“ਟਰੰਪ ਦੇ ਨਿਸ਼ਾਨੇ ਉੱਤੇ ਚੀਨ ਅਤੇ ਰੂਸ ਤੋਂ ਵੀ ਪਹਿਲਾਂ ਗੁਆਂਢੀ ਮੁਲਕ ਕੈਨੇਡਾ ...”
(1 ਫਰਵਰੀ 2025)
ਅਮਰੀਕਾ ਵਿੱਚ ਟਰੰਪ ਯੁਗ ਦੀ ਸ਼ੁਰੂਆਤ ਹੋ ਗਈ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਬਣਨ ਦੇ ਨਾਲ ਹੀ ਟਰੰਪ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਨੇ ਪਹਿਲੇ ਹੀ ਦਿਨ ਵੀਹ ਝੂਠ ਬੋਲੇ ਹਨ ਜਾਂ ਵੀਹ ਝੂਠੇ ਵਾਅਦੇ ਕੀਤੇ ਹਨ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਆਪਣੇ ਪਹਿਲੇ ਕਾਰਜ ਕਾਲ ਦੌਰਾਨ ਡੌਨਲਡ ਟਰੰਪ ਨੇ 30573 ਝੂਠ ਬੋਲੇ ਸਨ ਅਰਥਾਤ ਉਹਨਾਂ ਵੱਲੋਂ ਰੋਜ਼ਾਨਾ ਔਸਤਨ 21 ਝੂਠ ਬੋਲੇ ਗਏ ਸਨ। ਟਰੰਪ ਨੇ ਦੂਜੇ ਕਾਰਜਕਾਲ ਦੇ ਪਹਿਲੇ ਦਿਨ ਹੀ ਵਾਅਦਿਆਂ, ਦਾਅਵਿਆਂ ਦੀ ਝੜੀ ਲਗਾ ਦਿੱਤੀ। ਉਹਨਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ 33 ਹਤਿਆਰਿਆਂ ਦੀ ਸਜ਼ਾ ਮੁਆਫ਼ ਕੀਤੀ, ਸਾਲ 2020 ਦੀਆਂ ਚੋਣਾਂ ਵਿੱਚ ਧਾਂਦਲੀ ਹੋਈ, ਬਾਇਡਨ ਦੇ ਰਾਜ ਵਿੱਚ ਰਿਕਾਰਡ ਤੋੜ ਮਹਿੰਗਾਈ ਹੋਈ, ਚੀਨ ਨੇ ਬਾਇਡਨ ਰਾਜ ਵੇਲੇ ਪਨਾਮਾ ਨਹਿਰ ’ਤੇ ਕਬਜ਼ਾ ਕੀਤਾ, ਬਾਇਡਨ ਨੇ ਖ਼ਤਰਨਾਕ ਅਪਰਾਧੀਆਂ ਨੂੰ ਸ਼ਰਨ ਦਿੱਤੀ ਆਦਿ-ਆਦਿ। ਪਰ ਇਹ ਸਾਰੇ ਦਾਅਵੇ ਮੀਡੀਆ ਨੇ ਝੁਠਲਾ ਦਿੱਤੇ।
ਮੁਢਲੇ ਤੌਰ ’ਤੇ ਦੁਨੀਆ ਭਰ ਵਿੱਚ ਅਮਰੀਕਾ ਨੂੰ ‘ਥਾਣੇਦਾਰ’ ਦਾ ਦਰਜਾ ਮਿਲਿਆ ਹੋਇਆ ਹੈ। ਟਰੰਪ ਦੇ ਮੁੜ ਸੱਤਾ ਵਿੱਚ ਆਉਣ ਨਾਲ ਇੱਕ ਸਖ਼ਤ ਠਾਣੇਦਾਰ ਅਮਰੀਕਾ ਨੂੰ ਮਿਲਿਆ ਹੈ, ਜੋ ਡੰਡੇ ਦੇ ਜ਼ੋਰ ਨਾਲ ਸਾਰੀ ਦੁਨੀਆ ਨੂੰ ਡਰਾ ਕੇ ਰੱਖਣ ਦਾ ਹਾਮੀ ਹੈ। ਉਸ ਦੇ ਪਿੱਛੇ ਸਿਲਿਕਨ ਵੈਲੀ (Silicon Valley) ਦੇ ਵੱਡੇ ਦਿੱਗਜਾਂ ਦੀ ਟੇਕ ਹੈ। ਅਮਰੀਕੀ ਅਰਬਪਤੀ, ਖਰਬਪਤੀ ਸੁੰਦਰ ਪਿਚਾਈ, ਜ਼ਕਰਬਰਗ, ਜੈੱਫ ਬੇਜੋਸ ਅਤੇ ਵੱਡੇ ਅਮੀਰ ਕਾਰਪੋਰੇਟ ਘਰਾਣੇ ਉਸ ਦੀ ਪਿੱਠ ’ਤੇ ਖੜ੍ਹੇ ਹਨ।
ਗੱਦੀ ਸੰਭਾਲਦਿਆਂ ਹੀ ਡੌਨਲਡ ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਧਮਕਾਇਆ। ਕਿਊਬਾ ਨੂੰ ਬਲੈਕ ਲਿਸਟ ਵਿੱਚ ਪਾ ਦਿੱਤਾ। ਵਿਸ਼ਵ ਸਿਹਤ ਸੰਗਠਨ ਅਤੇ ਪੈਰਿਸ ਜਲਵਾਯੂ ਸਮਝੌਤੇ ਵਿੱਚੋਂ ਵੀ ਨਿਕਲਣ ਦਾ ਉਸ ਨੇ ਐਲਾਨ ਕਰ ਦਿੱਤਾ। ਬ੍ਰਿਕਸ ਦੇਸ਼, ਜਿਨ੍ਹਾਂ ਵਿੱਚ ਭਾਰਤ ਸਮੇਤ 10 ਦੇਸ਼ਾਂ ਦੀ ਸ਼ਮੂਲੀਅਤ ਹੈ, ਨੂੰ ਉਸਨੇ ਚਿਤਾਵਣੀ ਦਿੱਤੀ ਹੈ ਕਿ ਜੇ ਉਹਨਾਂ ਨੇ ਅਮਰੀਕੀ ਡਾਲਰ ਨੂੰ ਬਦਲਣ ਲਈ ਕੋਈ ਚਾਰਾਜੋਈ ਕੀਤੀ ਤਾਂ ਉਹ ਉਹਨਾਂ ’ਤੇ 100 ਫ਼ੀਸਦੀ ਟੈਕਸ ਲਗਾਉਣਗੇ। ਸਹੁੰ ਚੁੱਕਣ ਦੇ ਛੇ ਘੰਟਿਆਂ ਅੰਦਰ ਹੀ ਬਾਇਡਨ ਸਰਕਾਰ ਦੇ 78 ਫ਼ੈਸਲਿਆਂ ਨੂੰ ਉਹਨਾਂ ਪਲਟ ਦਿੱਤਾ, ਜਿਸ ਵਿੱਚ ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ, ਸੈਰ ਉਨ੍ਹਾਂ ਦੇ ਅਮਰੀਕਾ ਵਿੱਚ ਜਨਮੇ ਬੱਚਿਆਂ ਦੀ ਨਾਗਰਿਕਤਾ ਖ਼ਤਮ ਕਰਨ ਜਿਹੇ ਅਤਿ ਮਹੱਤਵਪੂਰਨ ਫ਼ੈਸਲੇ ਸ਼ਾਮਲ ਹਨ। ਟਰੰਪ ਨੇ ਉਹਨਾਂ ਮਾਪਿਆਂ ਦੇ ਬੱਚਿਆਂ ਨੂੰ ਜਨਮ ਜਾਤ ਨਾਗਰਿਕਤਾ ਦੇਣ ਤੋਂ ਇਨਕਾਰ ਕਰਨ ਦਾ ਤਤਕਾਲੀ ਹੁਕਮ ਦਿੱਤਾ, ਜਿਹੜੇ ਗ਼ੈਰ ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਰਹਿ ਰਹੇ ਹਨ ਜਾਂ ਆਰਜ਼ੀ ਵੀਜ਼ੇ ’ਤੇ ਰਹਿ ਰਹੇ ਹਨ।
ਟਰੰਪ ਦੇਸ਼ ਅਮਰੀਕਾ ਵਿੱਚ ਪੁਰਾਤਨ ਯੁਗ ਲਿਆਉਣ ਦਾ ਹਾਮੀ ਹੈ। ਡੌਨਲਡ ਟਰੰਪ ਨੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਕਈ ਐਕਸ਼ਨ ਕੀਤੇ, ਪਰ ਸਭ ਤੋਂ ਵੱਧ ਚਰਚਾ ਅਮੀਰਜ਼ਾਦੇ ਐਲਨ ਮਸਕ ਦੇ ਸਲੂਟ ਦੀ ਹੋ ਰਹੀ ਹੈ। ਅਮਰੀਕੀ ਮੀਡੀਏ ’ਤੇ ਸੋਸ਼ਲ ਮੀਡੀਏ ਵੱਲੋਂ ਇਸ ਸਲੂਟ ਦੀ ਤੁਲਨਾ ਹਿਟਲਰ ਦੇ ਨਾਜ਼ੀ ਸਲੂਟ ਨਾਲ ਕੀਤੀ ਜਾ ਰਹੀ ਹੈ। ਹਿਟਲਰ ਨੇ ਇਸ ਸਲੂਟ ਦਾ ਇਸਤੇਮਾਲ 1933 ਤੋਂ 1945 ਤਕ ਤੀਜੇ ਰਾਈਖ (ਤੀਜਾ ਜਰਮਨ ਸਾਮਰਾਜ) ਦੌਰਾਨ ਕੀਤਾ ਸੀ। ਜਾਪਦਾ ਹੈ ਟਰੰਪ ਹਿਟਲਰੀ ਸੋਚ ਦਾ ਮੁਦਈ ਹੈ। ਉਸ ਅਨੁਸਾਰ ਅਮਰੀਕਾ ਵਿੱਚ ਸਿਰਫ਼ ਅਮਰੀਕੀਆਂ ਨੂੰ ਹੀ ਵਸਣ ਦਾ ਅਧਿਕਾਰ ਹੈ। ਉਹ ਪਰਵਾਸੀਆਂ, ਖ਼ਾਸ ਕਰ ਕੇ ਨਜਾਇਜ਼ ਤੌਰ ’ਤੇ ਅਮਰੀਕਾ ਪੁੱਜੇ ਪਰਵਾਸੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਤਤਪਰ ਦਿਸਦਾ ਹੈ। ਟਰੰਪ ਨੇ ਇੱਕ ਹੁਕਮ ਜਾਰੀ ਕਰਕੇ 30,000 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਕੇ ਬਦਨਾਮ ਗਵਾਂਤਾਨਾਮੋ ਬੇ ਜੇਲ੍ਹ (ਕਿਊਬਾ) ਵਿੱਚ ਡੱਕਣ ਲਈ ਤਿਆਰੀਆਂ ਕਰਨ ਦਾ ਹੁਕਮ ਕੀਤਾ ਹੈ। ਇਸ ਜੇਲ੍ਹ ਵਿੱਚ 30,000 ਕੈਦੀਆਂ ਨੂੰ ਡੱਕਣ ਲਈ ਤੁਰੰਤ ਮੰਜੇ-ਬਿਸਤਰੇ ਤਿਆਰ ਕਰ ਦਿੱਤੇ ਗਏ ਹਨ। ਇਸ ਜੇਲ੍ਹ ਵਿੱਚ ਆਮ ਤੌਰ ’ਤੇ ਅਤਿ ਖ਼ਤਰਨਾਕ ਅੱਤਵਾਦੀਆਂ, ਅਪਰਾਧੀਆਂ ਨੂੰ ਅਤਿਅੰਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਜਾਂਦਾ ਹੈ। ਇੱਥੇ ਕੈਦੀਆਂ ਨੂੰ ਬਹੁਤ ਤਸੀਹੇ ਦਿੱਤੇ ਜਾਂਦੇ ਹਨ। ਕੈਦੀਆਂ ਨੂੰ ਬਿਨਾਂ ਮੁਕੱਦਮੇ ਅਣਮਿੱਥੇ ਸਮੇਂ ਲਈ ਰੱਖਿਆ ਜਾਂਦਾ ਹੈ। ਪਿਛਲੇ 20 ਸਾਲਾਂ ਵਿੱਚ ਇੱਥੇ ਘੱਟੋ-ਘੱਟ 9 ਕੈਦੀਆਂ ਦੀ ਮੌਤ ਹੋਈ ਅਤੇ 7 ਨੇ ਆਤਮ ਹੱਤਿਆ ਕੀਤੀ। ਕੈਦੀਆਂ ਨੂੰ ਕਠਿਨ ਤਸੀਹੇ ਦੇਣ ਦੀ ਵਜਾਹ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਇਸ ਜੇਲ੍ਹ ਨੂੰ ਵਿਰੋਧ ਝੱਲਣਾ ਪਿਆ। ਇਸ ਸਮੇਂ ਇਸ ਜੇਲ੍ਹ ਵਿੱਚ ਸਿਰਫ਼ 15 ਕੈਦੀ ਹਨ। ਸਾਲ 2020 ਤੋਂ 2023 ਤਕ ਇੱਥੇ ਸਿਰਫ਼ 37 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਗਿਆ। ਰਾਸ਼ਟਰਪਤੀ ਬਰਾਕ ਓਬਾਮਾ ਅਤੇ ਜੋਅ ਬਾਇਡਨ ਇਸ ਜੇਲ੍ਹ ਨੂੰ ਬੰਦ ਕਰਨ ਲਈ ਯਤਨ ਕਰ ਚੁੱਕੇ ਹਨ, ਪਰ ਅਮਰੀਕੀ ਕਾਂਗਰਸ ਦੇ ਵਿਰੋਧ ਕਾਰਨ ਬੰਦ ਨਹੀਂ ਕੀਤੀ ਜਾ ਸਕੀ।
ਇੱਕ ਸੂਚਨਾ ਅਨੁਸਾਰ ਅਮਰੀਕਾ ਵਿੱਚ ਦੁਨੀਆਂ ਭਰ ਦੇ 1 ਕਰੋੜ ਦੇ ਕਰੀਬ ਨਜਾਇਜ਼ ਤੌਰ ’ਤੇ ਅਮਰੀਕਾ ਵਸੇ ਪਰਵਾਸੀ (ਟਰੰਪ ਅਨੁਸਾਰ 2 ਕਰੋੜ) ਜਿਨ੍ਹਾਂ ਵਿੱਚ 6 ਲੱਖ ਪਰਵਾਸੀ ਭਾਰਤੀ ਵੀ ਸ਼ਾਮਲ ਹਨ, ਜੋ ਮੋਟੀਆਂ ਰਕਮਾਂ ਦੇ ਕੇ ਕੈਨੇਡਾ ਤੋਂ ਜਾਂ ਮੈਕਸੀਕੋ ਰਾਹੀਂ ਅਮਰੀਕਾ ਪੁੱਜੇ ਹਨ, ਉਹ ਟਰੰਪ ਦੇ ਡਰ ਤੋਂ ਸੁਰੱਖਿਅਤ ਟਿਕਾਣਿਆਂ ਕੈਲੀਫੋਰਨੀਆ ਅਤੇ ਹੋਰ ਰਾਜਾਂ ਵਿੱਚ ਜਾ ਦੁਬਕੇ ਹਨ, ਜਿੱਥੇ ਬਾਇਡਨ ਅਤੇ ਕਮਲਾ ਹੈਰਿਸ ਦੀ ਪਾਰਟੀ ਡੈਮੋਕਰੈਟਿਕ ਦਾ ਰਾਜ ਹੈ। ਟਰੰਪ ਨੇ ਮੈਕਸੀਕੋ ਬਾਰਡਰ ਬੰਦ ਕਰ ਦਿੱਤਾ ਹੈ ਅਤੇ ਨਜਾਇਜ਼ ਪਰਵਾਸੀਆਂ ਦੇ ਲਾਂਘੇ ਨੂੰ ਸਖ਼ਤੀ ਨਾਲ ਰੋਕ ਦਿੱਤਾ ਹੈ। ਅਮਰੀਕੀ ਬਾਰਡਰ ਇੰਮੀਗਰੇਸ਼ਨ ਅਨੁਸਾਰ ਕੈਨੇਡਾ ਬਾਰਡਰ ਤੋਂ 2.75 ਲੱਖ, ਮੈਕਸੀਕੋ ਬਾਰਡਰ ਤੋਂ 2.25 ਲੱਖ ਅਤੇ ਹੋਰ ਬਾਰਡਰਾਂ ਰਾਹੀਂ ਦੋ 2.25 ਲੱਖ ਭਾਰਤੀ ਅਮਰੀਕਾ ਪੁੱਜੇ ਹੋਏ ਹਨ। ਟਰੰਪ ਪ੍ਰਸ਼ਾਸਨ ਨੇ ਤੁਰੰਤ 18000 ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਭਾਰਤ ਭੇਜਣ ਦਾ ਫ਼ੈਸਲਾ ਲੈ ਲਿਆ ਹੈ। ਰਾਸ਼ਟਰਪਤੀ ਟਰੰਪ ਨੇ ਲੇਕਨ ਰਿਲੇਅ ਐਕਟ ਉੱਪਰ ਦਸਤਖ਼ਤ ਕੀਤੇ ਹਨ, ਜਿਹੜਾ ਗ਼ੈਰ-ਕਾਨੂੰਨੀ ਪਰਵਾਸੀਆਂ ਵਿਰੁੱਧ ਕਾਰਵਾਈ ਲਈ ਇੰਮੀਗਰੇਸ਼ਨ ਅਫਸਰਾਂ ਨੂੰ ਬਹੁਤ ਜ਼ਿਆਦਾ ਅਧਿਕਾਰ ਦਿੰਦਾ ਹੈ। ਹੁਣ ਇਸ ਕਾਨੂੰਨ ਤਹਿਤ ਇੰਮੀਗਰੇਸ਼ਨ ਅਫਸਰ ਗ਼ੈਰ-ਕਾਨੂੰਨੀ ਪਰਵਾਸੀ ਨੂੰ ਉਸੇ ਵੇਲੇ ਆਪਣੀ ਹਿਰਾਸਤ ਵਿੱਚ ਲੈ ਸਕਣਗੇ, ਜਦੋਂ ਕਿਸੇ ਅਪਰਾਧ ਤਹਿਤ ਪੁਲਿਸ ਅਫਸਰਾਂ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਸ ਵਿਰੁੱਧ ਮੁਕੱਦਮੇ ਦੀ ਬਜਾਏ ਉਸ ਨੂੰ ਸਿੱਧਾ ਦੇਸ਼-ਨਿਕਾਲਾ ਦੇ ਦਿੱਤਾ ਜਾਵੇਗਾ।
ਟਰੰਪ ਤਾਕਤ ਦੇ ਗ਼ਰੂਰ ਵਿੱਚ ਇੰਨਾ ਨਸ਼ਿਆਂ ਚੁੱਕਾ ਹੈ ਕਿ ਨਿੱਤ-ਦਿਹਾੜੇ ਉਸ ਵੱਲੋਂ ਗ਼ੈਰ ਕਾਨੂੰਨੀ ਆਦੇਸ਼ ਜਾਰੀ ਹੋ ਰਹੇ ਹਨ, ਜਿਨ੍ਹਾਂ ਨੂੰ ਅਮਰੀਕੀ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਗਈ ਹੈ। ਸਿਐਟਲ ਦੀ ਅਮਰੀਕੀ ਸੰਘੀ ਅਦਾਲਤ ਵੱਲੋਂ ਜਨਮ ਦੇ ਅਧਾਰ ’ਤੇ ਨਾਗਰਿਕਤਾ ਖ਼ਤਮ ਕਰਨ ਦੇ ਟਰੰਪ ਦੇ ਹੁਕਮਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਹੈ ਕਿ ਜਨਮ ਦੇ ਅਧਾਰ ’ਤੇ ਨਾਗਰਿਕਤਾ ਦੇਣ ਤੋਂ ਇਨਕਾਰ ਕਰਨਾ ਗ਼ੈਰ ਕਾਨੂੰਨੀ ਅਤੇ ਜ਼ਾਲਮਾਨਾ ਹੈ ਤੇ ਅਮਰੀਕੀ ਕਦਰਾਂ-ਕੀਮਤਾਂ ਦੇ ਉਲਟ ਹੈ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅਮਰੀਕੀ ਸੰਵਿਧਾਨ ਦੀ ਚੌਦਵੀਂ ਸੋਧ ਜਨਮ ਨਾਗਰਿਕਤਾ ਗਰੰਟੀ ਨੂੰ 1868 ਵਿੱਚ ਸਿਵਲ ਯੁੱਧ ਦੇ ਮੱਦੇ ਨਜ਼ਰ ਪ੍ਰਵਾਨਗੀ ਦਿੱਤੀ ਗਈ ਸੀ, ਤਾਂ ਜੋ ਗੁਲਾਮ ਕਾਲੇ ਲੋਕ ਵੀ ਨਾਗਰਿਕ ਬਣ ਸਕਣ। ਅਮਰੀਕੀ ਸੈਨਟ ਵਿੱਚ ਇੱਕ ਬਿੱਲ ਪੇਸ਼ ਕਰਦੇ ਹੋਏ ਅਮਰੀਕਾ ਵਿੱਚ ਜਨਮ ਤੋਂ ਹੀ ਨਾਗਰਿਕਤਾ ਦੇ ਅਧਿਕਾਰ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ ਹੈ। ਇਹ ਬਿੱਲ ਸੱਤਾਧਾਰੀ ਰੀਪਬਲਿਕਨ ਪਾਰਟੀ ਦੇ ਤਿੰਨ ਮੈਂਬਰਾਂ ਵੱਲੋਂ ਲਿਆਂਦਾ ਗਿਆ ਹੈ। ਇੱਥੇ ਇਹ ਵਰਣਨ ਯੋਗ ਹੈ ਕਿ ਸਾਲ 2023 ਵਿੱਚ 2-2.5 ਲੱਖ ਬੱਚਿਆਂ ਨੂੰ ਜਨਮ ਅਧਿਕਾਰ ਨਾਗਰਿਕਤਾ ਮਿਲੀ ਸੀ। ਟਰੰਪ ਦਾ ਬਿਆਨ ਵੀ ਚਰਚਾ ਵਿੱਚ ਹੈ ਕਿ ਜਨਮ ਜਾਤ ਨਾਗਰਿਕਤਾ ਮੁੱਖ ਤੌਰ ’ਤੇ ਗੁਲਾਮਾਂ ਦੇ ਬੱਚਿਆਂ ਲਈ ਸੀ। ਇਹ ਪੂਰੀ ਦੁਨੀਆਂ ਦੇ ਲੋਕਾਂ ਦੇ ਅਮਰੀਕਾ ਆਉਣ ਤੇ ਭੀੜ ਲਗਾਉਣ ਲਈ ਨਹੀਂ ਹੈ।
ਡੌਨਲਡ ਟਰੰਪ ਅਤੇ ਉਸਦੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਵੱਲੋਂ ਕੀਤੇ ਸੱਚੇ ਝੂਠੇ ਵਾਅਦਿਆਂ ਦੀ ਪੂਰਤੀ ਲਈ ਇੰਨੇ ਕਾਹਲੇ ਹਨ ਕਿ ਉਹਨਾਂ ਵੱਲੋਂ ਇੰਮੀਗਰੇਸ਼ਨ ਕਸਟਮ ਇਨਫੋਰਸਮੈਂਟ ਅਤੇ ਸਰਹੱਦੀ ਸੁਰੱਖਿਆ ਲਾਗੂ ਕਰਨ ਲਈ ਬਾਇਡਨ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰ ਦਿੱਤਾ, ਜੋ ਅਖੌਤੀ ਸੰਵੇਦਨਸ਼ੀਲ ਖੇਤਰਾਂ ਜਾਂ ਉਹਨਾਂ ਨੇੜੇ ਕਾਨੂੰਨ ਲਾਗੂ ਕਰਨ ਸੰਬੰਧੀ ਕਾਰਵਾਈਆਂ ਨੂੰ ਰੋਕਦੀਆਂ ਹਨ। ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਵਿੱਚ ਗੁਰਦੁਆਰਾ ਅਤੇ ਚਰਚ ਵਰਗੇ ਪੂਜਾ ਸਥਾਨ ਵੀ ਸ਼ਾਮਲ ਹਨ। ਇਨ੍ਹਾਂ ਕਾਰਵਾਈਆਂ ਦੇ ਚਲਦਿਆਂ ਅਮਰੀਕੀ ਏਜੰਸੀਆਂ ਵੱਲੋਂ ਗੁਰਦੁਆਰਿਆਂ ਦੇ ਗੇੜੇ ਮਾਰਨੇ ਸ਼ਰੂ ਕਰ ਦਿੱਤੇ ਗਏ ਹਨ।
ਇੱਥੇ ਹੀ ਬੱਸ ਨਹੀਂ, ਤਾਕਤ ਦਾ ਗ਼ੁਬਾਰ ਟਰੰਪ ਦੇ ਸਿਰ ਵਿੱਚੋਂ ਇੱਥੋਂ ਤਕ ਚੜ੍ਹ ਕੇ ਬੋਲ ਰਿਹਾ ਹੈ ਕਿ ਟਰੰਪ ਦੇ ਇੱਕ ਫ਼ਰਮਾਨ ਨਾਲ 180 ਦੇਸ਼ਾਂ ਨੂੰ 5 ਲੱਖ ਡਾਲਰ ਦੀ ਮਦਦ ਬੰਦ ਕਰ ਦਿੱਤੀ ਗਈ ਹੈ, ਜਿਸ ਵਿੱਚ ਭਾਰਤ ਦੀ 1300 ਕਰੋੜ ਦੀ ਮਦਦ ਥੰਮ੍ਹ ਗਈ ਹੈ। ਇਸ ਨਾਲ ਐੱਚ.ਆਈ.ਵੀ./ਏਡਜ਼ ਦੇ ਖਿਲਾਫ਼ ਜਾਰੀ ਲੜਾਈ ਲਈ ਅਫ਼ਰੀਕੀ ਦੇਸ਼ਾਂ ਨੂੰ ਮਦਦ ਵੀ ਪ੍ਰਭਾਵਿਤ ਹੋਵੇਗੀ। ਇਸ ਯੋਜਨਾ ਤਹਿਤ ਹੁਣ ਤਕ 2.6 ਕਰੋੜ ਲੋਕਾਂ ਦੀ ਜਾਨ ਬਚਾਈ ਗਈ।
ਟਰੰਪ ਵੱਲੋਂ ਨਿੱਤ-ਦਿਹਾੜੇ ਕੀਤੇ ਜਾ ਰਹੇ ਐਲਾਨ ਅਤੇ ਵਾਅਦੇ ਦੇਸ਼ ਨੂੰ ਅਰਾਜਕਤਾ ਵੱਲ ਧੱਕਣ ਦਾ ਕਾਰਨ ਬਣਨਗੇ। ਅਮਰੀਕਾ ਵੱਲੋਂ ਵੱਖੋ-ਵੱਖਰੇ ਦੇਸ਼ਾਂ ਨੂੰ ਉਹਨਾਂ ਵੱਲੋਂ ਦਿੱਤੇ ਆਦੇਸ਼ਾਂ ਨੂੰ ਨਾ ਮੰਨਣ ’ਤੇ ਦਿੱਤੀਆਂ ਵੱਡੀਆਂ ਧਮਕੀਆਂ, ਅਮਰੀਕਾ ਦੇ ਦੋਸਤ ਦੇਸ਼ਾਂ ਨਾਲ ਸੰਬੰਧ ਵਿਗਾੜਨਗੀਆਂ ਅਤੇ ਇਹ ਦੇਸ਼ ਕਿਸੇ ਹੋਰ ਦੇਸ਼ ਨਾਲ ਆਪਣੀ ਸਾਂਝ ਵਧਾਉਣ ਲਈ ਅੱਗੇ ਆਉਣਗੇ। ਭਾਰਤ ਅਤੇ ਅਮਰੀਕਾ ਦੇ ਸੰਬੰਧ ਸੁਖਾਵੇਂ ਹਨ, ਪਰ ਟਰੰਪ ਵੱਲੋਂ ਮੌਜੂਦਾ ਸਮੇਂ ਭਾਰਤ ਨਾਲ ਭੈੜਾ ਵਿਵਹਾਰ ਦੋਹਾਂ ਦੇਸ਼ਾਂ ਦੇ ਆਪਸੀ ਵਪਾਰ ਅਤੇ ਸੰਬੰਧਾਂ ’ਤੇ ਅਸਰ ਪਾਏਗਾ। ਭਾਰਤ, ਚੀਨ ਅਤੇ ਬ੍ਰਾਜ਼ੀਲ ਉੱਤੇ 100 ਫ਼ੀਸਦੀ ਟੈਕਸ ਲਗਾਉਣ ਦੀਆਂ ਖ਼ਬਰਾਂ ਵੀ ਹਨ। ਟਰੰਪ ਦੇ ਨਿਸ਼ਾਨੇ ਉੱਤੇ ਚੀਨ ਅਤੇ ਰੂਸ ਤੋਂ ਵੀ ਪਹਿਲਾਂ ਗੁਆਂਢੀ ਮੁਲਕ ਕੈਨੇਡਾ ਅਤੇ ਮੈਕਸੀਕੋ ਹਨ। ਇਨ੍ਹਾਂ ਦੋਨਾਂ ਦੇਸ਼ਾਂ ਨਾਲ ਅਮਰੀਕਾ ਦਾ ਵਪਾਰ ਇੱਕ ਟ੍ਰਿਲੀਅਨ ਡਾਲਰ ਹੈ। ਟਰੰਪ ਦਾ ਕਹਿਣਾ ਹੈ ਕਿ ਇਹ ਦੋਵੇਂ ਮੁਲਕ ਉਸਦੀ ਉਦਾਰਤਾ ਦਾ ਲਾਭ ਲੈ ਰਹੇ ਹਨ। ਉਸਨੇ ਇਨ੍ਹਾਂ ਮੁਲਕਾਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਬਾਜ਼ ਨਾ ਆਏ ਤਾਂ ਅਮਰੀਕਾ ਟੈਕਸ ਟੈਰਿਫ ਵਧਾ ਦੇਵੇਗਾ।
ਡੌਨਲਡ ਟਰੰਪ ਸਹੁੰ ਚੁੱਕਣ ਤੋਂ ਬਾਅਦ ਸੈਨਾ ਦੇ ਕਮਾਂਡਰ-ਇਨ-ਚੀਫ ਸਵਾਗਤ ਸਮਾਰੋਹ ਵਿੱਚ ਤਲਵਾਰ ਲੈ ਕੇ ਨੱਚਦੇ ਨਜ਼ਰ ਆਏ। ਉਹਨਾਂ ਤਲਵਾਰ ਨਾਲ ਕੇਕ ਕੱਟਿਆ। ਉਹਨਾਂ ਦਾ ਇਹ ਰੂਪ-ਸਰੂਪ ਨਾਜ਼ੀ ਸਰੂਪ ਦਾ ਪ੍ਰਤੀਕ ਜਾਪ ਰਿਹਾ ਹੈ। ਇਹ ਉਹਨਾਂ ਦਾ ਸਵਾਰਥੀ ਸਰੂਪ ਵੀ ਹੈ। ਟਰੰਪ ਅਮਰੀਕਾ ਨੂੰ ਗ੍ਰੇਟ ਬਣਾਉਣ ਦੇ ਚੱਕਰ ਵਿੱਚ ਆਪਣਾ ਅਕਸ ਵੱਡਾ ਕਰਨ ਦੀ ਤਾਕ ਵਿੱਚ ਹੈ।
ਜਿਵੇਂ ਭਾਰਤੀ ਲੋਕਤੰਤਰ ਵਿੱਚ ਨਰੇਂਦਰ ਮੋਦੀ ਭਾਜਪਾ ਆਰ.ਐੱਸ.ਐੱਸ. ਦੀ ਛਤਰ-ਛਾਇਆ ਵਿੱਚ ਦੇਸ਼ ਵਿੱਚ ਰਾਜਾਸ਼ਾਹੀ ਲਿਆਉਣ ਦੀ ਤਾਕ ਵਿੱਚ ਹੈ ਅਤੇ ਜਿਵੇਂ ਲੋਕਤੰਤਰ ਦੇ ਪਰਦੇ ਹੇਠ ਵਲਾਦੀਮੀਰ ਪੁਤਿਨ ਨੇ ਰੂਸ ਵਿੱਚ ਤਾਨਾਸ਼ਾਹੀ ਹਕੂਮਤ ਕਾਇਮ ਕਰ ਦਿੱਤੀ ਹੈ, ਉਵੇਂ ਹੀ ਰਾਸ਼ਟਰਪਤੀ ਡੌਨਲਡ ਟਰੰਪ, ਜੋ ਰਾਸ਼ਟਰਵਾਦ ਦਾ ਅਮਰੀਕਾ ਵਿੱਚ ਨਵਾਂ ਅਧਿਆਏ ਲਿਖ ਰਿਹਾ ਹੈ, ਆਪਣੇ ਕੌਤਕੀ ਸੁਭਾਅ ਨਾਲ ਆਪਣਾ ਸ਼ਖਸੀ ਉਭਾਰ ਕਰਕੇ ਦੁਨੀਆ ਵਿੱਚ ਇੱਕ ਡਿਕਟੇਟਰ ਵਜੋਂ ਆਪਣਾ ਨਾਂ ਸਥਾਪਤ ਕਰਨ ਦੇ ਯਤਨ ਵਿੱਚ ਹੈ। ਇਹ ਲੋਕਤੰਤਰ ਅਮਰੀਕਾ ਲਈ ਹੀ ਘਾਤਕ ਨਹੀਂ ਹੈ, ਸਗੋਂ ਸਮੁੱਚੀ ਦੁਨੀਆਂ ਲਈ ਖ਼ਤਰੇ ਦੀ ਘੰਟੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)