UjagarSingh7ਅਮਰਜੀਤ ਕੌਂਕੇ ਦਾ ਨਵੇਂ ਕਵੀਆਂ ਲਈ ਕੀਤਾ ਗਿਆ ਇਹ ਉੱਦਮ ਉਨ੍ਹਾਂ ਦੇ ਸਾਹਿਤਕ ਭਵਿੱਖ ਲਈ ...
(ਨਵੰਬਰ 30, 2015)



‘ਅੱਖਰ ਅੱਖਰ ਦਾ ਅਹਿਸਾਸ’ ਪੁਸਤਕ ਉੱਭਰਦੇ ਕਵੀਆਂ ਅਤੇ ਕਵਿੱਤਰੀਆਂ ਲਈ ਪ੍ਰੇਰਨਾ ਦਾ ਪ੍ਰਤੀਕ ਸਾਬਤ ਹੋਵੇਗੀ ਕਿਉਂਕਿ ਪੁੰਗਰਦੇ ਲੇਖਕਾਂ ਨੂੰ ਇਸ ਪੁਸਤਕ ਵਿਚ ਪ੍ਰਕਾਸ਼ਤ ਹੋਣ ਨਾਲ ਹੋਰ ਬਿਹਤਰ ਭਾਵਨਾ ਨਾਲ ਕਵਿਤਾਵਾਂ ਲਿਖਣ ਦਾ ਹੌਸਲਾ ਮਿਲੇਗਾ। ਆਮ ਤੌਰ ’ਤੇ ਸਥਾਪਤ ਲੇਖਕ ਉੱਭਰਦੇ ਸਾਹਿਤਕਾਰਾਂ ਨੂੰ ਉਤਸ਼ਾਹਤ ਕਰਨ ਤੋਂ ਗੁਰੇਜ਼ ਹੀ ਕਰਦੇ ਹਨ
, ਜਿਸ ਕਰਕੇ ਨਵੇਂ ਲੇਖਕਾਂ ਨੂੰ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਇਹ ਤਾਂ ਦਰੁਸਤ ਹੈ ਕਿ ਨਵੇਂ ਸਾਹਿਤਕਾਰਾਂ ਦੀਆਂ ਰਚਨਾਵਾਂ ਉੰਨੀਆਂ ਨਿੱਗਰ ਅਤੇ ਪਾਏਦਾਰ ਨਹੀਂ ਹੁੰਦੀਆਂ ਪ੍ਰੰਤੂ ਜੇਕਰ ਉਨ੍ਹਾਂ ਨੂੰ ਯੋਗ ਅਗਵਾਈ ਅਤੇ ਉਤਸ਼ਾਹ ਮਿਲ ਜਾਵੇ ਤਾਂ ਉਹ ਵੀ ਚੰਗੀਆਂ ਰਚਨਾਵਾਂ ਲਿਖ ਸਕਦੇ ਹਨ। ਇਸੇ ਲੜੀ ਵਿਚ ਅਮਰਜੀਤ ਕੌਂਕੇ ਦਾ ਨਵੇਂ ਕਵੀਆਂ ਲਈ ਕੀਤਾ ਗਿਆ ਇਹ ਉੱਦਮ ਉਨ੍ਹਾਂ ਦੇ ਸਾਹਿਤਕ ਭਵਿੱਖ ਲਈ ਵਰਦਾਨ ਸਾਬਤ ਹੋਵੇਗਾ।

ਆਮ ਤੌਰ ’ਤੇ ਇਨਸਾਨ ਦੀ ਪ੍ਰਵਿਰਤੀ ਹੈ ਕਿ ਉਹ ਆਪਣੇ ਮੁਕਾਬਲੇ ਵਿਚ ਆਉਣ ਵਾਲਿਆਂ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰਦਾ ਹੈ ਪ੍ਰੰਤੂ ਇਸ ਪੁਸਤਕ ਨੂੰ ਪ੍ਰਕਾਸ਼ਤ ਕਰਨ ਦਾ ਉੱਦਮ ਸਥਾਪਤ ਪ੍ਰਸਥਿਤੀਆਂ ਦੇ ਵਿਰੁੱਧ ਕੀਤਾ ਗਿਆ ਵਿਲੱਖਣ ਕਾਰਜ ਹੈ। ਅਮਰਜੀਤ ਕੌਂਕੇ ਵਧਾਈ ਦਾ ਪਾਤਰ ਹੈ ਕਿਉਂਕਿ ਉਸਨੇ ਨਵੇਂ ਕਵੀਆਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ। ਜੇਕਰ ਇਨ੍ਹਾਂ ਵਿਚ ਕੋਈ ਦਮ-ਖਮ ਹੋਵੇਗਾ ਤਾਂ ਸਾਹਿਤ ਖੇਤਰ ਵਿਚ ਸਥਾਪਤ ਹੋ ਸਕਣਗੇ।

ਇਸ ਪੁਸਤਕ ਵਿਚ 21 ਕਵੀਆਂ ਅਤੇ ਕਵਿੱਤਰੀਆਂ ਦੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 12 ਕਵਿੱਤਰੀਆਂ ਅਤੇ 9 ਕਵੀ ਹਨ, ਜਿਹੜੇ ਫੇਸਬੁੱਕ ਤੇ ਆਪਣੀਆਂ ਕਵਿਤਾਵਾਂ ਪ੍ਰਕਾਸ਼ਤ ਕਰਕੇ ਹੀ ਸੰਤੁਸ਼ਟ ਹੋ ਜਾਂਦੇ ਸਨ ਕਿਉਂਕਿ ਸਥਾਪਤ ਸਾਹਿਤਕ ਰਸਾਲੇ ਜਾਂ ਅਖ਼ਬਾਰ ਇਨ੍ਹਾਂ ਨੂੰ ਬਹੁਤ ਘੱਟ ਮੌਕੇ ਪ੍ਰਦਾਨ ਕਰਦੇ ਸਨ। ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਦੇ ਵਿਸ਼ੇ ਵੀ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ। ਉਹ ਸਮਾਜ ਪ੍ਰਤੀ ਚਿੰਤਾਤੁਰ ਵੀ ਲਗਦੇ ਹਨ। ਆਮ ਤੌਰ ’ਤੇ ਰੁਮਾਂਟਿਕ ਕਵਿਤਾਵਾਂ ਹੀ ਲਿਖੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਅਸਫਲ ਪਿਆਰ ਦੇ ਰੋਣੇ ਧੋਣੇ ਹੁੰਦੇ ਹਨ। ਕਈ ਕਵੀ ਅਤੇ ਕਵਿੱਤਰੀਆਂ ਤਾਂ ਸਾਹਿਤਕ ਪੱਧਰ ਤੇ ਖ਼ਰੇ ਉੱਤਰਦੇ ਨਜ਼ਰ ਆ ਰਹੇ ਹਨ। ਕੁਝ ਨੇ ਸੁਰ, ਤਾਲ, ਸਰੋਦ ਅਤੇ ਲੈਅ ਵਿਚ ਅਤੇ ਕੁਝ ਨੇ ਖੁੱਲ੍ਹੀਆਂ ਵਿਚਾਰਧਾਰਿਕ ਕਵਿਤਾਵਾਂ ਲਿਖੀਆਂ ਹਨ। ਇਸ ਪੁਸਤਕ ਵਿਚ ਆਸਥਾ ਸਿਰਲੇਖ ਵਾਲੀ ਕਵਿਤਾ ਵਿਅੰਗਾਤਮਿਕ ਹੈ ਕਿਉਂਕਿ ਕੁਝ ਲੋਕ ਕਿਸੇ ਵੀ ਕੰਮ ਵਿਚ ਅੰਧਾ ਧੁੰਦ ਵਿਸ਼ਵਾਸ ਕਰ ਲੈਂਦੇ ਹਨ ਜੋ ਜਾਇਜ ਨਹੀਂ, ਫੋਕੇ ਦਾਅਵਿਆਂ ਦਾ ਵੀ ਪਾਜ ਉਘਾੜਿਆ ਹੈ। ਬੇਰੋਜ਼ਗਾਰੀ, ਦਾਜ ਅਤੇ ਜਾਤ ਬਰਾਦਰੀ ਦਾ ਖੰਡਨ ਕੀਤਾ ਹੈ।

ਜੀਅ ਕਰਦਾ ਤਾਜ-ਮਹੱਲ ਬਣਾਵਾਂਗਾ, ਪਰ ਮਜ਼ਬੂਰੀ ਹੈ, ਬੇਰੋਜ਼ਗਾਰ ਹਾਂ ਮੈਂ।
ਲੱਖ ਕੋਸ਼ਿਸ਼ ਕਰਾਂ ਦਿਲ ਹੱਸਦਾ ਨਹੀਂ
, ਉਂਝ ਹੱਸਦਾ ਬੇਸ਼ੁਮਾਰ ਹਾਂ ਮੈਂ।
ਮੁਹੱਬਤ ਚੜ੍ਹ ਗਈ ਮਜ਼ਹਬ ਦੀ ਭੇਟਾ
, ਕੁਝ ਕਰ ਨਹੀਂ ਸਕਿਆ ਸ਼ਰਮਸ਼ਾਰ ਹਾਂ ਮੈਂ।

ਕਵੀ ਨੇ ਕਿੰਨਾ ਵੱਡਾ ਵਿਅੰਗ ਸਾਡੇ ਸਮਾਜ ਦੀ ਮਾਨਸਿਕਤਾ ਤੇ ਮਾਰਿਆ ਹੈ। ਇੱਕ ਪਾਸੇ ਅਸੀਂ ਜਾਤ ਪਾਤ ਦਾ ਖੰਡਨ ਕਰਦੇ ਹਾਂ ਦੂਜੇ ਪਾਸੇ ਜਾਤ ਪਾਤ ਨੂੰ ਪਿਆਰ ਦੇ ਰਸਤੇ ਵਿਚ ਆੜ ਬਣਾ ਕੇ ਵਿਚਰਦੇ ਹਾਂ। ਆਪਣੀ ਜ਼ਿੰਦਗੀ ਦੇ ਤਜ਼ਰਬੇ ’ਤੇ ਅਧਾਰਿਤ ਬਚਪਨ ਅਤੇ ਪ੍ਰੌੜ੍ਹ ਉਮਰ ਦੇ ਸਮੇਂ ਦੇ ਕੰਮਾਂ ਦੀ ਤੁਲਨਾ ਕਰਦਾ ਸ਼ਾਇਰ ਦੱਸ ਰਿਹਾ ਹੈ ਕਿ ਬਚਪਨ ਮਾਸੂਮ ਹੁੰਦਾ ਹੈ ਅਤੇ ਜਵਾਨੀ ਵਿਚ ਫ਼ਰੇਬ, ਚੋਚਲਾਪਨ ਅਤੇ ਚਲਾਕੀਆਂ ਪ੍ਰਧਾਨ ਹੋ ਜਾਂਦੀਆਂ ਹਨ। ਸ਼ਾਇਰ ਉਨ੍ਹਾਂ ਦੇ ਕੰਮਾਂ ਬਾਰੇ ਕਿੰਤੂ ਪ੍ਰੰਤੂ ਕਰਦਾ ਹੈ।

ਅੰਝਾਣੀ ਸੀ ਪ੍ਰੀਤ ਤਾਂ, ਖੇਡਦੀ ਸੀ ਗੁੱਡੀਆਂ।
ਹੋਈ ਸਿਆਣੀ ਜਦ
, ਖਿਡਾਇਆ ਵਾਂਗ ਗੁੱਡੀਆਂ।

ਸ਼ਾਇਰ ਭਾਵੇਂ ਨੌਜਵਾਨ ਹਨ ਪ੍ਰੰਤੂ ਉਨ੍ਹਾਂ ਦੀਆਂ ਕਵਿਤਾਵਾਂ ਜ਼ਿੰਦਗੀ ਪ੍ਰਤੀ ਸੰਜੀਦਗੀ ਦਾ ਪ੍ਰਗਟਾਵਾ ਕਰਦੀਆਂ ਲਗਦੀਆਂ ਹਨ। ਦਾਜ, ਗ਼ਰੀਬੀ, ਖ਼ੁਦਕੁਸ਼ੀਆਂ ਅਤੇ ਨਸ਼ਿਆਂ ਦੇ ਕਹਿਰ ਦਾ ਜ਼ਿਕਰ ਕਰਦਿਆਂ ਆਪਣੀ ਕਵਿਤਾ ਵਿਚ ਦ੍ਰਿਸ਼ਟਾਂਤ ਪੈਦਾ ਕਰ ਦਿੱਤਾ ਹੈ।

ਜਦੋਂ ਦਾਜ ਦੀ ਬਲੀ
ਚੜ੍ਹੀ ਮੁਟਿਆਰ ਦੀ
,
ਚਿਖਾ ਬਲੇ

ਮਾਂ ਦਾ ਜਵਾਨ ਪੁੱਤ
ਨਸ਼ਿਆਂ ਦੀ ਭੇਂਟ ਚੜ੍ਹੇ

ਕੋਈ ਕਿਸਾਨ ਖ਼ੁਦਕਸ਼ੀ ਕਰੇ

ਕਿਸੇ ਧੀ ਦੀ ਕੋਈ ਪੱਤ ਲੁੱਟੇ

ਜਦੋਂ ਗ਼ਰੀਬ ਦਾ ਬੱਚਾ ਰੋਟੀ ਲਈ ਤਰਸੇ।

ਕਵਿੱਤਰੀ ਨੇ ਇੱਕ ਕਵਿਤਾ ਵਿਚ ਕਿੰਨੇ ਸੰਜੀਦਾ ਵਿਸ਼ਿਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ ਜੋ ਕਿ ਉਸਦੀ ਸਮਾਜ ਪ੍ਰਤੀ ਚੇਤੰਨਤਾ ਦਾ ਸਬੂਤ ਹੈ।

ਇਸੇ ਤਰ੍ਹਾਂ ‘ਸੰਭਲ ਗਿਆ ਹਾਂ’ ਕਵਿਤਾ ਵਿਚ ਇਨਸਾਨ ਦੀ ਅੰਦਰਲੀ ਭਟਕਣਾ ਅਤੇ ਬੇਈਮਾਨੀ ਦੇ ਕਾਰਨ ਉਸਦੇ ਅੰਦਰ ਉੱਠ ਰਹੀ ਜਵਾਰਭਾਟਾ ਤੜਪਾ ਰਹੀ ਹੈ। ‘ਚਿੜੀ ਬੋਲ ਰਹੀ ਹੈ’ ਕਵਿਤਾ ਵਿਚ ਕਵਿੱਤਰੀ ਨੇ ਇਸਤਰੀ ਜਾਤੀ ਤੇ ਹੋ ਰਹੇ ਜ਼ੁਲਮਾਂ ਦਾ ਚਿੰਨ੍ਹਾਤਮਿਕ ਤੌਰ ’ਤੇ ਜ਼ਿਕਰ ਕੀਤਾ ਹੈ ਕਿ ਔਰਤ ਦੇ ਜੀਵਨ ਵਿਚ ਅਨੇਕਾਂ ਦੁਸ਼ਾਵਰੀਆਂ ਆਉਂਦੀਆਂ ਹਨ, ਉਹ ਉਨ੍ਹਾਂ ਦਾ ਡਟਕੇ ਮੁਕਾਬਲਾ ਕਰਦੀ ਹੋਈ ਆਪਣਾ ਜੀਵਨ ਬਸਰ ਕਰਦੀ ਹੈ।

ਇੱਕ ਹੋਰ ਕਵਿੱਤਰੀ ‘ਸੁਪਨੇ’ ਨਾਂ ਦੀ ਕਵਿਤਾ ਵਿਚ ਆਦਮੀ ਅਤੇ ਔਰਤ ਨੂੰ ਇੱਕ ਦੂਜੇ ਦੇ ਪੂਰਕ ਹੋ ਕੇ ਮਿਲਵਰਤਨ ਨਾਲ ਚੱਲਣ ਦੀ ਤਾਕੀਦ ਕਰਦੀ ਹੈ, ਭਾਵੇਂ ਉਸਨੂੰ ਆਦਮੀ ਦੀ ਮਤਲਬੀ ਸੋਚ ਬਾਰੇ ਸੰਪੂਰਨ ਜਾਣਕਾਰੀ ਹੁੰਦੀ ਹੈ। ‘ਰੱਬ ਦੇ ਰੰਗ’ ਨਾਮੀ ਕਵਿਤਾ ਵਿਚ ਕਵਿੱਤਰੀ ਅਜਿਹੇ ਦ੍ਰਿੱਸ਼ਾਂ ਦਾ ਜ਼ਿਕਰ ਕਰਦੀ ਹੈ, ਜਿਨ੍ਹਾਂ ਵਿਚ ਰੱਬ ਇਨਸਾਨ ਦੇ ਲਾਭ ਅਤੇ ਹਾਨੀ ਦੋਵੇਂ ਗੱਲਾਂ ਦਾ ਜ਼ਿੰਮੇਵਾਰ ਹੁੰਦਾ ਹੈ। ਚੰਗਿਆਈ-ਬੁਰਿਆਈ ਅਤੇ ਅਮੀਰੀ-ਗ਼ਰੀਬੀ ਇਕੱਠਿਆਂ ਚੱਲਦੀਆਂ ਰਹਿੰਦੀਆਂ ਹਨ, ਸਮਾਜਿਕ ਕਾਰ ਵਿਹਾਰ ਜਾਰੀ ਰਹਿੰਦੇ ਹਨ। ਇਨਸਾਨ ਦੀ ਫਿਤਰਤ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਉਹ ਕਿੰਨਾ ਖ਼ੁਦਗਰਜ ਹੁੰਦਾ ਹੈ, ਆਪਣੀ ਜਾਨ ਨੂੰ ਮਲੇਰੀਏ ਤੋਂ ਬਚਾਉਣ ਲਈ ਦੂਜੇ ਦੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦਾ, ਸਗੋਂ ਉਸਦਾ ਨੁਕਸਾਨ ਕਰ ਦਿੰਦਾ ਹੈ।

‘ਅਜ਼ਾਦ’ ਕਵਿਤਾ ਵਿਚ ਕਵੀ ਸਿਆਸੀ ਨੇਤਾਵਾਂ ਦੇ ਭਰਿਸ਼ਟਾਚਾਰ ਦੇ ਅਜ਼ਾਦੀ ਤੋਂ ਪਹਿਲਾਂ ਅਤੇ ਹੁਣ ਦੇ ਵਿਵਹਾਰ ਨੂੰ ਬਰਾਬਰ ਸਮਝਦਾ ਹੈ। ਉਹ ਉਦੋਂ ਵੀ ਭਰਿਸ਼ਟ ਸਨ ਤੇ ਹੁਣ ਵੀ ਉਸੇ ਰੰਗ ਵਿਚ ਰੰਗੇ ਹੋਏ ਹਨ। ‘ਕਾਫਰ’ ਕਵਿਤਾ ਵਿਚ ਵੀ ਗ਼ਰੀਬੀ ਅਤੇ ਬਲਾਤਕਾਰ ਵਰਗੀਆਂ ਸਮਾਜਿਕ ਬੁਰਾਈਆਂ ਦਾ ਜ਼ਿਕਰ ਕੀਤਾ ਗਿਆ ਹੈ। ਧਾਰਮਿਕ ਲੋਕ ਧਰਮ ਦੀ ਆੜ ਵਿਚ ਗ਼ਲਤ ਧੰਦੇ ਕਰਦੇ ਹਨ।

ਇਸੇ ਤਰ੍ਹਾਂ ‘ਸ਼ਿਕਵੇ’ ਕਵਿਤਾ ਵਿਚ ਕਵਿੱਤਰੀ ਦੁਨੀਆਂ ਨੂੰ ਦੋਮੂੰਹੀਂ ਤਲਵਾਰ ਦਾ ਦਰਜਾ ਦਿੰਦੀ ਹੋਈ ਪਿਆਰਿਆਂ ਦੇ ਰਸਤੇ ਵਿਚ ਰੋੜੇ ਅਟਕਾਉਂਦੀ ਦੱਸਦੀ ਹੈ। ਖੰਭਾਂ ਦੀਆਂ ਡਾਰਾਂ ਬਣਾਉਂਦੀ ਹੈ। ‘ਚਲੋ’ ਕਵਿਤਾ ਵਿਚ ਆਦਮੀ ਅਤੇ ਔਰਤ ਨੂੰ ਰਿਸ਼ਤਿਆਂ ਨੂੰ ਬਰਕਾਰ ਰੱਖਣ ਲਈ ਕਹਿੰਦੀ ਹੈ ਤਾਂ ਜੋ ਪਰਿਵਾਰਿਕ ਜੀਵਨ ਸਫਲ ਹੋ ਸਕਣ‘ਪੰਛੀ’ ਸਿਰਲੇਖ ਵਾਲੀ ਕਵਿਤਾ ਵਿਚ ਸਾਹਿਤਕਾਰਾਂ ਦੀ ਆਰਥਿਕ ਹਾਲਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ‘ਸ਼ੱਕ’ ਨਾਂ ਦੀ ਕਵਿਤਾ ਵਿਚ ਇਸਤਰੀ ਦੀ ਹਰ ਅਦਾ ਤੇ ਸ਼ੱਕ ਕੀਤੀ ਜਾਂਦੀ ਹੈ ਜੇ ਉਹ ਖ਼ੁਸ਼, ਦੁਖੀ ਜਾਂ ਚੁੱਪ ਹੋਵੇ ਤਾਂ ਵੀ ਉਸ ’ਤੇ ਸ਼ੱਕ ਕੀਤੀ ਜਾਂਦੀ ਹੈ, ਉਸ ਨੂੰ ਕਿਸੇ ਤਰ੍ਹਾਂ ਵੀ ਜੀਣ ਨਹੀਂ ਦਿੱਤਾ ਜਾਂਦਾ।

ਇਸ ਪੁਸਤਕ ਵਿਚ ਰੁਮਾਂਟਿਕ ਕਵਿਤਾਵਾਂ ਵੀ ਹਨ:

ਪਰਖ ਸਿਦਕ ਦਾ ਸੱਚ ਲਵਾਂਗੀ,
ਆਸ ਕਿਰਨ ਦੀ ਤੱਕ ਲਵਾਂਗੀ।

ਜੇਕਰ ਖ਼ੁਸ਼ੀ ਨਸੀਬ ਨਾ ਹੋਈ,
ਜ਼ਹਿਰ ਗ਼ਮਾਂ ਦਾ ਚੱਖ ਲਵਾਂਗੀ।

ਤਨਹਾਈਆਂ ਦੇ ਚਰਖੇ ਉੱਤੇ,
ਤੰਦ ਹਿਜ਼ਰ ਦੇ ਕੱਢ ਲਵਾਂਗੀ।

ਬਿਰਹਾ ਦੇ ਜੋ ਮਘਣ ਅੰਗਾਰੇ,
ਯਾਦਾਂ ਦੀ ਰਾਖ ਨਾਲ ਢਕ ਲਵਾਂਗੀ।

‘ਜ਼ਿੰਦਗੀ’ ਨਾਂ ਦੀ ਕਵਿਤਾ ਵਿਚ ਪੁਰਾਣੇ ਸਮਿਆਂ ਅਤੇ ਅੱਜ ਦੇ ਆਧੁਨਿਕ ਯੁਗ ਦਾ ਮੁਕਾਬਲਾ ਕਰਕੇ ਸਵਰਗ ਨਰਕ ਦਾ ਫਰਕ ਦੱਸਿਆ ਗਿਆ ਹੈ। ‘ਜਾਇਆ ਵੱਢੀ’ ਨਾਮ ਦੀ ਕਵਿਤਾ ਵਿਚ ਇਸਤਰੀ ਨੂੰ ਇੱਕ ਪਾਸੇ ਸੰਸਾਰ ਦੀ ਸਿਰਜਣਹਾਰੀ ਕਿਹਾ ਗਿਆ ਹੈ ਪ੍ਰੰਤੂ ਉਸ ਦੀ ਸਿਰਜਣ ਪ੍ਰਕ੍ਰਿਆ ਦੌਰਾਨ ਹੀ ਹੱਤਿਆ ਕਰਨ ਦੀ ਜ਼ਿੰਮੇਵਾਰ ਵੀ ਇਸਤਰੀ ਦੀ ਕੁੱਖ ਹੀ ਬਣਦੀ ਹੈ। ‘ਮੁਲਾਂਕਣ’ ਕਵਿਤਾ ਵਿਚ ਰਿਸ਼ਵਤਖੋਰ, ਚਮਚਾਗਿਰੀ ਅਤੇ ਝੂਠੇ ਰਿਸ਼ਤਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ‘ਬੇਇਨਸਾਫੀ’ ਨਾਂ ਦੀ ਕਵਿਤਾ ਵਿਚ ਸਬਰ-ਸੰਤੋਖ ਨਾਲ ਜ਼ਿੰਦਗੀ ਜਿਓਣ ਦੀ ਤਾਕੀਦ ਇਸ ਆਸ ਤੇ ਕੀਤੀ ਗਈ ਹੈ ਕਿ ਇੱਕ ਨਾ ਇੱਕ ਦਿਨ ਤਾਂ ਇਨਸਾਫ ਮਿਲੇਗਾ ਹੀ।

‘ਇੱਕ ਰੁੱਖ ਲਾਵਾਂਗਾ’ ਕਵਿਤਾ ਤੋਂ ਸ਼ਪਸ਼ਟ ਹੁੰਦਾ ਹੈ ਕਿ ਲੜਕੀ ਦੇ ਜੰਮਣ ਨੂੰ ਸਾਡੇ ਸਮਾਜ ਵਿਚ ਭਾਰ ਗਿਣਿਆ ਜਾਂਦਾ ਹੈ ਕਿਉਂਕਿ ਦਾਜ ਦਾ ਫਿਕਰ ਉਸਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ‘ਪਛਤਾਵਾ’ ਕਵਿਤਾ ਚਿੰਨ੍ਹਾਤਮਿਕ ਹੈ ਜਿਸ ਵਿਚ ਆਦਮੀ ਦੀ ਹਉਮੈ, ਬੇਵਫ਼ਾਈ ਅਤੇ ਦੁਰਵਿਵਹਾਰ ਦਾ ਜ਼ਿਕਰ ਹੈ। ‘ਔਰਤ ਤੂੰ ...’ ਨਾਂ ਦੀ ਕਵਿਤਾ ਵਿਚ ਕਵਿੱਤਰੀ ਔਰਤ ਨੂੰ ਆਗਾਹ ਕਰਦੀ ਹੈ ਕਿ ਤੂੰ ਦੁਨੀਆਂ ਦੀਆਂ ਫਰੇਬੀ ਚਾਲਾਂ ਦਾ ਪਰਦਾ ਫਾਸ਼ ਕਰ ਦੇਤੂੰ ਆਪਣੀ ਪਛਾਣ ਆਪ ਖ਼ੁਦ ਬਣਾਉਣੀ ਹੈ। ਤੂੰ ਕਮਜ਼ੋਰ ਤੇ ਲਾਚਾਰ ਨਹੀਂ। ਤੇਰੇ ਕੋਲ ਅਥਾਹ ਤਾਕਤ ਹੈ, ਇਸਦਾ ਸਦਉਪਯੋਗ ਕਰਨਾ ਸਿੱਖ ਲੈ। ‘ਅੱਡ’ ਨਾਮ ਦੀ ਕਵਿਤਾ ਵਿਚ ਕਵਿੱਤਰੀ ਨੇ ਆਦਮੀ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਆਪਾਂ ਦੋਵੇਂ ਇੱਕ ਦੂਜੇ ਦੇ ਦੁੱਖ ਵੰਡਾਉਣ ਵਾਲੇ ਬਣੀਏ।

ਅਖੀਰ ਵਿਚ ਕਿਹਾ ਜਾ ਸਕਦਾ ਹੈ ਕਿ ਸੰਪਾਦਕ ਨੇ ਕਵੀਆਂ ਅਤੇ ਕਵਿੱਤਰੀਆਂ ਦੀ ਚੋਣ ਬੜੀ ਸਮਝਦਾਰੀ ਨਾਲ ਕੀਤੀ ਹੈ ਕਿਉਂਕਿ ਲਗਪਗ ਸਾਰੇ ਹੀ ਕਵੀਆਂ ਅਤੇ ਕਵਿਤਰੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਰਨ ਕਰਨ ਵਾਲੀਆਂ ਕਵਿਤਾਵਾਂ ਲਿਖੀਆਂ ਹਨ। ਉਮੀਦ ਕਰਦੇ ਹਾਂ ਕਿ ਇਹ ਭਵਿੱਖ ਵਿਚ ਹੋਰ ਵਧੀਆ ਕਵਿਤਾਵਾਂ ਲਿਖਕੇ ਮਾਤ ਭਾਸ਼ਾ ਦੀ ਝੋਲੀ ਭਰਨਗੇ।

*****

(122)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab
Email: (ujagarsingh48@yahoo.com)
Mobile: 94178 - 13072

More articles from this author