“ਏਡਜ਼ ਦੇ ਮਾਰੂ ਹਮਲੇ ਦਾ ਮੁਕਾਬਲਾ ਬਹੁਤ ਹੀ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਵਾਇਰਸ ਸੰਬੰਧੀ ...”
(3 ਦਸੰਬਰ 2024)
ਇੱਕ ਦਸੰਬਰ ਉੰਨੀ ਸੌ ਅਠਾਸੀ ਨੂੰ ਵਿਸ਼ਵ ਪੱਧਰ ’ਤੇ ਏਡਜ਼ ਦੇ ਅਤਿਅੰਤ ਮਾਰੂ ਹਮਲੇ ਨੂੰ ਬੇਅਸਰ ਕਰਨ ਅਤੇ ਸਿਹਤਮੰਦ ਸੰਸਾਰ ਦੀ ਵਚਨਬੱਧਤਾ ਪ੍ਰਗਟ ਕਰਨ ਦੇ ਮੰਤਵ ਨਾਲ ਸਯੁੰਕਤ ਰਾਸ਼ਟਰ ਵੱਲੋਂ ਵਿਸ਼ਵ ਏਡਜ਼ ਦਿਵਸ ਦੀ ਘੋਸ਼ਣਾ ਕੀਤੀ ਗਈ। ਇੱਕ ਦਸੰਬਰ ਵੀਹ ਸੌ ਚੌਵੀ ਨੂੰ ਸੈਂਤੀ ਵਰ੍ਹੇ ਹੋਣ ’ਤੇ ਇਹ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਮਹਾਂਮਾਰੀ ਦੀ ਰੋਕਥਾਮ ਅਤੇ ਇਸਦੇ ਅਸਰ ਨੂੰ ਘੱਟ ਕਰਨ ਵਿੱਚ ਕਿੰਨੀ ਕੁ ਸਫਲਤਾ ਪ੍ਰਾਪਤ ਹੋਈ ਹੈ। ਇਸ ਵਾਰ ਵਿਸ਼ਵ ਏਡਜ਼ ਦਿਵਸ ਐੱਚ ਆਈ ਵੀ ਸੰਬੰਧੀ ਸਮੂਹਿਕ ਕਾਰਜਾਂ ਵਿੱਚ ਤੇਜ਼ੀ ਅਤੇ ਨਿਰੰਤਰਤਾ ਬਣਾਈ ਰੱਖਣ ਦੇ ਵਿਸ਼ੇ ਤਹਿਤ ਮਨਾਇਆ ਜਾਵੇਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵਾਇਰਸ ਦੇ ਫੈਲਣ ਦੀ ਗਤੀ ਉੱਪਰ ਰੋਕ ਲਗਾਉਣ ਦੇ ਨਾਲ-ਨਾਲ ਏਡਜ਼ ਨਾਲ ਪ੍ਰਭਾਵਿਤ ਲੋਕ ਸਮੂਹਾਂ ਦੇ ਇਲਾਜ ਉੱਪਰ ਵਿਸ਼ਵ ਪੱਧਰ ’ਤੇ ਅਰਬਾਂ ਡਾਲਰ ਨਿਰੰਤਰ ਖਰਚ ਕੀਤੇ ਜਾ ਰਹੇ ਹਨ, ਜਿਸ ਨਾਲ ਵੱਖ ਵੱਖ ਦੇਸ਼ਾਂ ਦੇ ਵਿਕਾਸ ਕਾਰਜਾਂ ਉੱਪਰ ਵੱਡਾ ਪ੍ਰਭਾਵ ਪੈ ਰਿਹਾ ਹੈ।
ਹਥਲੇ ਲੇਖ ਵਿੱਚ ਅਸੀਂ ਪੰਜਾਬ ਨੂੰ ਮੁੱਖ ਰੱਖਦਿਆਂ ਸਾਡੇ ਸਮਾਜ ਜਾਂ ਆਲੇ ਦੁਆਲੇ ਵਿੱਚ ਐੱਚ ਆਈ ਵੀ/ਏਡਜ਼ ਬਾਬਤ ਫੈਲੀਆਂ ਮਿਥਕ ਧਾਰਨਾਵਾਂ ਅਤੇ ਹਕੀਕਤ ਉੱਪਰ ਆਪਣਾ ਧਿਆਨ ਕੇਂਦਰਿਤ ਕਰਾਂਗੇ।
ਏਡਜ਼ ਕੀ ਹੈ: ਐੱਚ ਆਈ ਵੀ ਜਿਸ ਨੂੰ ਹਿਊਮਨ ਇਮਯੂਨੋ ਡੈਫੀਸ਼ੀਐਂਸੀ ਵਾਇਰਸ ਕਿਹਾ ਜਾਂਦਾ ਹੈ, ਏਡਜ਼ ਦਾ ਵਾਇਰਸ ਹੈ, ਜਿਹੜਾ ਚਾਰ ਮੁੱਖ ਕਾਰਨਾਂ ਕਰਕੇ ਮਨੁੱਖੀ ਸਰੀਰ ਵਿੱਚ ਦਾਖਲ ਹੁੰਦਾ ਹੈ। ਇਸ ਵਿੱਚ ਪਹਿਲਾ ਮੁੱਖ ਕਾਰਨ ਅਸੁਰੱਖਿਅਤ ਯੌਨ ਸੰਬੰਧ ਹਨ। ਉਸ ਤੋਂ ਬਾਅਦ ਇੱਕੋ ਹੀ ਸਰਿੰਜ ਨਾਲ ਬਹੁਤ ਸਾਰੇ ਲੋਕਾਂ ਵੱਲੋਂ ਨਸ਼ਾ ਲੈਣਾ। ਤੀਜਾ ਕਾਰਨ, ਐੱਚ ਆਈ ਵੀ ਪ੍ਰਭਾਵਿਤ ਖੂਨ ਦਾ ਕਿਸੇ ਤੰਦਰੁਸਤ ਸਰੀਰ ਨੂੰ ਚੜ੍ਹਾ ਦੇਣਾ ਤੇ ਚੌਥਾ ਕਾਰਨ ਹੈ ਐੱਚ ਆਈ ਵੀ ਪ੍ਰਭਾਵਿਤ ਗਰਭਵਤੀ ਔਰਤ ਤੋਂ ਪੈਦਾ ਹੋਣ ਵਾਲਾ ਬੱਚਾ ਵੀ ਇਸ ਵਾਇਰਸ ਨਾਲ ਸੰਕਰਮਿਤ ਹੋ ਸਕਦਾ ਹੈ। ਲੇਕਿਨ ਜੇਕਰ ਡਾਕਟਰ ਦੇ ਨਿਰੰਤਰ ਸੰਪਰਕ ਅਤੇ ਡਾਕਟਰੀ ਸਲਾਹ ਉੱਪਰ ਅਮਲ ਕੀਤਾ ਜਾਵੇ ਤਾਂ ਬੱਚਾ ਇਸ ਵਾਇਰਸ ਦੀ ਲਾਗ ਤੋਂ ਬਚ ਸਕਦਾ ਹੈ। ਇਹਨਾਂ ਕਾਰਨਾਂ ਨਾਲ ਇਹ ਸਪਸ਼ਟ ਹੋ ਗਿਆ ਕਿ ਐੱਚ ਆਈ ਵੀ ਇੱਕ ਸੰਚਾਰੀ ਜਾਂ ਛੂਤ ਦਾ ਵਾਇਰਸ ਹੈ। ਜੇਕਰ ਇਸ ਸੰਬੰਧੀ ਮਨੁੱਖੀ ਸਮਾਜ ਪੂਰਨ ਤੌਰ ’ਤੇ ਜਾਗਰੂਕ ਹੋਵੇ ਤਾਂ ਇਸ ਮਹਾਂਮਾਰੀ ਨੂੰ ਹੋਰ ਜ਼ਿਆਦਾ ਵਧਣ ਤੋਂ ਅਸਾਨੀ ਨਾਲ ਰੋਕਿਆ ਜਾ ਸਕਦਾ ਹੈ।
ਕਦੋਂ ਇਹ ਵਾਇਰਸ ਏਡਜ਼ ਦਾ ਰੂਪ ਧਾਰਨ ਕਰਦਾ ਹੈ?
ਮਨੁੱਖੀ ਸਰੀਰ ਵਿੱਚ ਕੁਦਰਤੀ ਤੌਰ ’ਤੇ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਮੌਜੂਦ ਹੁੰਦੀ ਹੈ। ਜਾਂ ਇਓਂ ਕਿਹਾ ਜਾ ਸਕਦਾ ਹੈ ਕਿ ਸਰੀਰ ਵਿੱਚ ਸੁਰੱਖਿਆ ਸੈਨਿਕ ਤਾਇਨਾਤ ਹਨ, ਜਿਹੜੇ ਕਿਸੇ ਵੀ ਬਿਮਾਰੀ ਦੇ ਸਰੀਰ ਉੱਪਰ ਹਮਲਾ ਕਰਨ ਸਮੇਂ ਹਰਕਤ ਵਿੱਚ ਆ ਜਾਂਦੇ ਹਨ ਤੇ ਸਰੀਰ ਨੂੰ ਬਿਮਾਰੀ ਦੇ ਹਮਲੇ ਤੋਂ ਬਚਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੇ ਹਨ। ਬੱਸ, ਐੱਚ ਆਈ ਵੀ ਦਾ ਵਾਇਰਸ ਇਨ੍ਹਾਂ ਹੀ ਸੁਰੱਖਿਆ ਸੈਨਿਕਾਂ ਉੱਪਰ ਆਪਣਾ ਮਾਰੂ ਹਮਲਾ ਕਰਦਾ ਹੈ ਤੇ ਹੌਲੀ ਹੌਲੀ ਉਨ੍ਹਾਂ ਨੂੰ ਖਤਮ ਕਰ ਦਿੰਦਾ ਹੈ। ਜਦੋਂ ਸਰੀਰ ਦੇ ਸੁਰੱਖਿਆ ਸੈਨਿਕ ਲਗਭਗ ਖਤਮ ਹੋ ਜਾਂਦੇ ਹਨ ਜਾਂ ਉਨ੍ਹਾਂ ਦੀ ਗਿਣਤੀ ਇੰਨੀ ਘੱਟ ਜਾਂਦੀ ਹੈ ਕਿ ਉਹ ਕਿਸੇ ਵੀ ਬਿਮਾਰੀ ਦਾ ਟਾਕਰਾ ਕਰਨ ਯੋਗ ਨਹੀਂ ਹੁੰਦੇ ਤਾਂ ਮੌਕਾਪ੍ਰਸਤ ਬਿਮਾਰੀਆਂ ਜਿਵੇਂ ਤਪਦਿਕ, ਡਾਇਰੀਆ, ਵਾਇਰਸ, ਫਲੂ, ਖੰਘ-ਖਾਂਸੀ ਆਦਿ ਸਰੀਰ ਵਿੱਚ ਦਾਖਲ ਹੋ ਜਾਂਦੀਆਂ ਹਨ। ਇਉਂ ਕਿਹਾ ਜਾ ਸਕਦਾ ਹੈ ਕਿ ਮਨੁੱਖੀ ਸਰੀਰ ਵੱਖ ਵੱਖ ਬਿਮਾਰੀਆਂ ਦਾ ਜਮਘਟ ਬਣ ਜਾਂਦਾ ਹੈ। ਇਸ ਸਥਿਤੀ ਨੂੰ ਹੀ ਏਡਜ਼ ਜਾਂ ਐਕੁਆਇਰਡ ਇਮਿਯੂਨੋ ਡੈਫੀਸ਼ੀਐਂਸੀ ਸਿੰਡਰਮ ਕਿਹਾ ਜਾਂਦਾ ਹੈ।
ਏਡਜ਼ ਸੰਬੰਧੀ ਮਿਥਾਂ: ਜਾਗਰੂਕਤਾ ਜਾਂ ਸਹੀ ਜਾਣਕਾਰੀ ਪ੍ਰਾਪਤ ਨਾ ਹੋਣ ਕਾਰਨ ਸਮਾਜ ਵਿੱਚ ਬਹੁਤ ਸਾਰੀਆਂ ਮਿਥਾਂ, ਭਰਮ ਤੇ ਭੁਲੇਖੇ ਪੈਦਾ ਹੋ ਗਏ ਹਨ, ਜਿਸ ਕਾਰਨ ਏਡਜ਼ ਸਿਹਤ ਸੰਬੰਧੀ ਸਮੱਸਿਆ ਦੇ ਨਾਲ-ਨਾਲ ਇੱਕ ਵੱਡੀ ਸਮਾਜਿਕ ਅਤੇ ਆਰਥਿਕ ਸਮੱਸਿਆ ਵੀ ਬਣ ਗਿਆ ਹੈ। ਬਹੁਤ ਸਾਰੇ ਪ੍ਰਭਾਵਿਤ ਮਨੁੱਖ ਤੇ ਪਰਿਵਾਰ ਇਸ ਕਠਿਨ ਪ੍ਰਸਥਿਤੀ ਅਤੇ ਪੀੜਾ ਵਿੱਚੋਂ ਗੁਜ਼ਰ ਰਹੇ ਹਨ। ਪਰਿਵਾਰਾਂ ਵਿੱਚ ਬਿਖਰਾਵ ਅਤੇ ਰੋਜ਼ੀ ਰੋਟੀ ਦੇ ਸਾਧਨਾਂ ਦਾ ਖੁਸ ਜਾਣਾ ਇਸ ਵਾਇਰਸ ਨੂੰ ਅਤਿਅੰਤ ਮਾਰੂ ਅਤੇ ਵਿਕਰਾਲ ਬਣਾ ਦਿੰਦਾ ਹੈ। ਐੱਚ ਆਈ ਵੀ/ਏਡਜ਼ ਸੰਚਾਰੀ ਰੋਗ ਹੈ ਤੇ ਇਸਦੇ ਫੈਲਣ ਦੇ ਉੱਪਰ ਲਿਖੇ ਮੁੱਖ ਚਾਰ ਕਾਰਨ ਹੀ ਹਨ। ਇਨ੍ਹਾਂ ਤੋਂ ਇਲਾਵਾ ਇੱਕੋ ਬਰਤਨ ਵਿੱਚ ਖਾਣਾ ਬਣਾਉਣ, ਖਾਣ, ਜੂਠਾ ਖਾਣ, ਸਾਂਝੇ ਭਾਂਡੇ ਵਰਤਣ ਨਾਲ, ਨਾਲ ਰਹਿਣ ਨਾਲ, ਚਿਹਰਾ ਚੁੰਮਣ, ਹੱਥ ਮਿਲਾਉਣ ਨਾਲ, ਜੱਫੀ ਪਾਉਣ ਨਾਲ, ਇਕੱਠੇ ਸੌਣ, ਇਕੱਠੇ ਬੈਠਣ ਜਾਂ ਪੜ੍ਹਨ ਨਾਲ, ਇੱਕ ਦੂਜੇ ਦੇ ਕੱਪੜੇ ਵਰਤਣ ਨਾਲ, ਇਕੱਠਿਆਂ ਕੰਮ ਕਰਨ ਨਾਲ, ਇਕੱਠਿਆਂ ਸਫਰ ਕਰਨ ਨਾਲ ਐੱਚ ਆਈ ਵੀ ਨਹੀਂ ਫੈਲਦਾ ਹੈ ਜਾਂ ਇਓਂ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਪ੍ਰਭਾਵਿਤ ਵਿਅਕਤੀ ਜੇ ਕਰ ਆਪਣੇ ਆਪ ਨੂੰ ਨਹੀਂ ਲੁਕਾਵੇਗਾ ਤਾਂ ਉਹ ਬਿਨਾਂ ਕਿਸੇ ਗੈਰ ਜ਼ਰੂਰੀ ਦਬਾਅ ਦੇ ਆਪਣਾ ਜੀਵਨ ਬਤੀਤ ਕਰ ਸਕਦਾ ਹੈ। ਜਾਗਰੂਕਤਾ ਦੀ ਘਾਟ ਕਾਰਨ ਹੀ ਪ੍ਰਭਾਵਿਤ ਵਿਅਕਤੀ ਆਤਮ ਗਿਲਾਨੀ ਨਾਲ ਭਰ ਜਾਂਦਾ ਹੈ। ਇਸ ਵਾਇਰਸ ਲਈ ਉਹ ਆਪਣੀ ਕਿਸਮਤ ਜਾਂ ਆਪਣੇ ਆਪ ਨੂੰ ਦੋਸ਼ ਦੇਣ ਲਗਦਾ ਹੈ, ਜਿਸ ਨਾਲ ਉਹ ਸਮਾਜ ਨਾਲੋਂ ਆਪਣੇ-ਆਪ ਨੂੰ ਅਲੱਗ ਥਲੱਗ ਮਹਿਸੂਸ ਕਰਦਾ ਹੈ। ਬਾਕੀ ਦਾ ਸਮਾਜ ਵੀ ਐੱਚ ਆਈ ਵੀ ਜਾਂ ਇਸ ਨਾਲ ਪ੍ਰਭਾਵਿਤ ਵਿਅਕਤੀ ਨੂੰ ਖਲਨਾਇਕ, ਦੋਸ਼ੀ, ਕਲੰਕੀ, ਵਿਭਚਾਰੀ ਜਾਂ ਚਰਿੱਤਰਹੀਣ ਦੇ ਰੂਪ ਵਿੱਚ ਵੇਖਦਾ ਹੈ, ਜੋ ਕਿ ਬਿਲਕੁਲ ਹੀ ਨਾ ਸਵੀਕਾਰਨ ਯੋਗ ਹੈ। ਸਾਨੂੰ ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਐੱਚ ਆਈ ਵੀ ਸਿਹਤ ਸੰਬੰਧੀ ਇੱਕ ਸਮੱਸਿਆ ਹੈ, ਇਸ ਨਾਲ ਕੋਈ ਵੀ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਬਚਣ ਜਾਂ ਫੈਲਣ ਤੋਂ ਰੋਕਣ ਲਈ ਸਹੀ ਜਾਣਕਾਰੀ, ਸਹੀ ਡਾਕਟਰੀ ਸਲਾਹ ਅਤੇ ਇਲਾਜ ਦੀ ਜ਼ਰੂਰਤ ਹੁੰਦੀ ਹੈ।
ਇਲਾਜ ਕੇਂਦਰ:
ਸਰਕਾਰੀ ਤੇ ਵੱਡੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਆਈ ਸੀ ਟੀ ਸੀ ਕੇਂਦਰ ਖੁੱਲ੍ਹੇ ਹੋਏ ਹਨ, ਜਿੱਥੇ ਕੋਈ ਵੀ ਮਨੁੱਖ ਇਸ ਵਾਇਰਸ ਬਾਬਤ ਹਰ ਕਿਸਮ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ। ਇਨ੍ਹਾਂ ਕੇਂਦਰਾਂ ਵਿੱਚ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਾਰੇ ਹੀ ਮੁੱਖ ਸਰਕਾਰੀ ਹਸਪਤਾਲਾਂ ਵਿੱਚ ਏ ਆਰ ਟੀ ਸੈਂਟਰ ਵੀ ਕੰਮ ਕਰ ਰਹੇ ਹਨ, ਜਿੱਥੇ ਪ੍ਰਭਾਵਿਤ ਵਿਅਕਤੀ ਦੀ ਸਮੇਂ ਸਮੇ ’ਤੇ ਜਾਂਚ ਕੀਤੀ ਜਾਂਦੀ ਹੈ ਤੇ ਜੇਕਰ ਸੀ ਡੀ ਫੋਰ ਤੈਅ ਸੀਮਾ ਤੋਂ ਘਟਦਾ ਹੈ ਤਾਂ ਲੋੜੀਂਦੀ ਦਵਾਈ ਵੀ ਸ਼ੁਰੂ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਏਡਜ਼ ਉੱਪਰ ਕੰਮ ਕਰਨ ਵਾਲੀਆਂ ਸੰਸਥਾਵਾਂ ਵੀ ਜਾਗਰੂਕਤਾ ਅਭਿਆਨਾ ਦੀ ਨਿਰੰਤਰਤਾ ਬਣਾਈ ਰੱਖਣ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਨਾਲ ਕੋਈ ਵੀ ਵਿਅਕਤੀ ਸੰਪਰਕ ਕਰ ਸਕਦਾ ਹੈ ਤੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਤੱਤ ਸਾਰ:
ਐੱਚ ਆਈ ਵੀ/ਏਡਜ਼ ਦੇ ਮਾਰੂ ਹਮਲੇ ਦਾ ਮੁਕਾਬਲਾ ਬਹੁਤ ਹੀ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਵਾਇਰਸ ਸੰਬੰਧੀ ਸਹੀ ਜਾਣਕਾਰੀ ਦਾ ਹੋਣਾ, ਡਾਕਟਰੀ ਸਲਾਹ ਤੇ ਅਗਵਾਈ ਨਿਰੰਤਰ ਲੈਣਾ, ਪੌਸ਼ਟਿਕ ਤੇ ਸੰਤੁਲਿਤ ਭੋਜਨ ਦੀ ਉਪਲਬਧਤਾ ਯਕੀਨੀ ਬਣਾਉਣਾ, ਜੀਵਨ ਵਿੱਚ ਆਉਣ ਵਾਲੀ ਕਿਸੇ ਵੀ ਸਮੱਸਿਆ ਦਾ ਦ੍ਰਿੜ੍ਹਤਾ ਤੇ ਹੌਸਲੇ ਨਾਲ ਮੁਕਾਬਲਾ ਕਰਨਾ ਤੇ ਭਵਿੱਖ ਪ੍ਰਤੀ ਸੁਚੇਤ ਤੇ ਆਸਵੰਦ ਹੋਣਾ, ਅਜਿਹੇ ਮੁੱਖ ਹਥਿਆਰ ਹਨ, ਜਿਨ੍ਹਾਂ ਦੀ ਯੋਗ ਵਰਤੋਂ ਨਾਲ ਏਡਜ਼ ਦੇ ਮਾਰੂ ਹੱਲੇ ਤੋਂ ਬਚਾ ਕੀਤਾ ਜਾ ਸਕਦਾ ਹੈ।
**
(ਲੇਖਕ ਐੱਚ ਆਈ ਵੀ/ਏਡਜ਼ ਪ੍ਰਭਾਵਿਤ ਸਮੂਹਾਂ ਦੀਆਂ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਜਾਗਰੂਕਤਾ ਮੁਹਿੰਮ ਚਲਾਉਂਦਾ ਹੈ।
ਸੰਸਥਾਪਕ: ਪੰਜਾਬ ਨੈੱਟਵਰਕਿੰਗ ਪੌਜ਼ੇਟਿਵ ਪੀਪੁਲ ਸੋਸਾਇਟੀ, ਲੁਧਿਆਣਾ।)
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5499)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)