“ਕੀ ਸਾਰੀਆਂ ਖੱਬੀਆਂ ਧਿਰਾਂ ਦਾ ਇਸ ਮੌਕੇ ਫਰਜ਼ ਨਹੀਂ ਬਣਦਾ ਕਿ ਸੰਘ ਪਰਿਵਾਰ ਦੇ ...”
(25 ਫਰਵਰੀ 2025)
27 ਸਤੰਬਰ 1925 ਦਸਹਿਰੇ ਵਾਲੇ ਦਿਨ ਹਿੰਦੂ ਰਾਸ਼ਟਰ ਦੇ ਵਿਚਾਰ ਦਾ ਪ੍ਰਚਾਰ, ਪ੍ਰਸਾਰ ਅਤੇ ਅਮਲੀ ਰੂਪ ਦੇਣ ਲਈ ਆਰ ਐੱਸ ਐੱਸ ਸਥਾਪਨਾ ਹੋਈ। ਸੌ ਸਾਲ ਦਾ ਟੀਚਾ ਮਿਥਿਆ ਗਿਆ ਜਿਸ ਵਿੱਚ ਭਾਰਤ ਨੂੰ ਹਿੰਦੂ ਧਰਮ ਅਧਾਰਿਤ ਦੇਸ਼ ਬਣਾਉਣਾ ਸੀ ਅਤੇ ਇਹ ਸੌ ਸਾਲ 27 ਸਤੰਬਰ 2025 ਨੂੰ ਪੂਰੇ ਹੋ ਰਹੇ ਹਨ। ਸਮੇਂ ਸਮੇਂ ਆਰ ਐੱਸ ਐੱਸ ਦੇ ਸਾਰੇ ਸੰਘਚਾਲਕ ਹਿੰਦੂ ਰਾਸ਼ਟਰ ਬਣਾਉਣ ਦੀ ਰੂਪ ਰੇਖਾ ਬਾਰੇ ਬਿਆਨ ਦਿੰਦੇ ਰਹਿੰਦੇ ਹਨ। ਕਦੇ ਇਹ ਬਿਆਨ ਨਰਮ, ਕਦੇ ਗਰਮ ਅਤੇ ਕਦੇ ਰਾਜਨੀਤਿਕ ਹੁੰਦੇ ਹਨ। ਹਿੰਦੂ ਧਰਮ ਅਧਾਰਿਤ ਦੇਸ਼ ਬਣਾਉਣਾ ਹੈ ਪਰ ਹਿੰਦੂ ਧਰਮ ਦਾ ਕੋਈ ਇੱਕ ਸਾਂਝਾ ਗ੍ਰੰਥ ਨਹੀਂ ਹੈ ਅਤੇ ਵੇਦਾਂ ਵਿੱਚ ਵੀ ਕਿਸੇ ਥਾਂ ਹਿੰਦੂ ਜਾਂ ਹਿੰਦੂ ਧਰਮ ਦਾ ਜ਼ਿਕਰ ਨਹੀਂ ਹੈ। ਹਿੰਦੂ ਧਰਮ ਵਿੱਚ ਚਾਰ ਸੰਪਰਦਾਇ ਵੈਸ਼ਨਵ, ਸ਼ੈਵ, ਸ਼ਾਕਤ ਅਤੇ ਸਮਾਰਤ ਹਨ ਜਿਹੜੇ ਕ੍ਰਮਵਾਰ ਵਿਸ਼ਣੂ ਨੂੰ ਰੱਬ ਮੰਨਦੇ ਹਨ, ਸ਼ਿਵ ਨੂੰ ਰੱਬ ਮੰਨਦੇ ਹਨ, ਦੇਵੀ ਨੂੰ ਸ਼ਕਤੀ ਮੰਨਦੇ ਹਨ। ਬਹੁਤ ਸਾਰੇ ਹਿੰਦੂ ਮਨੂਸਮ੍ਰਿਤਿ ਨੂੰ ਆਪਣੇ ਸਮਾਜ ਨੂੰ ਚਲਾਉਣ ਵਾਲੇ ਨਿਯਮਾਂ ਦਾ ਗ੍ਰੰਥ ਮੰਨਦੇ ਹਨ। ਬਹੁਤ ਸਾਰੇ ਹਿੰਦੂ ਉਹ ਵੀ ਹਨ ਜਿਹੜੇ ਆਪਣੇ ਆਪ ਨੂੰ ਕਿਸੇ ਵੀ ਸੰਪਰਦਾਇ ਵਿੱਚ ਨਹੀਂ ਮੰਨਦੇ ਅਤੇ ਨਾ ਹੀ ਮਨੂਸਮ੍ਰਿਤਿ ਨੂੰ ਮੰਨਦੇ ਹਨ। ਆਪਣੀ ਸਥਾਪਨਾ ਵੇਲੇ ਆਰ ਐੱਸ ਐੱਸ ਦੇ ਇਰਾਦੇ ਕੇਵਲ ਸਾਂਸਕ੍ਰਿਤਿਕ ਅਤੇ ਸੱਭਿਆਚਾਰਕ ਸਨ ਜਾਂ ਦਿਸਦੇ ਸਨ ਪਰ ਹੌਲੀ ਹੌਲੀ ਇਸ ਵਿੱਚ ਫਾਸ਼ੀਵਾਦੀ ਅਤੇ ਰਾਜਨੀਤਿਕ ਵਿਚਾਰ ਰਲਦੇ ਗਏ ਅਤੇ ਇਹ ਸਾਰਾ ਕੁਝ ਅਪ੍ਰਤੱਖ ਅਤੇ ਪ੍ਰਤੱਖ ਦੋਵੇਂ ਰੂਪਾਂ ਵਿੱਚ ਨਾਲ ਨਾਲ ਚਲਦਾ ਰਿਹਾ, ਜਿਹੜੀ ਗੱਲ ਆਪ ਨਹੀਂ ਕਹਿਣੀ ਉਸ ਕਿਸੇ ਸਹਾਇਕ ਸੰਸਥਾ ਜਾਂ ਜਥੇਬੰਦੀ ਤੋਂ ਕਹਾ ਦਿੱਤੀ ਜਾਂਦੀ ਹੈ। ਜੇਕਰ ਸਰ ਸੰਘਚਾਲਕ ਹੈਡਗੇਵਾਰ ਜੀ ਦੇ ਵਿਚਾਰ ਲਈਏ ਤਾਂ ਉਹਨਾਂ ਦੇ ਵਿਚਾਰ ਸਨ “ਹਿੰਦੂ ਧਰਮ ਦਾ ਸੁੱਖ ਹੀ ਮੇਰਾ ਅਤੇ ਮੇਰੇ ਪਰਿਵਾਰ ਦਾ ਸੁੱਖ ਹੈ। ਹਿੰਦੂ ਧਰਮ ’ਤੇ ਆਉਣ ਵਾਲੀ ਹਰ ਬਿਪਤਾ ਸਾਡੇ ਸਭ ਲਈ ਮਹਾਂ ਸੰਕਟ ਹੈ। ਹਿੰਦੂ ਜਾਤੀ ਦਾ ਅਪਮਾਨ ਸਾਡਾ ਸਾਰਿਆਂ ਦਾ ਅਪਮਾਨ ਹੈ। ਇਸ ਤਰ੍ਹਾਂ ਦੀ ਆਤਮਿਅਤਾ ਸਾਡੇ ਹਰ ਕਿਸੇ ਦੇ ਰੋਮ ਰੋਮ ਵਿੱਚ ਸਮਾਈ ਹੋਣੀ ਚਾਹੀਦੀ ਹੈ।” ਇਸ ਤੋਂ ਅੱਗੇ “ਜ਼ਿੰਦਗੀ ਵਿੱਚ ਨਿਸਵਾਰਥ ਭਾਵਨਾ ਤੋਂ ਬਿਨਾਂ ਅਨੁਸ਼ਾਸਨ ਨਹੀਂ ਹੋ ਸਕਦਾ।” ਹੋਰ ਅੱਗੇ “ਸੰਘ ਕਿਸੇ ਵੀ ਤਰ੍ਹਾਂ ਕਿਸੇ ਹੋਰ ਜਥੇਬੰਦੀ ਦੀ ਤਰ੍ਹਾਂ ਸੌ ਸਾਲ ਕੇਵਲ ਆਪਣੀ ਹੋਂਦ ਕਾਇਮ ਨਹੀਂ ਰੱਖਣਾ ਚਾਹੁੰਦਾ। ਸੰਘ ਦੀ ਇੱਕ ਪ੍ਰਜਵਲਿਤ ਇੱਛਾ ਹੈ ਕਿ ਹਿੰਦੂਵਾਦ ਦੀ ਜਵਾਲਾ ਸਾਰੇ ਦੇਸ਼ ਵਿੱਚ ਤੇਜ਼ੀ ਨਾਲ ਫੈਲ ਜਾਏ।” ਇਸ ਤੋਂ ਬਾਅਦ ਸਰ ਸੰਘਚਾਲਕ ਗੁਰੂ ਗੋਲਵਲਾਕਰ ਜੀ ਦੇ ਵਿਚਾਰ ਗਰਮਾ ਗਏ। ਉਹਨਾਂ ਅਨੁਸਾਰ “ਸ਼ੂਦਰਾਂ ਅਤੇ ਈਸਾਈਆਂ ਕੋਲੋਂ ਵੋਟ ਦਾ ਹੱਕ ਖੋਹ ਲੈਣਾ ਚਾਹੀਦਾ ਹੈ। ਭਾਰਤ ਵਿੱਚ ਉਹ ਕੇਵਲ ਜਿਊਂਦੇ ਰਹਿਣ ਇਹੀ ਇਨ੍ਹਾਂ ਲਈ ਕਾਫੀ ਹੈ।” ਇਸ ਤੋਂ ਅੱਗੇ “ਭਾਰਤ ਦੇ ਮੁਸਲਿਮ ਅਤੇ ਇਸਾਈ ਹਿੰਦੂ ਸੱਭਿਆਚਾਰ ਨੂੰ ਅਪਣਾਅ ਲੈਣ, ਨਹੀਂ ਤਾਂ ਉਹਨਾਂ ਲਈ ਨਾਗਰਿਕਤਾ ਦਾ ਹੱਕ ਨਹੀਂ ਹੋਵੇਗਾ।” ਅਜ਼ਾਦੀ ਲਈ ਸੰਘਰਸ਼ ਕਰ ਰਹੇ ਭਾਰਤੀ ਹਿੰਦੂਆਂ ਨੂੰ ਕਹਿੰਦੇ ਹਨ, “ਸਾਰੀ ਸ਼ਕਤੀ ਅੰਗਰੇਜ਼ਾਂ ਵਿਰੁੱਧ ਲੜਨ ਲਈ ਹੀ ਨਾ ਲਗਾ ਦਿਓ, ਤੁਹਾਡੇ ਅਸਲੀ ਦੁਸ਼ਮਣ ਮੁਸਲਮਾਨ ਅਤੇ ਕਮਿਊਨਿਸਟ ਹਨ।”
ਭਾਰਤ ਜਦੋਂ ਅਜ਼ਾਦ ਹੋਣ ਵਾਲਾ ਸੀ ਤਾਂ ਉਹਨਾਂ ਦਾ ਕਹਿਣਾ ਸੀ, “ਮੈਂ ਸਾਰੀ ਜ਼ਿੰਦਗੀ ਅੰਗਰੇਜ਼ਾਂ ਦਾ ਗੁਲਾਮ ਰਹਿਣ ਨੂੰ ਤਿਆਰ ਹਾਂ ਪਰ ਮੈਨੂੰ ਉਹ ਅਜ਼ਾਦੀ ਨਹੀਂ ਚਾਹੀਦੀ ਜਿਹੜੀ ਦਲਿਤਾਂ, ਪਛੜੇ ਵਰਗਾਂ ਅਤੇ ਮੁਸਲਮਾਨਾਂ ਨੂੰ ਬਰਾਬਰੀ ਦਾ ਅਧਿਕਾਰ ਦਿੰਦੀ ਹੋਵੇ।” ਇਸੇ ਸੋਚ ਦੇ ਤਹਿਤ ਸਾਵਰਕਰ ਨੇ ਨੱਥੂ ਰਾਮ ਗੋਡਸੇ ਕੋਲੋਂ ਮਹਾਤਮਾ ਗਾਂਧੀ ਜੀ ਦਾ ਕਤਲ ਕਰਵਾਇਆ ਕਿਉਂਕਿ ਉਹ ਅਜ਼ਾਦ ਭਾਰਤ ਵਿੱਚ ਮੁਸਲਮਾਨਾਂ, ਹਿੰਦੂਆਂ ਅਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦੇਣ ਦੇ ਹਾਮੀ ਸਨ। ਇਸ ਘਿਨਾਉਣੇ ਕਤਲ ਦੇ ਕਾਰਨ ਉਸ ਵੇਲੇ ਦੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ 4 ਫਰਵਰੀ 1948 ਨੂੰ ਆਰ ਐੱਸ ਐੱਸ ’ਤੇ ਪ੍ਰਤਿਬੰਧ ਲਗਾ ਦਿੱਤਾ ਅਤੇ 20 ਹਜ਼ਾਰ ਸੰਘ ਵਰਕਰਾਂ ਸਮੇਤ ਗੋਲਵਾਲਕਰ ਨੂੰ ਕੈਦ ਕਰ ਲਿਆ। ਇਨ੍ਹਾਂ ਨੂੰ ਉਦੋਂ ਛੱਡਿਆ ਗਿਆ ਜਦੋਂ ਇਨ੍ਹਾਂ ਨੇ ਲਿਖਤੀ ਭਰੋਸਾ ਦਿੱਤਾ ਕਿ ਸਾਡਾ ਕੋਈ ਵੀ ਵਰਕਰ ਤੋੜ-ਫੋੜ, ਹਿੰਸਾ ਜਾਂ ਕਤਲ ਵਿੱਚ ਭਾਗ ਨਹੀਂ ਲਏਗਾ ਅਤੇ ਆਰ ਐੱਸ ਐੱਸ ਇੱਕ ਗੈਰ ਰਾਜਨੀਤਿਕ, ਸੰਸਕ੍ਰਤਿਕ ਅਤੇ ਸੱਭਿਆਚਾਰਕ ਜਥੇਬੰਦੀ ਰਹੇਗੀ। ਪਰ ਸਰਦਾਰ ਪਟੇਲ ਜੀ ਦੇ ਅਕਾਲ ਚਲਾਣੇ ਤੋਂ ਛੇਤੀ ਹੀ ਬਾਅਦ ਸੰਘ ਨੇ ਇੱਕ ਰਾਜਨੀਤਿਕ ਪਾਰਟੀ ਭਾਰਤੀਯ ਜਨਸੰਘ ਖੜ੍ਹੀ ਕਰ ਲਈ ਜਿਹੜੀ ਸਮੇਂ ਅਤੇ ਹਾਲਤਾਂ ਅਨੁਸਾਰ ਪਹਿਲਾਂ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਈ ਅਤੇ ਜਨਤਾ ਪਾਰਟੀ ਦਾ ਸਭ ਤੋਂ ਜ਼ਿਆਦਾ ਕੇਡਰ ਆਰ ਐੱਸ ਐੱਸ ਜਾਂ ਭਾਰਤੀਯ ਜਨਸੰਘ ਵਿੱਚੋਂ ਹੀ ਸੀ। ਜਨਤਾ ਪਾਰਟੀ ਦੀ ਟੁੱਟ ਭੱਜ ਤੋਂ ਬਾਅਦ ਆਰ ਐੱਸ ਐੱਸ ਨੇ ਭਾਰਤੀਯ ਜਨਤਾ ਪਾਰਟੀ (ਭਾਜਪਾ) ਬਣਾ ਲਈ। ਭਾਜਪਾ ਦੇ ਸਾਰੇ ਛੋਟੇ ਤੋਂ ਵੱਡੇ ਵਰਕਰ ਤਕ ਆਰ ਐੱਸ ਐੱਸ ਦੀਆਂ ਸ਼ਾਖਾਵਾਂ ਵਿੱਚ ਜਾਂਦੇ ਹਨ।
ਹੁਣ ਦੇ ਸਰ ਸੰਘਚਾਲਕ ਸ਼੍ਰੀ ਮੋਹਨ ਭਾਗਵਤ ਜੀ ਦੇ ਸੱਭਿਆਚਾਰਕ, ਸੰਸਕ੍ਰਿਤਿਕ ਵਿਚਾਰਾਂ ਦੇ ਨਾਲ ਨਾਲ ਰਾਜਨੀਤਿਕ ਵਿਚਾਰ ਵੀ ਰਲ ਗਏ ਹਨ। ਭਾਗਵਤ ਜੀ ਆਪਣੇ ਰਾਜਨੀਤਿਕ ਵਿਚਾਰ ਖੁੱਲ੍ਹ ਕੇ ਸਟੇਜ ਤੋਂ ਭਾਸ਼ਣਾਂ ਵਿੱਚ ਦੇ ਰਹੇ ਹਨ ਜਦਕਿ ਪਹਿਲਾਂ ਰਾਜਨੀਤਿਕ ਵਿਚਾਰ ਆਰ ਐੱਸ ਐੱਸ ਦੇ ਉੱਚ ਕਾਰਯਕਰਤਾਵਾਂ ਤਕ ਅੰਦਰਖਾਤੇ ਹੀ ਹੁੰਦੇ ਸਨ। ਭਾਗਵਤ ਜੀ ਦਾ ਕਹਿਣਾ ਹੈ ਕਿ ਸੰਘ ਦੀ ਵਿਚਾਰਧਾਰਾ ਸਮੇਂ ਅਤੇ ਹਾਲਤਾਂ ਅਨੁਸਾਰ ਬਾਦਲ ਸਕਦੀ ਹੈ। ਇਸਦੀ ਕਿਤਾਬ ਬੰਚ ਆਫ ਥਾਟਸ ਕੋਈ ਅਜਿਹੀ ਨਹੀਂ ਜਿਸ ਵਿੱਚ ਦੂਜੇ ਧਰਮਾਂ ਦੀਆਂ ਪੁਸਤਕਾਂ ਦੀ ਤਰ੍ਹਾਂ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਬੰਚ ਆਫ ਥਾਟਸ ਵਿੱਚ ਤਰਮੀਮ ਵੀ ਕੀਤੀ ਜਾ ਸਕਦੀ ਹੈ। ਹੁਣ ਬੰਚ ਆਫ ਥਾਟਸ ਵਿੱਚ ਕੇਵਲ ਉਹ ਹੀ ਅੰਸ਼ ਰੱਖੇ ਗਏ ਹਨ ਜਿਹੜੇ ਸਮੇਂ ਦੇ ਅਨੁਕੂਲ ਹਨ ਅਤੇ ਬਾਕੀ ਕੱਢ ਦਿੱਤੇ ਹਨ। ਭਾਗਵਤ ਜੀ ਕਹਿੰਦੇ ਹਨ, “ਜੇਕਰ ਭਾਜਪਾ 2014 ਵਿੱਚ ਜਿੱਤਣੋਂ ਰਹਿ ਜਾਂਦੀ ਤਾਂ ਹਿੰਦੂਤਵ ਅੰਦੋਲਨ ਖਤਰੇ ਵਿੱਚ ਪੈ ਜਾਣਾ ਸੀ।” ਉਹ ਇਹ ਵੀ ਕਹਿੰਦੇ ਹਨ, “ਭਾਰਤ ਨੂੰ ਵਾਸਤਵਿਕ ਅਜ਼ਾਦੀ ਉਦੋਂ ਮਿਲੀ ਜਦੋਂ ਰਾਮ ਮੰਦਿਰ ਵਿੱਚ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਹੋਈ।” ਭਾਗਵਤ ਜੀ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਵ ਮੁਖਰਜੀ ਦੇ ਹਵਾਲੇ ਨਾਲ ਕਹਿੰਦੇ ਹਨ, “ਜੇਕਰ ਆਦਿਵਾਸੀਆਂ ਦੀ ਘਰ ਵਾਪਸੀ ਨਾ ਹੁੰਦੀ ਤਾਂ ਉਹਨਾਂ ਨੇ ਰਾਸ਼ਟਰ ਵਿਰੋਧੀ ਬਣ ਜਾਣਾ ਸੀ।” 2014 ਵਿੱਚ ਭਾਜਪਾ ਦੀ ਸਰਕਾਰ ਬਣਨ ’ਤੇ ਮੋਹਨ ਭਾਗਵਤ ਨੇ ਹਿੰਦੂ ਰਾਸ਼ਟਰ ਬਣਾਉਣ ਬਾਰੇ ਕਿਹਾ ਸੀ, “ਜੇਕਰ ਹੁਣ ਨਹੀਂ ਤਾਂ ਕਦੇ ਨਹੀਂ।”
ਇਸ ਵਕਤ ਆਰ ਐੱਸ ਐੱਸ ਨੇ ਆਪਣੇ ਰਾਹੀਂ ਜਾਂ ਸਰਕਾਰ ਰਾਹੀਂ ਤਿੰਨ ਅਹਿਮ ਕੰਮ ਕੀਤੇ ਹਨ। ਪਹਿਲਾ ਕੰਮ ਇਹ ਕਿ ਭਾਵੇਂ ਸੰਵਿਧਾਨ ਵਿੱਚ ਇਹ ਲਿਖਤੀ ਤੌਰ ’ਤੇ ਨਹੀਂ ਆਇਆ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਬਣ ਚੁੱਕਿਆ ਹੈ ਪਰ ਸਰਕਾਰੀ ਦਬਾਅ ਹੇਠ ਸਾਰੇ ਕੰਮ ਢੰਗ ਹਿੰਦੂ ਰਾਸ਼ਟਰ ਅਨੁਸਾਰ ਹੀ ਚੱਲ ਰਹੇ ਹਨ। ਇਨ੍ਹਾਂ ਕੰਮਾਂ ਲਈ ਭਾਜਪਾ ਸਰਕਾਰ ਜਾਂ ਦੋ ਵਿਅਕਤੀਆਂ ਦੀ ਫੌਜ ਨੇ ਸੀ. ਬੀ. ਆਈ, ਸੀ. ਆਈ. ਏ, ਅਤੇ ਆਈ. ਟੀ ਵਰਗੇ ਸੰਵਿਧਾਨਿਕ ਅਦਾਰੇ ਆਪਣੇ ਅਧੀਨ ਕਰ ਲਏ ਹਨ। ਹਰ ਮਹਿਕਮੇ ਵਿੱਚ ਉੱਚ ਅਫਸਰ ਸੰਘ ਦੇ ਫਿੱਟ ਕੀਤੇ ਹੋਏ ਹਨ। ਕਿਸੇ ਵੀ ਵਿਰੋਧੀ ਵਿਚਾਰਾਂ ਵਾਲੇ ਨੂੰ ਫੜ ਕੇ ਅੰਦਰ ਕਰ ਸਕਦੇ ਹਨ ਜਾਂ ਕਿਸੇ ਗਬਨ, ਮਨੀ ਲਾਡਰਿੰਗ ਕੇਸ ਵਿੱਚ ਅੰਦਰ ਕਰ ਸਕਦੇ ਹਨ। ਵੱਡੇ ਪੱਧਰ ਦੇ ਲੇਖਕਾਂ, ਕਵੀਆਂ, ਪ੍ਰੋਫ਼ੈਸਰਾਂ, ਆਦਿਵਾਸੀਆਂ ਲਈ ਕੰਮ ਕਰਨ ਵਾਲਿਆਂ ਨੂੰ ਦੇਸ਼ ਧ੍ਰੋਹੀ ਗੁਰਦਾਨ ਕੇ ਜੇਲ੍ਹਾਂ ਵਿੱਚ ਡੱਕ ਰਹੇ ਹਨ। ਇਸ ਤੋਂ ਇਲਾਵਾ ਮੁਸਲਮਾਨਾਂ ਦੇ ਇਲਾਕੇ ਵਿੱਚ ਆਰ ਐੱਸ ਐੱਸ ਦੇ ਕਿਸੇ ਵਿੰਗ ਵੱਲੋਂ ਦੰਗੇ ਭੜਕਾ ਕੇ ਦੰਗਿਆਂ ਲਈ ਮੁਸਲਮਾਨਾਂ ਨੂੰ ਹੀ ਜ਼ਿੰਮੇਵਾਰ ਬਣਾ ਕੇ ਉਹਨਾਂ ’ਤੇ ਕੇਸ ਪਾ ਦਿੱਤੇ ਜਾਂਦੇ ਹਨ, ਉਹਨਾਂ ਦੇ ਘਰਾਂ ਉੱਤੇ ਬੁਲਡੋਜ਼ਰਾਂ ਚਲਾ ਦਿੱਤੇ ਜਾਂਦੇ ਹਨ। ਮੁਸਲਮਾਨਾਂ ਜਾਂ ਈਸਾਈਆਂ ਦੇ ਤਿਉਹਾਰਾਂ ਮੌਕੇ ਮਸਜਿਦਾਂ ਜਾਂ ਚਰਚਾਂ ਦੇ ਗੇਟ ’ਤੇ ਪਹੁੰਚ ਕੇ ਬਜਰੰਗ ਦਲ ਵਾਲੇ ਆਪਣੇ ਲਾਊਡ ਸਪੀਕਰਾਂ ਰਾਹੀਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਹਨ ਜਾਂ ਉਹਨਾਂ ’ਤੇ ਪੱਥਰ ਸੁੱਟਦੇ ਹਨ ਤਾਂਕਿ ਮੁਸਲਮਾਨਾਂ ਜਾਂ ਈਸਾਈਆਂ ਵੱਲੋਂ ਕੋਈ ਪ੍ਰਤੀਕਿਰਿਆ ਹੋਵੇ ਤਾਂ ਦੰਗੇ ਸ਼ੁਰੂ ਹੋ ਜਾਣ। ਕੇਂਦਰ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਗੋਧਰਾ ਟਰੇਨ ਅਗਨੀ ਕਾਂਡ ਤੋਂ ਬਾਅਦ ਭਾਜਪਾ ਨੇ ਆਪ ਹੀ ਦੰਗੇ ਭੜਕਾਏ। ਮੁੱਖ ਮੰਤਰੀ ਨੇ ਦੰਗੇ ਰੋਕਣ ਤੋਂ ਪੁਲਿਸ ਨੂੰ ਮਨ੍ਹਾ ਕਰ ਦਿੱਤਾ ਅਤੇ ਦੰਗੇ ਰੋਕਣ ਲਈ ਫੌਜ ਨੂੰ ਗੁਜਰਾਤ ਵਿੱਚ ਨਹੀਂ ਆਉਣ ਦਿੱਤਾ। ਮੁਸਲਮਾਨਾਂ ਦੇ ਘਰਾਂ ਨੂੰ ਅੱਗ ਦੇ ਹਵਾਲੇ ਕੀਤਾ, ਸਮਾਨ ਲੁੱਟ ਲਿਆ, ਮੁਸਲਿਮ ਔਰਤਾਂ ਨਾਲ ਬਲਾਤਕਾਰ ਕੀਤੇ ਅਤੇ ਦੰਗਿਆਂ ਦੇ ਕੇਸ ਵੀ ਮੁਸਲਮਾਨਾਂ ’ਤੇ ਪਾ ਦਿੱਤੇ। ਇਹ ਸਾਰਾ ਕੁਝ ਡਰ ਅਤੇ ਸਹਿਮ ਪੈਦਾ ਕਰਨ ਵਾਸਤੇ ਸੀ। ਅਦਾਲਤਾਂ ਵੀ ਲਗਭਗ ਮੋਦੀ ਜੀ ਦੇ ਅਧੀਨ ਹਨ। ਇਸੇ ਲਈ ਬਾਬਰੀ ਮਸਜਿਦ ਹੇਠਾਂ ਕੋਈ ਵੀ ਮੰਦਿਰ ਦਾ ਅਵਸ਼ੇਸ਼ ਨਾ ਮਿਲਣ ’ਤੇ ਵੀ ਸੁਪਰੀਮ ਕੋਰਟ ਨੇ ਰਾਮ ਮੰਦਿਰ ਦੇ ਹੱਕ ਵਿੱਚ ਆਸਥਾ ਦੇ ਅਧੀਨ ਫੈਸਲਾ ਦਿੱਤਾ ਜਦਕਿ ਅੱਜ ਤਕ ਸੰਸਾਰ ਦੇ ਕਿਸੇ ਵੀ ਦੇਸ਼ ਦੀ ਅਦਾਲਤ ਨੇ ਕਦੇ ਆਸਥਾ ਦੇ ਅਧੀਨ ਕੋਈ ਫੈਸਲਾ ਨਹੀਂ ਦਿੱਤਾ। ਇਸੇ ਲਈ ਪੂਜਾ ਦੇ ਸਥਾਨ ਐਕਟ 1991 ਦੀ ਪ੍ਰਵਾਹ ਨਾ ਕਰਦੇ ਹੋਏ ਹਰ ਮਸਜਿਦ ਨੂੰ ਖੋਦਣ ਦੇ ਇਰਾਦੇ ਹਨ। ਦੂਸਰਾ ਕੰਮ ਮੰਦਿਰਾਂ ਅਤੇ ਮੂਰਤੀਆਂ ਦੀ ਸਥਾਪਨਾ ਕਰ ਕੇ ਮੰਦਿਰਾਂ ਮੂਰਤੀਆਂ ਪ੍ਰਤੀ ਬਹੁਗਿਣਤੀ ਹਿੰਦੂਆਂ ਦੀ ਆਸਥਾ ਦਾ ਲਾਭ ਲੈ ਕੇ ਚੋਣਾਂ ਲੜੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਤੀਸਰਾ ਕੀਤਾ ਗਿਆ ਕੰਮ ਘਰ ਵਾਪਸੀ ਮਤਲਬ ਮੁਸਲਮਾਨਾਂ ਅਤੇ ਈਸਾਈਆਂ ਨੂੰ ਮੁੜ ਹਿੰਦੂ ਧਰਮ ਵਿੱਚ ਲਿਆਉਣਾ ਹੈ। ਮੁਸਲਮਾਨਾਂ ਅਤੇ ਈਸਾਈਆਂ ਨੂੰ ਡਰਾ, ਧਮਕਾ ਜਾਂ ਲਾਲਚ ਦੇਕੇ ਹਿੰਦੂ ਧਰਮ ਵੱਲ ਖਿੱਚਿਆ ਜਾ ਰਿਹਾ ਹੈ। ਘਰ ਵਾਪਸੀ ਲਈ ਹੁਣ ਇਹ ਵੱਡੀ ਹਸਤੀ ਨੂੰ ਹੱਥ ਪਾਉਂਦੇ ਹਨ ਜਿਸ ਨਾਲ ਆਮ ਮੁਸਲਿਮ ਵੀ ਛੇਤੀ ਇਨ੍ਹਾਂ ਵੱਲ ਖਿੱਚਿਆ ਜਾਵੇ। ਉਦਾਹਰਨ ਲਈ ਸ਼ੀਆ ਸੈਂਟਰਲ ਵਕਫ਼ ਬੋਰਡ ਉੱਤਰ ਪ੍ਰਦੇਸ਼ ਦੇ ਸਾਬਕਾ ਮੈਂਬਰ ਅਤੇ ਚੇਅਰ ਮੈਨ ਵਸੀਮ ਰਿਜ਼ਵੀ ਦੀ ਘਰ ਵਾਪਸੀ ਯਨੀ ਮੁਸਲਮਾਨ ਧਰਮ ਤੋਂ ਹਿੰਦੂ ਧਰਮ ਵਿੱਚ ਤਬਦੀਲੀ ਕਾਰਵਾਈ ਹੈ। ਹੁਣ ਵਸੀਮ ਰਿਜ਼ਵੀ ਦਾ ਨਾਮ ਜਿਤੇਂਦਰ ਨਾਥ ਸਿੰਘ ਤਿਆਗੀ ਹੋ ਗਿਆ ਹੈ ਅਤੇ ਉਸਨੇ ਮਹਾ ਕੁੰਭ ਵੇਲੇ ਗੰਗਾ ਵਿੱਚ ਡੁਬਕੀ ਲਗਾ ਕੇ ਕਿਹਾ, “ਮੈਂ ਸਨਾਤਨੀ ਬਣ ਗਿਆ ਹਾਂ। ਜਿਹੜੇ ਮੁਸਲਮਾਨ ਸਨਾਤਨੀ ਬਣ ਜਾਣਗੇ, ਉਹਨਾਂ ਨੂੰ ਹਰ ਮਹੀਨੇ 3000 ਰੁਪਏ ਦਿੱਤੇ ਜਾਣਗੇ ਅਤੇ ਕਾਰੋਬਾਰ ਵਿੱਚ ਵੀ ਸਹਾਇਤਾ ਕੀਤੀ ਜਾਵੇਗੀ। ਅਸੀਂ ਛੇਤੀ ਹੀ ਇੱਕ ਸੰਸਥਾ ਕਾਇਮ ਕਰ ਰਹੇ ਹਾਂ ਜਿਸ ਕੋਲ ਐਨਾ ਧਨ ਹੋਵੇਗਾ ਕਿ ਹਰ ਮੁਸਲਮਾਨ ਤੋਂ ਸਨਾਤਨੀ ਬਣਨ ਵਾਲੇ ਨੂੰ 3000 ਰੁਪਏ ਹਰ ਮਹੀਨੇ ਦਿੱਤੇ ਜਾ ਸਕਣ।” ਇੱਥੇ ਯਾਦ ਰੱਖਣ ਵਾਲੀ ਗੱਲ ਹੈ ਕਿ ਜਿੱਥੇ ਵੀ ਕਿਤੇ ਈਸਾਈਆਂ ਦਾ ਇਕੱਠ ਹੋ ਰਿਹਾ ਹੋਵੇ ਤਾਂ ਉੱਥੇ ਆਰ ਐੱਸ ਐੱਸ ਦੇ ਵਿੰਗ ਹਿੰਦੂ ਮਹਾ ਸਭਾ ਜਾਂ ਬਜਰੰਗ ਦਲ ਵਰਗੇ ਇਹ ਕਹਿ ਕੇ ਹਮਲਾ ਕਰ ਦਿੰਦੇ ਹਨ ਕਿ ਤੁਸੀਂ ਲਾਲਚ ਦੇ ਕੇ ਹਿੰਦੂਆਂ ਨੂੰ ਇਸਾਈ ਬਣਾ ਰਹੇ ਹੋ।
ਸਭ ਨੂੰ ਸਨਾਤਨੀ ਬਣਾਉਣ ਦਾ ਸਿੱਧਾ ਅਰਥ ਹੈ ਭਾਰਤੀ ਸੰਵਿਧਾਨ ਦੀ ਬਜਾਏ ਹਰ ਖੇਤਰ ਵਿੱਚ ਮਨੂੰ ਸਮਰਿਤੀ ਲਾਗੂ ਕੀਤੀ ਜਾਵੇ। ਮਨੂੰ ਸਮਰਿਤੀ ਅਨੁਸਾਰ ਔਰਤ ਨੂੰ ਅਜ਼ਾਦੀ ਬਿਲਕੁਲ ਨਹੀਂ। ਜਦੋਂ ਵੀ ਉਸ ਨੇ ਘਰ ਤੋਂ ਬਾਹਰ ਜਾਣਾ ਹੋਵੇ ਤਾਂ ਉਸ ਨਾਲ ਇੱਕ ਮਰਦ ਦਾ ਹੋਣਾ ਜ਼ਰੂਰੀ ਹੈ। ਉਸ ਨਾਲ ਉਸ ਦਾ ਪਿਤਾ ਜਾਂ ਭਰਾ ਹੋ ਸਕਦਾ ਹੈ। ਜੇਕਰ ਔਰਤ ਵਿਆਹੀ ਜਾਵੇ ਤਾਂ ਉਹ ਆਪਣੇ ਪਤੀ ਦੇ ਅਧੀਨ ਹੋਵੇਗੀ। ਜੇਕਰ ਪਤੀ ਇਸ ਸੰਸਾਰ ਨੂੰ ਛੱਡ ਚੁੱਕਿਆ ਹੈ ਤਾਂ ਉਹ ਆਪਣੇ ਪੁੱਤਰਾਂ ਦੇ ਅਧੀਨ ਹੋਵੇਗੀ। ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਹੈ ਤਾਂ ਉਹ ਆਪਣੇ ਪਿਤਾ ਦੇ ਘਰ ਵਾਪਸ ਆ ਜਾਵੇਗੀ ਅਤੇ ਉੱਥੇ ਪਿਤਾ ਜਾਂ ਪੁੱਤਰਾਂ ਦੀ ਦੇਖ ਰੇਖ ਵਿੱਚ ਕੰਮ ਕਰੇਗੀ। ਵਿਧਵਾ ਔਰਤ ਨੂੰ ਦੂਜਾ ਵਿਆਹ ਕਰਵਾਉਣ ਦੀ ਮਨੂੰ ਸਮਰਤੀ ਅਨੁਸਾਰ ਆਗਿਆ ਨਹੀਂ ਹੈ। ਮਨੂੰ ਸਮਰਿਤੀ ਅਨੁਸਾਰ ਹਿੰਦੂਆਂ ਦੇ ਚਾਰ ਵਰਣਾਂ ਨੂੰ ਬਰਾਬਰੀ ਦਾ ਅਧਿਕਾਰ ਬਿਲਕੁਲ ਨਹੀਂ ਹੈ। ਦਲਿਤਾਂ ਨੂੰ, ਜਿਹੜੇ ਉਸ ਵੇਲੇ ਸ਼ੂਦਰ ਕਹੇ ਜਾਂਦੇ ਸਨ, ਜਾਇਦਾਦ ਬਣਾਉਣ ਦਾ ਜਾਂ ਧਨ ਇਕੱਠਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜੇਕਰ ਪਤਾ ਲੱਗੇ ਕਿ ਕਿਸੇ ਦਲਿਤ ਨੇ ਆਪਣਾ ਮਕਾਨ ਬਣਾ ਲਿਆ ਹੈ ਤਾਂ ਬ੍ਰਾਹਮਣ ਉਸ ’ਤੇ ਕਬਜ਼ਾ ਕਰ ਸਕਦਾ ਹੈ। ਜੇਕਰ ਦਲਿਤ ਨੇ ਧਨ ਇਕੱਠਾ ਕਰ ਲਿਆ ਹੈ ਤਾਂ ਬ੍ਰਾਹਮਣ ਉਸ ਦਾ ਸਾਰਾ ਧਨ ਚੁੱਕ ਲਵੇਗਾ। ਦਲਿਤ ਕੇਵਲ ਸਵਰਨ ਜਾਤੀਆਂ ਦੀ ਸੇਵਾ ਕਰੇਗਾ ਅਤੇ ਇਸ ਕੰਮ ਲਈ ਉਸ ਨੂੰ ਕੇਵਲ ਜਿਊਣ ਦਾ ਅਧਿਕਾਰ ਹੋਵੇਗਾ। ਉਸ ਵਕਤ ਦੀ ਸਿੱਖਿਆ ਵੇਦਾਂ ਨੂੰ ਦਲਿਤ ਲਈ ਪੜ੍ਹਨ ਦੀ ਮਨਾਹੀ ਸੀ ਅਤੇ ਵੇਦ ਪੜ੍ਹ ਲੈਣ ’ਤੇ ਮੌਤ ਦੀ ਸਜ਼ਾ ਵੀ ਹੋ ਜਾਂਦੀ ਸੀ। ਉਦੋਂ ਤੋਂ ਹੀ ਚਲੀ ਆ ਰਹੀ ਪਰੰਪਰਾ ਅਨੁਸਾਰ ਕੁਝ ਮੰਦਿਰਾਂ ਵਿੱਚ ਅੱਜ ਵੀ ਦਲਿਤ ਨਹੀਂ ਜਾ ਸਕਦੇ ਭਾਵੇਂ ਉਹ ਸਾਂਸਦ ਹੋਣ, ਮੰਤਰੀ ਹੋਣ ਜਾਂ ਰਾਸ਼ਟਰਪਤੀ ਹੋਣ।
ਬਾਬਾ ਸਾਹਿਬ ਅੰਬੇਦਕਰ ਵੱਲੋਂ ਲਿਖੇ ਗਏ ਭਾਰਤੀ ਸੰਵਿਧਾਨ ਨੂੰ ਰੱਦ ਕਰਕੇ ਉਸ ਦੀ ਥਾਂ ਮਨੂੰ ਸਮਰਿਤੀ ਲਾਗੂ ਕਰਨ ਦੀ ਮਨਸ਼ਾ ਆਰ ਐੱਸ ਐੱਸ ਅਤੇ ਇਸਦੇ ਭਾਜਪਾ ਵਰਗੇ ਕਈ ਵਿੰਗਾਂ ਦੀ ਹੈ। ਪਰ ਦੇਸ਼ ਦੇ ਰਾਜਨੀਤਿਕ ਮਾਹੌਲ ਦੇ ਮੱਦੇ ਨਜ਼ਰ ਇਹ ਖੁੱਲ੍ਹ ਕੇ ਆਪਣੀ ਮਨਸ਼ਾ ਨਹੀਂ ਦੱਸ ਰਹੇ। ਮਨੂੰ ਸਮਰਿਤੀ ਨੂੰ ਸੰਵਿਧਾਨ ਦੀ ਜਗ੍ਹਾ ਲਾਗੂ ਕਰਨ ਲਈ ਆਰ ਐੱਸ ਐੱਸ ਵੱਲੋਂ ਪ੍ਰੇਰਿਤ ਅਤੇ ਸਥਾਪਿਤ ਕੀਤੇ ਕੁਝ ਸੰਸਥਾਨ, ਜੋਕਿ ਆਪਣੇ ਆਪ ਨੂੰ ਕੇਵਲ ਧਾਰਮਿਕ ਕਹਿੰਦੇ ਹਨ, ਖੁੱਲ੍ਹ ਕੇ ਕਹਿ ਰਹੇ ਹਨ ਕਿ ਮਨੂੰ ਸਮਰਿਤੀ ਲਾਗੂ ਕਰਾਂਗੇ। 17 ਤੋਂ 19 ਦਸੰਬਰ 2022 ਵਿੱਚ ਪ੍ਰਯਾਗਰਾਜ ਵਿਖੇ ਇੱਕ ਧਰਮ ਸੰਸਦ ਹੋਈ ਸੀ, ਜਿਸ ਵਿੱਚ ਕੁਝ ਹਿੰਦੂ ਰਾਸ਼ਟਰ ਦੇ ਪੈਰੋਕਾਰਾਂ ਸਮੇਤ ਵੱਡੇ ਵੱਡੇ ਸਾਧੂ ਸੰਤਾਂ ਨੇ ਹਿੱਸਾ ਲਿਆ। ਇਸ ਵਿੱਚ ਹਿੰਦੂਆਂ ਨੂੰ ਹਥਿਆਰ ਚੁੱਕਣ ਲਈ ਕਿਹਾ ਗਿਆ, ਹਿੰਦੂ ਔਰਤਾਂ ਵੀ ਹਥਿਆਰ ਚੁੱਕਣ, ਮੁਸਲਮਾਨਾਂ ਦੀ ਅਬਾਦੀ ਨਾ ਵਧਣ ਦਿੱਤੀ ਜਾਵੇ, ਕੋਈ ਮੁਸਲਿਮ ਪ੍ਰਧਾਨ ਮੰਤਰੀ ਨਾ ਬਣ ਸਕੇ। ਹਿੰਦੂ ਰਾਸ਼ਟਰ ਬਣਾਉਣ ਲਈ ਬੜੇ ਭੜਕਾਊ ਭਾਸ਼ਣ ਦਿੱਤੇ ਗਏ। ਇਹ ਵੀ ਕਿਹਾ ਗਿਆ ਕਿ ਕਿ ਅਸੀਂ ਅੰਬੇਡਕਰ ਦੇ ਬਣਾਏ ਸੰਵਿਧਾਨ ਦੀ ਜਗ੍ਹਾ ਹਿੰਦੂ ਰਾਸ਼ਟਰ ਦਾ ਸੰਵਿਧਾਨ ਬਣਾ ਰਹੇ ਹਾਂ। ਹਿੰਦੂ ਰਾਸ਼ਟਰ ਸੰਵਿਧਾਨ ਵਿੱਚ ਸ਼੍ਰੀਮਦ ਭਾਗਵਤ ਗੀਤਾ, ਸ਼੍ਰੀਮਦ ਰਾਮਚਰਿਤ ਮਾਨਸ, ਮਨੂੰ ਸਮਰਿਤੀ, ਵੇਦਾਂ ਅਤੇ ਪੁਰਾਣਾ ਤੋਂ ਲਏ ਗਏ ਨੁਕਤੇ ਸ਼ਾਮਿਲ ਹੋਣਗੇ। ਤਿੰਨ ਸਾਲ ਤੋਂ ਅੱਠ ਸਾਲ ਦੇ ਬੱਚਿਆਂ ਲਈ ਗੁਰੂਕੁਲ ਦੀ ਪੜ੍ਹਾਈ ਲਾਜ਼ਮੀ ਹੋਵੇਗੀ ਅਤੇ ਉਹ ਆਪਣੀ ਮਰਜ਼ੀ ਦੇ ਗੁਰੂਕੁਲ ਵਿੱਚ ਦਾਖਲਾ ਲੈ ਸਕਣਗੇ। ਇਹ ਸੰਵਿਧਾਨ ਛੇਤੀ ਹੀ ਭਾਰਤ ਵਿੱਚ ਲਾਗੂ ਹੋਵੇਗਾ।
ਕੀ ਸਾਰੀਆਂ ਖੱਬੀਆਂ ਧਿਰਾਂ ਦਾ ਇਸ ਮੌਕੇ ਫਰਜ਼ ਨਹੀਂ ਬਣਦਾ ਕਿ ਸੰਘ ਪਰਿਵਾਰ ਦੇ ਫਾਸ਼ੀਵਾਦ ਵਲ ਵਧਦੇ ਕਦਮਾਂ ਨੂੰ ਰੋਕਣ ਲਈ ਇੱਕ ਜੁੱਟ ਹੋਇਆ ਜਾਵੇ?
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)