“ਐਕਸੀਡੈਂਟ ਦਾ ਖੜਕਾ ਸੁਣ ਕੇ ਜਦੋਂ ਕੋਲ ਪਹੁੰਚੇ ਤਾਂ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਗੁਰਪ੍ਰੀਤ ...”
(4 ਜੂਨ 2025)
ਬੀਤੀ 14 ਮਾਰਚ ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਵੀ ਰੰਗ ਬਰੰਗੇ ਗੁਲਾਲਾਂ ਵਿੱਚ ਰੰਗੇ ਨਜ਼ਰ ਆਏ। ਖ਼ੁਸ਼ੀਆਂ ਦਾ ਇਹ ਤਿਉਹਾਰ ਕੁਝ ਥਾਂਵਾਂ ’ਤੇ ਮਾਤਮ ਵੀ ਬਣਿਆ। ਕੋਈ ਵੀ ਤਿਉਹਾਰ ਆਉਣ ’ਤੇ ਉਸ ਦਿਨ ਜੂਆ ਖੇਡਣਾ ਅਤੇ ਸ਼ਰਾਬ ਪੀਣਾ ਅਸੀਂ ਆਪਣੀਂ ਫ਼ਖਰ ਸਮਝਦੇ ਹਾਂ ਪ੍ਰੰਤੂ ਇਹ ਉਹ ਸ਼ੌਕ ਹਨ, ਜਿਨ੍ਹਾਂ ਦੀ ਸ਼ੁਰੂਆਤ ਕਰਨਾ ਆਸਾਨ ਹੁੰਦਾ ਹੈ ਪ੍ਰੰਤੂ ਖ਼ਤਮ ਕਰਨਾ ਬਹੁਤ ਔਖਾ। ਇਨ੍ਹਾਂ ਰਾਹਾਂ ’ਤੇ ਚੱਲਣਾ ਆਸਾਨ ਹੈ ਪ੍ਰੰਤੂ ਵਾਪਸੀ ਬਹੁਤ ਔਖੀ ਹੈ। ਹੋਲੀ ਵਾਲੇ ਦਿਨ ਛੁੱਟੀ ਹੋਣ ਕਰਕੇ ਮੈਂ ਆਪਣੇ ਘਰ ਦੇ ਨਿੱਕੇ ਮੋਟੇ ਕੰਮਾਂ ਵਿੱਚ ਰੁੱਝਿਆ ਹੋਇਆ ਸੀ। ਬੱਚੇ, ਖ਼ਾਸ ਕਰਕੇ ਅੱਲੜ੍ਹ ਉਮਰ ਦੇ ਨੌਜਵਾਨ ਸਵੇਰ ਤੋਂ ਹੋਲੀ ਖੇਡਣ ਵਿੱਚ ਮਸਰੂਫ ਸਨ। ਪ੍ਰੰਤੂ ਇਹ ਖੁਸ਼ੀਆਂ ਜ਼ਿਆਦਾ ਸਮਾਂ ਨਾ ਟਿਕ ਸਕੀਆਂ। ਸਾਡੇ ਗੁਆਂਢ ਵਿੱਚ ਰਹਿੰਦਾ ਸੋਲ੍ਹਾਂ ਸਾਲ ਦਾ ਗੁਰਪ੍ਰੀਤ ਪਲਾਂ ਵਿੱਚ ਹੀ ਹੋਲੀ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਕੇ ਇਸ ਫ਼ਾਨੀ ਦੁਨੀਆਂ ਤੋਂ ਸਦਾ ਸਦਾ ਲਈ ਰੁਖ਼ਸਤ ਹੋ ਗਿਆ। ਗੁਰਪ੍ਰੀਤ ਦੇ ਇਸ ਫ਼ਾਨੀ ਦੁਨੀਆਂ ਤੋਂ ਚਲੇ ਜਾਣ ਦਾ ਕਾਰਨ ਗ਼ਲਤੀ ਸੀ, ਪ੍ਰੰਤੂ ਹੁਣ ਗ਼ਲਤੀ ਨੂੰ ਗਲਤੀ ਕਹੇ ਕੌਣ?
ਹੋਲੀ ਵਾਲੇ ਦਿਨ ਗੁਰਪ੍ਰੀਤ ਸਵੇਰ ਤੋਂ ਹੀ ਆਪਣੇ ਤਿੰਨ ਸਾਥੀਆਂ ਰੁਪਿੰਦਰ, ਸ਼ਵਿੰਦਰ ਅਤੇ ਅਨਮੋਲ ਨਾਲ ਤੇਜ਼ ਬੁਲੇਟ ਮੋਟਰਸਾਈਕਲ ਚਲਾਉਂਦਾ ਹੋਇਆ ਹੁੱਲੜ੍ਹਬਾਜ਼ੀ ਕਰ ਰਿਹਾ ਸੀ। ਤੇਜ਼ ਚਲਦੇ ਬੁਲੇਟ ਮੋਟਰਸਾਈਕਲ ਦੇ ਪੈ ਰਹੇ ਪਟਾਕੇ ਕੰਨਾਂ ਵਿੱਚ ਇੰਝ ਵੱਜਦੇ ਸਨ ਜਿਵੇਂ ਕਿਤੇ ਮੋਟਰਸਾਈਕਲ ਦਾ ਟਾਇਰ ਫ਼ਟ ਗਿਆ ਹੋਵੇ। ਮੋੜ ਉੱਤੇ ਬੈਠੇ ਬੰਦਿਆਂ ਨੇ ਇੱਕ ਦੋ ਵਾਰ ਗੁਰਪ੍ਰੀਤ ਨੂੰ ਵਰਜਿਆ ਪ੍ਰੰਤੂ ਉਸ ਨੇ ਇੱਕ ਨਾ ਸੁਣੀਂ। ਉਸਦੀ ਮਾਂ ਨੇ ਵੀ ਕਿਹਾ ਕਿ ਪੁੱਤ ਤੇਰੇ ਪੱਕੇ ਪੇਪਰ ਚਲਦੇ ਪਏ ਨੇ, ਤੂੰ ਪੜ੍ਹ ਲੈ। ਪਰ ਗੁਰਪ੍ਰੀਤ ਨੇ ਮਾਂ ਦੀ ਵੀ ਇੱਕ ਨਾ ਸੁਣੀ।
ਸ਼ਾਮੀਂ ਜਦੋਂ ਗੁਰਪ੍ਰੀਤ ਸ਼ਵਿੰਦਰ, ਰੁਪਿੰਦਰ ਅਤੇ ਅਨਮੋਲ ਨੂੰ ਉਹਨਾਂ ਦੇ ਘਰ ਛੱਡ ਕੇ ਮੁੜ ਰਿਹਾ ਸੀ ਤਾਂ ਕਾਰ ਨੂੰ ਓਵਰਟੇਕ ਕਰਦੇ ਹੋਏ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਸਾਹਮਣਿਓਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਲੋਕ ਐਕਸੀਡੈਂਟ ਦਾ ਖੜਕਾ ਸੁਣ ਕੇ ਜਦੋਂ ਕੋਲ ਪਹੁੰਚੇ ਤਾਂ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਗੁਰਪ੍ਰੀਤ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਚੁੱਕਿਆ ਸੀ। ਗੁਰਪ੍ਰੀਤ ਦਾ ਪਿਤਾ ਤਾਂ ਸਵੇਰ ਦਾ ਕੰਮ ’ਤੇ ਗਿਆ ਅਜੇ ਕੰਮ ਤੋਂ ਨਹੀਂ ਸੀ ਪਰਤਿਆ, ਗੁਰਪ੍ਰੀਤ ਦੀ ਮਾਤਾ ਦੇ ਹੰਝੂ ਦੇਖੇ ਨਹੀਂ ਸੀ ਜਾ ਰਹੇ। ਹਰ ਕੋਈ ਹੈਰਾਨ ਸੀ ਕਿ ਇਹ ਕੀ ਹੋ ਗਿਆ। ਸ਼ਾਮੀਂ ਜਦੋਂ ਗੁਰਪ੍ਰੀਤ ਦਾ ਪਿਤਾ ਘਰ ਆਇਆ ਤਾਂ ਉਹ ਵੀ ਗਸ਼ ਖਾ ਕੇ ਡਿਗ ਪਿਆ। ਪਲਾਂ ਵਿੱਚ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਸਵੇਰ ਦਾ ਹੱਸਦਾ ਖੇਡਦਾ ਗੁਰਪ੍ਰੀਤ ਹੁਣ ਸਿਰਫ਼ ਇੱਕ ਮਿੱਟੀ ਦੀ ਢੇਰੀ ਬਣ ਗਿਆ ਸੀ। ਲੋਕ ਗੁਰਪ੍ਰੀਤ ਦੀ ਮਾਤਾ ਅਤੇ ਪਿਤਾ ਨੂੰ ਵਾਹਿਗੁਰੂ ਦਾ ਭਾਣਾ ਮੰਨਣ ਲਈ ਕਹਿੰਦੇ। ਪਤਾ ਸਾਰਿਆਂ ਨੂੰ ਸੀ ਕਿ ਇਹ ਇੱਕ ਅਣਗਹਿਲੀ ਕਰਕੇ ਹਾਦਸਾ ਵਾਪਰਿਆ ਹੈ, ਜੋ ਕਿਸੇ ਨਾਲ ਵੀ ਵਾਪਰ ਸਕਦਾ ਹੈ ਪ੍ਰੰਤੂ ਅਜਿਹੇ ਮੌਕੇ ’ਤੇ ਕੌੜਾ ਸੱਚ ਬੋਲਣ ਤੋਂ ਹਰ ਕੋਈ ਝਿਜਕਦਾ ਹੈ। ਕਿਸੇ ਦੇ ਸਾਹਮਣੇ ਤਾਂ ਨਹੀਂ ਪਰ ਅੰਦਰੋਂ ਅੰਦਰੀ ਇਹ ਸਾਰੇ ਮੰਨ ਰਹੇ ਸਨ ਕਿ ਹੁੱਲੜ੍ਹਬਾਜ਼ੀ ਦਾ ਅੰਤ ਇਹੀ ਹੁੰਦਾ ਹੈ। ਘਟਨਾ ਮੰਦਭਾਗੀ ਸੀ ਪ੍ਰੰਤੂ ਇਸ ਨੂੰ ਟਾਲਿਆ ਵੀ ਜਾ ਸਕਦਾ ਸੀ। ਤੇਜ਼ ਵਾਹਨ ਚਲਾਉਣ ਲਈ ਸਾਨੂੰ ਪਰਮਾਤਮਾ ਨਹੀਂ ਕਹਿੰਦਾ, ਉਹ ਅਸੀਂ ਆਪਣੀ ਮਰਜ਼ੀ ਨਾਲ ਚਲਾਉਂਦੇ ਹਾਂ। ਓਵਰਟੇਕਿੰਗ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ। ਸੜਕ ਸਰੁੱਖਿਆ ਨਿਯਮਾਂ ਨੂੰ ਛਿੱਕੇ ਟੰਗ ਕੇ ਵਾਹਨ ਚਲਾਉਂਦੇ ਹਾਂ। ਨਸ਼ਾ ਕਰਕੇ ਵਾਹਨ ਚਲਾਉਣ ਤੋਂ ਅਸੀਂ ਨਹੀਂ ਡਰਦੇ। ਚਲਾਣ ਤੋਂ ਬਚਣ ਲਈ ਮੰਤਰੀ ਸੰਤਰੀ ਨੂੰ ਜੇਬ ਵਿੱਚ ਰੱਖਣ ਦੀਆਂ ਗੱਲਾਂ ਕਰਦੇ ਹਾਂ ਤਾਂ ਫਿਰ ਅਜਿਹੀਆਂ ਘਟਨਾਵਾਂ ਜਦੋਂ ਵਾਪਰਦੀਆਂ ਹਨ ਤਾਂ ਅਸੀਂ ਵਾਹਿਗੁਰੂ ਦਾ ਭਾਣਾ ਮੰਨਣ ਲਈ ਕਹਿੰਦੇ ਹਾਂ। ਵਾਹਿਗੁਰੂ ਨੇ ਸਾਨੂੰ ਇਹ ਅਨਮੋਲ ਜ਼ਿੰਦਗੀ ਦਿੱਤੀ ਹੈ, ਬੁੱਧੀ ਬਖਸ਼ੀ ਹੈ। ਧਰਤੀ ’ਤੇ ਰਹਿਣ ਵਾਲੇ ਜੀਵ ਜੰਤੂਆਂ ਵਿੱਚੋਂ ਮਨੁੱਖ ਨੇ ਲੰਮੇ ਵਿਕਾਸ ਦਾ ਪੈਂਡਾ ਤੈਅ ਕਰਕੇ ਜੰਗਲਾਂ ਤੋਂ ਨਿਕਲ ਕੇ ਅਜੋਕੇ ਸਮੇਂ ਵਿੱਚ ਪਹੁੰਚਿਆ ਹੈ। ਅਸੀਂ ਆਪਣੀ ਬੁੱਧੀ ਕਿਉਂ ਨਹੀਂ ਵਰਤਦੇ? ਜੋ ਗੁਰਪ੍ਰੀਤ ਨਾਲ ਹੋਇਆ, ਉਹ ਕਿਸੇ ਹੋਰ ਨਾਲ ਨਾ ਹੋਵੇ, ਇਸ ਗੱਲ ’ਤੇ ਚਿੰਤਨ ਕਰਨਾ ਚਾਹੀਦਾ ਹੈ। ਗੁਰਪ੍ਰੀਤ ਨੇ ਵਾਪਸ ਨਹੀਂ ਆਉਣਾ ਪ੍ਰੰਤੂ ਭਵਿੱਖ ਵਿੱਚ ਕੋਈ ਹੋਰ ਗੁਰਪ੍ਰੀਤ ਆਪਣੇ ਮਾਤਾ ਪਿਤਾ ਕੋਲੋਂ ਨਾ ਵਿਛੜੇ, ਇਸ ਬਾਰੇ ਸੋਚ ਵਿਚਾਰ ਕਰਨੀ ਚਾਹੀਦੀ ਹੈ। ਮਾਤਾ ਪਿਤਾ ਵੱਲੋਂ ਬੱਚੇ ਨੂੰ ਦਿੱਤੀ ਖੁੱਲ੍ਹ ਬੱਚੇ ਨੂੰ ਵਿਗਾੜਦੀ ਹੈ। ਸੋਲਾਂ ਸਾਲਾਂ ਦੇ ਗੁਰਪ੍ਰੀਤ ਨੇ ਘਰਦਿਆਂ ਨਾਲ ਲੜ ਕੇ ਆੜ੍ਹਤੀਆਂ ਤੋਂ ਦੋ ਰੁਪਏ ਸੈਂਕੜੇ ਦੇ ਹਿਸਾਬ ਨਾਲ ਕਰਜ਼ਾ ਲੈ ਕੇ ਬੁਲੇਟ ਲਿਆ ਸੀ। ਦੇਖਾ ਦੇਖੀ ਵਿੱਚ ਸ਼ੌਕ ਨੂੰ ਲਿਆ ਬੁਲੇਟ ਉਸਦੀ ਜ਼ਿੰਦਗੀ ਹੀ ਨਿਗਲ ਗਿਆ। ਅਜੋਕਾ ਨੌਜਵਾਨ ਸੋਸ਼ਲ ਮੀਡੀਏ ਦੀ ਵਧੇਰੇ ਵਰਤੋਂ ਕਰਕੇ ਬਹੁਤ ਜਲਦ ਕੁਰਾਹੇ ਪੈ ਜਾਂਦਾ ਹੈ।
ਸਿਆਣੇ ਕਹਿੰਦੇ ਹਨ ਕਿ ਖਰਬੂਜੇ ਨੂੰ ਦੇਖ ਕੇ ਖ਼ਰਬੂਜਾ ਰੰਗ ਫੜਦਾ ਹੈ। ਜਿਹੋ ਜਿਹੇ ਅਸੀਂ ਹੋਵਾਂਗੇ, ਉਹੋ ਜਿਹੇ ਹੀ ਸਾਡੇ ਬੱਚੇ ਬਣਨਗੇ। ਬੱਚਿਆਂ ਦੇ ਸਾਹਮਣੇ ਨਸ਼ੇ ਕਰੋਂਗੇ ਤਾਂ ਬੱਚੇ ਵੀ ਕੱਲ੍ਹ ਨੂੰ ਨਸ਼ੇ ਕਰਨਗਾ। ਬੱਚੇ ਦਾ ਮਨ ਤਾਂ ਕੋਰਾ ਕਾਗਜ਼ ਹੁੰਦਾ ਹੈ, ਉਸ ’ਤੇ ਕੀ ਲਿਖਣਾ ਹੈ, ਇਹ ਸਾਨੂੰ ਹੀ ਸੋਚਣਾ ਪਵੇਗਾ। ਅਜੋਕੇ ਸਮੇਂ ਸੋਸ਼ਲ ਮੀਡੀਏ ਦੇ ਯੁਗ ਵਿੱਚ ਸਾਰਾ ਦਿਨ ਅਸੀਂ ਮੋਬਾਇਲ ’ਤੇ ਰੀਲਾਂ ਬਣਾ ਕੇ ਲਾਈਕ ਬਟੋਰਨ ਵਿੱਚ ਰੁੱਝੇ ਰਹਿੰਦੇ ਹਾਂ। ਸਾਨੂੰ ਦੇਖ ਕੇ ਸਾਡੇ ਬੱਚੇ ਇਹ ਸਭ ਸਿੱਖਦੇ ਹਨ। ਜੇਕਰ ਅਸੀਂ ਪੜ੍ਹਨ ਦੀ ਆਦਤ ਪਾਈਏ, ਕਦੇ ਕਿਤਾਬ ਲੈ ਕੇ ਉਸਦੇ ਵਰਕੇ ਹੀ ਫ਼ਰੋਲ ਕੇ ਦੇਖ ਲਈਏ, ਹੋ ਸਕਦਾ ਹੈ ਸਾਨੂੰ ਦੇਖ ਕੇ ਸਾਡਾ ਬੱਚਾ ਵੀ ਕਿਤਾਬ ਚੁੱਕਣ ਦੀ ਕੋਸ਼ਿਸ਼ ਕਰੇ। ਕਿਤਾਬਾਂ ਕੇਵਲ ਨੌਕਰੀ ਪ੍ਰਾਪਤ ਕਰਨ ਦਾ ਜ਼ਰੀਆ ਨਹੀਂ, ਜ਼ਿੰਦਗੀ ਜਿਊਣ ਦਾ ਸਲੀਕਾ ਵੀ ਸਿਖਾਉਂਦੀਆਂ ਹਨ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਸਮੇਂ ਦਾ ਸਦ ਉਪਯੋਗ ਕਰਕੇ ਇਸ ਸ਼ੈਤਾਨ ਨੂੰ ਮਾਰਿਆ ਜਾ ਸਕਦਾ ਹੈ। ਮਹਾਤਮਾ ਗਾਂਧੀ ਜੀ ਕਹਿੰਦੇ ਹਨ ਕਿ ਜੋ ਬਦਲਾਅ ਅਸੀਂ ਦੂਜਿਆਂ ਵਿੱਚ ਲਿਆਉਣਾ ਚਾਹੁੰਦੇ ਹਾਂ, ਉਹ ਪਹਿਲਾਂ ਖ਼ੁਦ ਵਿੱਚ ਲਿਆਉਣਾ ਹੋਵੇਗਾ। ਸੁਧਾਰ ਘਰ ਤੋਂ, ਆਪਣੇ ਆਪ ਤੋਂ ਸ਼ੁਰੂ ਕਰਨਾ ਹੋਵੇਗਾ। ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਲਈ ਪਹਿਲਾਂ ਸਾਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਹੋਵੇਗਾ। ਜੇਕਰ ਅਸੀਂ ਆਪ ਸੁਧਰ ਗਏ, ਤਾਂ ਹੋ ਸਕਦਾ ਫਿਰ ਸ਼ਾਇਦ ਸਾਡੇ ਬੱਚੇ ਵੀ ਸੁਧਰ ਜਾਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)