GurbhajanSGill7ਜਿਸ ਦੇ ਬਿਖਰਨ ਦਾ ਡਰ ਔਖਾ ਕਰ ਦੇਵੇ ਸਾਹ ਲੈਣਾ ਵੀ,    ਰੇਤ ਜਿਹੇ ਉਸ ਰਿਸ਼ਤੇ ਦੀ ਹੁਣ ਕੀ ਕੋਈ ਸੰਭਾਲ ਕਰੇ। ...”
(ਜੁਲਾਈ 10, 2016)

 

ਬਦਲਦੀ ਸਿਰਫ਼ ਸੂਰਤ ਹੀ ਨਹੀਂ ਇਕ ਨਾਲ ਉਮਰਾਂ ਦੇ,
ਅਨੇਕਾਂ ਰਿਸ਼ਤਿਆਂ ਦੇ ਅਰਥ ਵੀ ਅਕਸਰ ਬਦਲ ਜਾਂਦੇ।

         ਬਰਜਿੰਦਰ ਚੌਹਾਨ

                     **

ਯਥਾਰਥ ਹੈ ਜ਼ਰੂਰਤ ਨਾਲ ਸਭ ਰਿਸ਼ਤੇ ਬਦਲ ਜਾਂਦੇ,
ਦਿਲਾਂ ਦੀ ਸਾਂਝ ਕਾਹਦੀ ਹੈ, ਮਨਾਂ ਦਾ ਫਾਸਲਾ ਕੀ ਹੈ।

             ਐਸ ਨਸੀਮ

                    **

ਭਾਲ਼ ਕਿਸੇ ਦੀ ਹੁਣ ਨਾ ਸਾਨੂੰ ਨਾ ਹੁਣ ਰਹੀ ਉਡੀਕ
,

ਹੁਣ ਤਾਂ ਰਿਸ਼ਤਾ ਇੰਝ ਹੰਢਾਈਏ ਜਿਉਂ ਪਾਣੀ ’ਤੇ ਲੀਕ।

            ਬੀਬਾ ਬਲਵੰਤ

                     **

ਨਾਨਕ-ਛੱਕ ’ਤੇ ਕੀ ਲਾਵੇਂਗਾ? ਪੁੱਛਦੀ ਮਾਂ ਦੀ ਜਾਈ ਜਦ,
ਲਗਦੈ ਦੰਮਾਂ ਦੇ ਸੰਗ ਬੱਝੇ ਰਿਸ਼ਤੇ ਭੈਣ-ਭਰਾਵਾਂ ਦੇ।

            ਸ. ਤਰਸੇਮ

                    **

ਕਿਸੇ ਥਾਂ ਵਰਤਣਾ ਕਿੱਦਾਂ ਇਹ ਬੰਦੇ ’ਤੇ ਮੁਨੱਸਰ ਹੈ,
ਕਿਤੇ ਉਹ ਪਾਲਦਾ ਰਿਸ਼ਤੇ ਕਿਸੇ ਥਾਂ ਲਾਹ ਦਵੇ ਲੋਈ।

         ਗੁਰਦਿਆਲ ਦਲਾਲ

                     **

ਜ਼ਰੂਰਤ ਹੀ ਬਣਾਉਂਦੀ ਹੈ ਹਮੇਸ਼ਾ ਆਪਸੀ ਰਿਸ਼ਤੇ,
ਬਿਨਾ ਮਤਲਬ ਕਿਸੇ ਨੇ ਕਦ ਕਿਸੇ ਨੂੰ ਯਾਦ ਕੀਤਾ ਹੈ।

         ਗੋਬਿੰਦ ਰਾਮ ਲਹਿਰੀ

                    **

ਕੌਣ ਮੇਰਾ ਹੈ ਤੇ ਮੈਂ ਕਿਸਦਾ ਹਾਂ,
ਸਾਰੇ ਰਿਸ਼ਤੇ ਨੇ ਲੋੜ ਦੇ ਇਹ ਤਾਂ।

ਸਰਦ ਰਾਤਾਂ ’ਚ ਕੋਈ ਸੇਕ ਲਵੇ,
ਕੋਈ ਧੁੱਪਾਂ ’ਚ ਤਾਣਦਾ ਮੈਨੂੰ।

  ਬਰਜਿੰਦਰ ਚੌਹਾਨ

            **

ਰਿਸ਼ਤੇ ਵਸਤਾਂ ਤੋਂ ਵੀ ਪਹਿਲਾਂ ਵਿਕਣ ਲਈ ਨੇ ਕਾਹਲੇ,
ਬਿਲਕੁਲ ਬੈੱਡਰੂਮ ਦੇ ਨੇੜੇ ਪਹੁੰਚ ਗਿਆ ਬਾਜ਼ਾਰ।

           ਦਾਦਰ ਪੰਡੋਰਵੀ

                      **

ਰਿਸ਼ਤੇ ਦੀ ਚਾਦਰ ਦੀਆਂ ਲੀਰਾਂ ਖਿੱਲਰ ਗਈਆਂ ਏਸ ਕਦਰ,
ਚਾਰ ਕਦਮ ਨਹੀਂ ਤੁਰਕੇ ਰਾਜ਼ੀ, ਸੱਕੀ ਭੈਣ ਭਰਾਵਾਂ ਨਾਲ।

           ਗੁਰਭਜਨ ਗਿੱਲ

                     **

ਪਿਆਸ ਦੀ ਤਾਸੀਰ ਕੀ ਹੈ ਰਿਸ਼ਤਿਆਂ ਦੀ ਵਰਜਣਾ ਕੀ?
ਸਮਝ ਨਾ ਆਇਆ ਇਦ੍ਹੇ ’ਚੋਂ ਛੱਡਣਾ ਕੀ, ਰੱਖਣਾ ਕੀ?

            ਦੀਪਕ ਧਲੇਵਾਂ

                     **

ਬਸ ਜ਼ਮੀਰਾਂ ਹੀ ਤੁਸੀਂ ਗਿਰਵੀ ਕਰੋ ਤੇ ਲੈ ਲਵੋ,
ਸੌਖੀਆਂ ਕਿਸ਼ਤਾਂ ’ਚ ਮਿਲ ਜਾਂਦੇ ਨੇ ਰਿਸ਼ਤੇ ਬੇਸ਼ੁਮਾਰ।।

                    ਜਸਵਿੰਦਰ

                        **

ਇਵੇਂ ਉਲਝੀ ਮੇਰੇ ਜੀਵਨ ਦੀ ਤਾਣੀ ਇਸ਼ਕ ਵਿਚ ਤੇਰੇ,
ਹਰਿੱਕ ਰਿਸ਼ਤੇ ਦੀਆਂ ਤੰਦਾਂ ਮੈਂ ਥਾਂ ਥਾਂ ਗੰਢੀਆਂ ਤੱਕੀਆਂ।

           ਹਰਸ਼ਰਨ ਸ਼ਰੀਫ਼

                      **

ਇਨ੍ਹਾਂ ਦੇ ਨਾਲ ਹੀ ਬਣਦੇ, ਵਿਗੜਦੇ ਆਪਣੇ ਰਿਸ਼ਤੇ,
ਹਿਤਾਂ ਦੀ ਖੇਡ ਹੀ ਹੈ, ਦੋਸਤੀ ਕੀ ਦੁਸ਼ਮਣੀ ਕੀ ਹੈ।

            ਕ੍ਰਿਸ਼ਨ ਭਨੋਟ

                     **

ਕਿਤੇ ਦੁਨੀਆ ਦੇ ਸਾਰੇ ਰਿਸ਼ਤਿਆਂ ਦੀ ਰਾਖ ਨਾ ਉੱਡੇ,

ਅਸੀਂ ਕੁਝ ਰਿਸ਼ਤਿਆਂ ਨੂੰ ਇਸ ਲਈ ਬੇਨਾਮ ਰੱਖਾਂਗੇ।

          ਗੁਰਤੇਜ ਕੋਹਾਰਵਾਲਾ

                      **

ਕਿਸ ਨਸਲ ਦੇ ਸਾਕ ਸਹੇੜੇ, ਬਣੇ ਵਿਕਾਊ ਖੁਸ਼ੀਆਂ ਖੇੜੇ,
ਮੰਡੀ ਬੈਠੇ ਰਿਸ਼ਤੇ ਨਾਤੇ, ਪਥਰਾਈ ਔਕਾਤ ਕਿਉਂ ਹੈ।

           ਗੁਰਭਜਨ ਗਿੱਲ

                      **

ਬੋਝਲ ਬੋਝਲ ਜਾਪ ਰਹੇ ਨੇ ਤੇਰੇ ਮੇਰੇ ਰਿਸ਼ਤੇ ਨਾਤੇ,
ਲਗਦੈ ਸਭ ਦੇ ਤਿੜਕੇ ਫਿਰਦੇ ਚਾਰ ਚੁਫ਼ੇਰੇ ਰਿਸ਼ਤੇ ਨਾਤੇ।

ਸਿਰ ’ਤੇ ਉੱਗੇ ਹਉਮੈ ਦੇ ਸਿੰਗ ਬੰਦਾ ਬਣਿਆ ਡੰਗਰ ਵਰਗਾ,
ਹੈਂਕੜਬਾਜ਼ੀ ਮਾਨਵਤਾ ਦੇ ਏਦਾਂ ਘੇਰੇ ਰਿਸ਼ਤੇ ਨਾਤੇ।

           ਸੁਰਜੀਤ ਸਾਜਨ

                     **

ਲੋੜ ਮੁਤਾਬਿਕ ਘਰ ਵਿਚ ਮੈਨੂੰ ਹਰ ਰਿਸ਼ਤੇ ਨੇ ਵੰਡ ਲਿਐ,
ਥੋੜ੍ਹਾ ਥੋੜ੍ਹਾ ਹਰ ਰਿਸ਼ਤੇ ਦੇ ਹੱਥੋਂ ਨਿੱਤ ਮਰ ਜਾਈਦਾ।

           ਹਰਜਿੰਦਰ ਕੰਗ

                     **

ਜਿਸ ਦੇ ਬਿਖਰਨ ਦਾ ਡਰ ਔਖਾ ਕਰ ਦੇਵੇ ਸਾਹ ਲੈਣਾ ਵੀ,

ਰੇਤ ਜਿਹੇ ਉਸ ਰਿਸ਼ਤੇ ਦੀ ਹੁਣ ਕੀ ਕੋਈ ਸੰਭਾਲ ਕਰੇ।

          ਬਰਜਿੰਦਰ ਚੌਹਾਨ

                      **

ਕਦੀ ਜੋ ਥਿਰ ਨਹੀਂ ਰਹਿੰਦੇ ਉਨ੍ਹਾਂ ਦੀ ਥਾਹ ਕਿਵੇਂ ਪਾਈਏ,
ਇਹ ਰਿਸ਼ਤੇ ਵੀ ਅਮੂਮਨ ਪਾਰਿਆਂ ਦੇ ਵਾਂਗ ਮਿਲਦੇ ਨੇ।

           ਸੁਰਜੀਤ ਸਖੀ

                   **

ਵਸਤੂਆਂ ਦੀ ਲਾਲਸਾ ਦੇ ਦੌਰ ਦਾ ਦੇਖੋ ਕਮਾਲ,
ਵਾਕਫ਼ੀਅਤ, ਸਾਂਝ, ਰਿਸ਼ਤੇ ਰਹਿ ਗਏ ਬਣ ਕੇ ਸਵਾਲ।

          ਹਰਬੰਸ ਮਾਛੀਵਾੜਾ

                     **

ਟੁਕੜੇ ਟੁਕੜੇ ਹੋਏ ਰਿਸ਼ਤੇ ਕੀ ਮੁੜ ਮੁੜ ਕੇ ਜੋੜਾਂ,

ਕੀ ਗਲ ਲਾਵਾਂ ਅੱਧ ਪਚੱਧੇ ਯਾਦਾਂ ਦੇ ਮਹਿਮਾਨ।

          ਹਰਜਿੰਦਰ ਕੰਗ

                   **

ਐਸੇ ਟੁੱਟ ਕੇ ਰਿਸ਼ਤੇ ਉਲਝੇ ਫੇਰ ਕਦੀ ਨਾ ਸੁਲਝੇ,

ਤੇਰੇ ਪਿੱਛੋਂ ਜੀਵਨ ਵਿਚ ਨਾ ਉਹ ਤਰਤੀਬ ਰਹੀ।

          ਡਾ. ਜਗਤਾਰ

                  **

ਪਤਝੜਾਂ ਵਿਚ ਬਿਰਖ ਦੀ ਜੋ ਬਾਤ ਵੀ ਪੁੱਛਦੇ ਨਹੀਂ,
ਪੈਣ ’ਤੇ ਫਲ ਸੈਂਕੜੇ ਰਿਸ਼ਤੇ ਬਣਾ ਲੈਂਦੇ ਨੇ ਲੋਕ।

           ਰਾਮ ਲਾਲ ਪ੍ਰੇਮੀ

                    **

ਸਮੇਂ ਦੀ ਰੇਤ ਵਿਚ ਲੁਕਿਆ ਰਹਿਣ ਦੇ ਫੋਲ ਨਾ ਮੈਨੂੰ,
ਮੈਂ ਟੁੱਟ ਚੁੱਕੇ ਕਿਸੇ ਸ਼ੀਸ਼ੇ ਜਿਹੇ ਰਿਸ਼ਤੇ ਦਾ ਟੁਕੜਾ ਹਾਂ।

            ਡਾ. ਜਗਤਾਰ

                     **

ਇਹ ਮੋਹ ਵਫ਼ਾ ਇਹ ਨਾਤੇ, ਜਿਸ ਦਿਨ ਵੀ ਭਾਰ ਜਾਪੇ,
ਬੇਖੌਫ਼ ਹੋ ਕੇ ਸਾਰੇ ਰਿਸ਼ਤੇ ਵਿਸਾਰ ਦੇਣਾ।

ਖੁਦਗਰਜ਼ੀਆਂ ਦੀ ਰੁੱਤੋਂ, ਬੇ-ਮਾਨੀਆਂ ਦੇ ਉੱਤੋਂ,
ਜਿੱਥੇ ਵੀ ਦਾਅ ਲੱਗਾ ਹਰ ਵਾਅਦਾ ਵਾਰ ਦੇਣਾ।

ਮੈਂ ਰਿਸ਼ਤਿਆਂ ਦੀ ਹਰ ਇਕ ਪਰਿਭਾਸ਼ਾ ਜਾਣਦਾ ਹਾਂ,
ਮੈਂ ਰਿਸ਼ਤਿਆਂ ਨੂੰ ਹਰ ਹੱਦ ਤਕ ਪਛਾਣਦਾ ਹਾਂ।

ਸੋਚੀਂ ਨਾ ਮੇਰੇ ਬਾਰੇ, ਤੂੰ ਲਾਹ ਦੇ ਸੰਸੇ ਸਾਰੇ,
ਜਿੱਥੇ ਜੀਅ ਕੀਤਾ ਤੇਰਾ, ਉੱਥੇ ਉਤਾਰ ਦੇਣਾ।

            ਜਗਦੀਪ

                  **

ਬਿਨ ਤੇਰੇ ਸਿਮਟ ਹੀ ਨਾ ਹੋਇਆ ਕਿਸੇ ਰਿਸ਼ਤੇ ਵਿਚ,
ਜੀਅ ਲਈ, ਜਦ ਮਿਲੀ, ਜਿੰਨੀ ਵੀ ਮਿਲੀ ਤਨਹਾਈ।

               ਵਾਹਿਦ

                    **

ਜੇ ਤੂੰ ਕਮਲ ਦਾ ਫੁੱਲ ਬਣ ਜਾਂਦੀ, ਮੈਂ ਬਣ ਜਾਂਦਾ ਗਾਰ ਨੀ ਰੂਹੇ,
ਏਸੇ ਹੀ ਰਿਸ਼ਤੇ ਨਿਭ ਜਾਂਦਾ ਤੇਰਾ ਮੇਰਾ ਪਿਆਰ ਨੀ ਰੂਹੇ।

               ਰਮਨਦੀਪ

                      **

ਪਹਿਲਾਂ ਦਿਲ ਦੇ, ਖ਼ੂਨ ਤੇ ਰੂਹ ਦੇ ਹੁੰਦੇ ਸੀ,
ਅੱਜਕਲ ਰਿਸ਼ਤੇ ਹੋ ਗਏ ਸਿਰਫ਼ ਦਿਮਾਗਾਂ ਦੇ।

        ਪਰਮੋਦ ਕਾਫ਼ਿਰ

                 **

ਲਿੰਬਣ ਪੋਚਣ ਕਰਨਾ ਪੈਂਦੈ, ਪਿਆਰ ਮੁਹੱਬਤ ਦਾ,
ਰਿਸ਼ਤੇ ਕੱਚੇ ਘਰ ਦੇ ਵਾਂਗ ਤਵੱਜੋ ਮੰਗਦੇ ਨੇ।

        ਗੁਰਭਜਨ ਗਿੱਲ

                *****

(348)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)