“ਪੰਜਾਬ ਦੀ ਜਿਸ ਵੀ ਰਗ ’ਤੇ ਹੱਥ ਲਾਉਣ ਦਾ ਯਤਨ ਕੀਤਾ, ਉਹੀ ਭਿਆਨਕ ਦਰਦ ਅਤੇ ਟਸ ਨਾਲ ...”
(22 ਨਵੰਬਰ 2024)
ਚੰਡੀਗੜ੍ਹ ਦਾ ਦ੍ਰਿਸ਼ ... ਜੋ ਵੀ ਸਾਹ ਲਵੇ, ਸੋ ਹੀ ਬੇਹਾਲ ... ਕੌਣ ਬੋਲੇ ‘ਸੋ ਨਿਹਾਲ’।
ਪਿਛਲੇ ਦਿਨੀਂ ਮੈਨੂੰ ਆਪਣੇ ਉਸ ਪੰਜਾਬ ਦੀ ਯਾਤਰਾ ਕਰਨ ਦਾ ਮੌਕਾ ਹਾਸਲ ਹੋਇਆ ਜਿਸ ਨੂੰ ‘ਸੁਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ’, ਗੁਰੂਆਂ, ਪੀਰਾਂ, ਰਿਸ਼ੀਆਂ ਦੀ ਚਰਨ ਛੋਹ ਧਰਤੀ, ਪੰਜ ਦਰਿਆਵਾਂ ਦੀ ਜ਼ਰਖੇਜ਼ ਪੰਜਾਬ, ‘ਪੰਜਾਬ ਜਿਊਂਦਾ ਗੁਰਾਂ ਦੇ ਨਾਂਅ’ ਵਾਲਾ ਸਰਬ ਸਾਂਝੀਵਾਲਤਾ ਭਰਭੂਰ ਖਿੱਤਾ, ਭਾਰਤ ਦੇਸ਼ ਦੀ ਖੜਗ-ਭੁਜਾ ਅਤੇ ਅੰਨ ਭੰਡਾਰ ਵਜੋਂ ਜਾਣਿਆ ਜਾਂਦਾ ਸੀ, ਦੀ ਦਰਦਨਾਕ ਹਾਲਤ ਵੇਖ ਕੇ ਆਪ ਮੁਹਾਰੇ ਅੱਖਾਂ ਵਿੱਚੋਂ ਨੀਰ ਵਗਣ ਲੱਗਾ।ਜਿਸ ਪੰਜਾਬ ਨੂੰ ਅਜੋਕੀ ਆਮ ਆਦਮੀ ਪਾਰਟੀ ਸਰਕਾਰ ਨੇ ਮੁੜ ਤੋਂ ‘ਰੰਗਲਾ ਪੰਜਾਬ’ ਸਿਰਜਣ ਦਾ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਵਿੱਤਰ ਵਾਅਦਾ ਕੀਤਾ ਸੀ, ਕਿੱਧਰੇ ਨਜ਼ਰ ਨਹੀਂ ਆਇਆ। ਪੰਜਾਬ ਦੇ ਚਹੁੰ-ਪਾਸੀਂ ਅਤੇ ਹਰ ਕੋਨੇ ਵਿੱਚ ਰਾਜਨੀਤਕ, ਆਰਥਿਕ, ਸਮਾਜਿਕ, ਧਾਰਮਿਕ, ਭੂਗੋਲਿਕ, ਸੱਭਿਆਚਾਰਕ ਖਲਬਲੀ ਮਚੀ ਪਾਈ ਗਈ। ਪੰਜਾਬ ਦੀ ਜਿਸ ਵੀ ਰਗ ’ਤੇ ਹੱਥ ਲਾਉਣ ਦਾ ਯਤਨ ਕੀਤਾ, ਉਹੀ ਭਿਆਨਕ ਦਰਦ ਅਤੇ ਟਸ ਨਾਲ ਕਰਾਹੁੰਦੀ ਨਜ਼ਰ ਆਈ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਇਹ ਸਚਾਈ ਹੈ, ਵਿਸ਼ਵ ਭਰ ਵਿੱਚ ਵਸਦੇ ਪੰਜਾਬੀਓ!
ਗੈਸ ਚੈਂਬਰ:
ਚੜ੍ਹਦਾ (ਅਬਾਦੀ 3.17 ਕਰੋੜ) ਅਤੇ ਲਹਿੰਦਾ (ਅਬਾਦੀ ਕਰੀਬ 13 ਕਰੋੜ) ਪੰਜਾਬ ਅੱਜ ਦੋਵੇਂ ਅਗਨ-ਧੂੰਏਂ ਭਰੇ ਮਾਰੂ ਪ੍ਰਦੂਸ਼ਣ ਨਾਲ ‘ਗੈਸ ਚੈਂਬਰ’ ਬਣੇ ਪਏ ਹਨ। ਇਸ ਸ਼ਰਮਨਾਕ ਅਤੇ ਭਿਅੰਕਰ ਦਸ਼ਾ ਲਈ ਸਮੇਂ ਦੀਆਂ ਸੂਬਾਈ ਅਤੇ ਕੇਂਦਰੀ ਸਰਕਾਰਾਂ ਦੇ ਨਾਲ-ਨਾਲ ਖ਼ੁਦ ਪੰਜਾਬੀ ਵੀ ਜ਼ਿੰਮੇਵਾਰ ਹਨ। ਇਹ ਦੋਸ਼ ਅਸੀਂ ਨਹੀਂ, ਭਾਰਤ ਦੀ ਸੁਪਰੀਮ ਕੋਰਟ ਲਗਾ ਰਹੀ ਹੈ। ਉਸਦੇ ਦੋ ਵੱਖ-ਵੱਖ ਬੈਂਚਾਂ ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਅਤੇ ਸਮੌਗ ਮਹਾਂਮਾਰੀ ਲਈ ਸੰਬੰਧਿਤ ਸੂਬਾਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਨ੍ਹਾਂ ਖਿੱਤਿਆਂ ਵਿੱਚ ਸਾਹ ਲੈਣਾ ਔਖਾ ਹੋਇਆ ਪਿਆ ਹੈ। ਪ੍ਰਦੂਸ਼ਣ ਸੰਬੰਧੀ ਬਣਾਏ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪ੍ਰਦੂਸ਼ਿਤ ਪਟਾਕੇ ਬਣਾਉਣਾ, ਵੇਚਣਾ, ਚਲਾਉਣਾ ਜਾਰੀ ਹੈ। ਪਰਾਲੀ ਸਾੜਨ ਪ੍ਰਿਕਿਰਿਆ ਰਾਜ, ਅਫਸਰਸ਼ਾਹੀ ਅਤੇ ਲੋਕ ਨਹੀਂ ਰੋਕ ਰਹੇ। ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪੰਜਾਬ ਵਿੱਚ 7029, ਜ਼ਿਲ੍ਹਾ ਅੰਮ੍ਰਿਤਸਰ ਵਿੱਚ 643 ਪਰਾਲੀ ਸਾੜਨ ਦੇ ਕੇਸ ਸਾਹਮਣੇ ਆਏ (ਹਕੀਕੀ ਅੰਕੜੇ ਕਿਤੇ ਵੱਧ ਹਨ)। ਮੰਡੀ ਗੋਬਿੰਦਗੜ੍ਹ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਸਭ ਤੋਂ ਮਾਰੂ 241, ਜਲੰਧਰ 217, ਲੁਧਿਆਣਾ 203 ’ਤੇ ਪਹੁੰਚ ਗਿਆ। ਕਿਸਾਨਾਂ ਨੂੰ ਪਰਾਲੀ ਸੰਭਾਲ ਮਸ਼ੀਨਾਂ ’ਤੇ ਖਰਚ ਫਜ਼ੂਲ ਨਜ਼ਰ ਆਇਆ। ਸਥਿਤੀ ਇੰਨੀ ਬਦਤਰ ਹੈ ਕਿ ਹੁਣ ਤਾਂ ਸਿਰੋਂ ਪਾਣੀ ਲੰਘ ਚੁੱਕਾ ਹੈ। ਸਭ ਧਿਰਾਂ ਆਪਣਾ ਫਰਜ਼ ਸਮਝਦੇ ਪ੍ਰਦੂਸ਼ਣ ਮਹਾਂਮਾਰੀ ਰੋਕਣ ਲਈ ਅੱਗੇ ਆਉਣ।
ਇਸ ਮਹਾਂਮਾਰੀ ਨੂੰ ਚੜ੍ਹਦਾ ਅਤੇ ਲਹਿੰਦਾ ਪੰਜਾਬ ਮਿਲ ਕੇ ਨਜਿੱਠਣ ਦਾ ਸਭ ਤੋਂ ਪਹਿਲਾਂ ਸੁਝਾਅ ਲਹਿੰਦੇ ਪੰਜਾਬ ਦੇ 13 ਕਰੋੜ ਪੰਜਾਬੀਆਂ ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਸ਼ਰੀਫ ਵੱਲੋਂ ਆਇਆ ਸੀ। ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਅਤਿ ਮਾਰੂ 210 ਤਕ ਪੁੱਜ ਚੁੱਕਾ ਹੈ। ਬੱਚੇ, ਬੁੱਢਿਆਂ ਤੇ ਬਿਮਾਰਾਂ ਦਾ ਜਿਊਣਾ ਮੁਹਾਲ ਹੋ ਚੁੱਕਾ ਹੈ। ਮੇਉ ਹਸਪਤਾਲ ਲਾਹੌਰ ਵਿੱਚ 4000, ਜਿਨਾਹ ਹਸਪਤਾਲ ਵਿੱਚ 3500, ਸਰ ਗੰਗਾ ਰਾਮ ਹਸਪਤਾਲ ਵਿੱਚ 4500, ਚਿਲਡਰਨ ਹਸਪਤਾਲ ਵਿੱਚ 2000 ਤੋਂ ਵੱਧ ਮਰੀਜ਼ ਦਾਖਲ ਹੋਏ। ਪੂਰਾ ਲਹਿੰਦਾ ਪੰਜਾਬ ‘ਗੈਸ ਚੈਂਬਰ’ ਬਣਿਆ ਪਿਆ ਹੈ। ਲਾਹੌਰ ਵਿੱਚ ਸਥਿਤੀ ਨਾਲ ਨਿਪਟਣ ਲਈ ‘ਵਿਸ਼ੇਸ਼ ਵਾਰ ਰੂਮ’ ਸਥਾਪਿਤ ਗਿਆ ਹੈ।
ਅਤਿ ਸ਼ਰਮਨਾਕ ਹੈਰਾਨਗੀ ਭਰੀ ਮੁੱਖ ਮੰਤਰੀ ਚੜ੍ਹਦਾ ਪੰਜਾਬ ਭਗਵੰਤ ਮਾਨ ਦੀ ਲਹਿੰਦੇ ਪੰਜਾਬ ਦੀ ਮੁੱਖ-ਮੰਤਰੀ ਦੀ ਗੈਸ ਚੈਂਬਰ ਸੰਬੰਧੀ ਚਿੰਤਾ ਅਤੇ ਸੁਝਾਅ ’ਤੇ ਟਿੱਪਣੀ ਨੇ ਸਮੂਹ ਚੜ੍ਹਦੇ ਪੰਜਾਬੀਆਂ ਦੇ ਸਿਰ ਸ਼ਰਮ ਨਾਲ ਝੁਕਾਅ ਦਿੱਤੇ। ਅਖੇ, “ਪਹਿਲਾਂ ਇੱਕ ਪਾਕਿਸਤਾਨ ਵਾਲੀ ਤੋਂ ਦੁਖੀ ਸਾਂ, ਤੂੰ ਵੀ ਹੁਣ ਕਰ ਲੈ।” ਕਿੱਥੇ ਰਾਜਾਭੋਜ ਤੇ ਕਿੱਥੇ ਗੰਗਾ ਤੇਲੀ। ਕਿੱਥੇ 13 ਕਰੋੜ ਪੰਜਾਬੀਆਂ ਦੀ ਪ੍ਰਤੀਨਿਧ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਸ਼ਰੀਫ ਅਤੇ ਕਿੱਥੇ ਰਖੇਲ ਨੁਮਾ ਅਰੂਸਾ। ਅਸੀਂ ਸਮੂਹ ਚੜ੍ਹਦੇ ਪੰਜਾਬ ਦੇ ਪੰਜਾਬੀ ਬੀਬਾ ਮਰੀਅਮ ਨਵਾਜ਼ ਸ਼ਰੀਫ ਤੋਂ ਆਪਣੇ ਮੁੱਖ ਮੰਤਰੀ ਦੀ ਟਿੱਪਣੀ ਲਈ ਮੁਆਫੀ ਮੰਗਦੇ ਹਾਂ।
ਮੁੱਖ ਮੰਤਰੀ ਨਹੀਂ ਜਾਣਦੇ ਕਿ ਗੈਸ ਚੈਂਬਰ ਸਥਿਤੀ ਇੰਨੀ ਭਿਅੰਕਰ ਹੈ ਕਿ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਸ਼ ਧਨਖੜ ਦਾ ਹਵਾਈ ਜਹਾਜ਼ ਆਦਮਪੁਰ ਨਹੀਂ ਉੱਤਰ ਸਕਿਆ, ਜਿੱਥੋਂ ਉਨ੍ਹਾਂ ਲੁਧਿਆਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ‘ਜਲਵਾਯੂ ਪਰਿਵਰਤਨ ਅਤੇ ਊਰਜਾ ਤਬਦੀਲੀ ਸਨਮੁਖ ਐਗਰੀ ਫੂਡ ਸਿਸਟਮ ਵਿੱਚ ਪਰਿਵਰਤਨ’ ਵਿਸ਼ੇ ’ਤੇ ਕੌਮਾਂਤਰੀ ਕਾਨਫੰਰਸ ਵਿੱਚ ਭਾਗ ਲੈਣਾ ਸੀ। ਉਨ੍ਹਾਂ ਨੂੰ ਐਮਰਜੈਂਸੀ ਅੰਮ੍ਰਿਤਸਰ ਉੱਤਰਨਾ ਪਿਆ ਅਤੇ ਪ੍ਰੋਗਰਾਮ ਮਨਸੂਖ ਕਰਕੇ ਵਾਪਸ ਦਿੱਲੀ ਪਰਤਣਾ ਪਿਆ।
ਗੰਦਗੀ:
ਪੂਰੇ ਪੰਜਾਬ ਵਿੱਚ ਹਰ ਸ਼ਹਿਰ, ਗਲੀ, ਪਿੰਡ ਵਿੱਚ ਗੰਦਗੀ ਫੈਲੀ ਹੋਈ ਹੈ। ਸਾਰੇ ਸ਼ਹਿਰ ਮਾਰੂ ਬਦਬੂ ਭਰੀਆਂ ਗੈਸਾਂ ਦੇ ਗਟਰਾਂ ’ਤੇ ਖੜ੍ਹੇ ਹਨ। ਡੇਂਗੂ, ਚਿਕਨ ਗੁਨੀਆਂ, ਸਾਹ ਦੇ ਰੋਗ, ਗੰਦੇ ਪੀਣ ਵਾਲੇ ਪਾਣੀ ਅਤੇ ਕੀਟਨਾਸ਼ਕਾਂ ਨਾਲ ਲਬਰੇਜ਼ ਸਬਜ਼ੀਆਂ, ਫਲਾਂ ਕਰਕੇ ਕੈਂਸਰ, ਅੰਤੜੀ ਰੋਗ ਤੋਂ ਅੱਧਾ ਪੰਜਾਬ ਗ੍ਰਸਤ ਹੈ। ਸਰਪੰਚ, ਪੰਚ, ਕੌਂਸਲਰ, ਮੇਅਰ, ਸੰਬੰਧਿਤ ਅਫਸਰਸ਼ਾਹੀ ਅਹੁਦੇ ਮਾਣ ਰਹੇ ਹਨ, ਭ੍ਰਿਸ਼ਟਾਚਾਰ, ਠੱਗੀਆਂ, ਜ਼ਾਅਲਸ਼ਾਜ਼ੀਆਂ ਵਿੱਚ ਗ੍ਰਸਤ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ‘ਸਵੱਛ ਭਾਰਤ’ ਨੀਤੀ ਦਮ ਤੋੜ ਚੁੱਕੀ ਹੈ। ਸਾਂਸਦਾਂ ਵੱਲੋਂ ਸਵੱਛਤਾ ਅਤੇ ਵਿਕਾਸ ਲਈ ਅਪਣਾਏ ਪਿੰਡ ਮੂੰਹ ਚਿੜਾ ਰਹੇ ਹਨ। ਇਹ ਗੰਦਗੀ ‘ਪੰਜਾਬ ਗੈਸ ਚੈਂਬਰ’ ਵਿੱਚ ਹੋਰ ਵਾਧਾ ਕਰ ਰਹੀ ਹੈ।
ਕਿਸਾਨੀ ਤ੍ਰਾਸਦੀ:
ਪੰਜਾਬ ਦੀ ਕਿਸਾਨੀ ਦੀ ਹਾਲਤ ਆਏ ਦਿਨ ਬਦਤਰ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਸਦੀਆਂ ਖੁਦਕੁਸ਼ੀਆਂ ਲਗਾਤਾਰ ਜਾਰੀ ਹਨ। ਕੇਂਦਰੀ ਖਰੀਦ ਏਜੰਸੀ ਫਸਲਾਂ ਖਰੀਦਣ ਤੋਂ ਪੈਰ ਪਿਛਾਂਹ ਖਿਸਕਾਉਂਦੀ ਜਾ ਰਹੀ ਹੈ। ਐਤਕੀਂ ਝੋਨੇ ਦੀ ਖਰੀਦ ਸੰਬੰਧੀ ਜੋ ਕਿਸਾਨੀ ਦੀ ਲੁੱਟ ਅਤੇ ਬਰਬਾਦੀ ਹੋਈ, ਉਸ ਤੋਂ ਰੱਬ ਵੀ ਤੌਬਾ ਕਰਦਾ ਵਿਖਾਈ ਦਿੱਤਾ। ਪੰਦਰਾਂ-ਪੰਦਰਾਂ ਦਿਨ ਮੰਡੀਆਂ ਵਿੱਚ ਕਿਸਾਨ ਅਤੇ ਉਨ੍ਹਾਂ ਦਾ ਝੋਨਾ ਰੁਲਦੇ ਵੇਖੇ। 150 ਤੋਂ 500 ਰੁਪਏ ਪ੍ਰਤੀ ਕਵਿੰਟਲ ਘਾਟੇ ਵਿੱਚ ਝੋਨਾ ਵੇਚਣ ਲਈ ਮਜਬੂਰ ਹੋਣਾ ਪਿਆ। ਜੇ ਉਹ ਵਿਰੋਧ ਕਰਦੇ ਤਾਂ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਡਾਂਗਾਂ ਦਾ ਸ਼ਿਕਾਰ ਬਣਨਾ ਪੈਂਦਾ। ਗੁਆਂਢੀ ਹਰਿਆਣਾ ਵਿੱਚ ਮਿੰਟਾਂ-ਸਕਿੰਟਾਂ ਵਿੱਚ ਖਰੀਦ ਹੋਈ ਤੇ ਪੈਸੇ ਖਾਤਿਆਂ ਵਿੱਚ ਪਏ। ਡਬਲ ਇੰਜਨ ਸਰਕਾਰ ਜੋ ਸੀ। ਕਣਕ ਦੀ ਬਿਜਾਈ ਲੇਟ ਹੋਣ ਕਰਕੇ ਕਿਸਾਨਾਂ ਨੂੰ ਪਰਾਲੀ ਸਾੜਨੀ ਪਈ। ਕੇਂਦਰ ਅਤੇ ਰਾਜ ਸਰਕਾਰਾਂ ਨੇ ਬੇਲਰ ਮਸ਼ੀਨਾਂ ਮੁਹਈਆ ਨਹੀਂ ਕਰਾਈਆਂ। ਪੰਜਾਬ ਦੀ ਕਿਸਾਨੀ ਨਿਗਲਣ ਲਈ ਕੇਂਦਰ ਸਰਕਾਰ ਦੀ ਸ਼ਹਿ ’ਤੇ ਕਾਰਪੋਰੇਟ ਘਰਾਣੇ ਰਾਜ ਵਿੱਚ ਦੈਂਤਾਂ ਵਾਂਗ ਦਨਦਨਾ ਰਹੇ ਹਨ। ਆਪ ਸਰਕਾਰ ਉਨ੍ਹਾਂ ਅੱਗੇ ਬੇਵੱਸ ਹੈ। ਯਾਦ ਰਹੇ ਕਿਸਾਨੀ ਅੱਜ ਵੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ।
ਖੁਰਾਕ ਸਨਅਤ:
ਰਾਜ ਵਿੱਚ ਫੂਡ ਸਨਅਤ ਦਾ ਬੁਰਾ ਹਾਲ ਹੈ। ਇਹ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੀ ਹੈ। ਵੇਰਕਾ, ਅਮੂਲ ਅੱਗੇ ਦਮ ਮੋੜ ਰਿਹਾ ਹੈ। ਹੋਟਲਾਂ, ਢਾਬਿਆਂ, ਰੇਹੜੀਆਂ, ਮਿਠਾਈ, ਸੁੱਕੇ ਮੇਵੇ ਸਨਅਤ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੈ। ਮੈਂ ਦਿੱਲੀ ਹਵਾਈ ਅੱਡੇ ’ਤੇ ਉੱਤਰਨ ਬਾਅਦ ਹੋਟਲ ਦੇ ਪ੍ਰਦੂਸ਼ਿਤ ਖਾਣੇ, ਗੈਸ ਚੈਂਬਰ, ਵਾਇਰਲ ਨਾਲ ਕਰੀਬ ਤਿੰਨ ਹਫ਼ਤੇ ਗ੍ਰਸਤ ਰਹਿਣ ਕਰਕੇ ਵਾਪਸ ਕੈਨੇਡਾ ਪਰਤਣ ਲਈ ਮਜਬੂਰ ਹੋ ਗਿਆ। ਗੁਰਦਾਸਪੁਰ ਜ਼ਿਲ੍ਹੇ ਵਿੱਚ ਕੁਝ ਸਾਲ ਪਹਿਲਾਂ ਜ਼ਿਲ੍ਹਾ ਸਿਹਤ ਅਫਸਰ ਡਾ. ਬਲਵਿੰਦਰ ਸਿੰਘ ਬਾਜਵਾ ਹੁੰਦਾ ਸੀ ਜੋ ਅੱਜ ਪੰਜਾਬ ਮੈਡੀਕਲ ਕੌਂਸਲ ਦਾ ਮੈਂਬਰ ਹੈ, ਨੇ ਰੋਜ਼ਾਨਾ ਅਚਨਚੇਤ ਛਾਪਿਆ ਰਾਹੀਂ ਇਸ ਪ੍ਰਦੂਸ਼ਿਤ ਫੂਡ ਸਨਅਤ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ। ਅਫਸਰਸ਼ਾਹੀ ਦੀ ਮਿਲੀ ਭੁਗਤ, ਸਰਕਾਰ ਦੀ ਬੇਧਿਆਨੀ ਅਤੇ ਲੋਕਾਂ ਦੀ ਬੇਸਮਝੀ ਕਰਕੇ ਪ੍ਰਦੂਸ਼ਿਤ ਫੂਡ ਸਨਅਤ ਪੰਜਾਬ ਦੀ ਸਿਹਤ ਬਰਬਾਦ ਕਰ ਰਹੀ ਹੈ।
ਪੁਲਿਸ ਨਾਕਾਮੀ:
ਕਦੇ ਗੁਰਦਾਸਪੁਰ ਜ਼ਿਲ੍ਹੇ ਦੇ ਐੱਸ.ਐੱਸ.ਪੀ. ਰਹੇ ਦੋਵੇਂ ਪੁਲਿਸ ਮੁਖੀ ਗੌਰਵ ਯਾਦਵ ਅਤੇ ਚੌਕਸੀ ਬਿਊਰੋ ਮੁਖੀ ਵਰਿੰਦਰ ਕੁਮਾਰ ਇਮਾਨਦਾਰ, ਦਮਦਾਰ ਅਤੇ ਜੁਰਅਤਮੰਦ ਅਫਸਰ ਹਨ ਪਰ ਸਰਕਾਰ ਦੀਆਂ ਮਜਬੂਰੀਆਂ ਕਰਕੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ। ਕਰੀਬ ਅੱਧੀ ਪੁਲਿਸ ਤਾਂ ਵੀ ਆਈ.ਆਈ.ਪੀ. ਕਲਚਰ ਦੀ ਸੰਭਾਲ ਵਿੱਚ ਲੱਗੀ ਹੋਈ ਹੈ। ਥਾਣਿਆਂ ਵਿੱਚ ਅੱਧੀ ਨਫਰੀ ਵਿੱਚੋਂ ਅੱਧੀ ਸਰਕਾਰੀ, ਅਦਾਲਤੀ ਅਤੇ ਪ੍ਰਬੰਧਕੀ ਕੰਮਾਂ ਵਿੱਚ ਮਸਰੂਫ ਹੈ। ਫਿਰ 10-15 ਕਾਂਸਟੇਬਲ, ਏ.ਆਈ.ਐੱਸ.ਆਈ ਜਾਂ ਇੰਸਪੈਕਟਰ ਗੈਂਗਸਟਰਵਾਦ, ਨਸ਼ੀਲੇ ਪਦਾਰਥਾਂ ਦੀ ਵਿਕਰੀ, ਚੋਰੀਆਂ, ਫਿਰੌਤੀਆਂ ਉੱਤੇ ਕਾਬੂ ਕਿਵੇਂ ਪਾਉਣ? ਇਨ੍ਹਾਂ ਕੋਲ ਵਾਹਨਾਂ, ਤਕਨੀਕ, ਆਧੁਨਿਕ ਸਿਖਲਾਈ ਦੀ ਘਾਟ, ਉੱਪਰੋਂ ਨਿੱਤ ਦਿਨ ਦੇ ਧਰਨਿਆਂ, ਮੁਜ਼ਾਹਰਿਆਂ, ਘਿਰਾਉਆਂ ਨਾਲ ਨਜਿੱਠਣ, ਕੁੱਟ-ਕੁਟਾਪੇ ਲਈ ਭੁੱਖੇ ਢਿੱਡ ਤਿਆਰ ਰਹਿਣ ਕਰਕੇ ਸਥਿਤੀ ਬੇਕਾਬੂ ਹੋਈ ਪਈ ਹੈ। ਜੇਲ੍ਹਾਂ ਅਪਰਾਧ, ਫਿਰੌਤੀਆਂ, ਨਸ਼ੀਲੇ ਪਦਾਰਥਾਂ ਦੀ ਵਿਕਰੀ ਦੀਆਂ ਬੇਕਾਬੂ ਗੁਫਾਵਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਪਾਕਿਸਤਾਨੀ ਅਤੇ ਭਾਰਤੀ ਡਰੋਨ ਇੰਡਸਟਰੀ ਦੇ ਅਪਰਾਧ ਰੋਕਣਾ ਇਸਦੇ ਵੱਸ ਨਹੀਂ। ਕੇਂਦਰੀ ਗ੍ਰਹਿ ਵਿਭਾਗ ਸਿਰਫ ਦਹਾੜਨ ਜੋਗਾ ਹੈ। 50 ਕਿਲੋਮੀਟਰ ਬੀ.ਐੱਸ.ਐੱਫ ਦਾ ਦਾਇਰਾ ਵਧਾ ਕੇ ਅਪਰਾਧ ਰੋਕਣ ਵਿੱਚ ਉਸਦਾ ਕੀ ਯੋਗਦਾਨ ਹੈ? ਪੰਜਾਬ ਦੇ ਹੱਕਾਂ ’ਤੇ ਛਾਪੇ ਬਗੈਰ ਪ੍ਰਾਪਤੀ ਜ਼ੀਰੋ ਹੈ।
ਰਾਜਨੀਤਕ ਖਲਬਲੀ:
ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਲਈ ਨਿੱਤ ਦਿਨ ਟਕਰਾਅ ਭਰੇ ਜਾਬਰ ਫੈਸਲੇ ਲੈ ਰਹੀ ਹੈ। ਚੰਡੀਗੜ੍ਹ, ਪਾਣੀਆਂ, ਪੰਜਾਬੀ ਭਾਸ਼ੀ ਇਲਾਕਿਆਂ, ਕਿਸਾਨੀ, ਸਰਹੱਦੀ, ਐੱਮ.ਐੱਸ.ਪੀ. ਦੇ ਮਸਲੇ ਲਗਾਤਾਰ ਕਾਇਮ ਰੱਖੇ ਹੋਏ ਹਨ। ਹੁਣ ਨਵਾਂ ਟਕਰਾਅ ਹਰਿਆਣਾ ਨੂੰ ਚੰਡੀਗੜ੍ਹ ਵਿੱਚ 10 ਏਕੜ ਵਿਧਾਨ ਸਭਾ ਉਸਾਰੀ ਲਈ ਅਲਾਟਮੈਂਟ ਸੰਬੰਧੀ ਨੋਟੀਫੀਕੇਸ਼ਨ। ਹਰਿਆਣਾ ਵਿੱਚ ਮੂਰਖਾਂ ਦਾ ਟੋਲਾ ਇਸ ਅੰਦਰ ਕੁਰੂਕਸ਼ੇਤਰ ਜਾਂ ਹੋਰ ਸੈਂਟਰਲ ਥਾਂ ’ਤੇ ਰਾਜਧਾਨੀ ਦੀ ਉਸਾਰੀ ਨਹੀਂ ਹੋਣ ਦੇ ਰਿਹਾ, ਜੋ ਕਿ ਇਸਦੇ ਵਿਕਾਸ ਅਤੇ ਪ੍ਰਭੂਤਵ ਲਈ ਜ਼ਰੂਰੀ ਹੈ। ਹੁਣ ਇਸ ਮਸਲੇ ’ਤੇ ਖਲਬਲੀ ਮਚੇਗੀ।
ਪੰਜਾਬ ਦੀਆਂ ਜਾਇਜ਼ ਮੰਗਾਂ ਲਈ ਲੜਨ ਅਤੇ ਹੱਕਾਂ ਦੀ ਜੁਝਾਰੂ ਢੰਗ ਨਾਲ ਰਾਖੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਬਰਬਾਦੀ ਇੱਕ ਬੰਦੇ ਸੁਖਬੀਰ ਬਾਦਲ ਦੀ ਅੜੀ ਨੇ ਕਰਕੇ ਰੱਖ ਦਿੱਤੀ ਹੈ। ਤਖ਼ਤਾਂ ਦੇ ਜਥੇਦਾਰਾਂ ਉਸਦੀਆਂ ਗਲਤੀਆਂ ਅਤੇ ਗੁਨਾਹਾਂ ਕਰਕੇ 30 ਅਗਸਤ, 2024 ਤੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ, ਉਹ ਆਪਣੀ ਸਰਮਾਏਦਾਰੀ ਅਤੇ ਗੋਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਰਾਹੀਂ ਜਥੇਦਾਰਾਂ ’ਤੇ ਆਪਣੀ ਮਰਜ਼ੀ ਦੀ ਤਨਖਾਹ ਥੋਪਣ ਲਈ ਦਬਾ ਪਾ ਰਿਹਾ ਹੈ। ਜਥੇਦਾਰਾਂ ਦੀ ਦੁਬਿਧਾ ਇਹ ਹੈ ਕਿ ਕੀ ਉਨ੍ਹਾਂ ਜਥੇਦਾਰ ਅਕਾਲੀ ਫੂਲਾ ਸਿੰਘ ਵਾਂਗ ਨਿਰਣਾ ਲੈਣਾ ਹੈ ਜਾਂ ਬਦਨਾਮ ਗਿਆਨੀ ਗੁਰਬਚਨ ਵਾਂਗ। ਕੁਤਾਹੀ ’ਤੇ ਪੰਥ ਮੁਆਫ ਨਹੀਂ ਕਰੇਗਾ, ਜੋ ਸੁਖਬੀਰ ਬਾਦਲ ਨੂੰ ਨਕਾਰ ਚੁੱਕਾ ਹੈ। ਅਜਿਹੀ ਗੰਭੀਰ ਸਥਿਤੀ ਵਿੱਚ ਸੁਖਬੀਰ ਬਾਦਲ ਦਾ ਪ੍ਰਧਾਨਗੀ ਪਦ ਤੋਂ ਅਸਤੀਫਾ ਸਕਾਰਾਤਮਿਕ ਕਦਮ ਹੈ ਜੋ ਪੰਥਕ ਏਕਤਾ ਦਾ ਰਾਹ ਖੋਲ੍ਹਣ ਵਿੱਚ ਸਹਾਈ ਹੋ ਸਕਦਾ ਹੈ। ਦੇਰ ਆਇਦ, ਦੁਰਸਤ ਆਇਦ।
ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਮੁੱਖ ਮੰਤਰੀ ਨਿੱਤ ਦਿਨ ਦੁਬਿਧਾ ਵਿੱਚ ਹਨ ਕਿਉਂਕਿ ਉਨ੍ਹਾਂ ’ਤੇ ਪੰਜਾਬ ਸੰਬੰਧੀ ਫੈਸਲੇ, ਨੀਤੀਆਂ ਅਤੇ ਅਮਲ ਗੈਰ-ਸੰਵਿਧਾਨਿਕ ਦਿੱਲੀ ਅਥਾਰਟੀ ਵੱਲੋਂ ਥੋਪੇ ਜਾ ਰਹੇ ਹਨ। ਕਾਂਗਰਸ, ਭਾਜਪਾ, ਅਕਾਲੀ, ਖੱਬੇ ਪੱਖੀ ਵੀ ਵੰਡੇ ਹੋਣ ਕਰਕੇ ਪੰਜਾਬ ਦੇ ਹਿਤਾਂ ਅਤੇ ਹੱਕਾਂ ਲਈ ਡੱਟਣ ਤੋਂ ਨਾਕਾਮ ਹਨ। ਚਾਰ ਉਪ ਵਿਧਾਨ ਸਭਾ ਚੋਣਾਂ ਵੇਲੇ ਮਚੀ ਰਾਜਨੀਤਕ ਖਲਬਲੀ ਇਸਦਾ ਸਬੂਤ ਹੈ। ਇੰਜ ਲਗਦਾ ਹੈ ਕਿ ਜਿਵੇਂ ਪੰਜਾਬ ਕਿਸੇ ਤਾਕਤਵਰ, ਫੈਸਲਾਕੁੰਨ, ਜੁਝਾਰੂ, ਦੂਰਦ੍ਰਿਸ਼ਟੀਵਾਨ ਮਹਾਰਾਜ ਰਣਜੀਤ ਸਿੰਘ ਵਰਗੀ ਗਤੀਸ਼ੀਲ ਅਗਵਾਈ ਨੂੰ ਤਰਸ ਰਿਹਾ ਹੋਵੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5466)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)