“ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਭੁੱਲਣੀ ਨਹੀਂ ਚਾਹੀਦੀ। ਉਪ ਚੋਣਾਂ ਵਿੱਚ ...”
(27 ਨਵੰਬਰ 2024)
ਅਕਸਰ ਭਾਰਤੀ ਰਾਜਨੀਤੀ ਵਿੱਚ ਸੱਤਾ ਪੱਖ ਵੱਲੋਂ ਲੋਕਤੰਤਰੀ ਸਿਹਤਮੰਦ ਅਸੂਲਾਂ ਅਤੇ ਪ੍ਰੰਪਰਾਵਾਂ ਤੋਂ ਉਲਟ ਰਾਜ ਸ਼ਕਤੀ ਬਲਬੂਤੇ ਜ਼ਰੂਰੀ ਸੰਵਿਧਾਨਿਕ ਢੰਗਾਂ ਦੀ ਵਰਤੋਂ ਕਰਕੇ ਉਪ ਚੋਣਾਂ ਵਿੱਚ ਜਿੱਤ ਪ੍ਰਾਪਤ ਕਰ ਲਈ ਜਾਂਦੀ ਹੈ। ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਜਿਵੇਂ ਡੇਰਾ ਬਾਬਾ ਨਾਨਕ (ਗੁਰਦਾਸਪੁਰ), ਗਿੱਦੜਬਾਹਾ (ਮੁਕਤਸਰ), ਬਰਨਾਲਾ ਅਤੇ ਚੱਬੇਵਾਲ (ਹੁਸ਼ਿਆਰਪੁਰ) ਵਿੱਚ ਹੋਈਆਂ ਉਪ ਚੋਣਾਂ ਵਿੱਚੋਂ ਤਿੰਨ ਹਲਕਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕਰਕੇ ਕੁਝ ਅਜਿਹਾ ਪ੍ਰਭਾਵ ਛੱਡਿਆ ਹੈ। ਪਰ ਜੇਕਰ ਇਨ੍ਹਾਂ ਉਪ ਚੋਣਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਗਜ਼ਬ ਦਾ ਰਾਜਨੀਤਕ ਉਲਟਫੇਰ ਕਰਕੇ ਸਭ ਨੂੰ ਚਕਿਤ ਕਰ ਦਿੱਤਾ। ਵੱਡੀ ਹੈਰਾਨਗੀ ਦੀ ਗੱਲ ਇਹ ਰਹੀ ਕਿ ਕਾਂਗਰਸ ਪਾਰਟੀ ਦਾ ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਵੀ ਜਾਂਦਾ-ਜਾਂਦਾ ਮਸਾਂ ਬਚਿਆ।
ਉਲਟਫੇਰ:
ਜਿਨ੍ਹਾਂ ਤਿੰਨ ਹਲਕਿਆਂ ਵਿੱਚ ਕਾਂਗਰਸ ਪਾਰਟੀ ਇਨ੍ਹਾਂ ਉਪ ਚੋਣਾਂ ਤੋਂ ਪਹਿਲਾਂ ਕਾਬਜ਼ ਸੀ, ਜਿਵੇਂ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਚੱਬੇਵਾਲ ਉੱਥੇ ਪੰਜਾਬ ਦੇ ਵੋਟਰਾਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫ਼ਤਵਾ ਦਿੱਤਾ ਅਤੇ ਜਿਸ ਆਮ ਆਦਮੀ ਪਾਰਟੀ ਦੀ ਜ਼ਿਲ੍ਹੇ ਦੀ ਮਜ਼ਬੂਤ ਸੀਟ ਬਰਨਾਲਾ ’ਤੇ ਉਸਦਾ ਮੀਤ ਹੇਅਰ (ਸਾਂਸਦ) ਦਾ ਪੱਕਾ ਕਿਲ੍ਹਾ ਕਾਇਮ ਸੀ, ਉਸ ਨੂੰ ਕਾਂਗਰਸ ਪਾਰਟੀ ਨੇ ਢਾਹ-ਢੇਰੀ ਕੀਤਾ। ਇਹ ਬਹੁਤ ਹੀ ਅਚੰਭੇ ਅਤੇ ਚਿਤਾਵਨੀ ਭਰੀ ਚੁਣੌਤੀ ਆਮ ਆਦਮੀ ਪਾਰਟੀ ਸਨਮੁੱਖ ਉੱਭਰ ਕੇ ਸਾਹਮਣੇ ਆਈ ਹੈ। ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਲੀਡਰਸ਼ਿੱਪ ਲਈ ਵੀ ਵੱਡੀ ਚੁਣੌਤੀ ਉੱਭਰੀ ਹੈ ਅਤੇ ਉਸ ’ਤੇ ਪ੍ਰਸ਼ਨ ਚਿੰਨ੍ਹ ਵੀ ਖੜ੍ਹਾ ਕਰਦੀ ਹੈ ਕਿ ਉਹ ਘਰ ਦੇ ਭੇਤੀ ਵੱਲੋਂ ਲੰਕਾ ਢਾਹੁਣ ਦੀ ਪ੍ਰਕ੍ਰਿਆ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੇ। ਇਸ ਸੰਬੰਧੀ ਪੰਜਾਬ ਰਾਜਨੀਤੀ, ਆਮ ਆਦਮੀ ਪਾਰਟੀ ਦੀ ਹਾਈ ਕਮਾਨ ਅਤੇ ਅੰਦਰੂਨੀ ਰਾਜਨੀਤੀ ਅੰਦਰ ਤਰ੍ਹਾਂ-ਤਰ੍ਹਾਂ ਦੇ ਚਰਚੇ ਮੌਜੂਦ ਹਨ।
ਧੌਣ ਵਿੱਚੋਂ ਪੁੱਟਿਆ ਕਿੱਲਾ:
ਇਨ੍ਹਾਂ ਉਪ ਚੋਣਾਂ ਵਿੱਚ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਦੇ ਵੋਟਰਾਂ ਨੇ ਤਿੰਨ ਉੱਘੇ ਆਗੂਆਂ, ਜਿਨ੍ਹਾਂ ਵਿੱਚੋਂ ਦੋ ਕਾਂਗਰਸ ਪਾਰਟੀ ਅੰਦਰ ਭਵਿੱਖ ਮੁੱਖ ਮੰਤਰੀਸ਼ਿੱਪ ਵਜੋਂ ਵਿਚਰ ਰਹੇ ਸਨ ਅਤੇ ਇੱਕ ਆਮ ਆਦਮੀ ਪਾਰਟੀ ਦਾ ਉੱਘਾ ਆਗੂ ਜੋ ਭਗਵੰਤ ਮਾਨ ਮੁੱਖ ਮੰਤਰੀ ਲਈ ਚੁਣੌਤੀ ਬਣਿਆ ਪਿਆ ਸੀ, ਦੀਆਂ ਧੌਣਾਂ ਵਿੱਚੋਂ ਰਾਜਨੀਤਕ ਹੰਕਾਰ ਦਾ ਧਸਿਆ ਕਿੱਲਾ ਬਾਹਰ ਕੱਢ ਮਾਰਿਆ।
ਡੇਰਾ ਬਾਬਾ ਨਾਨਕ:
ਡੇਰਾ ਬਾਬਾ ਨਾਨਕ, ਜੋ ਕਦੇ ਮਰਹੂਮ ਤਾਕਤਵਰ ਅਤੇ ਪ੍ਰਬੁੱਧ ਰਾਜਨੀਤੀਵਾਨ ਅਕਾਲੀ ਆਗੂ ਸਾਬਕਾ ਮੰਤਰੀ ਅਤੇ ਸਪੀਕਰ ਰਹੇ ਮਰਹੂਮ ਸ. ਨਿਰਮਲ ਸਿੰਘ ਕਾਹਲੋਂ ਦਾ ਗੜ੍ਹ ਸੀ, ਤੇ ਕਾਂਗਰਸ ਦੇ ਅਜੋਕੇ ਰਾਸ਼ਟਰੀ ਪੱਧਰ ’ਤੇ ਉੱਭਰੇ ਆਗੂ, ਰਾਜਸਥਾਨ ਵਰਗੇ ਮਹਤੱਵਪੂਰਨ ਰਾਜ ਦੇ ਕਾਂਗਰਸ ਪਾਰਟੀ ਪ੍ਰਭਾਰੀ ਸ. ਸੁੱਖਜਿੰਦਰ ਸਿੰਘ ਰੰਧਾਵਾ ਨੇ ਕਬਜ਼ਾ ਜਮਾ ਕੇ ਪੱਕੀ ਕਿਲ੍ਹਾਬੰਦੀ ਕਰ ਰੱਖੀ ਸੀ, ਸਭ ਜਾਣਦੇ ਹਨ ਕਿ ਕਿਵੇਂ ਅੱਖ ਦੇ ਫੋਰ ਵਿੱਚ ਹੋਏ ਫੇਰਬਦਲ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਇੱਜ਼ਤ ਢੰਗ ਨਾਲ ਲਾਂਭੇ ਕਰਨ ਬਾਅਦ ਉਹ ਰਾਜ ਦੇ ਮੁੱਖ ਮੰਤਰੀ ਬਣਦੇ-ਬਣਦੇ ਰਹਿ ਗਏ ਸਨ ਅਤੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਸ਼ਿੱਪ ਨਾਲ ਸਬਰ ਕਰਨਾ ਪਿਆ। ਹੁਣ ਉਨ੍ਹਾਂ ਦੀ ਅੱਖ ਮਹਾਭਾਰਤ ਦੇ ਨਾਇਕ ਅਰਜਨ ਵੱਲੋਂ ਮੱਛੀ ਦੀ ਅੱਖ ਵਾਂਗ ਮੁੱਖ ਮੰਤਰੀ ਪੰਜਾਬ ਦੀ ਕੁਰਸੀ ’ਤੇ ਸੀ। ਉਨ੍ਹਾਂ ਦੇ ਮਰਹੂਮ ਪਿਤਾ ਮਰਹੂਮ ਕੈਬਨਿਟ ਮੰਤਰੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਬਹੁਤ ਹੀ ਵਧੀਆ ਰਾਜਨੀਤੀਵਾਨ ਵੀ ਮੁੱਖ ਮੰਤਰੀ ਪਦ ਤੋਂ ਖੁੰਝ ਗਏ ਸਨ।
ਸਭ ਜਾਣਦੇ ਹਨ ਕਿ ਅਕਾਲੀ ਸਰਕਾਰਾਂ ਵਿੱਚ ਰਹੇ ਧੱਕੜਸ਼ਾਹ ਅਤੇ ਬਦਨਾਮ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਇੱਕ ਔਰਤ ਨਾਲ ਅਸ਼ਲੀਲ ਸਟਿੰਗ ਅਪ੍ਰੇਸ਼ਨ ਪਿੱਛੇ ਉਨ੍ਹਾਂ ਵੱਲੋਂ ਸਾਜ਼ਿਸ ਸੰਬੰਧੀ ਨਾਂਅ ਵੱਜਦਾ ਰਿਹਾ ਹੈ। ਐਤਕੀਂ ਸੰਨ 1992 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਇਨ੍ਹਾਂ ਉਪ ਚੋਣਾਂ ਵਿੱਚੋਂ ਅਕਾਲੀ ਦਲ ਵੱਲੋਂ ਨਾ ਲੜਨ ਦੇ ਫੈਸਲੇ ਸਨਮੁੱਖ ਸੁੱਚਾ ਸਿੰਘ ਲੰਗਾਹ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਰਾਹੀਂ ਸਿੱਧਾ ਰਾਬਤਾ ਕਾਇਮ ਕਰਕੇ ਸੁਖਜਿੰਦਰ ਰੰਧਾਵੇ ਤੋਂ ਬਦਲਾ ਲੈਣ ਦਾ ਸ਼ਰੇਆਮ ਐਲਾਨ ਕਰ ਦਿੱਤਾ ਸੀ ਜਿਸ ’ਤੇ ਅਕਾਲੀ ਲੀਡਰਸ਼ਿੱਪ ਸਮੇਤ ਬਿਕਰਮ ਮਜੀਠੀਆ ਚੁੱਪ ਰਹੇ।
ਹਾਰ ਦਾ ਮੁੱਖ ਕਾਰਨ:
ਡੇਰਾ ਬਾਬਾ ਨਾਨਕ ਅੰਦਰ ਸੁੱਖਜਿੰਦਰ ਰੰਧਾਵੇ ਦੀ ਧੌਣ ਵਿੱਚੋਂ ਹੰਕਾਰ ਦਾ ਕਿੱਲਾ ਕੱਢਣ ਦੀ ਪ੍ਰਮੁੱਖ ਚੱਕਰਵਿਯੂ ਰਚਨਾ ਸੰਦੀਪ ਪਾਠਕ ਦੀ ਅਗਵਾਈ ਵਿੱਚ ਜਨਰਨ ਸਕੱਤਰ ਜਗਰੂਪ ਸੇਖਵਾਂ ਵੱਲੋਂ ਕੀਤੀ ਗਈ। ਇਸਦਾ ਮੁੱਖ ਕਰਤਾ ਸਾਬਕਾ ਅਕਾਲੀ ਸਥਾਨਿਕ ਆਗੂ ਸ. ਨਿਰਮਲ ਸਿੰਘ ਕਾਹਲੋਂ ਦੀ ਸੱਜੀ ਬਾਂਹ ਵਜੋਂ ਜਾਣਿਆ ਜਾਂਦਾ ਦੋ ਵਾਰ ਕੋਆਪਰੇਟਿਵ ਬੈਂਕ ਦਾ ਚੇਅਰਮੈਨ ਰਿਹਾ ਜਥੇਦਾਰ ਮਨਮੋਹਨ ਸਿੰਘ ਪੱਖੋਕੇ ਸੀ, ਜੋ 6 ਸਾਬਕਾ ਚੇਅਰਮੈਨਾਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਪੱਖ ਵਿੱਚ ਡਟ ਗਿਆ, ਜੋ ਕਾਂਗਰਸੀ ਹੁੰਦੇ ਸੁੱਖੀ ਰੰਧਾਵਾ ਕਾਲ ਵਿੱਚ ਪਿੰਡ ਦਾ ਸਰਪੰਚ ਨਹੀਂ ਸੀ ਬਣ ਸਕਿਆ। ਜਥੇਦਾਰ ਮਨਮੋਹਨ ਸਿੰਘ ਰੰਧਾਵਾ ਅਤੇ ਧਨੰਤਰ ਰਣਨੀਤੀਕਾਰ ਸਾਬਕਾ ਏ.ਐੱਮ.ਡੀ. ਪੰਜਾਬ ਕੋਆਪਰੇਟਿਵ ਬੈਂਕ ਸ. ਸਰਬਜੀਤ ਸਿੰਘ ਦਾ ਹਲਕੇ ਦੀ 40-42 ਹਜ਼ਾਰ ਮਸੀਹ ਵੋਟ ’ਤੇ ਬਹੁਤ ਤਕੜਾ ਪ੍ਰਭਾਵ ਸੀ। ਮਸੀਹ ਪਾਸਟਰ ਖਰੀਦਣ ਦੇ ਬਾਵਜੂਦ ਇਸ ਜੋੜੀ ਨੇ ਮਸੀਹੀ ਵੋਟ ਵੱਡੇ ਪੱਧਰ ’ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਾਉਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ। ਮਰਹੂਮ ਦਰਵੇਸ਼ ਸਿਆਸਤਦਾਨ, ਪੰਥ ਦੇ ਦਿਮਾਗ ਵਜੋਂ ਜਾਣੇ ਜਾਂਦੇ ਅਕਾਲੀ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਸਾਬਕਾ ਹਲਕੇ ਕਾਹਨੂੰਵਾਨ ਦਾ ਵੱਡਾ ਹਿੱਸਾ ਇਸ ਹਲਕੇ ਵਿੱਚ ਹਲਕਾ ਪੁਨਰਗਠਨ ਵੇਲੇ ਸ਼ਾਮਲ ਹੋਣ ਕਰਕੇ ਉਨ੍ਹਾਂ ਦਾ ਫਰਜੰਦ ਜਗਰੂਪ ਸੇਖ਼ਵਾਂ ਸਾਬਕਾ ਅਕਾਲੀਆਂ ਸਮੇਤ ਸੁੱਚਾ ਸਿੰਘ ਲੰਗਾਹ ਦੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਾਉਣ ਵਿੱਚ ਸਫ਼ਲਤਾ ਹਾਸਲ ਕਰ ਗਿਆ।
ਸੁਖਜਿੰਦਰ ਰੰਧਾਵਾ ਵੱਲੋਂ ਟਿਕਟ ਆਪਣੀ ਪਤਨੀ ਜਤਿੰਦਰ ਕੌਰ ਲਈ ਪ੍ਰਾਪਤ ਕਰਨ ਕਰਕੇ ਪਰਿਵਾਰਵਾਦ ਖਿਲਾਫ਼ ਵੀ ਹਲਕੇ ਵਿੱਚ ਰੋਹ ਵੇਖਿਆ ਗਿਆ।
ਮੂਰਖਾਨਾ ਫੈਸਲਾ:
ਮਰਹੂਮ ਸ. ਨਿਰਮਲ ਸਿੰਘ ਕਾਹਲੋਂ ਦਾ ਪੁੱਤਰ ਰਵੀਕਰਨ ਸਿੰਘ ਕਾਹਲੋਂ, ਜੋ ਨੌਜਵਾਨ ਅਕਾਲੀ ਲੀਡਰਸ਼ਿੱਪ ਦਾ ਚਮਕਦਾ ਸਿਤਾਰਾ ਸੀ ਅਤੇ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 466 ਵੋਟਾਂ ’ਤੇ ਸੁਖਜਿੰਦਰ ਰੰਧਾਵੇ ਤੋਂ ਹਾਰਿਆ ਸੀ, ਦਾ ਪੰਜਾਬ ਵਿਰੋਧੀ ਭਾਜਪਾ ਵਿੱਚ ਸ਼ਾਮਲ ਹੋਣ ਦਾ ਮੂਰਖਾਨਾ ਫੈਸਲਾ ਉਸ ਦਾ ਰਾਜਨੀਤਕ ਭਵਿੱਖ ਬਰਬਾਦ ਕਰ ਗਿਆ। ਉਸ ਨੂੰ ਇਸ ਵਾਰ ਸ਼ਰਮਨਾਕ 6505 ਵੋਟਾਂ ਪਈਆਂ। ਹੈ ਨਾ ਨਾਇਕ ਤੋਂ ਖਲਨਾਇਕ ਬਣਨ ਦਾ ਸੱਚ? ਜੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦਾ ਤਾਂ ਕਿੱਤੇ ਵੱਧ ਲੀਡ ਨਾਲ ਗੁਰਦੀਪ ਰੰਧਾਵੇ ਦੀ 5699 ਵੋਟਾਂ ਨਾਲ ਜਿੱਤ ਨਾਲੋਂ ਜਿੱਤਦਾ। ਜਾਂ ਫਿਰ ਅਕਾਲੀ ਦਲ ਵਿੱਚ ਬਣਿਆ ਰਹਿੰਦਾ ਤਾਂ ਸੁੱਚੇ ਲੰਗਾਹ ਵਰਗਾ ਬਦਨਾਮ ਆਗੂ ਮੁੜ ਰਾਜਨੀਤਕ ਸਫਾਂ ਵਿੱਚ ਅੱਗੇ ਨਾ ਆਉਂਦਾ। ਖੈਰ! ਸੁਖਜਿੰਦਰ ਰੰਧਾਵੇ ਨੇ ਬੜੀ ਤਕੜੀ ਲੜਾਈ ਦਿੱਤੀ ਪਰ ਆਮ ਆਦਮੀ ਪਾਰਟੀ ਦੇ ਰਾਜਨੀਤਕ ਚੱਕਰਵਿਯੂ ਦਾ ਸ਼ਿਕਾਰ ਹੋ ਗਿਆ।
ਗਿੱਦੜਬਾਹਾ:
ਗਿੱਦੜਬਾਹਾ ਅੰਦਰ ਵੀ ਕਾਂਗਰਸ ਦੀ ਹਾਰ ਡੇਰਾ ਬਾਬਾ ਨਾਨਕ ਵਾਂਗ ਹੋਈ। ਉੱਥੇ ਵੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਭਵਿੱਖ ਕਾਂਗਰਸ ਮੁੱਖ ਮੰਤਰੀ ਦੀ ਕੁਰਸੀ ’ਤੇ ਅੱਖ ਰੱਖਦਾ ਚੋਣ ਲੜ ਰਿਹਾ ਸੀ। ਉਸਨੇ ਵੀ ਇਸ ਮੰਤਵ ਲਈ ਆਪਣੀ ਪਤਨੀ ਅਮ੍ਰਿਤਾ ਵੜਿੰਗ ਲਈ ਸੀਟ ਪ੍ਰਾਪਤ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਰਾਜਨੀਤਕ ਸੂਝ ਤੋਂ ਕੰਮ ਲੈਂਦੇ ਹੋਏ ਸਾਬਕਾ ਅਕਾਲੀ ਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੇ ਪੱਕੇ ਪੈਰੋਕਾਰ ਹਰਦੀਪ ਸਿੰਘ ‘ਡਿੰਪੀ ਢਿੱਲੋਂ’ ਨੂੰ ਤੋੜ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਜੋ ਸੰਨ 2022 ਵਿੱਚ ਅਕਾਲੀ ਉਮੀਦਵਾਰ ਵਜੋਂ ਮਸਾਂ 13-1400 ਵੋਟਾਂ ’ਤੇ ਰਾਜਾ ਵੜਿੰਗ ਤੋਂ ਹਾਰਿਆ ਸੀ। ਉਸ ਨੂੰ ਆਮ ਆਦਮੀ ਪਾਰਟੀ ਉਮੀਦਵਾਰ ਬਣਾਇਆ। ਉਸ ਨੂੰ ਅਕਾਲੀ ਦਲ ਦੇ ਚੋਣ ਮੈਦਾਨ ਵਿੱਚੋਂ ਬਾਹਰ ਹੋਣ ਦਾ ਵੱਡਾ ਲਾਭ ਹੋਇਆ। ਉਸ ਦੀ ਹਿਮਾਇਤ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਕਾਲੀਆਂ ਨੇ ਕੀਤੀ।
ਦਲ ਬਦਲੂ, ਫਰਾਡ ਤੇ ਗੱਪੀ, ਭ੍ਰਿਸ਼ਟਾਚਾਰੀ, ਪਰਿਵਾਰ ਪਾਲਕ, ‘ਧੋਬੀ ਦਾ ਕੁੱਤਾ ਨਾ ਘਰ ਦਾ, ਨਾ ਘਾਟ ਦਾ’ ਵਾਲੇ ਅਕਸ ਵਾਲੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਭਾਜਪਾ ਨੇ ਗਿੱਦੜਬਾਹਾ ਚੋਣ ਮੈਦਾਨ ਵਿੱਚ ਧੱਕਿਆ, ਜੋ ਸੰਨ 1995 ਵਿੱਚ ਅਕਾਲੀ ਨਾਇਕ ਵਜੋਂ ਉੱਭਰਿਆ ਤੇ 4 ਵਾਰ ਇੱਥੋਂ ਜਿੱਤਿਆ ਸੀ। ਪਰ ਲੋਕਾਂ ਨੇ ਮੂੰਹ ਨਾ ਲਾਇਆ। ਸੁਖਬੀਰ ਦੀ ਅੰਦਰ ਖਾਤੇ ਮਦਦ ਲੋਕਾਂ ਨੇ ਨਕਾਰ ਦਿੱਤੀ।
ਡਿੰਪੀ ਢਿੱਲੋਂ ਨੇ ਆਪਣੀ ਰਾਜਨੀਤਿਕ ਵਿਰਾਸਤ ਦੇ ਬਲਬੂਤੇ ਰਾਜਾ ਵੜਿੰਗ ਦਾ ਕਿਲ੍ਹਾ ਢਹਿ ਢੇਰੀ ਕੀਤਾ। ਉਸਨੇ ਅਮ੍ਰਿਤਾ ਵੜਿੰਗ ਦੀਆਂ 49675 ਵੋਟਾਂ ਮੁਕਾਬਲੇ 71644 ਵੋਟਾਂ ਲੈ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ 21969 ਵੋਟਾਂ ਨਾਲ ਮਾਤ ਦਿੱਤੀ। ਮਨਪ੍ਰੀਤ ਬਾਦਲ ਨੂੰ ਸ਼ਰਮਨਾਕ 12227 ਵੋਟਾਂ ਹਾਸਲ ਹੋਈਆਂ। ਚੰਗਾ ਹੋਵੇ ਜੇ ਉਹ ਰਾਜਨੀਤੀ ਤਿਆਗ ਕੇ ਘਰ ਬੈਠ ਜਾਵੇ।
ਚੱਬੇਵਾਲ:
ਚੱਬੇਵਾਲ ਰਾਖਵੀਂ ਸੀਟ ’ਤੇ ਆਮ ਆਦਮੀ ਪਾਰਟੀ ਦਾ ਕੋਈ ਮੁਕਾਬਲਾ ਨਹੀਂ ਸੀ। ਕਾਂਗਰਸ ਵਿੱਚੋਂ ਦਲ ਬਦਲ ਕੇ ਆਮ ਆਦਮੀ ਪਾਰਟੀ ਟਿਕਟ ਤੇ ਸਾਂਸਦ ਬਣੇ ਡਾ. ਰਾਜਕੁਮਾਰ ਚੱਬੇਵਾਲ ਦਾ ਪੁੱਤਰ ਡਾ. ਇਸ਼ਾਂਕ ਚੱਬੇਵਾਲ ਨੇ ਕਾਂਗਰਸ ਉਮੀਦਵਾਰ ਰਣਜੀਤ ਕੁਮਾਰ ਨੂੰ 28690 ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰ ਦਿੱਤੀ। ਇਸ਼ਾਂਕ ਨੂੰ 51904, ਰਣਜੀਤ ਕੁਮਾਰ ਨੂੰ 23214 ਜਦਕਿ ਅਕਾਲੀ ਦਲ ਵਿੱਚ ਦਲ ਬਦਲ ਕੇ ਭਾਜਪਾ ਵਿੱਚ ਆਏ ਸਾਬਕਾ ਮੰਤਰੀ ਸੋਹਣ ਸਿੰਘ ਨੂੰ 8692 ਵੋਟਾਂ ਮਿਲੀਆਂ।
ਬਰਨਾਲਾ:
ਆਮ ਆਦਮੀ ਪਾਰਟੀ ਦੇ ਅੰਦਰੂਨੀ ਯੁੱਧ ਅਤੇ ਰਾਜਨੀਤਕ ਮੂਰਖਤਾ ਕਰਕੇ ਉਸ ਦੀ ਰਾਜਧਾਨੀ ਸੰਗਰੂਰ ਵਿੱਚ ਸ਼ਰਮਨਾਕ ਹਾਰ ਦਾ ਮੂੰਹ ਵੇਖਣਾ ਪਿਆ। ਜੇ ਮੀਤ ਹੇਅਰ ਆਪਣੇ ਮਾਸੀ ਦੇ ਮੁੰਡੇ ਹਰਿੰਦਰ ਧਾਲੀਵਾਲ ਦੀ ਥਾਂ ਗੁਰਦੀਪ ਬਾਰ ਨੂੰ ਸੀਟ ਦਿਵਾ ਦਿੰਦਾ ਤਾਂ ਹਾਰ ਨਾ ਹੁੰਦੀ। ਇਸ ਨੂੰ ਹਰਿੰਦਰ ਧਾਲੀਵਾਲ ਦੀ ਨਹੀਂ, ਮੀਤ ਹੇਅਰ ਦੀ ਹਾਰ ਮੰਨਿਆ ਗਿਆ। ਲੋਕਾਂ ਨੇ ਉਸ ਦੀ ਧੌਣ ਵਿੱਚੋਂ ਹੰਕਾਰ ਦਾ ਕਿੱਲਾ ਕੱਢ ਕੇ ਰੱਖ ਦਿੱਤਾ। ਕਾਂਗਰਸ ਨੇ ਇੱਕ ਮਜ਼ਬੂਤ ਵਰਕਰ ਕੁਲਦੀਪ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ। ਕਾਂਗਰਸ ਵਿਧਾਨ ਸਭਾ ਗਰੁੱਪ ਆਗੂ ਅਤੇ ਪੁਰਾਣੇ ਪੌਲਿਸ਼ਡ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜੋ ਮੁੱਖ ਮੰਤਰੀਸ਼ਿੱਪ ਦੇ ਪ੍ਰਬਲ ਦਾਅਵੇਦਾਰ ਹਨ, ਨੇ ਕੁਲਦੀਪ ਢਿੱਲੋਂ ਲਈ ਡਟ ਕੇ ਪ੍ਰਚਾਰ ਕੀਤਾ। ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਉਦੋਂ ਆਪਣੀ ਔਕਾਤ ਦਾ ਪਤਾ ਚੱਲਿਆ ਜਦੋਂ ਉਸ ਵੱਲੋਂ ਸਿਮਰਨਜੀਤ ਮਾਨ ਦੇ ਦੋਹਤੇ ਗੋਬਿੰਦ ਸਿੰਘ ਸੰਧੂ ਨੂੰ ਅਕਾਲੀਆਂ ਨੂੰ ਹਿਮਾਇਤ ਦੇਣ ਵੱਲ ਕਿਸੇ ਨੇ ਕੰਨ ਨਾ ਕੀਤੇ। ਧਨਾਢ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਉਮੀਦਵਾਰ ਕਰਕੇ ਵੋਟਰਾਂ ਨੇ ਕਿਨਾਰੇ ਕਰ ਦਿੱਤਾ। ਕੁਲਦੀਪ ਢਿੱਲੋਂ ਨੇ ਹਰਿੰਦਰ ਧਾਲੀਵਾਲ ਦੀਆਂ 26097 ਵੋਟਾਂ ਮੁਕਾਬਲੇ 28254 ਵੋਟਾਂ ਹਾਸਲ ਕਰਕੇ 2157 ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਕੇਵਲ ਢਿੱਲੋਂ ਨੂੰ 17958 ਜਦਕਿ ਬਾਗੀ ਗੁਰਦੀਪ ਬਾਰ ਨੂੰ 16899 ਵੋਟਾਂ ਹਾਸਲ ਹੋਈਆਂ।
ਮੁੱਦੇ ਰਹਿਤ ਚੋਣਾਂ:
ਜੇਕਰ ਕਾਂਗਰਸ ਅਤੇ ਭਾਜਪਾ ਝੋਨੇ ਦੀ ਚੁਕਾਈ ਦੇ ਸੰਕਟ, ਗੈਂਗਸਟਰਵਾਦ, ਨਸ਼ੀਲੇ ਪਦਾਰਥਾਂ, ਇੱਕ ਕਰੋੜ ਕਰਜ਼ੇ, ਡੀ.ਏ.ਪੀ. ਖਾਦ ਦੀ ਘਾਟ, ਭ੍ਰਿਸ਼ਟਾਚਾਰ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਸਿਫ਼ਰਤਾ ਦੇ ਮੁੱਦੇ ਭਨਾਉਂਦੀ ਤਾਂ ਨਤੀਜੇ ਹੋਰ ਹੀ ਹੁੰਦੇ। ਕਾਂਗਰਸ ਚੋਣਾਂ ਵਿੱਚ ਰਾਜਨੀਤਕ ਕੋਆਰਡੀਨੇਸ਼ਨ ਨਹੀਂ ਕਰ ਸਕੀ। ਭਾਜਪਾ ਨੂੰ ਰਾਜ ਵਿੱਚ ਸਿੱਖ ਕਿਸਾਨੀ ਦਾ ਵਿਰੋਧ ਲੈ ਬੈਠਾ।
ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਭੁੱਲਣੀ ਨਹੀਂ ਚਾਹੀਦੀ। ਉਪ ਚੋਣਾਂ ਵਿੱਚ ਜਿੱਤ ਨਾਲ ਕੋਈ ਰਾਜਨੀਤਕ ਭਰਮ ਨਹੀਂ ਪਾਲਣਾ ਚਾਹੀਦਾ। ਅਜੇ ਤਕ ਉਹ ਰਾਜ ਵਿੱਚ ਅਜਿਹਾ ਕੁਝ ਨਹੀਂ ਕਰ ਸਕੀ ਕਿ ਲੋਕ ਸੰਨ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਸ ਨੂੰ ਮੁੜ ਫਤਵਾ ਦੇਣ ਲਈ ਤਿਆਰ ਹੋ ਜਾਣ। ਮੁੱਖ ਮੰਤਰੀ ਭਗਵੰਤ ਮਾਨ ਨੇ ਠੀਕ ਕਿਹਾ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਉੱਤਰਨ ਲਈ ਸਖ਼ਤ ਮਿਹਨਤ ਦਰਕਾਰ ਰਹੇਗੀ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5482)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)