“ਸਮਾਜਵਾਦੀ ਪਾਰਟੀ ਦੇ ਚੇਅਰਮੈਨ ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਭਾਜਪਾ ਅੰਗਰੇਜ਼ਾਂ ਵਾਂਗ ...”
(23 ਨਵੰਬਰ 2024)
ਯੋਗੀ ਅਦਿੱਤਿਆ ਨਾਥ ਇਹ ਨਾਅਰਾ ‘ਬਟੋਗੇ ਤੋ ਕਟੋਗੇ’, ਮਤਲਬ ਜੇਕਰ ਵੰਡੇ ਗਏ ਤਾਂ ਕੱਟੇ ਜਾਓਗੇ, ਉੱਤਰ ਪ੍ਰਦੇਸ਼ ਵਿੱਚ ਵੋਟ ਬੈਂਕ ਕਾਇਮ ਰੱਖਣ ਲਈ ਜਾਂ ਸਮਝੋ ਆਪਣੀਆਂ ਭੇਡਾਂ ਨੂੰ ਆਪਣੇ ਵਾੜੇ ਤੋਂ ਬਾਹਰ ਜਾਣ ਤੋਂ ਮਨ੍ਹਾਂ ਕਰਨ ਲਈ ਦਿੱਤਾ ਹੈ। ਪਰ ਜਿਨ੍ਹਾਂ ਸਾਰੇ ਲੋਕਾਂ ਨੂੰ ਉਹ ਆਪਣੀਆਂ ਭੇਡਾਂ ਸਮਝਦਾ ਹੈ, ਉਹਨਾਂ ਵਿੱਚੋਂ ਜਿਨ੍ਹਾਂ ਉੱਤੇ ਅਜੇ ਭਗਵਾ ਰੰਗ ਨਹੀਂ ਚੜ੍ਹਿਆ, ਉਹ ਭੇਡਬੁੱਧੀ ਨਹੀਂ ਬਲਕਿ ਸੁਲਝੇ ਹੋਏ ਵਿਅਕਤੀ ਹਨ। ਉਹ ਵਾੜਿਆਂ ਵਿੱਚ ਬੰਦ ਹੋਣ ਦੀ ਬਜਾਏ ਅਜ਼ਾਦ ਵਿਅਕਤੀ ਹਨ ਅਤੇ ਕਿਸੇ ਪਾਸੇ ਵੀ ਜਾ ਸਕਦੇ ਹਨ।
ਯੋਗੀ ਜੀ ਦੇ ਸ਼ਬਦਾਂ ਦਾ ਅਰਥ ਵੰਡੇ ਜਾਣ ਅਤੇ ਵੱਢੇ ਜਾਣ ਵੀ ਹੋ ਸਕਦਾ ਹੈ ਅਤੇ ਆਪਣੇ ਸਮਾਜ ਜਾਂ ਆਪਣੀ ਪਾਰਟੀ ਨਾਲੋਂ ਅਲੱਗ ਹੋ ਜਾਣਾ ਵੀ ਹੋ ਸਕਦਾ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਵੰਡਿਆ ਕਿਸ ਨੇ? ਵਰਣ ਵਿਵਸਥਾ ਕਿਸ ਨੇ ਸ਼ੁਰੂ ਕੀਤੀ? ਕੀ ਇਹ ਕਿਸੇ ਵਿਦੇਸ਼ੀ ਨੇ ਆ ਕੇ ਕੀਤੀ ਸੀ? ਕੀ ਇਹ ਵਰਣ ਵਿਵਸਥਾ ਲਾਗੂ ਕਰਨਾ ਸਾਰੇ ਹਿੰਦੂਆਂ ਨੂੰ ਚਾਰ ਹਿੱਸਿਆਂ ਵਿੱਚ ਵੰਡਣਾ ਨਹੀਂ ਸੀ? ਜੇਕਰ ਯੋਗੀ ਜੀ ਇਸਦਾ ਜਵਾਬ ਦੇ ਸਕਣ ਤਾਂ ਜ਼ਰੂਰ ਦੇਣ। ਇਸ ਤੋਂ ਬਾਅਦ ਦੋ ਰਾਸ਼ਟਰਾਂ ਦਾ ਸਿਧਾਂਤ ਦੇਣ ਵਾਲੇ ਸਾਵਰਕਰ ਨੇ ਸਾਰੇ ਭਾਰਤ ਨੂੰ ਜੋੜ ਕੇ ਰੱਖਿਆ ਜਾਂ ਬ੍ਰਿਟਿਸ਼ ਹਕੂਮਤ ਵੱਲੋਂ ਭਾਰਤ ਦੇ ਟੁਕੜੇ ਟੁਕੜੇ ਕਰਨ ਵਿੱਚ ਸਹਾਇਤਾ ਕੀਤੀ। ਇਸ ਵੰਡ ਕਾਰਨ ਸਾਰਾ ਭਾਰਤੀ ਸਮਾਜ ਨਾ ਕੇਵਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਬਲਕਿ ਵੱਢਿਆ, ਕੱਟਿਆ ਗਿਆ, ਮਾਰਿਆ ਗਿਆ, ਲੁੱਟਿਆ ਗਿਆ ਅਤੇ ਦੋਹੀਂ ਪਾਸੀਂ ਪਤਨੀਆਂ, ਧੀਆਂ, ਭੈਣਾਂ ਦੇ ਬਲਾਤਕਾਰ ਹੋਏ। ਭਾਰਤ ਦੇ ਜਿਹੜੇ ਦੋ ਟੁਕੜੇ ਕਰ ਦਿੱਤੇ, ਹੁਣ ਤਿੰਨ ਹੋ ਚੁੱਕੇ ਹਨ। ਸਰਦਾਰ ਪਟੇਲ ਦੋ ਰਾਸ਼ਟਰਾਂ ਦੇ ਸਿਧਾਂਤ ਕਾਰਨ ਭਾਰਤ ਨਾਲੋਂ ਅਲੱਗ ਹੋਏ ਟੁਕੜੇ ਨੂੰ ਤਾਂ ਜੋੜ ਨਹੀਂ ਸਕਦੇ ਸਨ ਪਰ ਜਿਹੜੇ ਹੋਰ ਟੁਕੜੇ ਬਣਨ ਵਾਲੇ ਸਨ, ਉਹਨਾਂ ਨੂੰ ਭਾਰਤ ਨਾਲ ਜੋੜੀ ਰੱਖਣ ਲਈ ਦਿਨ ਰਾਤ ਕੰਮ ਕਰਦੇ ਰਹੇ। ਦੂਜੇ ਪਾਸੇ ਸਾਵਰਕਰ (ਜੀ) ਕਸ਼ਮੀਰ ਦੇ ਬਾਦਸ਼ਾਹ ਨੂੰ ਕਹਿੰਦੇ ਰਹੇ ਕਿ ਤੁਸੀਂ ਹਿੰਦੂ ਬਾਦਸ਼ਾਹ ਹੋ, ਇਸ ਲਈ ਕਸ਼ਮੀਰ ਨੂੰ ਅਜ਼ਾਦ ਰੱਖੋ। ਜੇਕਰ ਤੁਸੀਂ ਭਾਰਤ ਨਾਲ ਮਿਲ ਗਏ ਤਾਂ ਇਹ ਇੱਕ ਧਰਮ ਨਿਰਪੱਖ ਇਲਾਕਾ ਬਣ ਜਾਵੇਗਾ, ਜਿੱਥੇ ਬਾਕੀ ਸਾਰਿਆਂ ਨੂੰ ਵੀ ਹਿੰਦੂਆਂ ਵਾਲੇ ਅਧਿਕਾਰ ਮਿਲ ਜਾਣਗੇ। ਵੈਸੇ ਕਸ਼ਮੀਰ ਤਾਂ ਹਰੀ ਸਿੰਘ ਵੇਲੇ ਵੀ ਧਰਮ ਨਿਰਪੱਖ ਹੀ ਸੀ ਪਰ ਸਾਵਰਕਰ ਦੀ ਸਲਾਹ ਨਾਲ ਉਸਨੇ ਪਹਿਲਾਂ ਅਜ਼ਾਦ ਰਹਿਣ ਲਈ ਮਨ ਬਣਾ ਲਿਆ ਅਤੇ ਜਦੋਂ ਕਬਾਇਲੀ ਹਮਲਿਆਂ ਸਾਹਮਣੇ ਉਸ (ਬਾਦਸ਼ਾਹ) ਦੀਆਂ ਫੌਜਾਂ ਟਿਕ ਨਾ ਸਕੀਆਂ ਤਾਂ ਉਹ ਡਾਵਾਂਡੋਲ ਹੋ ਗਿਆ। ਇਸ ਡਾਵਾਂਡੋਲਤਾ ਦੀ ਹਾਲਤ ਵਿੱਚ ਹੀ ਉਸ ਨੇ ਭਾਰਤ ਨਾਲ ਮਿਲੇ ਬਗੈਰ ਹੀ ਭਾਰਤ ਨੂੰ ਫੌਜ ਭੇਜਣ ਦੀ ਬੇਨਤੀ ਕਰ ਦਿੱਤੀ। ਪਰ ਭਾਰਤ ਉਸ ਦੀ ਫੌਜੀ ਸਹਾਇਤਾ ਓਨੀ ਦੇਰ ਤਕ ਨਹੀਂ ਕਰ ਸਕਦਾ ਸੀ, ਜਦੋਂ ਤਕ ਕਸ਼ਮੀਰ ਭਾਰਤ ਨਾਲ ਮਿਲਣ ਦੀ ਸੰਧੀ ਨਹੀਂ ਸੀ ਕਰਦਾ। ਕਾਫ਼ੀ ਦੇਰ ਸੋਚ ਵਿਚਾਰ ਕਰਨ ਤੋਂ ਬਾਅਦ ਬਾਦਸ਼ਾਹ ਨੇ ਕੁਝ ਸ਼ਰਤਾਂ ਨਾਲ ਭਾਰਤ ਨਾਲ ਮਿਲਣ ਦੀ ਸੰਧੀ ’ਤੇ ਦਸਤਖ਼ਤ ਕੀਤੇ। ਡਾਵਾਂਡੋਲਤਾ ਕਰਕੇ ਹੋਈ ਦੇਰੀ ਕਾਰਨ ਪਾਕਿਸਤਾਨ ਵੱਲੋਂ ਭੇਜੇ ਕਬਾਈਲਿਆਂ ਨੇ ਕਸ਼ਮੀਰ ਦੇ ਕਾਫੀ ਸਾਰੇ ਹਿੱਸੇ ’ਤੇ ਕਬਜ਼ਾ ਕਰ ਲਿਆ, ਜਿਹੜਾ ਕਿ ਅਜੇ ਤਕ ਝਗੜੇ ਦਾ ਕਾਰਨ ਬਣਿਆ ਹੋਇਆ ਹੈ ਅਤੇ ਯੁੱਧ ਵੀ ਹੁੰਦੇ ਆ ਰਹੇ ਹਨ। ਇਸ ਤੋਂ ਇਲਾਵਾ ਸਾਵਰਕਰ ਨੇ ਟਰਾਵਨਕੋਰ ਦੇ ਦੀਵਾਨ ਨੂੰ ਆਪਣਾ ਰਾਜ ਧਰਮ ਨਿਰਪੱਖ ਭਾਰਤ ਤੋਂ ਅਲੱਗ ਰੱਖਣ ਦੀ ਸਲਾਹ ਦਿੱਤੀ, ਪਰ ਉਹ ਭਾਰਤ ਦੀ ਫੌਜੀ ਤਾਕਤ ਤੋਂ ਡਰਦਾ ਨਹੀਂ ਮੰਨਿਆ। ਫਿਰ ਉਸ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਤੁਸੀਂ ਜੇਕਰ ਆਪਣੇ ਰਾਜ ਵਿੱਚ ਮੌਜੂਦ ਥੋਰੀਅਮ ਅਮਰੀਕਾ ਨੂੰ ਦੇਵੋ ਤਾਂ ਅਮਰੀਕਾ ਤੁਹਾਨੂੰ ਅਜ਼ਾਦ ਰਹਿਣ ਲਈ ਸਹਾਇਤਾ ਕਰ ਸਕਦਾ ਹੈ। ਪਰ ਇਹ ਸਕੀਮ ਸਿਰੇ ਨਾ ਚੜ੍ਹ ਸਕੀ।
ਜਿਹੜੇ ‘ਬਟੋਗੇ ਤੋ ਕਟੋਗੇ’ ਦਾ ਨਾਅਰਾ ਦੇ ਰਹੇ ਹਨ, ਉਹ ਆਪ ਕੀ ਕਰ ਰਹੇ ਹਨ ਜਾਂ ਕਰਦੇ ਰਹੇ ਹਨ? ਹਿੰਦੂਆਂ ਨੂੰ ਮੁਸਲਮਾਨਾਂ, ਈਸਾਈਆਂ ਅਤੇ ਹੋਰ ਧਰਮਾਂ ਨੂੰ ਮੰਨਣ ਵਾਲਿਆਂ ਤੋਂ ਅਲੱਗ ਕਰ ਦਿੱਤਾ। ਭਾਰਤ ਦੇ ਸ਼ੰਕਰਾਚਾਰੀਆਂ ਨੂੰ ਜਿਹੜੇ ਸਦੀਆਂ ਤੋਂ ਇੱਕ ਸਨ ਉਹਨਾਂ ਨੂੰ ਮੋਦੀ ਦੇ ਹੱਕ ਅਤੇ ਵਿਰੋਧ ਵਿੱਚ ਵੰਡ ਦਿੱਤਾ। ਰਾਮ ਮੂਰਤੀ ਪ੍ਰਾਣ ਪ੍ਰਤਿਸ਼ਠਾ ਵੇਲੇ ਹੀ ਇੱਕ ਸ਼ੰਕਰਾਚਾਰੀਆ ਨੂੰ ਅਪਸ਼ਬਦ ਵੀ ਭਗਵਾ ਬ੍ਰਗੇਡ ਦੇ ਆਈ ਟੀ ਸੈੱਲ ਵੱਲੋਂ ਬੋਲੇ ਗਏ। ਸੁਪਰੀਮ ਕੋਰਟ ਦੇ ਵਕੀਲਾਂ ਨੂੰ ਕੋਰਟ ਦੇ ਕੰਮ ਕਰਨ ਦੇ ਢੰਗ ਦੇ ਮੁੱਦੇ ’ਤੇ ਵੰਡ ਦਿੱਤਾ।
ਸਮਾਜਵਾਦੀ ਪਾਰਟੀ ਦੇ ਚੇਅਰਮੈਨ ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਭਾਜਪਾ ਅੰਗਰੇਜ਼ਾਂ ਵਾਂਗ ‘ਫੁੱਟ ਪਾਉ ਅਤੇ ਰਾਜ ਕਰੋ’ ਦੀ ਨੀਤੀ ’ਤੇ ਚੱਲ ਰਹੀ ਹੈ ਅਤੇ ਹੁਣ ‘ਬਟੋਗੇ ਤੋ ਕਟੋਗੇ’ ਦਾ ਨਾਅਰਾ ਦੇ ਰਹੀ ਹੈ, ਜਦੋਂ ਕਿ ਪਹਿਲਾਂ ‘ਸਬ ਕਾ ਸਾਥ, ਸਬ ਕਾ ਵਿਕਾਸ’ ਦਾ ਨਾਅਰਾ ਦੇ ਰਹੀ ਸੀ। ‘ਬਟੋਗੇ ਤੋ ਕਟੋਗੇ’ ਦੇ ਨਾਅਰੇ ਤੋਂ ਪਤਾ ਲਗਦਾ ਹੈ ਕਿ ਇਹਨਾਂ ਨੂੰ ਅਗਾਮੀ ਚੋਣਾਂ ਵਿੱਚ ਹਾਰ ਦਾ ਡਰ ਸਤਾ ਰਿਹਾ ਹੈ, ਇਸ ਲਈ ਪਹਿਲਾਂ ਹੋਏ ਧਰੁਵੀਕਰਣ ਨੂੰ ਹੋਰ ਵਧਾ ਰਹੇ ਹਨ। ਸਮਾਜਵਾਦੀ ਪਾਰਟੀ ਦੇ ਚੇਅਰਮੈਨ ਅਖਿਲੇਸ਼ ਯਾਦਵ ਨੇ ਕਿਹਾ ਕਿ ਸਾਡਾ ਨਾਅਰਾ ਹੈ, “ਏਕ ਰਹੇਂਗੇ ਤੋਂ ਜੀਤੇਂਗੇ।” ਅਤੇ ਇਹ ਸੰਵਿਧਾਨ ਅਨੁਸਾਰ ਹੈ। ਇੰਡੀਆ ਗਠਬੰਧਨ ਦਾ ਨਾਅਰਾ ਜਿਹੜਾ ਕਿ 26 ਪਾਰਟੀਆਂ ਨੇ ਅਪਣਾਇਆ ਉਹ ਹੈ, “ਜੁੜੇਗਾ ਭਾਰਤ, ਜੀਤੇਗਾ ਇੰਡੀਆ।”
ਵੈਸੇ ਭਾਜਪਾ ਦੇ ਕਾਫ਼ੀ ਸਾਰੇ ਨੇਤਾ ‘ਬਟੋਗੇ ਤੋ ਕਟੋਗੇ’ ਦੇ ਨਾਅਰੇ ਨਾਲ ਸਹਿਮਤ ਨਹੀਂ, ਥੋੜ੍ਹੇ ਸਹਿਮਤ ਅਤੇ ਥੋੜ੍ਹੇ ਅਸਹਿਮਤ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਆਮ ਤੌਰ ਤੇ ਨਾਅਰਾ ਲਗਾ ਰਹੇ ਹਨ, “ਏਕ ਰਹੇਂਗੇ ਸੇਫ ਰਹੇਂਗੇ।” ਪਰ ਮਹਾਰਾਸ਼ਟਰ ਵਿੱਚ ਜਾ ਕੇ ‘ਬਟੋਗੇ ਤੋ ਕਟੋਗੇ’ ਕਹਿ ਰਹੇ ਹਨ। ਮੋਹਨ ਭਾਗਵਤ ਸਮੇਤ ਆਰ ਐੱਸ ਐੱਸ ਦੇ ਵੱਡੇ ਨੇਤਾ ‘ਬਟੋਗੇ ਤੋਂ ਕਟੋਗੇ’ ਦਾ ਨਾਅਰਾ ਲਗਾ ਰਹੇ ਹਨ। ਪਰ ਆਰ ਐੱਸ ਐੱਸ ਦੇ ਗੜ੍ਹ ਮਹਾਰਾਸ਼ਟਰ ਵਿੱਚ ਭਾਜਪਾ ਦੀ ਸਹਿਯੋਗੀ ਪਾਰਟੀ ਐੱਨ ਸੀ ਪੀ ਦੇ ਨੇਤਾ ਅਜੀਤ ਪਵਾਰ ਨੇ ‘ਬਟੋਗੇ ਤੋ ਕਟੋਗੇ’ ਦੇ ਬਾਰੇ ਕਿਹਾ ਹੈ, “ਇਹ ਸ਼ਿਵਾ ਜੀ, ਰਾਜ ਰਿਸ਼ੀ ਸ਼ਾਹੁ ਜੀ ਮਹਾਰਾਜ ਅਤੇ ਮਹਾਤਮਾ ਫੂਲੇ ਦਾ ਮਹਾਰਾਸ਼ਟਰ ਹੈ। ਇੱਥੇ ਦੇ ਲੋਕ ਅਜਿਹੀ ਟਿੱਪਣੀ ਪਸੰਦ ਨਹੀਂ ਕਰਦੇ। ਇੱਥੇ ਦੇ ਲੋਕ ਹਮੇਸ਼ਾ ਸਦਭਾਵ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਮਹਾਰਾਸ਼ਟਰ ਦੀ ਤੁਲਨਾ ਦੂਜੇ ਰਾਜਾਂ ਨਾਲ ਨਹੀਂ ਕਰ ਸਕਦੇ।” ਸ਼ਿਵ ਸੈਨਾ ਦੇ ਮੁੱਖ ਮੰਤਰੀ ਏਕ ਨਾਥ ਸ਼ਿੰਦੇ ਦਾ ਕਹਿਣਾ ਹੈ ਕਿ ਇਹ ਨਾਅਰਾ ਮਹਾਸ਼ਟਰ ਵਿੱਚ ਨਹੀਂ ਚੱਲਣਾ। ਭਾਜਪਾ ਦੇ ਕੇਡਰ ਦੇ ਇੱਕ ਵੱਡੇ ਹਿੱਸੇ ਦਾ ਮੰਨਣਾ ਹੈ ਕਿ ਸਾਨੂੰ ਕੇਵਲ ਹਿੰਦੂਆਂ ਦੇ ਵੋਟ ਮਿਲਣੇ ਹਨ ਉਹ ਵੀ ਸੈਕੁਲਰ ਹਿੰਦੂਆਂ ਨੂੰ ਛੱਡ ਕੇ, ਤਾਂ ਸਾਡੇ ਵੋਟ ਕਿਉਂ ਕੱਟ ਰਹੇ ਹੋ?
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5468)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)