“ਜੇ ਕਮਲਾ ਹੈਰਿਸ ਡੈਮੋਕਰੈਟ ਉਮੀਦਵਾਰ ਬਣਦੀ ਹੈ ਤਾਂ ਉਹ ਪਹਿਲੀ ਭਾਰਤੀ ਮੂਲ ਦੀ ਔਰਤ ਹੋਵੇਗੀ ਜੋ ”
(1 ਅਗਸਤ 2024)
ਸੂਚਨਾ: ਜੇ ‘ਸਰੋਕਾਰ’ ਲੱਭਣ ਵਿੱਚ ਮਸ਼ਕਿਲ ਆਉਂਦੀ ਹੈ ਤਾਂ Saokar.ca ਨੂੰ ਰੀਫਰੈੱਸ਼ ਜਾਂ ਰੀਲੋਡ ਕਰ ਲਵੋ।
27 ਜੂਨ, 2024 ਨੂੰ ਅਟਲਾਂਟਾ (ਜਾਰਜੀਆ) ਵਿਖੇ ਰਾਸ਼ਟਰਪਤੀ ਜੋਅ ਬਾਈਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਡਿਬੇਟ ਵਿੱਚ ਬਾਈਡਨ ਦੀ ਅਤਿ ਨੀਰਸ ਕਾਰਗੁਜ਼ਾਰੀ, ਉਸਦੀ ਸਰੀਰਕ, ਮਾਨਸਿਕ ਅਤੇ ਬੌਧਿਕ ਤੌਰ ’ਤੇ ਵਧਦੀ ਕਮਜ਼ੋਰੀ, ਬੁਢਾਪੇ, ਉਸ ’ਤੇ ਕੋਵਿਡ-19 ਰੋਗ ਦੇ ਹਮਲੇ ਕਰਕੇ ਲਗਾਤਾਰ ਡੈਮੋਕ੍ਰੈਟਿਕ ਪਾਰਟੀ ਅੰਦਰੋਂ, ਰਿਪਬਲੀਕਨ ਪਾਰਟੀ, ਦੇਸ਼ ਅਤੇ ਵਿਦੇਸ਼ ਦੇ ਸੁਹਿਰਦ ਬੁੱਧੀਜੀਵੀਆਂ, ਰਾਜਨੇਤਾਵਾਂ, ਸਟੇਟਸਮੈਨਾਂ ਅਤੇ ਪੱਤਰਕਾਰਾਂ ਵੱਲੋਂ ਦਬਾਅ ਵਧ ਰਿਹਾ ਸੀ ਕਿ ਉਹ 5 ਨਵੰਬਰ ਨੂੰ ਹੋਣ ਜਾ ਰਹੀਆਂ ਅਮਰੀਕੀ ਰਾਸ਼ਟਰਪਤੀ ਪਦ ਦੀਆਂ ਚੋਣਾਂ ਵਿੱਚ ਡੈਮੋਕ੍ਰੈਟ ਉਮੀਦਵਾਰ ਵਜੋਂ ਪਾਸੇ ਹਟ ਜਾਣ, ਆਪਣੀ ਥਾਂ ਕਿਸੇ ਨੌਜਵਾਨ, ਗਤੀਸ਼ੀਲ ਅਤੇ ਪ੍ਰਭਾਵਸ਼ਾਲੀ ਉਮੀਦਵਾਰ ਨੂੰ ਮੌਕਾ ਪ੍ਰਦਾਨ ਕਰਨ ਜੋ ਡੋਨਾਲਡ ਟਰੰਪ ਜਿਹੇ ਤਾਕਤਵਰ, ਤੇਜ਼ਤਰਾਰ, ਪਥਾੜੇਬਾਜ਼, ਹੁੱਲੜ੍ਹਬਾਜ਼ ਰਿਪਬਲਿਕਨ ਉਮੀਦਵਾਰ ਨੂੰ ਜ਼ਬਰਦਸਤ ਟੱਕਰ ਦੇ ਸਕੇ। ਆਖਰ ਲਗਾਤਾਰ ਵਧਦੇ ਦਬਾਅ ਅਤੇ 36 ਡੈਮੋਕ੍ਰੈਟ ਕਾਂਗਰਸ ਪ੍ਰਤੀਨਿਧਾਂ ਅਤੇ ਸੈਨੇਟਰਾਂ ਵੱਲੋਂ ਵਿਰੋਧ ਕਰਨ, ਜਿਨ੍ਹਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ, ਦੀ ਤਾਬ ਨਾ ਝੱਲਦੇ ਹੋਏ ਐਤਵਾਰ ਰਾਸ਼ਟਰਪਤੀ ਜੋਅ ਬਾਈਡਨ ਨੇ ਚੋਣ ਮੈਦਾਨ ਵਿੱਚੋਂ ਹਟਣ ਅਤੇ ਆਪਣੀ ਥਾਂ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਮ ਰਾਸ਼ਟਰਪਤੀ ਪਦ ਦੇ ਉਮੀਦਵਾਰ ਵਜੋਂ ਅਨਮੋਦਨ ਕਰਨ ਦਾ ਐਲਾਨ ਕਰ ਦਿੱਤਾ। ਇਸ ਐਲਾਨ ਬਾਅਦ ਅਮਰੀਕੀ ਰਾਜਨੀਤੀ ਅੰਦਰ ਭੂਚਾਲ ਆਉਂਦਾ ਤੱਕਿਆ ਗਿਆ।
ਪੱਤਰਕਾਰਤਾ ਮਹਾਨ: ਲੋਕਤੰਤਰ ਵਿੱਚ ਵਿਧਾਨ ਪਾਲਕਾ, ਕਾਰਜਪਾਲਕਾ ਅਤੇ ਨਿਆਂਪਾਲਕਾ ਬਾਅਦ ਪੱਤਰਕਾਰਤਾ ਨੂੰ ਚੌਥਾ ਤਾਕਤਵਰ ਥੰਮ੍ਹ ਮੰਨਿਆ ਗਿਆ ਹੈ। ਅਕਸਰ ਇਸ ਨਾਲ ਸ਼ਰੀਕੇਬਾਜ਼ੀ ਕਰਕੇ ਇਸ ’ਤੇ ਦੂਸਰੇ ਤਿੰਨਾਂ ਸੰਗਠਨਾਂ ਵੱਲੋਂ ਕਈ ਵਾਰ ਬਹੁਤ ਹੀ ਘਿਨਾਉਣੇ ਹਮਲੇ ਕੀਤੇ ਜਾਂਦੇ ਹਨ। ਪਰ ਇਹ ਸੰਸਥਾ ਕਿੰਨੀ ਸਾਰਥਕ, ਤਾਕਤਵਰ, ਜ਼ਿੰਮੇਵਾਰ ਅਤੇ ਲੋਕਤੰਤਰ ਦੀ ਰਾਖੀ ਲਈ ਪ੍ਰਤੀਬੱਧ ਹੈ, ਉਹ ਵਿਸ਼ਵ ਦੇ ਤਾਕਤਵਰ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਰਾਸ਼ਟਰਪਤੀ ਜੋਅ ਬਾਈਡਨ ਨੂੰ ਬੇਬਾਕੀ ਨਾਲ ਸਭ ਤੋਂ ਪਹਿਲਾਂ ਉਸਦੀ ਅਟਲਾਂਟਾ ਡਿਬੇਟ ਵਿੱਚ ਨਿਕੰਮੀ ਅਤੇ ਨੀਰਸ ਕਾਰਗੁਜ਼ਾਰੀ ਕਰਕੇ ਉਸ ਨੂੰ ਚੋਣ ਮੈਦਾਨ ਵਿੱਚੋਂ ਹਟਣ ਲਈ ਕਹਿਣਾ ਸੀ। ਜੇ ਅਸੀਂ ਇਹ ਕਹੀਏ ਕਿ ਜੋਅ ਬਾਈਡਨ ਨੂੰ ਚੋਣ ਮੈਦਾਨ ਵਿੱਚੋਂ ਹਟਣ ਦਾ ਸਿਹਰਾ ਪੱਤਰਕਾਰਤਾ ਸਿਰ ਬੱਝਦਾ ਹੈ ਤਾਂ ਕਿੱਧਰੇ ਵੀ ਅਤਿਕਥਨੀ ਨਹੀਂ ਹੋਵੇਗੀ। ਨਿਊਯਾਰਕ ਟਾਈਮਜ਼ ਦੇ ਦੋ ਪ੍ਰਭਾਵਸ਼ਾਲੀ ਅਤੇ ਨਾਮਵਰ ਕਾਲਮਨਵੀਸਾਂ ਟੌਮ ਫਰਾਈਡਮੈਨ ਅਤੇ ਨਿੱਕ ਸਿਟੋਫ ਨੇ ਅਟਲਾਂਟਾ ਡਿਬੇਟ ਵਿੱਚ ਰਾਸ਼ਟਰਪਤੀ ਜੋਅ ਬਾਈਡਨ ਦੀ ਨੀਰਸ ਕਾਰਜਗੁਜ਼ਾਰੀ ਤੋਂ ਨਿਰਾਸ਼ਾ ਪ੍ਰਗਟ ਕਰਦਿਆਂ ਸਭ ਤੋਂ ਪਹਿਲਾਂ ਸਪਸ਼ਟ ਕਹਿ ਦਿੱਤਾ ਸੀ ਕਿ ਡੈਮੋਕ੍ਰੈਟਿਕ ਪਾਰਟੀ ਅਤੇ ਅਮਰੀਕਾ ਦੇ ਭਲੇ ਹਿਤ ਉਨ੍ਹਾਂ ਨੂੰ ਇਸ ਚੋਣ ਦੌੜ ਵਿੱਚੋਂ ਬਾਹਰ ਹੋ ਜਾਣਾ ਚਾਹੀਦਾ ਹੈ। ਇਸ ਉਪਰੰਤ ਲਗਾਤਾਰ ਇਹ ਮੁਹਿੰਮ ਜ਼ੋਰ ਫੜਨ ਲੱਗੀ। ਨਿਊਯਾਰਕ ਟਾਈਮਜ਼ ਨੇ ਆਪਣੀ ਸੰਪਾਦਕੀ ਵਿੱਚ ਵੀ ਉਮੀਦਵਾਰੀ ਛੱਡਣ ਦਾ ਸੁਝਾਅ ਦਿੱਤਾ ਸੀ।
ਅਮਰੀਕਾ ਅੰਦਰ ਪ੍ਰੈੱਸ ਦੀ ਆਜ਼ਾਦੀ ਅਤੇ ਸ਼ਕਤੀ ਬਾਰੇ ਹਕੀਕਤ ਕੀ ਹੈ? ਤੀਜੇ ਰਾਸ਼ਟਰਪਤੀ ਥਾਮਸ ਜੈਫਰਸਨ ਦੇ ਬੋਲ ਅਕਸਰ ਪ੍ਰੈੱਸ ਦੀ ਆਜ਼ਾਦੀ ਬਾਰੇ ਦੁਹਰਾਏ ਜਾਂਦੇ ਹਨ, “ਜੇ ਮੇਰੇ ’ਤੇ ਇਹ ਛੱਡ ਦਿੱਤਾ ਜਾਵੇ ਕਿ ਸਾਨੂੰ ਸਰਕਾਰ ਅਖਬਾਰਾਂ ਬਗੈਰ ਚਾਹੀਦੀ ਹੈ ਜਾਂ ਅਖਬਾਰ ਸਰਕਾਰਾਂ ਬਗੈਰ ਚਾਹੀਦੇ ਹਨ ਤਾਂ ਮੈਂ ਪਿਛਲੀ ਗੱਲ ਸਵੀਕਾਰ ਕਰਨ ਵਿੱਚ ਪਲ ਨਾ ਲਾਵਾਂ।” ਪਰ ਇਹੀ ਰਾਸ਼ਟਰਪਤੀ ਆਪਣੀਆਂ ਯਾਦਾਂ ਵਿੱਚ ਲਿਖਦਾ ਹੈ ਕਿ ਜਿਹੜਾ ਵਿਅਕਤੀ ਕਦੇ ਅਖਬਾਰ ਨਹੀਂ ਪੜ੍ਹਦਾ, ਉਹ ਉਨ੍ਹਾਂ ਨਾਲੋਂ ਵਧੀਆ ਜਾਣਕਾਰੀ ਰੱਖਦਾ ਹੈ, ਜੋ ਅਖਬਾਰ ਪੜ੍ਹਦੇ ਹਨ। ਵੇਖੋ ਕਾਰਜਪਾਲਕਾ ਦਾ ਖੇਖਨ।
ਲੇਕਿਨ ਚੌਥਾ ਰਾਸ਼ਟਰਪਤੀ ਜੇਮਜ਼ ਮੈਡੀਸਨ ਪ੍ਰੈੱਸ ਦੀ ਅਜ਼ਾਦੀ, ਸ਼ਕਤੀ, ਵਿਸ਼ੇਸ਼ਾਧਿਕਾਰ ਨੂੰ ਹਮੇਸ਼ਾ ਤਰਜੀਹ ਦਿੰਦਾ ਹੈ। ਉਸ ਅਨੁਸਾਰ ਇੱਕ ਹਰਮਨ ਪਿਆਰੀ ਸਰਕਾਰ, ਵਧੀਆ ਜਾਣਕਾਰੀ ਬਗੈਰ ਢੌਂਗ ਜਾਂ ਦੁਖਾਂਤ ਦੇ ਮੁੱਖਬੰਦ ਦੀ ਤਰ੍ਹਾਂ ਹੁੰਦੀ ਹੈ।
ਜਿੱਥੋਂ ਤਕ ਸਾਬਕਾ ਰਾਸ਼ਟਰਪਤੀ ਅਤੇ ਰਿਪਬਲੀਕਨ ਉਮੀਦਵਾਰ ਡੌਨਾਲਡ ਟਰੰਪ ਦਾ ਸੰਬੰਧ ਹੈ, ਉਹ ਹਮੇਸ਼ਾ ਪ੍ਰੈੱਸ ਵਿਰੋਧੀ ਰਿਹਾ ਹੈ ਅਤੇ ਉਸ ਨੂੰ ਝੂਠੀ ਸਾਬਤ ਕਰਨੋਂ ਕਦੇ ਨਹੀਂ ਉੱਕਦਾ ਰਿਹਾ। ਅੱਜ ਉਸੇ ਪ੍ਰੈੱਸ ਨੇ ਉਸ ਦੇ ਵਿਰੋਧੀ ਨੂੰ ਮੈਦਾਨ ਵਿੱਚੋਂ ਹਟਣ ਲਈ ਲੋਕਤੰਤਰ ਅਤੇ ਅਮਰੀਕਾ ਦੇ ਵਡੇਰੇ ਹਿਤਾਂ ਲਈ ਅਹਿਮ ਇਤਿਹਾਸਕ ਭੂਮਿਕਾ ਨਿਭਾਈ ਹੈ।
ਮਿਸਾਲ: ਜੋਅ ਬਾਈਡਨ ਤੋਂ ਪਹਿਲਾਂ ਵੀ ਸੰਨ 1968 ਵਿੱਚ ਅਮਰੀਕੀ ਰਾਸ਼ਟਰਪਤੀ ਬਾਈਡਨ ਬੀ. ਜਾਹਨਸਨ ਵੀਅਤਨਾਮ ਦੀ ਜੰਗ ਦੇ ਦਬਾਅ ਕਰਕੇ ਚੋਣ ਮੈਦਾਨ ਵਿੱਚੋਂ ਹਟ ਗਏ ਸਨ। ਉਨ੍ਹਾਂ ਦੀ ਥਾਂ ਤੱਤਕਾਲੀ ਉਪ-ਰਾਸ਼ਟਰਪਤੀ ਹਿਊਬਰਟ ਹੰਫਰੀ ਡੈਮੋਕ੍ਰੈਟ ਉਮੀਦਵਾਰ ਬਣਾਏ ਗਏ ਸਨ। ਲੇਕਿਨ ਉਹ ਰਿਪਬਲੀਕਨ ਉਮੀਦਵਾਰ ਰਿਚਰਡ ਨਿਕਸਨ ਤੋਂ ਹਾਰ ਗਏ ਸਨ।
ਕੌਣ ਹੋਵੇਗਾ ਉਮੀਦਵਾਰ: 15 ਜੁਲਾਈ, 2024 ਨੂੰ ਮਿਲਵਾਕੀ (ਵਿਸਕਾਨਸਨ) ਰਿਪਬਲੀਕਨ ਰਾਸ਼ਟਰੀ ਕਨਵੈਨਸ਼ਨ ਵਿਖੇ ਪਾਰਟੀ ਡੈਲੀਗੇਟਾਂ ਨੇ ਡੌਨਾਲਡ ਟਰੰਪ ਨੂੰ ਆਪਣਾ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਵਿਧੀਵਤ ਤੌਰ ’ਤੇ ਚੁਣ ਲਿਆ। ਟਰੰਪ ਨੇ ਗਰੀਬੜੇ ਪਰਿਵਾਰ ਵਿੱਚੋਂ ਉੱਭਰੇ ਓਹੀਓ ਰਾਜ ਸੰਬੰਧਿਤ ਨੌਜਵਾਨ ਸੈਨੇਟਰ ਜੇ. ਡੀ. ਵਾਂਸ ਨੂੰ ਆਪਣੇ ਉੱਪਰ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਨਾਮਜ਼ਦ ਕਰ ਲਿਆ ਹੈ ਜੋ ਕਦੇ ਉਸਦਾ ਵੱਡਾ ਆਲੋਚਕ ਰਿਹਾ ਹੈ।
ਰਾਜਾਂ ਦੀਆਂ ਪ੍ਰਾਇਮਰੀਆਂ ਵਿੱਚ ਡੈਮੋਕਰੈਟਾਂ ਨੇ ਰਾਸ਼ਟਰਪਤੀ ਬਾਈਡਨ ਦੀ ਉਮੀਦਵਾਰੀ ’ਤੇ ਮੁਹਰ ਲਗਾਈ ਸੀ। ਫਾਈਨਲ ਮੁਹਰ 19 ਅਗਸਤ ਨੂੰ ਸ਼ਿਕਾਗੋ ਵਿਖੇ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰੀ ਕਨਵੈਨਸ਼ਨ ਵਿੱਚ ਇਕੱਤਰ ਹੋਣ ਜਾ ਰਹੇ ਕਰੀਬ 4000 ਡੈਲੀਗੇਟਾਂ ਵੱਲੋਂ ਮੁਹਰ ਲਗਾਈ ਜਾਣੀ ਸੀ, ਜਿਨ੍ਹਾਂ ਵਿੱਚੋਂ 3896 ਦੀ ਹਿਮਾਇਤ ਉਹ ਜਿੱਤ ਚੁੱਕੇ ਸਨ ਪਰ ਭਾਰੀ ਦਬਾਅ ਚਲਦੇ ਉਨ੍ਹਾਂ ਹਟਣ ਦਾ ਐਲਾਨ ਕਰ ਦਿੱਤਾ ਹੈ। ਹੁਣ ਇਸ ਕੈਨਵੈਨਸ਼ਨ ਵਿੱਚ ਪਾਰਟੀ ਡੈਲੀਗੇਟ ਹੀ ਫੈਸਲਾ ਕਰਨਗੇ ਕਿ ਕਿਸ ਨੂੰ ਉਮੀਦਵਾਰ ਬਣਾਉਣਾ ਹੈ। ਜਦਕਿ ਅੱਧ ਤੋਂ ਵੱਧ ਡੈਲੀਗੇਟਾਂ ਦੀ ਹਿਮਾਇਤ ਕਮਲਾ ਦੇਵੀ ਹੈਰਿਸ ਪ੍ਰਾਪਤ ਕਰ ਚੁੱਕੀ ਹੈ।
ਠੀਕ ਹੈ ਕਿ ਰਾਸ਼ਟਰਪਤੀ ਨੇ ਉਮੀਦਵਾਰ ਵਜੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਂਅ ਸੁਝਾਇਆ ਹੈ। ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ, ਉਨ੍ਹਾਂ ਦੀ ਪਤਨੀ ਹਿਲੇਰੀ ਕਿਟਨ, ਬਾਈਡਨ ਦੇ ਪੱਕੇ ਹਿਮਾਇਤੀਆਂ, ਬਲੈਕ ਕਾਕਸ ਅਤੇ ਹੋਰ ਕਰੀਬ 100 ਤੋਂ ਵੱਧ ਸੈਨੇਟਰਾਂ ਅਤੇ ਕਾਂਗਰਸ ਪ੍ਰਤੀਨਿਧਾਂ ਨੇ ਉਸਦੀ ਹਿਮਾਇਤ ਦਾ ਐਲਾਨ ਕੀਤਾ ਹੈ। ਪਰ ਚੱਕ ਸ਼ੁਮਰ, ਬਾਰਾਕ ਓਬਾਮਾ ਸਾਬਕਾ ਰਾਸ਼ਟਰਪਤੀ, ਹਾਕੀਮ ਜੈਫਰੀਜ਼ ਆਦਿ ਵਰਗੇ ਤਾਕਤਵਰ ਆਗੂਆਂ ਅਜੇ ਚੁੱਪ ਸਾਧੀ ਹੋਈ ਹੈ।
ਚੋਣ ਦਾ ਢੰਗ: ਜੋਅ ਬਾਈਡਨ ਨੂੰ ਡੈਮੋਕ੍ਰੈਟਿਕ ਰਾਸ਼ਟਰੀ ਕੈਨਵੈਨਸ਼ਨ ਵਿੱਚ ਅਜੇ ਨਹੀਂ ਸੀ ਚੁਣਿਆ, ਸੰਨ 1968 ਤੋਂ ਬਾਅਦ ਅੱਜ ਤਕ ਡੈਲੀਗੇਟ ਪੱਧਰ ’ਤੇ ਚੋਣ ਮੁਕਾਬਲਾ ਨਹੀਂ ਹੋਇਆ। ਉਦੋਂ ਰਾਸ਼ਟਰਪਤੀ ਲਿੰਡਨ ਜੌਹਨਸਨ ਵੱਲੋਂ ਚੋਣ ਵਿੱਚੋਂ ਹਟਣ ਕਰਕੇ, ਰਾਬਰਟ ਐੱਫ ਕੈਨੇਡੀ (ਛੋਟਾ ਭਰਾ ਸਾਬਕਾ ਰਾਸ਼ਟਰਪਤੀ ਜਾਹਨ ਐੱਫ ਕੈਨੇਡੀ) ਦੇ ਕਤਲ ਕਰਕੇ ਮੁਕਾਬਲਾ ਉਪ-ਰਾਸ਼ਟਰਪਤੀ ਹਿਊਬਰਟ ਹੰਫਰੀ ਅਤੇ ਈ. ਮੈਕਾਰਥੀ ਦਰਮਿਆਨ ਹੋਇਆ ਸੀ। ਉਦੋਂ ਵੀ ਕੈਨਵੈਨਸ਼ਨ ਸ਼ਿਕਾਗੋ ਵਿੱਚ ਹੋਈ ਸੀ। ਹੰਫਰੀ ਨੇ ਰਾਸ਼ਟਰਪਤੀ ਉਮੀਦਵਾਰੀ ਜਿੱਤ ਲਈ ਸੀ ਪਰ ਚੋਣਾਂ ਵਿੱਚ ਰਿਪਬਲੀਕਨ ਰਿਚਰਡ ਨਿਕਸਨ ਤੋਂ ਹਾਰ ਗਏ ਸਨ।
ਰਾਸ਼ਟਰਤੀ ਬਾਈਡਨ ਵੱਲੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਂਅ ਦਾ ਸਮਰਥਨ ਕਰਨ ਦੇ ਬਾਵਜੂਦ ਉਹ ਉਮੀਦਵਾਰ ਨਹੀਂ ਬਣ ਜਾਂਦੇ ਭਾਵੇਂ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਹਮਾਇਤ ਹਾਸਿਲ ਹੋਵੇ। ਸਾਬਕਾ ਸਪੀਕਰ ਨੈਂਸੀ ਪੇਲੋਸੀ ਸਮੇਤ ਕਈ ਲੀਡਰਾਂ ਮੰਗ ਕੀਤੀ ਹੈ ਕਿ ਚੋਣ ਡੈਲੀਗੇਟ ਵੋਟਿੰਗ ਰਾਹੀਂ ਹੋਣੀ ਚਾਹੀਦੀ ਹੈ। ਲੇਕਿਨ ਹੈਰਾਨਗੀ ਦੀ ਗੱਲ ਇਹ ਹੈ ਕਿ ਕੋਈ ਰਾਜਨੀਤਕ ਪੰਡਿਤ ਅੰਦਾਜ਼ਾ ਨਹੀਂ ਲਗਾ ਸਕਿਆ ਕਿ ਉਹ ਅਮਰੀਕਾ ਵਿੱਚ ਇੰਨੀ ਹਰਮਨ ਆਗੂ ਵਜੋਂ ਤੂਫਾਨੀ ਢੰਗ ਨਾਲ ਉੱਭਰੇਗੀ। ਨੈਂਸੀ ਪੇਲੋਸੀ ਸਮੇਤ ਸਾਰੇ ਦੇ ਸਾਰੇ ਦੋ ਦਰਜਨ ਕਰੀਬ ਡੈਮੋਕ੍ਰੈਟਿਕ ਗਵਰਨਰਾਂ ਉਸਦੀ ਹਿਮਾਇਤ ਦਾ ਐਲਾਨ ਕਰ ਦਿੱਤਾ। ਲਗਾਤਾਰ ਉਸਦੀ ਵਧਦੀ ਹਿਮਾਇਤ ਅਤੇ ਹਰਮਨ ਪਿਆਰਤਾ ਨੇ ਡੌਨਾਲਡ ਟਰੰਪ ਦੇ ਖੇਮੇ ਵਿੱਚ ਕਾਂਬਾ ਛੇੜ ਦਿੱਤਾ ਹੈ।
ਚੋਣ ਢੰਗ ਇਹ ਹੈ ਕਿ 4000 ਡੈਲੀਗੇਟਾਂ ਵਿੱਚੋਂ ਜੋ ਬਹੁਮਤ ਲਿਜਾਏਗਾ, ਉਮੀਦਵਾਰ ਹੋਵੇਗਾ। ਜੇ ਬਹੁਮਤ ਨਹੀਂ ਕੋਈ ਲਿਜਾਂਦਾ ਤਾਂ ਫਿਰ ਦੂਜੇ ਗੇੜ ਵਿੱਚ 700 ਸੁਪਰ ਡੈਲੀਗੇਟ ਵੋਟਿੰਗ ਲਈ ਸ਼ਾਮਿਲ ਕੀਤੇ ਜਾਣਗੇ। ਜੋ ਉਮੀਦਵਾਰ ਘੱਟੋ-ਘੱਟ 2300 ਡੈਲੀਗੇਟਾਂ ਦਾ ਹਿਮਾਇਤ ਪ੍ਰਾਪਤ ਕਰੇਗਾ, ਡੈਮੋਕਰੈਟ ਉਮੀਦਵਾਰ ਐਲਾਨਿਆ ਜਾਵੇਗਾ। ਲੇਕਿਨ ਹੁਣ ਇਸ ਪ੍ਰਕਿਰਿਆ ਦੀ ਲੋੜ ਨਹੀਂ ਪਏਗੀ।
ਟਰੰਪ ਦੀ ਚੜ੍ਹਤ: 78 ਸਾਲਾ ਰਾਸ਼ਟਰਪਤੀ ਦੀ ਚੋਣ ਜਿੱਤਣ ਲਈ ਪਾਗਲਾਨਾ ਹੱਦ ਤਕ ਬਜ਼ਿੱਦ ਹੈ, ਜਿਸ ਨੇ ਪਿਛਲੇ ਵਾਰ ਹਾਰ ਨੂੰ ਪਲਟਾਉਣ ਲਈ 6 ਜਨਵਰੀ, 2021 ਨੂੰ ਹਿੰਸਕ ਹਿਮਾਇਤੀਆਂ ਨੂੰ ਕੈਪੀਟਲ ਹਿੱਲ ’ਤੇ ਹਮਲਾ ਕਰਨ ਲਈ ਉਕਸਾਇਆ ਸੀ। 13 ਜੁਲਾਈ ਨੂੰ ਕਾਤਲਾਨਾ ਹਮਲੇ ਕਰਕੇ ਉਸ ਨੂੰ ਹਮਦਰਦੀ ਦੀ ਲਹਿਰ ਦਾ ਫਾਇਦਾ ਹੋ ਰਿਹਾ ਹੈ। ਬਾਈਡਨ ਵੱਲੋਂ ਮੈਦਾਨ ਛੱਡਣ ਬਾਅਦ ਉਸਦੇ ਹੌਸਲੇ ਹੋਰ ਵੀ ਬੁਲੰਦ ਹੋ ਚੁੱਕੇ ਹਨ। 248 ਸਾਲਾਂ ਦੇ ਕੌਮ ਦੇ ਇਤਿਹਾਸ ਵਿੱਚ ਸੁਪਰੀਮ ਕੋਰਟ ਵੱਲੋਂ ਤਿੰਨ ਦੇ ਮੁਕਾਬਲੇ 6 ਜੱਜਾਂ ਦੇ ਬਹੁਮਤ ਨਾਲ ਰਾਸ਼ਟਰਪਤੀ ਆਪਰਾਧਿਕ ਮਾਲਿਆਂ ਵਿੱਚ ਛੋਟ ਦੇਣ ਨਾਲ ਟਰੰਪ ਹੋਰ ਵੀ ਮਛਰ ਗਿਆ ਹੈ। ਕੀ ਰਾਸ਼ਟਰਪਤੀ ਸੱਤਾ ਵਿੱਚ ਬਣੇ ਰਹਿਣ ਲਈ ਮਿਲਟਰੀ ਦੀ ਮਦਦ ਲਵੇ ਤਾਂ ਦੋਸ਼ ਮੁਕਤ, ਵਿਰੋਧੀ ਨੂੰ ਮਾਰਨ ਦੇ ਹੁਕਮ ਦੇਵੇ ਤਾਂ ਦੋਸ਼ ਮੁਕਤ, ਮੁਆਫੀ ਦੇਣ ਬਦਲੇ ਧੰਨ ਲਵੇ ਤਾਂ ਦੋਸ਼ ਮੁਕਤ? ਕੀ ਉਹ ਦੇਸ਼ ਦੇ ਹਰ ਕਾਨੂੰਨ ਉੱਪਰ ਹੋਵੇਗਾ?
ਕੀ ਟਰੰਪ ਰੋਕਣਾ ਜ਼ਰੂਰੀ: ਅਮਰੀਕੀ ਸੰਵਿਧਾਨ ਦੀ 22ਵੀਂ ਸੋਧ 21 ਮਾਰਚ, 1947 ਅਨੁਸਾਰ ਜਿਸਦੀ 27 ਫਰਵਰੀ, 1951 ਨੂੰ ਪੁਸ਼ਟੀ ਕੀਤੀ ਗਈ, ਕੋਈ ਵਿਅਕਤੀ ਦੋ ਵਾਰ ਭਾਵ 8 ਸਾਲ ਤੋਂ ਵੱਧ ਰਾਸ਼ਟਰਪਤੀ ਨਹੀਂ ਬਣ ਸਕਦਾ। ਇਸ ਤੋਂ ਪਹਿਲਾਂ ਫਰੈਂਕਲਿਨ ਡੀ ਰੂਜ਼ਵੈਲਟ ਖਾਸ ਹਾਲਾਤ ਵਿੱਚ 4 ਵਾਰ ਰਾਸ਼ਟਰਪਤੀ ਚੁਣੇ ਗਏ ਸਨ। ਦੋ-ਤਿੰਨ ਨੇ ਤੀਜੀ ਵਾਰ ਬਣਨ ਦਾ ਯਤਨ ਕੀਤਾ ਪਰ ਸਫਲ ਨਹੀਂ ਹੋਏ। ਲੇਕਿਨ ਟਰੰਪ ਸੰਵਿਧਾਨਿਕ ਪੁੱਠੇ-ਸਿੱਧ ਢੰਗ ਵਰਤਣ ਤਕ ਜਾ ਸਕਦਾ ਹੈ, ਅਜਿਹਾ ਵੱਡੀ ਪੱਧਰ ’ਤੇ ਅਮਰੀਕੀ ਸੋਚਦੇ ਹਨ। ਉਹ ਅਮਰੀਕੀ ਲੋਕਤੰਤਰ ਲਈ ਖਤਰਾ ਬਣ ਸਕਦਾ ਹੈ। ਕੀ ਡੈਮੋਕਰੈਟ ਆਗੂ ਕਮਲਾ ਹੈਰਿਸ ਉਸ ਨੂੰ ਰੋਕ ਸਕੇਗੀ, ਇਹ ਤਾਂ ਸਮਾਂ ਹੀ ਦੱਸੇਗਾ। ਜੇ ਕਮਲਾ ਹੈਰਿਸ ਡੈਮੋਕਰੈਟ ਉਮੀਦਵਾਰ ਬਣਦੀ ਹੈ ਤਾਂ ਉਹ ਪਹਿਲੀ ਭਾਰਤੀ ਮੂਲ ਦੀ ਔਰਤ ਹੋਵੇਗੀ ਜੋ ਰਾਸ਼ਟਰਪਤੀ ਪਦ ਦੀ ਉਮੀਦਵਾਰ ਬਣਦੀ ਹੈ। ਜੇ ਉਹ ਚੋਣ ਜਿੱਤਦੀ ਹੈ ਤਾਂ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਰਾਸ਼ਟਰਪਤੀ ਹੋਵੇਗੀ, ਜਿਵੇਂ ਰਿਸ਼ੀ ਸੂਨਕ ਯੂ. ਕੇ. ਦੇ ਪ੍ਰਧਾਨ ਮੰਤਰੀ ਬਣੇ ਸਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5180)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.