SandipKumar7ਇਹ ਧਰਮ ਪਰਿਵਰਤਨ ਦੀ ਲਹਿਰ ਪੰਜਾਬੀ ਸੱਭਿਆਚਾਰ ਅਤੇ ਪਛਾਣ ਲਈ ...
(9 ਜਨਵਰੀ 2025)

 

ਯੈਰੂਸਲਮ ਦੀ ਧਰਤੀ, ਜੋ ਧਰਮਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਹੈ, ਉਹ ਮਸੀਹੀ ਧਰਮ ਦੇ ਜਨਮ ਸਥਾਨ ਵਜੋਂ ਮੰਨੀ ਜਾਂਦੀ ਹੈ। ਇੱਥੇ ਹੀ ਪ੍ਰਭੂ ਯਿਸੂ ਮਸੀਹ ਨੇ ਜਨਮ ਲਿਆ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਇਨਸਾਨੀਅਤ ਦੀ ਭਲਾਈ ਲਈ ਸਮਰਪਿਤ ਕੀਤਾ। ਯਿਸੂ ਮਸੀਹ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਦਾ ਸੁਨੇਹਾ ਸਦੀਆਂ ਤਕ ਦੁਨੀਆ ਦੇ ਹਰ ਕੋਨੇ ਤਕ ਪਹੁੰਚਾਇਆ ਗਿਆ। ਇਜ਼ਰਾਈਲ ਵਰਗੇ ਛੋਟੇ ਦੇਸ਼ ਤੋਂ ਲੈ ਕੇ ਦੁਨੀਆ ਦੇ ਵੱਡੇ ਵੱਡੇ ਮੁਲਕਾਂ ਤਕ ਮਸੀਹੀ ਧਰਮ ਨੇ ਆਪਣਾ ਪ੍ਰਭਾਵ ਜਮਾਇਆ। ਅੱਜ ਇਸ ਧਰਮ ਨੂੰ ਦੁਨੀਆ ਭਰ ਵਿੱਚ 2.4 ਬਿਲੀਅਨ ਲੋਕ ਪੈਰੋਕਾਰ ਹਨ, ਜਿਨ੍ਹਾਂ ਵਿੱਚੋਂ ਕਈ ਦੇਸ਼ਾਂ ਵਿੱਚ ਇਹ ਮੁੱਖ ਧਰਮ ਵਜੋਂ ਮੰਨਿਆ ਜਾਂਦਾ ਹੈ। ਪ੍ਰਭੂ ਯਿਸੂ ਮਸੀਹ ਨੇ ਆਪਣੇ ਲੋਕਾਂ ਲਈ ਜੋ ਤਿਆਗ ਦਿੱਤਾ, ਉਸ ਦੀ ਪ੍ਰੇਰਨਾ ਨਾਲ ਉਨ੍ਹਾਂ ਦੇ ਸਮਰਥਕਾਂ ਨੇ ਇਸ ਸੁਨੇਹੇ ਨੂੰ ਦੁਨੀਆ ਦੇ ਹਰ ਹਿੱਸੇ ਤਕ ਪਹੁੰਚਾਇਆ। ਮਸੀਹੀ ਧਰਮ ਦਾ ਇਹ ਫੈਲਾਅ ਅੱਜ ਵੀ ਜਾਰੀ ਹੈ। ਪਰ ਜਦੋਂ ਅਸੀਂ ਇਸ ਸੁਨੇਹੇ ਨੂੰ ਪੰਜਾਬ ਦੀ ਧਰਤੀ ਨਾਲ ਜੋੜਦੇ ਹਾਂ ਤਾਂ ਬਹੁਤ ਸਾਰੇ ਗੰਭੀਰ ਪ੍ਰਸ਼ਨ ਸਾਡੇ ਸਾਹਮਣੇ ਖੜ੍ਹੇ ਹੋ ਜਾਂਦੇ ਹਨ।

ਪੰਜਾਬ, ਜੋ ਸਦੀਆਂ ਤੋਂ ਧਰਮ ਰੱਖਿਆ, ਦਲੇਰੀ ਅਤੇ ਕੁਰਬਾਨੀ ਦੀ ਧਰਤੀ ਰਿਹਾ ਹੈ, ਅੱਜ ਇੱਕ ਵਿਵਾਦਪੂਰਨ ਧਾਰਮਿਕ ਤਬਦੀਲੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਮਾਝੇ ਅਤੇ ਦੂਆਬੇ ਵਿੱਚ ਇਸਾਈ ਧਰਮ ਦਾ ਪ੍ਰਚਾਰ ਬੇਹੱਦ ਤੇਜ਼ੀ ਨਾਲ ਵਧ ਰਿਹਾ ਹੈ। ਇਹਨਾਂ ਖੇਤਰਾਂ ਦੇ ਲੋਕ ਵੱਡੇ ਪੱਧਰ ’ਤੇ ਮਸੀਹੀ ਧਰਮ ਅਪਣਾ ਰਹੇ ਹਨ। ਅਜਿਹਾ ਦੇਖ ਕੇ ਦਿਲ ਵਿੱਚ ਇਹ ਪ੍ਰਸ਼ਨ ਜ਼ਰੂਰ ਉੱਠਦਾ ਹੈ ਕਿ ਕੀ ਅਜਿਹੇ ਪ੍ਰਚਾਰ ਨੇ ਸਾਡੇ ਸਥਾਨਕ ਧਰਮਾਂ ਦੀ ਮਰਯਾਦਾ ਅਤੇ ਵਿਰਾਸਤ ਲਈ ਕੋਈ ਖ਼ਤਰਾ ਪੈਦਾ ਕੀਤਾ ਹੈ? ਪੰਜਾਬ ਦੀ ਧਰਤੀ, ਜਿਸ ਵਿੱਚ ਸ਼ਹਾਦਤਾਂ ਦੀ ਅਨੰਤ ਲੜੀ ਹੈ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਵਾਰ ਦਿੱਤਾ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰੇ ਪਰਿਵਾਰ ਦੀ ਸ਼ਹਾਦਤ ਦਿੱਤੀ, ਸਾਡੇ ਸੂਰਵੀਰ-ਯੋਧਿਆਂ, ਦੇਸ਼-ਭਗਤਾਂ ਨੇ ਆਪਣੇ ਦੇਸ਼ ਦੇ ਲੋਕਾਂ ਲਈ ਆਪਣੇ ਆਪ ਨੂੰ ਵਾਰ ਦਿੱਤਾ, ਉਹੀ ਪੰਜਾਬ ਅੱਜ ਆਪਣੇ ਹੀ ਧਰਮ ਅਤੇ ਪਛਾਣ ਦੀ ਜੜ੍ਹ ਨੂੰ ਭੁੱਲਦਾ ਜਾ ਰਿਹਾ ਹੈ। ਇਸ ਧਰਤੀ ਦੇ ਲੋਕ ਅੱਜ ਪਰਾਏ ਸਿਧਾਂਤਾਂ ਅਤੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਆਪਣੀ ਧਾਰਮਿਕ ਪਛਾਣ ਨੂੰ ਛੱਡਦੇ ਨਜ਼ਰ ਆ ਰਹੇ ਹਨ।

ਮਸੀਹੀ ਧਰਮ ਦਾ ਪ੍ਰਚਾਰ ਜ਼ਿਆਦਾਤਰ ਦੱਬੇ ਕੁਚਲੇ ਲੋਕਾਂ ਵਿੱਚ ਜ਼ੋਰਾਂ ’ਤੇ ਹੈ। ਇਹ ਲੋਕ, ਜੋ ਸਮਾਜਿਕ ਅਤੇ ਆਰਥਿਕ ਪੱਖੋਂ ਪਛੜੇ ਹੋਏ ਹਨ, ਪ੍ਰਚਾਰਕਾਂ ਦੀਆਂ ਸਹੂਲਤਾਂ ਅਤੇ ਪ੍ਰੇਰਣਾਵਾਂ ਵਲ ਆਕਰਸ਼ਿਤ ਹੋ ਜਾਂਦੇ ਹਨ। ਸਿੱਖ ਧਰਮ ਜਾਂ ਪੰਜਾਬੀ ਰਵਾਇਤ ਵਿੱਚ ਜਿਹੜੀ ਮਾਨਵਤਾ ਅਤੇ ਭਾਈਚਾਰੇ ਦੀ ਸੋਚ ਹੈ, ਉਹਨਾਂ ਨੂੰ ਅਕਸਰ ਇਸ ਪ੍ਰਚਾਰ ਦੇ ਮਾਰਗਾਂ ਵਿੱਚ ਅਣਗੌਲਿਆ ਛੱਡ ਦਿੱਤਾ ਜਾਂਦਾ ਹੈ। ਮਸੀਹੀ ਪ੍ਰਚਾਰਕਾਂ ਨੇ ਸਵੈ ਸਹਾਇਤਾ ਅਤੇ ਸਮਾਜਿਕ ਵਿਕਾਸ ਨੂੰ ਅਧਾਰ ਬਣਾ ਕੇ ਆਪਣੀਆਂ ਜੜ੍ਹਾਂ ਪੰਜਾਬ ਵਿੱਚ ਮਜ਼ਬੂਤ ਕੀਤੀਆਂ ਹਨ। ਉਹਨਾਂ ਦੀਆਂ ਸੇਵਾਵਾਂ, ਜਿਵੇਂ ਕਿ ਮੈਡੀਕਲ ਕੈਂਪ, ਮੁਫ਼ਤ ਸਿੱਖਿਆ ਅਤੇ ਗਰੀਬੀ ਦੂਰ ਕਰਨ ਲਈ ਵੱਖ ਵਖ ਤਰ੍ਹਾਂ ਦੀ ਮਦਦ, ਲੋਕਾਂ ਨੂੰ ਮਸੀਹੀ ਧਰਮ ਅਪਣਾਉਣ ਲਈ ਆਕਰਸ਼ਿਤ ਕਰ ਰਹੀਆਂ ਹਨ। ਇਸਦੇ ਨਾਲ ਹੀ ਸਿੱਖ ਧਰਮ ਅਤੇ ਪੰਜਾਬੀਅਤ ਦਾ ਰੌਲਾ ਪਾਉਣ ਵਾਲੇ ਪ੍ਰਮੁੱਖ ਆਗੂਆਂ ਦੀ ਘੱਟ ਭੂਮਿਕਾ ਅਤੇ ਸਾਡੇ ਸਮਾਜ ਦਾ ਆਪਣੇ ਹੀ ਲੋਕਾਂ ਲਈ ਬੇਗਾਨਾਪਨ ਵੀ ਇੱਕ ਮਹੱਤਵਪੂਰਨ ਕਾਰਕ ਹੈ।

ਇਹ ਧਰਮ ਪਰਿਵਰਤਨ ਦੀ ਲਹਿਰ ਪੰਜਾਬੀ ਸੱਭਿਆਚਾਰ ਅਤੇ ਪਛਾਣ ਲਈ ਵੀ ਇੱਕ ਚਿਤਾਵਣੀ ਹੈ। ਪੰਜਾਬੀ ਰਵਾਇਤਾਂ, ਜੋ ਸਦੀਆਂ ਤੋਂ ਸਮਰਪਣ ਅਤੇ ਬਲੀਦਾਨ ਦੀਆਂ ਕਹਾਣੀਆਂ ਪੇਸ਼ ਕਰਦੀਆਂ ਸਨ, ਅੱਜ ਇੱਕ ਅਜੀਬ ਹਾਲਤ ਵਿੱਚ ਪਹੁੰਚ ਗਈਆਂ ਹਨ। ਸਾਨੂੰ ਸਮਝਣਾ ਹੋਵੇਗਾ ਕਿ ਜਿਹੜੇ ਲੋਕ ਆਪਣੇ ਹੀ ਧਰਮ ਅਤੇ ਵਿਰਾਸਤ ਨਾਲ ਵਫ਼ਾਦਾਰ ਨਹੀਂ ਰਹੇ, ਉਹ ਕਿਸੇ ਹੋਰ ਧਰਮ ਦੇ ਅਸਲ ਪੈਰੋਕਾਰ ਕਿਵੇਂ ਬਣ ਸਕਦੇ ਹਨ? ਧਰਮ ਪਰਿਵਰਤਨ ਦੇ ਇਸ ਰੁਖ ਨੇ ਸਿੱਖ ਧਰਮ ਅਤੇ ਪੰਜਾਬੀ ਸੱਭਿਆਚਾਰ ਲਈ ਇੱਕ ਵੱਡੀ ਚੁਣੌਤੀ ਪੈਦਾ ਕੀਤੀ ਹੈ। ਗੁਰਮਤ ਦੇ ਮੂਲ ਸਿਧਾਂਤਾਂ ਨੂੰ ਅੱਗੇ ਵਧਾਉਣ ਅਤੇ ਸਮਾਜਿਕ ਸੰਕਟਾਂ ਦਾ ਹੱਲ ਲੱਭਣ ਦੀ ਥਾਂ ਅਸੀਂ ਆਪਣੀ ਪਛਾਣ ਨੂੰ ਭੁੱਲਦੇ ਜਾ ਰਹੇ ਹਾਂ। ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਜ਼ਰੂਰਤ ਧਰਮ ਅੰਦਰ ਗਹਿਰਾਈ ਨਾਲ ਸਮਝ ਬਣਾਉਣ ਦੀ ਹੈ। ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਅਤੇ ਪੰਜਾਬੀਆਂ ਦੇ ਇਤਿਹਾਸ ਦੀ ਅਨਮੋਲ ਵਿਰਾਸਤ ਬਾਰੇ ਸਿਖਾਉਣਾ ਹੋਵੇਗਾ। ਅਸੀਂ ਆਪਣੀ ਪੀੜ੍ਹੀ ਨੂੰ ਇਹ ਦੱਸ ਸਕਦੇ ਹਾਂ ਕਿ ਕਿਵੇਂ ਸਿੱਖ ਧਰਮ ਅਤੇ ਪੰਜਾਬੀ ਕੌਮ ਮਾਨਵਤਾ, ਭਾਈਚਾਰੇ ਅਤੇ ਦਿਲੇਰੀ ਦਾ ਸੁਮੇਲ ਹੈ। ਇਹ ਸਮਝ ਬਣਾਉਣ ਲਈ ਗੁਰਦੁਆਰਿਆਂ, ਸਿੱਖ ਸੰਗਠਨਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਅੱਗੇ ਆਉਣਾ ਹੋਵੇਗਾ।

ਧਰਮ ਪਰਿਵਰਤਨ ਦਾ ਇਹ ਰੁਝਾਨ ਇੱਕ ਚਿਤਾਵਣੀ ਹੈ, ਜਿਸ ਨੂੰ ਇਸ ਸਮੇਂ ਸਮਝ ਕੇ ਇਸਦਾ ਹੱਲ ਲੱਭਣਾ ਜ਼ਰੂਰੀ ਹੈ। ਧਰਮ ਇੱਕ ਵਿਅਕਤੀਗਤ ਚੋਣ ਹੈ, ਪਰ ਜਦੋਂ ਇਹ ਪਰਿਵਰਤਨ ਮਜਬੂਰੀ ਜਾਂ ਘੁਸਪੈਠ ਦੇ ਜ਼ਰੀਏ ਹੋਵੇ ਤਾਂ ਇਹ ਸਾਡੇ ਸਮਾਜ ਅਤੇ ਧਰਮ, ਦੋਵਾਂ ਲਈ ਖਤਰਾ ਬਣ ਜਾਂਦਾ ਹੈ। ਇਸ ਸਮੱਸਿਆ ਦਾ ਹੱਲ ਲੋਕ ਜਾਗਰੂਕਤਾ ਅਤੇ ਮਜ਼ਬੂਤ ਧਾਰਮਿਕ ਸਿੱਖਿਆ ਵਿੱਚ ਹੈ। ਜੇ ਅਸੀਂ ਆਪਣੇ ਲੋਕਾਂ ਨੂੰ ਸਾਡੇ ਧਰਮ ਦੇ ਮੂਲ ਸਿਧਾਂਤਾਂ ਅਤੇ ਵਿਰਾਸਤ ਨਾਲ ਜੁੜਿਆ ਰੱਖ ਸਕੀਏ ਤਾਂ ਇਹ ਰੁਝਾਨ ਬਦਲਿਆ ਜਾ ਸਕਦਾ ਹੈ। ਅਸੀਂ ਮਸੀਹੀ ਧਰਮ ਦੇ ਪ੍ਰਚਾਰਕਾਂ ਦੇ ਮਕਸਦ ਨੂੰ ਨਕਾਰ ਨਹੀਂ ਸਕਦੇ, ਪਰ ਅਸੀਂ ਆਪਣੇ ਧਰਮ ਦੀਆਂ ਮਜ਼ਬੂਤ ਜੜ੍ਹਾਂ ਨੂੰ ਸਮਝਦਾਰ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ।

ਯੈਰੂਸਲਮ ਤੋਂ ਪੰਜਾਬ ਤਕ ਦੀ ਇਹ ਕਹਾਣੀ ਸਿਰਫ਼ ਇੱਕ ਧਰਮ ਦੇ ਪ੍ਰਚਾਰ ਦੀ ਕਹਾਣੀ ਨਹੀਂ ਹੈ, ਬਲਕਿ ਇਹ ਸਾਡੀ ਪਛਾਣ ਅਤੇ ਵਿਰਾਸਤ ਦੀ ਰੱਖਿਆ ਲਈ ਇੱਕ ਚਿਤਾਵਣੀ ਹੈ। ਸਾਨੂੰ ਮਸੀਹੀ ਧਰਮ ਦੀ ਸੇਵਾ ਅਤੇ ਪੇਸ਼ਕਾਰੀ ਤਰੀਕੇ ਤੋਂ ਸਿੱਖਣ ਦੀ ਲੋੜ ਹੈ। ਪਰ ਇਹ ਸਿੱਖਿਆ ਸਾਡੇ ਸਿੱਖ ਧਰਮ ਦੀ ਅਮਰ ਵਿਰਾਸਤ ਦੇ ਮੂਲ ਸਿਧਾਂਤਾਂ ਨੂੰ ਸਾਂਭਣ ਦੀ ਮੰਗ ਕਰਦੀ ਹੈ। ਸਿੱਖ ਧਰਮ ਦੇ ਗੁਰੂਆਂ ਨੇ ਸਾਨੂੰ ਸਿਰਫ਼ ਧਾਰਮਿਕ ਸਿਧਾਂਤ ਨਹੀਂ ਸਿਖਾਏ, ਸਗੋਂ ਜੀਵਨ ਦੇ ਸਹੀ ਰਸਤੇ ਬਾਰੇ ਵੀ ਸਿੱਖਿਆ ਦਿੱਤੀ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ, ਸਾਡੇ ਗੁਰੂਆਂ ਨੇ ਸਾਡੇ ਹੱਕਾਂ ਦੀ ਰੱਖਿਆ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ ਤਾਂ ਕਿ ਹਰ ਮਨੁੱਖ ਆਪਣੇ ਧਰਮ ਦਾ ਪਾਲਣ ਕਰਨ ਲਈ ਸੁਤੰਤਰ ਹੋਵੇ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਇੱਕ ਨਵੀਂ ਪਛਾਣ ਦਿੱਤੀ। ਸਾਡੇ ਸੂਰਵੀਰ-ਯੋਧਿਆਂ, ਦੇਸ਼-ਭਗਤਾਂ ਨੇ ਆਪਣੇ ਦੇਸ਼ ਦੇ ਲੋਕਾਂ ਲਈ ਆਪਣੇ ਆਪ ਨੂੰ ਵਾਰ ਦਿੱਤਾ। ਪਰ ਅੱਜ ਸਾਨੂੰ ਸੋਚਣ ਦੀ ਲੋੜ ਹੈ ਕਿ ਕਿਉਂ ਸਾਡੀ ਕੌਮ ਆਪਣੇ ਵਿਰਸੇ ਅਤੇ ਧਾਰਮਿਕ ਸਿਧਾਂਤਾਂ ਤੋਂ ਦੂਰ ਹੋ ਰਹੀ ਹੈ। ਪੰਜਾਬ ਵਿੱਚ ਧਰਮ ਪਰਿਵਰਤਨ ਦਾ ਮੁੱਦਾ ਸਿਰਫ਼ ਇੱਕ ਮਜ਼ਹਬੀ ਮੁੱਦਾ ਨਹੀਂ, ਬਲਕਿ ਇਹ ਸਾਡੀਆਂ ਸਾਂਸਕ੍ਰਿਤਿਕ ਜੜ੍ਹਾਂ ਅਤੇ ਸਮਾਜਿਕ ਏਕਤਾ ਨੂੰ ਤੋੜਨ ਦਾ ਅਧਾਰ ਬਣਦਾ ਜਾ ਰਿਹਾ ਹੈ। ਮਸੀਹੀ ਧਰਮ ਦੇ ਪ੍ਰਚਾਰਕ ਆਪਣੀਆਂ ਸਿੱਖਿਆਵਾਂ ਅਤੇ ਪੇਸ਼ਕਾਰੀ ਨਾਲ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਪਰ ਕੀ ਅਸੀਂ ਆਪਣੇ ਧਰਮ ਅਤੇ ਵਿਰਸੇ ਲਈ ਅਜਿਹੇ ਪ੍ਰਚਾਰਕ ਬਣ ਸਕੇ ਹਾਂ?

ਮਸੀਹੀ ਪ੍ਰਚਾਰਕਾਂ ਨੇ ਇੱਕ ਪ੍ਰਭੂ ਰੂਪੀ ਇਨਸਾਨ ਪ੍ਰਭੂ ਯਿਸ਼ੂ ਮਸੀਹ ਦੀ ਆਪਣੇ ਲੋਕਾਂ ਲਈ ਕੁਰਬਾਨੀ ਨੂੰ ਮੁੱਖ ਅਧਾਰ ਬਣਾ ਕੇ ਪੂਰੀ ਦੁਨੀਆਂ ਵਿੱਚ ਫੈਲਾ ਦਿੱਤਾ। ਪਰ ਇੱਥੇ ਮਜਬੂਰ ਹੋਕੇ ਸੋਚਣ ਵਾਲੀ ਗੱਲ ਇਹ ਹੈ ਕਿ ਜਿੱਥੇ ਪੰਜਾਬ ਦੀ ਦਲੇਰ ਧਰਤੀ ਲਈ ਕੁਰਬਾਨੀਆਂ ਦੇਣ ਲਈ ਸ਼ਹਾਦਤਾਂ ਦੀ ਅਨੰਤ ਲੜੀ ਹੈ, ਪਰ ਅਸੀਂ ਦੁਨੀਆਂ ਵਿੱਚ ਇਸ ਨੂੰ ਮਾਣ ਨਾਲ ਫੈਲਾਉਣ ਦੀ ਥਾਂ, ਆਪਣੇ ਸੂਬੇ ਵਿੱਚ ਇਸਦੀ ਸਾਖ ਬਚਾਉਣ ਵਿੱਚ ਨਾਕਾਮਯਾਬ ਰਹੇ ਹਾਂ। ਅੱਜ ਜੇਕਰ ਪੰਜਾਬ ਵਿੱਚ ਧਰਮ ਪਰਿਵਰਤਨ ਹੋ ਰਿਹਾ ਹੈ ਤਾਂ ਸਾਡੇ ਲਈ ਇਹ ਸਮਾਂ ਆਪਣੇ ਧਰਮ ਅਤੇ ਵਿਰਸੇ ਦੀ ਮੁੜ ਸਮੀਖਿਆ ਕਰਨ ਦਾ ਹੈ। ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਦੇ ਅਸੂਲਾਂ ਨਾਲ ਜੋੜਨ ਦੀ ਜ਼ਰੂਰਤ ਹੈ। ਸਿਰਫ਼ ਪ੍ਰਚਾਰ ਹੀ ਨਹੀਂ, ਸਗੋਂ ਗੁਰੂਆਂ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਲੋੜ ਹੈ। ਇਹ ਸਮਾਂ ਹੈ ਜਦੋਂ ਅਸੀਂ ਆਪਣੇ ਧਰਮ ਦੀ ਪ੍ਰੇਰਣਾ ਨੂੰ ਮੁੜ ਉਤਸ਼ਾਹਿਤ ਕਰਕੇ ਸਮਾਜਿਕ ਬਦਲਾਵ ਲਈ ਕੰਮ ਕਰ ਸਕਦੇ ਹਾਂ। ਸਾਨੂੰ ਆਪਣੇ ਗੁਰੂਆਂ ਦੇ ਬਚਨਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ ਅਤੇ ਆਪਣੇ ਸਮਾਜ ਵਿੱਚ ਉਸ ਅਮਰ ਸੰਦੇਸ਼ ਨੂੰ ਲਾਗੂ ਕਰਨ ਦੀ ਲੋੜ ਹੈ।

ਅਸਲੀ ਸਵਾਲ ਇਹ ਹੈ ਕਿ ਕੀ ਅਸੀਂ ਆਪਣੇ ਵਿਰਸੇ ਅਤੇ ਧਰਮ ਦੀ ਸਿੱਖਿਆ ਨੂੰ ਫਿਰ ਤੋਂ ਆਪਣੇ ਜੀਵਨ ਦਾ ਹਿੱਸਾ ਬਣਾ ਸਕਦੇ ਹਾਂ? ਕੀ ਅਸੀਂ ਧਰਮ ਦੀ ਸਚਾਈ ਨੂੰ ਜਿਵੇਂ ਯੈਰੂਸਲਮ ਤੋਂ ਪੰਜਾਬ ਤਕ ਪਸਾਰਿਆ ਗਿਆ, ਉਸੇ ਤਰ੍ਹਾਂ ਆਪਣੇ ਧਰਮ ਦੇ ਗੁਣਾਂ ਨੂੰ ਫੈਲਾ ਸਕਦੇ ਹਾਂ? ਯੈਰੂਸਲਮ ਤੋਂ ਪੰਜਾਬ ਤਕ ਦੀ ਕਹਾਣੀ ਸਾਨੂੰ ਦੋ ਮੁੱਖ ਗੱਲਾਂ ਸਿਖਾਉਂਦੀ ਹੈ ਕਿ ਅਗਰ ਅਸੀਂ ਆਪਣੇ ਧਰਮ ਦੀ ਰਾਖੀ ਅਤੇ ਪ੍ਰਚਾਰ ਲਈ ਜਿੰਨਾ ਜੋਖਮ ਲੈ ਸਕਦੇ ਹਾਂ, ਉਹ ਸਾਡੇ ਵਿਰਾਸਤ ਅਤੇ ਅਗਾਮੀ ਪੀੜ੍ਹੀਆਂ ਲਈ ਸਭ ਤੋਂ ਵੱਡਾ ਉਪਹਾਰ ਹੋਵੇਗਾ। ਜਿਹੜੇ ਲੋਕ ਆਪਣੀ ਕੌਮ ਦੇ ਗੁਰੂਆਂ-ਪੀਰਾਂ, ਸੂਰਵੀਰ-ਯੋਧਿਆਂ, ਦੇਸ਼-ਭਗਤਾਂ ਦੀ ਅਮੀਰ ਵਿਰਾਸਤ ਦੇ ਵਾਰਿਸ ਬਣਨ ਵਿੱਚ ਨਾਕਾਮਯਾਬ ਰਹੇ ਹੋਣ, ਉਹ ਲੋਕ ਦੂਜੇ ਵਿਰਸੇ ਦੇ ਸੱਚੇ ਵਾਰਿਸ ਤਾਂ ਕੀ, ਝੂਠੇ ਵਾਰਿਸ ਵੀ ਨਹੀਂ ਬਣ ਸਕਣਗੇ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5602)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਸੰਦੀਪ ਕੁਮਾਰ

ਸੰਦੀਪ ਕੁਮਾਰ

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author