TarlochanSBhatti7ਜ਼ਰੂਰਤ ਹੈ ਕਿ ਭਾਰਤ ਦੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਆਪਣੇ ਸੰਸਦੀ ਹਲਕਿਆਂ ਵਿੱਚ ...
(23 ਮਈ 2024)
ਇਸ ਸਮੇਂ ਪਾਠਕ: 120.

ਸੰਸਦ ਅਤੇ ਰਾਜ ਵਿਧਾਨ ਸਭਾਵਾਂ ਲਈ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੇਪਰਾਂ ਦੇ ਨਾਲ ਤਸਦੀਕਸ਼ੁਦਾ ਹਲਫ਼ੀਆ ਬਿਆਨ (ਫਾਰਮ ਨੰਬਰ 26) ਵੀ ਸੰਬੰਧਿਤ ਰਿਟਰਨਿੰਗ ਅਫਸਰ ਦੇ ਰੂਬਰੂ ਪੇਸ਼ ਕੀਤਾ ਜਾਂਦਾ ਹੈ। ਇਹ ਹਲਫ਼ੀਆ ਬਿਆਨ ਭਾਰਤ ਦੀ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਹਰੇਕ ਚੋਣ ਲੜਨ ਵਾਲੇ ਉਮੀਦਵਾਰ ਲਈ ਆਪਣੇ ਵਿਰੁੱਧ ਚੱਲ ਰਹੇ ਅਪਰਾਧਿਕ ਕੇਸਾਂ, ਅਚੱਲ ਅਤੇ ਚੱਲ ਜਾਇਦਾਦ ਦੇ ਵੇਰਵੇ, ਵਿੱਦਿਅਕ ਯੋਗਤਾ ਆਦਿ ਸੰਬੰਧੀ ਦੇਣ ਲਾਜ਼ਮੀ ਹੈ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਆਪਣੀ ਵੈੱਬ ਸਾਈਟ ਉੱਤੇ ਉਮੀਦਵਾਰਾਂ ਦਾ ‘ਐਫੀਡੇਵਿਟ ਪੋਰਟਲ’ (ਇਨਕੋਰ) ਉਪਲਬਧ ਕਰਵਾਇਆ ਗਿਆ ਹੈ ਜੋ ਲੋਕਾਂ ਨੂੰ ਉਨ੍ਹਾਂ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੀ ਪੂਰੀ ਸੂਚੀ ਦੇਖਣ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਨੇ ਚੋਣਾਂ ਲੜਨ ਲਈ ਅਰਜ਼ੀਆਂ ਦਿੱਤੀਆਂ ਹਨ। ਉਮੀਦਵਾਰਾਂ ਦੀਆਂ ਨਾਮਜ਼ਦਗੀ ਵੇਰਵਿਆਂ ਨੂੰ ਜਦੋਂ ਸੰਬੰਧਿਤ ਰਿਟਰਨਿੰਗ ਅਫਸਰ ਚੋਣ ਕਮਿਸ਼ਨ ਦੀ ਪੋਰਟਲ ਉੱਤੇ ਅਪਲੋਡ ਕਰਦਾ ਹੈ ਤਾਂ ਉਮੀਦਵਾਰ ਦੀ ਫੋਟੋ ਅਤੇ ਹਲਫੀਆ ਬਿਆਨ (ਫਾਰਮ ਨੰਬਰ 26) ਦੇ ਨਾਲ ਉਮੀਦਵਾਰ ਦੀ ਪੂਰੀ ਪ੍ਰੋਫਾਈਲ ਚੋਣ ਕਮਿਸ਼ਨ ਦੀ ਵੈੱਬ ਸਾਈਟ ਉੱਤੇ ਅਪਲੋਡ ਹੁੰਦੇ ਹੀ ਜਨਤਕ ਹੋ ਜਾਂਦੀ ਹੈ, ਜਿਸ ਨੂੰ ਕੋਈ ਵੀ ਵਿਅਕਤੀ ਵੇਖ ਸਕਦਾ ਹੈ ਅਤੇ ਵੇਰਵੇ ਡਾਊਨਲੋਡ ਕਰ ਸਕਦਾ ਹੈ।

ਉਮੀਦਵਾਰ ‘ਐਫੀਡੇਵਿਟ ਪੋਰਟਲ’ ਦੀ ਕੀਤੀ ਗਈ ਮੌਜੂਦਾ ਵਿਵਸਥਾ ਤੋਂ ਪਹਿਲਾਂ ਸੰਬੰਧਿਤ ਰਿਟਰਨਿੰਗ ਅਫਸਰਾਂ ਵੱਲੋਂ ਉਮੀਦਵਾਰਾਂ ਦੇ ਹਲਫ਼ਨਾਮੇ ਵੱਖਰੇ ਤੌਰ ’’ਤੇ ਅਪਲੋਡ ਕੀਤੇ ਜਾਂਦੇ ਸਨ, ਜਿਸ ਕਾਰਨ ਹਲਫਨਾਮੇ ਅਤੇ ਉਮੀਦਵਾਰਾਂ ਦੀ ਪ੍ਰੋਫਾਈਲ ਵਿਚਕਾਰ ਕੋਈ ਲਿੰਕ ਨਹੀਂ ਸੀ ਬਣਦਾ। ਇਨਕੋਰ ਵਿੱਚ ਐਫੀਡੇਵਿਟ ਪੋਰਟਲ ਦੇ ਏਕੀਕਰਨ ਦੇ ਨਾਲ ਪ੍ਰਕ੍ਰਿਆ ਨੂੰ ਸਰਲ ਬਣਾਇਆ ਗਿਆ ਹੈ ਅਤੇ ਗਲਤੀਆਂ ਵੀ ਘਟੀਆਂ ਹਨ। ਇਹ ਪੋਰਟਲ 10 ਮਾਰਚ 2019 ਨੂੰ ਲਾਂਚ ਕੀਤਾ ਗਿਆ ਸੀ। ਹੁਣ ਕੋਈ ਵੀ ਵਿਅਕਤੀ ਸਵੀਕਾਰੀਆਂ ਗਈਆਂ, ਰੱਦ ਹੋਈਆਂ, ਵਾਪਸ ਲਈਆਂ ਅਤੇ ਚੋਣਾਂ ਲੜਨ ਲਈ ਸਵੀਕਾਰੀਆਂ ਗਈਆਂ ਨਾਮਜ਼ਦਗੀਆਂ ਵੇਖ ਸਕਦਾ ਹੈ। ਚੋਣ ਕਮਿਸ਼ਨ ਵੱਲੋਂ ਪੋਰਟਲ ਤਕ ਪਹੁੰਚ ਕਰਨ ਲਈ ਲਿੰਕ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸੰਸਦ ਅਤੇ ਵਿਧਾਨ ਸਭਾਵਾਂ ਦੀਆਂ 2019 ਅਤੇ ਉਸ ਤੋਂ ਪਹਿਲੀਆਂ ਵਾਲੀਆਂ ਚੋਣਾਂ ਵਿੱਚ ਚੋਣ ਵਾਲੇ ਉਮੀਦਵਾਰਾਂ ਦੇ ਹਲਫ਼ਨਾਮੇ ਵੀ ਵੇਖੇ ਜਾ ਸਕਦੇ ਹਨ, ਜਿਨ੍ਹਾਂ ਤੱਕ ਪਹੁੰਚਣ ਲਈ ਵੀ ਚੋਣ ਕਮਿਸ਼ਨ ਵੱਲੋਂ ਲਿੰਕ ਦਿੱਤਾ ਗਿਆ ਹੈ। ਇਸ ਲਿੰਕ ਰਾਹੀਂ ਸੰਬੰਧਿਤ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ 2004 ਤੋਂ 2019 ਦੌਰਾਨ ਅਤੇ ਲੋਕ ਸਭਾ ਦੀਆਂ ਚੋਣਾਂ ਜਨਰਲ ਚੋਣਾਂ 2014 ਤੋਂ 2019 ਤਕ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਹਲਫ਼ੀਆਂ ਬਿਆਨ ਵੇਖੇ ਜਾ ਸਕਦੇ ਹਨ। ਤਸਦੀਕਸ਼ੁਦਾ ਹਲਫ਼ੀਆ ਬਿਆਨ ਭਾਗ (ਏ) ਵਿੱਚ ਉਮੀਦਵਾਰ ਦੇ ਨਿੱਜੀ ਵੇਰਵੇ (ਨਾਮ ਵਲੰਟੀਅਰ, ਉਮਰ, ਘਰੇਲੂ ਪਤਾ, ਇੱਕ ਸਿਆਸੀ ਪਾਰਟੀ ਵੱਲੋਂ ਜਾਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਉਮੀਦਵਾਰ, ਬਤੌਰ ਵੋਟਰ ਦੇ ਵੇਰਵੇ, ਪੈੱਨ ਕਾਰਡ ਅਤੇ ਪਿਛਲੇ ਪੰਜ ਸਾਲਾਂ ਦੌਰਾਨ ਆਪਣੇ ਵੱਲੋਂ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਵੱਲੋਂ ਇਨਕਮ ਟੈਕਸ ਸੰਬੰਧੀ ਭਰੀਆਂ ਗਈਆਂ ਰਿਟਰਨਾਂ ਦੇ ਵੇਰਵੇ, ਉਮੀਦਵਾਰ ਵਿਰੁੱਧ ਅਦਾਲਤ ਵਿੱਚ ਚੱਲ ਰਹੇ ਅਪਰਾਧਿਕ ਮਾਮਲੇ ਅਤੇ ਲੰਬਤ ਐੱਫ ਆਈ ਆਰ ਦੇ ਵੇਰਵੇ, ਚੱਲ ਅਤੇ ਅਚੱਲ ਜਾਇਦਾਦ ਦੇ ਵੇਰਵੇ, ਆਮਦਨ ਦੇ ਸਰੋਤ, ਦੇਣਦਾਰੀਆਂ, ਆਪਣਾ ਅਤੇ ਆਪਣੀ ਪਤੀ-ਪਤਨੀ ਦੇ ਭਾਗ (ਬੀ) ਵਿੱਚ ਅਚੱਲ ਅਤੇ ਜਾਇਦਾਦ ਦੀ ਸੰਖੇਪ ਸਾਰਨੀ। ਹਲਫ਼ਨਾਮਾ ਓਥ ਕਮਿਸ਼ਨਰ, ਪਹਿਲੇ ਦਰਜੇ ਦਾ ਮੈਜਿਸਟਰੇਟ ਜਾਂ ਨੋਟਰੀ ਪਬਲਿਕ ਵੱਲੋਂ ਮਿਤੀਬੱਧ ਤਸਦੀਕ ਹੋਣਾ ਲਾਜ਼ਮੀ ਹੈ। ਹਲਫ਼ਨਾਮੇ ਦੇ ਹਰ ਪੰਨੇ ਉੱਤੇ ਉਮੀਦਵਾਰ ਦੇ ਦਸਤਖਤ/ਨਿਸ਼ਾਨ ਅੰਗੂਠਾ ਅਤੇ ਤਸਦੀਕ ਕਰਨ ਵਾਲੇ ਅਧਿਕਾਰੀ ਦੀ ਮੋਹਰ ਲੱਗਣੀ ਜ਼ਰੂਰੀ ਹੈ। ਇਹ ਹਲਫ਼ੀਆ ਬਿਆਨ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 3.00 ਵਜੇ ਬਾਦ ਦੁਪਹਿਰ ਤਕ ਸੰਬੰਧਿਤ ਰਿਟਰਨਿੰਗ ਅਫਸਰ ਪਾਸ ਪੁੱਜਣਾ ਲਾਜ਼ਮੀ ਹੈ ਤਾਂ ਕਿ ਉਸ ਨੂੰ ਚੋਣ ਕਮਿਸ਼ਨ ਦੇ ਹਲਫ਼ੀਆ ਬਿਆਨ ਪੋਰਟਲ ਉੱਤੇ ਲੋਕਾਂ ਦੀ ਜਾਣਕਾਰੀ ਲਈ ਅਪਲੋਡ ਕੀਤਾ ਜਾ ਸਕੇ। ਇਹ ਵੀ ਲਾਜ਼ਮੀ ਹੈ ਹਲਫ਼ੀਆ ਬਿਆਨ ਪੜ੍ਹਨਯੋਗ ਹੋਵੇ ਅਤੇ ਉਸਦਾ ਕੋਈ ਕਾਲਮ ਖਾਲੀ ਨਾ ਛੱਡਿਆ ਜਾਵੇ।

ਚੋਣਾਂ ਲੜ ਰਹੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀਆਂ ਭਰਨ ਸਮੇਂ ਦਿੱਤੇ ਜਾਂਦੇ ਤਸਦੀਕ ਸ਼ੁਦਾ ਹਲਫ਼ੀਆ ਬਿਆਨ (ਫਾਰਮ 26) ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ ਵੱਲੋਂ ਘੋਖਿਆ ਗਿਆ ਹੈ। ਇਸ ਸੰਬੰਧੀ ਉਨ੍ਹਾਂ ਵੱਲੋਂ ਅਗਸਤ 2023 ਵਿੱਚ ਜਾਰੀ ਰਿਪੋਰਟ ਅਨੁਸਾਰ 28 ਰਾਜਾਂ ਅਤੇ 2 ਯੂ ਟੀਜ਼ ਦੀਆਂ ਵਿਧਾਨ ਸਭਾਵਾਂ ਦੇ ਮੌਜੂਦਾ 4033 ਮੈਂਬਰਾਂ ਵਿੱਚੋਂ 4001 ਮੈਂਬਰਾਂ ਦੇ ਹਲਫਨਾਮੇ ਦੀ ਪੜਤਾਲ ਤੋਂ ਪਾਇਆ ਗਿਆ ਹੈ ਕਿ ਮੌਜੂਦਾ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਔਸਤਨ ਜਾਇਦਾਦ 13.63 ਕਰੋੜ ਹੈ ਜਦਕਿ ਸਭ ਦੀ ਰਲਵੀਂ ਜਾਇਦਾਦ 54545 ਕਰੋੜ ਹੈ ਜਿਸ ਵਿੱਚ ਪੰਜਾਬ ਦੇ 117 ਮੈਂਬਰਾਂ ਦੀ ਕੁੱਲ ਜਾਇਦਾਦ 1222 ਕਰੋੜ ਵੀ ਸ਼ਾਮਲ ਹੈ। ਇਨ੍ਹਾਂ ਸਾਰੇ 4001 ਮੈਂਬਰਾਂ ਵਿੱਚੋਂ 86 ਅਰਬਪਤੀ ਹਨ ਜਿਸ ਵਿੱਚ ਪੰਜਾਬ ਦੇ 24 ਮੈਂਬਰ ਸ਼ਾਮਲ ਹਨ। ਪੰਜਾਬ ਦੇ 2 ਵਿਧਾਇਕ ਅਜਿਹੇ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 15 ਤੋਂ 24 ਹਜ਼ਾਰ ਦੇ ਵਿਚਾਲੇ ਹੈ। ਲੋਕ ਸਭਾ ਦੇ 538 ਅਤੇ ਰਾਜ ਸਭਾ ਦੇ 232 ਮੈਂਬਰਾਂ ਦੀ ਔਸਤਨ ਜਾਇਦਾਦ 38.33 ਕਰੋੜ ਹੈ।

ਹਲਫ਼ਨਾਮਿਆਂ ਰਾਹੀਂ ਚੋਣ ਲੜਨ ਵਾਲਿਆਂ ਵੱਲੋਂ ਆਪਣੀ ਚੱਲ ਅਤੇ ਅਚੱਲ ਜਾਇਦਾਦ, ਵਿੱਤੀ ਅਤੇ ਪੇਸ਼ਾਵਰ ਆਮਦਨ ਸਰੋਤਾਂ ਅਤੇ ਦੇਣਦਾਰੀਆਂ ਦੇ ਨਾਲ ਨਾਲ ਉਨ੍ਹਾਂ ਵਿਰੁੱਧ ਚੱਲ ਰਹੇ ਅਪਰਾਧਿਕ ਮਾਮਲ਼ਿਆਂ ਅਤੇ ਐੱਫ.ਆਈ.ਆਰ ਦੇ ਵੇਰਵੇ ਜਨਤਕ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਏ.ਡੀ.ਆਰ ਅਤੇ ਨੈਸ਼ਨਲ ਇਲੈਕਸ਼ਨ ਵਾਚ ਦੀ 12 ਸਤੰਬਰ 2023 ਦੀ ਪ੍ਰੈੱਸ ਰਿਪੋਰਟ ਅਨੁਸਾਰ ਲੋਕ ਸਭਾ ਅਤੇ ਰਾਜ ਸਭਾ ਦੇ ਮੌਜੂਦਾ ਕੁੱਲ 776 ਮੈਂਬਰਾਂ ਵਿੱਚੋਂ 763 ਮੈਂਬਰਾਂ ਨਾਲ ਸੰਬੰਧਿਤ ਜਾਰੀ ਅੰਕੜਿਆਂ ਅਨੁਸਾਰ ਲੋਕ ਸਭਾ ਦੇ 538 ਅਤੇ ਰਾਜ ਸਭਾ ਦੇ 232 ਮੈਂਬਰਾਂ ਦੇ ਹਲਫ਼ਨਾਮਿਆਂ ਦੀ ਪੜਤਾਲ ਅਨੁਸਾਰ ਲੋਕ ਸਭਾ ਦੇ 532 ਮੈਂਬਰਾਂ ਵਿੱਚੋਂ 232 ਵਿਰੁੱਧ ਅਪਰਾਧਿਕ ਮਾਮਲੇ ਅਤੇ 154 ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਅਦਾਲਤਾਂ ਵਿੱਚ ਲੰਬਤ ਹਨ। ਇਸੇ ਤਰ੍ਹਾਂ ਰਾਜ ਸਭਾ ਦੇ 225 ਮੈਂਬਰਾਂ ਵਿੱਚੋਂ 74 ਵਿਰੁੱਧ ਅਪਰਾਧਿਕ ਅਤੇ 40 ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਅਦਾਲਤਾਂ ਵਿੱਚ ਲੰਬਿਤ ਹਨ।

ਰਾਸ਼ਟਰੀ ਤੇ ਖੇਤਰੀ ਪੱਧਰੀ ਰਾਜਨੀਤਿਕ ਪਾਰਟੀਆਂ ਨਾਲੋਂ ਗੈਰ ਮਾਨਤਾ ਪ੍ਰਾਪਤ ਰਜਿਸਟਰਡ ਪਾਰਟੀਆਂ ਦੇ ਚੋਣ ਲੜ ਰਹੇ ਲਗਭਗ 100% ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਚੱਲ ਰਹੇ ਹਨ। ਕੁੱਲ 278 ਉਮੀਦਵਾਰਾਂ ਵਿਖੇ 67 (24%) ਦੀ ਜਾਇਦਾਦ ਇੱਕ ਕਰੋੜ ਰੁਪਏ ਤੋਂ ਵਧੇਰੇ ਹੈ ਜਦਕਿ 123 ਆਜ਼ਾਦ ਉਮੀਦਵਾਰਾਂ ਵਿੱਚੋਂ 14 (11%) ਕਰੋੜਪਤੀ ਹਨ। ਰਾਸ਼ਟਰੀ ਅਤੇ ਖੇਤਰੀ ਰਾਜਨੀਤਿਕ ਪਾਰਟੀਆਂ ਦੇ ਲਗਭਗ ਸਾਰੇ ਉਮੀਦਵਾਰ ਕਰੋੜਪਤੀ ਸਨ। 278 ਉਮੀਦਵਾਰਾਂ ਦੀ ਔਸਤਨ ਜਾਇਦਾਦ 5.06 ਕਰੋੜ ਹੈ ਜਦਕਿ 123 ਅਜ਼ਾਦ ਉਮੀਦਵਾਰਾਂ ਦੀ ਔਸਤਨ ਜਾਇਦਾਦ 44 ਲੱਖ ਰੁਪਏ ਹੈ। 278 ਉਮੀਦਵਾਰਾਂ ਵਿੱਚੋਂ 10 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਨੇ ਸਾਲ 2014 ਵਿੱਚ ਵੀ ਔਸਤਨ ਜਾਇਦਾਦ 18.36 ਕਰੋੜ ਜਦਕਿ 2019 ਵਿੱਚ 29.09 ਕਰੋੜ ਸੀ। ਉਮੀਦਵਾਰਾਂ ਦੀ ਆਮਦਨ ਦੇ ਮੱਖ ਸਰੋਤ ਹਲਫ਼ਨਾਮਿਆਂ ਅਨੁਸਾਰ ਤਨਖਾਹ, ਪੈਨਸ਼ਨ, ਜਾਇਦਾਦਾਂ ਤੋਂ ਮਿਲਦਾ ਕਰਾਇਆ, ਬੈਕਾਂ ਵਿੱਚ ਜਮ੍ਹਾਂ ਰਾਸ਼ੀ ਤੋਂ ਬਿਆਜ, ਖੇਤੀਬਾੜੀ ਅਤੇ ਵਪਾਰ ਤੋਂ ਆਮਦਨ ਹੈ। ਉਮੀਦਵਾਰਾਂ ਦੇ ਹਲਫ਼ਨਾਮਿਆਂ ਵਿੱਚ ਦਿੱਤੀ ਗਈ ਜਾਣਕਾਰੀ ਜਨਤਕ ਹੋਣ ’ਤੇ ਪਤਾ ਲਗਦਾ ਹੈ ਕਿ ਸੰਸਦ ਦੀਆਂ 2009, 2014 ਅਤੇ 2019 ਦੀਆਂ ਚੋਣਾਂ ਸਮੇਂ ਉਮੀਦਵਾਰਾਂ ਦੀ ਔਸਤਨ ਜਾਇਦਾਦ 6.15 ਕਰੋੜ (2009), 16.23 ਕਰੋੜ (2014) ਅਤੇ 23.75 ਕਰੋੜ (2019) ਸੀ। ਸੰਨ 2009 ਤੋਂ 2019 ਦੌਰਾਨ ਮੈਂਬਰਾਂ ਦੀਆਂ ਜਾਇਦਾਦਾਂ ਵਿੱਚ ਔਸਤਨ 17.50 ਕਰੋੜ ਦਾ ਵਾਧਾ ਹੋਇਆ ਹੈ। ਤਰਾਸਦੀ ਹੈ ਹਰੇਕ ਚੋਣਾਂ ਤੋਂ ਬਾਅਦ ਕਰੋੜਪਤੀਆਂ ਅਤੇ ਅਪਰਾਧੀਆਂ ਦਾ ਸੰਸਦ ਵਿੱਚ ਪ੍ਰਵੇਸ਼ ਵਧਦਾ ਜਾ ਰਿਹਾ ਹੈ। ਅਜਿਹਾ ਰੁਝਾਨ ਲੋਕਤੰਤਰ ਦੀ ਆਤਮਾ ਦੇ ਅਨੂਕੁਲ ਨਹੀਂ ਹੈ।

18ਵੀਂ ਲੋਕ ਸਭਾ ਲਈ 7 ਗੇੜਾਂ ਵਿੱਚ ਹੋ ਰਹੀਆਂ ਚੋਣਾਂ ਵਿੱਚ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਕੁੱਲ 18605 (ਪੰਜਾਬ 598) ਉਮੀਦਵਾਰ ਨੇ ਨਾਮਜ਼ਦਗੀ ਦੇ ਨਾਲ ਹਲਫ਼ਨਾਮੇ ਵੀ ਦਿੱਤੇ ਹਨ ਜੋ ਚੋਣ ਕਮਿਸ਼ਨ ਦੇ ਹਲਫ਼ਨਾਮਾ ਪੋਰਟਲ ਉੱਤੇ ਉਪਲਬਧ ਹਨ। ਜ਼ਰੂਰਤ ਹੈ ਕਿ ਭਾਰਤ ਦੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਆਪਣੇ ਸੰਸਦੀ ਹਲਕਿਆਂ ਵਿੱਚ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਹਲਫਨਾਮਿਆਂ ਨੂੰ ਜ਼ਰੂਰ ਘੋਖਣ। ਉਮੀਦਵਾਰਾਂ ਦੇ ਹਲਫ਼ਨਾਮੇ ਉਨ੍ਹਾਂ ਦੇ ਪਿਛੋਕੜ ਅਤੇ ਛਵੀ ਬਾਰੇ ਬਹੁਤ ਕੁਝ ਦੱਸ ਸਕਦੇ ਹਨ। ਲੋੜ ਹੈ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਚੋਣ ਹਲਕੇ ਨਾਲ ਸੰਬੰਧਿਤ ਚੋਣ ਲੜ ਰਹੇ ਉਮੀਦਵਾਰਾਂ ਦੇ ਹਲਫ਼ਨਾਮਿਆਂ ਵਿੱਚ ਦਿੱਤੀ ਜਾਣਕਾਰੀ ਦਾ ਸੰਖੇਪ ਹਰੇਕ ਪੋਲਿੰਗ ਬੂਥ ਵਿਖੇ ਚੋਣ ਕਮਿਸ਼ਨ ਵੱਲੋਂ ਡਿਸਪਲੇ ਕੀਤਾ ਜਾਵੇ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4990)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਤਰਲੋਚਨ ਸਿੰਘ ਭੱਟੀ

ਤਰਲੋਚਨ ਸਿੰਘ ਭੱਟੀ

Retired P.C.S.
Phone: (91 - 98765 - 02607)
Email: (tsbhattiasr@gmail.com)

More articles from this author