ParmjitSingh7ਸਮੁੱਚੇ ਰੂਪ ਵਿਚ ਡਾ. ਬਲਦੇਵ ਸਿੰਘ ਧਾਲੀਵਾਲ ਦੁਆਰਾ ਸੰਪਾਦਿਤ ਕਹਾਣੀ-ਸੰਗ੍ਰਹਿ ‘ਆਹਟ’ ਨਵੀਨਤਾ ਦਾ ਅਹਿਸਾਸ ਕਰਵਾਉਂਦਾ ਹੈ ...
(29 ਅਗਸਤ 2016)

 

ਪੰਜਾਬੀ ਕਹਾਣੀ ਦੇ ਖੇਤਰ ਵਿਚ ਇੱਕ ਸਾਲ ਦੌਰਾਨ ਦੋ ਸੌ ਦੇ ਕਰੀਬ ਕਹਾਣੀਆਂ ਛਪਦੀਆਂ ਹਨ। ਇੰਨੀ ਵੱਡੀ ਗਿਣਤੀ ਵਿਚ ਪ੍ਰਕਾਸ਼ਿਤ ਕਹਾਣੀਆਂ ਵਿੱਚੋਂ ਕੁਝ ਅਜਿਹੀਆਂ ਰਚਨਾਵਾਂ ਦੀ ਚੋਣ ਕਰਨਾ ਕਠਿਨ ਹੈ, ਜਿਹੜੀਆਂ ਪੂਰੇ ਸਾਲ ਦੀ ਕਹਾਣੀ ਦੀ ਪ੍ਰਤਿਨਿਧਤਾ ਕਰਦੀਆਂ ਹੋਣ। ਡਾ. ਬਲਦੇਵ ਸਿੰਘ ਧਾਲੀਵਾਲ ਦੁਆਰਾ ਸੰਪਾਦਿਤ ਕਹਾਣੀ-ਸੰਗ੍ਰਹਿ ‘ਆਹਟ’ ਵਿਚ ਸਾਲ 2015 ਦੀ ਪ੍ਰਤਿਨਿਧਤਾ ਕਰਨ ਵਾਲੀਆਂ ਦਸ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਵਿਚ ਭਾਰਤੀ, ਪਾਕਿਸਤਾਨੀ ਅਤੇ ਪਰਵਾਸੀ ਪੰਜਾਬੀ ਕਹਾਣੀ ਨਾਲ ਸੰਬੰਧਿਤ ਰਚਨਾਵਾਂ ਦਰਜ਼ ਕੀਤੀਆਂ ਹਨ।

ਭਾਰਤੀ ਪੰਜਾਬੀ ਕਹਾਣੀਆਂ ਵਿੱਚੋਂ ਪਹਿਲੀ ਕਹਾਣੀ ਸਰਘੀ ਦੀ ਰਚਨਾ ‘ਰਾਡ’ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਕਹਾਣੀ ਵਿਸ਼ੇ ਅਤੇ ਤਕਨੀਕ ਦੇ ਪੱਖੋਂ ਨਿਵੇਕਲੀ ਰਚਨਾ ਹੈ। ਅੱਜ ਦੇ ਇਲੈਕਟ੍ਰੌਨਿਕ ਮੀਡੀਏ ਦੇ ਯੁੱਗ ਵਿਚ ਜਿੱਥੇ ਸੰਸਾਰ ਪੱਧਰ ਦੀ ਹਰ ਖ਼ਬਰ ਸਾਡੇ ਤੱਕ ਪਹੁੰਚਦੀ ਹੈ, ਉੱਥੇ ਇਹ ਸਾਰਾ ‘ਵਾਧੂ-ਗਿਆਨ’ ਬੰਦੇ ਨੂੰ ਕਿਵੇਂ ਮਾਨਸਿਕ ਬੀਮਾਰੀ ਤੱਕ ਪਹੁੰਚਾ ਦਿੰਦਾ ਹੈ? ‘ਰਾਡ’ ਕਹਾਣੀ ਦੀ ਮੈਂ-ਪਾਤਰ ਅਜਿਹੇ ਹੀ ਮਾਨਸਿਕ ਸੰਕਟ ਦਾ ਸ਼ਿਕਾਰ ਹੈ। ਰੇਪ ਦੀਆਂ ਘਟਨਾਵਾਂ ਤੋਂ ਬਾਅਦ ਇਲੈਕਟ੍ਰੌਨਿਕ ਮੀਡੀਆ ਮਰਦ ਨੂੰ ਅਜਿਹੇ ਵਹਿਸ਼ੀ ਰੂਪ ਵਿਚ ਚਿਤਰਦਾ ਹੈ ਕਿ ਔਰਤ ਨੂੰ ਆਪਣੇ ਪਤੀ ਨਾਲ ਸਰੀਰਕ ਸੰਬੰਧ ਬਣਾਉਂਦੇ ਸਮੇਂ ਵੀ ਰੇਪ ਦਾ ਅਹਿਸਾਸ ਹੁੰਦਾ ਹੈ। ਦਿੱਲੀ ਰੇਪ-ਕਾਂਡ ਬਾਰੇ ਪੂਰੇ ਘਟਨਾਕ੍ਰਮ ਟੀ.ਵੀ. ’ਤੇ ਦੇਖ ਕੇ ਮੈਂ-ਪਾਤਰ ਨੂੰ ਹਰ ਵੇਲੇ ਆਪਣੀ ਜਵਾਨ ਹੋ ਰਹੀ ਧੀ ਨਾਲ ਅਜਿਹਾ ਕੁਝ ਵਾਪਰਨ ਦਾ ਖ਼ਦਸ਼ਾ ਲੱਗਾ ਰਹਿੰਦਾ ਹੈ। ਇਸ ਤਰ੍ਹਾਂ ਅੱਜ ਦੇ ਸਮੇਂ ਵਿਚ ਮੀਡੀਏ ਦੀ ਬੰਦੇ ਦੇ ਜੀਵਨ ਵਿਚ ਹਾਂ-ਪੱਖੀ ਅਤੇ ਨਾਂਹ-ਪੱਖੀ ਭੂਮਿਕਾ ਨੂੰ ਇਹ ਕਹਾਣੀ ਆਪਣੀ ਕਥਾ-ਵਸਤੂ ਅਤੇ ਤਕਨੀਕ ਰਾਹੀਂ ਬਹੁਤ ਖ਼ੂਬਸੂਰਤ ਢੰਗ ਨਾਲ ਪੇਸ਼ ਕਰਦੀ ਹੈ।

ਬਲਦੇਵ ਸਿੰਘ ਢੀਂਡਸਾ ਦੀ ਕਹਾਣੀ ‘ਸ਼ਹੀਦ’ ਸਮਕਾਲ ਦੇ ਮੰਡੀ ਸਭਿਆਚਾਰ ਵਿਚ ਬੰਦੇ ਦੀ ਹਰ ਵਰਤਾਰੇ ਪ੍ਰਤਿ ਉਪਭੋਗੀ ਮਾਨਸਿਕਤਾ ਨੂੰ ਪੇਸ਼ ਕਰਦੀ ਹੈ। ਕਹਾਣੀ ਵਿਚ ਅਨਯ-ਪੁਰਖੀ ਬਿਰਤਾਂਤਕਾਰ ਰਾਹੀਂ ਮਨੁੱਖੀ ਰਿਸ਼ਤਿਆਂ ਤੱਕ ਨੂੰ ‘ਲੈਣ-ਦੇਣ’ ਦੇ ਸੰਬੰਧਾਂ ਤੱਕ ਘਟਾ ਕੇ ਵੇਖਣ ਦੀ ਬਿਰਤੀ ’ਤੇ ਫੋਕਸ ਕੀਤਾ ਗਿਆ ਹੈ। ਕਹਾਣੀ ਦਾ ਮੁੱਖ-ਪਾਤਰ ਪ੍ਰਿੰਸੀਪਲ ਹਰਪ੍ਰਭਦਿਆਲ ਸਿੰਘ ਗਿੱਲ ਸਕੂਲ ਦੀਆਂ ਕੁੜੀਆਂ ਨੂੰ ਪੇਪਰ ਪਹਿਲਾਂ ਦਿਖਾਉਣ ਦਾ ਲਾਲਚ ਦੇ ਕੇ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਹੈ ਅਤੇ ਸਕੂਲ ਦੀ ਮੈਡਮ ਨੂੰ ਨੌਕਰੀ ਤੇ ਵੱਖ-ਵੱਖ ਤਰ੍ਹਾਂ ਦੇ ਤੋਹਫ਼ੇ ਦੇ ਕੇ ਨਜਾਇਜ਼ ਸੰਬੰਧਾਂ ਦਾ ਸ਼ਿਕਾਰ ਬਣਾਉਂਦਾ ਹੈ। ਕਹਾਣੀਕਾਰ ਹਰਪ੍ਰਭਦਿਆਲ ਗਿੱਲ ਦੇ ਰੂਪ ਵਿਚ ਮਰਦ ਦੀ ਜਿਸਮਾਨੀ ਭੁੱਖ ਨੂੰ ਪੇਸ਼ ਕਰਦਾ ਹੈ ਅਤੇ ਨਾਲ ਹੀ ਇਸ ਮਰਦਾਵੀਂ ਹਵਸ ਦਾ ਸ਼ਿਕਾਰ ਹੋ ਰਹੀਂ ਮੈਡਮ ਸੁਖਵੰਤ ਬਾਂਸਲ ਨੂੰ ਪੀੜਿਤ ਧਿਰ ਵਜੋਂ ਨਾ ਚਿਤਰ ਕੇ ਇਸ ‘ਮੌਕੇ ਦਾ ਫ਼ਾਇਦਾ ਉਠਾਉਣ’ ਵਾਲੀ ਦੇ ਰੂਪ ਵਿਚ ਦਿਖਾਉਂਦਾ ਹੈ ਕਹਾਣੀ ਦਾ ਫੋਕਸ ਹਰਪ੍ਰਭਦਿਆਲ ਦੀਆਂ ਕਰਤੂਤਾਂ ਤੋਂ ਸ਼ੁਰੂ ਹੁੰਦਾ ਹੈ ਪਰ ਸਿਖ਼ਰ ’ਤੇ ਪਹੁੰਚ ਕੇ ਮੈਡਮ ਸੁਖਵੰਤ ਦੀ ‘ਖਾਊ-ਹੰਢਾਊ’ ਬਿਰਤੀ ਨੂੰ ਕੇਂਦਰ ਵਿਚ ਲੈ ਆਉਂਦਾ ਹੈ। ਇਸ ਤਰ੍ਹਾਂ ਕਹਾਣੀਕਾਰ ਗ਼ੈਰ-ਸਮਾਜੀ ਜਿਸਮਾਨੀ ਸੰਬੰਧਾਂ ਵਿਚ ਮਰਦ ਦੇ ਨਾ -ਨਾ ਔਰਤ ਦੀ ਭਾਗੀਦਾਰੀ ਦਿਖਾਉਣ ਦਾ ਸੁਚੇਤ ਯਤਨ ਕਰਦਾ ਹੈ। ਪਰ ਸਮੱਸਿਆ ਇਹ ਹੈ ਕਿ ਕਹਾਣੀਕਾਰ ਕਹਾਣੀ ਦੇ ਸਮੁੱਚੇ ਬਿਰਤਾਂਤ ਵਿਚ ਹਰਪ੍ਰਭਦਿਆਲ ਗਿੱਲ ਦੀ ਹਵਸ ਤੋਂ ਜ਼ਿਆਦਾ ਮੈਡਮ ਸੁਖਵੰਤ ਦੇ ਵਿਵਹਾਰ ’ਤੇ ਵਿਅੰਗ ਕਰਦਾ ਨਜ਼ਰ ਆਉਂਦਾ ਹੈ ਕਹਾਣੀ ਦੇ ਅੰਤ ਵਿਚ ਹਰਪ੍ਰਭਦਿਆਲ ਗਿੱਲ ਦੀ ਮੌਤ ਤੋਂ ਬਾਅਦ ਉਸ ਲਈ ‘ਸ਼ਹੀਦ’ ਦੇ ਸੰਕਲਪ ਦੀ ਵਰਤੋਂ ਰਾਹੀਂ ਕਹਾਣੀਕਾਰ ਸਮਕਾਲੀ ਨਾਅਰਿਆਂ ਦੀ ਰਾਜਨੀਤੀ ’ਤੇ ਤਨਜ਼ ਕਰਦਾ ਹੈ

ਜਰਨੈਲ ਸਿੰਘ ਦੁਆਰਾ ਰਚਿਤ ਕਹਾਣੀ ‘ਕਾਲ਼ੇ ਵਰਕੇ’ ਅਨਯ-ਪੁਰਖੀ ਬਿਰਤਾਂਤਕਾਰ ਰਾਹੀਂ ਪਰਵਾਸੀ ਪੰਜਾਬੀ ਕਹਾਣੀ ਦੇ ਨਵੇਂ ਪਾਸਾਰਾਂ ਨੂੰ ਖੋਲ੍ਹਦੀ ਹੈ। ਕਹਾਣੀ ਦੇ ਮੁੱਖ-ਪਾਤਰ ਮਾਇਕਲ ਦੇ ਜੀਵਨ ਵੇਰਵਿਆਂ ਰਾਹੀਂ ਕੈਨੇਡਾ ਦੇ ਨੇਟਿਵ ਲੋਕਾਂ ਦੇ ਜੀਵਨ-ਸੰਕਟ ਨੂੰ ਪੇਸ਼ ਕਰਦੀ ਹੈ। ਕਹਾਣੀ ਵਿਚ ਨੇਟਿਵ ਲੋਕਾਂ ਦੀ ਭਾਸ਼ਾ, ਸਭਿਆਚਾਰ ਅਤੇ ਧਰਮ ਨੂੰ ਹੀਣਾ ਦਿਖਾ ਕੇ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਦੀਆਂ ਅੰਤਰ-ਰਾਸ਼ਟਰੀ ਪੱਧਰ ’ਤੇ ਚੱਲ ਰਹੀਆਂ ਅਜਿਹੀਆਂ ਨਵ-ਬਸਤੀਵਾਦੀ ਨੀਤੀਆਂ ਨੂੰ ਉਭਾਰਿਆ ਗਿਆ ਹੈ ਕਹਾਣੀਕਾਰ ਲਈ ਚਣੌਤੀਪੂਰਨ ਮਸਲਾ ਗ਼ੈਰ-ਪੰਜਾਬੀ ਬੰਦੇ ਦੇ ਬਿਰਤਾਂਤ ਨੂੰ ਪੰਜਾਬੀ ਕਹਾਣੀ ਵਿਚ ਪੇਸ਼ ਕਰਨਾ ਹੈ। ਜਿਸ ਦਾ ਅੰਦਾਜ਼ਾ ਬਿਰਤਾਂਤ ਅਤੇ ਵਰਣਨ ਨੂੰ ਵੱਖਰਾ ਕਰਕੇ ਪਛਾਣਿਆ ਜਾ ਸਕਦਾ ਹੈ, ਜਿਵੇਂ ‘ਦਾਦੀ ਦਰਾਂ ਵਿਚ ਖੜ੍ਹੀ ਰੋ ਰਹੀ ਸੀ। “ਗਰੈਨੀ!” ਉਸ ਵੱਲ ਬਾਹਾਂ ਉਲਾਰਦਿਆਂ ਮਾਈਕਲ ਦੀ ਚੀਖ ਨਿਕਲ਼ ਗਈ ਸੀ।’ (ਪੰਨਾ 56) ਇਸ ਤਰ੍ਹਾਂ ਕਹਾਣੀ ਦੇ ਵਰਣਨ ਵਿਚ ਬਿਰਤਾਂਤਕਾਰ ‘ਦਾਦੀ’ ਸ਼ਬਦ ਵਰਤਦਾ ਹੈ ਅਤੇ ਬਿਰਤਾਂਤ ਵਿਚ ਮਾਇਕਲ ‘ਗਰੈਨੀ’ ਸ਼ਬਦ ਉਚਾਰ ਰਿਹਾ ਹੈ। ਕਹਾਣੀ ਵਿਚ ਇਸ ਤਰ੍ਹਾਂ ਦੀਆਂ ਕਥਾ-ਜੁਗਤਾਂ ਰਾਹੀਂ ਪੰਜਾਬੀ ਅਤੇ ਗ਼ੈਰ-ਪੰਜਾਬੀ ਸਭਿਆਚਾਰ ਵਿਚ ਸਮਤੋਲ ਬਣਾਇਆ ਹੋਇਆ ਹੈ।

ਜਗਜੀਤ ਗਿੱਲ ਦੀ ਕਹਾਣੀ ‘ਠੱਠੀ’ ਦਲਿਤ ਭਾਈਚਾਰੇ ਦੇ ਜੀਵਨ ਪ੍ਰਤਿ ਇੱਕ ਵੱਖਰਾ ਦ੍ਰਿਸ਼ਟੀਕੋਣ ਚਿਤਰਦੀ ਹੈ। ਅਨਯ-ਪੁਰਖੀ ਬਿਰਤਾਂਤਕ ਸ਼ੈਲੀ ਵਿਚ ਲਿਖੀ ਇਸ ਕਹਾਣੀ ਦੇ ਇੱਕ ਤੋਂ ਵਧੇਰੇ ਉਪ-ਬਿਰਤਾਂਤ ਇਸਦੀ ਬਣਤਰ ਨੂੰ ਗੁੰਝਲਦਾਰ ਬਣਾਉਂਦੇ ਹਨ। ਇਸਦੇ ਪਹਿਲੇ ਉਪ-ਬਿਰਤਾਂਤ ਵਿਚ ਸੀਤੋ ਅਤੇ ਸੰਮਾ ਦੀ ਕਥਾ ਰਾਹੀਂ ਦਲਿਤ ਅਤੇ ਜੱਟਾਂ ਨੂੰ ‘ਬਾਇਨਰੀ ਆਪੋਜ਼ੀਸ਼ਨਜ਼’ ਦੇ ਰੂਪ ਵਿਚ ਚਿਤਰਦਾ ਹੈਭਾਲਾ ਜੱਟ ਦਿਹਾੜੀ ’ਤੇ ਆਏ ਸੰਮੇ ਨੂੰ ਚਾਹ ਰਾਹੀਂ ਅਫ਼ੀਮ ਦੇ ਨਸ਼ੇ ਦਾ ਆਦੀ ਬਣਾ ਦਿੰਦਾ ਹੈ। ਸੰਮਾ ਆਪਣੀ ਮੌਤ ਤੱਕ ਭਾਲੇ ਨਾਲ ਦਿਹਾੜੀ ਕਰਦਾ ਵੀ ਕਰਜ਼ੇ ਦੀ ਪੰਡ ਪਿੱਛੇ ਛੱਡ ਜਾਂਦਾ ਹੈ, ਜਿਸ ਨੂੰ ਉਤਾਰਨ ਆੜ ਵਿਚ ਭਾਲਾ ਸੀਤੋ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ। ਅਗਲੇ ਉਪ-ਬਿਰਤਾਂਤ ਵਿਚ ਠੱਠੀ ਵਿਚ ਰਹਿਣ ਵਾਲੇ ਗਾਗੀ ਤੇ ਗ੍ਹੋਲਣ ਦੀ ਧੀ ਨਿੰਮੋ ਨਾਲ ਕੁਕਰਮ ਕਰਨ ਦਾ ਇਲਜ਼ਾਮ ਸ਼ੰਗਾਰਾ ਸਿੰਘ ਦੇ ਮੁੰਡੇ ਗੇਲੇ ’ਤੇ ਲੱਗਦਾ ਹੈ। ਕਹਾਣੀ ਵਿਚ ਪਹਿਲਾਂ ਆਏ ਉਪ-ਬਿਰਤਾਂਤਾਂ ਅਤੇ ਗੇਲੇ ਦੇ ਵਿਵਹਾਰ ਤੋਂ ਵੀ ਇਹ ਲੱਗਦਾ ਹੈ ਕਿ ਅਸਲ ਦੋਸ਼ੀ ਗੇਲਾ ਹੀ ਹੈ। ਪਰ ਕਹਾਣੀ ਉਸ ਵੇਲੇ ਪਲਟਾ ਖਾ ਜਾਂਦੀ ਹੈ ਜਦੋਂ ਆਪਣੇ ਪਿਓ ਦੁਆਰਾ ਦਾਤਰ ਚੁੱਕ ਕੇ ਮਾਰਨ ਆਉਣ ’ਤੇ ਨਿੰਮੋ ਦੱਸਦੀ ਹੈ ਕਿ ਉਸ ਨਾਲ ਧੱਕਾ ਠੱਠੀ ਵਿਚ ਰਹਿਣ ਵਾਲੇ ‘ਤਾਰੀ ਫੁੱਫੜ’ ਨੇ ਕੀਤਾ ਹੈ। ਇਸ ਤਰ੍ਹਾਂ ਕਹਾਣੀਕਾਰ ਪਹਿਲੇ ਉਪ- ਬਿਰਤਾਂਤ ਵਿਚ ਸਿਰਜੀ ਜੱਟ ਅਤੇ ਦਲਿਤ ਦੀ ਵਿਰੋਧਤਾ ਨੂੰ ਆਖ਼ਰੀ ਉਪ-ਬਿਰਤਾਂਤ ਵਿਚ ਤੋੜ ਦਿੰਦਾ ਹੈ। ਕਹਾਣੀ ਵਿਚ ਅਗਲਾ ਪਾਸਾਰ ਇਹ ਖੁੱਲ੍ਹਦਾ ਹੈ ਕਿ ਰਿਜ਼ਰਵ ਸੀਟ ਤੋਂ ਜਿੱਤ ਕੇ ਸਰਪੰਚ ਬਣਿਆ ਗਾਗਾ ਸਿੰਘ ਪੰਚਾਇਤ ਵਿਚ ਮੰਜੇ ਉੱਤੇ ਸ਼ੰਗਾਰਾ ਸਿੰਘ ਦੇ ਬਰਾਬਰ ਬੈਠ ਕੇ ਤਾਰੀ ਦੇ ਸਨਸਨੀਖੇਜ਼ ਕਤਲ ਨੂੰ ਦੁਰਘਟਨਾ ਸਾਬਿਤ ਕਰ ਦਿੰਦਾ ਹੈ।

ਬਲਵਿੰਦਰ ਗਰੇਵਾਲ ਦੀ ਕਹਾਣੀ ‘ਜਾਂ ਸ਼ਾਇਦ ਇਸ ਵਾਰ’ ਵਿਚ ਇਤਿਹਾਸ ਅਤੇ ਸਮਕਾਲ ਦੇ ਆਪਸੀ ਦਵੰਦ ਨੂੰ ਬਹੁਪਰਤੀ ਗਲਪੀ-ਬਿੰਬ ਰਾਹੀਂ ਪੇਸ਼ ਕੀਤਾ ਗਿਆ ਹੈ। ਪੰਜਾਬ ਸੰਕਟ ਦੇ ਸਮੇਂ ਜਿਨ੍ਹਾਂ ‘ਮੁੰਡਿਆਂ’ ਦੇ ਸਾਥੀਆਂ ਨੇ ਕਰਮਜੀਤ ਉਰਫ਼ ਚਿੜੀ ਦੇ ਪਿਓ ਹਰਵੀਰ ਨੂੰ ਬੰਬ ਬਣਾਉਣ ਦੀ ਹਾਮੀ ਨਾ ਭਰਨ ਕਰਕੇ ਮਾਰ ਦਿੱਤਾ ਸੀ, ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਚੱਲ ਰਹੀ ਕਾਰ ਸੇਵਾ ਵਿਚ ਕਰਮਜੀਤ ਨੂੰ ਲਿਜਾਣ ਲਈ ਜਥੇਦਾਰ ਧੰਨਾ ਸਿੰਘ ਉਸਦੇ ਘਰ ਆਉਂਦਾ ਹੈ। ਕਹਾਣੀਕਾਰ ਇਸ ਬਿਰਤਾਂਤ ਨੂੰ ਹੋਰ ਗ਼ਹਿਰਾਈ ਦੇਣ ਲਈ ਬਾਬਾ ਬੰਦਾ ਬਹਾਦਰ ਅਤੇ ਮੁਗ਼ਲਾਂ ਦੇ ਟਕਰਾਅ ਨਾਲ ਜੋੜਦਾ ਹੈ। ਕਾਰ-ਸੇਵਾ ਵਾਲੇ ਬਾਬੇ ਧੰਨਾ ਸਿੰਘ ਨਾਲ ਮਿਲ ਕੇ ਸੰਗਮਰਮਰ ਦੀ ਯਾਦਗਾਰ ਬਣਾਉਣ ਲਈ ਬੰਦਾ ਬਹਾਦਰ ਦੀ ਮੁਗਲਾਂ ਨਾਲ ਟੱਕਰ ਲੈਣ ਸਮੇਂ ਦੀ ਨਿਸ਼ਾਨੀ ਸਰਹੰਦੀ ਇੱਟਾਂ ਦੀ ਕੰਧ ਨੂੰ ਢਾਹੁਣਾ ਚਾਹੁੰਦੇ ਹਨਜਦੋਂ ਹਰਵੀਰ ਨੂੰ ‘ਮੁੰਡਿਆਂ’ ਨੇ ਮਾਰਿਆ ਸੀ ਤਾਂ ਉਹ ਵੀ ਇਸੇ ਕੰਧ ਦੇ ਆਸਰੇ ਖੜ੍ਹਿਆ ਸੀ। ਇਸ ਤਰ੍ਹਾਂ ਜਟਿਲ ਬਿਰਤਾਂਤ ਦੀ ਇਹ ਕਹਾਣੀ ਲੋਕ-ਪੱਖੀ ਅਤੇ ਲੋਕ-ਵਿਰੋਧੀ ਪੈਤੜਿਆਂ ਦੀ ਨਿਸ਼ਾਨਦੇਹੀ ਕਰਨ ਦੀ ਲਈ ਗਲਪ ਅਤੇ ਇਤਿਹਾਸ ਦਾ ਮਿਸ਼ਰਣ ਸਿਰਜਦੀ ਹੈ।

ਪਰਵਾਸੀ ਕਹਾਣੀਕਾਰ ਪ੍ਰੇਮ ਮਾਨ ਦੀ ਰਚਨਾ ‘ਸਕੂਨ’ ਵਿਚ ਜਗਰੂਪ (ਜੱਗੀ) ਅਤੇ ਜੈਨੀਫ਼ਰ (ਜੈੱਨ) ਦੇ ਬਿਰਤਾਂਤ ਰਾਹੀਂ ਪਰਵਾਸ ਵਿਚ ਭਾਰਤੀ ਔਰਤ ਦੇ ਜਿਸਮਾਨੀ ਸੰਬੰਧਾਂ ਪ੍ਰਤਿ ਨਜ਼ਰੀਏ ਨੂੰ ਪੇਸ਼ ਕੀਤਾ ਹੈ। ਜੱਗੀ ਚੰਡੀਗੜ੍ਹ ਦੀ ਜੰਮਪਾਲ ਅਤੇ ਅਮਰੀਕਾ ਵਿਚ ਐਮ. ਬੀ. ਏ. ਕਰਨ ਗਈ ਉੱਥੇ ਹੀ ਰਹਿਣ ਲੱਗ ਜਾਂਦੀ ਹੈ। ਜੱਗੀ ਭਾਰਤੀ ਪਰੰਪਰਕ ਵਿਆਹ ਪ੍ਰਬੰਧ ਤੋਂ ਮੁਨਕਰ ਹੈ ਅਤੇ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਪਰ ਕਹਾਣੀ ਵਿਚ ਜੱਗੀ ਦਾ ਵੱਖ-ਵੱਖ ਮਰਦਾਂ ਨਾਲ ਸੰਬੰਧ ਬਣਾਉਣਾ, ਗੋਰਿਆਂ ਦੀ ਥਾਂ ਕਾਲ਼ਿਆਂ ਨੂੰ ਪਸੰਦ ਕਰਨਾ ਅਤੇ ਸਰੀਰਕ ਸੰਬੰਧਾਂ ਲਈ ਐਸਕੋਰਟ ਏਜੰਸੀ ਦੀ ਵਰਤੋਂ ਕਰਨਾ, ਉਸਦੀ ਵਿਅਕਤੀਗਤ-ਖੁੱਲ੍ਹ ਦੀ ਥਾਂ ਜੈਨੀਫ਼ਰ ਦੀ ਪਿਛਲਗਤਾ ਵਧੇਰੇ ਜਾਪਦਾ ਹੈ। ਕਹਾਣੀ ਵਿਚ ਜੱਗੀ ਮਰਦ ਨਾਲ ਵਿਆਹ ਜਿਹੇ ਪਰੰਪਰਕ ਬੰਧਨਾਂ ਤੋਂ ਮੁਕਤ ਹੁੰਦੀ ਹੈ ਪਰ ਨਾਲ ਹੀ ਉਮਰ ਦੇ ਪੰਜਾਹ ਵਰ੍ਹੇ ਲੰਘ ਕੇ ਵੀ ਮਰਦ ਦੇ ਜਿਸਮਾਨੀ ਸਾਥ ਤੋਂ ਬਾਅਦ ਹੀ ਸਕੂਨ ਮਹਿਸੂਸ ਕਰਦੀ ਹੈ।

ਜੰਮੂ-ਕਸ਼ਮੀਰ ਦੀ ਪੰਜਾਬੀ ਗਲਪਕਾਰ ਸੁਰਿੰਦਰ ਨੀਰ ਦੁਆਰਾ ਅਨਯ-ਪੁਰਖੀ ਸ਼ੈਲੀ ਵਿਚ ਲਿਖੀ ਕਹਾਣੀ ‘ਟੈਬੂਜ਼’ ਨਿੱਜੀ ਆਜ਼ਾਦੀ ਦੇ ਮਸਲੇ ਨੂੰ ਮਾਂ ਅਤੇ ਧੀ ਦੇ ਰਿਸ਼ਤੇ ਰਾਹੀਂ ਪੇਸ਼ ਕਰਦੀ ਹੈ। ਧੀ ਆਪਣੇ ਸਹਿਯੋਗੀ ਨਾਲ ਬਣਾਏ ‘ਲਿਵ-ਇਨ ਰਿਲੇਸ਼ਨ’ ਦੇ ਰਿਸ਼ਤੇ ਨੂੰ ਬੜੀ ਸਹਿਜਤਾ ਨਾਲ ਆਪਣੀ ਮਾਂ ਨੂੰ ਦੱਸਦੀ ਹੈ ਅਤੇ ਮਾਂ ਨਾ ਚਾਹੁੰਦੇ ਹੋਏ ਵੀ ਇਸ ਗੱਲ ਨੂੰ ਸਵੀਕਾਰ ਕਰ ਲੈਂਦੀ ਹੈ। ਪਰ ਵਿਅਕਤੀਗਤ ਆਜ਼ਾਦੀ ਦਾ ਰਾਗ ਅਲਾਪਣ ਵਾਲੀ ਧੀ ਜਦੋਂ ਮਾਂ ਦੇ ਫ਼ੋਨ ’ਤੇ ਕਿਸੇ ਓਪਰੇ ਮਰਦ ਦਾ ਮੈਸਜ਼ ਪੜ੍ਹਦੀ ਹੈ ਤਾਂ ਆਪਣੀ ਸਾਰੀ ਸਹਿਜਤਾ ਗੁਆ ਬੈਠਦੀ ਹੈ। ਇਸ ਤਰ੍ਹਾਂ ਸਰਲ ਬਿਰਤਾਂਤ ਵਾਲੀ ਇਹ ਕਹਾਣੀ ਨਵੀਂ ਪੀੜੀ ਦੇ ਸਨਮੁੱਖ ਵੱਡਾ ਸਵਾਲ ਛੱਡ ਜਾਂਦੀ ਹੈ ਕਿ ਕੀ ਖ਼ੁਦ ਲਈ ਆਜ਼ਾਦੀ ਮੰਗਣ ਵਾਲੀ ਨਵੀਂ ਪੀੜ੍ਹੀ ਆਪਣੇ ਤੋਂ ਪਹਿਲਾਂ ਦੀ ਪੀੜ੍ਹੀ ਦੀ ਵਿਅਕਤੀਗਤ ਖੁੱਲ੍ਹ ਨੂੰ ਸਵੀਕਾਰ ਕਰੇਗੀ?

ਕੇਸਰਾ ਰਾਮ ਦੀ ਕਹਾਣੀ ‘ਥੈਂਕਸ ਏ ਲੌਟ ਪੁੱਤਰਾ!’ ਬੁਢਾਪੇ ਵਿਚ ਪਤੀ-ਪਤਨੀ ਦੇ ਸੰਬੰਧਾਂ ਵਿਚ ਪਸਰੀ ਨੀਰਸਤਾ ਨੂੰ ਬਿਆਨ ਕਰਦੀ ਹੈ ਕਹਾਣੀ ਵਿਚ ਮੈਂ-ਪਾਤਰ ਨੂੰ ਰਿਟਾਇਰਮੈਂਟ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚੋਂ ਥਰਿੱਲ ਖ਼ਤਮ ਹੋ ਗਿਆ ਲੱਗਦਾ ਹੈ। ਉਹ ਆਪਣੀ ਪਤਨੀ ਤੋਂ ਜਵਾਨੀ ਵਾਲਾ ਹੁੰਗਾਰਾ ਭਾਲਦਾ ਹੈ ਪਰ ਬੁਢਾਪੇ ਵਿਚ ਪਤਨੀ ਦੀ ਟੇਕ ਪਤੀ ਤੋਂ ਜ਼ਿਆਦਾ ਪੁੱਤਰ ’ਤੇ ਹੋ ਜਾਂਦੀ ਹੈ। ਇਸ ਤਰ੍ਹਾਂ ਜਦੋਂ ਅਮਰੀਕਾ ਦੀ ਮਲਟੀਨੈਸ਼ਨਲ ਕੰਪਨੀ ਵਿਚ ਸੀ.ਈ.ਓ. ਲੱਗੇ ਪੁੱਤਰ ਦੇ ਕਾਫ਼ੀ ਸਮੇਂ ਬਾਅਦ ਘਰ ਆਉਣ ਦੀ ਖ਼ਬਰ ਪਤਨੀ ਨੂੰ ਮਿਲਦੀ ਹੈ ਤਾਂ ਉਸ ਵਿਚ ਜਵਾਨੀ ਵਾਲੀ ਫ਼ੁਰਤੀ ਵਾਪਸ ਆ ਜਾਂਦੀ ਹੈ। ਕਹਾਣੀ ਦੇ ਅੰਤ ਵਿਚ ਪੁੱਤਰ ਦੇ ਨਾ ਆਉਣ ਦੀ ਖ਼ਬਰ ਬਾਪ ਨੂੰ ਮੈਸਜ਼ ਰਾਹੀਂ ਮਿਲ ਜਾਂਦੀ ਹੈ ਪਰ ਉਹ ਆਪਣੀ ਪਤਨੀ ਨੂੰ ਇਹ ਖ਼ਬਰ ਨਹੀਂ ਦੱਸਦਾ ਕਿਉਂਕਿ ਉਹ ਚਾਹੇ ਥੋੜ੍ਹੇ ਸਮੇਂ ਲਈ ਹੀ ਸਹੀ ਪਰ ਇਹ ਖ਼ੁਸ਼ੀ ਨੂੰ ਮਾਨਣਾ ਚਾਹੁੰਦਾ ਹੈ।

ਅਨਯ-ਪੁਰਖੀ ਬਿਰਤਾਂਤਕ ਸ਼ੈਲੀ ਵਿਚ ਲਿਖੀ ਬਲਬੀਰ ਪਰਵਾਨਾ ਦੀ ਕਹਾਣੀ ‘ਗਮਲਿਆਂ ਵਿਚ ਉੱਗਦੀ ਜ਼ਿੰਦਗੀ’ ਮਧੂ ਮੈਡਮ ਦੇ ਜੀਵਨ-ਦ੍ਰਿਸ਼ ਰਾਹੀਂ ਸ਼ਹਿਰੀ ਮੱਧ-ਵਰਗ ਦੇ ਜੀਵਨ ਵਿਚ ਅਲੋਪ ਹੋ ਰਹੇ ਮਾਨਵੀ ਮੋਹ ਨੂੰ ਵਧੀਆ ਢੰਗ ਨਾਲ ਚਿਤਰਿਆ ਹੈ। ਮਧੂ ਮੈਡਮ ਆਪਣੇ ਘਰ ਜਾਂ ਆਫ਼ਿਸ ਦੇ ਹਰ ਕੰਮ ਨੂੰ ਬੜੇ ਸਲੀਕੇ ਨਾਲ ਕਰਦੀ ਹੈ। ਭਾਵੇਂ ਉਸਨੇ ਬਿਊਟੀ ਪਾਰਲਰ ਜਾਣਾ ਹੋਵੇ ਜਾਂ ਘਰ ਵਿਚ ਬੂਟਿਆਂ ਦੀ ਕਟਾਈ ਕਰਵਾਉਣੀ ਹੋਵੇ, ਉਹ ਕਦੇ ਵੀ ਆਪਣੀ ਰੁਟੀਨ ਨੂੰ ਟੁੱਟਣ ਨਹੀਂ ਦਿੰਦੀ। ਇਸ ਦੇ ਉਲਟ ਮਧੂ ਮੈਡਮ ਨੂੰ ਆਪਣੀ ਨੌਕਰਾਣੀ ਉਮਾ ਜਾਮਣ ਦੇ ਦਰਖ਼ਤ ਹੇਠ ਮੱਖੀਆਂ-ਮੱਛਰਾਂ ਵਿਚਕਾਰ ਆਪਣੇ ਪਤੀ ਨਾਲ ਬੈਠ ਕੇ ਚਾਹ ਪੀਂਦੇ ਹੋਏ ਖਿੜ-ਖਿੜ ਹੱਸਦੀ ਬਹੁਤ ਗੰਵਾਰ ਲੱਗਦੀ ਹੈ। ਕਹਾਣੀ ਵਿਚ ਮਧੂ ਮੈਡਮ ਦੀ ਸਲੀਕੇ ਵਾਲੀ ਜ਼ਿੰਦਗੀ ਦੇ ਅਰਥ ਗਮਲੇ ਦੇ ਬਿੰਬ ਰਾਹੀਂ ਵਿਅੰਗਾਤਮਕ ਤਰੀਕੇ ਨਾਲ ਸਾਕਾਰ ਹੁੰਦੇ ਹਨ। ਜਿਸ ਤਰ੍ਹਾਂ ਗਮਲੇ ਵਿਚ ਉੱਗੇ ਪੌਦਿਆਂ ਵਿਚ ਮਿੱਟੀ ਤਾਂ ਹੈ ਪਰ ਧਰਤੀ ਦਾ ਸਪਰਸ਼ ਨਹੀਂ ਹੈ, ਇਸੇ ਤਰ੍ਹਾਂ ਮਧੂ ਮੈਡਮ ਦੇ ਜੀਵਨ ਵਿਚ ਸਿਰਫ਼ ਸਲੀਕਾ ਹੈ ਪਰ ਜ਼ਿੰਦਗੀ ਜਿਉਣ ਦਾ ਅਹਿਸਾਸ ਗ਼ਾਇਬ ਹੈ।

ਪਾਕਿਸਤਾਨੀ ਕਹਾਣੀਕਾਰ ਜ਼ੁਬੈਰ ਅਹਿਮਦ ਦੀ ਕਹਾਣੀ ‘ਅੱਗ ਲੱਗੇ ਦਰਿਆ’ ਪਾਕਿਸਤਾਨ ਵਿਚ ਸ਼ਹਿਰੀ ਜੀਵਨ ਦੀ ਥਿੜਕੀ ਹੋਈ ਮਾਨਸਿਕਤਾ ਦਾ ਚਿਤਰਣ ਫੈਂਟਸੀ ਦੀ ਜੁਗਤ ਰਾਹੀਂ ਕਰਦੀ ਹੈ। ਕਹਾਣੀ ਵਿਚ ਬਿਜਲੀ ਮਹਿਕਮੇ ਵਿਚ ਕਲਰਕ ਲੱਗੇ ਮੈਂ-ਪਾਤਰ ਨੂੰ ਆਪਣੇ ਸਹਿਕਰਮੀ ਰਜ਼ਾ ਦੀ ਜ਼ਿੰਦਗੀ ਵਿਚਲੀਆਂ ਤੰਗੀਆਂ-ਤੁਰਸ਼ੀਆਂ ਅਤੇ ਬੇਈਮਾਨੀਆਂ ਸੁਪਨੇ ਰਾਹੀਂ ਦਿਖਾਈ ਦਿੰਦੀਆਂ ਹਨਸਾਰੀ ਕਹਾਣੀ ਵਿਚ ਪਸਰੀ ਹੋਈ ਸੁਪਨੇ ਅਤੇ ਯਥਾਰਥ ਦੀ ਕਸ਼ਮਕਸ਼ ਮੈਂ-ਪਾਤਰ ਦੀ ਥਿੜਕੀ ਹੋਈ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ। ਇੱਕ ਪਲ ਲਈ ਉਸਨੂੰ ਜ਼ਿੰਦਗੀ ਆਬਾਦ ਲੱਗਣ ਲੱਗ ਪੈਂਦੀ ਹੈ ਅਤੇ ਦੂਜੇ ਹੀ ਪਲ ਉਜਾੜਾ ਨਜ਼ਰ ਆਉਂਦਾ ਹੈ।. ਅਜਿਹੀ ਦੁਫਾੜ ਮਾਨਸਿਕਤਾ ਦੇ ਕਾਰਨ ਮੈਂ-ਪਾਤਰ ਨੂੰ ਸੁਪਨੇ ਅਤੇ ਅਸਲੀਅਤ ਵਿਚਲਾ ਅੰਤਰ ਘੱਟ ਨਜ਼ਰ ਆਉਂਦਾ ਹੈ।

ਇਸ ਪੁਸਤਕ ਦੀ ਭੂਮਿਕਾ ਵਿਚ ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ‘ਇਨ੍ਹਾਂ ਕਹਾਣੀਆਂ ਵਿਚ ਪੰਜਵੇਂ ਪੜਾ ਦੀ ਆਹਟ ਸੁਣਾਈ ਦਿੰਦੀ ਹੈ।’ ਜੇਕਰ ਇਨ੍ਹਾਂ ਕਹਾਣੀਆਂ ਦੀ ਕਥਾ-ਜੁਗਤ ਅਤੇ ਵਿਸ਼ਾ-ਵਸਤੂ ਦੀ ਗੱਲ ਕਰੀਏ ਤਾਂ ‘ਕਾਲੇ ਵਰਕੇ’, ‘ਰਾਡ’ ਅਤੇ ‘ਟੈਬੂਜ਼’ (ਵਿਸ਼ੇ ਪੱਖੋਂ) ਕਹਾਣੀਆਂ ਵਿਚ ਨਵੀਨਤਾ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ ‘ਸ਼ਹੀਦ’ ਅਤੇ ‘ਸਕੂਨ’ ਕਹਾਣੀ ਵਿਚ ਮਰਦ ਕੋਣ ਤੋਂ ਨਾਰੀ ਮਾਨਸਿਕਤਾ ਨੂੰ ਜਿਸ ਤਰ੍ਹਾਂ ਚਿਤਰਿਆ ਹੈ ਉਹ ਪੰਜਾਬੀ ਕਹਾਣੀ ਲਈ ਨਵਾਂ ਵਿਸ਼ਾ ਨਹੀਂ ਹੈ। ‘ਠੱਠੀ’ ਅਤੇ ‘ਜਾਂ ਸ਼ਾਇਦ ਇਸ ਵਾਰ’ ਚੌਥੇ ਪੜਾ ਦੀ ਕਹਾਣੀ ਜਿਹਾ ਗੁੰਝਲਦਾਰ ਬਿਰਤਾਂਤ ਸਿਰਜਦੀਆਂ ਨਜ਼ਰ ਆਉਂਦੀਆਂ ਹਨ। ਸਮੁੱਚੇ ਰੂਪ ਵਿਚ ਇਹ ਕਹਾਣੀ ਸੰਗ੍ਰਹਿ ਨਵੀਨਤਾ ਦਾ ਅਹਿਸਾਸ ਕਰਵਾਉਂਦਾ ਹੈ ਭਾਵੇਂ ਉਸਦੀ ਸੁਰ ਅਜੇ ਮੱਧਮ ਹੈ।

*****

(409)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪਰਮਜੀਤ ਸਿੰਘ

ਪਰਮਜੀਤ ਸਿੰਘ

Mobile: (91 - 94631 - 12208)
Email: (parmjitaujla@gmail.com)