“ਜ਼ਲੈਂਸਕੀ ਨੇ ਯੁਕਰੇਨ ਦੇ ਲੋਕਾਂ ਦੇ ਹਿਤਾਂ ਦੀ ਰਾਖੀ ਕੀਤੀ। ਰਾਸ਼ਟਰਪਤੀ ਇਸ ਗੱਲ ’ਤੇ ...”
(3 ਮਾਰਚ 2025)
ਅਮਰੀਕਾ ਦੇ ਟਰੰਪ ਅਤੇ ਯੁਕਰੇਨ ਦੇ ਜ਼ਲੈਂਸਕੀ ਦੀ ਬਹਿਸ ਸਭ ਨੇ ਦੇਖੀ ਹੋਏਗੀ। ਟਰੰਪ ਦੇ ਦਬਾਅ ਪਾਉਣ ਤੋਂ ਬਾਅਦ ਵੀ ਰਸ਼ੀਆ ਦੇ ਸਾਹਮਣੇ ਝੁਕਣ ਅਤੇ ਰਸ਼ੀਆ ਨਾਲ ਕੋਈ ਸਮਝੌਤਾ ਕਰਨ ਤੋਂ ਠੋਕ ਕੇ ਜ਼ਲੈਂਸਕੀ ਨੇ ਮੂੰਹ ’ਤੇ ਜਵਾਬ ਦਿੱਤਾ ਤੇ ਕਿਹਾ, ਅਸੀਂ ਆਪਣੇ ਦੇਸ਼ ਦੇ ਨਾਲ ਹੋ ਰਹੇ ਧੱਕੇ ਖਿਲਾਫ ਆਖਰੀ ਸਾਹ ਤਕ ਲੜਾਂਗੇ ਵਾਈਟ ਹਾਊਸ ਵਿੱਚ ਜ਼ਲੈਂਸਕੀ ਅਤੇ ਟਰੰਪ ਦਰਮਿਆਨ ਹੋਈ ਮੀਟਿੰਗ ਵਿੱਚ ਕੰਮ ਗਰਮੋ ਗਰਮੀ ਅਤੇ ਇੱਕ ਦੂਜੇ ਨਾਲ ਉੱਚੀ ਬੋਲਣ ਤਕ ਪਹੁੰਚ ਗਿਆ। ਮੀਟਿੰਗ ਦੌਰਾਨ ਟਰੰਪ ਨੇ ਜ਼ਲੈਂਸਕੀ ਨੂੰ ਕਿਹਾ ਕਿ ਜਾਂ ਸਾਡੀ ਡੀਲ ਮੰਨ ਲੈ ਜਾਂ ਅਸੀਂ ਬਾਹਰ ਹਾਂ। ਜ਼ਲੈਂਸਕੀ ਨੇ ਅੱਗੋਂ ਕਿਹਾ ਕੇ ਇਹ ਕਿਸ ਤਰ੍ਹਾਂ ਦੀ ਡੀਲ ਹੈ? ਅਸੀਂ ਇਸ ਨੂੰ ਨਹੀਂ ਮੰਨਦੇ। ਇਸ ਤੋਂ ਬਾਅਦ ਟਰੰਪ ਨੇ ਜ਼ਲੈਂਸਕੀ ਨੂੰ ਆਪਣੇ ਦੇਸ਼ ਵੱਲੋਂ ਕੀਤੇ ਅਹਿਸਾਨ ਗਿਣਾਉਣੇ ਸ਼ੁਰੂ ਕਰ ਦਿੱਤੇ ਤੇ ਸਾਰੀ ਲੜਾਈ ਦਾ ਦੋਸ਼ੀ ਉਸ ਨੂੰ ਕਹਿ ਦਿੱਤਾ। ਟਰੰਪ ਨੇ ਮੀਡੀਆ ਸਾਹਮਣੇ ਗੁੱਸੇ ਹੁੰਦੇ ਕਿਹਾ, “ਤੂੰ ਲੱਖਾਂ ਬੰਦਾ ਮਰਵਾ ਦਿੱਤੇ। ਅਸੀਂ ਤੈਨੂੰ 350 ਬਿਲੀਅਨ ਡਾਲਰ ਦਿੱਤੇ, ਸੰਦ ਦਿੱਤੇ। ਤੇਰੇ ਕਰਕੇ ਲੜਾਈ ਲੱਗੀ ਹੈ। ਜੇ ਅਸੀਂ ਨਾ ਹੁੰਦੇ ਤਾਂ ਤੁਸੀਂ ਦੋਂਹ ਹਫ਼ਤਿਆਂ ਵਿੱਚ ਢੇਰੀ ਹੋ ਜਾਣਾ ਸੀ।”
ਇਸ ਨੂੰ ਭਾਵੇਂ ਚੱਕੀ ਹੋਈ ਲੰਬੜਾਂ ਦੀ ਠਾਣੇਦਾਰ ਦੇ ਬਰਾਬਰ ਬੋਲੇ ਕਹਿ ਲਵੋ ਜਾ ਫਿਰ ਬੇਗੈਰਤ ਹੋ ਕੇ ਜਿਊਣ ਨਾਲੋਂ ਮਰਨਾ ਹੀ ਚੰਗਾ ਸਮਝ ਕੇ ਕਹਿ ਲਵੋ, ਜ਼ਲੈਂਸਕੀ ਕੋਲ ਗਵਾਉਣ ਲਈ ਕੁਝ ਨਹੀਂ ਰਿਹਾ … ਇੱਕ ਪਾਸੇ ਖੂਹ ਦੂਜੇ ਪਾਸੇ ਖਾਤਾ, ਜ਼ਲੈਂਸਕੀ ਨੇ ਟਰੰਪ ਨੂੰ ਪੁਤਿਨ ਦੀ ਬੋਲੀ ਬੋਲਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਅਸੀਂ ਪਹਿਲਾ ਵੀ ਸੁਣਿਆ ਕਿਸੇ ਕੋਲੋਂ ਕਿ ਅਸੀਂ ਦੋ ਦਿਨਾਂ ਵਿੱਚ ਖ਼ਤਮ ਹੋ ਜਾਵਾਂਗੇ। ਜ਼ਲੈਂਸਕੀ ਨੇ ਮੋੜਵਾਂ ਜਵਾਬ ਦਿੱਤਾ, “ਮੈਂ ਕੋਈ ਸਹਾਇਤਾ ਨਹੀਂ ਲਈ, ਰਾਸ਼ਟਰਪਤੀ ਬਡਾਇਨ ਨੇ ਸਹਾਇਤਾ ਕੀਤੀ ਤੇ ਨਾਟੋ ਦਾ ਮੈਂਬਰ ਬਣਾਉਣ ਲਈ ਵਾਅਦਾ ਕੀਤਾ ਸੀ। ਅੱਜ ਤੁਸੀਂ ਪੁਤਿਨ ਦੀ ਬੋਲੀ ਬੋਲ ਰਹੇ ਹੋ। ਰੂਸ ਨੇ ਇਸ ਲਈ ਹਮਲਾ ਕੀਤਾ ਕਿ ਉਸ ਨੂੰ ਨਾਟੋ ਨਾਲ ਕਦੇ ਸਮਝੌਤਾ ਕਰਨਾ ਪ੍ਰਵਾਨ ਨਹੀਂ ਹੈ। ਹੁਣ ਤੁਸੀਂ ਸੁਰੱਖਿਆ ਦੇਣ ਤੋਂ ਹੱਥ ਪਿੱਛੇ ਖਿੱਚ ਰਹੇ ਹੋ।”
ਜ਼ਲੈਂਸਕੀ ਨੇ ਦੇਸ਼ ਦੇ ਮਾਣ ਅਤੇ ਹਿਤਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਯੁਕਰੇਨ ਦੇ ਲੋਕ ਉਸ ਦੇ ਸਮਰਥਨ ਵਿੱਚ ਆ ਗਏ ਹਨ। ਯੁਕਰੇਨ ਦੇ ਲੋਕ ਵਾਸ਼ਿੰਗਟਨ ਵਿੱਚ ਆਪਣੇ ਰਾਸ਼ਟਰਪਤੀ ਦੇ ਰਵਈਏ ਨਾਲ ਸਹਿਮਤ ਹਨ ਕਿਉਂਕਿ ਉਹ ਸ਼ੇਰ ਵਾਂਗ ਲੜੇ ਹਨ। ਜ਼ਲੈਂਸਕੀ ਅਤੇ ਟਰੰਪ ਵਿਚਾਲੇ ਬਹੁਤ ਤਿੱਖੀ ਬਹਿਸ ਹੋਈ। ਜ਼ਲੈਂਸਕੀ ਨੇ ਯੁਕਰੇਨ ਦੇ ਲੋਕਾਂ ਦੇ ਹਿਤਾਂ ਦੀ ਰਾਖੀ ਕੀਤੀ। ਰਾਸ਼ਟਰਪਤੀ ਇਸ ਗੱਲ ’ਤੇ ਅੜੇ ਹੋਏ ਸਨ ਭਵਿੱਖ ਵਿੱਚ ਰੂਸੀ ਹਮਲੇ ਵਿਰੁੱਧ ਯੁਕਰੇਨ ਦੀ ਸੁਰੱਖਿਆ ਦੇ ਭਰੋਸੇ ਤੋਂ ਬਿਨਾਂ ਕੋਈ ਸਮਝੌਤਾ ਨਹੀਂ ਹੋ ਸਕਦਾ। ਅਸੀਂ ਸੁਰੱਖਿਆ ਦੀ ਗਰੰਟੀ ਚਾਹੁੰਦੇ ਹਾਂ, ਅਸੀਂ ਲੋਕਤੰਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਸ਼ਟਰਪਤੀ ਟਰੰਪ ਅਮਰੀਕੀ ਆਰਥਿਕ ਹਿਤਾਂ ਲਈ ਯੁੱਧਬੰਦੀ ਦੇ ਨਾਉਂ ਹੇਠ ਆਪਣਾ ਹੱਥ ਉੱਤੇ ਕਰਨਾ ਚਾਹੁੰਦੇ ਹਨ। ਨਾਟੋ ਦੇਸ਼ਾਂ ਦਾ ਯੁੱਧਨੀਤਕ ਖਰਚਾ ਉਠਾਉਣ ਦੀ ਥਾਂ ਰੂਸ ਨਾਲ ਵਕਤੀ ਸੁਲ੍ਹਾ ਸਫਾਈ ਕਰਕੇ ਜ਼ਲੈਂਸਕੀ ਕੋਲੋਂ ਇਕੱਲੇ ਹੀ ਖਣਿਜ ਪਦਾਰਥ ਤੇ ਗੈਸ, ਤੇਲ ਉਤਪਾਦਨ ਸਮਝੌਤੇ ਰਾਹੀਂ ਹਾਸਲ ਕਰਨਾ ਚਾਹੁੰਦੇ ਹਨ।
ਉੱਧਰ ਰੂਸ ਵੀ ਭਲੀਭਾਂਤ ਜਾਣਦਾ ਹੈ ਕਿ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇਸ਼ਾਂ ਨੂੰ ਅੱਡੋਫਾੜ ਕਰਕੇ ਯੂਕਰੇਨ ਅਤੇ ਗਵਾਂਢੀ ਦੇਸ਼ਾਂ ਉੱਤੇ ਗਲਬਾ ਪਾਇਆ ਜਾਵੇ। ਰੂਸ ਨੂੰ ਇਹ ਵੀ ਡਰ ਹੈ ਕਿ ਰਾਸ਼ਟਰਪਤੀ ਟਰੰਪ ਯੁਕਰੇਨ ਅੰਦਰ ਹਿਫ਼ਾਜ਼ਤੀ ਫ਼ੌਜੀ ਅੱਡੇ ਬਣਾ ਲਵੇਗਾ, ਜਿਵੇਂ ਅਰਬ, ਇਰਾਕ, ਸੀਰੀਆ ਆਦਿ ਵਿੱਚ ਬਣਾਈ ਬੈਠਾ ਹੈ। ਰੂਸ ਕਈ ਵਾਰ ਸੋਚੇਗਾ ਕਿ ਅਮਰੀਕਾ ਪੁਰਾਣਾ ਦੁਸ਼ਮਣ ਇੰਨੀ ਛੇਤੀ ਦੋਸਤ ਕਿਵੇਂ ਬਣ ਸਕਦਾ ਹੈ? ਇਹ ਕੋਈ ਚਾਲ ਤਾਂ ਨਹੀਂ? ਇਹ ਕਿਤੇ ਰੂਸ ਦੇ ਜੋ ਪੁਰਾਣੇ ਮਿੱਤਰ ਹਨ, ਉਨ੍ਹਾਂ ਨਾਲੋਂ ਤੋੜਨ ਤਾਂ ਨਹੀਂ ਚਾਹੁੰਦਾ ਕਿਉਂਕਿ ਜੇ ਰੂਸ ਅਮਰੀਕਾ ਦੋਸਤ ਬਣਦੇ ਹਨ ਤਾਂ ਰੂਸ ਦੇ ਮਿੱਤਰ ਦੇਸ ਰੂਸ ਤੋਂ ਦੂਰ ਹੋ ਜਾਣਗੇ ਤੇ ਅਮਰੀਕਾ ਦੇ ਮਿੱਤਰ ਵੀ ਅਮਰੀਕਾ ਕੋਲੋਂ ਪਾਸਾ ਵੱਟ ਲੈਣਗੇ, ਜੋ ਦਿਖਾਈ ਦੇ ਰਿਹਾ ਹੈ।
ਅਮਰੀਕਾ ਆਪਣਾ ਤਾਂ ਪੈਸਾ ਵਸੂਲਣਾ ਚਾਹੁੰਦਾ ਹੈ ਪਰ ਯੂਰਪੀਅਨ ਯੂਨੀਅਨ ਅਤੇ ਨਾਟੋ ਦੇਸ਼ ਵੀ 500 ਬਿਲੀਅਨ ਡਾਲਰ ਦੇ ਕਰੀਬ ਜੰਗੀ ਹਥਿਆਰਾਂ ਸਮੇਤ ਯੁਕਰੇਨ ਉੱਤੇ ਖਰਚਾ ਕਰੀ ਬੈਠੇ ਹਨ। ਉਨ੍ਹਾਂ ਦਾ ਕੀ ਬਣੇਗਾ? ਜ਼ਲੈਂਸਕੀ ਨੇ ਇਹ ਪੰਗਾ ਨਾਟੋ ਅਤੇ ਯੂਰਪੀਅਨ ਯੂਨੀਅਨ ਹਕੂਮਤਾਂ ਦੇ ਥਾਪੜੇ ਕਾਰਨ ਹੀ ਲਿਆ ਹੈ। ਇੰਗਲੈਂਡ, ਫਰਾਂਸ, ਜਰਮਨ, ਹਾਲੈਂਡ ਤੇ ਡੈਨਮਾਰਕ ਨੇ ਜ਼ਲੈਂਸਕੀ ਨੂੰ ਹੱਲਾਸ਼ੇਰੀ ਦਿੱਤੀ ਹੈ ਕਿਉਂਕਿ ਡੌਨਲਡ ਟਰੰਪ ਗਰੀਨ ਲੈਂਡ ਉੱਤੇ ਕਬਜ਼ਾ ਕਰਨ ਦਾ ਐਲਾਨ ਕਰ ਚੁੱਕਾ ਹੈ। ਉਨ੍ਹਾਂ ਉੱਪਰ ਟੈਰਿਫ ਟੈਕਸ 20% ਵਧਾਉਣਾ ਚਾਹੁੰਦਾ ਹੈ। ਲਗਦਾ ਨਹੀਂ ਕਿ ਰੂਸ ਅਤੇ ਅਮਰੀਕਾ, ਦੋਵੇਂ ਆਪੋ ਆਪਣੇ ਮਿੱਤਰ ਦੇਸ਼ਾਂ ਨੂੰ ਛੱਡਕੇ ਆਪਸ ਵਿੱਚ ਦੋਸਤਾਨਾ ਸੰਬੰਧ ਬਣਾ ਸਕਣਗੇ।
ਰੂਸ ਅਤੇ ਚੀਨ ਦੀ ਮਿੱਤਰਤਾ ਅਮਰੀਕਾ ਨੂੰ ਹਮੇਸ਼ਾ ਰੜਕਦੀ ਰਹਿੰਦੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਟਰੰਪ ਨੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਦਰਾੜ ਪਾਉਣ ਲਈ ਜ਼ਲੈਂਸਕੀ ਨਾਲ ਪਰੈੱਸ ਸਾਹਮਣੇ ਝੂਠਾ ਮੂਠਾ ਡਰਾਮਾ ਕੀਤਾ ਹੈ ਜਦਕਿ ਅਮਰੀਕਾ ਯੂਕਰੇਨ ਨਾਲ ਰਿਸ਼ਤੇ ਵਿਗਾੜੇਗਾ ਨਹੀਂ। ਇਹ ਹਾਥੀ ਦੇ ਦੰਦਾਂ ਵਾਂਗ ਅੰਦਰੋਂ ਅੰਦਰੀ ਸਭ ਚੱਲੇਗਾ। ਰੂਸ ਨੂੰ ਪੂਰਨ ਵਿਸ਼ਵਾਸ ਵਿੱਚ ਲੈਣਾ ਅਮਰੀਕਾ ਲਈ ਵੱਡੀ ਚੁਣੌਤੀ ਹੈ। ਵਾਈਟ ਹਾਊਸ ਵਿੱਚ ਟਰੰਪ ਅਤੇ ਜ਼ਲੈਂਸਕੀ ਵਿਚਕਾਰ ਹੋਈ ਤਲਖ਼ ਬਹਿਸ ਉੱਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਚੁੱਪ ਹਨ। ਉਨ੍ਹਾਂ ਕੋਈ ਸ਼ਬਦ ਮੂੰਹੋਂ ਨਹੀਂ ਬੋਲਿਆ। ਉਹ ਸਥਿਤੀ ਨੂੰ ਬੜੇ ਗੌਰ ਨਾਲ ਵੇਖ ਰਹੇ ਹਨ। ਕੀ ਰੂਸ ਅਮਰੀਕਾ ’ਤੇ ਵਿਸ਼ਵਾਸ ਕਰ ਸਕੇਗਾ, ਇਹ ਹਾਲ ਦੀ ਘੜੀ ਤਾਂ ‘ਸ਼ਾਇਦ’ ਹੀ ਲਗਦਾ ਹੈ। ਆਉਣ ਵਾਲੇ ਸਮੇਂ ਕੁਝ ਵੀ ਹੋ ਸਕਦਾ ਹੈ।
ਇਹ ਵੀ ਹੋ ਸਕਦਾ ਹੈ ਕਿ ਅਮਰੀਕਾ ਨੂੰ ਪਾਸੇ ਕਰਕੇ ਚੀਨ ਅਤੇ ਰੂਸ ਦੇ ਹੋਰ ਦੋਸਤ ਅਮਰੀਕਾ ਤੋਂ ਨਾਰਾਜ਼ ਹੋ ਕੇ ਰੂਸ ਯੁਕਰੇਨ ਦਾ ਸਮਝੌਤਾ ਕਰਾ ਦੇਣ। ਇਹੋ ਜਿਹੇ ਸੰਕੇਤ ਵੀ ਮਿਲ ਰਹੇ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)