“ਨਰੇਂਦਰ ਮੋਦੀ ਦੀ ਐੱਨ. ਡੀ.ਏ. ਸਰਕਾਰ ਨੂੰ ਨੱਕੋਂ ਚਣੇ ਚਬਾਉਣ ਵਾਲੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਹੁਣ ...”
(3 ਸਤੰਬਰ 2024)
ਜਦੋਂ ਅਸੀਂ ਆਪੇ ਸਥਿਤੀਆਂ ਵਿਗਾੜ ਬੈਠਦੇ ਹਾਂ ਤਾਂ ਇਸ ਤੋਂ ਉਤਪੰਨ ਪ੍ਰਸਥਿਤੀਆਂ ਬਾਰੇ ਪੰਜਾਬੀ ਦੀ ਕਹਾਵਤ ਮਸ਼ਹੂਰ ਹੈ- ‘ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲ੍ਹਣਾ।’ ਵੈਸੇ ਤਾਂ ਇਸ ਸਾਲ (2024) ਵਿੱਚ ਮਹਾਰਾਸ਼ਟਰ ਅਤੇ ਝਾਰਖੰਡ ਪ੍ਰਦੇਸ਼ਾਂ ਵਿੱਚ ਵੀ ਰਾਜ ਅਸੈਂਬਲੀ ਚੋਣਾਂ ਦਰਪੇਸ਼ ਹਨ ਪਰ ਭਾਰਤੀ ਚੋਣ ਕਮਿਸ਼ਨ ਨੇ 16 ਅਗਸਤ, 2024 ਨੂੰ ਸਿਰਫ ਹਰਿਆਣਾ ਅਤੇ ਜੰਮੂ ਕਸ਼ਮੀਰ (ਕੇਂਦਰੀ ਸ਼ਾਸਤ ਪ੍ਰਦੇਸ਼) ਅੰਦਰ ਹਾਲ ਦੀ ਘੜੀ ਅਸੈਂਬਲੀ ਚੋਣਾਂ ਕਰਾਉਣ ਦੇ ਟਾਈਮ-ਟੇਬਲ ਦਾ ਐਲਾਨ ਕੀਤਾ ਹੈ। ਇਨ੍ਹਾਂ ਦੋਹਾਂ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਇਸਦੀ ਅਗਵਾਈ ਵਾਲੀ ਕੇਂਦਰ ਅੰਦਰ ਨਰੇਂਦਰ ਮੋਦੀ ਦੀ ਐੱਨ. ਡੀ.ਏ. ਸਰਕਾਰ ਨੂੰ ਨੱਕੋਂ ਚਣੇ ਚਬਾਉਣ ਵਾਲੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਹੁਣ ਜੋ ਬੀਜਿਆ, ਉਹੀ ਕੱਟਣਾ ਪਵੇਗਾ। ਦੋਹਾਂ ਰਾਜਾਂ ਵਿੱਚ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਣਗੀਆਂ। ਕੀ ਇਸ ਜਨਤਕ ਰੋਹ ਭਰੀ ਸਥਿਤੀ ਨੂੰ ਭਾਜਪਾ ਸੰਭਾਲ ਪਾਏਗੀ? ਇਹ ਤਾਂ ਨਤੀਜੇ ਦਰਸਾਉਣਗੇ। ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।
ਚੋਣ ਟਾਈਮ ਟੇਬਲ:
ਭਾਰਤੀ ਚੋਣ ਕਮਿਸ਼ਨ ਨੇ ਹਰਿਆਣਾ ਅੰਦਰ ਇੱਕ ਰੋਜ਼ਾ ਮਤਦਾਨ 1 ਅਕਤੂਬਰ, ਜੰਮੂ ਕਸ਼ਮੀਰ ਅੰਦਰ ਤਿੰਨ ਮਰਹਲਿਆਂ ਵਿੱਚ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ। ਜੰਮੂ ਕਸ਼ਮੀਰ ਅੰਦਰ ਪਿਛਲੇ ਕੁਝ ਸਮੇਂ ਕਸ਼ਮੀਰ ਡਿਵੀਜ਼ਨ ਇਲਾਵਾ ਜੰਮੂ ਡਿਵੀਜ਼ਨ ਦੇ ਕਠੂਆ, ਉਧਮਪੁਰ, ਅਨੰਤਨਾਗ, ਨੈਸ਼ਨਲ ਹਾਈਵੇਅ 44 ਜੋ ਪਠਾਨਕੋਟ ਤੇ ਸ਼੍ਰੀਨਗਰ ਨੂੰ ਜਾਂਦਾ ਹੈ, ਦੇ ਆਲੇ-ਦੁਆਲੇ ਪਾਕਿਸਤਾਨ ਅਤੇ ਉਸਦੀ ਬਦਨਾਮ ਖੁਫੀਆ ਏਜੰਸੀ ਆਈ. ਐੱਸ. ਆਈ. ਵੱਲੋਂ ਰਾਤਰੀ ਵਿਜ਼ਨ ਕੈਮਰਿਆਂ, ਅਤਿ ਆਧੁਨਿਕ ਹਥਿਆਰਾਂ ਅਤੇ ਗੋਲਾ ਬਾਰੂਦ ਨਾਲ ਲੈਸ ਉੱਚ ਪੱਧਰੀ ਟ੍ਰੇਂਡ ਅੱਤਵਾਦੀ ਝੋਕੇ ਜਾ ਰਹੇ ਹਨ। ਸੋ ਇਸ ਤਰ੍ਹਾਂ ਦੀ ਵੰਗਾਰ ਸਨਮੁੱਖ ਜੰਮੂ ਕਸ਼ਮੀਰ ਅੰਦਰ ਪਹਿਲੇ ਪੜਾਅ ਵਿੱਚ 18 ਸਤੰਬਰ ਦੂਜੇ ਵਿੱਚ 25 ਸਤੰਬਰ ਅਤੇ ਤੀਜੇ ਵਿੱਚ 1 ਅਕਤੂਬਰ, 2024 ਨੂੰ ਮਤਦਾਨ ਕਰਾਏ ਜਾਣ ਦਾ ਐਲਾਨ ਕੀਤਾ ਹੈ। ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।
ਹਰਿਆਣਾ ਚੁਣੌਤੀ:
ਹਰਿਆਣਾ ਪ੍ਰਾਂਤ ਅੰਦਰ ਭਾਰਤੀ ਜਨਤਾ ਪਾਰਟੀ ਪਿਛਲੇ 10 ਸਾਲ ਤੋਂ ਸੱਤਾ ਵਿੱਚ ਹੈ। ਸੰਨ 2014 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤੇਜ਼ ਗਤੀ ਰਾਜਨੀਤਕ ਲਹਿਰ ਨਾਲ ਹਰਿਆਣਾ ਅੰਦਰ ਮਨੋਹਰ ਲਾਲ ਖੱਟਰ ਦੀ ਅਗਵਾਈ ਵਿੱਚ ਨਿਰੋਲ ਭਾਜਪਾ ਸਰਕਾਰ ਗਠਤ ਹੋਈ। ਦਿੱਲੀ ਨਾਲ ਲੱਗਣ ਕਰਕੇ ਸ੍ਰੀ ਮੋਦੀ ਸਰਕਾਰ ਦੀ ਮੇਹਰ ਭਰੀ ਨਜ਼ਰ ਨਾਲ ਨਾ ਤਜ਼ਰਬਾਕਾਰ ਖੱਟਰ ਸਰਕਾਰ ਦਾ ਬੇੜਾ ਚਲਦਾ ਰਿਹਾ। ਲੇਕਿਨ ਸੰਨ 2019 ਦੀਆਂ ਚੋਣਾਂ ਵਿੱਚ 90 ਮੈਂਬਰੀ ਅਸੈਂਬਲੀ ਵਿੱਚ ਭਾਜਪਾ 40, ਜੇ. ਜੇ. ਪੀ. 10, ਕਾਂਗਰਸ 30, ਇਨੈਲੋ 1, ਲੋਕਹਿਤ ਪਾਰਟੀ 1 ਅਤੇ ਬਾਕੀ 6 ਅਜ਼ਾਦਾਂ ਸਮੇਤ 8 ਉਮੀਦਵਾਰ ਜਿੱਤੇ। ਜੇ. ਜੇ. ਪੀ. ਨਾਲ ਗਠਜੋੜ ਰਾਹੀਂ ਸਰਕਾਰ ਗਠਤ ਕੀਤੀ। ਜੇ. ਜੇ. ਪੀ. ਆਗੂ ਦੁਸ਼ਅੰਤ ਚੌਟਾਲਾ ਨੂੰ ਉਪ ਮੱਖ ਮੰਤਰੀ ਬਣਾਇਆ ਗਿਆ। ਲੇਕਿਨ ਹਰਿਆਣਾ ਸਰਕਾਰ ਮਨੋਹਰ ਲਾਲ ਖੱਟਰ ਦੀ ਅਗਵਾਈ ਵਿੱਚ ਜਨਤਕ ਰੋਹ ਦਾ ਸ਼ਿਕਾਰ ਹੋਣ ਲੱਗੀ। ਸਥਿਤੀ ਭਾਂਪਦੇ ਹੋਏ 12 ਮਾਰਚ, 2024 ਨੂੰ ਜੇ. ਜੇ. ਪੀ. ਆਗੂ ਦੁਸ਼ਅੰਤ ਚੌਟਾਲਾ ਦੀ ਅਗਵਾਈ ਵਿੱਚ ਛਾਲ ਮਾਰ ਕੇ ਲਾਂਭੇ ਹੋ ਗਈ। ਭਾਜਪਾ ਹਾਈਕਮਾਨ ਨੇ ਤੁਰੰਤ ਮਨੋਹਰ ਲਾਲ ਖੱਟਰ ਦੀ ਬੁੱਢੀ ਲੀਡਰਸ਼ਿੱਪ ਨੂੰ ਚਲਦਾ ਕਰਕੇ ਓਬੀਸੀ ਪੱਤਾ ਖੇਡਦੇ ਇੱਕ ਹੋਰ ਨਾ ਤਜ਼ਰਬਾਕਾਰ ਆਗੂ ਨਾਇਬ ਸਿੰਘ ਸੈਣੀ, ਜੋ ਅਜੇ 23 ਅਕਤੂਬਰ, 2023 ਨੂੰ ਹਰਿਆਣਾ ਭਾਜਪਾ ਇਕਾਈ ਦਾ ਪ੍ਰਧਾਨ ਥਾਪਿਆ ਸੀ, ਨੂੰ ਮੁੱਖ ਮੰਤਰੀ ਥਾਪ ਦਿੱਤਾ।
ਬਰਬਾਦੀ: ਜਨ ਨਾਇਕ ਜਨਤਾ ਪਾਰਟੀ ਦੇ ਸੱਤਾ ਤੋਂ ਲਾਂਭੇ ਹੋਣ ਦੀ ਦੇਰ ਸੀ ਕਿ ਉਹ ਬੁਰੀ ਤਰ੍ਹਾਂ ਖੱਖੜੀ-ਖੱਖੜੀ ਹੋ ਗਈ। ਕਰੀਬ 6-7 ਵਿਧਾਇਕ ਪਾਰਟੀ ਨੂੰ ਅਲਵਿਦਾ ਕਹਿ ਦੇ ਕਾਂਗਰਸ ਜਾਂ ਹੋਰਨਾਂ ਦਾ ਪੱਲਾ ਪਕੜਦੇ ਵੇਖੇ ਗਏ। ਜਿਵੇਂ ਪੰਜਾਬ ਵਿੱਚ ਦਿਓ ਕੱਦ ਆਗੂ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤਕ ਵਿਰਾਸਤ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨਕਾਰ ਦਿੱਤਾ ਹੈ, ਉਵੇਂ ਹੀ ਹਰਿਆਣਾ ਦੇ ਦਿਓ ਕੱਦ ਆਗੂ ਮਰਹੂਮ ਉਪ ਪ੍ਰਧਾਨ ਮੰਤਰੀ ਚੌ, ਦੇਵੀ ਲਾਲ ਅਤੇ ਉਸ ਦੇ ਪੁੱਤਰ ਸਾਬਕਾ ਮੁੱਖ ਮੰਤਰੀ ਚੌ. ਓਮ ਪ੍ਰਕਾਸ਼ ਚੌਟਾਲਾ ਦੀ ਰਾਜਨੀਤਕ ਵਿਰਾਸਤ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਇਸ ਤੋਂ ਵੱਖ ਹੋਇਆ ਧੜਾ, ਜਿਸ ਨੇ ਜੇ. ਜੇ. ਪੀ. ਗਠਤ ਕੀਤੀ ਸੀ, ਨੂੰ ਲੋਕ ਮੂੰਹ ਨਹੀਂ ਲਾ ਰਹੇ। ਦਰਅਸਲ ਸ਼੍ਰੋਮਣੀ ਅਕਾਲੀ ਦਲ ਵਾਂਗ ਇਨੈਲੋ ਅਤੇ ਜੇ. ਜੇ. ਪੀ. ਨੂੰ ਪਰਿਵਾਰਵਾਦ, ਭ੍ਰਿਸ਼ਟਾਚਾਰ, ਏਕਾਧਿਕਾਰਵਾਦ ਬਦਇਖ਼ਲਾਕਵਾਦ ਅਤੇ ਰਾਜਨੀਤਕ ਸਿਧਾਂਤਹੀਣਤਾ ਨੇ ਬਰਬਾਦ ਕਰ ਦਿੱਤਾ। ਹਰਿਆਣਾ ਵਿੱਚ ਕੋਈ ਚੱਜ ਦਾ ਆਗੂ ਇਨਾਂ ਪਾਰਟੀਆਂ ਦਾ ਉਮੀਦਵਾਰ ਨਹੀਂ ਬਣਨਾ ਚਾਹੁੰਦਾ। ਇਨੈਲੋ ਪਿਛਲੀਆਂ ਚੋਣਾਂ ਵਾਂਗ ਬਸਪਾ ਨਾਲ ਗਠਜੋੜ ਰਾਹੀਂ ਲੜੇਗੀ। ਇਨੈਲੋ 53 ਅਤੇ ਬਸਪਾ 37 ਸੀਟਾਂ ’ਤੇ।
ਮੁੱਦੇ: ਹਰਿਆਣਾ ਅੰਦਰ ਨੌਜਵਾਨ ਹਮੇਸ਼ਾ ਸਰਕਾਰੀ ਨੌਕਰੀਆਂ ਦੇ ਚਾਹਵਾਨ ਰਹੇ ਹਨ ਪਰ ਭਾਜਪਾ ਦੀਆਂ ਮਨੋਹਰ ਲਾਲ ਖੱਟਰ ਅਤੇ ਨਾਇਬ ਸਿੰਘ ਸੈਣੀ ਸਰਕਾਰਾਂ ਇਸ ਖੇਤਰ ਵਿੱਚ ਨਾਕਾਮ ਰਹੀਆਂ। ਲੋਕ ਸਭਾ ਚੋਣਾਂ ਵਿੱਚ ਬੇਰੋਜ਼ਗਾਰੀ, ਕਿਸਾਨੀ, ਅਗਨੀਵੀਰ, ਗੁਰੂ ਗ੍ਰਾਮ ਅੰਦਰ ਹਿੰਸਾ, ਲੁੱਟ-ਖੋਹ, ਅਸੁਰੱਖਿਆ ਕਰਕੇ ਬਾਹਰੀ ਨਿਵੇਸ਼ ਨਾ ਆਉਣ ਕਰਕੇ ਰੋਜ਼ਗਾਰ ਦੇ ਮੌਕੇ ਘਟਣਾ ਆਦਿ ਨੇ ਭਾਜਪਾ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਉਹ 2019 ਵਿੱਚ 10 ਦੀਆਂ 10 ਸੀਟਾਂ ਜਿੱਤਣ ਦੀ ਥਾਂ ਇਸ ਵਾਰ 5 ਸੀਟਾਂ ਗੁਆ ਬੈਠੀ। ਐਤਕੀਂ ‘ਨਾਨ ਸਟਾਪ ਹਰਿਆਣਾ’ ਅਤੇ ‘ਡਬਲਇੰਜਨ ਸਰਕਾਰਾਂ’ ਦੇ ਨਾਅਰਿਆਂ ਹੇਠ ਮੁੜ ਸੱਤਾ ਹਾਸਲ ਕਰਨ ਦੀ ਫਿਰਾਕ ਵਿੱਚ ਹੈ। ਪਰ ਰਾਜਨੀਤਕ ਕਿਸ਼ਤੀ ਬੁਰੀ ਤਰ੍ਹਾਂ ਡਾਵਾਂਡੋਲ ਹੈ। ਕਿਸਾਨੀ ਅੰਦੋਲਨ ਇਸਦੇ ਹੱਡਾਂ ਵਿੱਚ ਬੈਠ ਰਿਹਾ ਹੈ।
ਦੂਜੇ ਪਾਸੇ ਹਮਲਾਵਰ ਕਾਂਗਰਸ ਪਾਰਟੀ ਵੱਲੋਂ ਹੰਢੇ ਹੋਏ ਆਗੂ ਸਾਬਕਾ ਮੁੱਖ ਮੰਤਰੀ ਚੌ. ਭੁਪੇਂਦਰ ਸਿੰਘ ਹੁੱਡਾ ਅਤੇ ਮੈਂਬਰ ਪਾਰਲੀਮੈਂਟ ਕੁਮਾਰੀ ਸ਼ੈਲਜਾ ਦੀ ਅਗਵਾਈ ਵਿੱਚ ‘ਹਰਿਆਣਾ ਮਾਂਗੇ ਹਿਸਾਬ’ ਦੇ ਪਰਚਮ ਹੇਠ ਵਿਧਾਨ ਸਭਾ ਚੋਣਾਂ ਲਈ ‘ਕਰੋ ਜਾਂ ਮਰੋ’ ਵਾਲੀ ਜੰਗ ਸ਼ੁਰੂ ਕਰ ਦਿੱਤੀ ਗਈ ਹੈ।
ਰਾਜ ਅੰਦਰ ਜਾਟ ਭਾਈਚਾਰੇ, ਕਿਸਾਨ ਮੋਰਚੇ ਅਤੇ ਬੇਰੋਜ਼ਗਾਰ ਨੌਜਵਾਨਾਂ ਦੇ ਵਿਰੋਧ ਨੂੰ ਠੱਲ੍ਹਣ ਲਈ ਭਾਜਪਾ ਨੇ ਓਬੀਸੀ ਪੱਤਾ ਖੇਡਦਿਆਂ ਜਦੋਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਥਾਪਿਆ ਤਾਂ ਨਤੀਜੇ ਨਾਂਹ ਪੱਖੀ ਸਾਹਮਣੇ ਆਏ। ਕਤਲ ਅਤੇ ਬਲਾਤਕਾਰ ਕੇਸਾਂ ਵਿੱਚ ਸਜ਼ਾ ਯਾਫਤਾ ਸੌਦਾ ਸਾਧ ਰਾਮ ਰਹੀਮ ਨੂੰ 4 ਸਾਲਾਂ ਵਿੱਚ 10ਵੀਂ ਵਾਰ ਪੈਰੋਲ ’ਤੇ ਬਾਹਰ ਲਿਆਉਣ ਨਾਲ ਵੀ ਸਥਿਤੀ ਨਾ ਸੁਧਰੀ ਬਲਕਿ ਪਾਸਾ ਪੁੱਠਾ ਪੈਂਦਾ ਨਜ਼ਰ ਆਇਆ।
ਸਰਵੇ: ਪੀਪਲਜ਼ ਪਲਸ ਸਰਵੇ ਨੇ ਭਾਜਪਾ ਅੰਦਰ ਕੰਬਣੀ ਛੇੜ ਦਿੱਤੀ ਹੈ। ਉਸ ਅਨੁਸਾਰ ਚੋਣਾਂ ਵਿੱਚ ਕਾਂਗਰਸ ਨੂੰ 43-48, ਭਾਜਪਾ ਨੂੰ 34-39, ਇਨੈਲੋ, ਜੇ. ਜੇ. ਪੀ., ਬਸਪਾ, ਆਮ ਆਦਮੀ ਪਾਰਟੀ ਜਨਹਿਤ ਪਾਰਟੀ ਨੂੰ 3 ਤੋਂ 8 ਸੀਟਾਂ ਦਰਸਾਈਆਂ ਹਨ। ਸਪਸ਼ਟ ਹੈ ਕਿ ਹਰਿਆਣਾ ਵਿੱਚ ਸੱਤਾ ਵਿਰੋਧੀ ਲਹਿਰ ਚੱਲ ਰਹੀ ਹੈ। ਲੋਕ ਬਦਲਾਅ ਚਾਹੁੰਦੇ ਹਨ ਪਰ 90 ਸੀਟਾਂ ’ਤੇ ਲੜਨ ਜਾ ਰਹੀ ਆਮ ਆਦਮੀ ਪਾਰਟੀ ਨੂੰ ਹੁੰਗਾਰਾ ਨਹੀਂ ਭਰ ਰਹੇ। ਇਸਦੇ ਸੂਬਾਈ ਪ੍ਰਧਾਨ ਸੁਸ਼ੀਲ ਗੁਪਤਾ ਦੀ ਕੋਈ ਰਾਜਨੀਤਕ ਵੁੱਕਤ ਨਹੀਂ। ਚੋਣ ਮੁਹਿੰਮ ਜੇਲ੍ਹ ਅੰਦਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਅਤੇ ਪਰਿਵਾਰਵਾਦ ਨੂੰ ਪਾਰਟੀ ਅੰਦਰ ਪ੍ਰਪੱਕ ਕਰਨ ਦੇ ਮਨਸੂਬੇ ਨਾਲ ਪਤਨੀ ਸੁਨੀਤਾ ਕੇਜਰੀਵਾਲ, ਜੇਲ੍ਹ ਵਿੱਚੋਂ ਰਿਹਾ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਧੀਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਐੱਮ. ਪੀ. ਸੰਜੈ ਸਿੰਘ ਚਲਾ ਰਹੇ ਹਨ। ਪਰ ਭਰਭੂਰ ਹੁੰਗਾਰਾ ਨਹੀਂ ਮਿਲ ਰਿਹਾ।
ਤਿਕੜਮਬਾਜ਼ੀ: ਵਿਧਾਨ ਸਭਾ ਚੋਣਾਂ ਵਿੱਚ ਪਾਸਾ ਪੁੱਠਾ ਪੈਂਦਾ ਵੇਖ ਕੇ ਭਾਜਪਾ ਆਗੂਆਂ ਨੇ ਅਟਪਟੀ ਤਿਕੜਮਬਾਜ਼ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਦੀ ਸੈਣੀ ਸਰਕਾਰ ਦੇ ਵਿੱਤ ਮੰਤਰੀ ਜੇ.ਪੀ. ਦਲਾਲ ਇੱਕ ਚੋਣ ਰੈਲੀ ਵਿੱਚ ਬੋਲਦਾ ਹੈ ਕਿ ਜੇ ਕਾਂਗਰਸ ਰਾਜ ਅੰਦਰ ਵਿਧਾਨ ਸਭਾ ਚੋਣਾਂ ਜਿੱਤਦੀ ਹੈ, ਆਪਣੀ ਸਰਕਾਰ ਗਠਤ ਕਰਦੀ ਹੈ ਤਾਂ ਦਿੱਲੀ ਵਿੱਚ ਬੈਠੇ ਸਾਡੇ ਆਗੂ ਇਹ ਸੁਨਿਸ਼ਚਤ ਬਣਾਉਣ ਕਿ ਇਹ ਸਰਕਾਰ 6 ਮਹੀਨੇ ਨਾ ਚੱਲ ਸਕੇ। ਇਹ ਕੈਸਾ ਮੂਰਖਾਨਾ ਬਿਆਨ ਹੈ।
ਭਾਜਪਾ ਨੇ ਚੋਣ ਅਯੋਗ ਤੋਂ ਮੰਗ ਕੀਤੀ ਹੈ 1 ਅਕਤੂਬਰ ਵੇਲੇ ਛੁੱਟੀਆਂ, 2 ਅਕਤੂਬਰ ਨੂੰ ਮੁਕਾਮ (ਰਾਜਸਥਾਨ) ਵਿਖੇ ਬਿਸ਼ਨੋਈ ਜੋੜ ਮੇਲਾ ਹੋਣ ਕਰਕੇ ਚੋਣ ਤਾਰੀਖ 8 ਅਕਤੂਬਰ, 2024 ਕਰ ਦਿੱਤੀ ਜਾਵੇ, ਸੋ ਚੋਣ ਕਮਿਸ਼ਨ ਨੇ ਇਹ ਮੰਗ ਕਿਸੇ ਦਬਾਅ ਹੇਠ ਮੰਨ ਕੇ ਚੋਣ ਤਰੀਕ 5 ਅਕਤੂਬਰ ਕਰ ਦਿੱਤੀ ਹੈ।
ਰਾਜ ਵਿੱਚ ਭਾਜਪਾ ਸਰਕਾਰ ਅਤੇ ਵੱਡੇ ਆਗੂਆਂ ਦੀ ਮਾੜੀ ਕਾਰਗੁਜ਼ਾਰੀ ਦੇ ਮੱਦੇ ਨਜ਼ਰ ਆਰ. ਐੱਸ. ਐੱਸ. ਆਗੂਆਂ ਅਤੇ ਸਹਿ ਸੰਘਚਾਲਕ ਅਰੁਣ ਕੁਮਾਰ ਨੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਆਗੂਆਂ ਨੂੰ ਤੰਬੀਹ ਕੀਤੀ ਹੈ ਕਿ ਮਿਲਜੁਲ ਕੇ ਕੰਮ ਕਰਨ, ਮਤਭੇਦ ਦੂਰ ਕਰਨ, ਚੋਣਾਂ ਪ੍ਰਤੀ ਧਿਆਨ ਕੇਂਦਰਿਤ ਕਰਨ। ਹਰਿਆਣਾ ਅੰਦਰ ਨਵੇਂ ਚਿਹਰਿਆਂ ਨੂੰ ਅੱਗੇ ਲਿਆਂਦਾ ਜਾਵੇ ਕਿਉਂਕਿ ਪੁਰਾਣਿਆਂ ਨੂੰ ਲੋਕ ਚੰਗਾ ਨਹੀਂ ਸਮਝਦੇ। ਸੋ ਆਰ. ਐੱਸ. ਐੱਸ. ਅਤੇ ਭਾਜਪਾ ਆਗੂਆਂ ਵਿੱਚ ਅਜਿਹੀ ਹੜਬੜਾਹਟ ਦਰਸਾਉਂਦੀ ਹੈ ਕਿ ਹਰਿਆਣਾ ਚੋਣ ਦੰਗਲ ਵਿੱਚ ਭਾਜਪਾ ਘਬਰਾਹਟ ਦਾ ਸ਼ਿਕਾਰ ਹੈ।
ਜੰਮੂ ਕਸ਼ਮੀਰ ਚੋਣ ਦੰਗਲ: ਜੰਮੂ ਕਸ਼ਮੀਰ ਵਿੱਚ 10 ਸਾਲ ਬਾਅਦ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਦਸੰਬਰ, 2014 ਵਿੱਚ ਚੋਣਾਂ ਹੋਈਆਂ ਸਨ। ਉਦੋਂ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ.ਡੀ. ਪੀ.) ਨੇ ਭਾਜਪਾ ਨਾਲ ਮਿਲ ਕੇ ਸਾਂਝੀ ਸਰਕਾਰ ਗਠਤ ਕੀਤੀ ਸੀ। ਮਹਿਬੂਬਾ ਮੁਫਤੀ ਪੀ. ਡੀ. ਪੀ. ਆਗੂ ਮੁੱਖ ਮੰਤਰੀ ਬਣੀ ਸੀ। ਸੰਨ 2018 ਵਿੱਚ ਇਸ ਸਰਕਾਰ ਤੋਂ ਭਾਜਪਾ ਵੱਲੋਂ ਹਿਮਾਇਤ ਵਾਪਸ ਲੈਣ ਕਰਕੇ 20, ਦਸੰਬਰ 2018 ਨੂੰ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਹਾਲਾਂਕਿ ਕੁਝ ਰਾਜਨੀਤਕ ਦਲਾਂ ਨੇ ਸਰਕਾਰ ਗਠਤ ਕਰਨ ਦਾ ਦਾਅਵਾ ਪੇਸ਼ ਕੀਤਾ ਸੀ, ਜੋ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਸੰਨ 2019 ਵਿੱਚ ਧਾਰਾ 370 ਅਤੇ 35-ਏ ਹਟਾ ਕੇ ਰਾਜ ਦਾ ਸੰਵਿਧਾਨਿਕ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਗਿਆ। 31 ਅਕਤੂਬਰ, 2019 ਨੂੰ ਜੰਮੂ-ਕਸ਼ਮੀਰ ਪੁਨਰਗਠਨ ਐਕਟ ਰਾਹੀਂ ਰਾਜ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਦੋ ਕੇਂਦਰੀ ਸ਼ਾਸਤ ਪ੍ਰਦੇਸ਼ ਗਠਿਤ ਕਰ ਦਿੱਤੇ ਗਏ। ਨਵੀਂ ਹਲਕਾ ਬੰਦੀ ਅਨੁਸਾਰ 90 ਵਿੱਚੋਂ 43 ਜੰਮੂ ਅਤੇ 47 ਕਸ਼ਮੀਰ ਡਿਵੀਜ਼ਨ ਵਿੱਚ ਵਿਧਾਨ ਸਭਾ ਹਲਕੇ ਅਲਾਟ ਕਰ ਦਿੱਤੇ। 11 ਦਸੰਬਰ, 2023 ਨੂੰ ਸੁਪਰੀਮ ਕੋਰਟ ਨੇ ਧਾਰਾ 370 ਦਾ ਖਾਤਮਾ ਸਹੀ ਕਰਾਰ ਕਰ ਦਿੱਤਾ ਅਤੇ ਚੋਣ ਕਮਿਸ਼ਨ ਨੂੰ ਰਾਜ ਵਿਧਾਨ ਸਭਾ ਚੋਣਾਂ 30 ਸਤੰਬਰ, 2024 ਤੋਂ ਪਹਿਲਾਂ ਕਰਾਉਣ ਦੇ ਹੁਕਮ ਜਾਰੀ ਕੀਤੇ।
ਧਾਰਾ 370 ਅਤੇ 35 ਏ ਹਟਾਉਣ ਬਾਅਦ ਜੰਮੂ ਕਸ਼ਮੀਰ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਇਹ ਪਹਿਲੀਆਂ ਚੋਣਾਂ ਹਨ।
ਲੋਕ ਸਭਾ ਚੋਣਾਂ ਵਿੱਚ ਇੰਡੀਆ ਗਠਜੋੜ ਵਿਚਲੀ ਨੈਸ਼ਨਲ ਕਾਨਫਰੰਸ ਨੇ 2, ਭਾਜਪਾ ਨੇ 2 ਅਤੇ ਇੱਕ ਸੀਟ ਬਾਰਾਮੂਲਾ ਜੇਲ੍ਹ ਵਿੱਚ ਬੰਦ ਨਿਰਣੇ ਦੇ ਅਧਿਕਾਰ ਦੇ ਹਾਮੀ ਰਾਸ਼ਿਦ ਇੰਜਨੀਅਰ ਨੇ ਜਿੱਤੀ ਸੀ।
ਧਾਰਾ 370 ਅਤੇ 35-ਏ ਹਟਾ ਕੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖੋਹੇ ਜਾਣ, ਰਾਜ ਵਿੱਚ ਦੋ ਕੇਂਦਰੀ ਸ਼ਾਸਤ ਪ੍ਰਦੇਸ਼ ਗਠਤ ਕਰਨ, ਭਾਰਤੀ ਇਤਿਹਾਸ ਵਿੱਚ ਪਹਿਲੀ ਵਾਰ ਪੂਰਨ ਰਾਜ ਨੂੰ ਕੇਂਦਰੀ ਸ਼ਾਸਤ ਰਾਜ ਵਜੋਂ ਤਬਦੀਲ ਕਰਨ ਤੋਂ ਲੋਕ ਬਹੁਤ ਨਰਾਜ਼ ਹਨ। ਭਾਵੇਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਸ਼ਵਾਸ ਦਿਵਾਉਂਦੇ ਕਿਹਾ ਹੈ ਕਸ਼ਮੀਰ ਭਾਰਤ ਦਾ ਤਾਜ ਹੈ ਤੇ ਇੱਥੋਂ ਗੜਬੜ ਖਤਮ ਕਰਨਾ ਸਾਡੀ ਜ਼ੁੰਮੇਂਵਾਰੀ ਹੈ ਪਰ ਹਕੀਕਤ ਵਿੱਚ ਪਿਛਲੇ ਕੁਝ ਸਮੇਂ ਤੋਂ ਰਾਜ ਵਿੱਚ ਅੱਤਵਾਦੀ ਹਿੰਸਕ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਰਾਜ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਮੰਨਿਆ ਹੈ ਪਾਕਿਸਤਾਨ ਸੈਨਾ ਵੱਲੋਂ ਆਈ. ਐੱਸ. ਆਈ. ਦੁਆਰਾ ਸਿੱਖਿਅਤ ਅੱਤਵਾਦੀ ਆਧੁਨਿਕ ਹਥਿਆਰਾਂ ਨਾਲ ਲੈਸ ਕਰਕੇ ਜੰਮੂ ਖੇਤਰ ਵਿੱਚ ਭੇਜੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਅਰਾਜਕਤਾ ਤੋਂ ਤੋਬਾ ਕਰਦੇ ਆਪਣਾ ਭਵਿੱਖ ਪਾਕਿਸਤਾਨ ਵਰਗੇ ਮੁਲਕ ਨਾਲ ਨਹੀਂ ਜੋੜਨਾ ਚਾਹੁੰਦੇ। ਉਹ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਸਫਲ ਨਹੀਂ ਹੋਣ ਦੇਣਗੇ। ਰਾਜ ਵਿੱਚ ਸਥਿਤੀ ਅਰਧ ਸਥਾਈ ਸ਼ਾਂਤੀ ਵਾਲੀ ਹੈ। ਰਾਜ ਵਿੱਚ 42000 ਨੌਕਰੀਆਂ, 9 ਲੱਖ ਔਰਤਾਂ ਨੂੰ ਸਵੈਰੋਜ਼ਗਾਰ ਲਈ ਉਤਸ਼ਾਹਿਤ ਕੀਤਾ ਗਿਆ ਹੈ। ਸੜਕਾਂ, ਰਾਜ ਮਾਰਗਾਂ ਅਤੇ ਸੁਰੰਗਾਂ ਲਈ 1.5 ਲੱਖ ਕਰੋੜ ਰੱਖੇ ਗਏ ਹਨ। ਲੇਕਿਨ ਬੇਰੋਜ਼ਗਾਰੀ, ਮਹਿੰਗਾਈ, ਹਿੰਸਾ, ਵਿਸ਼ਵ ਅੰਦਰ ਸਭ ਤੋਂ ਵੱਧ ਇਸ ਖਿੱਤੇ ਵਿੱਚ ਫੌਜ ਤਾਇਨਾਤ ਕਰਨ, ਜਨਤਕ ਅਜ਼ਾਦੀਆਂ ਦੇ ਘਾਣ, ਸਮਾਰਟ ਮੀਟਰ ਲਗਾਉਣ, ਬਿਜਲੀ ਬਿੱਲਾਂ ਵਿੱਚ ਵਾਧਾ ਕਰਨ, ਭ੍ਰਿਸ਼ਟਾਚਾਰ ਦੇ ਚਰਮਸੀਮਾ ਤਕ ਪੁੱਜਣ ਕਰਕੇ ਲੋਕ ਭਾਜਪਾ ਅਤੇ ਕੇਂਦਰ ਅੰਦਰ ਸੱਤਾਧਾਰੀ ਭਾਜਪਾ ਤੋਂ ਬੁਰੀ ਤਰ੍ਹਾਂ ਦੁਖੀ ਹਨ।
ਰਾਜ ਵਿੱਚ ਭਾਜਪਾ, ਨੈਸ਼ਨਲ ਕਾਨਫਰੰਸ, ਪੀਪਲਜ਼ ਕਾਨਫਰੰਸ, ਜੇ ਐਂਡ ਕੇ ਪੈਂਥਰਜ਼ ਪਾਰਟੀ, ਆਮ ਆਦਮੀ ਪਾਰਟੀ, ਬਸਪਾ, ਜੇ ਐਂਡ ਕੇ ਆਪਣੀ ਪਾਰਟੀ, ਜੇ ਐਂਡ ਕੇ ਪੀਪਲਜ਼ ਮੂਵਮੈਂਟ, ਕਾਂਗਰਸ, ਰਾਸ਼ਿਦ ਇੰਜਨੀਅਰ ਦੀ ਅਵਾਮੀ ਏਤਹਾਦ ਪਾਰਟੀ (ਏ. ਆਈ. ਪੀ.) ਚੋਣ ਮੈਦਾਨ ਵਿੱਚ ਹਨ। ਏ. ਆਈ. ਪੀ. 36 ਸੀਟਾਂ ’ਤੇ ਚੋਣ ਲੜ ਰਹੀ ਹੈ। ਇਵੇਂ ਰਾਜ ਵਿੱਚ ਚਾਰ ਕੋਣਾ ਮੁਕਾਬਲਾ ਹੋਣ ਜਾ ਰਿਹਾ ਹੈ।
ਗਠਜੋੜ: ਵਿਧਾਨ ਸਭਾ ਚੋਣਾਂ ਕਰਕੇ ਸੰਨ 1987 ਤੋਂ ਬਾਅਦ ਹੁਣ ਫਿਰ ਕਾਂਗਰਸ, ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਅਤੇ ਸੀ.ਪੀ. ਐੱਮ ਦਰਮਿਆਨ ਚੋਣ ਗਠਜੋੜ ਕੀਤਾ ਗਿਆ ਹੈ। ਕਾਂਗਰਸ 32, ਨੈਸ਼ਨਲ ਕਾਨਫਰੰਸ 51, ਸੀ. ਪੀ. ਐੱਮ 1, ਪੈਂਥਰਜ਼ ਪਾਰਟੀ 1 ਸੀਟ ’ਤੇ ਚੋਣ ਲੜਣਗੇ। ਪੀ. ਡੀ. ਪੀ. ਨੂੰ ਗਠਜੋੜ ਵਿੱਚ ਸ਼ਾਮਲ ਕਰਨ ਤੋਂ ਨਾਂਹ ਕਰ ਦਿੱਤੀ ਗਈ ਹੈ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਇੰਡੀਆ ਗਠਜੋੜ ਉਮੀਦਵਾਰਾਂ ਨੂੰ ਉਸਨੇ ਖੜ੍ਹੇ ਕੀਤਾ ਸੀ।
ਭਾਜਪਾ ਨੂੰ ਰਾਜ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ’ਤੇ ਵੱਡੀ ਆਸ ਹੈ ਕਿ ਉਹ ਚੋਣ ਸਮੀਕਰਨ ਬਦਲਣ ਵਿੱਚ ਸਹਾਈ ਹੋਵੇਗਾ। ਪ੍ਰਵਾਸੀ ਕਸ਼ਮੀਰੀਆਂ ਲਈ ਵਿਸ਼ੇਸ਼ ਚੋਣ ਕੇਂਦਰ ਸਥਾਪਿਤ ਕੀਤੇ ਹਨ। ਇਨ੍ਹਾਂ ਵਿੱਚੋਂ 19 ਜੰਮੂ, 1 ਉਧਮਪੁਰ ਅਤੇ 4 ਦਿੱਲੀ ਵਿੱਚ ਗਠਤ ਕੀਤੇ ਹਨ। ਇਸ ਵਾਰ ਉਮਰ ਅਬਦੁਲਾ ਚੋਣ ਨਹੀਂ ਲੜਨਗੇ। ਉਹ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਮਿਲਣ ’ਤੇ ਰਾਜਨੀਤੀ ਵਿੱਚ ਮੁੜ ਕੁੱਦਣਗੇ। ਅਜਿਹਾ ਫਾਰੂਕ ਅਬਦੁੱਲਾ ਦਾ ਕਹਿਣਾ ਹੈ। ਪਰ ਇਸ ਸੰਬੰਧੀ ਯੂ-ਟਰਨ ਲੈਂਦੇ ਹੋਏ ਉਨ੍ਹਾਂ ਚੋਣ ਲੜਨ ਦਾ ਐਲਾਨ ਦਿੱਤਾ ਹੈ।
ਵੱਖ-ਵੱਖ ਪਾਰਟੀਆਂ ਅਤੇ ਗਠਜੋੜ ਲੋਕ ਲੁਭਾਊ ਮੈਨੀਫੈਸਟੋਆਂ ਦਾ ਆਸਰਾ ਲੈ ਰਹੇ ਹਨ। ਰਾਜ ਵਿੱਚ ਲੋਕਤੰਤਰ ਮਜ਼ਬੂਤ ਕਰਨ ਲਈ ਇਹ ਚੋਣਾਂ ਅਹਿਮ ਭੂਮਿਕਾ ਅਦਾ ਕਰਨਗੀਆਂ। ਚੋਣਾਂ ਨੂੰ ਹਿੰਸਾ ਮੁਕਤ ਕਰਾਉਣ ਲਈ ਸੁਰੱਖਿਆ ਬਲ ਪੂਰੀ ਤਰ੍ਹਾਂ ਮੁਸਤੈਦ ਹਨ। ਵੇਖੋ ਕੌਣ ਬਾਜ਼ੀ ਮਾਰਦਾ ਹੈ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5270)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.