SandipKumar7ਮੈਂ ਤੇਰੀ ਜਮਾਤ ਦਾ ਵਿਦਿਆਰਥੀ ਨਹੀਂ ਹਾਂ ਅਤੇ ਨਾ ਹੀ ਤੂੰ ਮੇਰਾ ਪ੍ਰਿੰਸੀਪਲ ਹੈਂਬਲਕਿ ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ...
(19 ਅਕਤੂਬਰ 2024)

 

ਸਦਾਮ ਹੁਸੈਨ ਇੱਕ ਅਜਿਹਾ ਨਾਮ ਹੈ ਜੋ ਦੁਨੀਆ ਦੀ ਰਾਜਨੀਤੀ ਵਿੱਚ ਸਦਾ ਲਈ ਦਰਜ ਰਹੇਗਾ। ਇਰਾਕ ਦੇ ਇੱਕ ਸ਼ਕਤੀਸ਼ਾਲੀ ਨੇਤਾ ਦੇ ਤੌਰ ’ਤੇ ਜਾਣੇ ਜਾਣ ਵਾਲੇ ਸਦਾਮ ਨੇ ਆਪਣੀ ਜ਼ਿੰਦਗੀ ਵਿੱਚ ਕਈ ਉਤਾਰ-ਚੜਾਵ ਦੇਖੇ, ਪਰ ਕਦੇ ਵੀ ਆਪਣੀ ਸੋਚ ਅਤੇ ਜ਼ਮੀਰ ਦੇ ਅੱਗੇ ਨਹੀਂ ਝੁਕੇ। ਉਸ ਦੀ ਕਹਾਣੀ ਸਿਰਫ ਇੱਕ ਵਿਅਕਤੀ ਦੀ ਨਹੀਂ, ਬਲਕਿ ਇੱਕ ਅਜਿਹੇ ਵਿਅਕਤੀ ਦੀ ਹੈ ਜੋ ਆਪਣੇ ਦੇਸ਼, ਪਰਿਵਾਰ ਅਤੇ ਲੋਕਾਂ ਦੀ ਰੱਖਿਆ ਲਈ ਅੰਤਿਮ ਸਾਹ ਤਕ ਲੜਦਾ ਰਿਹਾ। ਸਦਾਮ ਹੁਸੈਨ ਦਾ ਜਨਮ 28 ਅਪਰੈਲ 1937 ਨੂੰ ਇਰਾਕ ਦੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਉਸ ਦਾ ਬਚਪਨ ਸੰਘਰਸ਼ਾਂ ਨਾਲ ਭਰਪੂਰ ਸੀ। ਛੋਟੀ ਉਮਰ ਵਿੱਚ ਹੀ ਉਸਨੇ ਆਪਣੀ ਮਾਂ ਨੂੰ ਗੁਆ ਦਿੱਤਾ, ਜਿਸ ਕਾਰਨ ਉਸ ਦੀ ਜ਼ਿੰਦਗੀ ਵਿੱਚ ਦੁੱਖਾਂ ਅਤੇ ਤਕਲੀਫਾਂ ਦੀ ਕਮੀ ਨਾ ਰਹੀ। ਪਰ ਇਹ ਸਾਰੇ ਸੰਘਰਸ਼ ਸਦਾਮ ਹੁਸੈਨ ਦੀ ਸ਼ਕਤੀ ਬਣ ਗਏ ਅਤੇ ਜਲਦੀ ਹੀ ਉਸਨੇ ਆਪਣੀ ਅਕਲਮੰਦੀ ਅਤੇ ਕੱਟੜ ਫੈਸਲਿਆਂ ਨਾਲ ਇਰਾਕ ਦੇ ਰਾਜਨੀਤਿਕ ਮੰਚ ’ਤੇ ਪੂਰਾ ਕਬਜ਼ਾ ਕਰ ਲਿਆ। ਸਦਾਮ ਹੁਸੈਨ ਨੇ ਇਰਾਕੀ ਰਾਜਨੀਤੀ ਵਿੱਚ ਅਜਿਹਾ ਮੁਕਾਮ ਹਾਸਿਲ ਕੀਤਾ ਕਿ 1979 ਵਿੱਚ ਉਹ ਇਰਾਕ ਦਾ ਰਾਸ਼ਟਰਪਤੀ ਬਣ ਗਿਆ।

ਰਾਸ਼ਟਰਪਤੀ ਬਣਨ ਦੇ ਬਾਅਦ ਸਦਾਮ ਹੁਸੈਨ ਨੇ ਆਪਣੇ ਦੇਸ਼ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕਈ ਵੱਡੇ ਕਦਮ ਚੁੱਕੇ। ਉਹ ਦੇਸ਼ ਦੀ ਸੁਰੱਖਿਆ, ਖੇਤੀਬਾੜੀ, ਤੇਲ ਦੇ ਸਰੋਤਾਂ ਨੂੰ ਸੰਭਾਲਣ ਲਈ ਕਾਫ਼ੀ ਗੰਭੀਰ ਰਿਹਾ। ਪਰ ਉਸ ਦੀਆਂ ਨੀਤੀਆਂ ਅਤੇ ਫੈਸਲੇ ਬਾਹਰੀ ਤਾਕਤਾਂ ਨੂੰ ਕਦੇ ਪਸੰਦ ਨਹੀਂ ਆਏ। ਸਦਾਮ ਹੁਸੈਨ ਦੀ ਸੋਚ ਸੀ ਕਿ ਇਰਾਕ ਨੂੰ ਮੁਕੰਮਲ ਖੁਦਮੁਖਤਿਆਰ ਹੋਣਾ ਚਾਹੀਦਾ ਹੈ, ਜੋ ਕਿ ਪੱਛਮੀ ਤਾਕਤਾਂ ਨੂੰ ਨਾਗਵਾਰ ਸੀ। ਸਦਾਮ ਹੁਸੈਨ ਦੀ ਲੜਾਈ ਅਮਰੀਕਾ ਨਾਲ 1990 ਦੇ ਦਹਾਕੇ ਵਿੱਚ ਸ਼ੁਰੂ ਹੋਈ, ਜਦੋਂ ਸਦਾਮ ਹੁਸੈਨ ਨੇ ਕੁਵੈਤ ’ਤੇ ਹਮਲਾ ਕੀਤਾ। ਇਸ ਹਮਲੇ ਦੇ ਕਾਰਨ ਪਿੱਛੋਂ ‘ਗਲਫ ਵਾਰ’ ਸ਼ੁਰੂ ਹੋ ਗਈ। ਅਮਰੀਕਾ ਨੇ ਇਸ ਜੰਗ ਵਿੱਚ ਸਦਾਮ ਹੁਸੈਨ ਦੀ ਹਾਰ ਤੋਂ ਬਾਅਦ ਪੂਰਾ ਜ਼ੋਰ ਉਸਦੀ ਤਾਕਤ ਨੂੰ ਘਟਾਉਣ ਵਿੱਚ ਲਾਇਆ। ਪਰ ਸਦਾਮ ਹੁਸੈਨ ਨੇ ਹਾਰ ਮੰਨਣ ਦੀ ਬਜਾਇ, ਆਪਣੀ ਲੜਾਈ ਜਾਰੀ ਰੱਖੀ। ਉਹ ਹਰ ਹਾਲਤ ਵਿੱਚ ਆਪਣੇ ਦੇਸ਼ ਦੀ ਖੁਦਮੁਖਤਿਆਰੀ ਨੂੰ ਬਰਕਰਾਰ ਰੱਖਣ ਵਿੱਚ ਯਕੀਨ ਰੱਖਦਾ ਸੀ ਅਤੇ ਇਸੇ ਜਜ਼ਬੇ ਦੇ ਕਾਰਨ ਉਸ ਨੂੰ ਇੱਕ ਯੋਧੇ ਦੇ ਤੌਰ ’ਤੇ ਜਾਣਿਆ ਜਾਂਦਾ ਹੈ।

ਇਸ ਦੌਰਾਨ ਸਦਾਮ ਹੁਸੈਨ ਨੇ ਆਪਣੇ ਪਰਿਵਾਰ ਨੂੰ ਵੀ ਇਸ ਲੜਾਈ ਵਿੱਚ ਸ਼ਾਮਿਲ ਕੀਤਾ। ਉਸਦੇ ਦੋਵੇਂ ਪੁੱਤਰ, ਉਦੈ ਹੁਸੈਨ ਅਤੇ ਕੁਸੈ ਹੁਸੈਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਤ ਤਕ ਆਪਣੇ ਪਿਤਾ ਦੇ ਨਾਲ ਇਰਾਕ ਦੀ ਰੱਖਿਆ ਲਈ ਜੰਗ ਕੀਤੀ, ਇਸ ਗੱਲ ਦੇ ਪ੍ਰਮਾਣ ਸਨ ਕਿ ਸਦਾਮ ਹੁਸੈਨ ਦਾ ਪਰਿਵਾਰ ਵੀ ਉਸਦੇ ਰਾਹ ’ਤੇ ਚੱਲਣ ਵਾਲਾ ਸੀ। ਉਦੈ ਅਤੇ ਕੁਸੈ ਦੀ ਸ਼ਹਾਦਤ ਇਹ ਗੱਲ ਤਸਦੀਕ ਕਰਦੀ ਹੈ ਕਿ ਸਦਾਮ ਹੁਸੈਨ ਆਪਣੀ ਸੋਚ ’ਤੇ ਅਡਿੱਗ ਰਿਹਾ। ਉਹ ਕਦੇ ਵੀ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਪਰਿਵਾਰ ਨੂੰ ਵਿਦੇਸ਼ ਭੇਜਣ ਜਿਹੇ ਸੰਕਲਪਾਂ ਵਿੱਚ ਯਕੀਨ ਨਹੀਂ ਰੱਖਦਾ ਸੀ। ਸੱਚਮੁੱਚ ਉਸ ਦੇ ਦੋਵੇਂ ਪੁੱਤਰ ਸਿੱਧੇ ਉਸਦੇ ਸਮਰਥਕ ਦੇ ਤੌਰ ’ਤੇ ਜੰਗ ਦੇ ਮੈਦਾਨ ਵਿੱਚ ਡਟੇ ਰਹੇ ਤੇ ਆਪਣੇ ਦੇਸ਼ ਲਈ ਸ਼ਹੀਦ ਹੋ ਗਏ। ਸਦਾਮ ਹੁਸੈਨ ਦੀ ਪਤਨੀ ਅਤੇ ਧੀਆਂ, ਜੋ ਕਿ ਅੱਜ ਵੀ ਵਿਦੇਸ਼ ਵਿੱਚ ਸ਼ਰਨਾਰਥੀ ਜੀਵਨ ਬਿਤਾ ਰਹੀਆਂ ਹਨ, ਇਸ ਗੱਲ ਦੀ ਮਿਸਾਲ ਹਨ ਕਿ ਸਦਾਮ ਹੁਸੈਨ ਨੇ ਆਪਣਾ ਸਾਰਾ ਕੁਝ ਆਪਣੇ ਦੇਸ਼ ਲਈ ਕੁਰਬਾਨ ਕਰ ਦਿੱਤਾ। ਉਸ ਨੇ ਕਦੇ ਵੀ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਦੇਸ਼ ਦਾ ਬਲੀਦਾਨ ਨਹੀਂ ਕੀਤਾ। ਇਸਦਾ ਸਿੱਧਾ ਅਰਥ ਹੈ ਕਿ ਸਦਾਮ ਹੁਸੈਨ ਨੇ ਆਪਣਾ ਸਾਰਾ ਕੁਝ ਆਪਣੀ ਮਾਂ ਭੂਮੀ ਲਈ ਕੁਰਬਾਨ ਕਰ ਦਿੱਤਾ। ਇਹੀ ਗੱਲ ਉਸ ਨੂੰ ਇੱਕ ਅਮਰ ਯੋਧੇ ਵਾਂਗ ਮਾਣਯੋਗ ਬਣਾਉਂਦੀ ਹੈ।

ਜਦੋਂ ਅਮਰੀਕਾ ਨੇ 2003 ਵਿੱਚ ਇਰਾਕ ’ਤੇ ਹਮਲਾ ਕੀਤਾ ਤਾਂ ਇਸ ਜੰਗ ਦਾ ਮਕਸਦ ਸਦਾਮ ਹੁਸੈਨ ਨੂੰ ਗਿਰਾ ਕੇ ਉਸਦੇ ਦੇਸ਼ ਨੂੰ ਕਬਜ਼ੇ ਵਿੱਚ ਲੈਣਾ ਸੀ। ਇਹ ਹਮਲਾ ਬਿਲਕੁਲ ਨਜਾਇਜ਼ ਅਤੇ ਬਿਨਾਂ ਕਿਸੇ ਠੋਸ ਕਾਰਨ ਦੇ ਕੀਤਾ ਗਿਆ। ਸਦਾਮ ਹੁਸੈਨ ਦੇ ਦੇਸ਼ ਇਰਾਕ ਵਿੱਚ ਜਦੋਂ ਕਥਿਤ ਕੈਮੀਕਲ ਹਥਿਆਰਾਂ ਦੀ ਖੋਜ ਲਈ ਦੇਸ਼ ਦੇ ਹਰ ਕੋਨੇ ਨੂੰ ਛਾਣਿਆ ਗਿਆ ਤਾਂ ਅਮਰੀਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਦਾਮ ਹੁਸੈਨ ਦੇ ਦੇਸ਼ ਵਿੱਚ ਕੈਮੀਕਲ ਹਥਿਆਰ ਕਦੇ ਵੀ ਨਹੀਂ ਮਿਲੇ। ਇਸ ਤੋਂ ਸਪਸ਼ਟ ਹੋਇਆ ਕਿ ਸਦਾਮ ਹੁਸੈਨ ਦੀ ਕਹਾਣੀ ਸੱਚੀ ਸੀ, ਅਤੇ ਅਮਰੀਕਾ ਨੇ ਸਿਰਫ ਆਪਣੇ ਸ਼ਕਤੀ ਪ੍ਰਦਰਸ਼ਨ ਲਈ ਇੱਕ ਦੇਸ਼ ਨੂੰ ਤਬਾਹ ਕਰ ਦਿੱਤਾ।

ਸਦਾਮ ਹੁਸੈਨ ਦੇ ਫੜੇ ਜਾਣ ਦੀ ਘਟਨਾ ਇੱਕ ਵਿਸ਼ਾਲ ਸਾਜ਼ਿਸ਼ ਦਾ ਹਿੱਸਾ ਸੀ। ਜੇਕਰ ਉਸ ਦੇ ਨੇੜਲੇ ਭੇਤੀ ਲਾਲਚੀ ਅਤੇ ਕਮੀਨੇ ਨਾ ਨਿਕਲਦੇ ਤਾਂ ਸਦਾਮ ਹੁਸੈਨ ਦੇ ਬੰਕਰ ਦਾ ਭੇਦ ਦੇਕੇ ਸਦਾਮ ਹੁਸੈਨ ਨੂੰ ਬੇਹੋਸ਼ ਕਰਕੇ ਫੜਾਉਣਾ ਅਸੰਭਵ ਸੀ। ਪਰ ਇਸਦੇ ਬਾਵਜੂਦ ਸਦਾਮ ਹੁਸੈਨ ਦਾ ਹੌਸਲਾ ਕਦੇ ਵੀ ਨਹੀਂ ਡਿਗਿਆ। ਉਸ ਦੇ ਫੜੇ ਜਾਣ ਸਮੇਂ ਉਸ ਨੂੰ ਪੁੱਛਿਆ ਗਿਆ ਕਿ ਕੀ ਤੂੰ ਸਦਾਮ ਹੁਸੈਨ ਹੈਂ? ਉਸ ਦਾ ਜਵਾਬ ਸੁਨਹਿਰੀ ਅੱਖਰਾਂ ਵਿੱਚ ਲਿਖੇ ਜਾਣ ਯੋਗ ਹੈ। ਉਸ ਨੇ ਕਿਹਾ, “ਯੈੱਸ, ਆਈ ਐੱਮ ਦੀ ਪ੍ਰੈਜ਼ੀਡੈਂਟ ਸੁਦਾਮ ਹੁਸੈਨ।” ਇਸ ਇੱਕ ਵਾਕ ਵਿੱਚ ਸਦਾਮ ਹੁਸੈਨ ਦੀ ਹਿੰਮਤ, ਦਲੇਰੀ ਅਤੇ ਆਪਣੇ ਦੇਸ਼ ਨਾਲ ਪਿਆਰ ਦਾ ਪ੍ਰਗਟਾਵਾ ਹੈ। ਸਦਾਮ ਹੁਸੈਨ ਦੀ ਮੌਤ ਤੋਂ ਬਾਅਦ ਵੀ ਇਰਾਕ ਵਿੱਚ ਹੋਈ ਖੋਜ ਦੌਰਾਨ ਕੈਮੀਕਲ ਹਥਿਆਰ ਨਾ ਮਿਲਣ ਨਾਲ ਸਦਾਮ ਹੁਸੈਨ ਦਾ ਦਾਅਵਾ ਸੱਚਾ ਸਾਬਤ ਹੋਇਆ, ਜੋ ਉਸਦੇ ਜ਼ਮੀਰ ਦੀ ਸਚਾਈ ਨੂੰ ਦਰਸਾਉਂਦਾ ਹੈ। ਅਮਰੀਕਾ ਨੇ ਬੇਵਜ੍ਹਾ ਹਮਲਾ ਕਰਕੇ ਇੱਕ ਦੇਸ਼ ਨੂੰ ਤਬਾਹ ਕੀਤਾ, ਉਸ ਦੇ ਰਾਸ਼ਟਰਪਤੀ ਦਾ ਕਤਲ ਕੀਤਾ, ਅਤੇ ਲੱਖਾਂ ਇਰਾਕੀਆਂ ਦੀ ਜਾਨ ਲੈ ਲਈ।

ਅਮਰੀਕਾ ਦੀ ਕਠਪੁਤਲੀ ਕੋਰਟ ਅਤੇ ਵਿਕਾਊ ਜੱਜਾਂ ਦਾ ਦਲੇਰੀ ਨਾਲ ਸਾਹਮਣਾ ਕਰਦੇ ਹੋਏ ਸਦਾਮ ਹੁਸੈਨ ਨੂੰ ਜਦੋਂ ਇੱਕ ਪੇਸ਼ੀ ਦੌਰਾਨ ਜੱਜ ਨੇ ਖੜ੍ਹੇ ਹੋਣ ਲਈ ਕਿਹਾ ਤਾਂ ਸਦਾਮ ਹੁਸੈਨ ਨੇ ਖੜ੍ਹਾ ਹੋਣ ਤੋਂ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਸੀ, “ਮੈਂ ਤੇਰੀ ਜਮਾਤ ਦਾ ਵਿਦਿਆਰਥੀ ਨਹੀਂ ਹਾਂ ਅਤੇ ਨਾ ਹੀ ਤੂੰ ਮੇਰਾ ਪ੍ਰਿੰਸੀਪਲ ਹੈਂ, ਬਲਕਿ ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੈਂ ਅੱਜ ਵੀ ਤੇਰਾ ਰਾਸ਼ਟਰਪਤੀ ਹਾਂ, ਤੈਨੂੰ ਮੇਰੇ ਆਉਣ ’ਤੇ ਖੜ੍ਹਾ ਹੋਣਾ ਚਾਹੀਦਾ ਹੈ।” ਇਸ ਵਾਕ ਨੇ ਸਿਰਫ ਜੱਜ ਨੂੰ ਹੀ ਨਹੀਂ, ਸਗੋਂ ਸਾਰੀਆਂ ਬਾਹਰੀ ਤਾਕਤਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ। ਸਦਾਮ ਹੁਸੈਨ ਦਾ ਇਹ ਆਤਮ-ਵਿਸ਼ਵਾਸ, ਉਸ ਦੀ ਦਲੇਰੀ ਅਤੇ ਉਸਦੀ ਅਡਿੱਗ ਜ਼ਮੀਰ ਨੇ ਸਾਰੇ ਦੁਨੀਆ ਵਿੱਚ ਉਸ ਦੀ ਨਵੀਂ ਪਛਾਣ ਬਣਾ ਦਿੱਤੀ। ਜਦੋਂ ਵੀ ਸਦਾਮ ਹੁਸੈਨ ਦੀ ਪੇਸ਼ੀ ਹੁੰਦੀ ਸੀ, ਉਹ ਆਪਣੇ ਮਾਣ ਅਤੇ ਸਤਿਕਾਰ ਨੂੰ ਕਦੇ ਵੀ ਨਹੀਂ ਗੁਆਉਂਦਾ ਸੀ। ਉਸ ਨੇ ਹਰ ਵਾਰ ਆਪਣੇ ਰੁਤਬੇ ਅਤੇ ਅਸੂਲਾਂ ਦਾ ਪੂਰਾ ਪਾਲਣ ਕੀਤਾ, ਚਾਹੇ ਹਾਲਾਤ ਕਿਸੇ ਵੀ ਤਰ੍ਹਾਂ ਦੇ ਰਹੇ ਹੋਣ।

ਸਦਾਮ ਹੁਸੈਨ ਦੀ ਕੈਦ ਦੇ ਦੌਰਾਨ ਉਸ ਦੇ ਸੁਰੱਖਿਆ ਗਾਰਡਾਂ ਵਿੱਚੋਂ ਇੱਕ ਨੇ ਬਾਅਦ ਵਿੱਚ ਇੱਕ ਕਿਤਾਬ ਲਿਖੀ, ਜਿਸ ਵਿੱਚ ਉਸ ਨੇ ਸਦਾਮ ਹੁਸੈਨ ਦੀ ਵਿਅਕਤੀਗਤ ਜ਼ਿੰਦਗੀ ਦੇ ਕਈ ਰਾਜ਼ ਖੋਲ੍ਹੇ। ਉਸਨੇ ਦੱਸਿਆ ਕਿ ਸਦਾਮ ਹੁਸੈਨ ਬੇਹੱਦ ਅਨੁਸ਼ਾਸਿਤ, ਉੱਚੇ ਸੰਸਕਾਰਾਂ ਵਾਲਾ ਵਿਅਕਤੀ ਸੀ। ਉਸ ਗਾਰਡ ਦੇ ਲਈ ਸਦਾਮ ਹੁਸੈਨ ਇੱਕ ਪਿਤਾ ਵਾਂਗ ਸੀ ਜੋ ਹਰ ਸਮੇਂ ਉਸ ਦੇ ਪਰਿਵਾਰ ਬਾਰੇ ਪੁੱਛਦਾ ਸੀ। ਸਦਾਮ ਹੁਸੈਨ ਕਦੇ ਵੀ ਨਿਰਾਸ਼ ਨਹੀਂ ਹੁੰਦਾ ਸੀ, ਕਈ ਵਾਰ ਉਹ ਸ਼ਾਇਰੀ ਵੀ ਲਿਖਦਾ ਸੀ। ਉਸ ਦੀ ਕੋਠੜੀ ਵਿੱਚ ਇੱਕ ਟੇਬਲ ਤੇ ਕੁਰਸੀ ਦਾ ਇੰਤਜ਼ਾਮ ਸੀ, ਜਿਸ ’ਤੇ ਉਹ ਹਮੇਸ਼ਾ ਰਾਸ਼ਟਰਪਤੀ ਵਾਲੇ ਮਾਣ ਨਾਲ ਬੈਠਦਾ ਸੀ। ਉਸ ਨੂੰ ਟੁੱਟਿਆ ਹੋਇਆ ਆਮਲੇਟ ਪਸੰਦ ਨਹੀਂ ਸੀ, ਕਿਰਦਾਰ ਅਤੇ ਆਚਰਣ ਵਿੱਚ ਉਹ ਬੇਮਿਸਾਲ ਸੀ। ਫਾਂਸੀ ਦੇ ਸਮੇਂ ਸਦਾਮ ਹੁਸੈਨ ਨੇ ਆਪਣੀ ਦਲੇਰੀ ਦੀ ਇੱਕ ਹੋਰ ਮਿਸਾਲ ਕਾਇਮ ਕੀਤੀ। ਉਸ ਨੇ ਲੰਬੇ ਕੋਟ ਦੀ ਮੰਗ ਕੀਤੀ ਤਾਂ ਜੋ ਸਰਦੀ ਕਾਰਨ ਉਸਦਾ ਸਰੀਰ ਕੰਬਦਾ ਨਾ ਦਿਸੇ, ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਲੋਕ ਇਹ ਨਾ ਸਮਝਣ ਕਿ ਉਹ ਡਰ ਕਾਰਨ ਕੰਬ ਰਿਹਾ ਹੈ। ਇਹ ਦੁਨੀਆ ਦੀ ਇੱਕੋ ਇੱਕ ਫਾਂਸੀ ਸੀ ਜਿਸ ਵਿੱਚ ਫਾਂਸੀ ਦੇਣ ਵਾਲਿਆਂ ਨੇ ਆਪਣੇ ਮੂੰਹ ਢਕੇ ਹੋਏ ਸਨ ਪਰ ਸਦਾਮ ਹੁਸੈਨ, ਜੋ ਕਿ ਇੱਕ ਸੂਰਮਾ ਸੀ, ਨੰਗੇ ਮੂੰਹ ਨਾਲ ਫਾਂਸੀ ’ਤੇ ਚੜ੍ਹਿਆ।

ਸਦਾਮ ਹੁਸੈਨ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਯੋਧੇ, ਸੂਰਮੇ ਕਿਸੇ ਵੀ ਦੇਸ਼, ਧਰਮ ਜਾਂ ਕੌਮ ਦੇ ਹੋਣ, ਉਹ ਸਤਿਕਾਰਯੋਗ ਹੁੰਦੇ ਹਨ, ਉਹ ਆਪਣੀ ਅਡਿੱਗ ਜ਼ਮੀਰ, ਦਲੇਰੀ ਅਤੇ ਅਵਾਜ਼ ਨੂੰ ਕਦੇ ਵੀ ਝੁਕਣ ਨਹੀਂ ਦਿੰਦੇ। ਸਦਾਮ ਹੁਸੈਨ ਦੀ ਕਹਾਣੀ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜਿਸ ਨੇ ਆਪਣੇ ਦੇਸ਼ ਲਈ ਸਾਰਾ ਕੁਝ ਕੁਰਬਾਨ ਕਰ ਦਿੱਤਾ ਅਤੇ ਅੰਤ ਤਕ ਆਪਣੇ ਮੂਲ ਸਿਧਾਂਤਾਂ ’ਤੇ ਕਾਇਮ ਰਿਹਾ। ਇਹ ਕਹਾਣੀ ਸਾਡੇ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ ਕਿ ਕਿਸ ਤਰ੍ਹਾਂ ਹਾਲਾਤ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਸੱਚ ਦੀ ਲੜਾਈ ਲੜਦੇ ਰਹਿਣਾ ਚਾਹੀਦਾ ਹੈ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5376)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਸੰਦੀਪ ਕੁਮਾਰ

ਸੰਦੀਪ ਕੁਮਾਰ

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author