SukhminderBagi7ਆਉਣ ਵਾਲੇ ਸਮੇਂ ਵਿੱਚ ਕਿਤੇ ਅਜਿਹਾ ਨਾ ਹੋਵੇ ਕਿ ...
(1 ਅਪਰੈਲ 2018)

 

ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਰਾਜ ਸੱਤਾ ਦਾ ਅਨੰਦ ਮਾਣ ਰਹੀ ਭਾਰਤੀ ਜਨਤਾ ਪਾਰਟੀ ਨੂੰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਹਰਾਉਣਾ ਕਿਸੇ ਲਈ ਅਚੰਭੇ ਵਾਲੀ ਗੱਲ ਹੋ ਸਕਦੀ ਹੈ। ਪਰ ਸਮਝਦਾਰ ਲੋਕਾਂ ਲਈ ਇਹ ਕੋਈ ਅੱਲੋਕਾਰੀ ਗੱਲ ਨਹੀਂ ਹੈ ਕਿਉਂਕਿ ਵਿਧਾਨ ਸਭਾ ਦੀਆਂ ਹੁਣੇ ਹੋਈਆਂ ਚੋਣਾਂ ਵਿੱਚ ਤ੍ਰਿਪੁਰਾ ਰਾਜ ਵਿੱਚ 25 ਸਾਲਾਂ ਦੇ ਕਾਮਰੇਡੀ ਰਾਜ ਨੂੰ ਹਰਾ ਕੇ ਉੱਥੇ ਭਾਰਤੀ ਜਨਤਾ ਪਾਰਟੀ ਦਾ ਭਗਵਾ ਰਾਜ ਬਣਾਉਣਾ ਕਿਸੇ ਤੋਂ ਵੀ ਲੁਕਿਆ ਛਿਪਿਆ ਨਹੀਂ ਹੋਣਾ ਚਾਹੀਦਾ। ਇਹ ਉਸੇ ਈ.ਵੀ.ਐਮ (Electronic Voting Machine) ਦਾ ਹੀ ਕਮਾਲ ਕਿਹਾ ਜਾ ਸਕਦਾ ਹੈ, ਜਿਸਦੀਆਂ ਪਿਛਲੇ ਸਮੇਂ ਵਿੱਚ ਕਈ ਸਿਆਸੀ ਪਾਰਟੀਆਂ ਨੇ ਚੋਣ ਕਮਿਸ਼ਨ ਕੋਲ ਇਹ ਸ਼ਿਕਾਇਤਾਂ ਕੀਤੀਆਂ ਸਨ ਕਿ ਇਸ ਮਸ਼ੀਨ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਇਸ ਮਸ਼ੀਨ ਨੂੰ ਹੈਕ ਕਰਕੇ ਜਿੱਤਾਂ ਪ੍ਰਾਪਤ ਕਰ ਰਹੀ ਹੈ ਪਰ ਜ਼ਿਮਨੀ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੂੰ ਕੁਝ ਥਾਵਾਂ ’ਤੇ ਇਸੇ ਮਸ਼ੀਨ ਨਾਲ ਜਿੱਤਾਂ ਦਿਵਾ ਕੇ ਭਾਰਤੀ ਜਨਤਾ ਪਾਰਟੀ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਹਨ। ਪਹਿਲਾ ਵਿਰੋਧੀਆਂ ਨੂੰ ਕੁਝ ਥਾਵਾਂ ’ਤੇ ਜਿੱਤਾਂ ਦਿਵਾ ਕੇ ਖੁਸ਼ ਕਰਕੇ ਬੈਂਕ ਘੁਟਾਲਿਆਂ ਤੋਂ ਉਨ੍ਹਾਂ ਦਾ ਧਿਆਨ ਪਾਸੇ ਕਰ ਦਿੱਤਾ ਹੈ ਅਤੇ ਉਹ ਜਿੱਤਾਂ ਦੀ ਖੁਸ਼ੀ ਵਿੱਚ ਖੀਵੇ ਹੋ ਕੇ ਭੰਗੜੇ ਪਾ ਰਹੇ ਹਨ ਅਤੇ ਬੈਂਕ ਘੁਟਾਲੇ ਕਰਨ ਵਾਲੇ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨੂੰ ਭੁੱਲ ਗਏ ਹਨ। ਦੂਜਾ ਉਸਨੇ ਈ.ਵੀ.ਐੱਮ. ਮਸ਼ੀਨ ਨੂੰ ਇਹ ਮਾਨਤਾ ਵੀ ਦਿਵਾ ਦਿੱਤੀ ਹੈ ਕਿ ਇਸ ਮਸ਼ੀਨ ਦੀ ਦੁਰਵਰਤੋ ਨਹੀਂ ਹੋ ਰਹੀ ਅਤੇ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਈ.ਵੀ.ਐਮ ਮਸ਼ੀਨ ਦੀ ਵਰਤੋਂ ਕਰਨ ਲਈ ਵੀ ਖੁੱਲ੍ਹ ਪ੍ਰਾਪਤ ਕਰ ਲਈ ਹੈ। ਇਸੇ ਨੂੰ ਕਿਹਾ ਜਾਂਦਾ ਹੈ ਚਲਾਕ ਲੋਕਾਂ ਦੀ “ਦੂਰ ਅੰਦੇਸ਼ੀ”ਇਸੇ ਦੂਰ ਅੰਦੇਸ਼ੀ ਸੋਚ ਨੂੰ ਵਰਤ ਕੇ ਹੀ ਉਹ ਲੋਕਾਂ ਨੂੰ ਲੁੱਟਦੇ, ਕੁੱਟਦੇ ਅਤੇ ਮੂਰਖ ਬਣਾਉਂਦੇ ਹਨ। ਸਦੀਆਂ ਤੋਂ ਹੀ ਇਹ ਚੱਲਦਾ ਆਇਆ ਹੈ ਤੇ ਇਹੀ ਚੱਲਦਾ ਰਹੇਗਾ। ਜਿਸ ਤਰ੍ਹਾਂ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ।

ਸਾਇੰਸ ਦੀਆਂ ਕਾਢਾਂ ਨੇ ਭਾਵੇਂ ਮਨੁੱਖ ਨੂੰ ਅਨੇਕ ਸੁੱਖ ਸਹੂਲਤਾਂ ਨਾਲ ਲੈਸ ਕਰ ਦਿੱਤਾ ਹੈ ਪਰ ਮਕਾਰ ਅਤੇ ਚਲਾਕ ਲੋਕਾਂ ਨੇ ਇਨ੍ਹਾਂ ਕਾਢਾਂ ਦੀ ਦੁਰਵਰਤੋਂ ਕਰਕੇ ਸਧਾਰਨ ਲੋਕਾਂ ਨੂੰ ਖੂਬ ਲੁੱਟਿਆ ਹੈਹੁਣ ਵੀ ਉਹ ਇਹੀ ਕੁਝ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਕੁਝ ਕਰਦੇ ਰਹਿਣਗੇ, ਜੇਕਰ ਆਪਾਂ ਸੁਚੇਤ ਨਾ ਹੋਏ। ਸਾਇੰਸ ਦੀਆਂ ਕਾਢਾਂ ਵਿੱਚ ਸਭ ਤੋਂ ਪਹਿਲਾਂ ਕੰਪਿਊਟਰ ਦੀ ਗੱਲ ਕਰੀਏ। ਇਸ ਯੰਤਰ ਨਾਲ ਸਭ ਤੋਂ ਵੱਧ ਲੁੱਟ ਕਰਨ ਲਈ ਜੋਤਸ਼ੀਆਂ ਦਾ ਨਾਂ ਪਹਿਲੇ ਨੰਬਰ ’ਤੇ ਆਉਂਦਾ ਹੈ। ਕੰਪਿਊਟਰ ਦੀ ਵਰਤੋਂ ਕਰਕੇ ਜੋਤਸ਼ੀਆਂ ਨੇ ਟੇਵੇ ਤੇ ਜਨਮ ਪੱਤਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਲੋਕ ਇਸਦੇ ਜਾਲ ਵਿੱਚ ਬੜੀ ਆਸਾਨੀ ਨਾਲ ਫਸ ਜਾਂਦੇ ਹਨ ਜਦੋਂ ਕਿ ਸੱਚ ਤਾਂ ਇਹ ਹੈ ਕਿ ਕੰਪਿਊਟਰ ਵਿੱਚ ਜੋ ਵੀ ਫੀਡ ਕੀਤਾ ਜਾਂਦਾ ਹੈ, ਉਹੀ ਕੁਝ ਬਾਹਰ ਆਉਂਦਾ ਹੈ। ਕੰਪਿਊਟਰ ਕੋਈ ਰੱਬੀ ਬਾਣੀ ਭਾਵ ਕਿਸੇ ਵੀ ਮਨੁੱਖ ਦੀ ਕਿਸਮਤ ਬਾਰੇ ਭਵਿੱਖ ਬਾਣੀ ਨਹੀਂ ਕਰ ਸਕਦਾ। ਪਰ ਚਲਾਕ ਜੋਤਸ਼ੀ ਕੰਪਿਊਟਰ ਵਿੱਚ ਅਜਿਹਾ ਸਾਫਟਵੇਅਰ ਪਾ ਦਿੰਦੇ ਹਨ ਕਿ ਸਾਧਾਰਨ ਲੋਕਾਂ ਨੂੰ ਇਹ ਜਚਣ ਲੱਗ ਜਾਂਦਾ ਹੈ ਕਿ ਮੇਰੀ ਕਿਸਮਤ ਵਿੱਚ ਸੱਚਮੁੱਚ ਹੀ ਅਜਿਹਾ ਹੋਣ ਵਾਲਾ ਹੈ ਜੋ ਕੰਪਿਊਟਰ ਵਿੱਚੋਂ ਨਿਕਲਿਆ ਹੈ। ਇਸ ਤਰ੍ਹਾਂ ਚਲਾਕ ਜੋਤਸ਼ੀ ਸਾਇੰਸ ਦੀ ਕਾਢ ਨੂੰ ਅਧਿਆਤਮਵਾਦ ਨਾਲ ਜੋੜ ਕੇ ਸਾਡੇ ਸਾਧਾਰਨ ਲੋਕਾਂ ਨੂੰ ਲੁੱਟਦੇ ਹਨ।

ਤੁਹਾਨੂੰ ਸਾਰਿਆਂ ਨੂੰ ਪੈਟਰੋਲ ਪੰਪਾਂ ਵਾਲਿਆਂ ਵੱਲੋਂ ਪੈਟਰੋਲ ਪਾਉਣ ਸਮੇਂ ਹੁੰਦੀ ਲੁੱਟ ਭੁੱਲੀ ਨਹੀਂ ਹੋਣੀ। ਇੱਕ ਵਿਸ਼ੇਸ਼ ਚਿੱਪ ਦੀ ਮਦਦ ਨਾਲ ਉਹ ਘੱਟ ਤੇਲ ਪਾ ਕੇ ਤੁਹਾਨੂੰ ਯਕੀਨ ਦਿਵਾ ਦਿੰਦੇ ਹਨ ਕਿ ਤੁਹਾਡੇ ਕੋਲੋਂ ਜਿੰਨੇ ਪੈਸੇ ਲਏ ਹਨ, ਉਨ੍ਹਾਂ ਪੈਸਿਆਂ ਦਾ ਪੂਰਾ ਤੇਲ ਤੁਹਾਨੂੰ ਦੇ ਦਿੱਤਾ ਹੈ ਪਰ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਆਈਆਂ ਪੋਸਟਾਂ ’ਤੇ ਅਤੇ ਪੈਟਰੋਲ ਪੰਪਾਂ ’ਤੇ ਪਏ ਵਿਜੀਲੈਂਸ ਦੇ ਛਾਪਿਆਂ ਤੋਂ ਇਹ ਸੱਚ ਸਾਡੇ ਸਭ ਦੇ ਸਾਹਮਣੇ ਆ ਗਿਆ ਹੈ ਕਿ ਇੱਕ ਚਿੱਪ ਦੀ ਵਰਤੋ ਨਾਲ ਉਹ ਸਾਨੂੰ ਕਿਵੇਂ ਲੁੱਟ ਰਹੇ ਹਨ।

ਮਾਦਾ ਭਰੂਣ ਹੱਤਿਆ ਦੀ ਉਦਾਹਰਣ ਤਾਂ ਸਾਡੇ ਸਭ ਦੇ ਸਾਹਮਣੇ ਹੀ ਹੈ ਕਿ ਕਿਵੇਂ ਚਲਾਕ ਡਾਕਟਰਾਂ ਅਤੇ ਅਲਟਰਾਸਾਊਂਡ ਦੇ ਮਾਲਕਾਂ ਨੇ ਹੱਥ ਮਿਲਾ ਕੇ ਕੁਦਰਤ ਨਾਲ ਖਿਲਵਾੜ ਕਰਨਾ ਸ਼ੁਰੂ ਕੀਤਾ ਹੋਇਆ ਹੈ ਅਤੇ ਆਪਣੀਆਂ ਜੇਬਾਂ ਪੈਸਿਆਂ ਨਾਲ਼ ਭਰਨੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਬੱਚੇ ਦਾ ਲਿੰਗ ਮੁੰਡਾ ਹੈ ਜਾਂ ਕੁੜੀ ਦੱਸ ਕੇ ਕਰੋੜਾਂ ਰੁਪਏ ਕਮਾ ਕੇ ਵੱਡੇ ਵੱਡੇ ਆਲੀਸ਼ਾਨ ਹਸਪਤਾਲ ਅਤੇ ਸਕੈਨ ਸੈਂਟਰ ਖੋਲ੍ਹ ਲਏ ਹਨ। ਸਾਇੰਸ ਦੀਆਂ ਖੋਜਾਂ ਨੂੰ ਮਨੁੱਖ ਨੇ ਕਿਵੇਂ ਆਪਣੇ ਸੌੜੇ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਹ ਕਿਸੇ ਦੀ ਨਜ਼ਰ ਤੋਂ ਲੁਕਿਆ ਛਿਪਿਆ ਨਹੀਂ ਹੈ ਫਿਰ ਵੀ ਅਸੀਂ ਬੁੱਧੂ ਬਣਕੇ ਸਭ ਕੁਝ ਵੇਖੀ ਜਾ ਰਹੇ ਹਾਂ ਅਤੇ ਇਸ ਦਾ ਬਿਲਕੁਲ ਵੀ ਵਿਰੋਧ ਨਹੀਂ ਕਰ ਰਹੇ।

ਈ.ਵੀ. ਐਮ. ਨੂੰ ਸੱਚਾ ਸਿੱਧ ਕਰਨ ਲਈ ਵੀ.ਵੀ.ਪੈਟ. ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਇੱਕ ਧੋਖੇ ਤੋਂ ਵੱਧ ਕੁਝ ਵੀ ਨਹੀਂ ਹੈ। ਕਿਉਂਕਿ ਜਿਵੇਂ ਪੈਟਰੌਲ ਪੰਪਾਂ ਵਾਲੇ ਠੱਗੀ ਮਾਰਦੇ ਹਨ, ਇਸੇ ਤਰ੍ਹਾਂ ਹੀ ਵੀ.ਵੀ.ਪੈਟ ਮਸ਼ੀਨਾਂ ਨਾਲ਼ ਵੀ ਠੱਗੀ ਮਾਰੀ ਜਾ ਸਕਦੀ ਹੈ। ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਮਨੁੱਖ ਦੁਆਰਾ ਕੀਤੀਆਂ ਖੋਜਾਂ ਨੂੰ ਚਲਾਕ ਲੋਕ ਆਪਣੇ ਹਿਤ ਵਿਚ ਵਰਤਣ ਲਈ ਕੋਝੀਆਂ ਤੋਂ ਕੋਝੀਆਂ ਚਾਲਾਂ ਚਲਦੇ ਹੀ ਰਹਿੰਦੇ ਹਨ ਸਿਰਫ ਕੁਦਰਤ ਦੇ ਨਿਯਮਾਂ ਵਿਚ ਹੀ ਅਦਲਾ ਬਦਲੀ ਨਹੀਂ ਕੀਤੀ ਜਾ ਸਕਦੀ। ਲੱਖਾਂ ਸਾਲਾਂ ਤੋਂ ਧਰਤੀ ਸੂਰਜ ਅਤੇ ਆਪਣੀ ਧੁਰੀ ਦੁਆਲੇ ਘੁੰਮਦੀ ਹੈ ਅਤੇ ਇਸ ਵਿਚ ਕੋਈ ਵੀ ਅਦਲਾ ਬਦਲੀ ਨਹੀਂ ਹੁੰਦੀ ਜਿਵੇਂ ਕੁਦਰਤ ਦਾ ਨਿਯਮ ਹੈ ਕਿ ਪਾਣੀ ਨਿਵਾਣ ਵੱਲ ਵਹਿੰਦਾ ਹੈ ਪਰ ਮਨੁੱਖ ਨੇ ਟੁੱਲੂ ਪੰਪ ਲਾ ਕੇ ਇਸ ਨੂੰ ਮਨਮਰਜ਼ੀ ਦੇ ਥਾਵਾਂ ’ਤੇ ਲਿਜਾਣ ਦਾ ਬੰਦੋਬਸਤ ਕਰ ਲਿਆ ਹੈ।

ਅੱਜ ਲੋੜ ਇਸ ਗੱਲ ਦੀ ਹੈ ਕਿ ਮਕਾਰ ਲੋਕਾਂ ਦੀਆਂ ਚਲਾਕੀਆਂ ਨੂੰ ਕਿਵੇਂ ਠੱਲ੍ਹ ਪਾਈ ਜਾਵੇ। ਸਾਨੂੰ ਇਸ ਗੱਲ ’ਤੇ ਜ਼ੋਰ ਦੇਣਾ ਪਵੇਗਾ ਕਿ ਚੋਣ ਕਮਿਸ਼ਨ ਦੇ ਤੋਤੇ ਨੂੰ ਭਾਰਤੀ ਜਨਤਾ ਪਾਰਟੀ ਦੇ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਇਕ ਆਜ਼ਾਦ ਸੰਸਥਾ ਕਿਵੇਂ ਬਣਾਇਆ ਜਾਵੇ ਤਾਂ ਕਿ ਚੋਣਾਂ ਨਿਰਪੱਖ ਢੰਗ ਨਾਲ਼ ਅਤੇ ਪਾਰਦਰਸ਼ੀ ਤਰੀਕੇ ਨਾਲ਼ ਕਰਵਾਈਆਂ ਜਾ ਸਕਣ। ਮਾਨਯੋਗ ਉੱਚ ਨਿਆਂ ਪਾਲਿਕਾਂ ਨੂੰ ਅਤੇ ਚੋਣ ਕਮਿਸ਼ਨਰ ਨੂੰ ਵੀ ਬੇਨਤੀ ਕਰਨੀ ਪਵੇਗੀ ਕਿ ਉਹ ਅਜਿਹੇ ਉਮੀਦਵਾਰਾਂ ਨੂੰ ਚੋਣ ਲੜਨ ਦਾ ਹੱਕ ਨਾ ਦੇਣ ਜਿਨ੍ਹਾਂ ’ਤੇ ਕਿਸੇ ਵੀ ਅਦਾਲਤ ਵਿਚ ਕੋਈ ਮੁਕੱਦਮਾ ਚੱਲਦਾ ਹੋਵੇ। ਇਹ ਮੁਕੱਦਮਾ ਭਾਵੇਂ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ। ਅਪਰਾਧੀਆਂ, ਘਪਲੇਬਾਜ਼ਾਂ ਤੇ ਦਲ ਬਦਲੂਆਂ ’ਤੇ ਚੋਣ ਲੜਨ ’ਤੇ ਪੂਰੀ ਪਾਬੰਦੀ ਲਾਉਣੀ ਚਾਹੀਦੀ ਹੈ। ਉਮੀਦਵਾਰ ਸਿਰਫ ਆਪਣੇ ਹਲਕੇ ਵਿਚ ਇਕ ਥਾਂ ਤੋਂ ਹੀ ਚੋਣ ਲੜ ਸਕੇ। ਬੂਥਾਂ ਤੇ ਕਬਜ਼ੇ ਕਰਨ ਵਾਲੀਆਂ ਪਾਰਟੀਆਂ ਦੀ ਮਾਣਤਾ ਰੱਦ ਕਰਕੇ ਪੰਜ ਸਾਲ ਲਈ ਚੋਣ ਲੜਨ ’ਤੇ ਪਾਬੰਦੀ ਲਾਈ ਜਾਵੇ। ਭੰਨ ਤੋੜ ਕਰਨ ਵਾਲਿਆਂ ਨੂੰ ਤੁਰੰਤ ਜੇਲਾਂ ਵਿੱਚ ਡੱਕਿਆ ਜਾਵੇ ਤੇ ਸਖਤ ਸਜਾਵਾਂ ਦਿੱਤੀਆਂ ਜਾਣ। ਲੋਕਤੰਤਰ ਨੂੰ ਲੋਕਤੰਤਰ ਰਹਿਣ ਦਿੱਤਾ ਜਾਵੇ, ਇਸ ਨੂੰ ਗੁੰਡਾਤੰਤਰ ਨਾ ਬਣਾਇਆ ਜਾਵੇ। 50 ਪ੍ਰਤੀਸ਼ਤ ਤੋਂ ਘੱਟ ਪੋਲਿੰਗ ਹੋਣ ’ਤੇ ਪੋਲਿੰਗ ਰੱਦ ਕਰਕੇ ਦੁਬਾਰਾ ਪੋਲਿੰਗ ਕਰਵਾਈ ਜਾਵੇ। ਪੋਲਿੰਗ ਸਾਰੇ ਸੂਬਿਆਂ ਵਿੱਚ ਇਕ ਦਿਨ ਹੀ ਕਰਾਈ ਜਾਵੇ ਅਤੇ ਵੋਟਾਂ ਦੀ ਗਿਣਤੀ ਦੂਜੇ ਤਾਂ ਤੀਜੇ ਦਿਨ ਹੀ ਕਰਕੇ ਨਤੀਜਾ ਕੱਢਿਆ ਜਾਵੇ। ਜਿਸ ਸੂਬੇ ਵਿੱਚ ਭੰਨ ਤੋੜ ਅਤੇ ਬੂਥਾਂ ’ਤੇ ਕਬਜ਼ੇ ਦੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ, ਉਸ ਸੂਬ ਨੂੰ ਬਲੈਕ ਲਿਸਟ ਕਰਕੇ ਉੱਥੇ ਪੰਜ ਸਾਲਾਂ ਲਈ ਰਾਸ਼ਟਰਪਤੀ ਰਾਜ ਲਗਾਇਆ ਜਾਏ। ਚੋਣਾਂ ਸਰਕਾਰੀ ਖਰਚੇ ’ਤੇ ਕਰਾਈਆਂ ਜਾਣ ਅਤੇ ਸਿਰਫ ਟੀ.ਵੀ. ’ਤੇ ਹੀ ਉਮੀਦਾਵਾਰਾਂ ਵੱਲੋਂ ਪ੍ਰਚਾਰ ਕੀਤਾ ਜਾਵੇਭਾਰਤ ਦਾ ਲੋਕਤੰਤਰ, ਜਿਸ ਦੇ ਦੁਨੀਆਂ ਵਿੱਚ ਵਧੀਆ ਲੋਕਤੰਤਰ ਲਈ ਦਮਗਜ਼ੇ ਮਾਰੇ ਜਾ ਰਹੇ ਹਨ ਪਰ ਅਸਲ ਵਿੱਚ ਇਹ ਹੁਣ ਇੱਕ ਜੋਕਤੰਤਰ ਅਤੇ ਗੁੰਡਾਤੰਤਰ ਬਣ ਚੁੱਕਿਆ ਹੈ, ਕਿਉਂਕਿ ਚੋਣ ਕਮਿਸ਼ਨ ਦੀਆਂ ਚੋਰ ਮੋਰੀਆਂ ਰਾਹੀਂ ਸੰਸਦ ਅਤੇ ਵਿਧਾਨਸਭਾਵਾਂ ਵਿੱਚ ਦਿਨੋਂ ਦਿਨ ਭ੍ਰਿਸ਼ਟ, ਘਪਲੇਬਾਜ਼ ਅਤੇ ਅਪਰਾਧੀ ਕਿਸਮ ਦੇ ਸਿਆਸਤਦਾਨ ਕਾਬਜ਼ ਹੋ ਰਹੇ ਹਨਆਉਣ ਵਾਲੇ ਸਮੇਂ ਵਿੱਚ ਕਿਤੇ ਅਜਿਹਾ ਨਾ ਹੋਵੇ ਕਿ “ਇਸ ਘਰ ਕੋ ਆਗ ਲਗੀ, ਇਸੀ ਕੇ ਚਿਰਾਗ ਸੇ” ਵਾਂਗ ਇਹ ਲੋਕਤੰਤਰ ਵੀ ਇੱਕ ਦਿਨ ਸਿਆਸਤਦਾਨਾਂ ਦੀਆਂ ਕੋਝੀਆਂ ਚਾਲਾਂ ਕਾਰਨ ਧਰਤੀ ਵਿਚ ਹੀ ਦਫਨ ਹੋ ਜਾਵੇ। ਸਿਆਸਤਦਾਨਾਂ ਨੂੰ ਅਰਸ਼ ਤੋਂ ਫਰਸ਼ ’ਤੇ ਲਿਆਉਣ ਲਈ ਇਨ੍ਹਾਂ ਨੂੰ ਵੀ ਮੁਲਾਜ਼ਮਾਂ ਵਾਂਗ ਤਨਖਾਹਾਂ ਦਿੱਤੀਆਂ ਜਾਣ ਤੇ ਮੁਲਾਜ਼ਮਾਂ ਵਾਂਗ ਵੀ ਇਨ੍ਹਾਂ ਦਾ ਇਨਕਮ ਟੈਕਸ ਕੱਟਿਆ ਜਾਵੇ ਤਾਂ ਕਿ ਸਿਆਸਤਦਾਨਾਂ ਵੱਲੋਂ ਘਪਲੇ ਘੁਟਾਲੇ ਕਰਕੇ ਬੇਥਾਹ ਦੌਲਤ ਇਕੱਠੀ ਕਰਨ ਤੋਂ ਰੋਕਿਆ ਜਾ ਸਕੇ ਅਤੇ ਘਪਲੇ ਘੁਟਾਲਿਆਂ ਨੂੰ ਬੰਦ ਕੀਤਾ ਜਾ ਸਕੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਈ.ਵੀ.ਐੱਮ. ਮਸ਼ੀਨ ਵਿਚ ਚਿੱਪ ਲਾ ਕੇ ਠੱਗੀ ਨਹੀਂ ਮਾਰੀ ਜਾ ਸਕਦੀ ਤਾਂ ਫਿਰ ਇਸ ਮਸ਼ੀਨ ਨੂੰ 120 ਦੇਸ਼ਾਂ ਵਿਚ ਬੈਨ ਕਿਉਂ ਕੀਤਾ ਹੋਇਆ ਹੈ। ਸੁਣਨ ਵਿੱਚ ਤਾਂ ਇਹ ਵੀ ਆਇਆ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਗਲਤੀ ਨਾਲ ਚਿੱਪ ਵਿੱਚ ਗਲਤ ਕੋਡ ਫਿੱਟ ਕਰ ਦਿੱਤਾ ਸੀ ਤਾਂ ਹੀ ਉੱਥੇ ਆਮ ਆਦਮੀ ਪਾਰਟੀ ਨੂੰ ਤਾਬੜ ਤੋੜ ਜਿੱਤ ਪ੍ਰਾਪਤ ਹੋ ਗਈ ਸੀ। ਅਖੀਰ ਵਿਚ ਸਾਨੂੰ ਸਾਰਿਆਂ ਨੂੰ ਈ.ਵੀ. ਐੱਮ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਮੰਗ ਕਰਨੀ ਚਾਹੀਦੀ ਹੈ ਕਿ ਬੈਲਟ ਪੇਪਰ ਰਾਹੀਂ ਹੀ ਵੋਟਾਂ ਪਵਾਈਆਂ ਜਾਣ। ਮੇਰਾ ਤਾਂ ਇਹੀ ਕਹਿਣਾ ਹੈ ਕਿ ਈ.ਵੀ.ਐੱਮ. ਸੇ ਬਚ ਕੇ ਰਹਿਨਾ ਬਾਬਾ।*

**

ਇਕ ਕਵਿਤਾ:

ਇਨਸਾਨੀਅਤ

ਮੰਦਰ ਮਸਜਿਦ ਦੇ ਛੱਡ ਕੇ ਝੇੜੇ, ਇੱਕ ਦੂਜੇ ਨੂੰ ਗਲੇ ਲਗਾਈਏ।
ਧਰਮ ਕਰਮ ਨੂੰ ਪਾਸੇ ਕਰਕੇ, ਸਾਂਝਾਂ ਪਿਆਰ ਦੀਆਂ ਸਭ ਪਾਈਏ।

ਹੱਸਦੇ ਮੁੱਖੜੇ ਤੇ ਬੋਲ ਕੁਬੋਲ ਨਾ ਸਜਦੇ, ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਸਮਝਾਈਏ।
ਮੰਦਰ ਮਸਜਿਦ ਦੇ ਝਗੜੇ ਅੰਦਰ, ਜਿਊਂਦਿਆਂ ਦੀਆਂ ਨਾ ਲਾਸ਼ਾਂ ਬਣਾਈਏ।

ਰਾਮ, ਅੱਲਾ ਦੀ ਜੇ ਕਰਨੀ ਪੂਜਾ, ਮਨ ਅੰਦਰ ਹੀ ਮੰਦਰ, ਮਸਜਿਦ ਬਣਾਈਏ।
ਧਰਮ ਦੇ ਨਾਂ ’ਤੇ ਨਾ ਕਰੀਏ ਦੰਗੇ, ਰਲ਼ ਮਿਲ਼ ਭਾਰਤ ਖੁਸ਼ਹਾਲ ਬਣਾਈਏ।

ਨਾਨਕ ਦੱਸਿਆ ਹਰ ਥਾਂ ਅੱਲਾ, ਮਨ ਹੀ ਮਨ ’ਚ ਉਹਨੂੰ ਧਿਆਈਏ।
ਮਨੁੱਖਤਾ ਦੀ ਜੇ ਕਰਨੀ ਸੇਵਾ, ਝਗੜੇ ਵਾਲੀ ਥਾਂ ਹਸਪਤਾਲ ਬਣਾਈਏ।
ਬਾਗ਼ੀ ਆਖੇ ਰਲ਼ ਮਿਲ਼ ਸੋਚੋ, ‘ਇਨਸਾਨੀਅਤ’ ਆਪਾਂ ਕਿਵੇਂ ਬਚਾਈਏ।

*****

(1090)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author