾ ਹੈ, ਇਸ ਸਭ ਤੋਂ ਅਣਜਾਣ ਬੱਚੇ ਘਰਦਿਆਂ ਦੇ ਚਿਹਰੇ ਪੜ੍ਹ ਕੇ ਹੀ ਅੰਦਾਜ਼ਾ ਲਾ ਲੈਂਦੇ ਹਨ ਅਤੇ ਆਪਣੇ ਆਪ ਨੂੰ ਇੰਨਾ ਜ਼ਾਬਤੇ ਵਿੱਚ ਬੰਨ੍ਹ ਲੈਂਦੇ ਹਨ ਕਿ ਉਹਨਾਂ ਦੀ ਕਿਸੇ ਹਰਕਤ ਤੋਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਅਤੇ ਮਹੀਨਿਆਂ ਬੱਧੀ ਉੱਤਰੇ ਹੋਏ ਚਿਹਰਿਆਂ ’ਤੇ ਨਿੱਕੀ ਜਿਹੀ ਮੁਸਕਾਨ ਵੇਖਕੇ ਬੱਚੇ ਉਸ ਨੂੰ ਏਨੀ ਯਾਦਗਾਰੀ ਬਣਾ ਦਿੰਦੇ ਹਨ ਕਿ ਜਾਪਦਾ ਹੈ ਜ਼ਿੰਦਗ਼ੀ ਵਿੱਚ ਇਸ ਤੋਂ ਵੱਡੀ ਖ਼ੁਸ਼ੀ ਕੋਈ ਹੋ ਹੀ ਨਹੀਂ ਸਕਦੀ।
“ਅਜਿਹਾ ਨਹੀਂ ਹੈ ਕਿ ਲੇਖਕ ਪੁਲਿਸ ਤੋਂ ਦੁਖੀ ਹੋਣ ਕਾਰਣ ਪੁਲਿਸ ਖ਼ਿਲਾਫ਼ ਭੜਾਸ ਕੱਢ ਰਿਹਾ ਹੋਵੇ। ਪਰ ਇਹ ਮਹਿਕਮਾ ਹੀ ਐਸਾ ਹੈ ਕਿ ਖਾਕੀ ਰੰਗ ਨੂੰ ਹੁਣ ਦਹਿਸ਼ਤ ਦਾ ਰੰਗ ਮੰਨਿਆ ਜਾਣ ਲੱਗ ਪਿਆ ਹੈ। “ਉਹ ਇੱਕ ਵਰਦੀਧਾਰੀ ਪੱਕਾ ਗੁੰਡਾ ਸੀ, ਜਿਹੜਾ ਥੋੜ੍ਹੇ ਜਿਹੇ ਟੁੱਕੜਾਂ ਪਿੱਛੇ ਕੁੱਝ ਵੀ ਕਰਨ ਵਾਸਤੇ ਤਿਆਰ ਬਰ ਤਿਆਰ ਰਹਿੰਦਾ ਸੀ। ਸਬੰਧਤ ਵਿਭਾਗ ਇਸ ਮਾਮਲੇ ਵਿੱਚ ਘੋਗਲਕੰਨਾ ਬਣਿਆ ਹੋਇਆ ਸੀ। ਤਾਂ ਹੀ ਉਸ ਨੂੰ ਗ੍ਰਿਫਤਾਰ ਕਰਕੇ ਸੀਖਾਂ ਵਿੱਚ ਡੱਕਣ ਦੀ ਥਾਂ ਉਸ ਦੀ ਬਦਲੀ ਕਰ ਦਿੱਤੀ ਗਈ ਸੀ। ਨੈਤਿਕਤਾ ਤਾਂ ਇਹ ਆਖਦੀ ਹੈ ਕਿ ਅਜਿਹੇ ਅਧਿਕਾਰੀ ਨੂੰ ਆਪਣੇ ਇੰਨੇ ਜ਼ਿਆਦਾ ਕੇਸਾਂ ਦੇ ਨਿੱਬੜਨ ਤੱਕ ਅਹੁਦੇ ’ਤੇ ਕੰਮ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਵਿਭਾਗ ਦੇ ਅਧਿਕਾਰੀਆਂ ਦੁਆਰਾ ਅਜਿਹੇ ਅਧਿਕਾਰੀ ਨੂੰ ਕਿਸੇ ਸਟੇਸ਼ਨ ’ਤੇ ਨਿਯੁਕਤ ਕਰਨਾ ਚਾਹੀਦਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਮਹਿਕਮਾ ਕਿਹੜਾ ਹੈ?” ਇਹ ਅੱਜ ਵੀ ਸੱਚ ਹੈ ਕਿ ਬਹੁਤ ਸਾਰੇ ਪੁਲਿਸ ਅਧਿਕਾਰੀ ਅਤੇ ਹੋਰ ਵੀ ਮਹਿਕਮਿਆਂ ਦੇ ਉੱਚ ਅਧਿਕਾਰੀ ਦੋਸ਼ ਲੱਗਣ, ਮੁਕੱਦਮਾ ਚੱਲਣ, ਪੜਤਾਲ ਦੌਰਾਨ ਅਪਣੇ ਅਹੁਦਿਆਂ ਦਾ ਲਾਭ ਲੈਂਦੇ ਰਹੇ ਹਨ ਅਤੇ ਜਾਂਚ ਨੂੰ ਪ੍ਰਭਾਵਿਤ ਕਰਦੇ ਰਹੇ ਹਨ। ਜਿਹਨਾਂ ਨੇ ਕਾਨੂੰਨ ਲਾਗੂ ਕਰਵਾਉਣਾ ਹੈ, ਉਹ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਇਹੋ ਕਾਰਣ ਹੈ ਕਿ ਪੁਲਿਸ ਮਹਿਕਮੇ ਵਿੱਚ ਵੀ ਖ਼ੁਦਕੁਸ਼ੀਆਂ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ, ਇਹਨਾਂ ਦਾ ਪਰਿਵਾਰਕ ਜੀਵਨ ਤਹਿਸ-ਨਹਿਸ ਹੋਣ ਦੀਆਂ ਉਦਾਹਰਣਾਂ ਵੀ ਘੱਟ ਨਹੀਂ ਹਨ।
ਇੱਕ ਮੱਧਵਰਗੀ ਸਵਾਲ ਜੋ ਆਮ ਹੀ ਲੋਕਾਂ ਵਲੋਂ ਕੀਤਾ ਜਾਂਦਾ ਹੈ, ਉਸ ਦਾ ਕਿੰਨੀ ਖ਼ੂਬਸੂਰਤੀ ਨਾਲ ਲੇਖਕ ਨੇ ਜਵਾਬ ਦਿੱਤਾ ਹੈ, ਉਹ ਨਮੂਨਾ ਵੇਖੋ। (ਸਵਾਲ ਇੱਕ ਅਧਿਆਪਕ ਲਈ) “ਜੇ ਤੁਸੀਂ ਸ਼ੁਰੂ ’ਚ ਹੀ ਬੱਚੇ ਨੂੰ ਸੰਭਾਲ ਲਵੋ ਤਾਂ ਬੱਚਾ ਜ਼ਿੰਦਗ਼ੀ ਭਰ ਲਈ ਚੰਗੇ ਕੰਮ ਹੀ ਕਰੇਗਾ। ਗਲਤੀ ਕਿਤੇ ਨਾ ਕਿਤੇ ਤੁਹਾਡੀ ਵੀ ਹੈ।” ਵਕੀਲ ਨੇ ਮੈਨੂੰ ਦਲੀਲ ਦਿੰਦੇ ਹੋਏ ਆਖਿਆ।
“ਆਹ, ਐੱਸ ਪੀ ਆ ਨਾ ਆਪਣਾ। ਇਹ ਵੇਖਣ ਤੋਂ ਹੀ ਕਿਸੇ ਵੱਡੇ ਘਰ ਦਾ ਲੱਗਦਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਦੇ ਘਰਦਿਆਂ ਨੇ ਇਸ ਦੇ ਪਾਲਣ-ਪੋਸ਼ਣ ਜਾਂ ਪੜ੍ਹਾਈ ਵਿੱਚ ਕੋਈ ਘਾਟ ਛੱਡੀ ਹੋਵੇਗੀ ਕਿ ਇਹ ਦੁਨੀਆਂ ਦਾ ਮਹਾਨ ਬੰਦਾ ਨਾ ਬਣੇ। ਇਸ ਨੂੰ ਹਰ ਚੰਗੇ ਬੰਦੇ ਦਾ ਜੀਵਨ ਰੱਟਿਆ ਪਿਆ ਹੋਵੇਗਾ। ਪਰ ਇਹ ਕੰਜਰ ਮਹਿਕਮੇ ਹੀ ਅਜਿਹੇ ਵਿੱਚ ਆ ਗਿਆ ਕਿ ਜਿੱਥੇ ਲੋਕਾਂ ਨੂੰ ਦੁੱਖ ਦੇ ਕੇ ਹੀ ਖ਼ੁਸ਼ੀ ਮਿਲਦੀ ਹੈ।” ਇਸ ਜਵਾਬ ਵਿੱਚ ਉਹ ਸੱਚਾਈ ਛੁਪੀ ਹੈ ਜੋ ਕਿਸੇ ਤੋਂ ਵੀ ਲੁਕੀ ਹੋਈ ਨਹੀਂ। ਕੋਈ ਅਜਿਹੇ ਵਿਗੜੇ ਹੋਏ ਢਾਂਚੇ ਵਿੱਚ ਰਹਿ ਕੇ ਇਸ ਦਾ ਹਿੱਸਾ ਬਣਨੋਂ ਕਿਸੇ ਵੀ ਤਰ੍ਹਾਂ ਬਚ ਨਹੀਂ ਸਕਦਾ।
ਲੇਖਕ ਨੇ ਕਾਮਰੇਡਾਂ ਦੇ ਸਾਧਾਰਣ ਜੀਵਨ ਨੂੰ ਜਿੱਥੇ ਅੱਖੀਂ ਵੇਖਿਆ ਹੈ, ਇਸ ਦਾ ਖ਼ੂਬਸੂਰਤ ਚਿਤਰਣ ਵੀ ਕੀਤਾ ਹੈ। ਵਕੀਲ ਦਾ ਨਾਂ ਸੁਣਦਿਆਂ ਹੀ ਵਕੀਲ ਦਾ ਜੋ ਅਕਸ ਉੱਘੜਦਾ ਹੈ ਉਸ ਅਨੁਸਾਰ ਲੰਮੀ ਕਾਰ ਵਿੱਚ ਕੋਟ-ਪੈਂਟ ਵਾਲਾ, ਮਿਣ ਤੋਲ ਕੇ ਗੱਲ ਕਰਨ ਵਾਲਾ ਹੀ ਵਕੀਲ ਹੁੰਦਾ ਹੈ। ਲੇਖਕ ਕਾਮਰੇਡ ਵਕੀਲ ਬਾਰੇ ਦੱਸਦਾ ਹੈ ਕਿ ਉਹ ਸਾਧਾਰਣ ਜਿਹੀ ਦਿੱਖ ਵਾਲਾ, ਸਾਧਾਰਣ ਜਿਹੇ ਸਕੂਟਰ ’ਤੇ ਆਉਂਦਾ ਹੈ। ਦੁਪਹਿਰ ਵੇਲੇ ਪੋਣੇ ਵਿੱਚੋਂ ਫੁਲਕੇ ਕੱਢ ਕੇ ਅਚਾਰ ਨਾਲ ਹੀ ਲੰਚ ਕਰ ਲੈਂਦਾ ਹੈ, ਇਹੋ ਉਸ ਦਾ ਰੁਟੀਨ ਹੈ। ਜਿਹਨਾਂ ਨੇ ਪੰਜ ਤਾਰਾ ਹੋਟਲਾਂ ਵਿੱਚ ਆਡਰ ਦਿੰਦੇ ਵਕੀਲ ਹੀ ਵੇਖੇ ਹਨ, ਉਹਨਾਂ ਲਈ ਅਜਿਹਾ ਵਕੀਲ ਵੇਖਣਾ, ਟਰੈਕਟਰਾਂ, ਕੰਬਾਈਨਾਂ ਦੇ ਯੁੱਗ ਵਿੱਚ ਬਲਦਾਂ ਨਾਲ ਖੇਤੀ ਹੁੰਦੀ ਵੇਖਣ ਬਰਾਬਰ ਹੈ।
ਲੇਖਕ ਨੇ ਮਿੱਡ ਡੇ ਮੀਲ ਬਾਰੇ ਗੱਲ ਕਰਦਿਆਂ, ਅਧਿਆਪਕਾਂ ’ਤੇ ਕੱਸੇ ਜਾਂਦੇ ਵਿਭਾਗੀ ਸ਼ਿਕੰਜੇ ਬਾਰੇ ਵੀ ਚਾਨਣਾ ਪਾਇਆ ਹੈ। ਜਿੱਥੇ ਪ੍ਰਤੀ ਵਿਦਿਆਰਥੀ ਗਰਾਮਾਂ ਵਿੱਚ ਗਿਣ ਕੇ ਸਮਾਨ ਦਿੱਤਾ ਜਾਂਦਾ ਹੈ, ਉੱਥੇ ਬੱਚਿਆਂ ਦੇ ਰੱਜ ਕੇ ਰੋਟੀ ਖਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਾਮਰੇਡੀ ਵਿਚਾਰਾਂ ਦੀ ਇੱਕ ਖ਼ੂਬਸੂਰਤ ਝਲਕ ਮਿਲਦੀ ਹੈ ਜਦੋਂ ਲੇਖਕ ਵਕੀਲ ਨੂੰ ਅਚਾਰ ਨਾਲ ਰੋਟੀ ਖਾਂਦੇ ਵੇਖਦਾ ਹੈ ਤਾਂ ਵਿਅੰਗ ਵਜੋਂ ਉਸ ਨੂੰ ਮਿੱਡ ਡੇਅ ਮੀਲ ਵਿੱਚ ਦਾਲ਼ ਨਾਲ ਰੋਟੀ ਦੀ ਸੁਲ੍ਹਾ ਮਾਰਦਾ ਹੈ। ਕਾਮਰੇਡ ਵਕੀਲ ਦਾ ਇੱਥੇ ਜਵਾਬ ਸੁਣਨ ਵਾਲਾ ਹੀ ਨਹੀਂ, ਪੱਲੇ ਬੰਨ੍ਹਣ ਵਾਲਾ ਹੈ, “ਆ ਤਾਂ ਮੈਂ ਜਾਇਆ ਕਰਾਂਗਾ ਪਰ ਇੱਕ ਬੰਦੇ ਨੂੰ ਮਿੱਡ ਡੇ ਮੀਲ ਵਿੱਚ ਵੱਧ ਵਾੜਨ ਦਾ ਮਤਲਬ ਹੈ ਕਿ ਤੁਸੀਂ ਹਰ ਬੱਚੇ ਦੀ ਥਾਲੀ ਵਿੱਚੋਂ ਕੁੱਝ ਨਾ ਕੁੱਝ ਹਿੱਸਾ ਚੁੱਕ ਕੇ ਮੈਨੂੰ ਪਰੋਸੋਗੇ।”
ਆਪਣੇ ਪਲਾਟ ਦੀ ਚਾਰਦੀਵਾਰੀ ਨੂੰ ਲੈ ਕੇ ਪਾਈਆਂ ਰੁਕਾਵਟਾਂ ਨਾਲ ਲੇਖਕ ਨੇ ਦੇਸ਼ ਦੇ ਢਾਂਚੇ ਦੀ ਉਹ ਤਸਵੀਰ ਵੇਖ ਲਈ ਜਿਸ ਨੂੰ ਹੰਢਾਉਂਦਾ ਤਾਂ ਹਰ ਕੋਈ ਹੈ ਪਰ ਵਰਣਿਤ ਕਰਨਾ ਲੇਖਕ ਦੇ ਹਿੱਸੇ ਆਇਆ ਹੈ। ਮਹਿਕਮਿਆਂ ਵਿੱਚ ਕਿਵੇਂ ਸਹੀ ਅਧਿਕਾਰੀਆਂ ਨੂੰ ਖੁੱਡੇਲਾਈਨ ਲਗਾਇਆ ਜਾਂਦਾ ਹੈ, ਈਮਾਨਦਾਰ ਪੁਲਿਸ ਵਾਲੇ ਖ਼ੁਦ ਮਹਿਕਮੇ ਦੀ ਲੁੱਟ-ਚੋਂਘ ਤੋਂ ਦੁਖੀ ਹਨ, ਇਸ ਬਾਰੇ ਇਸ ਕਿਤਾਬ ਵਿੱਚ ਬਾਖ਼ੂਬੀ ਵਰਣਨ ਕੀਤਾ ਗਿਆ ਹੈ। ਚੁਰਾਸੀ ਦੇ ਦੰਗਿਆਂ ਤੋਂ ਪ੍ਰਭਾਵਿਤ ਪਰਿਵਾਰ ਕਿਵੇਂ ਪ੍ਰਸ਼ਾਸਨ ਦੀ ਅਣਗਿਹਲੀ ਕਾਰਨ ਸੰਤਾਪ ਭੋਗਦਾ ਹੈ, ਇਹ ਸੰਤਾਪ ਭੋਗਣ ਵਾਲੇ ਦੀ ਮਾਨਸਿਕ ਅਵਸਥਾ ਨੂੰ ਕੋਈ ਸੰਵੇਦਨਸ਼ੀਲ ਮਨ ਹੀ ਸਮਝ ਸਕਦਾ ਹੈ। ਸੱਤਾ ਦੇ ਨਸ਼ੇ ਵਿੱਚ ਚੂਰ ਅਧਿਕਾਰੀ, ਕਰਮਚਾਰੀ ਮਨੁੱਖੀ ਸੰਵੇਦਨਾਵਾਂ ਮਹਿਸੂਸ ਕਰਨ ਤੋਂ ਅਸਮਰੱਥ ਹੋ ਗਏ ਹਨ।
“ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ ...” ਸਿਰਫ਼ ਇੱਕ ਕਿਤਾਬ ਹੀ ਨਹੀਂ, ਇਹ ਇੱਕ ਦਸਤਾਵੇਜ਼ ਹੈ ਜਿਸ ਵਿੱਚ ਸਮਾਜਿਕ ਅਤੇ ਪ੍ਰਸ਼ਾਸਨਿਕ ਢਾਂਚੇ ਦੀ ਬਦਸੂਰਤੀ ਦਾ ਚਿੱਤਰਣ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ। ਇਹ ਦਸਤਾਵੇਜ਼ ਸਦੀਆਂ ਬਾਅਦ ਵੀ ਸਮਕਾਲ ਨੂੰ ਪ੍ਰੀਭਾਸ਼ਿਤ ਕਰੇਗਾ।AC
“ਫੁੱਦੂ” ਸ਼ਬਦ ਜੋ ਆਮ ਬੋਲਚਾਲ ਦਾ ਹਿੱਸਾ ਬਣਦਾ ਜਾ ਰਿਹਾ ਹੈ, ਅਜਿਹਾ ਹੋਣਾ ਨਹੀਂ ਚਾਹੀਦਾ, ਇਹ ਸ਼ਬਦ ਇਸ ਦਸਤਾਵੇਜ਼ੀ ਕਿਤਾਬ ਦੀ ਖ਼ੂਬਸੂਰਤੀ ਨੂੰ ਘਟਾਉਂਦਾ ਹੈ। ਅਜਿਹੇ ਸ਼ਬਦ ਕਿਸੇ ਪਾਤਰ ਦੇ ਮੂੰਹੋਂ ਨਿਕਲੇ ਢੁੱਕਵੇਂ ਜਾਪਦੇ ਹਨ, ਪਰ ਲੇਖਕ ਦੇ ਮੂੰਹੋਂ ਨਿਕਲਣੇ ਆਤਮ ਵਿਸ਼ਲੇਸ਼ਣ ਦੀ ਮੰਗ ਕਰਦੇ ਹਨ।
ਇਹ ਕਿਤਾਬ ਸਾਧਾਰਣ ਪਾਠਕਾਂ ਨੂੰ ਵੀ ਨਾਲ ਤੋਰ ਸਕਣ ਦੇ ਸਮਰੱਥ ਹੈ। ਕ੍ਰਿਸ਼ਨ ਪ੍ਰਤਾਪ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਾਹਿਤ ਦੇ ਖੇਤਰ ਵਿੱਚ ਹੋਰ ਵੀ ਖ਼ੂਬਸੂਰਤ ਰਚਨਾਵਾਂ ਨਾਲ ਯੋਗਦਾਨ ਪਾ ਕੇ ਪੰਜਾਬੀ ਸਾਹਿਤ ਨੂੰ ਅਮੀਰੀ ਬਖਸ਼ੇਗਾ। ਇਹ ਸਿਰਫ਼ ਕਿਤਾਬ ਹੀ ਨਹੀਂ, ਇੱਕ ਦਸਤਾਵੇਜ਼ ਵੀ ਹੈ, ਜਿਸ ਤੋਂ ਸਮਕਾਲ ਦਾ ਅਧਿਐਨ ਕੀਤਾ ਜਾ ਸਕਦਾ ਹੈ।
*****
(1180)