BalbiKSanghera2ਇਹ ਤੁਹਾਡਾ ਘਰ ਨਹੀਂ ... ਮੇਰਾ ਘਰ ਹੈ। ਹੱਥ ਚੁੱਕਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ...””

 (ਸਤੰਬਰ 16, 2015)

 

ਘਰੋਂ ਬਾਹਰ ਪੈਰ ਪਾਉਣ ਲੱਗਿਆਂ, ਮੈਂ ਇਕ ਵੇਰ ਫਿਰ ਸੋਚਿਆ। ਆਲ਼ਾ-ਦੁਆਲ਼ਾ ਤੱਕਿਆ। ਉਹ ਦੁਨੀਆਂ ਜਿਹੜੀ ਪਿਛਲੇ ਵੀਹ-ਬਾਈ ਵਰ੍ਹਿਆਂ ਤੋਂ ਮੇਰੇ ਦੁਆਲ਼ੇ ਸਿਮਟੀ ਰਹੀ ਸੀ, ਉਸਨੂੰ ਅੱਖਾਂ ਦੇ ਕੋਇਆਂ ਵਿੱਚੀਂ ਰੀਲ੍ਹ ਵਾਂਗ ਲੰਘਾਇਆ। ਟੁਕੜਿਆਂ ਵਿਚ ਲੰਘਦੇ ਪਲ ਜਿਵੇਂ ਹੁਣ ਦੀ ਘੜੀ ਵਿਚ ਬਦਲ ਗਏ। ਕੋਈ ਪਲ ਐਸਾ ਨਹੀਂ ਸੀ ਜੋ ਮੈਨੂੰ ਰੋਕਦਾ। ... ਤੇ ਦੂਜੇ ਹੀ ਪਲ ਮੇਰਾ ਸੱਜਾ ਪੈਰ ਧੜੰਮ ਕਰਦਾ ਦਹਿਲੀਜ਼ ਦੇ ਬਾਹਰ ਡਿੱਗ ਪਿਆ। ਖੱਬਾ ਪੈਰ ਜਿਵੇਂ ਸੱਜੇ ਦੀ ਉਡੀਕ ਹੀ ਕਰ ਰਿਹਾ ਹੋਵੇ। ਉਹ ਵੀ ਉਸੇ ਰਫਤਾਰ ਨਾਲ਼ ਅੱਗੇ ਵਧ ਗਿਆ ਤੇ ਮੈਂ ਪਿਛਾਂਹ ਮੁੜ ਕੇ ਤੱਕਿਆ ਵੀ ਨਾ।

'ਨੀਤੀ' ਵੀ ਮੇਰੇ ਮਗਰ ਠਿੱਪਕ-ਠਿੱਪਕ ਕਰਦੀ ਤੁਰ ਪਈ। ਮੇਰੀ ਨਜ਼ਰ ਉਸਦੇ ਚਿਹਰੇ ਉੱਤੇ ਪਈ, ਉਸਨੇ ਸਿਰ ਸੁੱਟਿਆ ਹੋਇਆ ਸੀ ਜਿਵੇਂ ਉਹ ਆਪਣੇ ਆਪ ਨੂੰ ਅੱਜ ਦੀ ਘਟਨਾ ਬਾਰੇ ਦੋਸ਼ੀ ਸਮਝ ਰਹੀ ਹੋਵੇ। ਮੈਂ ਝੂਠੀ ਜਿਹੀ ਮੁਸਕਾਨ ਲਿਆ ਕੇ ਉਸਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕੀਤੀ। ਪੋਲੀ ਜਿਹੀ ਚਪਤ ਉਸਦੇ ਮੂੰਹ ਉੱਤੇ ਥਪਥਪਾਈ। ਅੱਖਾਂ ਹੀ ਅੱਖਾਂ ਵਿਚ ਹੰਝੂ ਰੋਕ ਕੇ ਅਸੀਂ ਦੋਹਾਂ ਨੇ ਸਹਿਮਤੀ ਪ੍ਰਗਟਾਈ ਅਤੇ ਆਪਣੇ-ਆਪਣੇ ਬੈਗ ਚੁੱਕੇ ਅਤੇ ਤੁਰ ਪਈਆਂ।

ਸਾਡੀ ਮੰਜ਼ਿਲ ਕੀ ਹੈ? ਸਾਨੂੰ ਦੋਹਾਂ ਨੂੰ ਨਹੀਂ ਸੀ ਪਤਾ।

ਮੈਂ ਜਿਵੇਂ ਤਾਜ਼ੀ ਹਵਾ ਵਿਚ, ਵਰ੍ਹਿਆਂ ਬਾਅਦ ਸਾਹ ਲਿਆ ਹੋਵੇ। ਮੇਰੇ ਅੱਜ ਦੇ ਉਦਾਸ ਪਲਾਂ ਵਿਚ ਵੀ, ਮੈਨੂੰ ਤੇਜ਼ ਵਗਦੀ ਹਵਾ ਬੇਖ਼ੌਫ਼ ਅੱਲੜ੍ਹ ਕੁੜੀ ਵਾਂਗ ਚਾਂਘਰਾ ਪਾਉਂਦੀ ਮਹਿਸੂਸ ਹੋਈ। ਪਰ ਮੇਰੇ ਮਨ ਦਾ ਡਰ ਆਖ ਰਿਹਾ ਸੀ, ਕੁਝ ਖ਼ੈਰ ਨਹੀਂ ਹੈ। ਇਸ ਹਵਾ ਵਿਚ ਛਣ-ਛਣ ਕਰਦੀ ਰਵਾਨਗੀ ਗੁੰਮ ਹੈ। ਇਹ ਤਾਂ ਜਿਵੇਂ ਵਗਦੀ ਹਨੇਰੀ ਹੈ। ਇਹ, ਉਹ ਝੱਖੜ ਹੁੰਦੇ ਹਨ ਜਿਹੜੇ ਸਭ ਕੁਝ ਤਬਾਹ ਕਰ ਦਿੰਦੇ ਹਨ। ਮੈਨੂੰ ਮਹਿਸੂਸ ਹੋਇਆ ਜਿਵੇਂ ਇਹ ਵਰਤਾਵਾ ਮੇਰੇ ਚੁੱਕੇ ਕਦਮਾਂ ਕਾਰਨ ਹੋਵੇ। ਉਲਝਿਆ ਜਿਹਾ।

ਫੇਰ ਵੀ ਮੈਂ ਖਿੱਚ ਕੇ ਸਾਹ ਲਿਆ। ਤੇਜ ਹਵਾ ਦਾ ਬੁੱਲਾ ਮੇਰੀ ਹਿੱਕ ਦੀਆਂ ਨਾੜਾਂ ਵਿਚ ਫਿਰਦਾ ਮਹਿਸੂਸ ਹੋਇਆ। ਨੀਤੀ ਮੇਰੇ ਮੋਢੇ ਨਾਲ਼ ਲੱਗ ਗਈ। ਮੈਂ ਉਸਨੂੰ ਦਿਲਾਸਾ ਦਿੱਤਾ। ਉਸਦੀਆਂ ਅੱਖਾਂ ਵਿੱਚੋਂ ਡੁੱਲਦਾ ਪਾਣੀ ਆਪਣੇ ਹੱਥਾਂ ਨਾਲ਼ ਪੂੰਝ ਦਿੱਤਾ। ਉਸਦਾ ਹਟਕੋਰਾ ਜਿਵੇਂ ਹਿੱਕ ਵਿਚ ਜੰਮ ਗਿਆ ਹੋਵੇ।

ਨੀਤੀ ਨੇ ਬੱਚੇ ਵਾਂਗ ਮੂੰਹ ਬਣਾ ਕੇ ਆਖਿਆ, ਆਈ ਐਮ ਸੌਰੀ ਮੌਮ। ਪਲੀਜ਼ ਫਰਗਿਵ ਮੀ।””

ਐਵਰੀ ਥਿੰਗ ਵਿੱਲ ਬੀ ਫਾਈਨ, ਡੌਂਟ ਬੀ ਸੌਰੀ ਬੇਵੀ। ਇਹ ਤੇਰਾ ਕਸੂਰ ਨਹੀਂ ਹੈ। ਇਹ ਇਕ ਦਿਨ ਹੋਣਾ ਹੀ ਸੀ।”” ਨੀਤੀ ਦੀਆਂ ਖਾਲੀ-ਖਾਲੀ ਅੱਖਾਂ ਤੋਂ ਮੈਨੂੰ ਡਰ ਲੱਗ ਰਿਹਾ ਸੀ।ਫੇਰ ਵੀ ਅਸੀਂ ਦੋਵੇਂ ਇਕ ਦੂਜੀ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੀਆਂ ਸਾਂ।

ਰਾਤ ਦਾ ਹਨੇਰਾ ਪਸਰ ਰਿਹਾ ਸੀ। ਪਰ ਅਸੀਂ, ਮਾਂ-ਧੀ ਰਪਾ-ਰਪ ਉਸ ਘਰ ਦੇ ਫਰੰਟ ਗਾਰਡਨ ਵਿੱਚੋਂ ਤੁਰਦੀਆਂ ਹੋਈਆਂ ਫੁੱਟਪਾਥ ਤੱਕ ਪੁੱਜ ਗਈਆਂ। ਇਹ ਪੈਂਡਾ ਜਿੰਨਾ ਛੋਟਾ ਸੀ ਉੰਨਾ ਹੀ ਡਰਾਉਣਾ ਵੀ। ਮੇਰੇ ਮਨ ਵਿਚ ਕਈ ਤੂਫ਼ਾਨ ਉੱਠੇ ਹੋਏ ਸਨ। ਅਗਲੇ ਪਲ ਲਈ ਕਈ ਤੌਖ਼ਲੇ ਵੀ ਸਨ। ਫੁੱਟਪਾਥ ’ਤੇ ਪੈਰ ਧਰਨ ਲੱਗੀ ਮੈਂ ਇਕ ਪਲ ਰੁਕੀ, ਆਪਣੀ ਧੀ ਦੇ ਚਿਹਰੇ ਵੱਲ ਫੇਰ ਤੱਕਿਆ। ਨੀਤੀ ਦਾ ਸਾਂਵਲਾ ਰੰਗ ਹੋਰ ਵੀ ਸਿਆਹੀ ਫੜਦਾ ਜਾਪਿਆ। ਉਸਦਾ ਕੰਬਦਾ ਹੱਥ ਫੜ ਕੇ ਮੈਂ ਅੱਗੇ ਵਧ ਗਈ।

ਉਸ ਰਾਤ ਅਸੀਂ ਕਿੱਥੇ ਜਾਣਾ ਸੀ,ਮੈਨੂੰ ਨਹੀਂ ਸੀ ਪਤਾ। ਮੈਨੂੰ ਤਾਂ ਇਸ ਘਰ ਦੀ ਦੁਨੀਆਂ ਤੋਂ ਬਿਨਾਂ ਕੁਝ ਪਤਾ ਹੀ ਨਹੀਂ ਸੀ। ਇਹ ਘਰ ਹੀ ਮੇਰੀ ਪੂਰੀ ਦੁਨੀਆਂ ਸੀ। ਇਸੇ ਘਰ ਵਿਚ ਹਰਦੇਵ ਨੇ ਜਿਵੇਂ ਮੈਨੂੰ ਕੈਦ ਕੀਤਾ ਹੋਇਆ ਸੀ। ਇੱਥੇ ਹੀ ਮੇਰੇ ਅਨੇਕਾਂ ਸੁਪਨੇ ਮਰੇ ਸਨ। ਇਸੇ ਘਰ ਦੇ ਅੰਦਰ ਮੈਂ ਤਿਲ-ਤਿਲ ਕਰਕੇ ਟੁੱਟੀ ਸਾਂ। ਹਰਦੇਵ ਦੇ ਮੈਂ ਥੱਪੜ ਖਾਧੇ ਸਨ। ਹਰਦੇਵ ਹੀ ਨਹੀਂ, ਮੈਂ ਆਪਣੇ ਸੱਸ-ਸਹੁਰੇ ਦੀਆਂ ਝਿੜਕਾਂ ਵੀ ਖਾਧੀਆਂ ਤੇ ਮਿਹਣੇ ਵੀ ਝੱਲੇ ਸਨ। ਪੈਰ-ਪੈਰ ’ਤੇ ਫਿਟਕਾਰ ਤਾਂ ਅਹੁ ਪਈ ਸੀ। ਇਹ ਘਰ, ਘਰ ਨਹੀਂ ਜਿਵੇਂ ਮੇਰੇ ਵਾਸਤੇ ਕਤਲਗਾਹ ਬਣ ਗਿਆ ਸੀ। ਕਤਲਗਾਹ ਮੇਰੀਆਂ ਸੱਧਰਾਂ ਦਾ, ਉਮੀਦਾਂ ਦਾ, ਚਾਵਾਂ ਦਾ, ਹਾਸਿਆਂ ਦਾ। ਹਟਕੋਰਿਆਂ ਨਾਲ਼ ਮੇਰੀ ਦੋਸਤੀ ਇੱਥੇ ਹੀ ਪਈ ਸੀ। ਭੋਰਾ-ਭੋਰਾ ਟੁੱਟ ਕੇ ਮੈਂ ਇਸ ਘਰ ਵਿਚ ਕਿਰੀ ਸਾਂ। ਇਸ ਘਰ ਦੇ ਹਰ ਕੋਨੇ ਵਿਚ ਮੇਰੇ ਹੰਝੂਆਂ ਦੀ ਛਬੀਲ ਲੱਗੀ ਹੋਣੀ ਏ। ਕੋਈ ਚੰਗੀ ਯਾਦ ਐਸੀ ਨਹੀਂ ਸੀ ਜਿਸਨੂੰ ਮੈਂ ਸਮੇਟ ਕੇ ਨਾਲ਼ ਲੈ ਤੁਰਦੀ। ਮੇਰੀ ਇੱਕੋ-ਇੱਕ ਖੁਸ਼ੀ ਸੀ ਮੇਰੀ ਧੀ 'ਨੀਤੀ', ਤੇ ਅੱਜ ਮੈਂ ਆਪਣੀ ਉਸੇ ਧੀ ਦਾ ਹੱਥ ਫੜੀ, ਇਸ ਘਰ ਦੀਆਂ ਬਰੂਹਾਂ ਤੋਂ ਬਾਹਰ ਹੋਈ ਤਾਂ ਮੈਨੂੰ ਮਹਿਸੂਸ ਹੋਇਆ ਜਿਵੇਂ ਮਣਾਂ ਮੂੰਹੀ ਭਾਰ ਮੇਰੀ ਛਾਤੀ ਤੋਂ ਲੱਥਾ ਹੋਵੇ। ਮੇਰਾ ਜਿਸਮ ਹੌਲਾ-ਫੁੱਲ ਮਹਿਸੂਸ ਕਰ ਰਿਹਾ ਹੋਵੇ ਜਿਵੇਂ ਘਰ ਤੋਂ ਬਾਹਰ ਨਿਕਲ ਕੇ ਮੈਂ ਆਪਣੇ-ਆਪ ਨੂੰ ਮਿਲਣ ਜਾ ਰਹੀ ਹੋਵਾਂ।

ਨੀਤੀ ਨੇ ਮੇਰੇ ਮੋਢੇ ਉੱਤੇ ਹੱਥ ਧਰਦਿਆਂ ਫਿਰ ਆਖਿਆ, ਆਈ ਐਮ ਸੌਰੀ ਮੌਮ।””

ਮੈਂ ਕਿਹਾ ਨਾ, ਕੋਈ ਗੱਲ ਨ੍ਹੀ ... ਐਵਰੀਥਿੰਗ ਵਿੱਲ ਬੀ ਫਾਈਨ ... ਡੌਂਟ ਵਰੀ!””

ਹੌਸਲਾ ਕਰਕੇ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਹਰਦੇਵ ਨੇ 'ਫਰੰਟ ਡੋਰ' ਬੰਦ ਕਰ ਦਿੱਤਾ ਸੀ, ਇਸਦਾ ਮਤਲਬ, ਮੇਰਾ ਉਨ੍ਹਾਂ ਦਰਾਂ ਨਾਲ਼ ਹੁਣ ਕੋਈ ਵਾਹ-ਵਾਸਤਾ ਨਹੀਂ। ਮੇਰਾ ਘਰ ਮੇਰੇ ਵੱਲ ਬਿੱਟ-ਬਿੱਟ ਤੱਕ ਰਿਹਾ ਸੀ। ਉਸਨੂੰ ਦੇਖ ਕੇ ਮੈਂ ਰੋਈ ਸਾਂ ਜਾਂ ਮੇਰਾ ਘਰ ਮੇਰੇ ਵੱਲ ਦੇਖ ਕੇ ਰੋਇਆ ਸੀ, ਮੈਨੂੰ ਨਹੀਂ ਪਤਾ। ਮੈਨੂੰ ਤਾਂ ਇੰਨਾ ਪਤਾ ਹੈ ਕਿ ਇਕ ਨਦੀ ਹੰਝੂਆਂ ਦੀ ਮੇਰੀਆਂ ਅੱਖਾਂ ਵਿੱਚੋਂ ਨਿਰੰਤਰ ਵਹਿੰਦੀ ਰਹੀ ਸੀ।

ਉਸ ਵੇਲੇ ਮੈਨੂੰ ਮੇਰੇ ਘਰ ਨਾਲੋਂ ਸੜਕ ਵੱਧ ਆਪਣੀ ਜਾਪ ਰਹੀ ਸੀ। ਮੇਰਾ ਜੀਅ ਕੀਤਾ, ਸੜਕ ਵਿੱਚ ਖੜ੍ਹੀ ਖੁੱਲ੍ਹ ਕੇ ਸਾਹ ਲਵਾਂ। ਚਲਦੀ ਹਵਾ ਨੂੰ ਆਪਣੇ ਅੰਦਰ ਸਮੇਟ ਲਵਾਂ। ਪਿਛਲੇ ਬੀਤੇ ਵਰ੍ਹਿਆਂ ਵਿਚ, ਜਿਵੇਂ ਸਾਹ ਵੀ ਮੈਂ ਡਰਦੀ-ਡਰਦੀ ਨੇ ਲਿਆ ਸੀ। ਉਸ ਡਰ ਦੀ ਮਾਰੀ ਮੈਂ, ਘਰ ਦੇ ਪ੍ਰਛਾਵੇਂ ਹੇਠ ਖਲੋਤੀ ਵੀ ਦਹਿਲ ਰਹੀ ਸਾਂ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਪਿੰਡ ਵਿਚ ਸਾਡੀ ਗੁਆਂਢਣ ਭਾਬੀ ਦੁਆਰਕੀ ਡਰਦੀ ਰਹਿੰਦੀ ਸੀ। ਉਸਦਾ ਆਦਮੀ ਮੁਲਖ ਰਾਜ ਸਿਰੋਂ ਥੋੜ੍ਹਾ ਜਿਹਾ ਕਮਲਾ ਸੀ। ਦੁਆਰਕੀ ਦਾ ਵਿਆਹ ਉਸਦੇ ਭਰਾਵਾਂ ਨੇ ਪਤਾ ਨਹੀਂ ਕੀ ਸੋਚ ਕੇ ਕਰ ਦਿੱਤਾ। ਘਰ ਭਾਵੇਂ ਚੰਗਾ ਸੀ ਪਰ ਮੁਲਖ ਰਾਜ ਦਾ ਦਿਮਾਗ ਠਿਕਾਣੇ ਨਹੀਂ ਸੀ। ਸਾਰਾ ਟੱਬਰ ਉਸਨੂੰ ਕਮਲਾ-ਕਮਲਾ ਆਖਦਾ। ਇੱਥੋਂ ਤੱਕ ਕਿ ਉਸਦੀ ਆਪਣੀ ਮਾਂ ਵੀ ਉਸਨੂੰ ਕਮਲਾ ਹੀ ਸੱਦਦੀ। ਇਸ ਲਈ ਭਾਬੀ ਦੁਆਰਕੀ ਕੋਲ ਉਸ ਵੇਲੇ ਕੋਈ ਚੋਣ ਹੀ ਨਹੀਂ ਸੀ ਕਿ ਉਹ ਕੋਈ ਕਦਮ ਚੁੱਕੇ। ਮਨ ਵਿੱਚ ਸੋਚ ਉੱਭਰੀ ਕਿ ਮੇਰੇ ਕੋਲ ਵੀ ਕਿਹੜੀ ਕੋਈ ਚੋਣ ਸੀ। ਮੇਰਾ ਹਾਲ ਵੀ ਤਾਂ ਦੁਆਰਕੀ ਵਾਲਾ ਹੀ ਰਿਹਾ ਹੈ। ਮੇਰੀ ਸੁਣਨ ਵਾਲਾ ਵੀ ਕੋਈ ਨਹੀਂ ਸੀ।

ਮੈਂ ਆਪਣੇ ਬਾਰੇ ਸੋਚਿਆ, ਦੁਆਰਕੀ ਵਾਂਗ ਮੇਰੇ ਟੱਬਰ ਨੇ ਵੀ ਮੇਰਾ ਖਹਿੜਾ ਛੱਡਿਆ ਹੋਇਆ ਸੀ। ਦੁਆਰਕੀ ਦੇ ਭਰਾ ਵੀ ਉਸਨੂੰ ਝਿੜਕ ਝੰਬ ਕੇ ਲਾਂਭੇ ਹੋਏ। ਭਲਾ ਭਰਜਾਈਆਂ ਦੋ-ਤਿੰਨ ਜੀਆਂ ਦਾ ਖਰਚਾ ਕਿਉਂ ਚੁੱਕਦੀਆਂ? ਦੁਆਰਕੀ ਕਿਹਦੇ ਸਿਰ ’ਤੇ ਘਰ ਛੱਡਦੀ? ਕੌਣ ਉਸਨੂੰ ਅਤੇ ਉਸਦੇ ਬੱਚਿਆਂ ਦੀ ਦੇਖ-ਭਾਲ਼ ਕਰਦਾ? ਮੁਲਖ ਰਾਜ ਨੂੰ ਜਦੋਂ ਦੌਰਾ ਪੈਂਦਾ, ਉਹ ਉੱਠਦਾ ਚਾਰ ਥੱਪੜ ਦੁਆਰਕੀ ਦੇ ਮਾਰ ਕੇ ਬਾਹਰ ਨਿਕਲ ਜਾਂਦਾ। ਥੱਪੜਾਂ ਤੋਂ ਮਾਰ ਵਧਦੀ-ਵਧਦੀ ਦੁਆਰਕੀ ਦੀ ਦੇਹ ਉੱਤੇ ਲਾਸਾਂ ਪੈਣ ਲੱਗ ਪਈਆਂ। ਉਸ ਕਮਲੇ ਨੂੰ ਹੋਰ ਭਾਵੇਂ ਕਿਸੇ ਗੱਲ ਦਾ ਨਾ ਪਤਾ ਹੋਵੇ, ਪਰ ਨਿਆਣੇ ਬਣਾਉਣ ਦਾ ਜ਼ਰੂਰ ਪਤਾ ਸੀ। ਉੱਪਰੋਥਲੀ ਉਸਨੇ ਚਾਰ ਨਿਆਣੇ ਬਣਾ ਧਰੇ। ਉਹ ਹਰ ਰਾਤ ਘਰ ਵੜਦਾ, ਹੱਥ ਦੀ ਥਿਆਲੀ ਵਿਚ ਛੋਲਿਆਂ ਦੇ ਦਾਣਿਆਂ ਦੀ ਮੁੱਠ ਰੱਖ ਕੇ, ਇਕ-ਇਕ ਕਰਕੇ ਚੱਬੀ ਜਾਂਦਾ। ਜਦੋਂ ਮੁੱਕ ਜਾਂਦੇ ਤਾਂ ਦੁਆਰਕੀ ਨੂੰ ਕੁੱਟਣ ਲਗ ਪੈਂਦਾ। ... ਤੇ ਫੇਰ ਜੋ ਹੁੰਦਾ, ਉਹ ਦੁਆਰਕੀ ਨੂੰ ਹੀ ਪਤਾ ਹੁੰਦਾ। ਮੁਲਖ ਰਾਜ ਦੀ ਮਾਂ ਇਸ ਤੋਂ ਇਨਕਾਰੀ ਹੁੰਦੀ। ਉਹ ਦੁਆਰਕੀ ਨੂੰ ਵਾਰ-ਵਾਰ ਸੁਣਾਉਣ ਲੱਗ ਪਈ ਕਿ ਇਹ ਨਿਆਣੇ ਕਮਲੇ ਦੇ ਨਹੀਂ ਹੋਣਗੇ। ਆਂਢ-ਗੁਆਂਢ ਬੁੱਢੀ ਨੂੰ ਬਥੇਰਾ ਸਮਝਾ ਚੁੱਕਾ, ਪਰ ਉਹ ਨਾ ਮੰਨਦੀ। ਇਕ ਤਾਂ ਮੁਲਖ ਰਾਜ ਕਮਲਾ, ਦੂਜਾ ਮਾਂ ਵੱਲੋਂ ਦਿੱਤੇ ਜਾਂਦੇ ਮਿਹਣੇ ਮੁਲਖ ਰਾਜ ਦੇ ਦਿਮਾਗ ਵਿਚ ਘਰ ਕਰ ਗਏ। ਜਿਸ ਦਿਨ ਭਾਬੀ ਦੁਆਰਕੀ ਦੇ ਸੰਤੋਸ਼ ਪੈਦਾ ਹੋਈ ਉਸ ਦਿਨ ਮੁਲਖ ਰਾਜ ਨੇ ਉਹਦਾ ਉਹ ਹਾਲ ਕੀਤਾ ਕਿ ਇੱਥੇ ਬਿਆਨ ਨਹੀਂ ਕੀਤਾ ਜਾ ਸਕਦਾ। ਦੁਆਰਕੀ ਨੂੰ ਮਰਨ ਵਾਲ਼ੀ ਕਰ ਦਿੱਤਾ। ਉਹ ਬਚ ਤਾਂ ਗਈ ਪਰ ਪੂਰਾ ਵਰ੍ਹਾ ਬਿਸਤਰੇ ਵਿੱਚੋਂ ਨਾ ਉੱਠ ਸਕੀ।

ਮੈਂ ਜ਼ਿੰਦਗੀ ਦੇ ਥਪੇੜੇ ਖਾਂਦੀ ਹੋਈ, ਸਮਝ ਸਕਦੀ ਸਾਂ ਕਿ ਦੁਆਰਕੀ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਹੋਵੇਗੀ? ਇਹ ਸੋਚ ਮੇਰੇ ਅੰਦਰ ਨੂੰ ਝੰਜੋੜ ਜਾਂਦੀ ਪਰ ਮੇਰੇ ਵਿਚ ਵੀ ਕੋਈ ਕਦਮ ਚੁੱਕਣ ਦੀ ਹਿੰਮਤ ਨਾ ਪੈਦਾ ਹੁੰਦੀ। ਮੈਂ ਸੋਚਦੀ ਜ਼ਰੂਰ ਸਾਂ ਕਿ ਕਿਧਰੇ ਮੇਰਾ ਹਾਲ ਵੀ ਭਾਬੀ ਦੁਆਰਕੀ ਵਾਲਾ ਨਾ ਹੋਵੇ? ਮੇਰੀ ਹੋਣੀ ਵੀ ਦੁਆਰਕੀ ਵਾਲੀ ਤਾਂ ਨਹੀਂ ਹੋਵੇਗੀ? ਕਦੀ-ਕਦੀ ਮੈਨੂੰ ਵੀ ਹਰਦੇਵ ਦੀਆਂ ਹਰਕਤਾਂ ਤੇ ਸ਼ੱਕ ਹੋਣ ਲੱਗ ਪੈਂਦਾ ਕਿ ਉਸਦਾ ਦਿਮਾਗ ਵੀ ਕਿਧਰੇ ਮੁਲਖ ਰਾਜ ਵਾਂਗ ਹੀ ਤਾਂ ਨਹੀਂ? ਸੰਤੋਸ਼ ਜਦੋਂ ਤਿੰਨਾਂ ਕੁ ਸਾਲਾਂ ਦੀ ਹੋਈ ਸੀ, ਦੁਆਰਕੀ ਨੇ ਇਕ ਰਾਤ ਮੁਲਖ ਰਾਜ ਦੇ ਗਲ਼ ਤੇ ਦਾਤਰੀ ਰੱਖ ਕੇ ਖੋਭ ਦਿੱਤੀ। ਗਰਮੀਆਂ ਦੇ ਦਿਨੀਂ ਛੱਤ ਉੱਤੇ ਸੁੱਤੇ ਪਏ ਤੇ ਮੰਜੇ ਹੇਠਾਂ ਖੂਨ ਦਾ ਛੱਪੜ ਲੱਗ ਗਿਆ ਸੀ। ਦੁਆਰਕੀ ਬੱਚਿਆਂ ਨੂੰ ਸਮੇਟੀ ਬੈਠੀ ਕੀਰਨੇ ਪਾ ਰਹੀ ਸੀ।

ਮੇਰੀ ਸੋਚ ਟੁੱਟੀ, ਨੀਤੀ ਮੇਰੀ ਬਾਂਹ ਨੂੰ ਫੜੀ ਖੜ੍ਹੀ ਸੀ। ਅਸੀਂ ਦੋਨੋਂ ਮਾਵਾਂ ਧੀਆਂ ਸੜਕ ਵਿਚ ਖੜ੍ਹੀਆਂ, ਇਕ ਪਾਸੇ ਦਿਓ ਕੱਦ ਘਰ, ਤੇ ਦੂਜੇ ਬੰਨੇ ਜਾਂਦੀ ਸੜਕ ਵਲ ਤੱਕ ਰਹੀਆਂ ਸਾਂ। ਘਰ ਦੇ ਬੂਹੇ ਢੋਏ ਗਏ ਸਨ। ਅੱਗੇ ਪੂਰੀ ਦੁਨੀਆਂ ਪਈ ਸੀ। ਅਸੀਂ ਜਾਣਾ ਕਿੱਧਰ ਸੀ, ਕਿਸ ਦੇ ਕੋਲ ਸੀ, ਸਾਨੂੰ ਨਹੀਂ ਸੀ ਪਤਾ। ਹਨੇਰਾ ਪਸਰ ਰਿਹਾ ਹੋਣ ਕਾਰਨ ਕੋਈ ਸੜਕ ਉੱਪਰ ਵੀ ਦਿਖਾਈ ਨਹੀਂ ਸੀ ਦੇ ਰਿਹਾ। ਲੋਕਾਂ ਦੇ ਘਰੀਂ ਬੱਤੀਆਂ ਜਗ ਰਹੀਆਂ ਸਨ। ਪਰ ਮੇਰੇ ਅੰਦਰ ਵੱਖਰਾ ਹੀ ਧੂੰਆਂ ਉੱਠ ਰਿਹਾ ਸੀ।

ਧੂੰਏਂ ਵਿਚ ਉਲਝੀ ਮੇਰੀ ਸੋਚ ਨੇ ਕਈ ਪਾਸੀਂ ਘੋੜੇ ਦੁੜਾਏ। ਮੇਰੇ ਭਰਾ-ਭੈਣਾਂ ਸਭ ਮੇਰੇ ਵੱਲ ਪਿੱਠ ਦੇ ਕੇ ਬੈਠੇ ਸਨ। ਹਰਦੇਵ ਨੇ ਕਿਸੇ ਨਾਲ਼ ਬਣਦੀ ਰਹਿਣ ਹੀ ਨਹੀਂ ਸੀ ਦਿੱਤੀ। ਉਨ੍ਹਾਂ ਨੇ ਵੀ ਮੁੜ ਕੇ ਕਦੀ ਮੇਰੀ ਸਾਰ ਨਹੀਂ ਲਈ। ਪੁੱਛ-ਪੜਤਾਲ ਵੀ ਨਹੀਂ ਕੀਤੀ ਕਿ ਮੈਂ ਜਿਉਂਦੀ ਹਾਂ ਜਾਂ ਮਰ ਗਈ। ਸੋਚਦੇ ਹੋਣਗੇ, ਕਿਉਂ ਹਰਦੇਵ ਦੀਆਂ ਗਾਲ਼੍ਹਾਂ ਖਾਈਏ? ਹੁਣ ਇਸ ਔਖੀ ਘੜੀ ਵੇਲੇ ਕਿਉਂ ਤੇ ਕਿਵੇਂ ਮੈਂ ਉਨ੍ਹਾਂ ਦੇ ਦਰੀਂ ਜਾ ਖੜੋਵਾਂ? ਵੱਡਾ ਭਰਾ ਇਕ ਦਿਨ ਆਖ ਗਿਆ, ਤੂੰ ਇਹਦੇ ਨਾਲ਼ ਮਰਨਾ ਤਾਂ ਮਰੀ ਚੱਲ।”

ਜੀ ਕਰਦਾ ਸੀ ਭਰਾ ਨੂੰ ਕੁਝ ਆਖਾਂ ਪਰ ਚੁੱਪ ਰਹੀ। ਜੇਰਾ ਹੀ ਨਹੀਂ ਪਿਆ। ਮੇਰੇ ਅੰਦਰਲੇ ਮਨ ਵਿਚ ਤਾਂਘ ਵੀ ਸੀ ਕਿ ਭਰਾ ਮੈਨੂੰ ਇਸ ਖੂਹ-ਖਾਤੇ ਵਿੱਚੋਂ ਕੱਢ ਲਵੇ। ਨਾ ਉਸਨੇ ਹੱਥ ਵਧਾਇਆ ਅਤੇ ਨਾ ਮੈਂ ਉਸ ਵਲ ਕਦਮ ਵਧਾ ਸਕੀ। ਮੇਰੀ ਮਾਂ ਵੀ ਗੁਆਂਢ ਵਿਚ ਹੀ ਰਹਿੰਦੀ ਸੀ। ਉਹ ਨਿੱਤ ਦਿਨ ਮੈਨੂੰ ਨਸੀਹਤਾਂ ਦਿੰਦੀ ਰਹਿੰਦੀ ਕਿ 'ਤੂੰ ਡਾਈਵੋਰਸ ਕਰ ਲੈ।' ਪਰ ਉਹ ਮੈਨੂੰ ਕੋਈ ਰਾਹ ਨਾ ਦਿਖਾਲਦੀ। ਮੈਂ ਸੋਚਦੀ ਕਿ ਇੰਝ ਕਿਵੇਂ ਉੱਠ ਕੇ ਔਝੜੇ ਰਾਹਾਂ ਉੱਤੇ ਤੁਰ ਪਵਾਂ? ਜੇ ਕਰ ਉਸਦੀ ਗੱਲ ਮੰਨ ਕੇ ਮੈਂ ਘਰ ਛੱਡ ਵੀ ਦਿੰਦੀ ਤਾਂ ਅੱਗੋਂ ਮੈਨੂੰ ਕਿਸਨੇ ਸੰਭਾਲਣਾ ਸੀ? ਕਾਵਾਂ ਦੇ ਠੂੰਗੇ ਵਾਧੂ ਦੇ ਵੱਜਣੇ ਸਨ। ਮਾਂ ਵੀ ਇਸ ਬਾਰੇ ਕੁਝ ਨਾ ਦੱਸਦੀ ਕਿ ਮੈਂ ਕਿੱਥੇ ਠਹਿਰਨਾ ਸੀ। ਸ਼ੈਲਟਰ ਵਿਚ ਧੀ ਦੇ ਨਾਲ਼ ਮੈਂ ਜਾਣਾ ਨਹੀਂ ਸਾਂ ਚਾਹੁੰਦੀ। ... ਤੇ ਹੁਣ ਹਰਦੇਵ ਵਾਂਗ ਮੇਰੀ ਮਾਂ ਵੀ ਨੀਤੀ ਦੇ ਫ਼ੈਸਲਿਆਂ ਤੋਂ ਖੁਸ਼ ਨਹੀਂ ਸੀ। ਉਸਦੇ ਘਰ ਵੱਲ ਮੈਂ ਕਿਵੇਂ ਮੂੰਹ ਕਰ ਸਕਦੀ ਸਾਂ? ਅੱਜ ਮੈਨੂੰ ਆਪਣੀ ਸਕੀ ਮਾਂ ਚੇਤੇ ਆਈ। ਉਸਦਾ ਤਾਂ ਮੈਂ ਚਿਹਰਾ ਵੀ ਨਹੀਂ ਸੀ ਤੱਕਿਆ। ਇਹ ਤਾਂ ਮਾਸੀ ਸੀ ਮੇਰੀ ਜਿਹੜੀ ਮੇਰੇ ਪਿਓ ਨੇ ਮੇਰੀ ਤੇ ਮੇਰੇ ਵੱਡੇ ਭਰਾਵਾਂ ਦੀ ਦੇਖ ਭਾਲ਼ ਲਈ ਵਿਆਹ ਲਿਆਂਦੀ ਸੀ। ਮੰਨ ਲਿਆ ਉਸਨੇ ਆਪਣੇ ਬੱਚਿਆਂ ਵਿਚ ਤੇ ਸਾਡੇ ਭੈਣ-ਭਰਾਵਾਂ ਵਿਚ ਕਦੀ ਫ਼ਰਕ ਨਹੀਂ ਸੀ ਕੀਤਾ ਪਰ ਇਕ ਤ੍ਰੇੜ ਹਮੇਸ਼ਾ ਚੁੱਭਦੀ ਰਹਿੰਦੀ ਸੀ। ਮੇਰੇ ਬਾਪ ਨੇ ਤਾਂ ਵੈਸੇ ਹੀ ਮੇਰੇ ਨਾਲ਼ ਮਤ੍ਰੇਆ ਵਿਵਹਾਰ ਕੀਤਾ ਸੀ। ਮੇਰੇ ਜੰਮਣ ਤੇ ਮੇਰੀ ਮਾਂ ਜੁ ਮਰ ਗਈ ਸੀ। ਕਿਹੜੇ ਮਾਣ-ਤਾਣ ਨਾਲ਼ ਮੈਂ ਉਸ ਘਰ ਵਲ ਮੂੰਹ ਕਰਦੀ।

ਡਾਇਵੋਰਸ ਦੀ ਗੱਲ ਤੋਂ ਮੈਂ ਸੋਚਦੀ ਕਿਹੋ ਸਕਦੈ ਮੇਰੀ ਮਾਂ ਸਹੀ ਆਖਦੀ ਹੋਵੇ, ਪਰ ਜਦੋਂ ਘਰ ਅੰਦਰ ਬੰਦੇ ਨੂੰ ਐਨਾ ਡਰਾ ਧਮਕਾ ਕੇ ਰੱਖਿਆ ਜਾਂਦਾ ਹੋਵੇ, ਉਹ ਕੋਈ ਕਦਮ ਕਿੱਦਾਂ ਚੁੱਕੇ? ਕਿਸ ਤਰ੍ਹਾਂ ਹਿੰਮਤ ਕਰੇ। ਡਰ ਬੰਦੇ ਨੂੰ ਆਪਣੇ ਆਪ ਵਿਚ ਸਮੇਟ ਲੈਂਦਾ ਹੈ। ਡਰ ਤਾਂ ਇਕ ਅਜਿਹਾ ਦਿਓ ਹੈ ਜੋ ਵਿਖਾਈ ਨਹੀਂ ਦਿੰਦਾ। ਪਰ ਬੰਦਾ ਹਰ ਕਦਮ ਫੂਕ-ਫੂਕ ਕੇ ਧਰਦਾ ਹੈ। ਨੀਤੀ ਦਾ ਗੋਭਲਾ ਜਿਹਾ ਚਿਹਰਾ ਮੇਰੇ ਮਨ ਦੀ ਸਲੇਟ ਤੇ ਉੱਕਰਿਆ ਰਹਿੰਦਾ। ਨੀਤੀ ਦੇ ਭਲੇ ਲਈ ਮੈਂ ਹਰ ਦੁੱਖ ਝੱਲੀ ਜਾਂਦੀ। ਸੋਚਦੀ ਆਪਣੇ ਘਰ ਵਿਚ ਅਕਸਰ ਕੁੜੀ ਸੁਰੱਖਿਅਤ ਹੈ। ਭਾਵੇਂ ਪਿਓ ਦੀਆਂ ਝਿੜਕਾਂ ਦਾ ਅਸਰ ਨੀਤੀ ਨੂੰ ਮਾਨਿਸਕ ਤੌਰ ਤੇ ਖੋਰਾ ਲਾ ਰਿਹਾ ਸੀ ਪਰ ਹਰਦੇਵ ਨੇ ਨੀਤੀ ’ਤੇ ਕਦੀ ਹੱਥ ਨਹੀਂ ਸੀ ਚੁੱਕਿਆ।

ਰਾਤ ਦਾ ਹਨੇਰਾ ਪਸਰ ਰਿਹਾ ਸੀ। ਮੈਂ ਕੁੜੀ ਦਾ ਹੱਥ ਫੜਕੇ ਉੱਥੋਂ ਤੁਰ ਪਈ। ਤੁਰਿਆਂ ਜਾਂਦਿਆਂ ਮਨ ਦੇ ਕਿਸੇ ਕੋਨੇ ਵਿਚ 'ਕੀਰਤੀ' ਉਭਰ ਆਈ। 'ਕੀਰਤੀ' ਮੇਰੀ ਜਮਾਤਣ ਸੀ। ਉਸਨੂੰ ਹਮੇਸ਼ਾ ਮੇਰੇ ਨਾਲ਼ ਗਿਲਾ ਰਹਿੰਦਾ ਕਿ ਮੈਂ ਕਦੀ ਉਸਦੇ ਘਰ ਨਹੀਂ ਆਉਂਦੀ ਤੇ ਨਾ ਹੀ ਫੋਨ ਕਰਦੀ ਹਾਂ। ਕੀ ਦੱਸਦੀ ਮੈਂ ਉਸਨੂੰ? ਵਰ੍ਹਿਆਂ ਵੱਧੀ ਚੁੱਪ ਦੀ ਚਾਦਰ ਮੈਂ ਦੁਆਲ਼ੇ ਵਿਛਾ ਛੱਡੀ ਸੀ। ਮੈਨੂੰ, ਮੇਰੇ ਘਰ ਦੇ ਹਾਲਾਤ ਦੀ ਸ਼ਰਮਿੰਦਗੀ ਵੀ ਸੀ। ... ਤੇ ਅੱਜ ਹੋਰ ਕੋਈ ਚਾਰਾ ਨਾ ਦਿਸਦਾ ਹੋਣ ਕਰਕੇ, ਮੈਂ ਉਸ ਚਾਦਰ ਵਿੱਚੋਂ ਹੱਥ ਕੱਢ ਕੇ ਕੀਰਤੀ ਨੂੰ ਫੋਨ ਕਰ ਦਿੱਤਾ। ਉਹ ਮੇਰੇ ਘਰ ਤੋਂ ਅੱਧੇ ਕੁ ਘੰਟੇ ਦੀ ਵਿੱਥ ਉੱਤੇ ਰਹਿੰਦੀ ਸੀ। ਉਸਨੂੰ ਮੈਂ ਮਾੜਾ ਮੋਟਾ ਦੱਸ ਵੀ ਦਿੱਤਾ। “ਕੀਰਤੀ ਮੇਰੇ ਨਾਲ਼ ਨੀਤੀ ਵੀ ਹੈ। ਅੱਜ ਮੈਂ ਘਰੋਂ ਬੇਘਰ ਹੋ ਗਈ ਹਾਂ। ਕੀ ਤੂੰ ਮੇਰੀ ਮਦਦ ਕਰ ਸਕੇਂਗੀ? ਵੈਸੇ ਕੀਰਤੀ ਨੂੰ ਮੇਰੇ ਘਰ ਦੇ ਹਾਲਾਤ ਬਾਰੇ ਥੋੜ੍ਹਾ ਘਣਾ ਪਤਾ ਵੀ ਸੀ। ਕੀਰਤੀ ਇਕ ਵੇਰ ਮੈਨੂੰ ਮਿਲਣ ਆਈ ਸੀ। ਮੈਨੂੰ ਮਹਿਸੂਸ ਹੋਇਆ ਸੀ ਕਿ ਕੀਰਤੀ ਨੂੰ ਮੇਰੇ ਘਰ ਦੀ ਹਵਾ ਰਾਸ ਨਹੀਂ ਸੀ ਆਈ ਤੇ ਉਸਨੇ ਮੁੜ ਕੇ ਕਦੀ ਮੇਰੀ ਦਹਿਲੀਜ਼ ਅੰਦਰ ਕਦਮ ਨਹੀਂ ਸੀ ਰੱਖਿਆ। ਉਹ ਅਕਸਰ ਮੈਨੂੰ ਫੋਨ ਕਰਦੀ ਅਤੇ ਮੈਨੂੰ ਮੇਰੇ ਘਰ ਦੇ ਹਾਲਾਤ ਸੁਧਾਰਨ ਬਾਰੇ ਸਿੱਖਿਆ ਦਿੰਦੀ ਰਹਿੰਦੀ। ਮੈਂ ਸੋਚਦੀ ਕਿ ਸਿੱਖਿਆ ਦੇਣੀ ਸੌਖੀ ਹੈ ਪਰ ਉਸ ਹਾਲਾਤ ਵਿੱਚੀਂ ਗੁਜ਼ਰਨਾ ਹੋਰ ਗੱਲ ਹੈ।

ਮੇਰੀ ਗੱਲ ਸੁਣ ਕੇ ਕੀਰਤੀ ਪਹਿਲਾਂ ਚੁੱਪ ਹੋ ਗਈ। ਉਸਦੀ ਚੁੱਪ ਸੁਣ ਕੇ ਮੈਂ ਵੀ ਦਹਿਲ ਗਈ। ਫੇਰ ਮਿੰਟ ਕੁ ਬਾਅਦ ਉਹ ਬੋਲੀ, ਮੈਂ ਬਿੰਦਰ ਨੂੰ ਪੁੱਛ ਲਿਆ ਹੈ, ਤੂੰ ਬਸ ਆ ਜਾ। ਜੇ ਕਰ ਆਉਣ ਦੀ ਕੋਈ ਸੁਵਿਧਾ ਨਹੀਂ ਤਾਂ ਮੈਂ ਬਿੰਦਰ ਨੂੰ ਭੇਜ ਦਿੰਦੀ ਹਾਂ। ਉਹ ਤੁਹਾਨੂੰ ਆ ਕੇ ਲੈ ਜਾਵੇਗਾ।”“

ਨਹੀਂ, ਐਸੀ ਕੋਈ ਗੱਲ ਨਹੀਂ। ਅਸੀਂ ਆ ਜਾਵਾਂਗੀਆਂ। ਤੇਰਾ ਘਰ ਅਸੀਂ ਲੱਭ ਲਵਾਂਗੇ।”

ਕੀਰਤੀ ਨੂੰ ਫੋਨ ਕਰਕੇ ਮੇਰੇ ਮਨ ਨੂੰ ਧੀਰਜ ਜਿਹਾ ਆ ਗਿਆ। ਸੋਚਿਆ, ਇਸ ਨੀਲੇ ਅੰਬਰ ਹੇਠਾਂ ਕੋਈ ਤਾਂ ਹੈ ਜਿਸਦੀ ਮਦਦ ਮੈਂ ਲੈ ਸਕਦੀ ਹਾਂ। ਅੱਜ ਦੀ ਰਾਤ ਲਈ ਠਾਹਰ ਵੀ ਬਣ ਗਈ। ਸੋਚਿਆ ਕੱਲ੍ਹ-ਪਰਸੋਂ ਤੋਂ ਕੋਈ ਉਪਰਾਲਾ ਕਰ ਲਵਾਂਗੇ। ਇਹ ਕਦਮ ਚੁੱਕਿਆ ਹੈ ਤਾਂ ਕੁਝ ਕਰਨਾ ਹੀ ਪਵੇਗਾ।

ਮੈਂ ਕਈ ਵੇਰ ਸ਼ੈਲਟਰ ਵਿਚ ਜਾਣ ਬਾਰੇ ਵੀ ਸੋਚਿਆ। ਪਰ ਮੇਰਾ ਜਿਵੇਂ ਜੇਰਾ ਹੀ ਨਹੀਂ ਸੀ ਪਿਆ। ਇਕ ਵੇਰ ਹਰਦੇਵ ਨੇ ਮੇਰਾ ਜਿਸਮ ਨੀਲਾ ਕਰ ਦਿੱਤਾ ਸੀ। ਗੱਲ ਕੁਝ ਵੀ ਨਹੀਂ ਸੀ ਹੋਈ, ਮੇਰਾ ਚਿੱਤ ਠੀਕ ਨਹੀਂ ਸੀ। ਮੈਂ ਹਰਦੇਵ ਦਾ ਖਾਣਾ ਬਣਾ ਕੇ ਬੈੱਡ ਵਿਚ ਜਾ ਪਈ। ਹਰਦੇਵ ਰਾਤ ਨੂੰ ਘਰ ਲੇਟ ਆਇਆ। ਨਾਲ਼ ਦੂਰ ਨੇੜੇ ਦੇ ਰਿਸ਼ਤੇ ਵਿੱਚੋਂ ਉਸਦਾ ਫੁੱਫੜ ਵੀ ਸੀ। ਮੇਰੀ ਪਹਿਲੀ ਹੀ ਅੱਖ ਲੱਗੀ ਸੀ, ਜਦੋਂ ਹਰਦੇਵ ਨੇ ਮੈਨੂੰ ਜਗਾਇਆ। ਕਹਿਣ ਲੱਗਾ, ਫੁੱਫੜ ਆਇਆ ਹੈ, ਉੱਠ ਕੇ ਰੋਟੀ ਬਣਾਵਾਂ।””

ਮੈਂ ਉੱਠ ਤਾਂ ਖੜ੍ਹੀ ਹੋਈ ਪਰ ਮੈਨੂੰ ਚੇਤਾ ਆਇਆ ਕਿ ਫੁੱਫੜ ਮੀਟ ਨਹੀਂ ਸੀ ਖਾਂਦਾ। ਮੈਂ ਹਰਦੇਵ ਨੂੰ ਦੱਸਿਆ, ਘਰ ਵਿਚ ਕੋਈ ਦਾਲ਼-ਭਾਜੀ ਨਹੀਂ ਬਣੀ ਹੋਈ ... ਤੇ ਫੁੱਫੜ ਜੀ ਨੇ ਮੀਟ ਨਹੀਂ ਖਾਣਾ।” ਵੈਸੇ ਵੀ ਫੁੱਫੜ ਜੀ ਨਾਲ਼ ਦੀ ਸਟਰੀਟ ਵਿਚ ਹੀ ਰਹਿੰਦੇ ਹਨ।”

ਹਰਦੇਵ ਨੇ ਹਰ ਵਾਰ ਵਾਂਗ ਹੀ ਗਾਲ਼ਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ ਸੀ। ਕਹਿਣ ਲੱਗਾ, ਹਰਾਮਦੀਏ! ਤੈਨੂੰ ਹਰ ਵੇਲੇ ਕੋਈ ਨਾ ਕੋਈ ਬਹਾਨਾ ਹੀ ਚਾਹੀਦੈ? ਢੁੱਚਰਾਂ ਨਾ ਕਰ, ਉੱਠ ਕੇ ਕੁਝ ਬਣਾ ਲੈ।””

ਮੈਂ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦਾਲ਼-ਸਬਜ਼ੀ ਬਣਦੀ ਨੂੰ ਕੁਝ ਸਮਾਂ ਤਾਂ ਲਗੇਗਾ ਹੀ। ਮੇਰਾ ਚਿੱਤ ਵੀ ਠੀਕ ਨਹੀਂ ਹੈ, ਪਰ ਹਰਦੇਵ ਨੇ ਬੀਅਰ ਡੱਫੀ ਹੋਈ ਸੀ। ਆਫ਼ਰਿਆ ਹੋਇਆ ਬੱਸ ਵਰ੍ਹ ਪਿਐ ਮੇਰੇ ਤੇ ... ਦੇ ਤੇਰੇ ਦੀ, ਠਿੱਪ-ਠਿੱਪ ਠੋਕੀ ਗਿਆ।

ਦੂਜੇ ਦਿਨ ਮੈਂ ਟੈਲੀਵੀਯਨ ’ਤੇ ਦੇਖੀ ਐਡਵਰਟਾਈਜ਼ਮੈਂਟ ਤੋਂ ਨੰਬਰ ਲੈ ਕੇ ਇਕ ਕਾਉਂਸਲਰ ਨੂੰ ਫੋਨ ਵੀ ਕੀਤਾ। ਉਹ ਮੈਨੂੰ ਕਹਿਣ ਲੱਗਾ, ਮੈਂ ਛੇਤੀਂ ਪੁਲੀਸ ਘਰ ਭੇਜ ਦਿੰਦਾ ਹਾਂ। ਉਹ ਤੁਹਾਨੂੰ ਉੱਥੋਂ ਕੱਢ ਕੇ ਸ਼ੈਲਟਰ ਵਿਚ ਲੈ ਜਾਣਗੇ। ਉੱਥੇ ਤੁਸੀਂ ਛੇ ਕੁ ਹਫ਼ਤੇ ਰਹੋ ਅਤੇ ਅੱਗੇ ਤੋਂ ਆਪਣੇ ਰਹਿਣ ਦਾ ਇੰਤਜ਼ਾਮ ਵੀ ਕਰ ਸਕਦੇ ਹੋ। ਤੁਹਾਨੂੰ ਸਰਕਾਰੀ ਇਮਦਾਦ ਵੀ ਮਿਲ ਜਾਵੇਗੀ। ਤੁਹਾਡੇ ਆਦਮੀ ਨੂੰ ਜਦੋਂ ਪੁਲੀਸ ਫੜ ਕੇ ਲੈ ਗਈ ਤਾਂ ਦੇਖਿਓ, ਇਸਨੂੰ ਸੁਰਤ ਆ ਜਾਣੀ ਹੈ।””

ਮੈਨੂੰ ਇਹ ਕੋਈ ਹੱਲ ਨਾ ਮਹਿਸੂਸ ਹੋਇਆ। ਇਹ ਤਾਂ ਘਰ ਜੋੜਨ ਨਾਲ਼ੋਂ ਤੋੜਨ ਦੀ ਗੱਲ ਵੱਧ ਸੀ। ਮੇਰੀ ਸਹੇਲੀ ਕਰਿਸਟੀਨਾ ਜਿਸ ਨਾਲ਼ ਮੈਂ ਕੰਮ ਕਰਦੀ ਸਾਂ, ਕਹਿਣ ਲੱਗੀ, ਸੋਚ ਲੈ ਚਰਨੀ! ਤੂੰ ਹਰਦੇਵ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈਂ? ਵਾਈਫ਼ ਬੈਟਰਿੰਗ ਇਕ ਜੁਰਮ ਹੈ। ਇਸਦੀ ਸਜ਼ਾ ਉਸਨੂੰ ਮਿਲਣੀ ਵੀ ਚਾਹੀਦੀ ਹੈ।””

ਸ਼ਾਇਦ ਇਹੋ ਮੇਰੀ ਕਮਜ਼ੋਰੀ ਹੈ। ਜੇ ਕਰ ਮੈਂ ਕੋਈ ਕਦਮ ਚੁੱਕਿਆ ਤਾਂ, ਮੇਰਾ ਆਪਣਾ ਪਰਿਵਾਰ ਹੀ ਮੇਰੇ ਖ਼ਿਲਾਫ਼ ਖੜ੍ਹਾ ਹੋ ਜਾਵੇਗਾ। ਹਰਦੇਵ ਭਾਵੇਂ ਕੁਝ ਕਰਦਾ ਰਹੇ, ਕੋਈ ਉਸਨੂੰ ਕੁਝ ਕਹਿੰਦਾ, ਕੂੰਦਾ ਹੀ ਨਹੀਂ। ”ਮੈਂ ਨਿਰਾਸ਼ ਹੁੰਦੀ ਨੇ ਕਿਹਾ ਸੀ।

ਗੋਲੀ ਮਾਰ ਸਭ ਨੂੰ। ਸਟੌਪ ਵਰੀਇੰਗ ਅਬਾਊਟ ਅਦਰਜ਼। ਲੈੱਟ ਹਿਮ ਸਫ਼ਰ ਟੂ। ਉਸਨੂੰ ਵੀ ਪਤਾ ਲੱਗੇ ਕਿ ਕੀਤੀ ਦਾ ਫਲ਼ ਕੀ ਹੁੰਦਾ ਹੈ।”” ਕਰਿਸਟੀਨਾ ਨੇ ਮੂੰਹ ਨੂੰ ਵਟਾ ਜਿਹਾ ਦਿੰਦੀ ਨੇ ਆਖਿਆ ਸੀ।

ਕਰਿਸਟੀਨਾ ਦੀ ਗੱਲ ਸੁਣ ਕੇ ਮੈਂ ਪਰ੍ਹੇ ਨੂੰ ਚਲੀ ਗਈ। ਦੋਚਿੱਤੀ ਵਿਚ ਉਲਝੀ ਜਿਹੀ।

ਉਸ ਵੇਲੇ ਕਿਸੇ ਦੀ ਆਖੀ ਦਾ ਮੇਰੇ ਉੱਤੇ ਅਸਰ ਨਹੀਂ ਸੀ ਹੋ ਰਿਹਾ। ਮੇਰਾ ਅੰਦਰ ਨਾਂਹ ਵਿਚ ਜਵਾਬ ਦਿੰਦਾ ਰਿਹਾ ਪਰ ਅੱਜ ਸ਼ਾਇਦ ਇਹ ਹਿੰਮਤ ਮੇਰੀ ਧੀ ਨੇ ਹੀ ਮੇਰੇ ਅੰਦਰ ਪਾਈ ਸੀ। ਮੇਰੀ ਧੀ ਆਪਣੇ ਪਿਓ ਦੇ ਮੋਹਰੇ ਡਟ ਕੇ ਖੜੋ ਗਈ ਸੀ, ਉਸ ਲਈ ਚੁਣੌਤੀ ਬਣ ਕੇ। ਬਚਪਨ ਨੀਤੀ ਨੇ ਡਰਦਿਆਂ-ਡਰਦਿਆਂ ਕੱਟਿਆ ਸੀ। ਪਿਓ ਦੇ ਕੋਲ ਬੈਠਣ ਨੂੰ ਵੀ ਤਰਸੀ ਸੀ। ਘਰ ਅੰਦਰ ਉੱਠਦੇ ਤੂਫ਼ਾਨ ਵੇਲੇ, ਨੀਤੀ ਦਰਵਾਜ਼ੇ ਦੇ ਓਹਲੇ ਖੜੋ ਕੇ ਸੁਣਿਆ ਕਰਦੀ ਸੀ।

ਹਰਦੇਵ ਦੇ ਬੋਲ ਮੇਰੇ ਕੰਨਾਂ ਵਿਚ ਗੂੰਜ ਰਹੇ ਸਨ, ਤੇਰੀ ਧੀ ਦੇ ਲੱਛਣ ਤੇਰੇ ਅਰਗੇ ਹੀ ਐ। ਜੁੱਤੀ ਦੇ ਜੋਰ ਹੀ ਚੱਲੂ ਇਹ ਵੀ। ਗੋਰਿਆਂ ਨਾਲ਼ ਤੁਰੀ ਫ਼ਿਰਦੀ ਐ, ਕੰਜਰੀ ਬਣੂ ਕਿਸੇ ਦਿਨ। ਬਿਠਾਲਣਗੇ ਇਹਨੂੰ ਬਜ਼ਾਰ ਵਿਚ।””

ਹਰਦੇਵ ਦੇ ਬੋਲਾਂ ਨਾਲ਼ ਮੇਰਾ ਸਿਰ ਭੌਂ ਰਿਹਾ ਸੀ। ਉਸ ਵੇਲੇ ਮੇਰਾ ਜੀ ਕੀਤਾ ਕਿ ਕੁਹਾੜੀ ਹੱਥ ਵਿਚ ਹੋਵੇ ਤਾਂ ਇਸ ਦਾ ਸਿਰ ਕਲਮ ਕਰ ਦੇਵਾਂ। ਪਰ ਮੈਂ ਹਮੇਸ਼ਾ ਦੀ ਤਰ੍ਹਾਂ ਕੰਬੀ ਜਾ ਰਹੀ ਸਾਂ। ਮੇਰੇ ਅੰਦਰਲਾ ਡਰ ਆਖ ਰਿਹਾ ਸੀ, ਜੇ ਚੁੱਪ ਰਹੇਂਗੀ ਤਾਂ ਹਰਦੇਵ ਨੂੰ ਹੋਰ ਗੁੱਸਾ ਨਹੀਂ ਆਵੇਗਾ। ਤਦੇ ਮੇਰੇ ਕੰਨਾਂ ਵਿਚ ਨੀਤੀ ਦੇ ਬੋਲ ਪਏ, ਸ਼ੱਟ ਅੱਪ ਯੂ ਸਨ ਔਫ ਏ ਬਿੱਚ। ਆਈ ਕੈਨ ਨੌਟ ਟੇਕ ਯੂਅਰ ਬਲੱਡੀ ਨੌਂਨਸੈਂਸ। ਯੂ ਆਰ ਏ ਸਟੁਪਿੱਡ ਮੈਨ ਐਂਡ ਐਨ ਅਬਿਊਸਿਵ ਪਰਸਨ। ਤੂੰ ਸ਼ੁਕਰ ਕਰ ਮੌਮ ਨੇ ਤੇਰੇ ਤੇ ਕਦੀ ਪੁਲੀਸ ਨਹੀਂ ਸੱਦੀ। ਬੱਟ ਆਈ ਐਮ ਨੌਟ ਮੌਮ, ਸੋ! ਬੀ ਕੇਅਰਫੁੱਲ ਵੱਟ ਯੂ ਸੇ ਟੂ ਮੀ। ਇਕ ਹੋਰ ਫਿਲਥੀ ਵਰਡ, ਮੈਂ ਪੁਲੀਸ ਨੂੰ ਫੋਨ ਕਰ ਦਿਆਂਗੀ।””

ਹਰਦੇਵ ਲਾਲ ਹੋਇਆ ਪਿਆ ਸੀ। ਗੁੱਸੇ ਨਾਲ਼ ਮੂੰਹ ਵਿੱਚੋਂ ਲਾਲ਼ਾਂ ਵਗ ਰਹੀਆਂ ਸਨ। ਉਹ ਨੀਤੀ ਦੇ ਥੱਪੜ ਮਾਰਨ ਵਧਿਆ। ਇਹ ਦੇਖਦਿਆਂ ਹੋਇਆਂ ਮੈਂ ਵੀ ਅੱਗੇ ਵਧੀ। ਮੈਂ ਨੀਤੀ ਦੇ ਮੋਹਰੇ ਆ ਖੜ੍ਹੀ ਹੋਈ। ਹਰਦੇਵ ਦਾ ਗੁੱਸੇ ਵਿਚ ਉੱਠਿਆ ਥੱਪੜ ਮੇਰੇ ਮੂੰਹ ਉੱਤੇ ਕਾੜ੍ਹ ਕਰਦਾ ਆਣ ਵੱਜਾ। ਮੇਰਾ ਸਿਰ ਚਕਰਾ ਗਿਆ। ਅੱਖਾਂ ਅੱਗੇ ਭੰਬੂਤਾਰੇ ਨੱਚਣ ਲੱਗੇ। ਮੈਨੂੰ ਜਿਵੇਂ ਭੁਆਂਟਣੀ ਜਿਹੀ ਆ ਗਈ। ਪਰ ਮੈ ਸੰਭਲੀ। ਸ਼ਾਇਦ, ਹਰਦੇਵ ਨੀਤੀ ਲਈ ਜੋ ਬੋਲ ਰਿਹਾ ਸੀ, ਉਸਨੇ ਮੇਰੇ ਅੰਦਰਲੀ ਮਾਂ ਨੂੰ ਜਗਾ ਦਿੱਤਾ ਸੀ। ਮੇਰੇ ਮਨ ਵਿਚ ਰੋਹ ਭਰ ਦਿੱਤਾ ਸੀ। ਮੈਂ ਹਰਦੇਵ ਦੀਆਂ ਬਥੇਰੀਆਂ ਝੱਲ ਲਈਆਂ ਸਨ ਪਰ ਅੱਜ ਉਹ ਮੇਰੀ ਧੀ ਬਾਰੇ ਐਨਾ ਗੰਦਾ ਸੋਚਦਾ ਸੀ, ਇਹ ਸੁਣ ਕੇ ਮੇਰੇ ਵਿਚ ਵੀ ਪਤਾ ਨਹੀਂ ਕਿੱਥੋਂ ਹਿੰਮਤ ਆ ਗਈ। ਮੈਂ ਸੰਭਲਦਿਆਂ ਹੀ ਮੋੜਵਾਂ ਥੱਪੜ ਹਰਦੇਵ ਦੇ ਕੱਢ ਮਾਰਿਆ। ਮੇਰਾ ਹੱਥ ਆਪ-ਮੁਹਾਰੇ ਉੱਠ ਗਿਆ ਸੀ। ਬਿਨਾਂ ਸੋਚਿਆਂ, ਬਿਨਾਂ ਸਮਝਿਆਂ। ਸ਼ਾਇਦ, ਵਰ੍ਹਿਆਂ ਵੱਧੀ ਰੋਹ ਮੇਰੇ ਅੰਦਰ ਜੁਗਾਲ ਕਰ ਰਿਹਾ ਹੋਵੇ। ਉਸ ਰੋਹ ਨੇ ਆਪਣੇ ਆਪ ਬਾਹਰ ਨਿਕਲਣ ਦਾ ਰਾਹ ਬਣਾ ਲਿਆ ਸੀ। ਉਸਦੇ ਥੱਪੜ ਜੜ ਕੇ ਜਿਵੇਂ ਮੇਰੀ ਭੜਾਸ ਨਿਕਲੀ। ਮੇਰਾ ਮੂੰਹ ਭਖ਼ਿਆ ਪਿਆ ਸੀ ਅਤੇ ਅੱਖਾਂ ਵਿੱਚੋਂ ਪਾਣੀ ਵਹਿ ਰਿਹਾ ਸੀ। ਅੰਦਰੋਂ ਮੈਂ ਡਰ ਵੀ ਰਹੀ ਸਾਂ ਕਿ ਹੁਣ ਕੀ ਹੋਵੇਗਾ? ਕਿਹੜੇ ਕਹਿਰ ਦਾ ਸਾਨੂੰ ਮਾਂ-ਧੀ ਨੂੰ ਸਾਮ੍ਹਣਾ ਕਰਨਾ ਪਵੇਗਾ?

ਥੱਪੜ ਖਾ ਕੇ ਹਰਦੇਵ ਨੂੰ ਸਮਝ ਨਾ ਆਵੇ ਕਿ ਇਹ ਕੀ ਬਣਿਆ ਸੀ? ਮੈਂ ਵੀ ਕਦੀ ਉਸਦੇ ਅੱਗੇ ਡਟ ਕੇ ਖਲੋ ਸਕਦੀ ਹਾਂ? ਉਸਨੇ ਕਦੀ ਕਿਆਸਿਆ ਹੀ ਨਹੀਂ ਹੋਣੈ। ਉਸਦੀਆਂ ਅੱਖਾਂ ਗੁੱਸੇ ਨਾਲ਼ ਅੱਡੀਆਂ ਰਹਿ ਗਈਆਂ ਤੇ ਉਹ ਮਸਾਂ ਡਿੱਗਦਾ-ਡਿੱਗਦਾ ਬਚਿਆ। ਮੈਂ ਹਰਦੇਵ ਤੋਂ ਥੱਪੜਾਂ ਦੀ ਮਾਰ ਬਥੇਰੀ ਵੇਰ ਖਾਧੀ ਸੀ ਪਰ ਕੁਸਕੀ ਤੱਕ ਨਹੀਂ ਸਾਂ। ਘਰ ਨੂੰ ਬੰਨ੍ਹੀ ਰੱਖਣ ਵਾਸਤੇ ਮੈਂ ਹਰ ਤਸ਼ੱਦਦ ਝੱਲਦੀ ਰਹੀ ਸਾਂ। ਸੋਚਦੀ ਸਾਂ ਆਖ਼ਰ ਨੀਤੀ ਹਰਦੇਵ ਦੀ ਆਪਣੀ ਧੀ ਹੈ, ਬਾਹਰ ਕਿਸੇ ਦੀ ਕੀ ਲੱਗੀ? ਇਸੇ ਸੋਚ ਨੇ ਮੈਨੂੰ ਦਹਿਲੀਜ਼ ਦੇ ਬਾਹਰ ਪੈਰ ਪਾਉਣ ਤੋਂ ਰੋਕੀ ਰੱਖਿਆ ਸੀ।

ਨੀਤੀ ਨੇ ਬਲਦੀ ਉੱਤੇ ਹੋਰ ਤੇਲ ਪਾ ਦਿੱਤਾ, “ਬੋਲੀ, ਤੂੰ ਇਹੀ ਡਿਜ਼ਰਵ ਕਰਦੈਂ ਡੈਡ।”” ਤੇ ਫੇਰ ਮੈਨੂੰ ਸੰਬੋਧਤ ਹੁੰਦੀ ਬੋਲੀ,ਮੌਮ! ਇਹ ਤੁਹਾਨੂੰ ਵੀਹ ਸਾਲ ਪਹਿਲਾਂ ਕਰਨਾ ਚਾਹੀਦਾ ਸੀ। ਹੀ ਇੱਜ਼ ਨਥਿੰਗ ਵੱਟ ਐਨ ਇਡੀਅਟ।”” ਨੀਤੀ ਦੀਆਂ ਗੁੱਸੇ ਨਾਲ਼ ਨਾਸਾਂ ਫੁੱਲੀਆਂ ਹੋਈਆਂ ਸਨ। ਚਿਹਰਾ ਤਣਿਆ ਹੋਇਆ ਸੀ।

ਧੀ ਦੇ ਮੂੰਹੋਂ ਆਪਣੇ ਬਾਪ ਲਈ ਬੁਰੇ ਸ਼ਬਦ ਸੁਣ ਕੇ ਵੀ ਮੈਨੂੰ ਚੰਗਾ ਨਹੀਂ ਸੀ ਲੱਗਾ। ਪਰ ਹਰਦੇਵ ਦੀਆਂ ਆਦਤਾਂ ਤੋਂ ਜਾਣੂੰ ਹੋਣ ਕਾਰਨ ਮੈਂ ਕੁੜੀ ਨੂੰ ਕੁਝ ਨਾ ਕਿਹਾ। ਸੋਚਿਆ ਬਾਅਦ ਵਿਚ ਸਮਝਾ ਲਵਾਂਗੀ।

ਹਰਦੇਵ ਦੀ ਹਉਮੈਂ ਨੂੰ ਐਸੀ ਸੱਟ ਵੱਜੀ ਕਿ ਉਹ ਤਿਲਮਿਲਾ ਉੱਠਿਆ। ਭਲਾ ਉਹ ਮੈਨੂੰ ਐਵੇਂ ਕਿਸ ਤਰ੍ਹਾਂ ਜਾਣ ਦਿੰਦਾ? ਉਸਦੇ ਡੇਲੇ ਬਾਹਰ ਨਿਕਲੇ ਹੋਏ ਸਨ। ਰੋਹ ਨਾਲ਼ ਮੂੰਹ ਲਾਲ ਹੋਇਆ ਪਿਆ ਸੀ। ਉਸਨੇ ਕਦਮ ਵਧਾ ਕੇ ਕੁੜੀ ਦੀ ਬਾਂਹ ਫੜੀ ਅਤੇ ਘੜੀਸਦਾ ਹੋਇਆ ਬਾਹਰ ਦਰ ਕੋਲ ਲੈ ਗਿਆ। ਮੈਂ ਦੂਜੇ ਬੰਨਿਓਂ ਨੀਤੀ ਦੀ ਬਾਂਹ ਫੜੀ ਤੇ ਅੰਦਰ ਵੱਲ ਖਿੱਚਣ ਲੱਗੀ।

ਹਰਦੇਵ ਨੇ ਨੀਤੀ ਨੂੰ ਜੋਰ ਦੀ ਧੱਕਾ ਮਾਰਿਆ। ਨੀਤੀ ਹੀ ਨਹੀਂ, ਮੈਂ ਵੀ ਉਸਦੇ ਨਾਲ਼ ਕਈ ਕਦਮ ਅੱਗੇ ਜਾ ਕੇ ਡਿੱਗੀ। ਮੈਂ ਫੇਰ ਵੀ ਸੰਭਲ ਗਈ। ਨੀਤੀ ਦੇ ਮਗਰ ਜਾ ਕੇ ਮੈਂ ਉਸਨੂੰ ਫੜ ਲਿਆ। ਉਸਦਾ ਸਿਰ ਕੰਧ ਵਿਚ ਵੱਜਣੋਂ ਬਚ ਗਿਆ। ਮੈਂ ਉਸਨੂੰ ਸਾਂਭਿਆ, ਹਿੱਕ ਨਾਲ਼ ਲਾਇਆ। ਰੋਹ ਕੁੜੀ ਦੀਆਂ ਅੱਖਾਂ ਵਿਚ ਉੱਬਲ ਰਿਹਾ ਸੀ। ਉਹ ਸਾਹੋ-ਸਾਹ ਹੋਈ ਪਈ ਸੀ।

ਉਸ ਵੇਲੇ ਮੈਨੂੰ ਆਪਣਾ ਚੇਤਾ ਭੁੱਲ ਗਿਆ। ਮੇਰੇ ਮਨ ਵਿਚ ਸਿਰਫ਼ ਨੀਤੀ ਰਹਿ ਗਈ। ਸੋਚਿਆ ਕਿ ਜੇ ਕਰ ਅੱਜ ਮੈਂ ਨੀਤੀ ਦੇ ਨਾਲ਼ ਨਾ ਖੜ੍ਹੀ ਹੋਈ ਤਾਂ ਅਸੀਂ ਦੋਨੋਂ ਮਾਵਾਂ ਧੀਆਂ ਸਦਾ ਵਾਸਤੇ ਇਸ ਜਿੰਨ ਦੀ ਕੈਦ ਵਿਚ ਕੈਦੀ ਹੋ ਜਾਵਾਂਗੀਆਂ। ਮੈਨੂੰ ਲਗਦੈ ਕਿ ਜਿਵੇਂ ਵਰ੍ਹਿਆਂ ਵੱਧੀ ਜਮ੍ਹਾਂ ਹੋਇਆ ਤੂਫ਼ਾਨ ਮੇਰੇ ਅੰਦਰੋਂ ਉੱਠ ਖਲੋਇਆ ਹੋਵੇ। ਮੈਂ ਵੀ ਜੋ ਵੀ ਮੂੰਹ ਆਇਆ ਉਸਨੂੰ ਆਖ ਸੁਣਾਇਆ। ਉਹ ਇਕ ਲਫ਼ਜ਼ ਬੋਲਦਾ ਤੇ ਮੈਂ ਉਸਦਾ ਉੱਤਰ ਉਸੇ ਬੋਲੀ ਵਿਚ ਦਿੰਦੀ ਰਹੀ। ਉਹ ਥੱਪੜ ਮਾਰਨ ਵਧਦਾ ਤਾਂ ਮੈਂ ਵੀ ਲੋਹੀ-ਲਾਖੀ ਹੋਈ ਉਸਨੂੰ ਅੱਖਾਂ ਦਿਖਾਲਦੀ।

ਸਾਡੇ ਘਰ ਰੌਲ਼ਾ ਪੈ ਰਿਹਾ ਸੀ। ਸ਼ੋਰ ਬਾਹਰ ਤਕ ਪਹੁੰਚ ਰਿਹਾ ਸੀ। ਮੇਰੇ ਗੁਆਂਢੀਆਂ ਨੇ ਆਪਣੇ ਦਰ ਖੋਲ੍ਹ ਕੇ ਸਾਨੂੰ ਤੱਕਿਆ ਤੇ ਸੁਣਿਆ। ਅਸੀਂ ਉਨ੍ਹਾਂ ਦੇ ਪਰਛਾਵੇਂ ਸ਼ੀਸ਼ੇ ਦੇ ਦਰਵਾਜ਼ੇ ਵਿੱਚੀਂ ਦੇਖ ਰਹੇ ਸਾਂ। ਜਦੋਂ ਉਨ੍ਹਾਂ ਨੇ ਦੇਖਿਆ ਕਿ ਸਾਡੇ ਘਰ ਲੜਾਈ ਚੱਲ ਰਹੀ ਹੈ ਤਾਂ ਉਨ੍ਹਾਂ ਨੇ ਆਪਣੇ ਦਰ ਬੰਦ ਕਰ ਲਏ। ਉਹ ਕਦੀ ਕਦਾਈਂ ਸ਼ੀਸ਼ੇ ਵਿੱਚੀਂ ਝਾਤੀ ਮਾਰ ਲੈਂਦੇ, ਕੰਧਾਂ ਵਿਚੀਂ ਕਣਸੋਆਂ ਲੈ ਲੈਂਦੇ।

ਆਖਰ ਹਰਦੇਵ ਨੇ ਗੱਲ ਮੁਕਾਈ, ਹਰਾਮਜ਼ਾਦੀਏ ਇਸ ਥੱਪੜ ਦੀ ਸਜ਼ਾ ਤਾਂ ਤੈਨੂੰ ਮਿਲ ਕੇ ਰਹੂ। ਜੇ ਛਿੱਟ ਨੂੰ ਅੰਦਰ ਵਾੜਿਆ ਤਾਂ ਮੈਥੋਂ ਬੁਰਾ ਕੋਈ ਨ੍ਹੀ। ਤੇਰੀਆਂ ਤੇ ਇਹਦੀਆਂ ਟੰਗਾਂ ਵੱਢ ਦੇਊਂਗਾ।””

ਜਿੱਥੇ ਮੈਂ ਰਹੂੰ ਉੱਥੇ ਮੇਰੀ ਧੀ ਵੀ ਰਹੂ। ਰੋਕ ਕੇ ਦਿਖਾਲ। ਬਹੁਤ ਹੋ ਗਿਐ। ਬਹੁਤ ਝੱਲ ਲਿਆ ਮੈਂ। ਬੱਸ, ਹੋਰ ਨ੍ਹੀਂ।”” ਮੈਂ ਵੀ ਬਜਿੱਦ ਖੜ੍ਹੀ ਸੀ, ਮੇਰਾ ਵਿਦਰੋਹ ਸ਼ਾਂਤ ਹੋਣ ਦਾ ਨਾਂ ਨਹੀਂ ਸੀ ਲੈ ਰਿਹਾ।

ਜ਼ਿੰਦਗੀ ਦੇ ਵੀਹ ਵਰ੍ਹੇ ਮੈਂ ਵਕਤ ਭੋਰ-ਭੋਰ ਕੇ ਕੱਟੇ ਸਨ। ਮੈਂ ਸੋਚਿਆ ਕਰਦੀ ਸਾਂ ਕਿਸ਼ਾਇਦ ਹਰ ਕੁੜੀ ਨੂੰ ਉਸਦਾ ਘਰ ਵਾਲਾ ਇਸੇ ਤਰ੍ਹਾਂ ਡਰਾਉਂਦਾ ਧਮਕਾਉਂਦਾ ਹੋਵੇਗਾ? ਮੈਂ ਉਮਰ ਦੇ ਵਰ੍ਹੇ ਇਸੇ ਉਡੀਕ ਵਿਚ ਗੁਜ਼ਾਰੇ ਸਨ ਕਿ ਕੱਲ੍ਹ ਨੂੰ ਹਰਦੇਵ ਸਮਝ ਜਾਵੇਗਾ। ਪਰ ਨਹੀਂ, ਉਸਨੇ ਕਦੀ ਆਪਣਾ ਦਿਮਾਗ ਤਾਂ ਵਰਤਿਆ ਹੀ ਨਹੀਂ ਸੀ। ਪਹਿਲਾਂ ਉਹ ਆਪਣੇ ਮਾਂ-ਬਾਪ ਦੇ ਕਹਿਣੇ ਵਿਚ ਸੀ ਤੇ ਫੇਰ ਆਪਣੇ ਭਰਾ-ਭਰਜਾਈ ਦੇ ਕਹਿਣੇ ਵਿਚ। ਉਸਦੇ ਦਿਮਾਗ ਵਿਚ ਇਕ ਗੱਲ ਨੇ ਘਰ ਕੀਤਾ ਹੋਇਆ ਸੀ ਕਿ ਆਪਣੀ ਘਰ ਵਾਲੀ ਨੂੰ ਹਮੇਸ਼ਾ ਡਰਾ ਧਮਕਾ ਕੇ ਰੱਖਣਾ ਚਾਹੀਦਾ ਹੈ ਵਰਨਾ ਤੀਵੀਂਆਂ ਘਰ ਪੁੱਟ ਦਿੰਦੀਆਂ ਹਨ। ਉਸਦੀ ਮੰਮੀ ਇਹ ਗੱਲ ਅਕਸਰ ਮੇਰੇ ਸਾਮ੍ਹਣੇ ਹੀ ਆਖਿਆ ਕਰਦੀ ਸੀ। ਉਸ ਵੇਲੇ ਹਰਦੇਵ ਅਤੇ ਉਸਦੀ ਮਾਂ ਭੁੱਲ ਜਾਂਦੇ ਸਨ ਕਿ ਹਰਦੇਵ ਦੀ ਮਾਂ ਵੀ ਇਕ ਤੀਵੀਂ ਹੈ।

ਹਰਦੇਵ ਸਿੱਧਾ ਬੰਦਾ ਸੀ। ਲਾਈ-ਲੱਗ ਸੀ। ਮੇਰੇ ਲਈ ਅਤੇ ਮੇਰੀ ਧੀ ਲਈ ਉਸ ਵਿਚ ਸਾਰੇ ਔਗਣ ਸਨ। ਪਰ ਆਪਣੇ ਘਰਦਿਆਂ ਵਾਸਤੇ ਸਾਰੇ ਦੇ ਸਾਰੇ ਗੁਣ ਸਨ। ਉਹ ਬੀਬੇ ਪੁੱਤ ਵਾਂਗ ਪੂਰੀ ਦੀ ਪੂਰੀ ਤਨਖਾਹ ਲਿਆ ਕੇ ਮਾਂ ਦੇ ਹੱਥ ਧਰਦਾ ਸੀ। ਭਰਾ-ਭਰਜਾਈ ਦੇ ਨਿਆਣਿਆਂ ਉੱਤੇ ਲੋਹੜੇ ਦਾ ਖਰਚ ਕਰਦਾ ਸੀ। ਪਰ ਆਪਣੇ ਟੱਬਰ ਦਾ ਖਿਆਲ ਰੱਖਣ ਵੇਲੇ ਉਹ ਮਾਂ-ਪਿਓ ਦੇ ਕਹਿਣੇ ਲਗਦਾ ਸੀ। ਭਰਾ-ਭਰਜਾਈ ਦੇ ਬੱਚੇ ਵੀ ਹਰਦੇਵ ਦੇ ਸਿਰੋਂ ਪਲ਼ਦੇ ਸਨ। ਪਹਿਲਾਂ ਪਹਿਲ ਤਾਂ ਮੈਂ ਇਨ੍ਹਾਂ ਗੱਲਾਂ ਵਲ ਧਿਆਨ ਨਾ ਦਿੱਤਾ ਪਰ ਜਦੋਂ ਮੈਂ ਕੁਝ ਕਹਿਣ ਦੀ ਜੁਰਅਤ ਕੀਤੀ ਤਾਂ ਕਾੜ੍ਹ ਕਰਦਾ ਥੱਪੜ ਮੂੰਹ ਤੇ ਆਣ ਵੱਜਾ। ਇਹ ਮੇਰੇ ਜਿਸਮ ’ਤੇ ਹਰਦੇਵ ਦਾ ਪਹਿਲਾ ਵਾਰ ਸੀ।

ਬੱਸ ਸਟਾਪ ਤੋਂ ਅਸੀਂ ਕੀਰਤੀ ਦੇ ਘਰ ਵੱਲ ਜਾਂਦੀ ਬੱਸ ਵਿਚ ਬੈਠ ਗਈਆਂ। ਬੱਸ ਵਿਚ ਹਿਚਕੋਲਿਆਂ ਨੇ ਮੇਰੀ ਸੋਚ ਤੋੜੀ। ਦੋ ਬਜ਼ੁਰਗ ਸਾਡੇ ਦੋਹਾਂ ਵੱਲ ਦੇਖਦੇ ਹੋਏ ਅਗਲੇ ਬੱਸ ਸਟਾਪ ਤੇ ਉੱਤਰ ਗਏ। ਮੈਨੂੰ ਮਹਿਸੂਸ ਹੋਇਆ ਜਿਵੇਂ ਉਨ੍ਹਾਂ ਨੇ ਸਾਡਾ ਅੰਦਰ ਪੜ੍ਹ ਲਿਆ ਹੋਵੇ। ਉਨ੍ਹਾਂ ਦੇ ਚਿਹਰਿਆਂ ਦੀ ਬਣਤਰ ਤੋਂ ਪਤਾ ਚਲਦਾ ਸੀ ਕਿ ਉਹ ਕੀ ਸੋਚ ਰਹੇ ਹੋਣਗੇ। ਮੈਂ ਬਾਹਰ ਝਾਕਣ ਲੱਗੀ। ਬੱਸ ਫੇਰ ਤੁਰ ਪਈ। ਖੰਭਿਆਂ ਦੀਆਂ ਬੱਤੀਆਂ ਵੀ ਮੇਰੀਆਂ ਸੋਚਾਂ ਵਾਂਗ ਭੱਜੀਆਂ ਜਾ ਰਹੀਆਂ ਸਨ। ਮੇਰਾ ਧਿਆਨ ਮੰਮੀ ਵਲ ਚਲੇ ਗਿਆ। ਹਰਦੇਵ ਦੇ ਕੰਨ ਮੰਮੀ ਨੇ ਵਿਆਹ ਤੋਂ ਪਹਿਲਾਂ ਹੀ ਭਰੇ ਹੋਏ ਸਨ। ਉਹ ਅਕਸਰ ਆਖਿਆ ਕਰਦੀ ਕਿ ਜਦੋਂ ਘਰਾਂ ਵਾਲੀਆਂ ਆਉਂਦੀਆਂ ਹਨ ਤਾਂ ਉਹ ਭਰਾਵਾਂ ਨੂੰ ਤੋੜ ਦਿੰਦੀਆਂ ਹਨ। ਹਰਦੇਵ ਦੇ ਦਿਲੋ-ਦਿਮਾਗ ਵਿਚ ਇਹ ਗੱਲ ਕਿੱਧਰੇ ਘਰ ਕਰ ਗਈ ਸੀ। ਆਪਣਾ ਭਲਾ-ਬੁਰਾ ਤਾਂ ਉਸਨੇ ਕਦੀ ਸੋਚਿਆ ਹੀ ਨਹੀਂ ਸੀ। ਜਦੋਂ ਨੀਤੀ ਪੈਦਾ ਹੋਈ, ਉਸ ਵੇਲੇ ਵੀ ਘਰ ਦੇ ਲੋਕ ਇਹੀ ਕਹਿੰਦੇ ਰਹੇ ਕਿ ਭਾਈ ਇਹ ਕੁੜੀ ਐ, ਇਸਨੇ ਬਿਗਾਨੇ ਘਰ ਜਾਣੈ। ਮੁੰਡੇ ਤਾਂ ਬਲਦੇਵ ਦੇ ਹੀ ਕੰਮ ਆਉਣੇ ਐ। ਹਰਦੇਵ ਇਹੋ ਗੱਲ ਮਨ ਵਿਚ ਵਸਾ ਕੇ ਤੁਰਿਆ ਆਉਂਦਾ ਰਿਹਾ। ਇਹ ਨਹੀਂ ਸੋਚਿਆ ਕਿ ਨੀਤੀ ਤੋਂ ਬਾਅਦ ਕੋਈ ਮੁੰਡਾ ਵੀ ਪੈਦਾ ਹੋ ਸਕਦਾ ਹੈ।

ਮੇਰੇ ਵਿਚ, ਘਰ ਦੇ ਹਾਲਾਤ ਦੇਖ ਕੇ, ਜਿਵੇਂ ਹੋਰ ਬੱਚਾ ਪੈਦਾ ਕਰਨ ਦੀ ਜੁਰਅਤ ਹੀ ਨਾ ਪਈ। ਮੈਂ ਸੋਚਿਆ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਬੱਚੇ ਨੂੰ ਦੇਣ ਨਾਲੋਂ ਊਂ ਹੀ ਭਲਾ। ਨੀਤੀ ਨੂੰ ਹੁੰਦਾ ਲਾਡ ਪਿਆਰ ਮੈਂ ਦੇਖ ਲਿਆ ਸੀ। ਅਸੀਂ ਦੋਨੋਂ ਮਾ-ਧੀ ਜਿਵੇਂ ਵਾਧੂ ਦਾ ਭਾਰ ਸਾਂ। ਜਿਹੜੇ ਬੰਦੇ ਕਾਰਨ ਮੈਂ ਸੱਤ ਸਮੁੰਦਰੋਂ ਪਾਰ ਕੈਨੇਡਾ ਆਈ ਸਾਂ, ਜਦੋਂ ਉਸਨੇ ਹੀ ਸਾਨੂੰ ਕੋਈ ਮੋਹ ਪਿਆਰ ਨਹੀਂ ਦਿੱਤਾ, ਮੈਂ ਹੋਰ ਕਿਸੇ ਤੋਂ ਕੀ ਭਾਲ਼ ਸਕਦੀ ਸਾਂ? ਘਰ ਵਿਚ ਪੇਂਡੂ ਮਹੌਲ ਸੀ। ਬੰਦੇ ਕੰਮ ਕਰਨ ਅਤੇ ਤੀਵੀਂਆਂ ਘਰ ਬੈਠ ਕੇ ਰੋਟੀ ਪਕਾਉਣ। ਜਦੋਂ ਮੈਨੂੰ ਕਦੀ ਘਰੋਂ ਬਾਹਰ ਨਿਕਲਣ ਨਹੀਂ ਸੀ ਦਿੱਤਾ ਜਾਂਦਾ, ਫੇਰ ਬਾਹਰਲੀ ਦੁਨੀਆਂ ਦਾ ਕੀ ਪਤਾ ਲੱਗੂ?

ਨਾ ਮੰਮੀ ਕੰਮ ਕਰਦੀ ਸੀ ਅਤੇ ਨਾ ਹੀ ਮੇਰੀ ਜਠਾਣੀ। ਭਲਾ ਮੈਨੂੰ ਕਿਸ ਨੇ ਕੰਮ ਕਰਨ ਦੇਣਾ ਸੀ। ਸਮੱਸਿਆ ਇਹ ਵੀ ਸੀ ਕਿ ਜੇ ਕਰ ਮੈਂ ਬਾਹਰ ਕੰਮ ਕਰਨ ਚਲੇ ਗਈ ਤਾਂ ਮੈਨੂੰ ਬਾਹਰਲਾ ਪਤਾ ਲੱਗ ਜਾਊ। ਮੈਂ ਕਿਸੇ ਨਾਲ਼ ਗੱਲ ਕਰਾਂਗੀ। ਕੋਈ ਮੈਨੂੰ ਇਸ ਦੇਸ਼ ਬਾਰੇ ਜਾਣਕਾਰੀ ਦੇ ਦੇਊ। ਇਹ ਡਰ ਪੂਰੇ ਪਰਿਵਾਰ ਦੇ ਮੱਥੇ ਵਿਚ ਖੁਣਿਆ ਹੋਇਆ ਸੀ।

ਮੈਂ ਇਹੋ ਸੋਚਿਆ ਕਰਦੀ ਸਾਂ ਕਿ ਹੌਲੀ-ਹੌਲੀ ਸਾਡਾ ਰਿਸ਼ਤਾ ਸਹਿਜ ਹੋ ਜਾਵੇਗਾ। ਇਕ ਦੂਜੇ ਨੂੰ ਸਮਝਣ ਵਾਸਤੇ ਵਕਤ ਚਾਹੀਦਾ ਹੈ। ਪਰ ਥੱਪੜਾਂ ਦੀ ਮਾਰ ਖਾ-ਖਾ ਕੇ ਮੇਰਾ ਦਿਮਾਗ ਵੀ ਡਰ ਨਾਲ਼ ਏਨਾ ਥੋਥਾ ਹੋ ਚੁੱਕਾ ਸੀ ਕਿ ਮੈਂ ਸੋਚ ਸਕਦੀ ਹੀ ਨਹੀਂ ਸਾਂ। ਮੇਰੀ ਧੀ ਨੂੰ ਪਾਲਣ ਵਾਸਤੇ ਮੈਨੂੰ ਕੁਝ ਕਰਨ ਦੀ ਲੋੜ ਸੀ। ਨਿੱਤ ਦਿਨ ਮੈਂ ਮਾਂ-ਪੁੱਤ ਅੱਗੇ ਹੱਥ ਨਹੀਂ ਸਾਂ ਅੱਡਣਾ ਚਾਹੁੰਦੀ। ਹਰਦੇਵ ਦਾ ਮੂਡ ਦੇਖ ਕੇ, ਮੈਂ ਉਸ ਨਾਲ਼ ਘਰੋਂ ਕੰਮ ਕਰਨ ਬਾਰੇ ਗੱਲ ਕੀਤੀ। ਸਿਲਾਈ ਦਾ ਕੋਰਸ ਮੈਂ ਕੀਤਾ ਹੋਇਆ ਸੀ। ਉਹ ਮੰਨ ਵੀ ਗਿਆ। ਉਸਨੇ ਆਪ ਮੈਨੂੰ ਮਸ਼ੀਨ ਲੈ ਦਿੱਤੀ। ਉਸ ਵੇਲੇ ਉਹ ਆਪਣੀ ਮਾਂ ਮੋਹਰੇ ਵੀ ਡੱਟ ਕੇ ਖੜੋ ਗਿਆ। ਮੈਨੂੰ ਚੰਗਾ-ਚੰਗਾ ਲੱਗਾ। ਹਰਦੇਵ ਤੇ ਮੈਨੂੰ ਲਾਡ ਜਿਹਾ ਵੀ ਆਇਆ। ਮੈਨੂੰ ਮਹਿਸੂਸ ਹੋਇਆ ਕਿ ਹਰਦੇਵ ਅੰਦਰ ਇਕ ਚੰਗਾ ਆਦਮੀ ਵੀ ਬੈਠਾ ਹੈ, ਮਿਹਨਤ ਨਾਲ਼ ਉਹ ਬਾਹਰ ਨਿਕਲ ਸਕਦਾ ਹੈ।

ਮਸ਼ੀਨ ਲੈ ਕੇ ਮੈਂ ਆਲ਼ੇ-ਦੁਆਲ਼ੇ ਦੇ ਲੋਕਾਂ ਦੇ ਸੂਟ ਸੀਣ ਲੱਗ ਪਈ। ਚਾਰ ਪੈਸੇ ਕਮਾ ਕੇ ਕੁੜੀ ਦੇ ਖਰਚ ਲਈ ਵਰਤ ਲੈਂਦੀ ਅਤੇ ਥੋੜ੍ਹਾ ਬਹੁਤ ਜੋੜ ਵੀ ਲੈਂਦੀ। ਹਰਦੇਵ ਦੀ ਇਕ ਆਦਤ ਚੰਗੀ ਸੀ ਕਿ ਉਹ ਮੈਥੋਂ ਮੇਰੀ ਕਮਾਈ ਦੇ ਪੈਸੇ ਨਹੀਂ ਸੀ ਮੰਗਦਾ। ਭਾਵੇਂ ਆਪਣੇ ਕੋਲੋਂ ਵੀ ਮੈਨੂੰ ਪੈਸੇ ਨਹੀਂ ਸੀ ਦਿੰਦਾ। ਮੈਨੂੰ ਇਸਦੀ ਕੋਈ ਪ੍ਰਵਾਹ ਨਹੀਂ ਸੀ। ਘੱਟੋ-ਘੱਟ ਮੈਂ ਸੱਸ ਮੋਹਰੇ ਹੱਥ ਨਹੀਂ ਸੀ ਅੱਡਦੀ। ਮੇਰੀ ਸੱਸ ਬਥੇਰੇ ਮਿਹਣੇ-ਤਿਹਣੇ ਮਾਰ ਚੁੱਕੀ। ਪਰ ਮੈਂ ਆਪਣੀ ਕਮਾਈ ਉਸਦੇ ਹੱਥ ਨਾ ਧਰੀ। ਉਹ ਹਰਦੇਵ ਦੇ ਕੰਨ ਵੀ ਭਰਦੀ। ਹਰਦੇਵ ਮੈਥੋਂ ਪੈਸੇ ਤਾਂ ਨਹੀਂ ਸੀ ਮੰਗਦਾ ਪਰ ਘੁੱਟ ਪੀ ਕੇ ਆਪਣਾ ਗੁੱਸਾ ਥੱਪੜਾਂ ਦੀ ਮਾਰ ਰਾਹੀਂ ਜ਼ਰੂਰ ਕੱਢ ਦਿੰਦਾ ਸੀ। ਮੈਂ ਹਰਦੇਵ ਤੋਂ ਵੱਧ ਪੜ੍ਹੀ ਹੋਈ ਸਾਂ, ਉਸਦੇ ਮਿਹਣੇ ਵੀ ਉਹ ਮੈਨੂੰ ਮਾਰਦਾ ਰਹਿੰਦਾ। ਉਸਦੇ ਅੰਦਰ ਹੀਣ-ਭਾਵਨਾ ਵੀ ਵਾਸ ਕਰ ਗਈ ਸੀ। ਪਰ ਮੈਂ ਜਾਣ ਬੁੱਝ ਕੇ ਹਰਦੇਵ ਨੂੰ ਕਦੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਸੀ ਕੀਤੀ।

ਘਰ ਦੇ ਹਾਲਾਤ ਕਾਰਨ ਦਿਨੋ-ਦਿਨ ਮੇਰਾ ਸੁਭਾਅ ਵੀ ਅੜੀਅਲ ਹੋਣ ਲੱਗ ਪਿਆ। ਮੇਰੇ ਜੇਠ ਅਤੇ ਜਠਾਣੀ ਨੇ ਵੱਡਾ ਘਰ ਖਰੀਦ ਲਿਆ, ਪੈਂਤੀ ਸੌ ਸੁਕੇਅਰ ਫੁੱਟ ਦਾ। ਮੇਰਾ ਜੇਠ ਕੰਮ ਤੇ ਵੀ ਲੰਙੇ ਡੰਗ ਜਾਂਦਾ। ਨਿੱਤ ਦਿਨ ਪਿੱਠ ਦੇ ਦਰਦ ਦੀ ਧੂਣੀ ਰਮਾਈ ਰੱਖਦਾ। ਪਿੱਠ ਦਾ ਦਰਦ ਨਾ ਹੁੰਦਾ ਤਾਂ ਛਾਤੀ ਫੜ ਕੇ ਬਹਿ ਜਾਂਦਾ। ਮੇਰੇ ਆਦਮੀ ਦੀ ਕਮਾਈ ਹੋਰ ਵੀ ਉਸ ਘਰ ਪੈਣ ਲੱਗ ਪਈ। ਮੇਰੀ ਸੱਸ ਆਨੇ-ਬਹਾਨੇ ਹਰਦੇਵ ਕੋਲ ਆ ਬਹਿੰਦੀ ਅਤੇ ਪੈਸਿਆਂ ਦੀ ਫਰਮਾਇਸ਼ ਪਾਈ ਰੱਖਦੀ, ਵੇ ਪੁੱਤ! ਤੇਰੇ ਭਰਾ ਦਾ ਟੱਬਰ ਵੱਡਾ ਹੈ। ਕਿੱਥੋਂ ਸਾਰੂ ਉਹ। ਉਹਦੀ ਪਿੱਠ ਦਾ ਦਰਦ ਅੱਗੇ ਵਾਹ ਪੇਸ਼ ਨ੍ਹੀ ਜਾਣ ਦਿੰਦਾਦਿਲ ਦਾ ਰੋਗੀ ਵੀ ਐ। ਆਪਣੇ ਵੀਰੇ ਦੀ ਮਦਦ ਕਰ ਦੇ। ਉਹਦੀ ਮੌਰਟਗੇਜ਼ ਔਖੀ ਤੁਰਦੀ ਐ, ਉੱਤੋਂ ਬੱਚਿਆਂ ਦਾ ਖਰਚਾ।””

ਹਰਦੇਵ ਕਦੀ ਨਾ ਸੋਚਦਾ ਕਿ ਜੇ ਕਰ ਵੀਰੇ ਦੇ ਵੱਸ ਵਿਚ ਖਰਚ ਨਹੀਂ ਸੀ ਤਾਂ ਉਸਨੇ ਐਡਾ ਵੱਡਾ ਘਰ ਕਿਉਂ ਖਰੀਦਿਆ? ਹਰਦੇਵ ਬੀਬੇ ਪੁੱਤ ਵਾਂਗ ਸੱਤ-ਬਚਨ ਆਖ ਦਿੰਦਾ। ਭਰਾ ਦੇ ਨਿਆਣੇ ਆਇਆਂ ਨੂੰ ਮਹਿੰਗੀਆਂ ਚੀਜ਼ਾਂ ਖਰੀਦ ਕੇ ਦਿੰਦਾ। ਮੁੰਡਿਆਂ-ਕੁੜੀਆਂ ਨੂੰ ਨਾਲ਼ ਲਈ ਫਿਰਦਾ। ਆਪਣੀ ਧੀ ਵੇਲੇ ਉਸਨੂੰ ਕੁਝ ਸੁੱਝਦਾ ਹੀ ਨਾ।

ਮੇਰੀ ਜਠਾਣੀ ਆਪਣੀਆਂ ਸਹੇਲੀਆਂ ਨੂੰ ਸੱਦ-ਸੱਦ ਕੇ ਆਪਣਾ ਘਰ ਦਿਖਾਉਂਦੀ ਨਾ ਥੱਕਦੀ। ਮੇਰੇ ਅੰਦਰ ਰੋਹ ਸੱਪ ਵਾਂਗ ਵਿੱਸ ਘੋਲਦਾ। ਉਸ ਘੁਲਦੀ ਜ਼ਹਿਰ ਨਾਲ਼ ਮੈਂ ਮਸ਼ੀਨ ਦਾ ਗੇੜਾ ਹੋਰ ਦੇ ਦਿੰਦੀ। ਹਰਦੇਵ ਨਾਲ਼ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ।

ਬਚਪਨ ਤੋਂ ਮੇਰੀ ਧੀ ਨੂੰ ਕਿਸੇ ਦਾ ਪਿਆਰ ਨਹੀਂ ਮਿਲਿਆ। ਕੁੜੀ ਹੋਣ ਕਾਰਨ ਸਾਰੇ ਧੁੱਤਕਾਰਦੇ ਰਹੇ। ਨੀਤੀ ਹਮੇਸ਼ਾ ਸਕੂਲ ਵਿਚ ਚੰਗੇ ਨੰਬਰ ਲੈ ਕੇ ਪਾਸ ਹੁੰਦੀ ਪਰ ਕਿਸੇ ਨੇ ਕਦੀ ਸ਼ਾਬਾਸ਼ ਨਹੀਂ ਦਿੱਤੀ। ਮੇਰੀ ਜਠਾਣੀ ਦੇ ਨਿਆਣੇ ਪੜ੍ਹਨ ਨੂੰ ਨਿਕੰਮੇ ਸਨ। ਦੋਨੋਂ ਮੁੰਡੇ ਲੜਾਈ-ਝਗੜਿਆਂ ਵਿਚ ਕੋਈ ਨਾ ਕੋਈ ਬਿਪਤਾ ਖੜ੍ਹੀ ਰੱਖਦੇ। ਹਰਦੇਵ ਨੂੰ ਉਨ੍ਹਾਂ ਵਿਚ ਕੋਈ ਬੁਰਿਆਈ ਨਾ ਦਿਖਾਈ ਦਿੰਦੀ। ਮੁੰਡੇ ਵੀ ਆਪਣੇ ਚਾਚੇ ਨੂੰ ਉਂਗਲੀਆਂ ਤੇ ਨਚਾਈ ਫਿਰਦੇ। ਜਦੋਂ ਨੀਤੀ ਪੰਦਰਾਂ ਕੁ ਵਰ੍ਹਿਆਂ ਦੀ ਹੋ ਗਈ ਤਾਂ ਉਹ ਵੀ ਹਰਦੇਵ ਨੂੰ ਬੁਲਾਉਣੋਂ ਹਟ ਗਈ। ਜੋ ਕਹਿਣਾ ਸੁਣਨਾ, ਉਹ ਮੈਨੂੰ ਦੱਸ ਦਿੰਦੀ। ਹੋਮ ਵਰਕ ਕਰਦੀ, ਟੀਵੀ ਦੇਖਦੀ ਅਤੇ ਆਪਣੇ ਕਮਰੇ ਵਿਚ ਸੌਣ ਚਲੇ ਜਾਂਦੀ। ਨੀਤੀ ਅੰਦਰ ਕੁੜੀ ਹੋਣ ਦਾ ਅਹਿਸਾਸ ਵਾਰ-ਵਾਰ ਉਸਨੂੰ ਕੇਰਦਾ। ਉਹ ਸੋਚਦੀ ਰਹਿੰਦੀ ਕਿ ਉਸਨੇ ਕੀ ਗੁਨਾਹ ਕੀਤਾ ਹੈ ਜਿਹੜਾ ਟੱਬਰ ਦਾ ਕੋਈ ਜੀਅ ਉਸਨੂੰ ਪਿਆਰ ਨਹੀਂ ਕਰਦਾ। ਉਸਦੇ ਸਾਂਵਲੇ ਰੰਗ ਕਾਰਨ ਵੀ ਉਸਨੂੰ ਮਿਹਣੇ ਮਿਲਦੇ।

ਜਦੋਂ ਨੀਤੀ ਬਾਰ੍ਹਵੀਂ ਵਿੱਚੋਂ ਗਰੈਜੂਏਟ ਹੋਈ ਤਾਂ ਹਰਦੇਵ ਮੇਰੇ ਨਾਲ਼ ਸਕੂਲ ਗਿਆ। ਗਰੈਜੂਏਸ਼ਨ ਤੋਂ ਬਾਅਦ ਰਿਸੈਪਸ਼ਨ ਵੇਲੇ, ਲੋਕੀਂ ਨੀਤੀ ਨੂੰ ਸਕੌਲਰਸ਼ਿਪ ਮਿਲਣ ਤੇ ਵਧਾਈਆਂ ਦੇਣ ਲੱਗੇ। ਪਰ ਹਰਦੇਵ ਨੇ ਉਸ ਵੇਲੇ ਵੀ ਸਾਨੂੰ ਦੋਹਾਂ ਨੂੰ ਨੀਵਾਂ ਦਿਖਾਇਆ। ਆਖਣ ਲੱਗਾ, ਇਹ ਕਿਹੜੀ ਵੱਡੀ ਗੱਲ ਹੈ? ਮੰਗਤਿਆਂ ਆਂਗੂੰ ਫਾਰਮ ਭਰ ਕੇ ਭੇਜ ਦਿੱਤੇ, ਖੈਰ ਪੈ ਗਈ।”” ਇਹ ਆਖਦਿਆਂ ਹਰਦੇਵ ਨੇ ਚਿਹਰੇ ਨੂੰ ਵਟਾ ਜਿਹਾ ਦਿੱਤਾ ਅਤੇ ਉਸਦੀ ਨਜ਼ਰ ਖਲਾਅ ਵਿਚ ਭਟਕ ਰਹੀ ਸੀ।

ਨੀਤੀ ਦੀ ਸਹੇਲੀ ਰਹੀਮਾ ਅਤੇ ਉਸਦੇ ਮਾਂ-ਬਾਪ ਸਾਡੇ ਕੋਲ ਖੜ੍ਹੇ ਸਨ। ਰਹੀਮਾ ਦਾ ਪਿਓ ਆਖਣ ਲੱਗਾ, ਹਰਦੇਵ ਜੀ, ਇਹ ਤਾਂ ਬੜੇ ਮਾਣ ਦੀ ਗੱਲ ਐ। ਕੁੜੀ ਦੀ ਮਿਹਨਤ ਕਾਰਨ ਹੀ ਸਪੌਂਸਰਸ਼ਿਪ ਮਿਲੀ ਹੈ। ਯੂ ਸ਼ੁੱਡ ਬੀ ਪਰਾਉਡ ਔਫ ਹਰ।””

ਹਰਦੇਵ ਨਹੀਂ ਬੋਲਿਆ। ਜੂਸ ਦਾ ਗਲਾਸ ਲੈ ਕੇ ਉਰ੍ਹੇ ਪਰ੍ਹੇ ਹੋ ਗਿਆ। ਮੈਨੂੰ ਬਹੁਤ ਸ਼ਰਮ ਮਹਿਸੂਸ ਹੋਈ। ਮੇਰੀ ਨੀਤੀ ਦਾ ਮੂੰਹ ਉੱਤਰ ਗਿਆ। ਰਹੀਮਾ ਨੇ ਵੇਲਾ ਸਾਂਭ ਲਿਆ। ਉਹ ਨੀਤੀ ਦਾ ਧਿਆਨ ਵਟਾਉਣ ਵਿਚ ਕਾਮਯਾਬ ਹੋ ਗਈ। ਨੀਤੀ ਦੀਆਂ ਅੱਖਾਂ ਵਿਚ ਚਮਕਿਆ ਪਾਣੀ ਉਸਨੇ ਮੂੰਹ ਦੂਜੇ ਬੰਨੇ ਕਰਕੇ ਪੂੰਝ ਦਿੱਤਾ।

ਹਰਦੇਵ ਨੇ ਮੇਰੇ ਉੱਤੇ ਰੋਹਬ ਪਹਿਲੀ ਰਾਤ ਹੀ ਪਾ ਲਿਆ ਸੀ। ਵਰਨਾ ਮੈਂ ਪੜ੍ਹਨ ਵਿਚ ਹੁਸ਼ਿਆਰ, ਘਰ ਦੇ ਕੰਮਾਂ-ਕਾਰਾਂ ਵਿਚ ਨਿਪੁੰਨ ਸੀ। ਬੱਸ ਇਕੋ ਘਾਟ ਸੀ ਮੇਰੇ ਵਿਚ, ਮੈਂ ਥੋੜ੍ਹਿ ਜਿਹੀ ਸੰਗਾਊ ਹੋਣ ਕਾਰਨ ਡਰ ਜਾਂਦੀ ਸਾਂ। ਪਰ ਮੇਰੇ ਘਰਦਿਆਂ ਨੇ ਕਦੀ ਮੈਨੂੰ ਕੁਝ ਕਿਹਾ-ਸੁਣਿਆ ਹੀ ਨਹੀਂ ਸੀ। ਫੇਰ ਵੀ ਮੇਰੇ ਅੰਦਰ ਇਕ ਡਰ ਰਹਿੰਦਾ ਸੀ। ਪਰ ਜੋ ਡਰ ਸਹੁਰੇ ਘਰ ਆ ਕੇ ਪਹਿਲੀ ਹੀ ਰਾਤੇ ਹਰਦੇਵ ਨੇ ਮੇਰੇ ਮਨ ਵਿਚ ਵਸਾ ਦਿੱਤਾ ਸੀ, ਉਹ ਬੜਾ ਜਾਨ-ਲੇਵਾ ਸੀ।

ਵਿਆਹ ਵਾਲੇ ਦਿਨ ਹਰ ਇਕ ਨੂੰ ਚਾਅ ਹੁੰਦਾ ਹੈ ਇਕ ਦੂਜੇ ਨੂੰ ਮਿਲਣ ਦਾ। ਮੈਨੂੰ ਵੀ ਸੀ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੇਰਾ ਸੁਪਨਾ ਇਸ ਤਰ੍ਹਾਂ ਟੁੱਟੇਗਾ। ਪਹਿਲੇ ਦਿਨ ਵੀ ਹਰਦੇਵ ਨੇ ਪਿਆਰ ਦੇ ਦੋ ਲਫ਼ਜ਼ ਵੀ ਨਹੀਂ ਸਨ ਬੋਲੇ। ਉਸਦੇ ਦਿਲ ਵਿਚ ਮੈਨੂੰ ਮਿਲਣ ਦੀ ਕੋਈ ਤਾਂਘ ਨਹੀਂ ਸੀ। ਵਿਆਹ ਵਾਲੀ ਰਾਤ, ਹਰਦੇਵ ਦੇ ਕਹੇ ਲਫ਼ਜ਼ ਮੇਰੀ ਹਿੱਕ ਵਿਚ ਠਾਹ ਕਰਦੇ ਵੱਜੇ ਸਨ। ਮੈਂ ਸੁੰਗੜੀ ਜਿਹੀ ਬੈਠੀ ਸਾਂ। ਘਰ ਦੇ ਰਾਮ-ਰੌਲ਼ੇ ਵਿਚ ਗੁਆਚੀ ਹੋਈ ਨਵੀਂ ਵਿਆਂਦੜ, ਚੂੜੇ ਨਾਲ਼ ਬਾਹਵਾਂ ਭਰੀਆਂ ਪਈਆਂ, ਰੇਸ਼ਮੀ ਕਪੜਿਆਂ ਵਿਚ ਲਿਪਟੀ, ਸੁਪਨਿਆਂ ਦੇ ਸੰਸਾਰ ਵਿਚ ਮਸਤ। ਮੈਂ ਉਡੀਕ ਰਹੀ ਸਾਂ ਕਿ ਹੁਣ ਹਰਦੇਵ ਆਵੇਗਾ, ਮੇਰੇ ਨਾਲ਼ ਪਿਆਰੀਆਂ ਜਿਹੀਆਂ ਗੱਲਾਂ ਕਰੇਗਾ। ਪਰ ਕਮਰੇ ਅੰਦਰ ਵੜਦਾ ਹੋਇਆ ਹਰਦੇਵ ਆਪਣੇ ਕਪੜੇ ਉਤਾਰਨ ਲੱਗ ਪਿਆ। ਉਹ ਕੁੜਤਾ ਪਜਾਮਾ ਪਾਉਂਦਾ ਹੋਇਆ ਆਖ ਰਿਹਾ ਸੀ, ਤੈਨੂੰ ਮੈਂ ਇਕ ਗੱਲ ਦੱਸਾਂ, ਜੇ ਤੂੰ ਕੋਈ ਕੰਮ ਆਪਣੀ ਮਰਜ਼ੀ ਨਾਲ਼ ਕਰੇਂਗੀ ਤਾਂ ਮੈਥੋਂ ਬੁਰਾ ਕੋਈ ਨ੍ਹੀਜੇ ਮੈਥੋਂ ਪੁੱਛੇ ਬਗੈਰ, ਘਰੋਂ ਬਾਹਰ ਪੈਰ ਪਾਇਆ ਤਾਂ ਭੁੱਲ ਜਾਵੀਂ ਕਿ ਮੈਂ ਤੈਨੂੰ ਮੁੜ ਕੇ ਘਰ ਅੰਦਰ ਵੜਨ ਦਿਆਂਗਾ। ਸਮਝੀ ਤੂੰ? ਸਾਡੇ ਘਰ ਵਿਚ ਅਸੀਂ ਭਰਾ ਬੜੇ ਪਿਆਰ ਨਾਲ਼ ਰਹਿੰਦੇ ਹਾਂ। ਜੇ ਤੂੰ ਸਾਡੇ ਵਿਚ ਫ਼ਰਕ ਪੈਣ ਦਿੱਤਾ, ਜਾਂ ਉਸਦੇ ਬੱਚਿਆਂ ਨੂੰ ਕੁਝ ਕਿਹਾ ਤਾਂ ਦੇਖ ਲਵੀਂ...।”” ਗੱਲ ਕਰਦਾ ਉਹ ਰੁਕ ਗਿਆ। ਫੇਰ ਅਟਕ ਕੇ ਬੋਲਿਆ ਸੀ, ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹਾਂ। ਦੇਖੀਂ! ਕਦੀ ਉਸਦਾ ਦਿਲ ਨ੍ਹੀ ਦੁਖਾਉਣਾ। ਇਹ ਸਾਰੀਆਂ ਗੱਲਾਂ ਮੈਂ ਪਹਿਲੇ ਦਿਨ ਹੀ ਸਾਫ਼ ਕਰ ਦੇਣੀਆਂ ਚਾਹੁੰਦਾ ਹਾਂ। ਮਗਰੋਂ ਨਾ ਕਹੀਂ ਕਿ ਮੈਂ ਤੈਨੂੰ ਕੁਛ ਦੱਸਿਆ ਸਮਝਾਇਆ ਨ੍ਹੀ ਸੀ।”

ਮੇਰੇ ਵਾਸਤੇ ਹਰਦੇਵ ਦੇ ਬੋਲ ਅਚੰਭੇ ਭਰੇ ਸਨ। ਉਸਦੇ ਬੋਲਾਂ ਨੇ ਮੈਨੂੰ ਜਿਵੇਂ ਨੀਂਦ ਵਿੱਚੋਂ ਜਗਾ ਦਿੱਤਾ ਹੋਵੇ। ਇਹ ਸੀ ਮੇਰੇ ਨਵੇਂ ਜੀਵਨ ਦੀ ਸ਼ੁਰੂਆਤ ... ਤੇ ਮੈਂ ਸੋਚ ਰਹੀ ਸਾਂ ਕਿ, ਕੀ ਨਵੇਂ ਜੀਵਨ ਦੀ ਸ਼ੁਰੂਆਤ ਵੇਲੇ ਹਰ ਆਦਮੀ ਇਸੇ ਤਰ੍ਹਾਂ ਦੀਆਂ ਹਦਾਇਤਾਂ ਆਪਣੀ ਬੀਵੀ ਨੂੰ ਦਿੰਦਾ ਹੋਵੇਗਾ? ਜਿਹੜੀਆਂ ਗੱਲਾਂ ਮੈਂ ਆਪਣੀਆਂ ਸਹੇਲੀਆਂ ਤੋਂ ਸੁਣੀਆਂ ਸਨ, ਉਨ੍ਹਾਂ ਦਾ ਤਾਂ ਰੂੰਆਂ-ਧੂੰਆਂ ਵੀ ਇੱਥੇ ਨਹੀਂ ਸੀ ਰੜਕਦਾ। ਹਰਦੇਵ ਦੇ ਬੋਲਾਂ ਤੋਂ ਮੈਂ ਦਹਿਲ ਗਈ। ਮੇਰਾ ਦਿਲ ਧੱਕ-ਧੱਕ ਕਰਨ ਲੱਗ ਪਿਆ। ਪਿੰਡਾ ਪਸੀਨੇ ਨਾਲ਼ ਗੜੁੱਚ ਹੋ ਗਿਆ। ਸਾਰਾ ਚਾਅ, ਉਮੀਦਾਂ, ਸੁਪਨੇ ਜੋ ਮੈਂ ਸੰਜੋਅ ਰੱਖੇ ਸਨ, ਉਹ ਤੜੱਕ-ਤੜੱਕ ਕਰਕੇ ਟੁੱਟਣ ਲੱਗ ਪਏ ਸਨ। ਮੈਂ ਨਾ ਕੁਝ ਬੋਲ ਸਕੀ ਅਤੇ ਨਾ ਬੋਲਣ ਦਾ ਜੇਰਾ ਕਰ ਸਕੀ। ਮੈਂ ਸੋਚੀਂ ਪੈ ਗਈ ਕਿ ਵਿਆਹ ਹਰਦੇਵ ਵਾਸਤੇ ਕੀ ਮਾਇਨੇ ਰੱਖਦਾ ਹੈ? ਮੇਰੀ ਕੀ ਹਸਤੀ ਹੈ? ਮੇਰੀ ਹੋਂਦ ਹਰਦੇਵ ਲਈ ਕੀ ਹੈ?

ਇਕ ਡਰ ਉਸ ਰਾਤ ਤੋਂ ਮੇਰੇ ਅੰਦਰ ਬੈਠ ਗਿਆ। ਬੈਠ ਨਹੀਂ ਸੀ ਗਿਆ, ਹਰਦੇਵ ਨੇ ਬਿਠਾ ਦਿੱਤਾ ਸੀ। ਉਸੇ ਡਰ ਵਿਚ ਉਹ ਮੇਰੇ ਨੇੜੇ ਆਇਆ, ਮੇਰੀ ਕੰਬਦੀ ਦੇਹ ਨੂੰ ਆਪਣੇ ਪੰਜੇ ਹੇਠ ਦੱਬਿਆ ਤੇ ਫੇਰ ਘੂਕ ਸੌਂ ਗਿਆ। ਮੈਂ ਰਾਤ ਸਿਸਕੀਆਂ ਭਰਦੀ ਨੇ ਕੱਟੀ।

ਹਰਦੇਵ ਦੇ ਡਰ ਕਾਰਨ ਮੈਂ ਬੋਲਣ ਲੱਗੀ ਵੀ ਕੰਬਦੀ। ਤ੍ਰਹਿ-ਤ੍ਰਹਿ ਕਰਦੀ। ਜਦੋਂ ਮੈਂ ਗੱਲ ਕਰਦੀ ਤਾਂ ਮੇਰੇ ਬੋਲ ਕੰਬਦੇ। ਹਰਦੇਵ ਹੀ ਨਹੀਂ, ਜਿਵੇਂ ਪੂਰੇ ਟੱਬਰ ਦਾ ਰੋਹਬ ਮੇਰੇ ਉੱਤੇ ਉਸ ਦਿਨ ਹੀ ਪੈ ਗਿਆ ਸੀ।

ਜਦੋਂ ਮੈਨੂੰ ਕਾਰ ਵਿੱਚੋਂ ਕੱਢ ਕੇ, ਘਰ ਅੰਦਰ ਲਿਆ ਕੇ, ਉੱਪਰਲੇ ਕਮਰੇ ਵਿਚ ਬਿਠਾਇਆ ਗਿਆ ਸੀ ਤਾਂ ਮੇਰੀ ਜਠਾਣੀ ਅੱਧੀ ਕੁ ਦਰਜਨ ਨਿਆਣੇ ਲਿਆ ਕੇ ਮੇਰੀ ਝੋਲੀ ਵਿਚ ਬਿਠਾਲ ਗਈ। ਉਹ ਆਪਣੇ ਨਿੱਕੇ ਮੁੰਡੇ ਨੂੰ ਆਖਣ ਲੱਗੀ, ਚਾਚੀ ਐ ਤੁਹਾਡੀ। ਹੁਣ ਚਾਚੀ ਜਾਣੇ ਜਾਂ ਤੁਸੀਂ ਜਾਣੋਂ। ”ਫੇਰ ਮੈਨੂੰ ਸੰਬੋਧਤ ਹੁੰਦੀ ਬੋਲੀ,ਦੇਖ ਲੈ ਦਰਾਣੀਏ! ਇਨ੍ਹਾਂ ਨਿਆਣਿਆਂ ਦੀ ਜਿੰਮੇਵਾਰੀ ਤੇਰੀ ਐ ਭਾਈ। ਮੈਂ ਆਪਣਾ ਕੰਮ ਕਰਤਾ। ਜੰਮ ਧਰੇ ਹਰ ਸਾਲ। ਭੈਣਾਂ! ਐਨੇ ਵਰ੍ਹੇ ਸੱਸ ਦਾ ਰੋਹਬ ਮੈਂ ਝੱਲਿਆ। ਮਸੀਂ ਹੁਣ ਦਰਾਣੀ ਆਈ ਐ ਜਿਸ ਤੇ ਮੈਂ ਰੋਹਬ ਜਮਾ ਸਕਾਂ।”” ਉਹ ਗਰਦਨ ਨੂੰ ਅਕੜਾਉਂਦੀ ਹੋਈ, ਹਿੱਕ ਚੌੜੀ ਕਰਦੀ ਹੋਈ ਗਲ਼ ਨੂੰ ਘਰੋੜ-ਘਰੋੜ ਕੇ ਆਖ ਰਹੀ ਸੀ।

ਉਸਦੀਆਂ ਗੱਲਾਂ ਸੁਣ-ਸੁਣ ਮੈਂ ਬੌਂਦਲ ਰਹੀ ਸਾਂ। ਫੇਰ ਉਹ ਮੂੰਹ ਬਣਾਉਂਦੀ ਹੋਈ ਬੋਲੀ, ਐਵੀਂ ਡਰ ਨਾ ਜਾਵੀਂ ਦਰਾਣੀਏ। ਮੈਂ ਤਾਂ ਤੇਰਾ ਜੇਰਾ ਹੀ ਦੇਖਣਾ ਸੀ। ਆਪਣੇ ਨਿਆਣਿਆਂ ਜੋਗੀ ਮੈਂ ਬਥੇਰੀ ਹਾਂ।”” ਉਹ ਕੀ ਊਟ-ਪਟਾਂਗ ਬੋਲੀ ਜਾ ਰਹੀ ਸੀ, ਮੈਨੂੰ ਸਮਝ ਨਹੀਂ ਸੀ ਆ ਰਹੀ। ਕੋਈ ਵਿਆਹ ਦੇ ਮੌਕੇ ਵੀ ਇਸ ਤਰ੍ਹਾਂ ਦਾ ਜੱਕੜ ਵੱਢਦਾ ਹੈ? ਪਰ ਮੈਂ ਸੁਣ ਰਹੀ ਸਾਂ, ਉਹ ਮੇਰੇ ਦੁਆਲਿਓਂ ਹਟਦੀ ਤਾਂ ਕਿਸੇ ਹੋਰ ਨਾਲ਼ ਸਿਰ ਖਪਾਈ ਕਰਨ ਲੱਗ ਪੈਂਦੀ। ਹੋਰ ਰਿਸ਼ਤੇਦਾਰ ਔਰਤਾਂ ਉਸਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਵਿਚ ਸਨ ਪਰ ਉਸਦੀ ਜ਼ੁਬਾਨ ਅੰਦਰ ਨਹੀਂ ਸੀ ਵੜ ਰਹੀ। ਨਿੱਕੀਆਂ-ਨਿੱਕੀਆਂ ਕੁੜੀਆਂ ਮੇਰੇ ਕੋਲ ਆਉਂਦੀਆਂ ਤਾਂ ਉਹ ਉਨ੍ਹਾਂ ਨੂੰ ਧੂ ਕੇ ਪਰ੍ਹੇ ਕਰ ਦਿੰਦੀ, ਜਾਵੋ ਚੁੜੇਲਾਂ ਜਿਹੀਆਂ।”” ਇਕ ਸਿਆਣੀ ਜਿਹੀ ਔਰਤ ਨੇ ਉਸਨੂੰ ਸਮਝਾਉਣ ਵਾਂਗ ਝਿੜਕਿਆ ਵੀ, ਪਰ ਉਹ ਉਸ ਨੂੰ ਵੀ ਲੰਮੇ ਹੱਥੀਂ ਪੈ ਗਈ।

ਬੱਸ ਸਟਾਪ ਤੇ ਬੱਸ ਦੀਆਂ ਬਰੇਕਾਂ ਨੇ ਫੇਰ ਲੇਰਾਂ ਮਾਰੀਆਂ। ਸਵਾਰੀਆਂ ਜਿਵੇਂ ਸੁੱਤ ਉਂਨੀਂਦਰੇ ਵਿੱਚੋਂ ਜਾਗ ਪਈਆਂ ਹੋਣ। ਨੀਤੀ ਨੇ ਸਿਰ ਮੇਰੇ ਮੋਢੇ ਨਾਲ਼ ਲਾ ਲਿਆ। ਬੱਸ ਪੈਸੰਜਰ ਉਤਾਰ ਕੇ ਫੇਰ ਤੁਰ ਪਈ। ਨਾਲ਼ ਹੀ ਚੱਲ ਪਈਆਂ ਮੇਰੀਆ ਸੋਚਾਂ।

ਹਰਦੇਵ ਦੇ ਭਰਾ-ਭਰਜਾਈ ਦੇ ਚਲੇ ਜਾਣ ਬਾਅਦ ਰਹਿ ਗਏ ਤਿੰਨ ਜੀਅ ਘਰ ਵਿਚ ਅਤੇ ਚੌਥਾ ਜੀਅ ਮੈਂ। ਚੌਂਹ ਜੀਆਂ ਦਾ ਕੰਮ ਐਨਾ ਸੀ ਕਿ ਮੈਨੂੰ ਜਿਵੇਂ ਸੁਰਤ ਹੀ ਨਾ ਆਉਂਦੀ। ਜੋ ਵੀ ਮੈਂ ਕੰਮ ਕਰਦੀ, ਮੰਮੀ-ਡੈਡੀ ਨੁਕਸ ਕੱਢਦੇ ਨਾ ਥੱਕਦੇ। ਮੰਮੀ ਦੀ ਖਾਸ ਲਾਈਨ ਸੀ ਜਦੋਂ ਉਹ ਆਖਦੀ, ਮਾਂ ਨੇ ਕੁਝ ਸਿਖਾ ਕੇ ਤੋਰਿਆ ਹੁੰਦਾ, ਤਾਂ ਸੀ ਨਾ। ਕੁਝ ਤਾਂ ਸਿੱਖ ਕੇ ਆਉਂਦੀ। ਤੇਰੀਆਂ ਜਮਾਤਾਂ ਨੂੰ ਅਸੀਂ ਚੱਟਣਾ?

ਮੰਮੀ ਦੀ ਆਖੀ ਗੱਲ ਤੇ ਹਰਦੇਵ ਉੱਠਦਾ ਝੱਟ ਮੇਰੀ ਅਹੀ-ਤਹੀ ਕਰ ਦਿੰਦਾ। ਮੈਂ ਆਪਣੇ ਆਪ ਨੂੰ ਬਥੇਰਾ ਸੁਆਰਨ ਦੀ ਕੋਸ਼ਿਸ਼ ਕਰਦੀ ਪਰ ਫੇਰ ਵੀ ਕੋਈ ਨਾ ਕੋਈ ਗੜਬੜ ਜ਼ਰੂਰ ਹੋ ਜਾਂਦੀ ਅਤੇ ਨਵੇਂ ਸਿਰਿਓਂ ਉਹੀ ਸਿਲਸਿਲਾ ਚਾਲੂ ਹੋ ਜਾਂਦਾ।

ਇਕ ਵੇਰ ਮੈਂ ਮੰਮੀ ਕੋਲ ਸ਼ਿਕਾਇਤ ਵੀ ਕੀਤੀ, ਭਲਾ ਮੰਮੀ ਜੀ, ਮੈਨੂੰ ਵੈਸੇ ਸਮਝਾ ਲੈਣ। ਹੱਥ ਕਿਉਂ ਚੁੱਕਦੇ ਨੇ?ਮੈਂ ਸੋਚਿਆ ਸੀ ਕਿ ਮੰਮੀ ਮੇਰੀ ਮਦਦ ਕਰੂਗੀ। ਪਰ ਨਹੀਂ, ਜੋ ਉੱਤਰ ਉਸਨੇ ਦਿੱਤਾ, ਉਸ ਨਾਲ਼ ਮੇਰੀ ਜ਼ੁਬਾਨ ਹਮੇਸ਼ਾ ਵਾਸਤੇ ਬੰਦ ਹੋ ਗਈ। ਉਹ ਮੂੰਹ ਫੁਲਾਉਂਦੀ ਹੋਈ ਬੋਲੀ, ਕੀ ਲੋਹੜਾ ਆ ਗਿਐ? ਕਿਹੜਾ ਤੇਰੇ ਫੱਟ ਮਾਰ ਦਿੱਤੈ। ਵਿਗੜੀਆਂ ਹੋਈਆਂ ਨੂੰ ਐਦਾਂ ਹੀ ਸਿੱਧੀਆਂ ਕਰੀਦਾ ਹੈ।””

ਕਿਹੜੀ ਗੱਲੋਂ ਮੈਂ ਵਿਗੜੀ ਹੋਈ ਸਾਂ? ਮੈਨੂੰ ਨਹੀਂ ਸੀ ਪਤਾ। ਮੰਮੀ ਬਚਨ ਕੌਰ ਤਰਖਾਣੀ ਨਾਲ਼ ਜਿਹੜੀ ਸਾਡੇ ਘਰ ਦੇ ਕੋਲ ਰਹਿੰਦੀ ਸੀ, ਮਸਾਲੇ ਲਾ-ਲਾ ਕੇ ਗੱਲਾਂ ਕਰਦੀ। ਬਚਨ ਕੌਰ ਕਿਸੇ ਵੇਲੇ ਅਫ਼ਰੀਕਾ ਵਿਚ ਰਹਿੰਦੀ ਰਹੀ ਸੀ। ਅਫ਼ਰੀਕਾ ਵਿੱਚੋਂ ਕੱਢੇ ਜਾਣ ’ਤੇ ਇਹ ਟੱਬਰ ਪਹਿਲਾਂ ਇੰਗਲੈਂਡ ਤੇ ਫੇਰ ਕੈਨੇਡਾ ਆਣ ਵੱਸਿਆ ਸੀ। ਉਸਦੀਆਂ ਆਪਣੀਆਂ ਕੁੜੀਆਂ ਪਤਾ ਨਹੀਂ ਬਾਹਰ ਕੀ ਗੁੱਲ ਖਿਲਾਉਂਦੀਆਂ ਸਨ। ਇਕ ਤਾਂ ਕਿਸੇ ਨਾਲ਼ ਭੱਜ ਗਈ ਸੀ ਜਿਸਦਾ ਅਤਾ-ਪਤਾ ਹੀ ਨਹੀਂ ਸੀ ਲੱਗਾ ਕਿ ਕਿੱਥੇ ਗਈ। ਘਰੋਂ ਕੰਮ ਤੇ ਗਈ ਸ਼ਾਮ ਨੂੰ ਮੁੜ ਘਰ ਪਰਤੀ ਹੀ ਨਾ। ਪੁਲੀਸ ਦੇ ਗੇੜੇ ਮਾਰ-ਮਾਰ ਬਚਨ ਕੋਰ ਦਾ ਆਦਮੀ ਜੁਗਿੰਦਰ ਸਿੰਘ ਥੱਕ ਗਿਆ ਸੀ। ਇਕ ਦਿਨ ਪੁਲੀਸ ਸਟੇਸ਼ਨ ਤੋਂ ਬਾਹਰ ਨਿਕਲਦੇ ਸਮੇਂ ਉਸਦੇ ਕੰਨਾਂ ਵਿਚ ਕਿਸੇ ਪੁਲੀਸ ਆਫ਼ੀਸਰ ਦੇ ਇਹ ਬੋਲ ਪਏ ਸਨ, ਇੰਡੀਅਨਜ਼ ਕਦੋਂ ਸਮਝਣਗੇ ਕਿ ਧੀਆਂ-ਪੁੱਤਾਂ ਦੀ ਆਪਣੀ ਜ਼ਿੰਦਗੀ ਹੈ। ਧੀ ਬਾਲਗ ਹੈ। ਪਰ ਇਹ ਲੋਕ ਧੀਆਂ ਨੂੰ ਜੰਦਰੇ ਲਾ ਕੇ ਰੱਖਣਾ ਚਾਹੁੰਦੇ ਹਨ। ਰਹਿੰਦੇ ਕੈਨੇਡਾ ਵਿਚ ਹਨ ਤੇ ਇੰਡੀਆ ਨਾਲ਼ ਚੁੱਕੀ ਫ਼ਿਰਦੇ ਹਨ। ਉਹ ਵੱਖਰਾ ਅਪਾਰਟਮੈਂਟ ਲੈ ਕੇ ਰਹਿ ਰਹੀ ਹੈ। ਉਹ ਨਹੀਂ ਚਾਹੁੰਦੀ ਕਿ ਕਿਸੇ ਨੂੰ ਦੱਸੇ ਕਿ ਉਹ ਕਿੱਥੇ ਰਹਿੰਦੀ ਹੈ। ਉਸਦਾ ਆਪਣਾ ਹੱਕ ਹੈ, ਜਿਸ ਤਰ੍ਹਾਂ ਚਾਹਵੇ ਉਸ ਤਰ੍ਹਾਂ ਰਵੇ।””

ਜੁਗਿੰਦਰ ਸਿੰਘ ਮੁੜ ਕੇ ਪੁਲੀਸ ਸਟੇਸ਼ਨ ਨਹੀਂ ਗਿਆ। ਉਹ ਸਮਝ ਗਿਆ ਸੀ ਕਿ ਧੀਆਂ-ਪੁੱਤਾਂ ਦੀ ਆਪਣੀ ਜ਼ਿੰਦਗੀ ਹੈ। ਸਾਨੂੰ ਬੱਚਿਆਂ ਦੀ ਸੋਚ ਨੂੰ ਸਮਝਣ ਦੀ ਲੋੜ ਹੈ। ਉਹ ਸੋਚਦਾ ਕਿ ਚੰਗਾ ਹੁੰਦਾ ਮੈਂ ਵੀ ਆਪਣੀ ਧੀ ਨਾਲ਼ ਤਾਲ-ਮੇਲ ਸਹੀ ਰੱਖਦਾ। ਉਸਦੀ ਸੁਣਦਾ ਤੇ ਆਪਣੀ ਦੱਸਦਾ। ਉਸਨੇ ਆਪਣੀ ਧੀ 'ਸਵੀਟੀ' ਉੱਥੇ ਰਹਿਣ ਦਿੱਤੀ, ਜਿੱਥੇ ਉਹ ਗਈ ਸੀ। ਉਹ ਸਮਝ ਗਿਆ ਸੀ ਕਿ ਕੁੜੀ ਦੀ ਆਪਣੀ ਚੋਣ ਹੈ। ਇਸ ਦੇਸ਼ ਵਿਚ ਅਸੀਂ ਕੁਝ ਨਹੀਂ ਕਰ ਸਕਦੇ। ਉਸਨੇ ਸਗੋਂ ਆਪਣੀਆਂ ਦੂਜੀਆਂ ਧੀਆਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਕਈ ਵੇਰ ਉਹ ਹਰਦੇਵ ਨਾਲ਼ ਵੀ ਸਮਝਾਉਣ ਵਾਂਗ ਗੱਲ ਕਰਦਾ ਕਿ “ਭਰਾਵਾ! ਸਾਨੂੰ ਬਦਲਨਾ ਪਵੇਗਾ।ਸਾਨੂੰ ਇਕ ਦੂਜੇ ਨੂੰ ਜਾਨਣ ਦੀ ਲੋੜ ਹੈ, ਤੇ ਬੱਚਿਆਂ ਨੂੰ ਸਮਝਣ ਦੀ ਲੋੜ ਹੈ। ਮੈਂ ਵੀ ਕਈ ਕੁਝ ਗੁਆ ਕੇ ਸਮਝਿਆ ਹਾਂ।”ਪਰ ਹਰਦੇਵ ਤੇ ਕੋਈ ਅਸਰ ਹੀ ਨਾ ਹੁੰਦਾ।

ਦੂਜੇ ਬੰਨੇ ਬਚਨ ਕੋਰ ਹਰ ਦੂਜੇ ਬੰਦੇ ਦੇ ਮਾਮਲੇ ਵਿਚ ਘਰੋੜ-ਘਰੋੜ ਕੇ ਗੱਲਾਂ ਕਰਦੀ ਰਹੀ। ਮੇਰੇ ਵਿਚ ਵੀ ਉਸਨੂੰ ਸੌ ਨੁਕਸ ਦਿਖਾਈ ਦਿੰਦੇ ਸਨ। ਉਹ ਮੇਰੀ ਸੱਸ ਨੂੰ ਗੱਲਾਂ ਕਰ-ਕਰ ਕੇ ਹੋਰ ਵੀ ਚੁੱਕਦੀ ਰਹਿੰਦੀ। ਉਨ੍ਹਾਂ ਦੋਹਾਂ ਦੀਆਂ ਗੱਲਾਂ ਸੁਣ-ਸੁਣ ਕੇ ਮੈਨੂੰ ਗੁੱਸਾ ਵੀ ਆਉਂਦਾ ਤੇ ਆਪਣਾ ਆਪ ਨਿਕੰਮਾ ਵੀ ਜਾਪਣ ਲੱਗ ਪਿਆ। ਕੱਪੜੇ ਧੋਣੇ ਮੈਨੂੰ ਨਾ ਆਉਂਦੇ, ਖਾਣਾ ਬਣਾਉਣਾ ਮੈਨੂੰ ਨਾ ਆਉਂਦਾ, ਘਰ ਸਾਫ਼ ਕਰਦੀ ਤਾਂ ਉਹ ਨਾ ਸੋਹਣਾ ਹੁੰਦਾ। ਮੈਂ ਜਿਵੇਂ ਮੰਮੀ ਨੂੰ ਖੁਸ਼ ਕਰ ਹੀ ਨਾ ਸਕਦੀ। ਹਰ ਰੋਜ਼ ਉਹ ਕੋਈ ਨਾ ਕੋਈ ਸ਼ਿਕਾਇਤ ਤਿਆਰ ਕਰਕੇ ਰੱਖਦੀ ਅਤੇ ਘਰ ਵੜਦੇ ਪੁੱਤ ਦੇ ਮੋਹਰੇ ਪਰੋਸ ਦਿੰਦੀ। ਹਰਦੇਵ ਉੱਠਦਾ, ਮੇਰੀ ਮਾਂ-ਭੈਣ ਇਕ ਕਰ ਦਿੰਦਾ। ਅਕਸਰ ਮੈਂ ਚੁੱਪ ਹੀ ਰਹਿੰਦੀ। ਸਭ ਸੁਣ ਲੈਂਦੀ। ਜੇ ਮੇਰੇ ਮੂੰਹੋਂ ਕੁਝ ਬੋਲ ਹੋ ਜਾਂਦਾ ਤਾਂ ਪਟਾਕ ਕਰਕੇ ਥੱਪੜ ਮੂੰਹ ਤੇ ਵੱਜਦਾ।

... ਤੇ ਫੇਰ ਉਹੋ ਕਹਾਣੀ ਆਂਢ-ਗੁਆਂਢ ਵਿਚ ਪਹੁੰਚਦੀ। ਤਾਈਆਂ-ਚਾਚੀਆਂ, ਭੂਆ-ਭਤੀਜੀਆਂ ਘਰ ਆਈਆਂ ਮੋਹਰੇ ਪਰੋਸ ਹੁੰਦੀ। ਉਹ ਚਟਖਾਰੇ ਲੈ-ਲੈ ਕੇ ਮੈਨੂੰ ਟੋਣੇ ਲਾਉਂਦੀਆਂ। ਕਹਿਣ ਨੂੰ ਮੈਂ ਕੈਨੇਡਾ ਵਿਚ ਰਹਿੰਦੀ ਸਾਂ ਪਰ ਹਾਲ ਮੇਰਾ ਕੈਨੇਡਾ ਮੁਤਾਬਕ ਬਿਲਕੁਲ ਨਹੀਂ ਸੀ।

ਮੈਂ ਤਾਂ ਕੈਨੇਡਾ ਦੇ ਇਕ ਘਰ ਵਿਚ ਜਿਵੇਂ ਕੈਦ ਸਾਂ।

ਹਰਦੇਵ ਪੂਰਾ ਮੰਮੀ ਦੇ ਕੰਟਰੋਲ ਵਿਚ ਸੀ। ਜਿਸ ਤਰ੍ਹਾਂ ਉਹ ਚਾਬੀ ਦਿੰਦੀ, ਉਸੇ ਤਰ੍ਹਾਂ ਉਹ ਚੱਲ ਪੈਂਦਾ, ਬੈਟਰੀ ਵਾਲੇ ਖਿਡੌਣੇ ਵਾਂਗ। ਹਰਦੇਵ ਨੇ ਕਦੀ ਵੀ ਆਪਣੇ ਆਉਣ ਵਾਲੇ ਸਮੇਂ ਵਾਸਤੇ ਨਹੀਂ ਸੀ ਸੋਚਿਆ। ਉਸਦੀ ਜਿੰਮੇਵਾਰੀ ਕੰਮ ਕਰਨਾ, ਪੈਸੇ ਮੰਮੀ ਨੂੰ ਫੜਾ ਦੇਣੇ ਅਤੇ ਰੱਜ ਕੇ ਬੀਅਰ ਪੀਣੀ ਅਤੇ ਰੋਟੀ ਖਾ ਕੇ ਸੌਂ ਜਾਣਾ। ਹਰਦੇਵ ਨੂੰ ਇਹ ਗਿਆਨ ਹੀ ਨਹੀਂ ਸੀ ਕਿ ਉਸਦਾ ਵਿਆਹ ਹੋਣ ਤੋਂ ਬਾਅਦ ਉਸਦੀਆਂ ਜਿੰਮੇਵਾਰੀਆਂ ਕੀ ਹਨ? ਉਸ ਲਈ ਵਿਆਹ ਦੇ ਅਰਥ ਸਨ, ਤੀਂਵੀ ਘਰ ਦਾ ਕੰਮ ਕਰਨ ਨੂੰ ਆ ਜਾਂਦੀ ਹੈ, ਬਿਸਤਰਾ ਗਰਮ ਕਰਦੀ ਹੈ। ਬੱਸ ਆਦਮੀ ਦਾ ਵਿਆਹ ਹੋਣਾ ਲਾਜ਼ਮੀ ਹੈ। ਵਿਆਹ ਦਾ ਅਰਥ ਪਰਿਵਾਰ ਦਾ ਵਧਣਾ। ਭਾਵ ਔਰਤ ਸਿਰਫ਼ ਬੱਚੇ ਜੰਮਣ ਵਾਲੀ ਮਸ਼ੀਨ। ਉਸ ਨਵੇਂ ਜਨਮੇ ਜੀਅ ਦੀਆਂ ਲੋੜਾਂ-ਥੋੜਾਂ ਕੀ ਹਨ? ਕਿਸ ਤਰ੍ਹਾਂ ਦੀਆਂ ਹਨ? ਉਸ ਦਾ ਜਾਨਣਾ ਬਹੁਤਾ ਜ਼ਰੂਰੀ ਨਹੀਂ। ਘਰ ਵਿਚ ਰੋਟੀ-ਪਾਣੀ ਸਭ ਨੂੰ ਮਿਲਦਾ ਹੈ। ਕਿਸੇ ਗੱਲ ਦੀ ਤੰਗੀ ਨਹੀਂ ਹੈ। ਘਰ ਵਿਚ ਨਵੇਂ ਆਏ ਸਖ਼ਸ਼ ਨਾਲ਼ ਘਰ ਦੇ ਵਾਤਾਵਰਣ ਵਿਚ ਕੋਈ ਫ਼ਰਕ ਨਹੀਂ ਪੈਣਾ ਚਾਹੀਦਾ। ਘਰ ਜਿਵੇਂ ਮਾਂ-ਬਾਪ ਚਲਾਉਂਦੇ ਹਨ, ਉਸੇ ਤਰ੍ਹਾਂ ਚਲਦਾ ਰਹਿਣਾ ਚਾਹੀਦਾ ਹੈ। ਉਸ ਨਵੇਂ ਬੰਦੇ ਦੀਆਂ ਲੋੜਾਂ-ਥੋੜਾਂ, ਅਹਿਸਾਸ, ਪ੍ਰੇਮ ਇਸ ਸਭ ਦੀ ਕੀ ਲੋੜ ਹੈ। ਘਰ ਵਿਚ ਨਵਾਂ ਜੀਅ ਲਿਆਂਦਾ ਹੈ ਤਾਂ ਉਸਨੂੰ ਸਭ ਪਿਆਰ ਕਰਦੇ ਹੀ ਹੋਣਗੇ। ਜਤਾਉਣਾ ਵੱਡੀ ਗੱਲ ਨਹੀਂ ਹੈ। ਇਹ ਸੀ ਮੇਰਾ ਆਦਮੀ ਹਰਦੇਵ।

ਡੈਡੀ ਦਾ ਸੁਭਾ ਵੀ ਬਹੁਤ ਅੜਬ ਸੀ। ਉਨ੍ਹਾਂ ਦੀ ਆਦਤ ਮੈਂ ਨਾ ਮਾਨੂੰ ਤੋਂ ਘੱਟ ਨਹੀਂ ਸੀ। ਉਹ ਆਪਣੇ ਦੋਹਾਂ ਪੁੱਤਾਂ ਦੀ ਗੱਲ ਤਾਂ ਸੁਣਦਾ ਹੀ ਨਹੀਂ ਸੀ। ਮੰਮੀ-ਡੈਡੀ ਕੈਨੇਡਾ ਬਿਹਤਰ ਜ਼ਿੰਦਗੀ ਲਈ ਆਏ ਸਨ। ਸੁੱਖ ਕੈਨੇਡਾ ਦੇ ਮਾਣਦੇ ਸਨ ਪਰ ਮਾਨਸਿਕ ਤੌਰ ਤੇ ਰਹਿੰਦੇ ਉਹ ਪੰਜਾਬ ਵਿਚ ਹੀ ਸਨ। ਪੰਜਾਬ ਵਿਚ ਸਮਾਂ ਨਵੇਂ ਰੰਗ ਲਿਆ ਰਿਹਾ ਸੀ ਪਰ ਸਾਡੇ ਘਰ ਰੁੱਤਾਂ ਬਦਲਦੀਆਂ ਸਨ, ਦੁਨੀਆਂ ਬਦਲ ਰਹੀ ਸੀ ਪਰ ਸਾਡਾ ਰਹਿਣ-ਸਹਿਣ ਨਾ ਬਦਲਦਾ। ਰਹੀ ਗੱਲ ਮੰਮੀ ਦੀ, ਮੰਮੀ ਆਪਣੇ ਆਪ ਨੂੰ ਭਾਵੇਂ ਜਿੰਨਾ ਮਰਜ਼ੀ ਅਹਿਮ ਸਮਝਦੀ ਹੋਵੇ, ਪਰ ਡੈਡੀ ਉਸਨੂੰ ਵੀ ਕੁਝ ਨਹੀਂ ਸਨ ਸਮਝਦੇ। ਡੈਡੀ ਹਰ ਛੋਟੀ-ਮੋਟੀ ਗੱਲ ਉੱਤੇ ਮੰਮੀ ਨੂੰ ਗਾਲ਼ਾਂ ਕੱਢਣ ਲੱਗ ਪੈਂਦੇ। ਫੇਰ ਮੰਮੀ ਕਿਹੜੀ ਘੱਟ ਸੀ, ਉਹ ਵੀ ਦੋ ਦੀਆਂ ਚਾਰ ਸੁਣਾਉਂਦੀ। ਪਰ ਮੈਥੋਂ ਇਹ ਨਾ ਹੁੰਦਾ। ਮੈਂ ਤਾਂ ਜਿਵੇਂ ਬੋਲ ਸਕਦੀ ਹੀ ਨਾ।

ਇਸ ਸਭ ਦੇ ਬਾਵਜ਼ੂਦ, ਜਦੋਂ ਹਰਦੇਵ ਅਤੇ ਡੈਡੀ ਕੰਮ ਤੇ ਹੁੰਦੇ ਤਾਂ ਦਿਨ ਨੂੰ ਮੰਮੀ ਨਾਲ਼ ਮੇਰਾ ਵਕਤ ਫੇਰ ਵੀ ਨਿਕਲ ਜਾਂਦਾ। ਮੈਨੂੰ ਇਉਂ ਲਗਦਾ ਜਿਵੇਂ ਮੰਮੀ, ਡੈਡੀ ਨੂੰ ਖੁਸ਼ ਕਰਨ ਵਾਸਤੇ ਹੀ ਇਸ ਤਰ੍ਹਾਂ ਦਾ ਵਰਤਾ ਕਰ ਰਹੀ ਹੋਵੇ। ਉਹ ਜੋ ਵੀ ਕਰਦੀ, ਡੈਡੀ ਨੂੰ ਧਿਆਨ ਵਿਚ ਰੱਖ ਕੇ ਕਰਦੀ। ਮੇਰੇ ਵਿਚ ਨੁਕਸ ਕੱਢਦੀ ਤਾਂ ਉਹ ਵੀ ਇਸ ਲਈ ਕਿ ਡੈਡੀ ਉਸਦੇ ਮੂੰਹੋਂ ਇਹੀ ਸੁਣਨਾ ਚਾਹੁੰਦੇ ਸਨ।

ਗੱਲ ਕੀ, ਡੈਡੀ ਪੂਰਾ ਹਿਟਲਰ ਸੀ। ਜੇ ਉਸਦਾ ਵੱਸ ਚਲਦਾ ਤਾਂ ਕਿਸੇ ਵੀ ਨੂੰਹ ਨੂੰ ਘਰ ਨਾ ਵੜਨ ਦਿੰਦਾ। ਨਾ ਉਸਦੀ ਵੱਡੀ ਨੂੰਹ ਨਾਲ਼ ਬਣਦੀ ਸੀ ਅਤੇ ਮੇਰੀ ਤਾਂ ਗੱਲ ਹੀ ਵੱਖਰੀ ਸੀ। ਮੈਂ ਜੋ ਵੀ ਕਪੜਾ ਪਾਉਂਦੀ ਉਹ ਨੁਕਸ ਕੱਢਣੋਂ ਨਾ ਹਟਦਾ। ਉਸਨੂੰ ਉੱਨਾ ਚਿਰ ਸਾਹ ਨਹੀਂ ਸੀ ਆਉਂਦਾ ਜਿੰਨਾ ਚਿਰ ਮੈਂ ਕੱਪੜੇ ਬਦਲ ਕੇ ਉਸਦੀ ਮਰਜ਼ੀ ਦੇ ਨਾ ਪਾ ਲਵਾਂ।

ਮੈਨੂੰ ਚੇਤਾ ਇਕ ਵੇਰਾਂ ਡੈਡੀ ਮੈਨੂੰ ਡਾਕਟਰ ਦੇ ਲੈ ਗਿਆ। ਮੰਮੀ ਵੀ ਨਾਲ਼ ਹੀ ਸੀ। ਡਾਕਟਰ ਦਾ ਵੇਟਿੰਗ ਰੂਮ ਭਰਿਆ ਪਿਆ ਸੀ। ਸਾਨੂੰ ਬਾਹਰ ਕੋਰੇਡੋਰ ਵਿਚ ਖੜੋਣਾ ਪਿਆ। ਉਸ ਦਿਨ ਠੰਢ ਵੀ ਬਹੁਤ ਸੀ। ਬਰਫ਼ ਜੰਮੀ ਪਈ ਸੀ। ਮੇਰੇ ਕੋਲ ਜਿਹੜਾ ਕੋਟ ਸੀ ਮੈਂ ਉਹੀ ਪਾ ਕੇ ਚਲੀ ਗਈ ਸਾਂ। ਠੰਢ ਨਾਲ਼ ਮੇਰੇ ਦੰਦ ਵੱਜ ਰਹੇ ਸਨ। ਮੈਂ ਕਦੀ ਇਕ ਪੈਰ ਭਾਰ ਅਤੇ ਕਦੀ ਦੂਜੇ ਪੈਰ ਭਾਰ ਖੜ੍ਹ ਕੇ ਠੰਢ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਸਾਂ। ਜਦੋਂ ਡੈਡੀ ਦਾ ਧਿਆਨ ਮੇਰੇ ਵੱਲ ਗਿਆ ਤਾਂ ਉਹ ਕੜਕ ਕੇ ਬੋਲਿਆ, ਕੀ ਗੱਲ ਤੂੰ ਹਿੱਲੀ ਕਿਉਂ ਜਾਨੀ ਏ? ਤੈਨੂੰ ਝੋਲੇ ਦੀ ਬਿਮਾਰੀ ਐ?

ਮੇਰੇ ਮੂੰਹੋਂ ਸੁਭਾਵਕ ਹੀ ਨਿੱਕਲ ਗਿਆ, ਡੈਡੀ ਜੀ! ਠੰਢ ਲਗਦੀ ਐ।””

ਠੰਢ ਲਗਦੀ ਐ ਤਾਂ ਚੱਜ ਦੇ ਕੱਪੜੇ ਪਾ ਕੇ ਆਉਣੇ ਸੀ। ਐਨੀ ਅਕਲ ਤਾਂ ਹੈ ਨਾ ਤੈਨੂੰ।” ਫੇਰ ਮੂੰਹ ਦੂਜੇ ਬੰਨੇ ਕਰਦਾ ਬੋਲਿਆ, ਕਿੱਥੇ ਬਿੱਜੂ ਪੱਲੇ ਪੈ ਗਿਆ? ਖੜ੍ਹ ਚੱਜ ਨਾਲ਼।””

ਉਸ ਵੇਲੇ ਮੈਂ ਐਨਾ ਡਰ ਗਈ ਕਿ ਮੇਰਾ ਖੜ੍ਹੀ ਦਾ ਪਿਸ਼ਾਬ ਨਿਕਲ ਗਿਆ। ਮੇਰੇ ਪੈਰਾਂ ਦੀ ਜੁੱਤੀ ਪਿਸ਼ਾਬ ਨਾਲ਼ ਭਰ ਗਈ। ਮੈਨੂੰ ਸਮਝ ਨਾ ਆਵੇ ਕਿ ਮੈਂ ਕਿੱਥੇ ਨਿੱਘਰ ਜਾਵਾਂ। ਮੈਨੂੰ ਆਪਣਾ ਟੱਬਰ ਰਹਿ-ਰਹਿ ਕੇ ਚੇਤੇ ਆਵੇ। ਮੇਰੇ ਪੇਕੇ ਘਰ ਦੇ ਆਦਮੀ ਔਰਤਾਂ ਦੇ ਸਾਮ੍ਹਣੇ ਹੀ ਨਹੀਂ ਸਨ ਆਉਂਦੇ। ਜਦੋਂ ਉਹ ਨੂੰਹਾਂ-ਧੀਆਂ ਨਾਲ਼ ਗੱਲਾਂ ਕਰਦੇ ਤਾਂ ਧੀਆ-ਪੁੱਤਾ ਕਰਕੇ ਕਰਦੇ। ਪਰ ਇਸ ਘਰ ਵਿਚ ਹੋਰ ਹੀ ਤਰ੍ਹਾਂ ਦਾ ਅਡੰਬਰ ਸੀ। ... ਤੇ ਮੈਂ ਵੀ ਇਹੋ ਸਮਝਣ ਲੱਗ ਪਈ ਸਾਂ ਕਿ ਸਾਰੇ ਦੋਸ਼ ਮੇਰੇ ਵਿਚ ਹਨ। ਮੈਂ ਹੀ ਬੇਅਕਲ ਹਾਂ। ਘਰ ਦੇ ਤਿੰਨੋ ਜੀਅ ਜਿਵੇਂ ਮੇਰੇ ਵਿਚ ਨੁਕਸ ਕੱਢ-ਕੱਢ ਕੇ ਮੇਰੇ ਸਾਮ੍ਹਣੇ ਖੱਟ ਵਿਛਾ ਦਿੰਦੇ। ਜਦੋਂ ਮੇਰੇ ਟੱਬਰ ਦਾ ਕੋਈ ਜੀਅ ਮੈਨੂੰ ਮਿਲਣ ਆਉਂਦਾ ਤਾਂ ਉਹੀ ਖੱਟ ਉਨ੍ਹਾਂ ਦੇ ਸਾਮ੍ਹਣੇ ਵਿਛੀ ਹੁੰਦੀ।

ਥੋੜ੍ਹੇ ਸਮੇਂ ਵਿਚ ਮੈਨੂੰ ਇਹ ਤਾਂ ਪਤਾ ਲੱਗਣ ਲੱਗ ਪਿਆ ਸੀ ਕਿ ਮੰਮੀ ਦੀ ਕਮਜ਼ੋਰੀ ਉਸਦਾ ਵੱਡਾ ਪੁੱਤ ਹੈ। ਮੈਨੂੰ ਇਹ ਵੀ ਸਮਝ ਆ ਗਈ ਕਿ ਹਰਦੇਵ ਨੂੰ ਆਪਣੇ ਵੱਸ ਵਿਚ ਕਰਕੇ ਮੰਮੀ ਹਰਦੇਵ ਦੀ ਕਮਾਈ ਆਪਣੇ ਵੱਡੇ ਪੁੱਤ ਦੇ ਟੱਬਰ ਉੱਤੇ ਖਰਚੀ ਜਾਂਦੀ ਸੀ। ਮੈਂ ਜੇਕਰ ਕਦੀ ਹਰਦੇਵ ਨਾਲ਼ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਦੇਵ ਟੁੱਟ ਕੇ ਮੇਰੇ ਗਲ਼ ਪੈ ਜਾਂਦਾ। ਜੇ ਮੈਂ ਕੁੱਝ ਘੱਟ-ਵੱਧ ਆਖ-ਸੁਣ ਲੈਂਦੀ ਤਾਂ ਦੋ ਥੱਪੜ ਤਾਂ ਔਹ ਪਏ ਸੀ। ਡੈਡੀ ਦਾ ਘਰ ਵਿਚ ਰੋਹਬ ਐਸਾ ਸੀ ਕਿ ਜਦੋਂ ਉਹ ਕੰਮ ਤੋਂ ਪਰਤਦਾ ਤਾਂ ਕੋਈ ਕੁਸਕਦਾ ਹੀ ਨਾ। ਮੈਂ ਸੋਚਦੀ ਕਿ ਕੈਨੇਡਾ ਵਿਚ ਆ ਕੇ ਵੀ ਇਹ ਲੋਕ ਕਿਹੜੇ ਯੁੱਗ ਵਿਚ ਰਹਿੰਦੇ ਹਨ। ਡੈਡੀ ਆਪਣੀ ਕਮਾਈ ਦਾ ਪੈਸਾ ਵੀ ਮੰਮੀ ਦੇ ਹੱਥ ਉੱਤੇ ਨਾ ਧਰਦਾ। ਸਾਰਾ ਖਰਚਾ ਹਰਦੇਵ ਦੀ ਤਨਖਾਹ ਨਾਲ਼ ਹੁੰਦਾ। ਮੰਮੀ ਖਰਚ ਖੁਆ ਸੀ। ਹਰਦੇਵ ਨੂੰ ਕਦੀ ਫ਼ਿਕਰ ਹੋਇਆ ਹੀ ਨਹੀਂ ਸੀ ਕਿ ਉਸਦੀ ਤਨਖ਼ਾਹ ਕਿੱਥੇ ਜਾਂਦੀ ਹੈ। ਉਹ ਰੱਜ ਕੇ ਰੋਟੀ ਖਾ ਲੈਂਦਾ ਅਤੇ ਚਾਰ ਬੋਤਲਾਂ ਬੀਅਰ ਦੀਆਂ ਡੱਫ ਕੇ, ਢਿੱਡ ਉੱਤੇ ਹੱਥ ਫੇਰ ਲੈਂਦਾ। ਇਹੋ ਉਸਦੀ ਜ਼ਿੰਦਗੀ ਸੀ।

ਮੈਨੂੰ ਇਸ ਗੱਲ ਦੀ ਚਿੰਤਾ ਹੁੰਦੀ। ਆਉਣ ਵਾਲੀ ਜ਼ਿੰਦਗੀ ਦਾ ਫ਼ਿਕਰ ਹੁੰਦਾ। ਪਰ ਮੇਰੇ ਅੰਦਰਲੇ ਡਰ ਨੇ ਮੈਨੂੰ ਘਰੋਂ ਬਾਹਰ ਪੈਰ ਨਾ ਪਾਉਣ ਦਿੱਤਾ। ਆਏ ਗਏ ਰਿਸ਼ਤੇਦਾਰ ਬਥੇਰਾ ਕਹਿੰਦੇ, ਤੂੰ ਵੀ ਕਦੀ ਘਰੋਂ ਨਿਕਲਿਆ ਕਰ?ਪਰ ਕੀ ਕਰਦੀ ਮੈਂ? ਬਿਨਾਂ ਇਜਾਜ਼ਤ ਮੈਂ ਕੁਝ ਨਹੀਂ ਸਾਂ ਕਰ ਸਕਦੀ।

ਦੋ ਤਿੰਨ ਵਰ੍ਹੇ ਸਾਡੇ ਇਸੇ ਤਰ੍ਹਾਂ ਹੀ ਬੀਤੇ। ਫੇਰ ਨੀਤੀ ਵੀ ਮੇਰੀ ਗੋਦ ਵਿਚ ਆ ਗਈ ਸੀ। ਹਰਦੇਵ ਦੀ ਭਾਬੀ ਜੀਤੋ ਆਪਣੇ ਨਿਆਣਿਆਂ ਦਾ ਟੋਕਰਾ ਮੇਰੇ ਦਰ ਹਰ ਦੋ-ਤਿੰਨੀਂ ਮਹੀਨੀਂ ਛੱਡ ਜਾਂਦੀ। ਉਸਨੂੰ ਨਾ ਬੱਚਿਆਂ ਦੇ ਸਕੂਲ ਭੇਜਣ ਦੀ ਚਿੰਤਾ ਹੁੰਦੀ ਅਤੇ ਨਾ ਹੀ ਉਨ੍ਹਾਂ ਦੀ ਪੜ੍ਹਾਈ ਦਾ ਫ਼ਿਕਰ। ਇਕ ਵੇਰ ਮੈਂ ਆਖ ਬੈਠੀ ਕਿ “ਇਸ ਤਰ੍ਹਾਂ ਤਾਂ ਭੈਣ ਜੀ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੋਵੇਗਾ।”

ਭੈਣ ਜੀ ਨੇ ਘਰ ਵਿਚ ਐਸਾ ਰੌਲ਼ਾ ਪਾਇਆ ਕਿ ਪਹਿਲਾਂ ਮੈਂ ਮੰਮੀ-ਡੈਡੀ ਦੀਆਂ ਝਿੜਕਾਂ ਸੁਣੀਆਂ ਤੇ ਉੱਤੋਂ ਹਰਦੇਵ ਦੀਆਂ ਜੁੱਤੀਆਂ ਖਾਧੀਆਂ। ਮੈਨੂੰ ਇਸ ਟੱਬਰ ਦੀ ਸਮਝ ਨਹੀਂ ਸੀ ਆ ਰਹੀ। ਬੱਚਿਆਂ ਦੇ ਭਵਿੱਖ ਬਾਰੇ ਸੋਚ ਕੇ ਮੈਂ ਪਰੇਸ਼ਾਨ ਹੋ ਜਾਂਦੀ ਪਰ ਉਨ੍ਹਾਂ ਦੇ ਮਾਂ-ਬਾਪ ਦੇ ਕੰਨਾਂ ਉੱਤੇ ਜਿਵੇਂ ਜੂੰ ਨਾ ਸਰਕਦੀ।

ਸਾਲਾਂ ਦੇ ਸਾਲ ਬੀਤ ਗਏ ਪਰ ਸਾਡੇ ਘਰ ਦਾ ਵਾਤਾਵਰਣ ਨਾ ਬਦਲਿਆ। ਮੈਂ ਖੁਦ ਵੀ ਘਰ ਦੇ ਹਾਲਾਤ ਦੀ ਜਿਵੇਂ ਆਦੀ ਹੋ ਗਈ। ਮੈਨੂੰ ਲੱਗਦਾ ਜਿਵੇਂ ਹੁਣ ਕੁਝ ਵੀ ਸਹੀ ਨਹੀਂ ਹੋ ਸਕਦਾ। ਹੁਣ ਇਸੇ ਤਰ੍ਹਾਂ ਜੀਣਾ ਪਊ।

ਨੀਤੀ ਹਾਲੀਂ ਛੋਟੀ ਜਿਹੀ ਸੀ ਜਦੋਂ ਮੈਂ ਮਸ਼ੀਨ ਦਾ ਕੰਮ ਛੱਡ ਕੇ ਬਾਹਰ ਕੰਮ ਉੱਤੇ ਲੱਗ ਗਈ। ਕੱਪੜੇ ਸੀਣ ਦੇ ਕਿੰਨੇ ਕੁ ਪੈਸੇ ਮਿਲਦੇ ਸਨ? ਘਰ ਦਾ ਕੰਮ ਕਰਕੇ ਅਤੇ ਬੱਚੀ ਨੂੰ ਸਾਂਭ ਕੇ ਮੈਥੋਂ ਬਹੁਤਾ ਕੰਮ ਨਾ ਹੁੰਦਾ। ਬਾਹਰ ਕੰਮ ਤੇ ਲੱਗਣ ਲਈ ਮੈਂ ਪਹਿਲੀ ਵੇਰ ਅੜ ਕੇ ਖੜ੍ਹੀ ਹੋਈ ਸਾਂ। ਉਸ ਵੇਲੇ ਮੇਰੇ ਮਨ ਵਿਚ ਮੇਰੀ ਧੀ ਨੀਤੀ ਦੇ ਭਵਿੱਖ ਦਾ ਖਿਆਲ ਸੀ। ਮੈਂ ਸੋਚਿਆ, ਮੇਰੀ ਧੀ ਲਈ ਕੋਈ ਚੀਜ਼ ਵਸਤ ਲੈਣੀ ਹੋਵੇ ਤਾਂ ਹੱਥ ਨਾ ਅੱਡਣਾ ਪਵੇ। ਮੇਰਾ ਬਾਹਰ ਕੰਮ ਸ਼ੁਰੂ ਕਰਨ ਲਈ ਘਰ ਵਿਚ ਸਭ ਨੇ ਤੂਫ਼ਾਨ ਮਚਾਇਆ। ਮੈਂ ਵੀ ਆਪਣੀ ਜ਼ਿੱਦ ਉੱਤੇ ਅੜੀ ਰਹੀ। ਸੋਚਿਆ ਜਿੱਥੇ ਹਰਦੇਵ ਦੋ ਛਿੱਤਰ ਮਾਰਦਾ ਐ, ਉੱਥੇ ਚਾਰ ਹੋਰ ਮਾਰ ਲਊ।

ਜਦੋਂ ਮੈਂ ਕੰਮ ਤੇ ਲੱਗੀ ਤਾਂ ਕਈ ਵੇਰਾਂ ਨਾਲ਼ ਕੰਮ ਕਰਨ ਵਾਲੀਆਂ ਔਰਤਾਂ ਵਿੱਚੋਂ ਕੋਈ ਆਖ ਦਿੰਦੀ, 'ਤੂੰ ਅੱਡ ਕਿਉਂ ਨ੍ਹੀ ਹੋ ਜਾਂਦੀ।' ਪਰ ਮੇਰੇ ਮਨ ਵਿਚ ਇਹ ਗੱਲ ਘਰ ਨਾ ਕਰਦੀ। ਘਰ ਦਾ ਨਾਂ ਮੇਰੇ ਵਾਸਤੇ ਮਹੱਤਵ ਰੱਖਦਾ ਸੀ। ਸਿਰ ਦੀ ਛੱਤ ਦਾ ਹੋਣਾ ਮੇਰੇ ਵਾਸਤੇ ਬਹੁਤ ਜ਼ਰੂਰੀ ਸੀ। ਔਰਤ ਦਾ ਕੀ ਹੈ, ਉਸਦਾ ਆਪਣਾ ਤਾਂ ਕਦੀ ਵੀ ਕੁਝ ਨਹੀਂ ਹੁੰਦਾ। ਫੇਰ ਵੀ ਮੈਂ ਇਸ ਘਰ ਵਿਚ ਕਿਸੇ ਨਾ ਕਿਸੇ ਦੀ ਕੁਝ ਲਗਦੀ ਸਾਂ। ਬਾਹਰ ਪੈਰ ਧਰਾਂਗੀ ਤਾਂ ਕਾਂ ਸਿਰ ਤੇ ਠੋਲੇ ਮਾਰਨਗੇ। ਵੈਸੇ ਵੀ, ਕਿੱਥੇ ਧੀ ਨੂੰ ਲੈ ਕੇ ਦਰ-ਦਰ ਭਟਕਾਂਗੀ। ਕੌਣ ਇਸਦੀ ਬੇਬੀ ਸਿਟਿੰਗ ਕਰੂ? ਮੇਰੀ ਕਮਾਈ ਨਾਲ਼ ਤਾਂ ਘਰ ਦਾ ਕਿਰਾਇਆ ਵੀ ਨਹੀਂ ਸਰਨਾ। ਰੋਟੀ-ਪਾਣੀ, ਧੀ ਦੇ ਖਰਚੇ ਤੇ ਉੱਤੋਂ ਹੋਰਨਾਂ ਦੀਆਂ ਨਜ਼ਰਾਂ ਵਿਚ ਇਕੱਲੀ ਤੀਂਵੀ। ਹਰ ਐਰੇ-ਗੈਰੇ ਮਰਦ ਦੀ ਨਜ਼ਰ ਮੇਰੇ ਤੇ ਹੀ ਨਹੀਂ ਸਗੋਂ ਮੇਰੀ ਧੀ ਤੇ ਵੀ ਰਹੂ।

ਇਸ ਲਈ ਮੈਂ ਸਭ ਕੁਝ ਆਪਣੇ ਘਰ ਵਿਚ ਹੀ ਸਹਿੰਦੀ ਰਹੀ।

ਨੀਤੀ ਦਸਾਂ-ਬਾਰ੍ਹਾਂ ਵਰ੍ਹਿਆਂ ਦੀ ਸੀ ਜਦੋਂ ਮੇਰੀ ਸੱਸ ਅਤੇ ਸਹੁਰਾ ਦੋਨੋਂ ਹੀ ਤੁਰ ਗਏ। ਮੈਨੂੰ ਸੁੱਖ ਦਾ ਸਾਹ ਆਇਆ। ਸੱਸ ਲਈ ਤਾਂ ਮੇਰੀ ਰੂਹ ਤੜਫ਼ੀ ਪਰ ਸਹੁਰੇ ਦਾ ਮੈਨੂੰ ਕੋਈ ਅਫ਼ਸੋਸ ਨਾ ਹੋਇਆ। ਉਸਨੇ ਤੀਵੀਂ ਨੂੰ ਪੈਰ ਦੀ ਜੁੱਤੀ ਤੋਂ ਬਿਨਾਂ ਕੁਝ ਸਮਝਿਆ ਹੀ ਨਹੀਂ ਸੀ। ਆਪ ਹਰ ਔਰਤ ਦੇ ਘਰੀਂ ਗੇੜੇ ਮਾਰਦਾ ਰਿਹਾ। ਕਦੀ ਨੂਰਾਂ, ਜੀਤੋ, ਚੰਨਣ ਕੋਰ ਤੇ ਕਦੇ ਬਚਨੀ। ਸ਼ਾਇਦ ਮੇਰੀ ਸੱਸ ਵੀ ਜੁੱਤੀਆਂ ਖਾਣ ਦੇ ਡਰੋਂ ਚੁੱਪ ਰਹਿੰਦੀ ਸੀ। ਮੇਰੇ ਸਹੁਰੇ ਦੀ ਮੈਲ਼ੀ ਨਜ਼ਰ ਹਰ ਔਰਤ ’ਤੇ ਹੁੰਦੀ। ਮੇਰੀ ਜਠਾਣੀ ਨੂੰ ਸ਼ਾਇਦ ਮੇਰੇ ਨਾਲ਼ੋਂ ਵੱਧ ਪਤਾ ਸੀ। ਉਹ ਬਘਿਆੜ ਵਾਂਗ ਮੇਰੇ ਸਹੁਰੇ ਨੂੰ ਪੈ ਜਾਂਦੀ। ਮੈਨੂੰ ਉਸਦੀ ਸਮਝ ਨਾ ਆਉਂਦੀ ਕਿ ਨੂੰਹ ਹੋ ਕੇ ਉਹ ਇਸ ਤਰ੍ਹਾਂ ਕਿਉਂ ਬੋਲਦੀ ਸੀ। ਕਈ ਵੇਰਾਂ ਉਹ ਮੈਨੂੰ ਵੀ ਆਖ ਦਿੰਦੀ, ਦਰਾਣੀਏਂ! ਤੈਨੂੰ ਨ੍ਹੀ ਪਤਾ ਇਹ ਬੁੱਢਾ ਕੀ ਸ਼ੈਅ ਏ।””

ਮੈਨੂੰ ਸੱਚੀਂ ਨਹੀਂ ਸੀ ਪਤਾ। ਪਰ ਹੌਲੀ-ਹੌਲੀ ਮੈਨੂੰ ਵੀ ਖ਼ਬਰ ਲੱਗ ਗਈ।

ਜਠਾਣੀ ਦਾ ਟੱਬਰ ਵੀ ਵੱਡਾ ਹੋ ਚੁੱਕਾ ਸੀ। ਉਹ ਆਪਣੇ ਟੱਬਰ ਵਿਚ ਰਮ ਗਈ। ਆਪਣੀਆਂ ਨੂੰਹਾਂ-ਧੀਆਂ ਨੂੰ ਸਾਂਭਦੀ ਹੋਈ ਬਿਜ਼ੀ ਹੋ ਗਈ। ਸਾਡਾ ਆਪੋ ਵਿੱਚੀਂ ਆਉਣਾ ਜਾਣਾ ਵੀ ਘਟ ਗਿਆ। ਉਨ੍ਹਾਂ ਨੂੰ ਹਰਦੇਵ ਦੀ ਕਮਾਈ ਦੀ ਲੋੜ ਵੀ ਨਹੀਂ ਸੀ ਰਹੀ। ਉਨ੍ਹਾਂ ਦੇ ਆਪਣੇ ਧੀਆਂ-ਪੁੱਤਾਂ ਦੀ ਕਮਾਈ ਉਨ੍ਹਾਂ ਦਾ ਘਰ ਭਰਦੀ ਸੀ। ਉਹ ਦੋਨੋਂ ਜੀਅ ਸਾਨੂੰ ਦਿਖਾ-ਦਿਖਾ ਕੇ ਚੀਜ਼ਾਂ ਖਰੀਦਦੇ। ਡੀਂਗਾ ਮਾਰਦੇ ਨਾ ਥੱਕਦੇ।

ਹਰਦੇਵ ਜਦੋਂ ਇੱਕਲਾ ਰਹਿ ਗਿਆ ਤਾਂ ਮੇਰੇ ਨਾਲ਼ ਕੁਝ ਚੰਗਾ ਬੋਲਣ ਲੱਗ ਪਿਆ। ਅਸੀਂ ਕਈ ਵੇਰ ਬਾਹਰ ਇੱਕਠੇ ਜਾਂਦੇ। ਸ਼ਾਪਿੰਗ-ਮਾਲ ਵਿਚ ਸ਼ਾਪਿੰਗ ਕਰਦੇ, ਨੀਤੀ ਨੂੰ ਆਈਸ ਕਰੀਮ ਖੁਆਉਂਦੇ ਅਤੇ ਆਪ ਵੀ ਖਾਂਦੇ। ਪਰ ਵਾਦੜੀਆਂ-ਸਜਾਦੜੀਆਂ ਜਾਣ ਸਿਰਾਂ ਦੇ ਨਾਲ਼। ਪੁਰਾਣੀਆਂ ਆਦਤਾਂ ਕਦੋਂ ਬਦਲਦੀਆਂ ਹਨ। ਉਹ ਵੇਲੇ-ਕੁਵੇਲੇ ਝੱਟ ਮੇਰੀ ਲਾਹ-ਪਾਹ ਕਰ ਦਿੰਦਾ। ਜਦੋਂ ਅਸੀਂ ਬਾਹਰ ਜਾਂਦੇ ਤਾਂ ਉੱਥੇ ਵੀ ਉਹ ਝੱਟ ਸਾਨੂੰ ਮਾਵਾਂ ਧੀਆਂ ਨੂੰ ਝਿੜਕ ਦਿੰਦਾ। ਮੈਂ ਤਾਂ ਝੱਲ ਲੈਂਦੀ, ਪਰ ਹਰਦੇਵ ਦੀਆਂ ਆਦਤਾਂ ਦੇਖ ਕੇ ਨੀਤੀ ਦੇ ਅੰਦਰ ਗੁੱਸੇ ਦਾ ਕੀੜਾ ਪਨਪਣ ਲੱਗ ਪਿਆ। ਉਹ ਕੁਸੈਲੀ ਜਿਹੀ ਅੱਖ ਨਾਲ਼ ਪਿਓ ਵਲ ਦੇਖਦੀ, ਭਾਵੇਂ ਬੋਲਦੀ ਕੁਝ ਵੀ ਨਾ। ਹਰਦੇਵ ਨੇ ਛੋਟੀ ਹੁੰਦੀ ਨੀਤੀ ਤੇ ਕਦੀ ਹੱਥ ਨਹੀਂ ਸੀ ਚੁੱਕਿਆ। ਜਦੋਂ ਵੱਡੀ ਹੋਈ ਤਾਂ ਨੀਤੀ ਵਿਚ ਵੀ ਬਦਲਾਅ ਆ ਰਿਹਾ ਸੀ। ਉਸਨੇ ਹਰਦੇਵ ਨੂੰ, ਮੈਨੂੰ ਕੁੱਟਦੇ ਮਾਰਦੇ ਦੇਖਿਆ ਹੋਇਆ ਸੀ। ਜਦੋਂ ਹਰਦੇਵ ਮੈਨੂੰ ਕੁਝ ਆਖਣ ਲਗਦਾ ਤਾਂ ਉਹ ਉਸ ਵੱਲ ਅੱਖਾਂ ਕੱਢ ਕੇ ਦੇਖਦੀ। ਉਸ ਵੇਲੇ ਹਰਦੇਵ ਨੀਤੀ ਤੇ ਵੀ ਹੱਥ ਚੁੱਕਣ ਨੂੰ ਅੱਗੇ ਵੱਧਦਾ। ਜਦੋਂ ਵੀ ਉਸਦਾ ਹੱਥ ਨੀਤੀ ਲਈ ਉੱਠਿਆ ਤਾਂ ਮੈਂ ਮੋਹਰੇ ਆਣ ਖਲੋਂਦੀ। ਸਾਡੀ ਕਿਹਾ-ਸੁਣੀ ਹੁੰਦੀ। ਰੌਲ਼ਾ-ਰੱਪਾ ਪੈਂਦਾ। ਆਂਢ-ਗੁਆਂਢ ਬਾਹਰ ਖਲੋ ਕੇ ਦੇਖਦਾ। ਮੇਰੇ ਭੈਣਾਂ-ਭਰਾ ਮੈਨੂੰ ਸਮਝਾਉਂਦੇ ਹੋਏ ਆਖਦੇ ਕਿ ਡਾਈਵੋਰਸ ਲੈ-ਲੈ। ਮੈਂ ਸੁਣ ਕੇ ਵੀ ਕੰਨ ਬੰਦ ਕਰ ਲੈਂਦੀ। ਉਹ ਸਾਰੇ ਆਪਣੀ-ਆਪਣੀ ਤੂਤੀ ਬੋਲ ਕੇ ਚਲਦੇ ਬਣਦੇ। ਨਾ ਉਹ ਕਹਿਣੋ ਹਟੇ ਅਤੇ ਨਾ ਮੈਂ ਉਨ੍ਹਾਂ ਦੀ ਗੱਲ ਸੁਣੀ। ਅਖੀਰ ਉਹ ਸਭ ਮੇਰੇ ਨਾਲ਼ ਨਰਾਜ਼ ਹੋ ਕੇ ਬੈਠ ਗਏ।

ਬੱਸ ਇਸੇ ਤਰ੍ਹਾਂ ਸਾਡੀ ਗੱਡੀ ਰਿੜ੍ਹਦੀ ਰਹੀ। ਮੈਂ ਹਰਦੇਵ ਤੋਂ ਅੱਡ ਨਾ ਹੋ ਸਕੀ। ਇਹੋ ਸੋਚਦੀ ਰਹਿੰਦੀ ਕਿ ਕੁੜੀ ਨੂੰ ਵਿਆਹੁਣ ਵੇਲੇ ਵੀ ਇਸਦੀ ਲੋੜ ਪੈਣੀ ਹੈ।

ਮੇਰੀ ਨੀਤੀ ਪੜ੍ਹਨ ਨੂੰ ਬਹੁਤ ਚੰਗੀ ਸੀ। ਉਹ ਬਾਰ੍ਹਵੀਂ ਤੋਂ ਗਰੈਜੂਏਟ ਹੋ ਕੇ ਯੂਨੀਵਰਸਿਟੀ ਚਲੀ ਗਈ। ਪੜ੍ਹਨ ਨੂੰ ਚੰਗੀ ਹੋਣ ਕਾਰਨ ਉਸਨੂੰ ਸਕਾਲਰਸ਼ਿਪ ਮਿਲੀ ਸੀ। ਕਿਸੇ ਮਾਰਕੀਟਿੰਗ ਕੰਪਨੀ ਨੇ ਉਸਨੂੰ 'ਕੋ-ਅੱਪ' ਪ੍ਰੋਗਰਾਮ ਦੀ ਔਫਰ ਵੀ ਦਿੱਤੀ ਹੋਈ ਸੀ। ਮੇਰੇ ਸਿਰ ਬਹੁਤਾ ਬੋਝ ਵੀ ਨਾ ਪਿਆ ਅਤੇ ਨਾ ਹੀ ਹਰਦੇਵ ਅੱਗੇ ਮੈਨੂੰ ਹੱਥ ਅੱਡਣਾ ਪਿਆ। ਵੈਸੇ ਵੀ ਹਰਦੇਵ ਨੇ ਮੈਨੂੰ ਕਦੀ ਪੁੱਛਿਆ ਹੀ ਨਹੀਂ ਸੀ ਕਿ ਮੈਂ ਖਰਚ ਕਿੱਥੋਂ ਕਰਦੀ ਹਾਂ? ਨੀਤੀ ਦੀ ਪੜ੍ਹਾਈ ਦੇ ਖਰਚੇ ਕੀ ਹਨ? ਹੈ ਵੀ ਜਾਂ ਨਹੀਂ? ਮੈਂ ਵੀ ਕਦੀ ਪੈਸਾ ਮੰਗਿਆ ਨਹੀਂ ਸੀ। ਜੋ ਮੇਰੇ ਕੋਲੋਂ ਸਰਦਾ ਸੀ ਮੈਂ ਖਰਚ ਕਰੀ ਜਾਂਦੀ ਸਾਂ। ਚੰਗੀ ਗੱਲ ਇਹ ਸੀ ਕਿ ਮੇਰੀ ਧੀ ਨੇ ਮੇਰੇ ਉੱਤੇ ਕਦੀ ਖਰਚੇ ਦਾ ਬੋਝ ਪੈਣ ਹੀ ਨਹੀਂ ਦਿੱਤਾ। ਨਾ ਉਹ ਹੋਰ ਕੁੜੀਆਂ ਵਾਂਗ ਬਾਹਰ ਘੁੰਮਦੀ ਸੀ ਤੇ ਨਾ ਹੀ ਖਰਚ ਖੁਆ ਸੀ। ਨੀਤੀ ਆਪ ਵੀ ਪਾਰਟ ਟਾਈਮ ਕੰਮ ਕਰਦੀ ਸੀ ਤੇ ਆਪਣਾ ਖਰਚਾ ਬੜੇ ਹਿਸਾਬ ਨਾਲ਼ ਕਰਦੀ ਸੀ।

ਨੀਤੀ ਯੂਨੀਵਰਸਿਟੀ ਦੇ ਕੈਂਪਸ ਵਿਚ ਹੀ ਰਹਿਣ ਲੱਗ ਪਈ। ਕੈਂਪਸ ਦਾ ਖਰਚਾ ਤੇ ਪੜ੍ਹਾਈ ਦੀ ਫੀਸ ਉਹ ਬੜੇ ਤਰਕ ਨਾਲ਼ ਆਪਣੀ ਸਕਾਲਰਸ਼ਿਪ ਵਿੱਚੋਂ ਕਰਦੀ। ਉਤਲਾ ਖਰਚਾ ਆਪਣੇ ਪਾਰਟ ਟਾਈਮ ਦੀ ਨੌਕਰੀ ਨਾਲ਼ ਚਲਾ ਲੈਂਦੀ। ਅੜਦਾ-ਥੁੜਦਾ ਮੈਂ ਮਦਦ ਕਰ ਦਿੰਦੀ।

ਪਹਿਲਾਂ-ਪਹਿਲ ਯੂਨੀਵਰਸਿਟੀ ਜਾ ਕੇ ਨੀਤੀਬਹੁਤ ਡਰਦੀ ਸੀ। ਘਰ ਦਾ ਮਹੌਲ ਜੁ ਇਸ ਤਰ੍ਹਾਂ ਦਾ ਸੀ। ਪਰ ਫੇਰ ਹੋਰਨਾਂ ਕੁੜੀਆਂ-ਮੁੰਡਿਆਂ ਵਲ ਦੇਖ ਕੇ ਉਸਨੂੰ ਵੀ ਨਵੀਂ ਮਿਲੀ ਆਜ਼ਾਦੀ ਚੰਗੀ ਲੱਗਣ ਲੱਗੀ। ਇਸ ਤਰ੍ਹਾਂ ਦਾ ਖੁੱਲ੍ਹਾ-ਡੁੱਲ੍ਹਾ ਮਹੌਲ ਉਸਨੇ ਘਰ ਕਦੀ ਦੇਖਿਆ-ਮਾਣਿਆ ਨਹੀਂ ਸੀ। ਘਰ ਵਿਚ ਉਹ ਹਰ ਵੇਲੇ ਡਰੀ-ਡਰੀ, ਸਹਿਮੀ-ਸਹਿਮੀ ਰਹਿੰਦੀ ਸੀ। ਯੂਨੀਵਰਸਿਟੀ ਵਿਚ ਉਸਦੀ ਦੋਸਤੀ ਹਰ ਕਿਸਮ ਦੇ ਮੁੰਡੇ-ਕੁੜੀ ਨਾਲ਼ ਪੈ ਗਈ। ਮੈਂ ਵੀ ਨਾ ਰੋਕਿਆ। ਮੈਂ ਸੋਚਿਆ ਕਿ ਮੇਰੇ ਅੰਦਰਲੇ ਡਰ ਕਾਰਨ, ਜੋ ਜਹਾਲਤ ਮੈਂ ਝੱਲਦੀ ਆਈ ਹਾਂ, ਮੈਂ ਨਹੀਂ ਚਾਹੁੰਦੀ ਕਿ ਮੇਰੀ ਧੀ ਦੇ ਅੰਦਰ ਵੀ ਉਹੋ ਡਰ ਬੈਠੇ ਰਹਿਣ। ਨਵੀਂਆਂ ਦੋਸਤੀਆਂ ਦੀ ਸੰਗਤ ਵਿਚ ਨੀਤੀ ਜਿਵੇਂ ਖਿੜ ਜਿਹੀ ਗਈ। ਉਸ ਤੇ ਵਖਰਾ ਹੀ ਨੂਰ ਝਲਕਣ ਲੱਗਾ। ਹੋਰਨਾਂ ਮਿੱਤਰਾਂ ਨਾਲ਼ ਉਹ ਪਾਰਟੀਆਂ ਵਿਚ ਜਾਂਦੀ, ਨਵੇਂ ਦੋਸਤ-ਸਹੇਲੀਆਂ ਬਣਾਉਂਦੀ ਗਈ ਤਾਂ ਉਸਦੇ ਅੰਦਰ ਵੀ ਹਿੰਮਤ ਪੈਦਾ ਹੋ ਗਈ। ਸ਼ਾਇਦ ਇਸਦਾ ਕਾਰਨ ਇਹ ਵੀ ਸੀ ਕਿ ਨਵੇਂ ਮਿੱਤਰਾਂ-ਦੋਸਤਾਂ ਵਿਚ ਉਸਨੂੰ 'ਐਲਿਨ' ਮਿਲਿਆ ਸੀ। 'ਐਲਿਨ' ਕੈਨੇਡੀਅਨ ਸੀ। ਇਹ ਐਲਿਨ ਹੀ ਸੀ ਜਿਸਨੇ ਨੀਤੀ ਦੇ ਮਨ ਵਿਚ ਮਨੋਬਲ ਪੈਦਾ ਕੀਤਾ ਕਿ ਹਰ ਇਨਸਾਨ ਇਕ ਤਰ੍ਹਾਂ ਦਾ ਨਹੀਂ ਹੁੰਦਾ। ਉਸੇ ਨੇ ਨੀਤੀ ਨੂੰ ਸਮਝਾਇਆ ਕਿ ਹਰ ਆਦਮੀ ਵੀ ਬੁਰਾ ਨਹੀਂ ਹੁੰਦਾ। ਉਨ੍ਹਾਂ ਦੀ ਦੋਸਤੀ ਵਧਦੀ-ਵਧਦੀ ਮੁਹੱਬਤ ਦੇ ਰੂਪ ਵਿਚ ਅੱਗੇ ਵਧ ਗਈ। ਨੀਤੀ ਨੇ ਮੈਨੂੰ ਹਰ ਗੱਲ ਦੱਸ ਦਿੱਤੀ। ਉਸਨੇ ਇਹ ਵੀ ਦੱਸ ਦਿੱਤਾ ਸੀ ਕਿ ਉਹ ਐਲਿਨ ਨੂੰ ਪਸੰਦ ਕਰਨ ਲੱਗੀ ਹੈ। ਉਸਨੇ ਦੱਸਿਆ ਸੀ ਕਿ ਐਲਿਨ ਦਾ ਯੂਨੀਵਰਸਿਟੀ ਵਿਚ ਆਖਰੀ ਵਰ੍ਹਾ ਹੈ। ਐਲਿਨ ਨੂੰ ਮਾਈਕਰੋਸੌਫ਼ਟ ਕੰਪਨੀ ਵਿਚ ਕੰਮ ਦੀ ਆਫ਼ਰ ਮਿਲ ਗਈ ਹੈ। ਅਗਲੇ ਸਾਲ ਮੈਂ ਵੀ ਮਾਰਕਿਟਿੰਗ ਇੰਡਸਟਰੀ ਵਿਚ ਦਾਖ਼ਲ ਹੋ ਜਾਵਾਂਗੀ। ਅਸੀਂ ਦੋਨੋਂ ਰਲ਼ ਕੇ ਕੰਮ ਕਰਾਂਗੇ ਅਤੇ ਇਕੱਠੇ ਰਹਾਂਗੇ। ਉਸਨੇ ਇਹ ਵੀ ਦੱਸਿਆ ਸੀ ਕਿ ਵਿਆਹ ਵਿਚ ਉਹ ਦੋਨੋਂ ਯਕੀਨ ਨਹੀਂ ਕਰਦੇ। ਐਲਿਨ ਦੇ ਮਾਂ-ਬਾਪ ਦਾ ਵੀ ਤਲਾਕ ਹੋ ਚੁੱਕਾ ਹੈ। ਉਸਦੀ ਮਾਂ ਨੇ ਦੂਜਾ ਵਿਆਹ ਕਰਾਇਆ ਤੇ ਉਹ ਵੀ ਨਹੀਂ ਨਿਭਿਆ। ਉਹ ਆਦਮੀ ਐਲਿਨ ਨੂੰ ਪਸੰਦ ਨਹੀਂ ਸੀ ਕਰਦਾ। ਜਿਸ ਕਾਰਨ ਐਲਿਨ ਦੀ ਮਾਂ ਨੇ ਉਹ ਆਦਮੀ ਆਪ ਛੱਡ ਦਿੱਤਾ ਸੀ। ਐਲਿਨ ਦੀ ਮਾਂ ਦੀ ਸੋਚ ਨੇ ਮੈਨੂੰ ਵੀ ਚੇਤਨ ਕੀਤਾ ਸੀ ਕਿ ਮਾਂ ਲਈ ਉਸਦਾ ਬੱਚਾ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ।

ਜਿਸ ਦਿਨ ਮੈਂ ਐਲਿਨ ਨੂੰ ਮਿਲੀ ਸਾਂ, ਨੀਤੀ ਤੇ ਐਲਿਨ ਦੇ ਨਿੱਕੇ-ਨਿੱਕੇ ਚੋਹਲ-ਮੋਹਲ ਦੇਖ ਕੇ ਮੈਂ ਸਮਝ ਗਈ ਸਾਂ ਕਿ ਐਲਿਨ ਮੇਰੀ ਧੀ ਨੂੰ ਬਹੁਤ ਖੁਸ਼ ਰੱਖੇਗਾ। ਮੈਨੂੰ ਇੱਕੋ ਤੌਖਲਾ ਸੀ ਕਿ ਉਹ ਦੋਨੋਂ ਵਿਆਹ ਵਿਚ ਨਹੀਂ ਸਨ ਬੱਝਣਾ ਚਾਹੁੰਦੇ।

... ਤੇ ਇੱਧਰ ਨੀਤੀ ਨੇ ਸਾਡਾ ਰਿਸ਼ਤਾ ਵੀ ਦੇਖਿਆ ਹੋਇਆ ਸੀ। ਸਾਡੇ ਰਿਸ਼ਤੇ ਦੀਆਂ ਲੀਰਾਂ ਵਿਚ ਬੱਝੀ ਨੀਤੀ ਜਿਵੇਂ ਤੜਫ਼ਦੀ ਰਹਿੰਦੀ ਸੀ। ਇਸ ਕਾਰਨ ਨੀਤੀ ਨੂੰ ਰਿਸ਼ਤੇ ਦੇ ਬੰਧੇਜ ਵਿਚ ਡਰ ਲਗਦਾ ਸੀ। ਜਦੋਂ ਮੈਂ ਉਸਦੇ ਵਿਆਹ ਦੀ ਗੱਲ ਕਰਦੀ ਤਾਂ ਉਸਦਾ ਮੂੰਹ ਗੁੱਸੇ ਨਾਲ਼ ਲਾਲ ਹੋ ਜਾਂਦਾ। ਭਾਵੇਂ ਉਹ ਮੈਨੂੰ ਕੁਝ ਨਾ ਆਖਦੀ ਪਰ ਮੈਂ ਉਸਦੀ ਮਨੋਦਸ਼ਾ ਸਮਝਦੀ ਸਾਂ। ਇਸੇ ਕਾਰਨ ਜਦੋਂ ਨੀਤੀ ਨੇ ਮੈਨੂੰ ਐਲਿਨ ਬਾਰੇ ਦੱਸਿਆ ਤਾਂ ਮੈਨੂੰ ਉਸਦੇ ਫ਼ੈਸਲੇ ਬਾਰੇ ਸੋਚਣ ਲਈ ਕੁਝ ਵਕਤ ਤਾਂ ਲੱਗਾ ਪਰ ਐਨਾ ਵੀ ਨਹੀਂ ਕਿ ਮੈਂ ਨੀਤੀ ਨੂੰ ਅੱਗੇ ਵਧਣ ਤੋਂ ਰੋਕਦੀ। ਵਿਆਹ ਕਰਾ ਕੇ ਮੈਂ ਵੀ ਦੇਖ ਲਿਆ ਸੀ। ਕੁਝ ਨਹੀਂ ਸੀ ਇਸ ਵਿਚ। ਮੈਂ ਸਭਿਅਤਾ ਦੇ ਨਾਂ ਤੇ ਨੀਤੀ ਨੂੰ ਉਸ ਭੱਠੀ ਵਿਚ ਝੋਕਣਾ ਨਹੀਂ ਸਾਂ ਚਾਹੁੰਦੀ, ਜਿਸ ਵਿਚ ਮੈਂ ਪੂਰੀ ਉਮਰ ਝੁਲਸ ਹੋਈ ਸਾਂ। ਰਿਸ਼ਤਾ ਤਾਂ ਉਹ ਹੁੰਦਾ ਹੈ ਜਿਸ ਵਿਚ ਇਕ ਦੂਜੇ ਉੱਤੇ ਭਰੋਸਾ ਹੋਵੇ, ਵਿਸ਼ਵਾਸ ਹੋਵੇ, ਮੋਹ ਦੀਆਂ ਤੰਦਾਂ ਵਿਚ ਉਲਝਿਆ ਹੋਵੇ, ਇਕ ਦੂਜੇ ਦਾ ਆਦਰ-ਸਤਿਕਾਰ ਹੋਵੇ। ਮੈਂ ਸੋਚਦੀ ਕਿ ਮੇਰੇ ਰਿਸ਼ਤੇ ਵਿਚ ਤਾਂ ਇਨ੍ਹਾਂ ਚੀਜ਼ਾਂ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਆਦਰ ਕਰਨ ਕਰਾਉਣ ਲਈ ਇਨਸਾਨ ਨੂੰ ਆਪਣੇ ਆਪ ਵਿਚ ਇਕ ਰੌਸ਼ਨੀ ਪੈਦਾ ਕਰਨੀ ਪੈਂਦੀ ਹੈ। ਨਾ ਉਹ ਮੈਂ ਕਰ ਸਕੀ ਅਤੇ ਨਾ ਹੀ ਹਰਦੇਵ। ਹਰਦੇਵ ਨੇ ਤਾਂ ਹਮੇਸ਼ਾ “ਨੋ” ਦਾ ਫੱਟਾ ਲਾਇਆ ਹੋਇਆ ਸੀ। ਉਸਦੀ ਸੋਚ ਬਦਲ ਸਕਣੀ ਨਾਮੁਮਕਿਨ ਸੀ। ਮੈਂ ਵੀ ਅੰਦਰਲੇ ਸ਼ੈਤਾਨਾਂ ਨਾਲ਼ ਜੂਝਦੀ ਥੱਕ ਗਈ ਸਾਂ। ਮੈਨੂੰ ਸ਼ਾਂਤੀ ਚਾਹੀਦੀ ਸੀ। ਮੇਰੀ ਧੀ ਲਈ ਖੁਸ਼ੀ ਚਾਹੀਦੀ ਸੀ। ਜੇ ਕਰ ਉਹ ਐਲਿਨ ਦੇ ਨਾਲ਼ ਖੁਸ਼ ਸੀ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਸੀ।

ਮੇਰੇ ਘਰ ਦੇ ਹਾਲਾਤ ਕਾਰਨ ਨੀਤੀ ਤੇ ਦਿਮਾਗੀ ਅਸਰ ਪੈ ਚੁੱਕਾ ਸੀ। ਅੱਵਲ ਤਾਂ ਉਹ ਪੰਜਾਬੀਆਂ ਨੂੰ ਪਸੰਦ ਨਹੀਂ ਸੀ ਕਰਦੀ, ਜੇ ਕਰਦੀ ਸੀ ਤਾਂ ਉਸਦੀ ਸੋਚ ਮੇਰੇ ਤੋਂ ਅੱਗੇ ਨਹੀਂ ਸੀ ਜਾਂਦੀ। ਨੀਤੀ ਕਿਸੇ ਪੰਜਾਬੀ ਨਾਲ਼ ਰਿਸ਼ਤਾ ਗੰਢਣਾ ਚਾਹੁੰਦੀ ਹੀ ਨਹੀਂ ਸੀ। ਉਸਦਾ ਕਹਿਣਾ ਸੀ ਕਿ ਪੰਜਾਬੀ ਮੁੰਡੇ, ਕੁੜੀਆਂ ਨੂੰ ਸਿਰਫ਼ ਵਰਤਦੇ ਹਨ। ਸੰਭਾਲਦੇ ਨਹੀਂ। ਉਨ੍ਹਾਂ ਦਾ ਆਦਰ ਨਹੀਂ ਕਰਦੇ। ਉਸਨੂੰ ਸਾਥ ਉਹ ਚਾਹੀਦਾ ਸੀ ਜਿਹੜਾ ਮਾਨਸਿਕ ਤੌਰ ਤੇ ਉਸਦੀ ਗੱਲ ਨੂੰ ਪਚਾਵੇ ਅਤੇ ਉਸਨੂੰ ਧਿਆਨ ਨਾਲ਼ ਸੁਣੇ। ਐਲਿਨ ਨਾਲ਼ ਉਸਦਾ ਰਿਸ਼ਤਾ ਇਸੇ ਤਰ੍ਹਾਂ ਦਾ ਸੀ। ਮੈਂ ਆਪਣੀ ਧੀ ਨੂੰ ਐਨੀ ਖੁਸ਼ ਕਦੀ ਨਹੀਂ ਸੀ ਦੇਖਿਆ ਜਿੰਨੀ ਉਹ ਹੁਣ ਖੁਸ਼ ਸੀ। ਉਸਦੇ ਚਿਹਰੇ ਉੱਤੇ ਆਈ ਰੰਗਤ ਮੈਂ ਕਿਸੇ ਤਰ੍ਹਾਂ ਵੀ ਮੱਧਮ ਨਹੀਂ ਸੀ ਪੈਣ ਦੇਣਾ ਚਾਹੁੰਦੀ। ਭਾਵੇਂ ਮੈਂ ਜਾਣਦੀ ਸਾਂ ਕਿ ਸਭ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਪਰ ਮੈਂ ਨੀਤੀ ਨੂੰ ਇਸ ਬਾਰੇ ਕੁਝ ਨਹੀਂ ਸਾਂ ਕਹਿਣਾ ਚਾਹੁੰਦੀ। ਉਸਦੀ ਖੁਸ਼ੀ ਦੇਖ ਕੇ ਮੈਂ ਉਸਨੂੰ ਖੁੱਲ੍ਹ ਦੇ ਦਿੱਤੀ ਸੀ। ਸੋਚਿਆ, ਪਰਿੰਦੇ ਉੜਨੇ ਚਾਹੀਦੇ ਹਨ। ਜੇ ਕਰ ਉਨ੍ਹਾਂ ਦੇ ਪਰ ਕੱਟ ਕੇ ਪਿੰਜਰੇ ਵਿਚ ਪਾ ਲਵੋ ਤਾਂ ਉਹ ਜੀਣ ਦਾ ਭਰਮ ਪਾਲਣਾ ਹੈ। ਰਹੀ ਗੱਲ ਸਮਾਜ ਦੀ, ਮੈਂ ਵਰ੍ਹਿਆਂ ਬਾਅਦ ਸਮਝੀ ਸਾਂ ਕਿ ਅੱਜ ਦੇ ਵੇਲੇ ਸਮਾਜ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਅੱਜ ਉਹ ਵੇਲਾ ਆ ਗਿਆ ਹੈ ਜਿੱਥੇ ਰਿਸ਼ਤਿਆਂ ਦੇ ਵੀ ਮੁੱਲ ਪੈਂਦੇ ਹਨ। ਮੇਰੇ ਰਿਸ਼ਤੇ ਦਾ ਵੀ ਮੁੱਲ ਹੀ ਪਿਆ ਸੀ। ਮੈਨੂੰ ਕੈਨੇਡਾ ਭੇਜ ਕੇ ਬਾਕੀ ਟੱਬਰ ਕੈਨੇਡਾ ਪਹੁੰਚ ਗਿਆ ਸੀ। ਕੰਜ਼ਿਊਮਰ ਕਲਚਰ ਨੇ ਮਨੁੱਖ ਦੀ ਕੀਮਤ ਘਟਾ ਕੇ ਸਿਫ਼ਰ ਕਰ ਦਿੱਤੀ ਹੈ। ਰਿਸ਼ਤੇ ਇਸ ਕਲਚਰ ਦੀ ਭੇਂਟ ਚੜ੍ਹ ਗਏ ਹਨ।

ਜਦੋਂ ਤੋਂ ਹਰਦੇਵ ਦਾ ਝੁਕਾ ਆਪਣੇ ਭਰਾ ਦੇ ਟੱਬਰ ਵੱਲੋਂ ਘਟਿਆ ਸੀ, ਉਦੋਂ ਤੋਂ ਅਸੀਂ ਪਰਿਵਾਰ ਨਹੀਂ ਤਾਂ ਪਰਿਵਾਰ ਦਾ ਢਾਂਚਾ ਜ਼ਰੂਰ ਲੱਗਣ ਲੱਗ ਪਏ ਸਾਂ। ਬਾਹਰਲੇ ਲੋਕਾਂ ਨੂੰ ਵੀ ਭੁਲੇਖਾ ਪੈ ਜਾਂਦਾ ਸੀ।

ਇਸੇ ਭੁਲੇਖੇ ਵਿਚ ਮੈਂ ਹਰਦੇਵ ਨੂੰ ਬਿਠਾਲ ਕੇ ਨੀਤੀ ਦੇ ਫੈਸਲੇ ਬਾਰੇ ਦੱਸਣਾ ਚਾਹਿਆ ਸੀ। ਪਰ ਇਹ ਮੇਰੀ ਭੁੱਲ ਸੀ। ਹਰਦੇਵ ਵਿਚ ਤਬਦੀਲੀ ਦਾ ਝਾਉਲਾ ਵੀ ਗ਼ਲਤ ਸੀ। ਉਸ ਨੇ ਜੋ ਸਾਡੇ ਦੋਹਾਂ ਨਾਲ਼ ਕੀਤਾ, ਉਹ ਮੇਰੀ ਬਰਦਾਸ਼ਤ ਤੋਂ ਬਾਹਰ ਸੀ।

ਹਰਦੇਵ ਨੇ ਸਾਨੂੰ ਮਾਂ-ਧੀ ਨੂੰ ਦਰੋਂ ਬਾਹਰ ਕੱਢ ਕੇ ਦਰ ਭੇੜ ਦਿੱਤੇ। ਪਿਛਾਂਹ ਕਦਮ ਮੋੜਨੇ ਮੈਨੂੰ ਵੀ ਗਵਾਰਾ ਨਾ ਹੋਏ। ਅਸੀਂ ਦੋਨੋਂ ਸ਼ਾਮ ਦੇ ਘੁਸਮੁਸੇ ਵਿਚ ਸੜਕ ਤੇ ਤੁਰਦੀਆਂ ਹੋਈਆਂ ਬੱਸ ਸਟਾਪ ਤਕ ਪਹੁੰਚ ਗਈਆਂ। ਨੀਤੀ ਦੇ ਸੈੱਲਫੋਨ ਤੋਂ ਮੈਂ ਕੀਰਤੀ ਨੂੰ ਫੋਨ ਕਰ ਦਿੱਤਾ ਸੀ। ਬੱਸ ਸਟਾਪ ’ਤੇ ਪਹੁੰਚਦਿਆਂ ਹੀ ਬੱਸ ਜਿਵੇਂ ਸਾਡੀ ਉਡੀਕ ਕਰ ਰਹੀ ਸੀ। ਨੀਤੀ ਨੇ ਕਾਹਲ਼ ਕਦਮੀ ਅੱਗੇ ਵੱਧ ਕੇ ਬੱਸ ਰੋਕ ਲਈ। ਬੱਸ ਵਿਚ ਸਫ਼ਰ ਕਰਦਿਆਂ ਹੋਇਆਂ ਮੈਂ ਉਨ੍ਹਾਂ ਰਾਹਵਾਂ ਵਲ ਤੱਕ ਰਹੀ ਸਾਂ ਜਿਹੜੇ ਮੇਰੀ ਜ਼ਿੰਦਗੀ ਦਾ ਹਿੱਸਾ ਰਹੇ ਸਨ। ਕਦੀ ਮੁੜ ਕੇ ਇਨ੍ਹਾਂ ਰਾਹਾਂ, ਇਨ੍ਹਾਂ ਪੜਾਵਾਂ ਵਲ ਪਰਤਾਂਗੀ, ਇਹ ਨਹੀਂ ਸੀ ਪਤਾ।

ਮੈਨੂੰ ਆਪਣਾ ਫ਼ਿਕਰ ਨਹੀਂ ਸੀ। ਮੈਨੂੰ ਨੀਤੀ ਦੇ ਮਾਸੂਮ ਮਨ ਦੀ ਚਿੰਤਾ ਸੀ।

ਮੈਨੂੰ ਕੀਰਤੀ ਦੇ ਘਰ ਦਾ ਰਸਤਾ ਕੁਝ ਕੁ ਪਤਾ ਸੀ ਪਰ ਬੱਸ ਡਰਾਈਵਰ ਨੂੰ ਪੁੱਛਦੀਆਂ-ਪੁਛਾਉਂਦੀਆਂ ਅਸੀਂ ਸਹੀ ਬੱਸ ਸਟਾਪ ਉੱਤੇ ਉੱਤਰ ਗਈਆਂ। ਆਲ਼ਾ ਦੁਆਲ਼ਾ ਦੇਖਿਆ, ਕਾਇਨਾਤ ਵਿਚ ਵੀ ਉਦਾਸੀ ਜਿਹੀ ਸੀ। ਕੋਈ ਕਾਰ ਕੋਲ ਦੀ ਘੂੰਅ ਕਰਕੇ ਲੰਘ ਜਾਂਦੀ। ਮੇਰੀ ਨਜ਼ਰ ਨੇ ਆਲ਼ੇ-ਦੁਆਲ਼ੇ ਦਾ ਜਾਇਜ਼ਾ ਲਿਆ। ਮੈਂ ਦੇਖ ਹੀ ਰਹੀ ਸਾਂ ਜਦੋਂ ਬਿੰਦਰ ਸਾਮ੍ਹਣੇ ਆਉਂਦਾ ਦਿਖਾਈ ਦਿੱਤਾ। ਸਾਨੂੰ ਦੇਖ ਕੇ ਉਸਦੇ ਚਿਹਰੇ ਉੱਤੇ ਮੁਸਕਾਨ ਫੈਲ ਗਈ। ਸ਼ਾਇਦ ਉਸਨੂੰ ਸਾਡੀ ਸਥਿਤੀ ਦਾ ਪੂਰਨ ਗਿਆਨ ਨਹੀਂ ਸੀ। ਰਸਮੀ ਜਿਹਾ 'ਹੈਲੋ, ਹਾਉ ਆਰ ਯੂ' ਤੋਂ ਬਾਅਦ ਅਸੀਂ ਬਿੰਦਰ ਦੇ ਮਗਰ-ਮਗਰ ਤੁਰ ਪਈਆਂ। ਐਲਬਰਟ ਰੋਡ ਤੋਂ ਸੱਜੇ ਮੁੜ ਕੇ, ਫੇਰ ਪਹਿਲਾ ਖੱਬੇ ਮੁੜ ਕੇ ਛੋਟੀ ਜਿਹੀ ਪਾਰਕ ਸੀ ਜਿੱਥੇ ਬੱਚਿਆਂ ਦੀਆਂ ਪੀਂਘਾਂ ਲੱਗੀਆਂ ਹੋਈਆਂ ਸਨ। ਪਾਰਕ ਦੇ ਪਿੱਛੇ ਕੀਰਤੀ ਦਾ ਘਰ ਸੀ। ਪਾਰਕ ਵਿਚੀਂ ਵੀ ਜਾਇਆ ਜਾ ਸਕਦਾ ਸੀ ਤੇ ਗਲੀਆਂ ਦੇ ਮੋੜ-ਘੇੜ ਵਿਚੀਂ ਵੀ। ਬਿੰਦਰ ਸਾਨੂੰ ਪਾਰਕ ਵਿਚੀਂ ਲੈ ਤੁਰਿਆ। ਕਹਿੰਦਾ, ਇੱਥੋਂ ਸ਼ਾਰਟ ਕੱਟ ਹੈ।

ਹਨੇਰੇ ਵਿਚ ਪਾਰਕ ਪਾਰ ਕਰਦਿਆਂ ਡਰ ਵੀ ਲੱਗਾ। ਸਟਰੀਟ ਲਾਈਟਾਂ ਨੇ ਪਾਰਕ ਵਿਚ ਖਾਸਾ ਰੌਸ਼ਨੀ ਫੈਲਾਈ ਹੋਈ ਸੀ। ਅਸੀਂ ਦੋਨੋਂ ਬਿੰਦਰ ਦੇ ਪਿੱਛੇ ਤੁਰ ਪਈਆਂ। ਮੇਰੇ ਦਿਮਾਗ ਦੀ ਰੀਲ੍ਹ ਨੇ ਉਸ ਪਲ ਵਲ ਰੀਵਾਈਂਡ ਕੀਤਾ ਜਦੋਂ ਹਰਦੇਵ ਨੇ ਸਾਡੀ ਅੱਜ ਦੀ ਸਮੱਸਿਆ ਨੂੰ ਜਾਣਿਆ ਸੀ। ਭਾਵੇਂ ਮੈਂ ਵੀ ਨੀਤੀ ਦੇ ਫ਼ੈਸਲੇ ਨਾਲ਼ ਸਹਿਮਤ ਨਹੀਂ ਸਾਂ ਪਰ ਮੈਨੂੰ ਹਰਦੇਵ ਦਾ ਇਸ ਸਮੱਸਿਆ ਨੂੰ ਹੈਂਡਲ ਕਰਨਾ ਸਹੀ ਨਾ ਲੱਗਾ। ਉਹ ਬੈਠ ਕੇ ਪਿਆਰ ਨਾਲ਼ ਕੁੜੀ ਨੂੰ ਸਮਝਾ ਸਕਦਾ ਸੀ। ਮੈਨੂੰ ਵੀ ਕੁਝ ਆਖ ਸਕਦਾ ਸੀ। ਸਿੱਧੀਆਂ ਗਾਲ਼ਾਂ 'ਤੇ ਉੱਤਰ ਆਉਣਾ ਕਿੱਥੋਂ ਦੀ ਅਕਲਮੰਦੀ ਸੀ? ਮੈਂ ਉਮਰ ਭਰ ਉਸਦਾ ਗਾਲ਼ੀ-ਗਲੋਚ, ਕੁੱਟ-ਮਾਰ ਵੀ ਸਹਿੰਦੀ ਰਹੀ। ਪਰ ਹੁਣ ਗੱਲ ਮੇਰੀ ਧੀ ਦੀ ਸੀ। ਮੈਂ ਉਸਨੂੰ ਉਸੇ ਤਰ੍ਹਾਂ ਦੇ ਹਾਲਾਤ ਵਿਚ ਕਿਵੇਂ ਧਕੇਲ ਦਿੰਦੀ? ਮੈਨੂੰ ਨੀਤੀ ਲਈ ਖੜ੍ਹਨਾ ਪਿਆ।

ਤੁਰਿਆਂ ਜਾਂਦਿਆਂ ਮੇਰੀ ਨਜ਼ਰ ਨੀਤੀ ਦੇ ਚਿਹਰੇ ਤੇ ਫੇਰ ਪਈ। ਉਸਦਾ ਉੱਤਰਿਆ ਹੋਇਆ ਚਿਹਰਾ ਮੈਨੂੰ ਹੋਰ ਵੀ ਸੁੰਗੜ ਗਿਆ ਜਾਪਿਆ। ਉਸਦਾ ਪਤਲਾ ਸੁਬਕ ਸਰੀਰ ਹੋਰ ਵੀ ਪਤਲਾ ਹੋ ਗਿਆ ਜਾਪਿਆ। ਉਹ ਸਿਰ ਸੁੱਟੀ ਮੇਰੇ ਬਰਾਬਰ ਤੁਰੀ ਆ ਰਹੀ ਸੀ। ਜੇਕਰ ਮੈਂ ਇਜਾਜ਼ਤ ਦਿੰਦੀ ਤਾਂ ਉਸਨੇ ਐਲਿਨ ਨੂੰ ਫੋਨ ਕਰ ਦੇਣਾ ਸੀ। ਐਲਿਨ ਕੋਲ ਆਪਣਾ ਅਪਾਰਟਮੈਂਟ ਸੀ। ਨੀਤੀ ਬੜੇ ਆਰਾਮ ਨਾਲ਼ ਐਲਿਨ ਕੋਲ ਜਾ ਸਕਦੀ ਸੀ। ਪਰ ਨਹੀਂ, ਉਸਨੇ ਇਹ ਰਸਤਾ ਨਹੀਂ ਸੀ ਅਪਣਾਇਆ। ਉਹ ਮੇਰੇ ਨਾਲ਼, ਮੇਰੇ ਕੋਲ ਰਹਿਣਾ ਚਾਹੁੰਦੀ ਸੀ ਤੇ ਜਦੋਂ ਮੈਂ ਉਸਨੂੰ ਪੂਰੀ ਖੁੱਲ੍ਹ ਦਿੰਦੀ ਤਾਂ ਹੀ ਉਸਨੇ ਕੋਈ ਕਦਮ ਚੁੱਕਣਾ ਸੀ। ਇੰਨਾ ਮੈਨੂੰ ਉਸ ਉੱਤੇ ਭਰੋਸਾ ਸੀ। ਨੀਤੀ ਨੇ ਜਦੋਂ ਮੇਰੇ ਨਾਲ਼ ਗੱਲ ਕੀਤੀ ਸੀ, ਸਭ ਤੋਂ ਪਹਿਲਾਂ ਮੈਨੂੰ ਹਰਦੇਵ ਦੇ ਗੁੱਸੇ ਦਾ ਖਿਆਲ ਆਇਆ ਸੀ। ਉਸ ਗੁੱਸੇ ਵਿੱਚੋਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਉੱਭਰ ਕੇ ਮੇਰੇ ਮੱਥੇ ਵਿਚ ਠਾਹ ਕਰਦੀਆਂ, ਪਿਸਤੌਲ ਦੀ ਗੋਲੀ ਵਾਂਗ ਵੱਜੀਆਂ ਸਨ। ਮਿਸੀਸਾਗਾ ਵਿਚ ਪਿਓ ਅਤੇ ਭਰਾ ਵੱਲੋਂ ਕੁੜੀ ਦਾ ਕਤਲ ਇਸੇ ਕਰਕੇ ਕਰ ਦਿੱਤਾ ਗਿਆ ਸੀ ਕਿ ਉਹ ਹਿਜਾਬ ਨਹੀਂ ਸੀ ਪਹਿਨਣਾ ਚਾਹੁੰਦੀ ਅਤੇ ਕਿਸੇ ਗੈਰ ਮੁਸਲਿਮ ਮੁੰਡੇ ਨੂੰ ਪਿਆਰ ਕਰਦੀ ਸੀ। ਤੇ ਫੇਰ ਰੈਕਸਡੇਲ ਦੀ ਨਿੱਕੀ ਬੱਚੀ ਜਿਸਨੂੰ ਉਸਦੀ ਮਤ੍ਰੇਈ ਮਾਂ ਅਤੇ ਸਕੇ ਬਾਪ ਨੇ ਇਸ ਲਈ ਮਾਰ ਦਿੱਤਾ ਸੀ, ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਕਿਸੇ ਹੋਰ ਆਦਮੀ ਦੀ ਔਲਾਦ ਹੋਵੇਗੀ। ਮਤ੍ਰੇਈ ਮਾਂ ਤੇ ਸਕੇ ਪਿਓ ਨੇ ਉਸਦੇ ਨਿੱਕੇ-ਨਿੱਕੇ ਟੋਟੇ ਕਰਕੇ, ਪਲਾਸਟਿਕ ਦੇ ਬੈਗ ਵਿਚ ਪਾ ਕੇ, ਉਹ ਬੈਗ ਲੇਕ ਉਨਟੈਰੀਓ ਵਿਚ ਸੁੱਟ ਦਿੱਤਾ ਸੀ ... ਤੇ ਫੇਰ ਵੈਨਕੂਵਰ ਅਤੇ ਸਰੀ ਦੀਆਂ ਅਨੇਕਾਂ ਕੁੜੀਆਂ ਇਸੇ ਤਰ੍ਹਾਂ ਇੱਜ਼ਤ ਦੇ ਨਾਂ ਤੇ ਬਲੀ ਚਾੜ੍ਹ ਦਿੱਤੀਆਂ ਗਈਆਂ ਸਨ। ਉਹ ਖ਼ਬਰਾਂ ਜਿਵੇਂ ਮੇਰੇ ਆਲ਼ੇ-ਦੁਆਲ਼ੇ ਜੁਗਨੂੰਆਂ ਦੀ ਤਰ੍ਹਾਂ ਟਿਮ-ਟਿਮਾ ਰਹੀਆਂ ਸਨ। ਉਸ ਵੇਲੇ ਮੈਨੂੰ ਮਹਿਸੂਸ ਹੋਣ ਲੱਗਾ ਜਿਵੇਂ ਹਰਦੇਵ ਵੀ ਕੋਈ ਗੰਡਾਸੀ ਲਈ ਖੜ੍ਹ ਹੋਵੇ। ਮੇਰੀ ਧੀ ਦਾ ਸਿਰ ਕਲਮ ਹੋਇਆ ਕਿ ਹੋਇਆ। ਨੀਤੀ ਨੇ ਤਾਂ ਵਿਆਹ ਵੀ ਨਹੀਂ ਸੀ ਕਰਾਇਆ ਅਤੇ ਉਹ ਲਿਵ-ਇਨ ਰਿਲੇਸ਼ਨ ਵਿਚ ਰਹਿਣਾ ਚਾਹੁੰਦੀ ਸੀ।

ਮੈਂ ਹਰਦੇਵ ਨੂੰ ਚੰਗੀ ਤਰ੍ਹਾਂ ਜਾਣਦੀ ਸਾਂ। ਉਸਦੇ ਗੁੱਸੇ ਨੂੰ ਵੀ ਜਾਣਦੀ ਸਾਂ, ਉਸਦੀ ਸਮਝ ਨੂੰ ਵੀ ਜਾਣਦੀ ਸਾਂ। ਡੂੰਘੀ ਸੋਚ ਨਾਲ਼ ਉਸਦਾ ਕੋਈ ਵਾਹ-ਵਾਸਤਾ ਹੈ ਨਹੀਂ ਸੀ। ਉਹ ਗੁੱਸੇ ਵਿਚ ਪਹਿਲਾਂ ਗਾਲ਼੍ਹਾਂ ਕੱਢਦਾ, ਹੱਥ ਚੁੱਕਦਾ ਤੇ ਫੇਰ ਸੋਚਦਾ। ਕਿਸੇ ਵੀ ਸਿਚੂਏਸ਼ਨ ਨੂੰ ਸੰਭਾਲਣਾ, ਧੀ-ਪੁੱਤ ਨੂੰ ਸਮਝਣਾ-ਸਮਝਾਉਣਾ ਉਸਨੂੰ ਆਉਂਦਾ ਹੀ ਨਹੀਂ ਸੀ। ਮੈਂ ਆਪਣੀ ਧੀ ਦੀ ਬਲ਼ੀ ਨਹੀਂ ਸੀ ਦੇਣਾ ਚਾਹੁੰਦੀ।

ਬਿੰਦਰ ਨਾਲ਼ ਆਲ਼ੇ-ਦੁਆਲ਼ੇ ਦੀਆਂ ਗੱਲਾਂ ਕਰਦਿਆਂ ਅਸੀਂ ਕੀਰਤੀ ਦੇ ਦਰਵਾਜ਼ੇ ਤਕ ਪਹੁੰਚ ਗਈਆਂ। ਕੀਰਤੀ ਸੋਟੀ ਲਈ ਖੜ੍ਹੀ ਉਡੀਕ ਕਰ ਰਹੀ ਸੀ। ਉਸਨੇ ਨੀਤੀ ਨੂੰ ਗਲ਼ ਲਾਇਆ ਤੇ ਫੇਰ ਮੇਰੇ ਗਲ਼ ਲੱਗ ਮਿਲੀ। ਮੈਨੂੰ ਕੀਰਤੀ ਦਾ ਸ਼ਾਹੀ ਘਰ ਦੇਖ ਕੇ ਹੈਰਾਨੀ ਹੋਈ। ਮੈਂ ਕਦੀ ਕੀਰਤੀ ਦੇ ਘਰ ਪੈਰ ਨਹੀਂ ਸੀ ਪਾਇਆ। ਮੈਨੂੰ ਘਰੋਂ ਬਾਹਰ ਜਾਣ ਦੀ ਖੁੱਲ੍ਹ ਨਹੀਂ ਸੀ। ਕੰਮ ਤੋਂ ਘਰ ਅਤੇ ਘਰ ਤੋਂ ਕੰਮ, ਮੇਰੀ ਜ਼ਿੰਦਗੀ ਸੀ। ਸਾਰੀ ਉਮਰ ਮੈਂ ਬੱਸ ਦਾ ਸਫ਼ਰ ਕੀਤਾ ਸੀ। ਮੈਂ ਤਾਂ ਕਾਰ ਚਲਾਉਣੀ ਵੀ ਨਹੀਂ ਸੀ ਸਿੱਖੀ।

ਮੈਨੂੰ ਯਾਦ ਹੈ ਜਦੋਂ ਅਸੀਂ ਪੜ੍ਹਦੀਆਂ ਸਾਂ, ਉਸ ਵੇਲੇ ਮੇਰੀ ਸਹੇਲੀ ਅੰਬੋ ਸੀ। ਅੰਬੋ, ਕੀਰਤੀ ਦੇ ਤਾਏ ਚਾਚਿਓਂ ਭੈਣ ਲਗਦੀ ਸੀ। ਅੰਬੋ ਤੇ ਮੈਂ ਨਵੀਂ ਜ਼ਿੰਦਗੀ ਦੇ ਸੁਪਨੇ ਦੇਖਦੀਆਂ, ਹੱਸਦੀਆਂ, ਆਉਣ ਵਾਲੇ ਵਕਤ ਨੂੰ ਮਖੌਲ ਕਰਦੀਆਂ। ਕੀਰਤੀ ਨੂੰ ਸਾਡੇ ਨਾਲ਼ ਹਰ ਗੱਲ ਦਾ ਗਿਲਾ ਰਹਿੰਦਾ ਸੀ। ਪੜ੍ਹਨ ਦਾ, ਹੱਸਣ ਦਾ, ਫੈਸ਼ਨ ਦਾ। ਗੱਲ ਕੀ, ਕਿਹੜੀ ਉਹ ਗੱਲ ਸੀ ਜਿਸ ਨਾਲ਼ ਕੀਰਤੀ ਨੂੰ ਗਿਲਾ ਨਾ ਹੋਵੇ। ਅੰਬੋ ਖੁੱਲ੍ਹ ਕੇ ਜਿਉਂਦੀ ਸੀ। ਮੈਂ ਵੀ ਹੱਸਣਾ ਸਿੱਖ ਗਈ ਸਾਂ। ਭਾਵੇਂ ਬਚਪਨ ਮੈਂ ਇਕੱਲਤਾ ਵਿਚ ਬਿਤਾਇਆ ਸੀ। ਮਾਂ ਮਹਿੱਟਰ ਜੁ ਸਾਂ। ਮੇਰੀ ਮਤ੍ਰੇਈ ਮਾਂ ਪਿਆਰ ਤਾਂ ਬਥੇਰਾ ਕਰਦੀ ਸੀ ਪਰ ਮੇਰੇ ਅੰਦਰ ਕੋਈ ਖਲਾਅ ਜ਼ਰੂਰ ਸੀ, ਜਿਹੜਾ ਭਰਦਾ ਹੀ ਨਹੀਂ ਸੀ।

... ਤੇ ਫੇਰ ਮੈਂ ਤੇ ਅੰਬੋ ਦੋਨੋਂ ਆਪਣੇ-ਆਪਣੇ ਰਾਹੀਂ ਜ਼ਿੰਦਗੀ ਦੇ ਮਾਅਨੇ ਭਾਲਣ ਤੁਰ ਪਈਆਂ। ਜਿੰਨੀਆਂ ਅਸੀਂ ਜਿੰਦਾਦਿਲ ਕੁੜੀਆਂ ਸਾਂ, ਉਨਾਂ ਹੀ ਅਸੀਂ ਪਿੰਜਰਿਆਂ ਵਿਚ ਪੈ ਗਈਆਂ। ਅੰਬੋ ਹੱਸਣਾ ਭੁੱਲ ਗਈ। ਮੇਰੀ ਦੋਸਤੀ ਵੀ ਹੰਝੂਆਂ ਨਾਲ਼ ਪੈ ਗਈ। ਉਸ ਵੇਲੇ ਮੈਨੂੰ ਅੰਬੋ ਦੀ ਮਾਂ ਦੀ ਆਖੀ ਗੱਲ ਚੇਤੇ ਆਉਂਦੀ, ਜਦੋਂ ਅੰਬੋ ਹਵਾ ਵਿੱਚ ਉਡਾਰੀਆਂ ਮਾਰਦੀ ਸੀ, ਤੇ ਮਾਂ ਉਸਦੇ ਪੈਰ ਜ਼ਮੀਨ ਉੱਤੇ ਰੱਖਣੇ ਚਾਹੁੰਦੀ ਸੀ। ਉਹ ਅਕਸਰ ਅੰਦਰ-ਬਾਹਰ ਘੁੰਮਦੀ ਹੋਈ ਇਕ ਗੀਤ ਗਾਉਂਦੀ, ਲਾਡਲੀ ਨਾ ਰੱਖੀਂ ਬਾਬਲਾ ਤੇਰੀ ਲਾਡਲੀ ਨੂੰ ਦੁੱਖ ਵੇ ਬਥੇਰੇ।”” ਅਸੀਂ ਦੋਨੋਂ ਮਾਂ ਦਾ ਝੱਲ ਸਮਝ ਕੇ ਹੱਸਦੀਆਂ। ਜ਼ਿੰਦਗੀ ਜਿਉਂਦਿਆਂ ਸਾਨੂੰ ਇਸ ਗੀਤ ਦੇ ਅਰਥ ਸਮਝ ਆਉਣ ਲੱਗੇ ਸਨ। ਅੰਬੋ ਵੀ ਆਪਣੇ ਘਰ ਦੇ ਵਾਤਾਵਰਣ ਵਿਚ ਕੈਦ ਹੋ ਗਈ ਸੀ। ਅਸੀਂ ਦੋਨੋਂ ਕਦੀ-ਕਦਾਈਂ ਗੱਲ ਕਰ ਲੈਂਦੀਆਂ। ਵਿਆਹ ਤੋਂ ਕਈ ਵਰ੍ਹਿਆਂ ਬਾਅਦ ਅੰਬੋ ਨੇ ਜਿਵੇਂ ਜੰਗ ਦਾ ਐਲਾਨ ਕਰ ਦਿੱਤਾ ਸੀ। ਉਸਦੇ ਟੱਬਰ ਨੂੰ ਉਸਦੇ ਮੋਹਰੇ ਝੁਕਣਾ ਵੀ ਪਿਆ ਸੀ। ਪਰ ਮੈਂ ਕੋਈ ਹਿੰਮਤ ਨਾ ਕਰ ਸਕੀ।

ਕੀਰਤੀ ਆਪਣੇ ਟੱਬਰ ਵਿਚ ਖੁਸ਼ ਸੀ। ਬਿੰਦਰ ਚੰਗਾ ਪੜ੍ਹਿਆ-ਲਿਖਿਆ, ਸਮੇਂ ਦੇ ਨਾਲ਼ ਚੱਲਣ ਵਾਲਾ ਬੰਦਾ ਸੀ। ਮੈਂ ਕੀਰਤੀ ਲਈ ਖੁਸ਼ ਸਾਂ ਕਿ ਸਾਡੇ ਤਿੰਨਾਂ ਵਿੱਚੋਂ ਕੋਈ ਤਾਂ ਖੁਸ਼ ਹੈ। ਜੇ ਕਰ ਕੀਰਤੀ ਨੂੰ ਕੋਈ ਦੁੱਖ ਸੀ ਤਾਂ ਉਹ ਉਸਨੇ ਆਪ ਸਹੇੜੇ ਹੋਏ ਸਨ। ਉਸਦੀ ਮਾਨਸਿਕਤਾ ਬਚਪਨ ਵਿੱਚੋਂ ਨਿਕਲਦੀ ਹੀ ਨਹੀਂ ਸੀ। ਉਹ ਆਪਣੀ ਅਰੋਗ ਹਾਲਤ ਨੂੰ ਹਰ ਕਿਸੇ ਉੱਤੇ ਥੋਪ ਦਿੰਦੀ। ਪਰ ਇਸਦੇ ਬਾਵਜੂਦ ਉਹ ਦੋਸਤੀਆਂ ਗੰਢਣੀਆਂ ਚਾਹੁੰਦੀ। ਭਾਵੇਂ ਉਸਦੀ ਟਿਰੜ-ਫਿਰੜ ਤੋਂ ਅਕਸਰ ਸਾਰੇ ਰੁੱਸ ਜਾਂਦੇ। ਉਸਦਾ ਸਾਥ ਛੱਡ ਜਾਂਦੇ। ਮੇਰੇ ਔਖੇ ਵਕਤਾਂ ਵੇਲੇ ਉਹ ਅਕਸਰ ਮੇਰੇ ਕੰਮ ਆਉਂਦੀ ਰਹੀ ਸੀ। ਭਾਵੇਂ ਘਰ ਬੈਠੀ ਫੋਨ ਰਾਹੀਂ ਹੀ ਮਦਦ ਕਰ ਦਿੰਦੀ ਹੋਵੇ। ਮੇਰੀ ਅੱਜ ਦੀ ਔਖੀ ਘੜੀ ਵੇਲੇ ਵੀ ਮੈਂ ਕੀਰਤੀ ਵਲ ਹੀ ਮੂੰਹ ਕੀਤਾ ਸੀ। ਉਸਨੇ ਅੱਗੇ ਵੱਧ ਕੇ ਮੇਰਾ ਹੱਥ ਫੜ ਲਿਆ ਸੀ।

ਕੀਰਤੀ ਤੇ ਬਿੰਦਰ ਸਾਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਅਸੀਂ ਮਾਵਾਂ-ਧੀਆਂ ਜਿਵੇਂ ਸੁੰਨ ਬੈਠੀਆਂ ਸਾਂ। ਆਉਣ ਵਾਲੇ ਦਿਨਾਂ ਲਈ ਚਿੰਤਾ ਵਿਚ ਗ੍ਰਸੀਆਂ ਪਈਆਂ। ਕੱਲ੍ਹ ਸਾਡੇ ਲਈ ਕਿਸ ਤਰ੍ਹਾਂ ਦਾ ਆਉਣਾ ਸੀ? ਸਾਨੂੰ ਨਹੀਂ ਸੀ ਪਤਾ। ਦੇਰ ਰਾਤ ਤਕ ਸਾਡੀਆਂ ਗੱਲਾਂ ਚਲਦੀਆਂ ਰਹੀਆਂ। ਆਪਣੇ ਉਮਰ ਭਰ ਦੇ ਰੋਣੇ ਮੈਂ ਕੀਰਤੀ ਦੇ ਨਾਲ ਸਾਂਝੇ ਕਰਦੀ ਰਹੀ।

ਸਵੇਰੇ ਉੱਠਦਿਆਂ ਮੈਂ ਅਗਲੀ ਯੋਜਨਾ ਸ਼ੁਰੂ ਕਰ ਦਿੱਤੀ। ਬਿੰਦਰ ਨੇ ਇਕ ਦੋ ਵੇਰ ਸਵਾਲੀਆ ਨਜ਼ਰ ਮੇਰੇ ਤੇ ਸੁੱਟੀ। ਮੇਰੇ ਕਹਿਣ ਤੋਂ ਬਿਨਾਂ ਬਿੰਦਰ ਨੇ ਸਾਡਾ ਸਮਝੌਤਾ ਕਰਾਉਣ ਦੀ ਕੋਸ਼ਿਸ਼ ਵੀ ਕੀਤੀ। ਉਸਨੇ ਹਰਦੇਵ ਨੂੰ ਫੋਨ ਕਰ ਦਿੱਤਾ। ਪਰ ਹਰਦੇਵ ਨੇ ਉਸਦੀ ਮਾਂ-ਭੈਣ ਇਕ ਕਰ ਦਿੱਤੀ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੇਰਾ ਫ਼ੈਸਲਾ ਅਟੱਲ ਹੋ ਗਿਆ। ਬੱਸ ਇਕ ਕੰਮ ਦੀ ਜਿੰਮੇਵਾਰੀ ਸੀ, ਨੀਤੀ ਨਾਲ਼ ਗੱਲ ਕਰਨ ਦੀ। ਮੈਨੂੰ ਨੀਤੀ ਦੀ ਚੋਣ ਨਾਲ਼ ਕੋਈ ਗਿਲਾ ਨਹੀਂ ਸੀ। ਨਾ ਹੀ ਮੈਨੂੰ ਸਮੱਸਿਆ ਸੀ ਐਲਿਨ ਦਾ ਕੈਨੇਡੀਅਨ ਹੋਣਾ। ਜਿਹੜੀ ਚਿੰਤਾ ਸੀ, ਉਹ ਇਹ ਕਿ ਨੀਤੀ ਬਿਨਾਂ ਵਿਆਹ ਤੋਂ ਲਿਵ-ਇਨ ਰਿਲੇਸ਼ਨ ਰੱਖਣਾ ਚਾਹੁੰਦੀ ਸੀ। ਇਹ ਗੱਲ ਮੇਰੇ ਮਨ ਨੂੰ ਜੱਚਦੀ ਨਹੀਂ ਸੀ। ਬਿੰਦਰ ਤੇ ਕੀਰਤੀ ਨੇ ਵੀ ਨੀਤੀ ਨੂੰ ਸਮਝਾਇਆ ਤਾਂ ਨੀਤੀ ਐਲਿਨ ਦੇ ਨਾਲ਼ ਗੱਲ ਕਰਨ ਨੂੰ ਰਾਜ਼ੀ ਹੋ ਗਈ।

ਮੈਂ ਤੇ ਕੀਰਤੀ, ਨੀਤੀ ਤੇ ਐਲਿਨ ਨੂੰ ਕੌਫ਼ੀ ਲਈ ਬਾਹਰ ਲੈ ਆਈਆਂ।

ਅਸੀਂ ਦੋਹਾਂ ਨੇ ਉਨ੍ਹਾਂ ਨੂੰ ਬਿਠਾ ਕੇ ਗੱਲ ਕੀਤੀ। ਐਲਿਨ ਸਮਝਦਾਰ ਮੁੰਡਾ ਹੈ। ਉਹ ਮੇਰੀ ਸਥਿਤੀ ਸਮਝ ਗਿਆ। ਉਸਨੂੰ ਵਿਆਹ ਕਰਾਉਣ ਵਿਚ ਕੋਈ ਇਤਰਾਜ਼ ਨਹੀਂ ਸੀ। ਐਲਿਨ ਦੀ ਸਹਿਮਤੀ ਨਾਲ਼ ਨੀਤੀ ਵੀ ਮੰਨ ਗਈ। ਮੇਰੇ ਵਾਸਤੇ ਐਨਾ ਹੀ ਬਹੁਤ ਸੀ ਕਿ ਨੀਤੀ ਨੇ ਮੇਰਾ ਕਹਿਣਾ ਮੰਨ ਲਿਆ ਸੀ, ਵਰਨਾ ਬਾਲਗ ਕੁੜੀ ਕੁਝ ਵੀ ਕਰ ਸਕਦੀ ਸੀ।

ਉਨ੍ਹਾਂ ਦੋਨਾਂ ਵੱਲੋਂ ਵਿਆਹ ਦੀ ਸਹਿਮਤੀ ਤੋਂ ਬਾਅਦ, ਇਕ ਦਿਨ ਬਿੰਦਰ ਆਖਣ ਲੱਗਾ, ਭਾਵੇਂ ਵਿਆਹ ਰਜਿਸਟਰ ਹੋਣਾ ਹੈ, ਪਰ ਸਾਨੂੰ ਹਰਦੇਵ ਨੂੰ ਵੀ ਦੱਸ ਦੇਣਾ ਚਾਹੀਦੈ।” ਮੈਂ ਤੇ ਨੀਤੀ ਨੇ ਇਕ ਦੂਜੀ ਵੱਲ ਤੱਕਿਆ, ਮੈਨੂੰ ਇਸ ਗੱਲ ਦੀ ਹੈਰਾਨੀ ਨਾ ਹੋਈ, ਸ਼ਾਇਦ ਮੇਰਾ ਅੰਦਰ ਵੀ ਇਹੋ ਚਾਹੁੰਦਾ ਸੀ ... ਤੇ ਬਿੰਦਰ ਫੇਰ ਬੋਲਿਆ, “ਉਹ ਭਾਵੇਂ ਕਿਸ ਤਰ੍ਹਾਂ ਦਾ ਵੀ ਹੈ, ਪਰ ਹੈ ਤਾਂ ਨੀਤੀ ਦਾ ਬਾਪ।”

ਇਹ ਸੁਣ ਕੇ ਨੀਤੀ ਜਿਵੇਂ ਇਕੱਠੀ ਜਿਹੀ ਹੋ ਗਈ। ਪਤਾ ਨਹੀਂ ਉਸਦੇ ਅੰਦਰ ਕੀ ਤੂਫ਼ਾਨ ਉੱਠਿਆ ਹੋਵੇ। ਮੈਂ ਉਸਨੂੰ ਗਲਵਕੜੀ ਵਿਚ ਲੈ ਕੇ ਸ਼ਾਂਤ ਕੀਤਾ। ਆਪਣੇ ਅੰਦਰਲੇ ਮਨ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੈਂ ਵੀ ਹਰਦੇਵ ਨੂੰ ਕੋਈ ਮੌਕਾ ਨਹੀਂ ਸਾਂ ਦੇਣਾ ਚਾਹੁੰਦੀ ਕਿ ਉਹ ਕੋਈ ਹੋਰ ਦੋਸ਼ ਮੇਰੇ ਤੇ ਲਾਵੇ। ਸਾਨੂੰ ਘਰੋਂ ਕੱਢ ਕੇ ਉਸਨੇ ਜੋ ਨਾ ਸੋ ਮੇਰੇ ਘਰਦਿਆਂ ਨੂੰ ਦੱਸਿਆ ਤੇ ਭੜਕਾਇਆ ਸੀ। ਮੇਰੇ ਭੈਣਾਂ-ਭਰਾਵਾਂ ਨੂੰ ਮੈਂ ਅਚਨਚੇਤ ਚੇਤੇ ਆ ਗਈ। ਘਰੋਂ ਬਾਹਰ ਪੈਰ ਪਾ ਕੇ ਮੈਂ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਸੀ ਤੇ ਵਿਚਾਰੇ ਹਰਦੇਵ ਨੂੰ ਮੈਂ ਇਕੱਲਾ ਛੱਡ ਕੇ ਗ਼ਲਤ ਰਾਹਵਾਂ ਉੱਤੇ ਤੁਰ ਪਈ ਸਾਂ। ਪੂਰੀ ਜ਼ਿੰਦਗੀ ਉਹ ਆਪ ਮੈਨੂੰ ਘਰ ਛੱਡਣ ਲਈ ਆਖਦੇ ਰਹੇ। ਪਰ ਜਦੋਂ ਮੈਂ ਆਪਣੀ ਮਰਜ਼ੀ ਨਾਲ਼ ਘਰ ਛੱਡਿਆ ਤਾਂ ਉਨ੍ਹਾਂ ਦੀ ਬੇਇੱਜ਼ਤੀ ਹੋ ਗਈ ਸੀ। ਫੇਰ ਵੀ ਮੈਨੂੰ ਬਿੰਦਰ ਦੀ ਗੱਲ ਵਿਚ ਤਰਕ ਮਹਿਸੂਸ ਹੋਇਆ, ਮੈਂ ਹਰਦੇਵ ਨੂੰ ਫੋਨ ਕਰ ਦਿੱਤਾ ਤਾਂ ਉਸ ਵੱਲੋਂ ਮਿਲੀਆਂ ਗਾਲ਼ਾਂ ਦੀ ਮੈਨੂੰ ਕੋਈ ਹੈਰਾਨੀ ਨਾ ਹੋਈ।

ਮੈਂ ਆਪਣਾ ਮਨ ਪਹਿਲਾਂ ਹੀ ਹਾਠਾ ਕਰ ਲਿਆ ਸੀ ਕਿ ਹਰਦੇਵ ਦਾ ਵਤੀਰਾ ਕੁਝ ਵੀ ਹੋ ਸਕਦਾ ਹੈ। ਹਰਦੇਵ ਨੇ ਨਾ ਕਦੀ ਸਾਡੀ ਗੱਲ ਸੁਣੀ ਸੀ ਤੇ ਹੁਣ ਵੀ ਇਹ ਕੋਈ ਅਣਹੋਣੀ ਨਹੀਂ ਸੀ। ਉਸਦੇ ਵਤੀਰੇ ਤੋਂ ਮੈਂ ਭਾਂਪ ਲਿਆ ਸੀ ਕਿ ਹਰਦੇਵ ਕਦੀ ਵੀ ਬਦਲ ਨਹੀਂ ਸਕਦਾ।

ਫੇਰ ਵੀ ਮੈਂ ਆਪਣਾ ਫਰਜ਼ ਪੂਰਾ ਕਰ ਦਿੱਤਾ ਸੀ।

ਐਲਿਨ ਅਤੇ ਨੀਤੀ ਨੇ ਰਜਿਸਟਰਾਰ ਦੇ ਅਰਜ਼ੀ ਦੇ ਦਿੱਤੀ।

ਐਲਿਨ ਦੇ ਟੱਬਰ ਵੱਲੋਂ ਸਿਰਫ਼ ਉਹਦੀ ਮਾਂ ਸੀ ਕਿਉਂਕਿ ਉਹਦੇ ਦੋਹਾਂ ਵਿਆਹਾਂ ਵਿਚੋਂ ਕੋਈ ਨਹੀਂ ਸੀ ਨਿਭਿਆ। ਐਲਨ ਦੇ ਸਕੇ ਪਿਓ ਨੇ ਵੀ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ ਤੇ ਮਤ੍ਰੇਏ ਬਾਪ ਦਾ ਵੀ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਸ਼ਾਇਦ, ਇਹੋ ਕਾਰਨ ਸੀ ਕਿ ਐਲਿਨ ਨੂੰ ਵਿਆਹ ਵਿਚ ਵਿਸ਼ਵਾਸ ਨਹੀਂ ਸੀ।

ਐਲਿਨ ਤੇ ਨੀਤੀ ਦੇ ਵਿਆਹ ਤੋਂ ਕੁਝ ਦਿਨ ਬਾਅਦ ਮੈਂ ਆਪਣੇ ਨਵੇਂ ਘਰ ਵਿਚ ਸ਼ਿਫ਼ਟ ਹੋਣਾ ਸੀ। ਨਵਾਂ ਘਰ? ਇਕ ਬੈੱਡਰੂਮ ਦਾ। ਮੇਰੇ ਲਈ ਬਹੁਤ ਸੀ। ਨਿੱਕੀ ਜਿਹੀ ਕਿਚਨ ਤੇ ਵਾਸ਼ਰੂਮ। ਬੈਠਣ ਲਈ ਛੋਟਾ ਜਿਹਾ ਕਮਰਾ। ਜ਼ਿੰਦਗੀ ਦਾ ਮੋੜ ਔਝੜਾ ਸੀ, ਪਰ ਇਸਦੇ ਰਸਤੇ ਸਾਫ਼ ਕਰਨ ਵਾਸਤੇ ਮੇਰੇ ਵਿਚ ਹਿੰਮਤ ਸੀ। ਕੀਰਤੀ ਨੇ ਮੇਰੇ ਕਈ ਮਸਲੇ ਹੱਲ ਕਰਵਾ ਦਿੱਤੇ। ਲੀਗਲ ਏਡ ਦੁਆ ਦਿੱਤੀ। ਭੱਜ-ਨੱਠ ਕਰਕੇ ਮੇਰਾ ਨਿੱਕਾ ਜਿਹਾ ਸੰਸਾਰ ਤਿਆਰ ਕਰਵਾ ਦਿੱਤਾ। ਕੀਰਤੀ ਨੇ ਹੀ ਮੈਨੂੰ ਕਾਰ ਚਲਾਉਣ ਦੇ ਲੈਸਨ ਬੁੱਕ ਕਰਵਾ ਦਿੱਤੇ। ਜਿਹੜੇ ਕੰਮ ਮੈਂ ਜ਼ਿੰਦਗੀ ਵਿਚ ਨਹੀਂ ਸਨ ਕੀਤੇ ਜਾਂ ਕਰਨ ਬਾਰੇ ਸੋਚਿਆ ਨਹੀਂ ਸੀ, ਉਹ ਮੈਂ ਹੁਣ ਕਰ ਰਹੀ ਸਾਂ, ਸਿੱਖ ਰਹੀ ਸਾਂ।

ਨੀਤੀ ਤੇ ਐਲਿਨ ਆਪਣੀ ਦੁਨੀਆਂ ਵਿਚ ਖੁਸ਼ ਸਨ। ਐਲਿਨ ਦੀ ਮਾਂ ਨੇ ਐਲਿਨ ਨੂੰ ਸੰਜਮ ਨਾਲ਼ ਜ਼ਿੰਦਗੀ ਚਲਾਉਣੀ ਸਿਖਾਈ ਹੋਈ ਸੀ। ਉਸੇ ਸੰਜਮ ਵਿੱਚੋਂ ਐਲਿਨ ਨੇ ਦੋ ਬੈੱਡਰੂਮ ਦਾ ਕੌਂਡੋਮਿਨੀਅਮ ਖਰੀਦ ਲਿਆ ਸੀ। ਐਲਿਨ ਤੇ ਨੀਤੀ ਦਾ ਸਜਿਆ-ਫੱਬਿਆ ਘਰ ਉਨ੍ਹਾਂ ਦੇ ਪਿਆਰ ਨਾਲ਼ ਮਹਿਕ ਰਿਹਾ ਸੀ।

ਮੈਂ ਵੀ ਖੁਸ਼ ਸਾਂ। ਬੇਸ਼ਕ ਪਿੱਛੇ ਛੱਡੇ ਸੰਸਾਰ ਦੀ ਮੇਰੇ ਮਨ ਵਿਚ ਰੜਕ ਸੀ, ਪਰ ਮੈਂ ਕੰਮ ਤੋਂ ਪਰਤਦੀ ਅਤੇ ਆਪਣੀ ਦੁਨੀਆਂ ਵਿਚ ਗੁੰਮ ਹੋ ਜਾਂਦੀ। ਨਵਾਂ ਸੰਸਾਰ, ਨਵੀਆਂ ਦੋਸਤੀਆਂ, ਨਵੀਂ ਮਿਲੀ ਆਜ਼ਾਦੀ ਵਿਚ ਮੈਂ ਵੀ ਪਰਚਣ ਲੱਗੀ। ਨਵੇਂ ਢੰਗ ਨਾਲ਼ ਜੀਣਾ ਸਿੱਖਣ ਲੱਗੀ।

... ਤੇ ਫੇਰ ਇਕ ਦਿਨ ਮੇਰੇ ਘਰ ਦੀ ਡੋਰ ਬੈੱਲ ਨੇ ਲੇਰਾਂ ਮਾਰੀਆਂ। ਮੈਂ ਦਰ ਖੋਲ੍ਹਿਆ ਤਾਂ ਬਾਹਰ ਹਰਦੇਵ ਖੜਾ ਸੀ। ਵਧੀ ਹੋਈ ਦਾੜ੍ਹੀ, ਮੈਲੇ ਕੁਚੈਲੇ ਕੱਪੜੇ, ਉਨੀਂਦਰੇ ਨਾਲ਼ ਭਰੀਆਂ ਅੱਖਾਂ।

ਸ਼ਿਸ਼ਟਾਚਾਰ ਵੱਜੋਂ ਮੈਂ ਅੰਦਰ ਲੰਘ ਆਉਣ ਲਈ ਕਿਹਾ।

ਉਸਨੇ ਅੰਦਰ ਵੜਦੇ ਹੀ ਆਲ਼ੇ-ਦੁਆਲੇ ਨਿਗਾਹ ਘੁਮਾਈ ਤੇ ਲਿਵਿੰਗ ਰੂਮ ਵਿਚ ਬੈਠ ਗਿਆ। ਉਸਦੀ ਤਨਜ਼ ਭਰੀ ਨਜ਼ਰ ਨੇ ਜਿਵੇਂ ਕਿਹਾ ਹੋਵੇ,'ਇੱਥੇ ਮੌਜਾਂ ਮਾਣਦੀ ਏਂ?' ਤੇ ਉਹਦੇ ਚਿਹਰੇ ਦੇ ਹਾਵ-ਭਾਵ ਦੇਖ ਕੇ ਮੇਰੇ ਅੰਦਰਲੇ ਵਹਿਮ ਨੇ ਮੇਰੇ ਅੰਦਰ ਕਈ ਸਵਾਲ ਪੈਦਾ ਕੀਤੇ।

ਇਹ ਸਿਲਸਿਲਾ ਬਹੁਤੀ ਦੇਰ ਨਾ ਰਿਹਾ। ਮੇਰਾ ਵਹਿਮ ਗ਼ਲਤ ਨਹੀਂ ਸੀ। ਹਰਦੇਵ ਨੂੰ ਕੋਈ ਅਫ਼ਸੋਸ ਨਹੀਂ ਸੀ। ਉਸਦੀ ਬਿਗੜੀ ਹਾਲਤ ਨਾਲ਼ ਵੀ, ਆਵਾਜ਼ ਵਿਚ ਉਹੀ ਕੜਕ ਸੀ। ਉਸਦੀ ਸੋਚ ਅਨੁਸਾਰ, ਮੇਰੇ ਦਰ ਤੇ ਉਸਦਾ ਆਉਣਾ ਮੇਰੇ ਲਈ ਸੁਭਾਗਾ ਹੋਣਾ ਚਾਹੀਦਾ ਸੀ। ਮੈਨੂੰ ਚਾਹੀਦਾ ਸੀ ਕਿ ਮੈਂ ਹਰਦੇਵ ਤੋਂ ਮੁਆਫ਼ੀ ਮੰਗਾਂ ਅਤੇ ਘਰ ਵਾਪਿਸ ਜਾਣ ਲਈ ਤਰਲੇ ਕਰਾਂ। ਮੇਰੇ ਕੰਨਾਂ ਨੂੰ ਉਸਦੇ ਬੋਲਾਂ ਨੇ ਸੁੰਨ ਕਰ ਦਿੱਤਾ, ਜਦੋਂ ਕਹਿਣ ਲੱਗਾ, ਭਲੀਮਾਣਸ ਬਣ ਕੇ ਘਰ ਨੂੰ ਤੁਰ ਪਉ। ਵਰਨਾ ਤੇਰੇ ਅਰਗੀਆਂ ਨੂੰ ਕਿਵੇਂ ਸਿੱਧੇ ਕਰੀਦਾ ਹੈ, ਮੈਂ ਜਾਣਦਾ ਹਾਂ।””

ਮੈਂ ਉਸਦੇ ਆਖ਼ੇ ਸ਼ਬਦਾਂ ਵਿਚ ਗੁਆਚ ਗਈ। ਮੈਨੂੰ ਲੱਗਾ ਜਿਵੇਂ ਮੈਂ ਕੋਈ ਸੁਪਨਾ ਦੇਖ ਰਹੀ ਹੋਵਾਂ। ਨਾ ਮੇਰਾ ਹਾਲ-ਚਾਲ। ਨਾ ਧੀ ਦੀ ਸੁੱਖ ਸਾਂਦ। ਐਨੇ ਸਮੇਂ ਤੋਂ ਬਾਅਦ ਉਹ ਜਿਵੇਂ ਮੇਰੇ ਉੱਤੇ ਅਹਿਸਾਨ ਕਰਨ ਆਇਆ ਹੋਵੇ। ਮੇਰੇ ਵੀ ਗੁੱਸੇ ਦੀ ਹੱਦ ਨਾ ਰਹੀ। ਮੈਂ ਇੱਕੋ ਗੱਲ ਆਖੀ, ਮੇਰੀ ਗ਼ਲਤੀ ਹੈ ਕਿ ਮੈਂ ਤੁਹਾਨੂੰ ਅੰਦਰ ਵੜਨ ਦਿੱਤਾ। ਬੱਸ ਚਲੇ ਜਾਓ। ਮੈਂ ਕੋਈ ਲੜਾਈ ਝਗੜਾ ਨਹੀਂ ਕਰਨਾ ਚਾਹੁੰਦੀ।””

ਮੈਂ ਦੋ ਕਦਮ ਵੱਧ ਕੇ ਅਪਾਰਟਮੈਂਟ ਦਾ ਦਰ ਖੋਲ੍ਹ ਕੇ ਖੜ੍ਹੀ ਹੋ ਗਈ। ਹਰਦੇਵ ਨੇ ਮੇਰੇ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਸ਼ਾਇਦ ਮੇਰੇ ਇਨ੍ਹਾਂ ਬੋਲਾਂ ਨੇ ਉਸਨੂੰ ਨੀਂਦ ਵਿੱਚੋਂ ਜਗਾ ਦਿੱਤਾ, ਇਹ ਤੁਹਾਡਾ ਘਰ ਨਹੀਂ ... ਮੇਰਾ ਘਰ ਹੈ। ਹੱਥ ਚੁੱਕਣ ਦੀ ਕੋਸ਼ਿਸ਼ ਵੀ ਨਹੀਂ ਕਰਨੀ।””

ਹਰਦੇਵ ਝੇਂਪ ਗਿਆ ਉਹ ਲਾਲ ਅੱਖਾਂ ਦਿਖਾਉਂਦਾ ਹੋਇਆ ਦਰੋਂ ਬਾਹਰ ਹੋ ਗਿਆ।

ਮੈਂ ਦਰ ਬੰਦ ਕਰਕੇ ਥਾਂ ਹੀ ਬੈਠ ਗਈ। ਕੰਬਦੀਆਂ ਲੱਤਾਂ ਮੇਰਾ ਸਾਥ ਨਹੀਂ ਸਨ ਦੇ ਰਹੀਆਂ। ਪੂਰੀ ਰਾਤ ਮੈਂ ਇਸ ਹਾਦਸੇ ਬਾਰੇ ਸੋਚਦੀ ਰਹੀ। ਜਿੱਥੇ ਤਲਖ਼ੀ ਨਾਲ਼ ਮਨ ਅਸ਼ਾਂਤ ਹੋ ਰਿਹਾ ਸੀ ਉਸਦੇ ਨਾਲ਼ ਡਰ ਵੀ ਮਨ ਦੇ ਕਿਸੇ ਕੋਨੇ ਵਿਚ ਡੇਰਾ ਲਾ ਕੇ ਬੈਠ ਗਿਆ ਸੀ। ਮਨ ਸੀ ਜਿਵੇਂ ਸ਼ਾਂਤ ਹੋਣ ਦਾ ਨਾਂ ਨਹੀਂ ਸੀ ਲੈ ਰਿਹਾ। ਕਈ ਕੁਝ ਸੋਚ ਦੀ ਸਕਰੀਨ ’ਤੇ ਘੁੰਮ ਰਿਹਾ ਸੀ। ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਮੇਰੀ ਤਸਵੀਰ ਵੀ ਉੱਭਰ ਕੇ ਸਾਮ੍ਹਣੇ ਆ ਕੇ ਠਾਹ ਕਰਕੇ ਮੱਥੇ ਵਿਚ ਵੱਜਦੀ।

ਮੈਂ ਪਲ-ਪਲ ਨੂੰ ਭੋਰ ਭੋਰ ਕੇ ਮਸਾਂ ਰਾਤ ਕੱਟੀ।

ਸਵੇਰੇ ਉੱਠੀ ਤਾਂ ਸਿਰ ਭਾਰਾ ਸੀ। ਸੋਚਾਂ ਨੇ ਸਿਰ ਵਿਚ ਖਲਲ ਮਚਾਇਆ ਹੋਇਆ ਸੀ। ਚਾਹ ਦੀ ਪਿਆਲੀ ਨਾਲ਼ ਮੈਂ ਦੋ ਟਾਇਨੌਲ ਲੈ ਲਈਆਂ। ਅੰਦਰ ਦੇ ਊਧਮ ਨੂੰ ਠੱਲ੍ਹ ਨਹੀਂ ਸੀ ਪੈ ਰਹੀ। ਮੈਂ ਉੱਠੀ, ਸ਼ਾਵਰ ਲਿਆ, ਤਿਆਰ ਹੋਈ। ਤਿਆਰ ਹੋ ਕੇ ਮਨ ਵਿਚ ਕੁਝ ਕੁ ਠਹਿਰਾ ਆ ਗਿਆ। ਮੈਂ ਬੈਗ ਚੁੱਕਿਆ ਅਤੇ ਦਰੋਂ ਬਾਹਰ ਹੋ ਗਈ। ਮੇਰੇ ਪੈਰ ਐਡਵੋਕੇਟ ਦੇ ਦਫ਼ਤਰ ਅੱਗੇ ਜਾ ਰੁਕੇ ...

*****

(64)

About the Author

ਬਲਬੀਰ ਕੌਰ ਸੰਘੇੜਾ

ਬਲਬੀਰ ਕੌਰ ਸੰਘੇੜਾ

Email: (balbirsanghera@yahoo.com)