“ਜੀ.ਐੱਚ. ਹਾਰਡੀਰਾਮਾਨੁਜਨ ਦੇ ਗਣਿਤ ਦੀ ਖੋਜ ਤੋਂ ਬਹੁਤ ਪ੍ਰਭਾਵਿਤ ਹੋਏ। ਹਾਰਡੀ ਨੇ ਰਾਮਾਨੁਜਨ ਨੂੰ ...”
(22 ਦਸੰਬਰ 2024)
ਸ਼੍ਰੀਨਿਵਾਸ ਰਾਮਾਨੁਜਨ ਦਾ ਜਨਮ 22 ਦਸੰਬਰ 1887 ਨੂੰ ਭਾਰਤ ਦੇ ਤਾਮਿਲਨਾਡੂ ਰਾਜ ਦੇ ਏਕ ਛੋਟੇ ਸ਼ਹਿਰ ਇਰੋਡ ਵਿੱਚ ਹੋਇਆ। ਉਹ ਇੱਕ ਬ੍ਰਾਹਮਣ ਪਰਿਵਾਰ ਵਿੱਚ ਜਨਮੇ। ਉਨ੍ਹਾਂ ਦੇ ਪਿਤਾ ਕੰਬਲਾਂ ਦੀ ਦੁਕਾਨ ਵਿੱਚ ਮੁਨਸ਼ੀ ਸਨ ਅਤੇ ਮਾਤਾ ਇੱਕ ਗ੍ਰਹਿਣੀ ਸੀ। ਛੋਟੀ ਉਮਰ ਵਿੱਚ ਹੀ ਰਾਮਾਨੁਜਨ ਨੇ ਆਪਣੇ ਅਸਾਧਾਰਣ ਗੁਣਾਂ ਨਾਲ ਆਪਣੇ ਆਲੇ ਦੁਆਲੇ ਲੋਕਾਂ ਦਾ ਧਿਆਨ ਖਿੱਚਣਾ ਸ਼ੁਰੂ ਕਰ ਦਿੱਤਾ ਸੀ। ਉਹ ਬਚਪਨ ਵਿੱਚ ਹੀ ਗਣਿਤ ਦੇ ਮੁੱਦਿਆਂ ਵਿੱਚ ਜ਼ਿਆਦਾ ਰੁਚੀ ਦਿਖਾਉਂਦੇ ਸਨ। ਰਾਮਾਨੁਜਨ ਦੀ ਮੰਨਣਾ ਸੀ ਕਿ ਗਣਿਤ ਸਿਰਫ ਇੱਕ ਵਿਗਿਆਨ ਨਹੀਂ ਹੈ, ਬਲਕਿ ਇਹ ਸਿਰਜਣਾਤਮਕ ਚਮਤਕਾਰ ਹੈ। ਜਦੋਂ ਉਹ ਸਿਰਫ 13 ਸਾਲ ਦੇ ਸਨ, ਉਹ ਐਡਵਿਨ ਹਾਲ ਦੀ ਪੁਰਾਣੀ ਗਣਿਤ ਦੀ ਕਿਤਾਬ ‘ਸਿਨਪਸਿਸ’ ਪੜ੍ਹ ਚੁੱਕੇ ਸਨ। ਇਸ ਕਿਤਾਬ ਨੇ ਰਾਮਾਨੁਜਨ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਗਣਿਤ ਦੀਆਂ ਮੁੱਖ ਧਾਰਾਵਾਂ, ਜਿਵੇਂ ਕਿ ਐਲਜਬਰਾ, ਜਿਉਮੈਟਰੀ ਅਤੇ ਅੰਕਗਣਿਤ ਵਿੱਚ ਅਸਾਧਾਰਣ ਸਮਝ ਵਿਕਸਿਤ ਕੀਤੀ।
ਹਾਲਾਂਕਿ ਰਾਮਾਨੁਜਨ ਦਾ ਗਣਿਤ ਪ੍ਰਤੀ ਪਿਆਰ ਵਧਦਾ ਗਿਆ, ਪਰ ਸਕੂਲੀ ਸਿੱਖਿਆ ਵਿੱਚ ਉਹ ਹੋਰ ਵਿਸ਼ਿਆਂ ਵਿੱਚ ਪਿੱਛੇ ਰਹਿ ਜਾਂਦੇ ਸਨ। ਉਹ ਕਾਲਜ ਦੀ ਪੜ੍ਹਾਈ ਅਧੂਰੀ ਛੱਡਣ ਲਈ ਮਜਬੂਰ ਹੋਏ ਕਿਉਂਕਿ ਉਹ ਗੈਰ-ਗਣਿਤ ਵਿਸ਼ਿਆਂ ਵਿੱਚ ਪ੍ਰਵੇਸ਼ ਪ੍ਰੀਖਿਆ ਪਾਸ ਨਹੀਂ ਕਰ ਸਕੇ। ਇਸ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਚੁਣੌਤੀਆਂ ਪੈਦਾ ਕੀਤੀਆਂ, ਪਰ ਰਾਮਾਨੁਜਨ ਨੇ ਗਣਿਤ ਨੂੰ ਕਦੇ ਛੱਡਿਆ ਨਹੀਂ, ਉਹ ਆਪਣੇ ਗਣਿਤ ਦੇ ਖੋਜ ਕਾਰਜ ਵਿੱਚ ਜੁਟੇ ਰਹੇ ਅਤੇ ਆਪਣੇ ਹਿਸਾਬੀ ਸੂਤਰਾਂ ਨੂੰ ਕਾਪੀਆਂ ਵਿੱਚ ਲਿਖਦੇ ਰਹੇ।
ਇਹ ਗਣਿਤ ਪ੍ਰਤੀ ਲਗਨ ਦਾ ਹੀ ਨਤੀਜਾ ਸੀ ਕਿ ਰਾਮਾਨੁਜਨ ਦੀ ਖੋਜ ਦੀ ਪ੍ਰਕਿਰਿਆ ਜਾਰੀ ਰਹੀ ਪਰ ਉਨ੍ਹਾਂ ਦੇ ਸੂਤਰ ਅਤੇ ਸਿਧਾਂਤ ਸਿਰਫ ਸਥਾਨਕ ਪੱਧਰ ’ਤੇ ਜਾਣੇ ਜਾਂਦੇ ਸਨ। ਸਾਲ 1913 ਵਿੱਚ ਉਨ੍ਹਾਂ ਨੇ ਆਪਣੇ ਖੋਜ ਕਾਰਜ ਬ੍ਰਿਟਿਸ਼ ਗਣਿਤਜ ਜੀ.ਐੱਚ. ਹਾਰਡੀ ਨੂੰ ਭੇਜੇ। ਹਾਰਡੀ, ਜੋ ਉਸ ਸਮੇਂ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫੈਸਰ ਸਨ। ਜੀ.ਐੱਚ. ਹਾਰਡੀ ਰਾਮਾਨੁਜਨ ਦੇ ਗਣਿਤ ਦੀ ਖੋਜ ਤੋਂ ਬਹੁਤ ਪ੍ਰਭਾਵਿਤ ਹੋਏ। ਹਾਰਡੀ ਨੇ ਰਾਮਾਨੁਜਨ ਨੂੰ ਕੈਂਬ੍ਰਿਜ ਆਉਣ ਦਾ ਸੱਦਾ ਦਿੱਤਾ। ਸਾਲ 1914 ਵਿੱਚ ਰਾਮਾਨੁਜਨ ਬ੍ਰਿਟੇਨ ਪਹੁੰਚੇ ਅਤੇ ਉਨ੍ਹਾਂ ਨੇ ਹਾਰਡੀ ਨਾਲ ਮਿਲਕੇ ਗਣਿਤ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਖੋਜਾਂ ਕੀਤੀਆਂ। ਉਨ੍ਹਾਂ ਦੇ ਕੰਮ ਵਿੱਚ ਪਾਰਟਿਸ਼ਨ ਫੰਕਸ਼ਨ, ਡਾਇਫਰੈਂਸ਼ਲ ਸੀਰੀਜ਼ ਅਤੇ ਇਲਿਪਟਿਕ ਫੰਕਸ਼ਨ ਸ਼ਾਮਲ ਸਨ। ਰਾਮਾਨੁਜਨ ਦੀਆਂ ਖੋਜਾਂ ਨੇ ਗਣਿਤ ਦੇ ਮੂਲ ਸਿਧਾਂਤਾਂ ਨੂੰ ਆਕਰਸ਼ਕ ਅਤੇ ਖਾਸ ਢੰਗ ਨਾਲ ਵਿਸਥਾਰ ਦਿੱਤਾ।
ਸ਼੍ਰੀਨਿਵਾਸ ਰਾਮਾਨੁਜਨ ਨੂੰ ਵਿਦੇਸ਼ ਵਿੱਚ ਕਈ ਮਹੱਤਵਪੂਰਨ ਸਨਮਾਨ ਅਤੇ ਉਪਾਧੀਆਂ ਪ੍ਰਾਪਤ ਹੋਈਆਂ, ਜੋ ਉਨ੍ਹਾਂ ਦੇ ਅਸਾਧਾਰਣ ਗਣਿਤਕ ਯੋਗਦਾਨ ਨੂੰ ਸਵੀਕਾਰ ਕਰਦੀਆਂ ਹਨ। ਸਾਲ 1918 ਵਿੱਚ ਰਾਮਾਨੁਜਨ ਨੂੰ ਰਾਇਲ ਸੋਸਾਇਟੀ ਦਾ ਮੈਂਬਰ ਬਣਾਇਆ ਗਿਆ। ਇਹ ਗੌਰਵਮਈ ਉਪਾਧੀ ਪ੍ਰਾਪਤ ਕਰਨ ਵਾਲੇ ਉਹ ਕੇਵਲ ਦੂਜੇ ਭਾਰਤੀ ਸਨ। ਰਾਇਲ ਸੋਸਾਇਟੀ ਦਾ ਮੈਂਬਰ ਬਣਨਾ ਵਿਗਿਆਨ ਅਤੇ ਗਣਿਤ ਦੇ ਖੇਤਰ ਵਿੱਚ ਸਭ ਤੋਂ ਉੱਚਾ ਸਨਮਾਨ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਉਸੇ ਸਾਲ ਰਾਮਾਨੁਜਨ ਨੂੰ ਕੈਂਬ੍ਰਿਜ ਯੂਨੀਵਰਸਿਟੀ ਦੇ ਪ੍ਰਸਿੱਧ ਟ੍ਰਿਨਿਟੀ ਕਾਲਜ ਦਾ ਫੈਲੋ ਚੁਣਿਆ ਗਿਆ। ਇਹ ਸਨਮਾਨ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਕਿਉਂਕਿ ਉਹ ਇਹ ਖਿਤਾਬ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਸਨ। ਇਸਦੇ ਨਾਲ ਉਨ੍ਹਾਂ ਦੇ ਗਣਿਤਕ ਸੂਤਰਾਂ ਅਤੇ ਸਿਧਾਂਤਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਬਹੁਤ ਮਾਣਤਾ ਮਿਲੀ। ਇਨ੍ਹਾਂ ਸਨਮਾਨਾਂ ਨੇ ਨਾ ਸਿਰਫ਼ ਰਾਮਾਨੁਜਨ ਦੀ ਪਛਾਣ ਨੂੰ ਮਜ਼ਬੂਤ ਕੀਤਾ ਬਲਕਿ ਉਹਨਾਂ ਨੂੰ ਸੰਸਾਰ ਪੱਧਰ ’ਤੇ ਗਣਿਤ ਦੇ ਖੇਤਰ ਵਿੱਚ ਅਮਰ ਕਰ ਦਿੱਤਾ। ਇਹ ਉਪਾਧੀਆਂ ਉਨ੍ਹਾਂ ਦੀ ਬੇਮਿਸਾਲ ਸਮਰੱਥਾ ਅਤੇ ਦ੍ਰਿੜ੍ਹਤਾ ਦੀ ਸੱਚੀ ਗਵਾਹ ਹਨ।
ਰਾਮਾਨੁਜਨ ਦੀ ਸਭ ਤੋਂ ਵੱਡੀ ਖੂਬੀ ਉਨ੍ਹਾਂ ਦੀ ਕਲਪਨਾ ਦੀ ਤਾਕਤ ਸੀ। ਉਹ ਬਿਨਾਂ ਕਿਸੇ ਵਿਗਿਆਨਕ ਪ੍ਰਮਾਣ ਦੇ ਗਣਿਤ ਦੇ ਸੂਤਰ ਲਿਖ ਦਿੰਦੇ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਵਿਗਿਆਨਿਕ ਪ੍ਰਮਾਣ ਮਿਲੇ। ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੂੰ ਇਹ ਗਿਆਨ ਦਿਵਿਆ ਸਰੋਤ ਤੋਂ ਪ੍ਰਾਪਤ ਹੁੰਦਾ ਹੈ। ਇਹ ਮਾਣਤਾ ਰਾਮਾਨੁਜਨ ਨੂੰ ਸਾਧਾਰਣ ਵਿਗਿਆਨਕ ਤੋਂ ਵੱਖਰੀ ਪਛਾਣ ਦਿੰਦੀ ਹੈ। ਜੀਵਨ ਦੇ ਅਖੀਰ ਦੇ ਸਾਲਾਂ ਵਿੱਚ ਬ੍ਰਿਟੇਨ ਦੀ ਠੰਢੀ ਜ਼ਮੀਨ ਅਤੇ ਅਣਅਨੁਕੂਲ ਪ੍ਰਿਸਥਿਤੀਆਂ ਕਾਰਨ ਰਾਮਾਨੁਜਨ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ। ਉਨ੍ਹਾਂ ਨੂੰ ਟੀ.ਬੀ. ਦੀ ਬਿਮਾਰੀ ਹੋ ਗਈ। ਸਾਲ 1919 ਵਿੱਚ ਉਹ ਭਾਰਤ ਵਾਪਸ ਆ ਗਏ ਪਰ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਆਇਆ। 26 ਅਪਰੈਲ 1920 ਨੂੰ ਸ਼੍ਰੀਨਿਵਾਸ ਰਾਮਾਨੁਜਨ ਨੇ 32 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ।
ਰਾਮਾਨੁਜਨ ਦੇ ਸੰਪੂਰਨ ਜੀਵਨ ਦੀ ਮਿਸਾਲ ਹੈ ਕਿ ਇੱਕ ਵਿਅਕਤੀ ਕਿਵੇਂ ਆਪਣੇ ਜਜ਼ਬੇ ਅਤੇ ਦ੍ਰਿੜ੍ਹਤਾ ਨਾਲ ਸੰਸਾਰ ਨੂੰ ਬਦਲ ਸਕਦਾ ਹੈ। ਉਹ ਸਿਰਫ ਇੱਕ ਗਣਿਤਜਕ ਨਹੀਂ ਸਨ, ਬਲਕਿ ਇੱਕ ਪ੍ਰੇਰਣਾ ਸਨ। ਉਨ੍ਹਾਂ ਦੇ ਕੰਮ ਦੀ ਅੱਜ ਵੀ ਵਿਸ਼ਵ ਪੱਧਰ ’ਤੇ ਪ੍ਰਸ਼ੰਸਾ ਕੀਤੀ ਜਾਂਦੀ ਹੈ। ਭਾਰਤ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ 22 ਦਸੰਬਰ ਨੂੰ ‘ਰਾਸ਼ਟਰੀ ਗਣਿਤ ਦਿਵਸ’ ਦੇ ਰੂਪ ਵਿੱਚ ਘੋਸ਼ਿਤ ਕੀਤਾ। ਸ਼੍ਰੀਨਿਵਾਸ ਰਾਮਾਨੁਜਨ ਨੇ ਇਹ ਸਿਖਾਇਆ ਕਿ ਸਮਰੱਥਾ ਕਿਸੇ ਸੰਸਕਾਰ ਜਾਂ ਜਗ੍ਹਾ ਤਕ ਸੀਮਿਤ ਨਹੀਂ ਹੁੰਦੀ। ਉਨ੍ਹਾਂ ਦੀ ਕਹਾਣੀ ਸਾਡੇ ਲਈ ਇੱਕ ਸਬਕ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਰੁਕਾਵਟ ਮਾਨਵਤਾ ਦੇ ਸੱਚੇ ਕਾਰਜ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੀ। ਸ਼੍ਰੀਨਿਵਾਸ ਰਾਮਾਨੁਜਨ ਦੇ ਸੰਪੂਰਨ ਜੀਵਨ ਦੀ ਮਿਹਨਤ, ਸੰਘਰਸ਼ ਅਤੇ ਸਫਲਤਾ ਉੱਤੇ ਝਾਤ ਮਾਰਦਿਆਂ ਬਾਬਾ ਨਾਜ਼ਮੀ ਦਾ ਉਹ ਸ਼ੇਅਰ ਯਾਦ ਆ ਗਿਆ ਹੈ, ਜੋ ਉਸਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਰੂਪਮਾਨ ਕਰਦਾ ਹੈ।
ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।
ਮੰਜ਼ਿਲ ਦੇ ਮੱਥੇ ਦੇ ’ਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5552)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)