“19 ਸਾਲਾਂ ਦੀ ਆਪਣੀ ਜ਼ਿੰਦਗੀ ਦੇ ਕੀਮਤੀ ਸਮੇਂ ਦੌਰਾਨ ਮੈਂ ਹਰ ਕੰਮ ਪੂਰੀ ਨਿਸ਼ਠਾ ਨਾਲ ਕੀਤਾ, ਪਰ ਫਿਰ ਵੀ ...”
(6 ਸਤੰਬਰ 2024)

 

ਮੈਂ 2005 ਵਿੱਚ ਪੰਜਾਬ ਸਰਕਾਰ ਦੇ ਅਧੀਨ, ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਅਧਿਆਪਕ ਵਜੋਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ। ਇਸ ਰਾਹ ਦੀ ਪਹਿਲੀ ਮੰਜ਼ਿਲ ਕਈ ਸੁਖਾਂ ਦੇ ਨਾਲ ਅਨੇਕਾਂ ਦੁੱਖਾਂ ਨਾਲ ਵੀ ਭਰਪੂਰ ਰਹੀ। ਨੌਕਰੀ ਦੀ ਸ਼ੁਰੂਆਤ ਵਿੱਚ ਹੀ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦੀ ਬਣਾਈ ਗਈ, ਜਿਸਦਾ ਮਕਸਦ ਸਿਰਫ ਇਹ ਸੀ ਕਿ ਅਸੀਂ ਵੀ ਉਹਨਾਂ ਹੱਕਾਂ ਦਾ ਆਨੰਦ ਮਾਣ ਸਕੀਏ, ਜੋ ਹੋਰ ਅਧਿਆਪਕਾਂ ਨੂੰ ਮਿਲਦੇ ਹਨ। ਜਥੇਬੰਦੀ ਦੀ ਮਿਹਨਤ ਸਦਕਾ ਪਹਿਲੀ ਵਾਰ ਸਾਲ 2007 ਵਿੱਚ ਸਰਕਾਰ ਨੇ ਸਾਡੇ ਲਈ ਤਨਖਾਹ ਵਿੱਚ ਵਾਧਾ ਕੀਤਾ, 4500 ਰੁਪਏ ਦੀ ਥਾਂ 7000 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਈ। ਇਸ ਪ੍ਰਾਪਤੀ ਨੇ ਸਾਡੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ, ਪਰ ਇਹ ਇੱਕ ਸ਼ੁਰੂਆਤ ਸੀ। ਜਥੇਬੰਦੀ ਦੇ ਹੋਰ ਸੰਘਰਸ਼ਾਂ ਨਾਲ ਸਾਲ 2009 ਵਿੱਚ, 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਤਕ ਵਾਧਾ ਹੋਇਆ। ਜਦਕਿ ਸਾਰੇ ਅਧਿਆਪਕਾਂ ਨੂੰ ਪੰਜਵੇਂ ਪੇ ਕਮਿਸ਼ਨ ਦਾ ਲਾਭ ਮਿਲਿਆ, ਪਰ ਕੰਪਿਊਟਰ ਅਧਿਆਪਕ 10 ਹਜ਼ਾਰ ਰੁਪਏ ਵਿੱਚ ਹੀ ਕੈਦ ਰਹੇ।

ਪਰ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਸਦਕਾ ਪੂਰੀ ਤਰ੍ਹਾਂ ਨਿਯਮਾਂ ਤਹਿਤ ਗਵਰਨਰ ਪੰਜਾਬ ਦੀ ਸਹਿਮਤੀ ਅਤੇ ਪੰਜਾਬ ਸਰਕਾਰ ਦੁਆਰਾ ਮੁੱਦਾ ਕੈਬਨਿਟ ਵਿੱਚ ਪਾਸ ਕਰਨ ਉਪਰੰਤ ਕੰਪਿਊਟਰ ਅਧਿਆਪਕਾਂ ਨੂੰ ਸਰਕਾਰ ਦੁਆਰਾ 2011 ਵਿੱਚ ਰੈਗੂਲਰ ਕਰ ਦਿੱਤਾ ਗਿਆ। ਪਰ ਰੈਗੂਲਰ ਕੀਤੇ ਜਾਣ ਦੇ ਬਾਵਜੂਦ ਅਸਲ ਸਥਿਤੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ। ਕੰਪਿਊਟਰ ਅਧਿਆਪਕਾਂ ਨੂੰ ਨਿਯਮਾਂ ਅਤੇ ਸ਼ਰਤਾਂ ਦੇ ਅਧਾਰ ’ਤੇ ਨਿਯੁਕਤੀ ਪੱਤਰਾਂ ਦੇ ਦਿੱਤੇ ਗਏ, ਪਰ ਇਸਦੇ ਬਾਵਜੂਦ ਵੀ ਅਸੀਂ ਆਪਣੇ ਹੱਕਾਂ ਤੋਂ ਵਾਂਝੇ ਰਹੇ। ਸਾਲਾਂ ਦੀ ਮਿਹਨਤ ਦੇ ਬਾਵਜੂਦ ਅਸੀਂ ਬੈਠਕਾਂ ਅਤੇ ਸੰਘਰਸ਼ਾਂ ਦੇ ਰਾਹੀਂ ਹੱਕਾਂ ਦੀ ਮੰਗ ਕਰਦੇ ਰਹੇ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਇੱਥੇ ਵੀ ਸਰਕਾਰਾਂ ਦੁਆਰਾ ਕੰਪਿਊਟਰ ਅਧਿਆਪਕਾਂ ਨਾਲ ਵਿਤਕਰਾ ਕੀਤਾ ਗਿਆ।

ਬਹੁਤ ਸਾਰੇ ਅਧਿਆਪਕਾਂ ਨੂੰ ਜੋ ਅਲੱਗ-ਅਲੱਗ ਵਰਗਾਂ ਨਾਲ ਸੰਬੰਧਿਤ ਸਨ, ਉਹਨਾਂ ਨੂੰ ਵੀ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ ਕਰ ਦਿੱਤਾ ਗਿਆ ਪਰ ਸਾਨੂੰ ਪੰਜਾਬ ਸਰਕਾਰ ਦੇ ਨਿਯੁਕਤੀ ਪੱਤਰ ਅਨੁਸਾਰ ਬਣਦੇ ਲਾਭ ਜਿਵੇਂ ਚਾਰ ਸਾਲਾ ਏਸੀਪੀ, ਨੌ ਸਾਲਾ ਏਸੀਪੀ, ਆਈਆਰ, ਮੈਡੀਕਲ ਸਹੂਲਤ ਅਤੇ ਹੋਰ ਕਈ ਪ੍ਰਕਾਰ ਦੇ ਵਿੱਤੀ ਅਤੇ ਵਿਭਾਗੀ ਲਾਭਾਂ ਤੋਂ ਵੀ ਵਾਂਝੇ ਰੱਖਿਆ ਗਿਆ। ਸਾਲ 2017 ਵਿੱਚ ਸਰਕਾਰ ਦੇ ਬਦਲਣ ਨਾਲ ਕੁਝ ਉਮੀਦ ਜਾਗੀ, ਪਰ ਪਹਿਲਾਂ ਵਾਂਗ ਹੀ ਸਾਡੇ ਹੱਕਾਂ ਸੰਬੰਧੀ ਕਿਸੇ ਪ੍ਰਕਾਰ ਦਾ ਕੋਈ ਨਿਸ਼ਚਿਤ ਫੈਸਲਾ ਨਹੀਂ ਆਇਆ। ਇੱਥੋਂ ਤਕ ਕੰਪਿਊੇਟਰ ਅਧਿਆਪਕ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਵਿੱਤੀ ਜਾਂ ਵਿਭਾਗੀ ਲਾਭ ਨਹੀਂ ਦਿੱਤਾ ਜਾਂਦਾ। ਕੋਵਿਡ 19 ਤੋਂ ਲੈਕੇ ਹੁਣ ਤਕ ਨੌਕਰੀ ਦੌਰਾਨ ਸਾਡੇ 100 ਦੇ ਕਰੀਬ ਕੰਪਿਊਟਰ ਅਧਿਆਪਕ ਸਾਥੀ ਸਾਨੂੰ ਅਤੇ ਆਪਣੇ ਪਰਿਵਾਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਪਰ ਉਹਨਾਂ ਨੂੰ ਕੋਈ ਵੀ ਬਣਦਾ ਲਾਭ ਨਾ ਦੇ ਕੇ, ਉਹਨਾਂ ਦੇ ਪਰਿਵਾਰਾਂ ਨੂੰ ਰੁਲਣ ਲਈ ਮਜਬੂਰ ਕਰ ਦਿੱਤਾ ਗਿਆ ਹੈ।

ਸਾਲ 2022 ਵਿੱਚ ਨਵੀਂ ਸਰਕਾਰ ਨੇ ਆ ਕੇ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਸੰਬੰਧੀ ਸੁਧਾਰਾਂ ਦੀ ਗੱਲ ਕੀਤੀ। ਇੱਕ ਮੰਤਰੀ ਨੇ ਸਾਡੇ ਹੁਨਰ ਦੀ ਕਦਰ ਕੀਤੀ ਅਤੇ ਵਚਨ ਦਿੱਤਾ ਕਿ ਦਿਵਾਲੀ ਦੇ ਮੌਕੇ ’ਤੇ ਸਾਨੂੰ ਸਾਡੇ ਹੱਕਾਂ ਦਾ ਤੋਹਫਾ ਪ੍ਰਦਾਨ ਕੀਤਾ ਜਾਵੇਗਾ। ਇਸ ਫ਼ੈਸਲੇ ਨੇ ਸਾਡੇ ਵਿੱਚ ਨਵੀਂ ਜ਼ਿੰਦਗੀ ਦਾ ਸੰਚਾਰ ਕੀਤਾ ਪਰ ਅਫਸਰਸ਼ਾਹੀ ਨੇ ਇਸ ਕੰਮ ਨੂੰ ਰੋਕਣ ਦਾ ਕੰਮ ਜਾਰੀ ਰੱਖਿਆ। ਸਾਡੇ ਤੋਂ ਘੱਟ ਯੋਗਤਾ ਵਾਲੇ ਕਰਮਚਾਰੀ ਵੀ ਵਿਭਾਗ ਵੱਲੋਂ ਦਿੱਤੇ ਜਾਂਦੇ ਸਾਰੇ ਲਾਭ ਪ੍ਰਾਪਤ ਕਰ ਰਹੇ ਹਨ ਪਰ ਪਤਾ ਨਹੀਂ ਕਿਉਂ ਹਰ ਵਾਰ ਕੰਪਿਊਟਰ ਅਧਿਆਪਕਾਂ ਨੂੰ ਵਿਭਾਗਾਂ ਦੁਆਰਾ ਤਕਨੋਲਜੀ ਦੇ ਨਾਮ ’ਤੇ ਵਰਤਿਆ ਤਾਂ ਜਾਂਦਾ ਹੈ ਪਰ ਨਿਯੁਕਤੀ ਪੱਤਰ ਵਿੱਚ ਪੰਜਾਬ ਸਰਕਾਰ ਦੁਆਰਾ ਲਿਖੇ ਲਾਭ ਦੇਣ ਲੱਗੇ ਕੰਪਿਊਟਰ ਅਧਿਆਪਕਾਂ ਦੇ ਬਣਦੇ ਹੱਕਾਂ ਉੱਤੇ ਸਵਾਲੀਆ ਨਿਸ਼ਾਨ ਕਿਉਂ ਲਗਾ ਦਿੱਤਾ ਜਾਂਦਾ ਹੈ? ਕਿਉਂ ਹਰ ਵਾਰ ਸਿਰਫ ਕੰਪਿਊਟਰ ਅਧਿਆਪਕਾਂ ਦੇ ਹੱਕ ਦੇਣ ਸਮੇਂ ਨਿਯਮਾਂ ਦਾ ਹਵਾਲਾ ਦੇ ਕੇ ਜ਼ਲੀਲ ਕੀਤਾ ਜਾਂਦਾ ਹੈ? ਸਕੂਲਾਂ ਵਿੱਚ ਵੀ ਅਸਿੱਧੇ ਢੰਗ ਨਾਲ ਕੰਪਿਊਟਰ ਅਧਿਆਪਕਾਂ ਨੂੰ ਟਿੱਚਰ ਕੀਤੀ ਜਾਂਦੀ ਹੈ। ਇਨ੍ਹਾਂ ਸਾਰੇ ਸੰਘਰਸ਼ਾਂ, ਵਿਤਕਰੇ, ਜਲਾਲਤ ਅਤੇ ਤਕਲੀਫ਼ਾਂ ਦੇ ਦੌਰਾਨ ਇੱਕ ਖਿਆਲ ਮੇਰੇ ਮਨ ਵਿੱਚ ਬਾਰ-ਬਾਰ ਆਉਂਦਾ ਹੈ: “ਕਾਸ਼ ਮੈਂ ਕੰਪਿਊਟਰ ਅਧਿਆਪਕ ਨਾ ਹੁੰਦਾ।”

19 ਸਾਲਾਂ ਦੀ ਆਪਣੀ ਜ਼ਿੰਦਗੀ ਦੇ ਕੀਮਤੀ ਸਮੇਂ ਦੌਰਾਨ ਮੈਂ ਹਰ ਕੰਮ ਪੂਰੀ ਨਿਸ਼ਠਾ ਨਾਲ ਕੀਤਾ, ਪਰ ਫਿਰ ਵੀ ਸਿਰਫ਼ ਵਿਤਕਰੇ ਦਾ ਇਨਾਮ ਹੀ ਮਿਲਿਆ। ਨਵੀਂ ਸਰਕਾਰ ਦੀਆਂ ਨੇਕ ਨੀਤੀਆਂ ਦੇ ਬਾਵਜੂਦ ਅਸੀਂ ਅੱਜ ਵੀ ਆਪਣੇ ਬਣਦੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਾਂ। ਇਹ ਸਵਾਲ ਸਦਾ ਮਨ ਵਿੱਚ ਰਹਿੰਦਾ ਹੈ ਕਿ ਕੀ ਮੈਂ ਕੰਪਿਊਟਰ ਅਧਿਆਪਕ ਬਣਕੇ ਕੋਈ ਗਲਤੀ ਕੀਤੀ? ਮੈਂ ਸੋਚਦਾ ਹਾਂ ਕਿ ਜੇਕਰ ਮੈਂ ਕੰਪਿਊਟਰ ਅਧਿਆਪਕ ਨਾ ਹੁੰਦਾ ਤਾਂ ਸ਼ਾਇਦ ਮੈਨੂੰ ਇਸ ਤਰ੍ਹਾਂ ਦੇ ਸੰਘਰਸ਼ਾਂ ਅਤੇ ਵਿਤਕਰੇ ਦਾ ਸਾਹਮਣਾ ਨਾ ਕਰਨਾ ਪੈਂਦਾ। ਸਾਲਾਂ ਦੀ ਸੇਵਾ ਦੇ ਬਾਵਜੂਦ ਅਸੀਂ ਅਜੇ ਵੀ ਆਪਣੇ ਬਣਦੇ ਮਿਲਣ ਯੋਗ ਹੱਕਾਂ ਤੋਂ ਵਾਂਝੇ ਹਾਂ। ਇਹ ਵਿਤਕਰਾ ਸਿਰਫ਼ ਮੇਰੇ ਲਈ ਨਹੀਂ, ਸਾਰੇ ਕੰਪਿਊਟਰ ਅਧਿਆਪਕਾਂ ਲਈ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਬਣ ਗਿਆ ਹੈ ਕਿ ਕੀ ਸਰਕਾਰ ਅਤੇ ਅਫਸਰਸ਼ਾਹੀ ਸਾਡੇ ਯੋਗਦਾਨ ਦੀ ਕਦਰ ਕਰੇਗੀ ਜਾਂ ਅਸੀਂ ਸਿਰਫ਼ ਸੰਘਰਸ਼ਾਂ ਦੇ ਹੀ ਪਏ ਰਹਾਂਗੇ? ਜਿਹੜੇ ਵੀ ਅਧਿਆਪਕ ਸੰਘਰਸ਼ ਦੇ ਇਸ ਰਾਹ ’ਤੇ ਚੱਲ ਰਹੇ ਹਨ, ਉਹਨਾਂ ਦੀ ਹਿੰਮਤ ਸ਼ਲਾਘਾਯੋਗ ਹੈ ਪਰ ਫਿਰ ਵੀ ਇੱਕ ਕਸਕ ਮਨ ਵਿੱਚ ਰਹਿੰਦੀ ਹੈ ਕਿ ਸਰਕਾਰੀ ਸਿਸਟਮ ਅੰਦਰ ਵਿਤਕਰਾ ਅਜੇ ਵੀ ਕਾਇਮ ਹੈ ਅਤੇ ਇਸ ਨੂੰ ਖਤਮ ਕਰਨ ਦੀ ਬਹੁਤ ਜ਼ਰੂਰਤ ਹੈ। ਕੰਪਿਊਟਰ ਅਧਿਆਪਕਾਂ ਨੂੰ ਵੀ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਹਨ, ਜੋ ਕਿ ਹਰ ਸਰਕਾਰੀ ਮੁਲਾਜ਼ਮ ਦਾ ਅਧਿਕਾਰ ਹੈ।

ਸੋ, ਅੰਤ ਵਿੱਚ ਮੈਂ ਕੇਵਲ ਇਹੀ ਕਹਿ ਸਕਦਾ ਹਾਂ ਕਿ ਕਾਸ਼ ਮੈਂ ਕੰਪਿਊਟਰ ਅਧਿਆਪਕ ਨਾ ਹੁੰਦਾ, ਪਰ ਜੇ ਹੁਣ ਕੰਪਿਊਟਰ ਅਧਿਆਪਕ ਹਾਂ ਤਾਂ ਇਸ ਸੰਘਰਸ਼ ਨੂੰ ਅੰਤ ਤਕ ਲਿਜਾਣ ਦਾ ਇਰਾਦਾ ਰੱਖਦਾ ਹਾਂ ਤਾਂਕਿ ਅਗਲੀ ਪੀੜ੍ਹੀ ਦੇ ਕੰਪਿਊਟਰ ਅਧਿਆਪਕਾਂ ਨੂੰ ਇਹ ਵਿਤਕਰਾ ਸਹਿਣਾ ਨਾ ਪਏ।

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5275)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਸੰਦੀਪ ਕੁਮਾਰ

ਸੰਦੀਪ ਕੁਮਾਰ

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author