HarshinderKaur7“ਉਸਦੀਆਂ ਅੱਖਾਂ ਵਿੱਚੋਂ ਲਗਾਤਾਰ ਵਗਦੇ ਹੰਝੂਆਂ ਅਤੇ ਸਫੈਦ ਦਾੜ੍ਹੀ ਨੇ ਮੈਨੂੰ ਕੁੱਝ ਵੀ ਹੋਰ ਕਹਿਣ ਜੋਗਾ ਨਹੀਂ ਛੱਡਿਆ ...
(ਨਵੰਬਰ 13, 2015)


ਇਕ ਅਜੀਬ ਘਟਨਾ ਮੇਰੀ ਜ਼ਿੰਦਗੀ ਵਿਚ ਵਾਪਰੀ ਸੀ ਜਿਸ ਦਾ ਮੈਨੂੰ ਚਿੱਤ ਚੇਤੇ ਵੀ ਨਹੀਂ ਸੀ ਕਿਉਂਕਿ ਇਸ ਗੱਲ ਨੂੰ ਲਗਭਗ 22 ਸਾਲ ਹੋ ਚੁੱਕੇ ਹੋਏ ਹਨ। ਪਰ ਮਹੀਨਾ ਕੁ ਪਹਿਲਾਂ ਕੁੱਝ ਅਜਿਹਾ ਹੋਇਆ, ਜਿਸਨੇ ਮੈਨੂੰ ਵੀ ਹੈਰਾਨ ਕਰ ਦਿੱਤਾ।

ਗੱਲ ਲਗਪਗ 22 ਸਾਲ ਪਹਿਲਾਂ ਦੀ ਹੈ ਜਦੋਂ ਮੈਂ ਮੈਡੀਸਨ ਵਿਚ ਹਾਊਸ ਜਾਬ ਕਰਦੀ ਸੀ। ਹਰ ਯੂਨਿਟ ਵਿਚ ਮਹੀਨਾਵਾਰ ਬੀਮਾਰ ਕੈਦੀ ਦਾਖਲ ਹੋਇਆ ਕਰਦੇ ਸਨ। ਸਾਡੇ ਵਾਰਡ ਵਿਚ ਉਸ ਮਹੀਨੇ ਜੇਲ੍ਹ ਵਿੱਚੋਂ ਲਿਆਂਦੇ ਬੀਮਾਰ ਕੈਦੀ ਦਾਖਲ ਹੋਣ ਦੀ ਵਾਰੀ ਸੀ। ਇਕ ਬੜਾ ਕੱਟੜ ਮੁਜਰਮ ਸਾਡੇ ਵਾਰਡ ਵਿਚ ਦਾਖਲ ਹੋਇਆ, ਜਿਸ ਉੱਤੇ 5 ਬੰਦਿਆਂ ਦੇ ਕਤਲ ਦਾ ਮੁਕੱਦਮਾ ਦਰਜ ਸੀ ਤੇ ਉਸਨੂੰ ਸ਼ਾਇਦ ਉਮਰ ਕੈਦ ਦੀ ਸਜ਼ਾ ਖੌਰੇ ਹੋ ਗਈ ਸੀ ਕਿ ਬਾਅਦ ਵਿਚ ਹੋਈ ਸੀ, ਮੈਨੂੰ ਹੁਣ ਯਾਦ ਨਹੀਂ।

ਉਹ ਬੜਾ ਗੁੱਸੇ ਵਾਲਾ ਸੀ ਅਤੇ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ। ਕਈ ਡਾਕਟਰ ਜਾਂ ਨਰਸਾਂ ਵੀ ਉਸਦੇ ਚਿਹਰੇ ਤੋਂ ਖੌਫ਼ ਖਾਂਦੇ ਉਸਦੇ ਨੇੜੇ ਘਟ ਹੀ ਜਾਂਦੇ ਸਨ।

ਇਕ ਦਿਨ ਐਤਵਾਰ ਨੂੰ ਮੇਰੀ ਡਿਊਟੀ ਸੀ ਤੇ ਉਸ ਦਿਨ ਗੁਰਪੁਰਬ ਸੀ। ਮੈਂ ਹਸਪਤਾਲ ਡਿਊਟੀ ਜਾਣ ਤੋਂ ਪਹਿਲਾਂ ਗੁਰਦੁਆਰੇ ਮੱਥਾ ਟੇਕ ਕੇ ਪ੍ਰਸ਼ਾਦ ਕਰਵਾਇਆ ਤੇ ਆਪਣੇ ਵਾਰਡ ਵਿਚਲੇ ਦਾਖਲ ਸਾਰੇ ਮਰੀਜ਼ਾਂ ਲਈ ਪ੍ਰਸ਼ਾਦ ਲੈ ਆਈ। ਸਾਰਿਆਂ ਨੂੰ ਵਾਰੀ ਸਿਰ ਪ੍ਰਸ਼ਾਦ ਵੰਡਦੀ ਹੋਈ ਜਦੋਂ ਮੈਂ ਉਸ ਮਰੀਜ਼ ਕੋਲ ਪਹੁੰਚੀ ਤਾਂ ਆਦਤਨ ਉਸਨੇ ਗੁੱਸੇ ਨਾਲ ਸਿਰ ਪਰੇ ਘੁਮਾ ਲਿਆ। ਮੈਂ ਹੌਲੀ ਜਿਹੀ ਕਿਹਾ, “ਵੀਰ ਜੀ, ਹੱਥ ਅੱਗੇ ਕਰਿਓ। ਪ੍ਰਸ਼ਾਦ ਲੈ ਲਓ। ਛੇਤੀ ਠੀਕ ਹੋ ਜਾਓਗੇ।””

ਪਤਾ ਨਹੀਂ ਕੀ ਹੋਇਆ ਕਿ ਉਸਨੇ ਮੇਰੇ ਵੱਲ ਤੱਕਿਆ ਤੇ ਫੇਰ ਅਣਮੰਨੇ ਜਿਹੇ ਨਾਲ ਹੱਥ ਅੱਗੇ ਕਰ ਦਿੱਤੇ। ਪ੍ਰਸ਼ਾਦ ਲੈ ਕੇ ਉਸਨੇ ਇਕ ਪਾਸੇ ਰੱਖ ਦਿੱਤਾ ਅਤੇ ਮੈਨੂੰ ਬਾਕੀ ਮਰੀਜ਼ਾਂ ਨੂੰ ਪ੍ਰਸ਼ਾਦ ਵੰਡਦੀ ਨੂੰ ਵੇਖਦਾ ਰਿਹਾ। ਸਾਰਿਆਂ ਨੇ ਮੈਨੂੰ ਦੁਆਵਾਂ ਦਿੰਦਿਆਂ ਹੋਇਆਂ ਪ੍ਰਸ਼ਾਦ ਛੱਕ ਲਿਆ ਪਰ ਮੈਨੂੰ ਨਹੀਂ ਪਤਾ ਉਸ ਮਰੀਜ਼ ਨੇ ਕਦੋਂ ਖਾਧਾ, ਅਤੇ ਖਾਧਾ ਵੀ ਕਿ ਨਹੀਂ।

ਇਕ ਫਰਕ ਮੈਨੂੰ ਜ਼ਰੂਰ ਉਸ ਦਿਨ ਤੋਂ ਬਾਅਦ ਦਿਸਣ ਲੱਗ ਪਿਆ ਸੀ ਕਿ ਉਹ ਮੇਰੇ ਕੋਲੋਂ ਬਲੱਡ ਪ੍ਰੈੱਸ਼ਰ ਅਰਾਮ ਨਾਲ ਚੈੱਕ ਕਰਵਾ ਲੈਂਦਾ ਸੀ, ਪਰ ਬਾਕੀਆਂ ਨੂੰ ਨਾਂਹ ਕਰ ਦਿੰਦਾ ਸੀ। ਮੈਂ ਵੀ ਹਮੇਸ਼ਾ ਉਸ ਕੋਲ ਜਾ ਕੇ ਡਰਦੀ ਡਰਦੀ ਇਹੀ ਹਰ ਰੋਜ਼ ਪੁੱਛਣਾ, “ਵੀਰ ਜੀ, ਬਲੱਡ ਪ੍ਰੈਸ਼ੱਰ ਚੈੱਕ ਕਰ ਲਵਾਂ?” ਉਸ ਬਿਨਾਂ ਕੋਈ ਵੀ ਚਿਹਰੇ ਉੱਤੇ ਪ੍ਰਭਾਵ ਲਿਆਏ ਬਾਂਹ ਹੌਲੀ ਜਿਹੀ ਅੱਗੇ ਕਰ ਦੇਣੀ। ਇਕ ਮਹੀਨਾ ਉਹ ਮਰੀਜ਼ ਸਾਡੇ ਕੋਲ ਰਿਹਾ। ਫੇਰ ਦੂਜੇ ਵਾਰਡ ਦੀ ਵਾਰੀ ਸ਼ੁਰੂ ਹੋ ਗਈ ਤੇ ਸਾਰੇ ਦਾਖਲ ਬੀਮਾਰ ਕੈਦੀ ਦੂਜੇ ਵਾਰਡ ਵਿਚ ਭੇਜ ਦਿੱਤੇ ਗਏ।

ਮੈਨੂੰ ਤਾਂ ਇਹ ਗੱਲ ਪੂਰੀ ਤਰ੍ਹਾਂ ਵਿਸਰ ਚੁੱਕੀ ਸੀ। ਮਹੀਨਾ ਕੁ ਪਹਿਲਾਂ ਇਕ ਬਜ਼ੁਰਗ ਮੈਨੂੰ ਮਿਲਣ ਰਾਜਿੰਦਰਾ ਹਸਪਤਾਲ ਆਏ ਤਾਂ ਚੁੱਪਚਾਪ ਮੇਰੇ ਕਮਰੇ ਵਿਚ ਇਕ ਕੋਨੇ ਉੱਤੇ ਖੜ੍ਹੇ ਮੈਨੂੰ ਮਰੀਜ਼ਾਂ ਨੂੰ ਚੈੱਕ ਕਰਦੇ ਵੇਖਦੇ ਰਹੇ। ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਕੋਈ ਪੌਣੇ ਕੁ ਘੰਟੇ ਤੋਂ ਇੰਝ ਕਿਉਂ ਖੜ੍ਹਾ ਹੈ? ਮੈਂ ਆਖਰ ਪੁੱਛ ਹੀ ਲਿਆ ਕਿ ਉਨ੍ਹਾਂ ਕਿਸਨੂੰ ਮਿਲਣਾ ਹੈ?

ਉਹ ਮੇਰੇ ਨੇੜੇ ਹੋ ਕੇ ਪੁੱਛਣ ਲੱਗੇ, “ਤੁਸੀਂ ਡਾ. ਹਰਸ਼ਿੰਦਰ ਕੌਰ ਹੋ?” ਮੈਂ ਹਾਂ ਵਿਚ ਸਿਰ ਹਿਲਾਇਆ।

ਉਨ੍ਹਾਂ ਫੇਰ ਪੁੱਛਿਆ, “ਤੁਸੀਂ 22 ਸਾਲ ਪਹਿਲਾਂ ਮੈਡੀਸਨ ਵਿਚ 13 ਨੰਬਰ ਵਾਰਡ ਵਿਚ ਵੀ ਕੰਮ ਕੀਤਾ ਸੀ?”

”ਮੈਂ ਕੁੱਝ ਚਿਰ ਸੋਚ ਕੇ ਫੇਰ ਹਿਸਾਬ ਲਾ ਕੇ ਦੱਸਿਆ ਕਿ ਹਾਂ ਉਦੋਂ ਮੈਂ ਉੱਥੇ 6 ਮਹੀਨੇ ਲਈ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਐਮ ਡੀ ਕਰਨ ਲਈ ਚਲੀ ਗਈ ਸੀ। ਮੈਂ ਹੈਰਾਨੀ ਨਾਲ ਪੁੱਛਿਆ ਕਿ ਉਹ ਇਹ ਕਿਉਂ ਪੁੱਛ ਰਿਹਾ ਹੈ? ਉਹ ਕਹਿਣ ਲੱਗਿਆ, “ਮੈਂ ਕੈਦੀ ਵਜੋਂ ਤੁਹਾਡੇ ਵਾਰਡ ਵਿਚ ਦਾਖਲ ਹੋਇਆ ਸੀ। ਮੇਰੇ ਮਾਪਿਆਂ, ਦੋਸਤਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਨੇ ਮੈਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ ਤੇ ਮੈਂ ਪਿਆਰ ਵਿਹੂਣਾ ਕੱਟੜ ਸਮਾਜ ਵਿਰੋਧੀ ਬਣ ਗਿਆ ਸੀ। ਮੈਨੂੰ ਹਰ ਕਿਸੇ ਨਾਲ ਨਫਰਤ ਸੀ ਤੇ ਸਾਰੇ ਮੈਨੂੰ ਨਫਰਤ ਨਾਲ ਵੇਖਦੇ ਸਨ। ਮੇਰਾ ਤਾਂ ਪੂਰੀ ਮਨੁੱਖ ਜਾਤੀ ਤੋਂ ਵਿਸ਼ਵਾਸ ਉੱਠ ਗਿਆ ਹੋਇਆ ਸੀ। ਕਿਸੇ ਕੁੱਟ ਮਾਰ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਸੀ ਹੁੰਦਾ।””

ਮੈਂ ਹੈਰਾਨੀ ਨਾਲ ਉਸਨੂੰ ਵੇਖਦੀ ਰਹੀ ਤੇ ਆਖਰ ਮੈਂ ਪੁੱਛ ਹੀ ਲਿਆ, “ਮੈਨੂੰ ਤਾਂ ਬਹੁਤਾ ਕੁੱਝ ਯਾਦ ਨਹੀਂ, ਪਰ ਆਖਰ ਕੀ ਗੱਲ ਹੈ?””ਉਸਨੇ ਯਾਦ ਦਿਵਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, “ਤੁਸੀਂ ਪ੍ਰਸ਼ਾਦ ਵੰਡਣ ਲਈ ਇਕ ਦਿਨ ਵਾਰਡ ਵਿਚ ਆਏ ਸੀ ਤਾਂ ਮੈਂ ਵੀ ਉਦੋਂ ਵਾਰਡ ਵਿਚ ਦਾਖਲ ਸੀ।” ਤੇ ਉਸਨੇ ਮੈਨੂੰ ਸਾਰੀ ਘਟਨਾ ਯਾਦ ਕਰਵਾ ਦਿੱਤੀ। ਮੈਂ ਉਸ ਵੱਲ ਧਿਆਨ ਨਾਲ ਤੱਕਿਆ ਪਰ ਪੂਰਾ ਜ਼ੋਰ ਲਾਉਣ ਉੱਤੇ ਵੀ ਮੈਨੂੰ ਉਸਦੀ ਸ਼ਕਲ ਤੋਂ ਪਛਾਣ ਨਹੀਂ ਆਈ ਕਿਉਂਕਿ ਉਸਦਾ ਚਿਹਰਾ ਬਹੁਤ ਬਦਲ ਚੁੱਕਿਆ ਹੋਇਆ ਸੀ।

ਉਹ ਕਹਿਣ ਲੱਗਿਆ, “ਸਾਰਿਆਂ ਦੀਆਂ ਗਾਲ੍ਹਾਂ ਅਤੇ ਮਾਰ ਸਹਿੰਦਿਆਂ ਮੈਂ ਪੱਥਰ ਬਣ ਚੁੱਕਿਆ ਹੋਇਆ ਸੀ। ਤੁਸੀਂ ਉਸ ਦਿਨ ਇੰਨੇ ਪਿਆਰ ਨਾਲ ਮੈਨੂੰ ‘ਵੀਰ ਜੀ’ ਕਿਹਾ ਕਿ ਮੈਂ ਅੰਦਰ ਤਕ ਹਿੱਲ ਗਿਆ ਤੇ ਦਿਲ ਦਾ ਇਕ ਕੋਨਾ ਪਿਘਲਿਆ ਜਿਹਾ ਜਾਪਿਆ। ਤੁਹਾਡਾ ਰੋਜ਼ ਦਾ ਹੌਲੀ ਜਿਹੀ ਵੀਰ ਜੀ ਕਹਿਣਾ, ਜਿਸ ਵਿਚ ਇੰਨਾ ਨਿੱਘ ਅਤੇ ਅਪਣੱਤ ਸੀ ਕਿ ਮੇਰੇ ਦਿਮਾਗ਼ ਉੱਤੇ ਉਹ ਸਦੀਵੀ ਛਾਪ ਛੱਡ ਗਿਆ। ਮੈਂ ਤੁਹਾਨੂੰ ਭੁਲਾ ਨਹੀਂ ਸਕਿਆ। ਜੇਲ੍ਹ ਅੰਦਰ ਅਰਦਾਸਾਂ ਕਰਦਾ ਸੀ ਕਿ ਮੈਂ ਜਦੋਂ ਸਜ਼ਾ ਕੱਟ ਕੇ ਬਾਹਰ ਜਾਵਾਂ ਤਾਂ ਰੱਬ ਇਕ ਵਾਰ ਜ਼ਰੂਰ ਤੁਹਾਨੂੰ ਮਿਲਾ ਦੇਵੇ। ਅੱਜ ਇੰਨੇ ਸਾਲ ਬਾਅਦ ਜੇਲ੍ਹ ਵਿੱਚੋਂ ਬਾਹਰ ਆਉਣ ’ਤੇ ਉਸੇ ਪਿਆਰ ਦਾ ਖਿੱਚਿਆ ਤੁਹਾਨੂੰ ਲੱਭਣ ਆਇਆ ਸੀ।” ਉਸਦੇ ਹੱਥ ਵਿਚ ਕੁੱਝ ਘੁੱਟ ਕੇ ਫੜਿਆ ਹੋਇਆ ਸੀ। ਮੈਂ ਪੁੱਛਿਆ ਤਾਂ ਪਹਿਲਾਂ ਉਸਨੇ ਆਪਣਾ ਹੱਥ ਪਿੱਛੇ ਕਰ ਲਿਆ ਪਰ ਫੇਰ ਉਸਨੇ ਝਿਜਕਦੇ ਹੋਏ ਹੱਥ ਖੋਲ੍ਹ ਕੇ ਅਗਾਂਹ ਕਰ ਦਿੱਤਾ। ਉਸਨੇ ਹੱਥ ਵਿਚ ਰੱਖੜੀ ਫੜੀ ਹੋਈ ਸੀ। ਉਸਦੀਆਂ ਅੱਖਾਂ ਵਿਚ ਹੰਝੂ ਆ ਗਏ। ਉਹ ਬੋਲਿਆ, “ਕੀ ਅੱਜ ਇਕ ਨਿੱਕੀ ਜਿਹੀ ਭੈਣ, ਇਸ ਕਾਤਲ ਭਰਾ ਨੂੰ, ਇਹ ਬੰਨ੍ਹ ਸਕਦੀ ਹੈ, ਜੋ ਆਪਣੀ ਪੂਰੀ ਸਜ਼ਾ ਕੱਟ ਕੇ ਬਾਹਰ ਆਇਆ ਹੈ?”

ਉਸਦੀਆਂ ਅੱਖਾਂ ਵਿੱਚੋਂ ਲਗਾਤਾਰ ਵਗਦੇ ਹੰਝੂਆਂ ਅਤੇ ਸਫੈਦ ਦਾੜ੍ਹੀ ਨੇ ਮੈਨੂੰ ਕੁੱਝ ਵੀ ਹੋਰ ਕਹਿਣ ਜੋਗਾ ਨਹੀਂ ਛੱਡਿਆ। ਮੈਂ ਚੁੱਪਚਾਪ ਰੱਖੜੀ ਫੜੀ, ਤੇ ਉਸਦੇ ਗੁੱਟ ਉੱਤੇ ਬੰਨ੍ਹ ਦਿੱਤੀ। ਉਹ ਬਜ਼ੁਰਗ ਫੁੱਟ ਫੁੱਟ ਕੇ ਰੋ ਪਿਆ। ਜਦੋਂ ਕੁੱਝ ਸ਼ਾਂਤ ਹੋਇਆ ਤਾਂ ਬੋਲਿਆ, “ਜਿਸਨੂੰ ਕੋਈ ਨਹੀਂ ਤੋੜ ਸਕਿਆ, ਉਸ ਪੱਥਰ ਨੂੰ ਤੁਹਾਡੇ 'ਵੀਰ ਜੀ' ਸ਼ਬਦ ਨੇ ਪੂਰਾ ਪਿਘਲਾ ਦਿੱਤਾ। ਤੁਹਾਡੇ ਸਿਵਾ ਅੱਜ ਮੇਰਾ ਦੁਨੀਆ ਵਿਚ ਕੋਈ ਨਹੀਂ।””

ਮੈਂ ਅਜੀਬ ਤਰ੍ਹਾਂ ਦੇ ਪਿਆਰ ਦਾ ਪ੍ਰਤੱਖ ਸਬੂਤ ਵੇਖ ਰਹੀ ਸੀ। ਉਸਨੇ ਆਪਣੇ ਨਿੱਕੇ ਜਿਹੇ ਥੈਲੇ ਵਿੱਚੋਂ ਦੋ ਛੋਟੇ ਛੋਟੇ ਟੈਡੀ ਕੱਢ ਕੇ ਮੇਰੇ ਅੱਗੇ ਰੱਖ ਦਿੱਤੇ ਤੇ ਕਹਿਣ ਲੱਗਿਆ, “ਮੈਨੂੰ ਪਤਾ ਸੀ, ਜਦੋਂ ਮੈਂ ਬਾਹਰ ਆਵਾਂਗਾ ਤਾਂ ਉਦੋਂ ਤਕ ਤੁਹਾਡਾ ਵਿਆਹ ਹੋ ਚੁੱਕਿਆ ਹੋਵੇਗਾ ਤੇ ਨਿੱਕੇ ਨਿੱਕੇ ਬਾਲ ਵੀ ਹੋਣਗੇ। ਇਹ ਮੇਰੀ ਮਿਹਨਤ ਦੀ ਕਮਾਈ ਵਿੱਚੋਂ ਉਨ੍ਹਾਂ ਬੱਚਿਆਂ ਨੂੰ ਇਕ ਭੈੜੇ ਮਾਮੇ ਵੱਲੋਂ ਸੌਗਾਤ ਦੇ ਦੇਣਾ।””

ਇੰਨਾ ਪਿਆਰ ਕੋਈ ਕਿਵੇਂ ਸੰਭਾਲ ਸਕਦਾ ਹੈ? ਇਸ ਲਈ ਮੇਰੀਆਂ ਅੱਖਾਂ ਵੀ ਨਮ ਹੋ ਗਈਆਂ!

*****

(106)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author