DarshanKhaira7ਤੇਰੇ ਸਦਕਾਅਜ਼ਲਾਂ ਤੀਕਰ,     ਸਾਡੇ ਰਾਹ ਰੁਸ਼ਨਾਏ,     ਮੈਂ ਤੈਨੂੰ ਸੀਸ ਨਿਵਾਵਾਂ
(24 ਅਪਰੈਲ 2017)

 

          1.

     ਮੋਹੜੀ ਗੱਡ

ਮੇਰੇ ਪਿੰਡ ਦਾ ਮੋਹੜੀ ਗੱਡ ਤੂੰ,
ਤੂੰ ਸਿਰਜੇ ਸੋਨ ਸਵੇਰੇ,
ਭੁੱਖਾਂ ਸੰਗ ਤੂੰ ਜਿੰਦ ਹੰਡਾਈ

ਮਿੱਟੀ ਦੇ ਸੰਗ ਮਿੱਟੀ ਹੋ ਕੇ,
ਮਿਟੀਉਂ ਸਿਰਜੀ, ਜਿੰਦ ਇਲਾਹੀ,
ਤੇਰੀ ਸਾਰ ਕਿਸੇ ਨਾ ਪਾਈ

ਤੇਰੇ ਪੋਟੇ ਸਿਰਜਣਹਾਰੇ,
ਹਿੱਕ ਪੱਥਰ ਦੀ ਚੀਰ ਕੇ,
ਤੂੰ ਉੱਕਰੇ ਨਕਸ਼ ਪਿਆਰੇ

ਤੇਰੇ ਲਹੂ ਦੀ ਬਰਕਤ ਸਾਰੀ,
ਧਰਤੀ ਮਾਂ ਦੀ ਹਿੱਕ ’ਤੇ ਉੱਸਰੇ,
ਤਾਜ ਤਖ਼ਤ ਤੇ ਮਹਿਲ ਮੁਨਾਰੇ

ਜਿਹੜੇ ਹੱਥਾਂ ਜਾਬਰ ਖ਼ਾਤਰ,
ਰੂਪ ਕਲਾ ਦਾ ਘੜਿਆ,
ਉਹੀ ਹੱਥ, ਤੂੰ ਅੰਤ ਗੁਆਏ

ਜਿਨ੍ਹਾਂ ਖ਼ਾਤਰ, ਤੂੰ ਮਰ ਮਰ ਜੀਵਿਆ,
ਜ਼ਹਿਰ ਪਿਆਲੇ ਭਰ ਭਰ ਪੀਤੇ,
ਉਹੀ ਤੈਥੋਂ ਮੁਨਕਰ ਹੋਏ

ਤੂੰ ਹੀ ਸਿਰਜੀ ਰੱਬ ਦੀ ਕਾਇਆਂ,
ਰਾਮ, ਰਹੀਮ, ਪੈਗ਼ੰਬਰ ਸਾਰੇ,
ਸਭ ਨੇ ਤੈਥੋਂ ਅੱਖ ਚੁਰਾਈ

ਜੁਗਾਂ, ਜਗੰਤਰ ਬੀਤੇ ਸਾਰੇ,
ਤੂੰ ਲਿਖੀਆਂ ਕੁੱਲ ਤਕਦੀਰਾਂ,
ਤੇਰੀ ਰੇਖਾ, ਰਹੀ ਧੁੰਦਲਾਈ

ਤੇਰੇ ਸਦਕਾ, ਅਜ਼ਲਾਂ ਤੀਕਰ,
ਸਾਡੇ ਰਾਹ ਰੁਸ਼ਨਾਏ,
ਮੈਂ ਤੈਨੂੰ ਸੀਸ ਨਿਵਾਵਾਂ

ਇਕ ਦਿਹਾੜੇ, ਸਿਖਰ ਦੁਪਹਿਰੇ,
ਤੇਰੀ ਅੰਸ ਵੀ, ਮਾਣੇ ਸ਼ਾਲਾ,
ਬਿਰਖ ਤੇਰੇ ਦੀਆਂ ਛਾਂਵਾਂ
          **

               2.

             ਫਤਵਾ

ਕਾਜ਼ੀ ਨੂੰ ਵੰਗਾਰਨਾ ਹੈ ਸ਼ਰਾਹ ਦੀ ਤੌਹੀਨ,
ਸ਼ਰਾਹ ਦੀ ਖ਼ਲਾਫਤ ਤੇ ਕਾਜ਼ੀ ਦਾ ਫਤਵਾ-ਏ ਫਾਂਸੀ
ਪਰ ਮੁਜਰਮ ਤਾਂ ਬੇਖ਼ਬਰ ਹੈ, ਕੀ ਕਾਜ਼ੀ ਦਾ ਫਤਵਾ,

ਕੀਲੇ ਖ਼ੂਬ ਫਤਵੇ ਨੇ ਫਿਰ ਸਭ ਸਾਥੀ
ਪੜ੍ਹਿਆ ਹੋਣੈ, ਕੋਈ ਕਾਜ਼ੀ ਨੇ ਫਤਵਾ,
ਸਜ ਧਜ ਕੇ ਨਿਕਲੇ ਜਲਾਦ, ਫਿਰ ਸਭ ਸਾਥੀ

ਸਜ਼ਾਏ ਮੌਤ ਹੈ, ਫਿਰ ਫਤਵੇ ਨੇ ਫਰਮਾਇਆ,
ਕਤਲਗਾਹ ’ਤੇ ਇਕ ਮੁੱਠ ਹੋਏ ਫਿਰ ਕਾਜ਼ੀ ਤੇ ਸਭ ਸਾਥੀ

ਇਹ ਆਸ ਨਹੀਂ ਸੀ, ਮੈਂਨੂੰ ਕਦੇ ਵੀ,
ਕਿ ਜ਼ਿਬਾਹ ਕਰਨਗੇ ਮੈਂਨੂੰ ਇਸ ਤਰ੍ਹਾਂ ਸਭ ਸਾਥੀ
ਅਚਨਚੇਤ ਹੀ ਕਤਲਗਾਹ ਤੇ ਜੁੜ ਕੇ,
ਖਿਤਬਾਹ ਪੜ੍ਹਨਗੇ ਮੇਰਾ, ਕਾਜ਼ੀ ਤੇ ਸਭ ਸਾਥੀ

ਫਿਰ ਹਉਮੈ ਦੀ ਜਿੱਤ ਦੇ ਗ਼ਰੂਰ ਵਿੱਚ
ਕਤਲਗਾਹ ’ਤੇ ਜੁੜੇ ਕਾਜ਼ੀ ਤੇ ਸਭ ਸਾਥੀ
ਉੱਠਿਆ ਜਨਾਜ਼ਾ ਫਿਰ ਰਿਸ਼ਤਿਆਂ ਦਾ,
ਦੇਣ ਬੇਰਹਿਮੀ ਦੇ ਮੋਢੇ ਫਿਰ ਇਹ ਸਭ ਸਾਥੀ
ਇਸ ਦੀ ਬਲੀ ਤਾਂ ਸੀ ਸ਼ਰਾਹ ਦੀ ਹਿਫਾਜ਼ਿਤ,
ਉੱਚੀ ਹੋਕਾ ਇਹ ਦੇਣ ਫਿਰ ਕਾਜ਼ੀ ਤੇ ਸਭ ਸਾਥੀ

ਕਾਜ਼ੀ ਦੀ ਹਉਮੈ ਨੇ ਟੰਗਿਆ ਸਲੀਬ ’ਤੇ,
ਕਿੱਲ ਠੋਕਦੇ ਸਲੀਬ ਵਿੱਚ ਫਿਰ ਇਹ ਸਭ ਸਾਥੀ

ਜੁਰਮ ਤਾਂ ਮੁਜਰਮ ਦਾ ਕੋਈ ਹੋਰ ਸੀ,
ਪਰ ਹੋਰ ਸੀ ਕਾਜ਼ੀ ਦਾ ਫਤਵਾ-ਏ ਫਾਂਸੀ

ਮਾਰਿਆ ਨਾ ਕਿਸੇ ਵੀ ਫਿਰ ਹਾਅ ਦਾ ਨਾਹਰਾ,
ਜ਼ਿਬਾਹ ਕੀਤਾ ਜਦੋਂ ਆਪਣਾ ਹੀ ਆਪ ਸਾਥੀ

                  **

         3.

ਇਕ ਅਜ਼ੀਜ਼ ਦੋਸਤ

ਡੇਢ ਕੁ ਦਹਾਕਾ ਪਹਿਲਾਂ,
ਮੈਂ ਉਸ ਨੂੰ ਮਿਲਿਆ ਸਾਂ

ਉਸ ਪਹਿਲੀ ਮਿਲਣੀ ਨਾਲ ਹੀ,
ਮੇਰੀ ਰੂਹ ਰੁਸ਼ਨਾਈ ਗਈ ਸੀ
ਮੈਂਨੂੰ ਉਦੋਂ ਇੰਝ ਲੱਗਿਆ,
ਜ਼ਿੰਦਗੀ ਦੇ ਕਿਤੇ ਵਿਛੜੇ ਹੋਏ,

ਮਹਿਰਮ ਯਾਰ ਨੇ,
ਮੇਰੀ ਰੂਹ ਦੇ ਬੂਹੇ ’ਤੇ,
ਦਸਤਕ ਦਿੱਤੀ ਹੋਵੇ

ਮੇਰੀ ਉਸ ਨਾਲ,
ਚੰਗੀ ਪੀਚ ਮਿਲਦੀ ਸੀ
ਉਸ ਦੀ ਹਰ ਮਿਲਣੀ ਨਾਲ,
ਰੂਹ ਨੂੰ ਸਕੂਨ ਮਿਲਦਾ ਸੀ

ਮੈਨੂੰ ਉਸ ਵਿੱਚ,
ਮਿੱਤਰਤਾ ਦੀ ਵਫਾ ਦੀ,
ਰੌਸ਼ਨੀ ਦੀ ਝਲਕ ਪੈਂਦੀ

ਮੈਂਨੂੰ ਇੰਝ ਜਾਪਦਾ ਕਿ,
ਸਾਡੀ ਆਪਸੀ ਜਜ਼ਬਾਤਾਂ,
ਦੀ ਕੋਈ ਗੂੜ੍ਹੀ ਸਾਂਝ ਸੀ

ਉਸ ਨੂੰ ਜੇ ਕਦੇ ਨਿੱਜੀ,
ਜਜ਼ਬਾਤੀ ਜਾਂ ਭਾਵੁਕ,
ਸੰਕਟ ਆਇਆ,
ਤਾਂ,
ਉਸ ਵੇਲੇ ਮੈਂ ਸਦਾ ਹੀ,

ਉਸ ਦੀ ਪੀੜ ਤੇ ਦੁੱਖ ਦਾ,
ਭਾਈਵਾਲ ਬਣਿਆ

ਮੈਂ ਆਪਣੀ ਰੂਹ ਦੀ,
ਦਹਿਲੀਜ਼ ਦੀ ਕੈਨਵਸ ’ਤੇ

ਉਸ ਨੂੰ ਉੱਕਰਿਆ ਸੀ

ਤੇ ਉਸ ਦੇ ਉਸ ਮਹਾਨ,
ਅਕਾਰ ਨੂੰ ਮੈਂ ਸਦਾ ਹੀ,
ਇਕ ਸਦੀਵੀ ਮਿੱਤਰਤਾ,

ਤੇ ਵਫਾ ਦਾ ਚਿੰਨ੍ਹ ਸਮਝਦਾ ਰਿਹਾ

ਮੇਰੀ ਰੂਹ ਦੀ ਦਹਿਲੀਜ਼ ਦੀ,
ਕੈਨਵਸ ’ਤੇ ਉਸ ਦਾ ਚਹਿਰਾ,
ਮੈਂਨੂੰ ਚੰਗਾ ਲਗਦਾ

ਉਸ ਦੀ ਕਲਮ ਵਿੱਚ ਤਰਕ ਸੀ,
ਉਸ ਦੇ ਸ਼ਬਦ ਸ਼ਕਤੀਵਾਨ ਸਨ,
ਉਹ ਆਪਣੀ ਚਿਤਵੀ,
ਤਕਦੀਰ ਨੂੰ ਹਰ ਹੀਲੇ,
ਸਿਰੇ ਅੱਪੜਦੀ ਕਰਦਾ

ਆਪਣੀ ਹਿੰਡ ਪੁਗਾਉਣ ਲਈ,
ਹੱਦਾਂ ਬੰਨੇ ਟੱਪ ਜਾਂਦਾ

ਖਿਮਾ ਕਰਕੇ ਭੁਲ ਜਾਣਾ,
ਤੇ ਫਿਰ ਮੰਜ਼ਿਲ ’ਤੇ,
ਇਕੱਠੇ ਟੁਰੇ ਜਾਣਾ,
ਉਸ ਦੇ ਸ਼ਬਦਕੋਸ਼,

ਵਿੱਚ ਨਹੀਂ ਸੀ

ਉਹ ਕਿੰਤੂ ਕਰਨ ਵਾਲੇ,
ਦੀ ਭੁੱਲ ਨੂੰ ਬਖ਼ਸ਼ਣਾ,
ਪਾਪ ਸਮਝਦਾ ਸੀ

ਆਪਸ ਵਿਚ ਚੁੰਜਾਂ ਪਹੁੰਚੇ ਲੱਗ ਜਾਂਦੇ
ਕਿਸੇ ਗੰਭੀਰ ਮਸਲੇ ’ਤੇ,
ਸਿੰਗ ਵੀ ਫਸ ਜਾਂਦੇ

ਪਰ ਫਿਰ,
ਸਾਂਝੀ ਮੰਜ਼ਲ ’ਤੇ,
ਸਭ ਕੁੜਿੱਤਣ ਭੁੱਲ ਭੁਲਾ ਕੇ,
ਟੁਰੀ ਜਾਂਦੇ

ਉਸ ’ਤੇ ਕਿੰਤੂ ਕਰਨ ਵਾਲੇ ਲਈ,
ਉਸ ਦੀ ਦਰਗਾਹ ਵਿਚ,
ਕੋਈ ਰਾਹਤ ਨਹੀਂ ਸੀ

ਕਿੰਤੂ ਕਰਨ ਦੀ ਭੁੱਲ ਨੂੰ,
ਖਿਮਾ ਕਰਨ ਤੇ ਭੁਲ ਜਾਣਾ,
ਉਸ ਦੇ ਸ਼ਬਦਕੋਸ਼ ਵਿੱਚ ਨਹੀਂ ਸੀ

ਇਕ ਰੋਜ਼ ਉਸ ’ਤੇ,
ਕਿੰਤੂ ਕਰਨ ’ਤੇ,

ਉਸ ਵਿੱਚ ਨਿੱਜੀ ਸ਼ੋਹਰਤ,
ਤੇ ਹਉਮੈ ਦਾ ਜ਼ਬਰਦਸਤ ਜਲੌ ਸੀ

ਤੇ ਹਮਦਮਾਂ ਦਾ
ਜ਼ਬਰਦਸਤ ਜ਼ਲਜ਼਼ਲਾ ਆਇਆ

ਤੇ ਮੇਰੀ ਰੂਹ ਦੀ ਦਹਿਲੀਜ਼ ’ਤੇ,
ਉੱਕਰਿਆ ਉਸ ਦਾ ਮਹਾਨ ਬੁੱਤ,
ਕੰਕਰ ਕੰਕਰ ਹੋ ਗਿਆ

ਤੇ ਮੈਂ ਹੁਣ ਉਸ,
ਖੰਡਰ ਦੇ ਢੇਰ ਵਿੱਚੋਂ,

ਉਸ ਮਹਾਨ ਅਜ਼ੀਜ਼,
ਦੋਸਤ ਦੇ ਅਕਾਰ ਨੂੰ,
ਢੂੰਡਦਾ ਹਾਂ

ਪਰ ਮੇਰੇ ਹੱਥ, ਸਿਰਫ,
ਕੰਕਰ ਤੇ ਪੱਥਰ ਦੇ,
ਟੁਕੜੇ ਹੀ ਆਉਂਦੇ ਹਨ

ਤੇ, ਮੇਰੀ ਰੂਹ,
ਕੰਬ ਉੱਠਦੀ ਹੈ,
ਉਸ ਦੀ ਅਣਹੋਂਦ,
ਦੇ ਅਨੁਭਵ ਨਾਲ

ਤੇ ਮੈਂ,
ਦੂਰ ਖ਼ਿਲਾ ਵਿਚ,
ਇਕ ਅਜ਼ੀਜ਼,
ਦੋਸਤ ਨੂੰ ਢੂੰਡਦਾ ਹਾਂ

        **

           4.

         ਆਸ

ਹੈ ਕੀ ਸਿਲਾ ਜ਼ਿੰਦਗੀ ਨੂੰ ਭਲਾ,
ਬੈਠ ਕੇ ਰਾਹਾਂ ਵਿੱਚ ਰੋਣ ਦਾ

ਉਦਾਸ ਰਾਹਾਂ ਤੋਂ ਜੋ ਗੁਜ਼ਰ ਗਏ,
ਫਿਰ ਕੀ ਰਿਹਾ, ਮਾਤਮ ਮਨਾਉਣ ਦਾ

ਕਿਵੇਂ ਸੀਣਗੇ ਉਹ, ਗਿਰੇਬਾਨ ਆਪਣਾ,
ਵਕਤ ਰਿਹਾ ਨਾ, ਸਿਜਦਾ ਨਿਵਾਉਣ ਦਾ

ਭਟਕਦੇ ਰਹੇ ਜੋ, ਕਰਦੇ ਸੀ ਤਲਾਸ਼,
ਸਿੱਖਣਗੇ ਚੱਜ ਕਿਵੇਂ, ਬਿਰਹਾ ਹੰਢਾਉਣ ਦਾ

ਰਾਤ ਦੀ ਬੁੱਕਲ ਮਾਰ ਕੇ, ਜੋ ਟੁਰ ਗਏ,
ਕਰਨਗੇ ਜਿਗਰਾ ਕਿਵੇਂ
, ਘਰੀਂ ਮੁੜ ਆਉਣ ਦਾ

ਕਦੇ ਤਾਂ ਜੀਣ ਲਈ ਹੈ, ਤਸੱਵਰ ਹੀ ਬੜਾ,
ਹੋਵੇ ਅਹਿਸਾਸ
, ਕੋਈ ਸੂਰਜ ਚੜ੍ਹਾਉਣ ਦਾ

ਮਿਲਣ ਦੀ ਆਸ ਲਈ, ਕਿਸੇ ਕਬਰ ’ਤੇ,
ਹੈ ਕੋਈ ਅਰਥ ਭਲਾ, ਦੀਵਾ ਜਗਾਉਣ ਦਾ

ਮਰ ਗਏ ਜੋ ਆਪ ਹੀ, ਕੀ ਕਰਨਗੇ ਉਹ,
ਕੁਝ ਬਣਦਾ ਨਹੀਂ, ਚੜ੍ਹਾਵਾ ਚੜ੍ਹਾਉਣ ਦਾ

ਸਾਂਭ ਰੱਖ ਯਾਦ ਹੁਣ, ਬੀਤ ਚੁੱਕੇ ਕੱਲ੍ਹ ਦੀ,
ਨਹੀਂ ਭਰੋਸਾ ਹੁਣ, ਉਸ ਦੇ ਆਉਣ ਦਾ

ਆ ਰਹੀ ਦੂਰ ਤੋਂ, ਕਿਸੇ ਪੰਛੀ ਦੀ ਅਵਾਜ਼,
ਹੈ ਸੁਨੇਹਾ ਇਹ, ਪਹੁ ਫੁਟਾਲਾ ਹੋਣ ਦਾ

ਸਾਂਭ ਰੱਖ ਪਲ ਹੁਣ, ਆਉਣ ਵਾਲੇ ਭਲਕ ਲਈ
ਹੈ ਅਵਾਈਆ, ਹੁਣ ਉਸ ਦੇ ਆਉਣ ਦਾ
               *****

(679)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਦਰਸ਼ਣ ਖੈਰਾ

ਦਰਸ਼ਣ ਖੈਰਾ

Edmonton, Alberta, Canada.
Phone: (780 984 1208)
Email: (d.khaira@shaw.ca)