HarpreetKaur7ਪਤਾ ਨਹੀਂ ਕੀ ਸੀ   ਏਨਾ ਉੱਧੜਿਆ    ਘਰ ਵਿੱਚ    ਸਾਰੀ ਰਾਤ    ਚੱਲਦੀ ਰਹੀ ਮਸ਼ੀਨ ...”
(ਜੂਨ 11, 2016)

 

 ਮੇਰੀ ਤੀਵੀਂ

(ਇੱਕ)

ਜੂੜੇ ਦਾ ਕਲਿੱਪ
ਟੰਗਦਿੰਦੀਹੈ ਕਿਧਰੇ
ਕਿਸੇ ਵੀ ਕੰਧ ’ਤੇ
ਲਾ ਦਿੰਦੀ ਹੈ ਬਿੰਦੀ

ਕਿੱਧਰੋਂ ਵੀ ਸ਼ੁਰੂ ਕਰਕੇ
ਕਿਸੇ ਵੀ ਤਰ੍ਹਾਂ ਹੂੰਝ ਲੈਂਦੀ ਹੈ ਘਰ

ਕਿਸੇ ਵੀ ਗੀਤ ਨੂੰ
ਅੱਧ ਵਿੱਚੋਂ ਗਾ ਕੇ
ਛੱਡ ਦਿੰਦੀ ਹੈ ਅੱਧ ਵਿਚਾਲੇ

ਔਹ ਵੇਖ ਤੇਰੇ ਵਰਗਾ ਆਦਮੀ
- ਕਹਿ ਕੇ ਖਿੜ-ਖਿੜ ਕੇ ਹੱਸ ਪੈਂਦੀ ਹੈ

ਵਿਚ ਬਾਜ਼ਾਰ
ਕਿਸੇ ਵੀ ਵੇਲੇ

ਕਰ ਲੈਂਦੀ ਹੈ ਕੁੱਝ ਵੀ
ਕਿੰਨੀ ਆਜ਼ਾਦ ਖ਼ਿਆਲ ਹੈ
ਮੇਰੀ ਤੀਵੀਂ

   **

(ਦੋ)

ਧੋਣ ਲਈ
ਰੱਖ ਆਇਆਂ ਸਵੈਟਰ
ਹਾਲੇ ਕਿਸੇ ਰੰਗ ਦੀ
ਗਰਿਫ਼ਤ ਵਿਚ ਹੈ ਉਹ

ਦੁੱਧ ਵਿਚ ਥੋੜ੍ਹਾ ਜਿਹਾ ਕੇਸਰ ਮਿਲਾ ਦੇਵਾਂ
ਕਈ ਵਾਰ ਰੰਗ ਬਦਲਣ ਨਾਲ ਵੀ
ਬਦਲ ਜਾਂਦੀ ਹੈਤਾਸੀਰ
- ਕਹਿ ਕੇ ਹੱਸ ਰਹੀ ਹੈ
ਮੇਰੀ ਤੀਵੀਂ

   **

(ਤਿੰਨ)

ਪਤਾ ਨਹੀਂ ਕੀ ਸੀ
ਏਨਾ ਉੱਧੜਿਆ
ਘਰ ਵਿੱਚ
ਸਾਰੀ ਰਾਤ
ਚੱਲਦੀ ਰਹੀ ਮਸ਼ੀਨ
ਸਿਉਂਦੀ ਰਹੀ
ਮੇਰੀ ਤੀਵੀਂ

    **

(ਚਾਰ)

ਦੁੱਧ ਵਾਲੇ ਨਾਲ
ਗੱਲਾਂ ਕਰਦੀ ਰਹੀ
ਦੇਰ ਤੀਕ
ਫੋਨ ’ਤੇ ਬਣੀ ਰਹੀ ਚੁੱਪ
ਮੇਰੀ ਤੀਵੀਂ

    **

(ਪੰਜ)

ਚਲਦਾ ਰਿਹਾ ਨਲਕਾ
ਧੋਂਦੀ ਰਹੀ ਕੱਪੜੇ
ਪੂੰਝਦੀ ਰਹੀ ਰੌਸ਼ਨਦਾਨ
ਧੋ-ਧੋ ਕੇ ਸਜਾਉਂਦੀ ਰਹੀ ਭਾਂਡੇ
ਲਾਹੁੰਦੀ ਰਹੀ ਜਾਲ਼ੇ
ਉਮਰ ਭਰ
ਝਾੜਦੀ ਰਹੀ ਧੂੜ
ਪਤਾ ਨਹੀਂ ਕੀ ਸੀ
ਏਨਾ ਮੈਲਾ
ਘਰ ਵਿਚ

   **

ਮੇਰੀ ਕਵਿਤਾ ਵਿਚਲੀ ਕੁੜੀ

(ਇੱਕ)

ਮੇਰੀ ਕਵਿਤਾ ਵਿਚਲੀ ਕੁੜੀ ਨੂੰ
ਕਹਿਣਾ ਚਾਹੁੰਦਾ ਹਾਂ
ਤੂੰ ਦੁਨੀਆਂ ਦੀ ਸਭ ਤੋਂ ਪਿਆਰੀ ਕੁੜੀ ਹੈਂ

ਜੀਕਣ ਹੀ ਕਹਿਣ ਲਈ ਵਧਦਾ ਹਾਂ
ਉਹ ਕਹਿੰਦੀ ਹੈ-
ਮੇਰੀ ਤਾਂ ਕੁੜਮਾਈ ਹੋ ਗਈ
ਜਾ ਕਿਸੇ ਹੋਰ ਨੂੰ ਕਵਿਤਾ ਵਿੱਚ ਲਿਆ

ਮੈਂ ਉਸ ਨੂੰ ਫਿਰ ਕਹਿੰਦਾ ਹਾਂ-
ਨਹੀਂ, ਨਹੀਂ, ਕਵਿਤਾ ਵਿਚ ਆ ਜਾਣ ਨਾਲ
ਕਿਸੇ ਦਾ ਕੁੱਝ ਨਹੀਂ ਗੁਆਚਦਾ

ਜੀਕਣ ਹੀ ਕਹਿਣ ਨੂੰ ਜਾਂਦਾ ਹਾਂ
ਉਹ ਮੇਰੀ ਕਵਿਤਾ ਤੋਂ ਦੂਰ ਚਲੀ ਜਾਂਦੀ ਹੈ
ਫਿਰ ਵਰ੍ਹਿਆਂ ਤੀਕ ਵਾਪਿਸ ਹੀ ਨਹੀਂ ਆਉਂਦੀ ਹੈ।

                     **

(ਦੋ)

ਉਸਨੂੰ ਕਿਧਰੇ ਜਾਣ ਦੀ ਕਾਹਲੀ ਹੈ
ਅਚਾਨਕ ਮੇਰੇ ਨਾਲ ਟਕਰਾ ਗਈ ਹੈ
ਅਤੇ ਇਕ ਦਮ ਘਬਰਾ ਗਈ ਹੈ
ਜੀਕਣ ਮੈਂ ਉਸਦੀ ਕੋਈ ਚੋਰੀ ਫੜ ਲਈ ਹੋਵੇ
ਜਿਸਨੂੰ ਕਵਿਤਾ ਵਿਚ ਲਿਖ ਕੇ
ਮੈਂ ਸਾਰਿਆਂ ਨੂੰ ਸੁਣਾ ਦੇਵਾਂਗਾ
ਤੇ ਸਭ ਜਾਣ ਜਾਣਗੇ
ਕਿ ਉਸ ਦਿਨ ਉਹ ਕਿੱਥੇ ਗਈ ਸੀ।

                **

(ਤਿੰਨ)

ਨੀਂਦ ’ਚੋਂ ਉੱਠ ਕੇ
ਬੈਠ ਗਿਆ ਹਾਂ
ਅੱਧੀ ਰਾਤੀਂ
ਕਵਿਤਾ ਵਿਚ ਲਿਆਉਣਾ ਚਾਹੁੰਦਾ ਹਾਂ ਉਸਨੂੰ
ਉਹ ਹੈ ਕਿ ਹਾਲੇ ਸਬਜ਼ੀ ਕੱਟ ਰਹੀ ਹੈ
ਫਿਰ ਕੱਪੜੇ ਤਹਿ ਕਰੇਗੀ
ਫਿਰ ਪਤਾ ਨਹੀਂ ਕੀ-ਕੀ ਕਰੇਗੀ
ਤਦ ਤੀਕ ਤਾਂ ਸੌਂ ਹੀ ਜਾਵਾਂਗਾ ਮੈਂ।

               **

(ਚਾਰ)

ਮੇਰੇ ਨਾਲ
ਲੰਗੜਾ ਸ਼ੇਰ, ਪਿਚੋ, ਗੀਟੇ, ਟੱਪਾ ਖੇਡੇਗਾਂ?
ਖਹਿ ਕੇ ਮੇਰੇ ਪਿੱਛੇ-ਪਿੱਛੇ ਨੱਸਣ ਲੱਗਦੀ ਹੈ
ਜੀਕਣ ਹੀ ਮੈਂ ਜਿੱਤਣ ਲੱਗਦਾਂ
ਉਹ ਮੇਰੇ ਤੋਂ ਹਾਰਣ ਲੱਗਦੀ ਹੈ

ਕਹਿੰਦੀ ਹੈ-
ਕਵਿਤਾ ’ਚ ਮੈਨੂੰ ਰੋਂਦਿਆਂ ਵੇਖ ਕੇ
ਹਾਰਨ ਲੱਗਦਾ ਹੈਂ ਨਾ ਤੂੰ
ਖੇਲ ਵਿਚ ਤੈਨੂੰ ਜਿਤਾ ਕੇ
ਹਾਰਨਾ ਚਾਹੁੰਦੀ ਹਾਂ ਮੈਂ
ਸਾਡੇ ਪਿੰਡ ਵਿਚ ਮਹਿਮਾਨਾਂ ਨੂੰ ਹਰਾਉਣ ਦਾ ਰਿਵਾਜ ਨਹੀਂ
ਹਾਰਨਾ ਹੀ ਹੈ ਤਾਂ ਜਾ ਕਿਧਰੇ ਹੋਰ ਜਾ ਕੇ ਖੇਡ

ਇੰਨੀ ਵੱਡੀ ਗੱਲ ਕਹਿ ਕੇ
ਹੱਸਣ ਲੱਗਦੀ ਹੈ ਖਿੜ-ਖਿੜ
ਮੇਰੀ ਕਵਿਤਾ ਵਿਚਲੀ ਕੁੜੀ।

            **

(ਪੰਜ)

ਖੇਤ ’ਚ ਲੱਸੀ ਦੇ ਕੇ
ਆ ਰਹੀ ਹੈ ਸਿਖ਼ਰ ਦੁਪਹਿਰੇ
ਕੋਈ ਹੈ ਕਿ ਸੁਣਦਾ ਹੀ ਨਹੀਂ
ਕਿ ਉਸ ਕੋਲ ਲੱਸੀ ਹੈ
ਜਿਸ ਨਾਲ ਬੁੱਝ ਸਕਦੀ ਹੈ ਪਿਆਸ।

ਟਿਊਬਵੈੱਲ ਦੀ ਘਰਰ-ਘਰਰ ’ਚ
ਕਿਸਨੂੰ ਸੁਣਦੀ ਹੈ ਉਸਦੀ ਆਵਾਜ਼
ਮੈਂ ਹਾਂ ਕਿ
ਚਾਹੁੰਦਾ ਹਾਂ
ਉਹ ਲੱਸੀ ਰੱਖਕੇ ਕਾਹਲੀ-ਕਾਹਲੀ ਪਰਤ ਆਵੇ
ਮੇਰੀ ਕਵਿਤਾ ’ਚ
ਖਾਲੀ ਹੱਥ।

   **

(ਛੇ)

ਕੰਨ ਵਿਚ ਪੰਜਵਾਂ ਛੇਕ ਕਰਵਾ ਕੇ
ਕਹਿ ਰਹੀ ਹੈ ਮੈਨੂੰ-

ਔਹ ਸਾਹਮਣੇ ਵੇਖ
ਮੁਰਕੀਆਂ ਵਾਲਾ ਪਿੰਡ
ਸਾਰੀਆਂ ਕੁੜੀਆਂ ਦੇ ਕੰਨਾਂ ’ਚ
ਪੰਜ-ਪੰਜ ਛੇਕ ਨੇ
ਹੇ ਵਹਿਗੁਰੂ
ਵੇਖਿਆ ਹੈ ਕੋਈ ਪਿੰਡ ਕਿਤੇ ਕੁੜੀਆਂ ਦੇ ਨਾਮ ਨਾਲ ਮਸ਼ਹੂਰ
ਉੱਥੋਂ ਹੀ ਕੰਨ ਪੜਵਾਏ ਨੇ
ਛੱਬੀ, ਅੱਕੀ, ਬੀਟਾ, ਰਾਣੋ ਸਾਰੀਆਂ ਨੇ
ਤੈਨੂੰ ਤਾਂ ਚਿੜੀ ਉੱਡ ਕਾਂਉੱਡ ਵੀ ਖੇਡਣਾ ਨਹੀਂ ਆਉਂਦਾ
ਭਲਾ ਤੇਰੇ ਕਹਿਣ ਨਾਲ ਥੋੜ੍ਹੀ ਉੱਡਣ ਲੱਗ ਪੈਣਗੀਆਂ ਚਿੜੀਆਂ
ਅਤੇ ਹਾਂ, ਤੇਰੇ ਕਹਿਣ ਨਾਲ
ਥੋੜ੍ਹੀ ਨਾ ਆ ਜਾਵਾਂਗੀ ਤੇਰੀ ਕਵਿਤਾ ’ਚ ਮੈਂ
ਠੀਕ ਓਵੇਂ
ਜਿਵੇਂ ਕਿ ਮੈਂ ਹਾਂ

     **

(ਸੱਤ)

 

ਮੇਰੀ ਕਵਿਤਾ ਵਿਚਲੀ ਕੁੜੀ ਨੂੰ
ਇਹ ਪਤਾ ਹੈ
ਕਿ ਮੈਨੂੰ ਸਭ ਪਤਾ ਹੈ
ਮੈਨੂੰ ਵੀ ਇਹ ਪਤਾ ਹੈ
ਕੀ ਉਸਨੂੰ ਸਭ ਪਤਾ ਹੈ
ਦਰਅਸਲ
ਕਵਿਤਾ ਤੋਂ ਬਾਹਰ ਸਾਨੂੰ
ਇਕ ਦੂਸਰੇ ਬਾਰੇ ਕੁੱਝ ਵੀ ਨਹੀਂ ਪਤਾ ਹੈ
               *****

(315)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਹਰਪ੍ਰੀਤ ਕੌਰ

ਡਾ. ਹਰਪ੍ਰੀਤ ਕੌਰ

Assistant Professor, Mahatma Gandhi International Hindi University.
Wardha, Maharashtra, India.

Email: (dr.harpreetkaurr@gmail.com)