KuldeepSKhokhar7ਹਵੇਲੀਨੁਮਾ ਘਰ ਉੱਪਰ ਇੱਲ੍ਹਾਂ ਅਤੇ ਗਿਰਝਾਂ ਨੇ ਆ ਡੇਰੇ ਲਾਏ ...
(31 ਅਕਤੂਬਰ 2016)

 

ਸੁਦਾਗਰ ਸਿੰਘ ਤੇ ਬਚਨ ਕੌਰ ਨੇ ਕਿਹੜਾ ਗੁਰਦਵਾਰਾ, ਪੀਰ ਦੀ ਜਗ੍ਹਾ ਜਾਂ ਮੰਦਿਰ ਸੀ ਜਿਸ ਵਿੱਚ ਜਾ ਕੇ ਸੁੱਖ ਨਾ ਸੁੱਖੀ ਹੋਵੇ ਕਿ ਘਰ ਵਿਚ ਖੁਸ਼ੀਆਂ ਅਤੇ ਲਾਡ ਲਡਾਉਣ ਲਈ ਇੱਕ ਜੀਅ ਆਵੇ, ਵਿਆਹ ਨੂੰ ਕਈ ਸਾਲ ਬੀਤ ਚੁੱਕੇ ਸਨ ਪ੍ਰੰਤੂ ਔਲਾਦ ਲਈ ਭਟਕਣ ਅਜੇ ਬਾਕੀ ਸੀ, ਕੋਈ ਆਸ ਦੀ ਕਿਰਨ ਨਾ ਦਿਸਣ ਦੇ ਬਾਵਜੂਦ ਦੋਵੇਂ ਪਤੀ-ਪਤਨੀ ਆਏ-ਗਏ ਦੀ ਟਹਿਲ ਸੇਵਾ ਕਰਦੇ ਅਤੇ ਰੋਜ਼ਾਨਾ ਨੇਮਬੱਧ ਧਾਰਮਿਕ ਸਥਾਨਾਂ ’ਤੇ ਜਾ ਮੱਥੇ ਰਗੜਦੇ, ਲੇਲ੍ਹੜੀਆਂ ਕੱਢਦੇ। ਅਖੀਰ ਪ੍ਰਮਾਤਮਾ ਨੇ ਉਨ੍ਹਾਂ ਦੀ ਸੁਣ ਲਈ। ਜਿਉਂ ਹੀ ਬਚਨ ਕੁਰ ਦੀ ਕੁੱਖ ਹਰੀ ਹੋਈ, ਘਰ ਦੀਆਂ ਖੁਸ਼ੀਆਂ ਨੇ ਆ ਡੇਰੇ ਲਾਏਖੇਤੀਬਾੜੀ ਇੱਕ ਲਾਹੇਵੰਦ ਧੰਦਾ ਹੋ ਨਿੱਬੜਿਆ। ਦੇਖਦੇ ਹੀ ਦੇਖਦੇ ਦਸ ਕਿੱਲਿਆਂ ਦੀ ਭੋਇੰ ਪੰਦਰਾਂ ਵਿਚ ਬਦਲ ਗਈ। ਜਦੋਂ ਇਸ ਨਵੇਂ ਜੀਅ ਨੇ ਘਰ ਵਿੱਚ ਜਨਮ ਲਿਆ ਤਾਂ ਦਾਈ ਨੇ ਕਿਹਾ,ਭਾਈ ਲੱਛਮੀ ਆਈ ਹੈ।’ ਸੁਦਾਗਰ ਸਿੰਘ ਸਹਿ-ਸੁਭਾਅ ਕਹੇ ਸ਼ਬਦਾਂ ਬਾਰੇ ਸੋਚਣ ਲੱਗਿਆ ਕਿ ਵਾਕਿਆ ਹੀ ਲੱਛਮੀ ਨੇ ਆਪ ਜਨਮ ਲਿਆ ਏ, ਕਿਉਂ ਜੋ ਕੁਝ ਕੁ ਮਹੀਨਿਆਂ ਵਿੱਚ ਪੈਸੇ ਪੱਖੋਂ ਹੋਈ ਖੁੱਲ੍ਹ-ਖੇਡ ਸਪਸ਼ਟ ਦਿਸ ਰਹੀ ਸੀ। ਮਾਂ-ਪਿਓ ਨੇ ਖੁਸ਼ੀ ਵਿੱਚ ਖੀਵੇ ਹੋਇਆਂ ਨੇ ਬੱਚੀ ਦਾ ਨਾਮ ਰੱਖਿਆ ਕਰਮੋ - ਕਰਮਾ ਵਾਲ਼ੀਮਾਂ-ਪਿਓ ਦੀ ਲਾਡਲੀ ਧੀ ਖੁਸ਼ਹਾਲ ਮਾਹੌਲ ਵਿਚ ਪਲ ਕੇ ਵੱਡੀ ਹੋਣ ਲੱਗੀ। ਮਾਪਿਆਂ ਨੇ ਪੁੱਤਰਾਂ ਤੋਂ ਵੱਧ ਲਾਡ ਲਡਾਏ ਤੇ ਪੂਰੀਆਂ ਅੱਠ ਜਮਾਤਾਂ ਪੜ੍ਹਾਈਆਂ ਜੋ ਕਿ ਉਨ੍ਹਾਂ ਸਮਿਆਂ ਵਿਚ ਘੱਟ ਨਹੀਂ ਸਨ। ਕਰਮੋ ਦੀ ਹਰ ਖੁਸ਼ੀ ਦਾ ਧਿਆਨ ਰੱਖਿਆ।

ਚਾਵਾਂ ਅਤੇ ਲਾਡਾਂ ਨਾਲ ਪਾਲੀ ਧੀ ਦੇ ਹਿੱਸੇ ਦਾ ਉਹ ਦਿਨ ਵੀ ਆ ਗਿਆ ਜੋ ਪ੍ਰਮਾਤਮਾ ਨੇ ਹਰੇਕ ਧੀ ਦੇ ਹਿੱਸੇ ਵਿੱਚ ਰੱਖਿਆ ਹੋਇਆ ਹੈ, ਮਾਪਿਆਂ ਤੋਂ ਵਿਛੜਨ ਦਾ ਦਿਨ। ਸੁਦਾਗਰ ਸਿੰਘ ਨੇ ਖਾਂਦੇ-ਪੀਂਦੇ ਪਰਿਵਾਰ ਦਾ ਲਾਇਕ ਮੁੰਡਾ ਦੇਖ ਕੇ ਕਰਮੋ ਕਰਮਾ ਵਾਲ਼ੀ ਦਾ ਵਿਆਹ ਕਰ ਦਿੱਤਾ। ਮੁਕਲਾਵਾ ਭੇਜਣ ਤੱਕ ਪਿੰਡ ਦੇ ਲੋਕ ਕਰਮੋ ਦੇ ਘਰ ਵਾਲੇ ਨੂੰ ਦੇਵਾ ਹੀ ਆਂਖਦੇ ਸਨ। ਜਿਉਂ ਹੀ ਮੁਕਲਾਵਾ ਦੇਵੇ ਦੇ ਘਰ ਪੁੱਜਾ ਤਾਂ ਉਹ ਦੇਵੇ ਤੋਂ ਬਲਦੇਵ ਸਿੰਘ ਹੋ ਗਿਆ। ਉਸੇ ਦਿਨ ਤੋਂ ਸਮਾਜ ਨੇ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ। ਬਲਦੇਵ ਸਾਰਾ ਦਿਨ ਕਰਮੋ-ਕਰਮੋ ਕਰਦਾ ਖੁਸ਼ੀ ਵਿਚ ਉੱਡਿਆ ਫਿਰਦਾ, ਕਰਮੋ ਦੇ ਸਾਹਾਂ ਵਿੱਚ ਸਾਹ ਲੈਂਦਾਉਹਦੀ ਹਰ ਖੁਸ਼ੀ ਦਾ ਖਿਆਲ ਰੱਖਦਾ। ਕਰਮੋ ਸਵਖਤੇ ਉੱਠ ਸਾਰਾ ਕੰਮ ਕਾਰ ਸੰਭਾਲਦੀ ਪਰਿਵਾਰ ਵਿਚ ਖੁਸ਼ੀਆਂ ਖੇੜੇ ਵੰਡਣ ਲੱਗੀ।

ਸਹੁਰੇ ਪਰਿਵਾਰ ਪੁੱਜਦੇ ਹੀ ਪ੍ਰਮਾਤਮਾ ਨੇ ਕਰਮੋ ਨੂੰ ਪੁੱਤਰ ਦਾਤ ਬਖਸ਼ ਦਿੱਤੀ। ਕਿਉਂ ਜੋ ਕਰਮਾ ਵਾਲ਼ੀ ਸੀ ਬਈ, ਪ੍ਰਮਾਤਮਾ ਅਜਿਹਾ ਮਿਹਰਬਾਨ ਹੋਇਆ ਕਿ ਉੱਪਰੋਥਲੀ ਦੋ ਹੋਰ ਪੁੱਤਰਾਂ ਨੇ ਜਨਮ ਲਿਆ। ਮਾਪਿਆਂ ਨੇ ਚਾਵਾਂ ਅਤੇ ਮੋਹ ਦੀਆਂ ਤੰਦਾਂ ਨਾਲ ਪੁੱਤਰਾਂ ਦੇ ਨਾਮ ਜਗਸੀਰ, ਕੁਲਜਾਪ ਤੇ ਦਰਸ਼ਨ ਰੱਖੇ। ਕਰਮੋ ਦੇ ਪੈਰ ਧਰਤੀ ’ਤੇ ਨਾ ਲੱਗਦੇ, ਪੁੱਤਰਾਂ ਵਾਲ਼ੀ ਜੋ ਹੋ ਗਈ ਸੀ। ਸਾਰੀ ਦਿਹਾੜੀ ਖੁਸ਼ੀ-ਖੁਸ਼ੀ ਕਿਸੇ ਅਲੌਕਿਕ ਜਿਹੀ ਸ਼ਕਤੀ ਨਾਲ ਉੱਡੀ ਫਿਰਦੀ। ਬਲਦੇਵ ਵੀ ਆਪਣੇ ਪੁੱਤਰਾਂ ਤੋਂ ਜਾਨ ਵਾਰਦਾ, ਉਨ੍ਹਾਂ ਦੀ ਪ੍ਰਵਰਿਸ਼ ਵਿਚ ਕੋਈ ਕਮੀ ਨਹੀਂ ਸੀ ਛੱਡਣੀ ਚਾਹੁੰਦਾ। ਕਰਮੋ ਅਤੇ ਬਲਦੇਵ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਦੇਖਦੇ ਤੇ ਹਰ ਸ਼ੈਅ ਉਨ੍ਹਾਂ ਦੀ ਝੋਲੀ ਪਾਉਂਦੇ। ਕਰਮੋ ਬੱਚਿਆਂ ਨੂੰ ਤਿਆਰ ਕਰਨ, ਸਕੂਲ ਭੇਜਣ ਤੋਂ ਲੈ ਕੇ ਉਨ੍ਹਾਂ ਦੀ ਪੜ੍ਹਾਈ ਵਿਚ ਮਦਦ ਕਰਨ ਤੱਕ ਉਹ ਸਭ ਕੁਝ ਕਰਦੀ ਜੋ ਇੱਕ ਮਾਂ ਕਰ ਸਕਦੀ ਏਕਰਮੋ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਧਿਆਨ ਰੱਖਦੀ

ਜਗਸੀਰ ਪਿੰਡ ਦੇ ਸਕੂਲ ਤੋਂ ਦਸਵੀਂ ਕਰ ਕੇ ਸ਼ਹਿਰ ਵਿਚ ਵਿਗਿਆਨ ਦੀ ਪੜ੍ਹਾਈ ਪੜ੍ਹਨ ਲੱਗ ਪਿਆ। ਉਸਦੇ ਪਦ-ਚਿੰਨ੍ਹਾਂ ’ਤੇ ਚਲਦੇ ਕੁਲਜਾਪ ਅਤੇ ਦਰਸ਼ਨ ਵੀ ਪਿੰਡੋਂ ਮੈਟਰਿਕ ਕਰਕੇ ਇੰਜੀਨੀਅਰਿੰਗ ਅਤੇ ਐੱਮ. ਬੀ. ਬੀ. ਐੱਸ ਵਿੱਚ ਦਾਖ਼ਲ ਹੋਏ। ਜਗਸੀਰ ਆਪਣਾ ਕਾਲਜ ਪੂਰਾ ਕਰ ਯੂਨੀਵਰਸਿਟੀ ਵਿੱਚ ਪੜ੍ਹਨ ਲੱਗਿਆਇੱਕ ਵਧੀਆ ਵਿਦਿਆਰਥੀ ਵਾਂਗ ਪੜ੍ਹਾਈ ਕਰਦਾ ਹੋਇਆ ਆਪਣੇ ਹੀ ਨਾਲ ਪੜ੍ਹਦੀ ਹਰਦੀਪ ਦਾ ਕਦੋਂ ਹੋ ਗਿਆ, ਉਹਨੂੰ ਆਪ ਨੂੰ ਵੀ ਪਤਾ ਨਾ ਲੱਗਿਆ। ਦੋਹਾਂ ਨੇ ਇਕੱਠੇ ਜਿਉਣ-ਮਰਨ ਦੇ ਵਾਅਦੇ ਵੀ ਕਰ ਲਏ। ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰ ਕੇ ਜਗਸੀਰ ਸਿਵਲ ਸਰਵਿਸਜ਼ ਦੀ ਤਿਆਰੀ ਕਰਨ ਲੱਗਿਆਂ ਤੇ ਦੂਜੇ ਹੀ ਮੌਕੇ ਉਹ ਇਸ ਪ੍ਰੀਖਿਆ ਵਿੱਚ ਸਫ਼ਲ ਹੋ ਗਿਆ। ਉਸਨੇ ਪਿੰਡ ਆ ਕੇ ਮਾਂ-ਪਿਉ ਨੂੰ ਹਰਦੀਪ ਬਾਰੇ ਦੱਸਿਆ। ਮਾਪੇ ਤਾਂ ਪਹਿਲਾਂ ਹੀ ਬੱਚਿਆਂ ਦੀ ਖੁਸ਼ੀ ਵਿੱਚ ਖੁਸ਼ ਸਨ ਅਤੇ ਉਨ੍ਹਾਂ ਨੇ ਬਿਨਾਂ ਕਿਸੇ ਹੀਲ ਹੁੱਜਤ ਦੇ ਉਨ੍ਹਾਂ ਦੇ ਪਿਆਰ ਨੂੰ ਨੇਪਰੇ ਚਾੜ੍ਹਦਿਆਂ ਪੂਰੇ ਰਸਮੋ ਰਿਵਾਜ਼ਾਂ ਨਾਲ ਹਰਦੀਪ ਨੂੰ ਨੂੰਹ ਬਣਾ ਕੇ ਘਰ ਲੈ ਆਂਦਾ।

ਕਰਮੋ ਹੁਣ ਪੁੱਤਰਾਂ ਤੋਂ ਨੂੰਹਾਂ ਵਾਲੀ ਬਣ ਗਈ ਸੀਉੱਧਰ ਕੁਲਜਾਪ ਨੇ ਇੰਜੀਨਿਅਰਿੰਗ ਦੀ ਡਿਗਰੀ ਪੂਰੀ ਕਰ ਤੇ ਵਾਪਿਸ ਪਿੰਡ ਆ ਗਿਆ ਤੇ ਨੌਕਰੀ ਦੀ ਭਾਲ ਵਿੱਚ ਇੱਧਰ ਉੱਧਰ ਹੱਥ ਮਾਰਨ ਲੱਗਿਆਪੇਟ ਘਰੋੜੀ ਦਾ ਸਾਰਿਆਂ ਤੋਂ ਛੋਟਾ ਦਰਸ਼ਨ ਹੁਣ ਡਾਕਟਰ ਦਰਸ਼ਨ ਸਿੰਘ ਬਣ ਗਿਆ ਤੇ ਆਪਣੇ ਨਾਲ ਪੜ੍ਹਦੀ ਡਾਕਟਰ ਰਜਨੀ ਨਾਲ ਵਿਆਹ ਕਰਵਾ ਕੇ ਉੱਥੇ ਸ਼ਹਿਰ ਵਿਚ ਹੀ ਕਲੀਨਿਕ ਖੋਲ੍ਹ ਕੇ ਪੱਕੇ ਤੌਰ ’ਤੇ ਵਸ ਗਿਆ। ਡਾਕਟਰ ਪਤੀ ਪਤਨੀ ਨੂੰ ਲੱਗਿਆ ਕਿ ਉਨ੍ਹਾਂ ਦੇ ਕਿੱਤੇ ਦਾ ਵਿਸਥਾਰ ਪਿੰਡ ਨਾਲੋਂ ਸ਼ਹਿਰ ਵਿੱਚ ਵਧੇਰੇ ਹੈ।

ਜਗਸੀਰ ਤੇ ਹਰਦੀਪ ਦੀ ਨੌਕਰੀ ਤਾਂ ਵੱਡੇ ਪੱਧਰ ਦੀ ਸੀ, ਉਨ੍ਹਾਂ ਦਾ ਕੋਈ ਪੱਕਾ ਟਿਕਾਣਾ ਨਾ ਬਣ ਸਕਿਆ ਤੇ ਪਿੰਡ ਨੂੰ ਅਲਵਿਦਾ ਆਖਣਾ ਪਿਆ। ਕੁਲਤਾਰ ਅਜੇ ਨੌਕਰੀ ਲਈ ਹੱਥ ਪੈਰ ਮਾਰ ਹੀ ਰਿਹਾ ਸੀ ਕਿ ਮਾਪਿਆਂ ਨੇ ਉਹਦੇ ਲਈ ਕੁੜੀ ਲੱਭੀ ਅਤੇ ਵਿਆਹ ਕਰ ਦਿੱਤਾਕੁੜੀ ਵੀ ਉਸੇ ਦੀ ਪੜ੍ਹਾਈ ਨਾਲ ਸਬੰਧਤ ਸੀ। ਚਾਹੇ ਪਰਿਵਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਫਿਰ ਵੀ ਕੋਈ ਕੰਮ ਤਾਂ ਕਰਨਾ ਹੀ ਸੀ, ਇਸ ਲਈ ਕੁਲਤਾਰ ਤੇ ਉਸਦੀ ਪਤਨੀ ਨੇ ਆਪਣੀ ਤੇ ਡਾਕਟਰ ਭਰਾ ਦੀ ਸੋਚ ਨੂੰ ਸਹੀ ਮੰਨਦੇ ਹੋਏ ਕੈਨੇਡਾ ਵਸਣ ਦਾ ਫ਼ੈਸਲਾ ਕਰ ਲਿਆ ਤੇ ਦੋਵੇ ਜੀਅ ਕਿਸੇ ਵੱਡੀ ਪ੍ਰਾਈਵੇਟ ਕੰਪਨੀ ਦੀ ਸਪਾਂਸਰਸ਼ਿਪ ਮੰਗਵਾ ਕੈਨੇਡਾ ਰਵਾਨਾ ਹੋ ਗਏ ਅਤੇ ਉੱਥੇ ਹੀ ਵਸ ਗਏ।

ਹੁਣ ਪਿੰਡ ਵਿੱਚ ਕਰਮੋ ਅਤੇ ਬਲਦੇਵ ਸਿੰਘ ਆਪਣੇ ਬੁਢਾਪੇ ਦੇ ਦਿਨ ਇਕ-ਦੂਜੇ ਦੇ ਸਹਾਰੇ ਕੱਟਣ ਲੱਗੇਦੋਨਾਂ ਕੋਲ ਪੈਸੇ ਦੀ ਕਮੀ ਨਹੀਂ ਸੀ, ਕਮੀ ਸੀ ਤਾਂ ਬੱਸ ਪੁੱਤਰਾਂ ਦੀ, ਜੋ ਪੜ੍ਹ-ਲਿਖ ਵਿਆਹ ਕਰਵਾ ਦੂਰ ਵੱਖ-ਵੱਖ ਸ਼ਹਿਰਾਂ ਵਿੱਚ ਵਸ ਗਏ ਸਨ। ਤਿੰਨੇ ਪੁੱਤਰ ਕਦੇ ਕਦਾਈਂ ਪਿੰਡ ਗੇੜਾ ਮਾਰਦੇ। ਡਾਕਟਰ ਨੇ ਆਪਣਾ ਬਹੁਤ ਵੱਡਾ ਹਸਪਤਾਲ ਖੋਲ੍ਹ ਲਿਆ ਸੀ ਤੇ ਜਗਸੀਰ ਤਾਂ ਡੀ.ਸੀ ਲੱਗ ਗਿਆ ਸੀ। ਕਰਮੋ ਆਪਣੇ ਪਤੀ ਸਹਾਰੇ ਜੀਵਨ ਜਿਉਂ ਰਹੀ ਸੀ ਪਰ ਬਲਦੇਵ ਸਿੰਘ ਦੇ ਮਨ ਵਿੱਚ ਇਹ ਝੋਰਾ ਜ਼ਰੂਰ ਸੀ ਕਿ ਪੁੱਤਾਂ ਨੂੰ ਪੜ੍ਹਾ-ਲਿਖਾ ਚੰਗੇ ਆਹੁਦਿਆਂ ’ਤੇ ਪੁਹੰਚਾ ਕੇ ਅੱਜ ਇਕਲਾਪੇ ਦੇ ਦਿਨ ਕੱਟ ਰਹੇ ਹਾਂਕਿੱਥੇ ਤਾਂ ਇਹ ਘਰ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਗੂੰਜਣਾ ਸੀ ਤੇ ਕਿੱਥੇ ਹੁਣ ਸੁੰਨਸਾਨ ਅਤੇ ਉਦਾਸੀ ਭਾਰੀ ਹੈਇਹ ਸੋਚਾਂ ਸੋਚਦਾ-ਸੋਚਦਾ ਬਲਦੇਵ ਸਿੰਘ ਅਚਾਨਕ ਕਰਮੋ ਕਰਮਾ ਵਾਲ਼ੀ ਨੂੰ ਛੱਡ ਕੇ ਤੁਰ ਗਿਆ।

ਦੋਵੇਂ ਪੁੱਤਰ ਖਬਰ ਮਿਲਦੇ ਹੀ ਘਰ ਪੁਹੰਚੇ ਤੇ ਪਿਉ ਦਾ ਸੰਸਕਾਰ ਕੀਤਾ ਪਰ ਕਰਮਾ ਮਾਰਿਆ ਕੁਲਜਾਪ ਸੱਤ ਸਮੁੰਦਰਾਂ ਤੋਂ ਆ ਕੇ ਪਿਉ ਦਾ ਆਖਰੀ ਵਾਰ ਮੂੰਹ ਵੀ ਨਾ ਦੇਖ ਸਕਿਆ ਅਤੇ ਭੋਗ ਤੱਕ ਵੀ ਮਸਾਂ ਹੀ ਪੁੱਜਾ। ਤਿੰਨੇ ਭਰਾ ਭੋਗ ਤੱਕ ਆਪੋ-ਆਪਣੇ ਕੰਮਾਂ ਅਨੁਸਾਰ ਪਿੰਡ ਵਿੱਚ ਰਹੇ, ਅੰਤਿਮ ਅਰਦਾਸ ਤੋਂ ਬਾਅਦ ਮਾਂ ਨੂੰ ਹੌਸਲਾ ਦੇ ਕੇ ਕਹਿੰਦੇ ਨਹੀਂ ਸੀ ਥੱਕਦੇ, ‘ਮਾਂ ਤੂੰ ਘਬਰਾਈ ਨਾ, ਜਲਦੀ ਹੀ ਸੈਟਿੰਗ ਕਰਕੇ ਆਪਣੇ ਕੋਲ ਬੁਲਾ ਲਵਾਗੇ।’

ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਮਹੀਨਾ ਕੁ ਤਾਂ ਹਰ ਦੂਜੇ ਤੀਜੇ ਦਿਨ ਉਨ੍ਹਾਂ ਦਾ ਆਉਣਾ ਜਾਰੀ ਰਿਹਾ ਤੇ ਕੁਲਜਾਪ ਇਹ ਕਹਿ ਕੇ ਵਾਪਿਸ ਚਲਾ ਗਿਆ ਕਿ ਮਾਂ ਜਲਦੀ ਗੇੜਾ ਮਾਰਾਂਗਾ। ਫਿਰ ਸਮਾਂ ਪੈਣ ਨਾਲ ਉਨ੍ਹਾਂ ਦਾ ਪਿੰਡ ਆਉਣਾ ਘਟਦਾ ਗਿਆ। ਦਿਨਾਂ ਤੋਂ ਹਫਤੇ, ਹਫਤਿਆਂ ਤੋਂ ਮਹੀਨੇ ਤੇ ਫਿਰ ਕਈ ਮਹੀਨਿਆਂ ਬਾਅਦ ਵੀ ਪੁੱਤਰਾਂ ਨੇ ਪਿੰਡ ਨਾ ਆਉਣਾ, ਬੱਸ ਫੋਨ ਉੱਪਰ ਹੀ ਹਾਲ-ਚਾਲ ਪੁੱਛ ਲੈਣਾ ਆਮ ਜਿਹੀ ਗੱਲ ਹੋ ਗਈ।

ਹੁਣ ਕਰਮੋ ਪਿੰਡ ਦੀ ਹਵੇਲੀਨੁਮਾ ਕੋਠੀ ਵਿੱਚ ਇਕੱਲੀ ਰਹਿੰਦੀ ਦੋਂਹ ਗਮਾਂ ਦੇ ਪੁੜਾਂ ਵਿਚਾਲੇ ਪਿਸ ਰਹੀ ਸੀ, ਇੱਕ ਬਲਦੇਵ ਸਿੰਘ ਦੇ ਤੁਰ ਜਾਣ ਦਾ ਤੇ ਦੂਜਾ ਪੁੱਤਰਾਂ ਵੱਲੋਂ ਅਣਗੌਲਿਆਂ ਕਰਨ ਦਾ

ਸਭ ਆਪੋ ਆਪਣੀ ਜ਼ਿੰਦਗੀ ਵਿੱਚ ਖੁਸ਼ ਸਨ, ਉਦਾਸ ਸੀ ਤਾਂ ਬੱਸ ਕਰਮੋ। ਬੁਢਾਪੇ ਦੀ ਉਮਰੇ ਇਕਲਾਪੇ ਦੀ ਜ਼ਿੰਦਗੀ ਜਿਊਂ ਰਹੀ ਕਰਮੋ ਹੁਣ ਪਹਿਲਾਂ ਵਾਲੀ ਕਰਮੋ ਕਰਮਾ ਵਾਲ਼ੀ ਨਾ ਰਹਿ ਗਈ ਸਗੋਂ ਇੱਕ ਮੂਰਤ ਹੀ ਬਣ ਗਈ ਸੀ ਜਿਸਦੇ ਚਿਹਰੇ ਤੋਂ ਸਾਫ਼ ਝਲਕਦੀ ਸੀ ਗੁੰਮਨਾਮੀ, ਨਿਰਾਸ਼ਤਾ ਅਤੇ ਉਦਾਸੀ

ਇਸੇ ਉਲਝਣਾਂ ਭਰੀ ਜਿੰਦਗੀ ਦੇ ਚਲਦਿਆਂ ਪਿੰਡ ਵਾਲਿਆਂ ਕਰਮੋ ਨੂੰ ਬਾਹਰ-ਅੰਦਰ ਆਉਂਦੀ ਜਾਂਦੀ ਨੂੰ ਕਈ ਦਿਨ ਨਾ ਦੇਖਿਆਪਿੰਡ ਵਾਲੇ ਸੋਚਣ ਲੱਗੇ ਕਿ ਸ਼ਾਇਦ ਕਿਸੇ ਪੁੱਤਰ ਦੇ ਮਨ-ਮਹਿਰ ਪੈ ਗਈ ਹੋਵੇ ਜੋ ਆਪਣੇ ਕੋਲ ਸ਼ਹਿਰ ਲੈ ਗਿਆ ਹੋਵੇ। ਦੂਜੇ ਹੀ ਪਲ ਉਨ੍ਹਾਂ ਦੇ ਮਨਾਂ ਵਿਚ ਵਿਚਾਰ ਉਪਜਦਾ ਕਿ ਕਰਮੋ ਇਸ ਤਰ੍ਹਾਂ ਮਿਲੇ ਬਗੈਰ ਥੋੜ੍ਹਾ ਜਾਂਦੀ, ਕਿਸੇ ਨੂੰ ਤਾਂ ਦੱਸ ਕੇ ਜਾਂਦੀ ਕਿ ਕਿਸ ਪੁੱਤਰ ਨਾਲ ਤੇ ਕਿਸ ਸ਼ਹਿਰ ਜਾ ਰਹੀ ਹੈ।

ਪਿੰਡ ਵਾਲ਼ੇ ਅਜੇ ਇਨ੍ਹਾਂ ਵਿਚਾਰਾਂ ਦੀ ਭਟਕਣ ਵਿੱਚ ਹੀ ਭਟਕ ਰਹੇ ਸਨ ਕਿ ਹਵੇਲੀਨੁਮਾ ਘਰ ਉੱਪਰ ਇੱਲ੍ਹਾਂ ਅਤੇ ਗਿਰਝਾਂ ਨੇ ਆ ਡੇਰੇ ਲਾਏ ਤੇ ਪਿੰਡ ਵਾਲੇ ਸਹਿਜ ਸੁਭਾਅ ਹੀ ਕਿਸੇ ਅਣਕਿਆਸੀ ਅਣਹੋਣੀ ਵਿਚ ਗਿਰਝਾਂ ਨੂੰ ਉੱਥੋਂ ਖਦੇੜਨ ਲਈ ਕਰਮੋ ਦੇ ਘਰ ਜਾ ਪੁਹੰਚੇ।. ਜਦੋਂ ਘਰ ਦਾ ਦਰਵਾਜਾ ਖੋਲ੍ਹਿਆ ਤਾਂ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ - ਕਰਮੋ ਕਰਮਾ ਵਾਲ਼ੀ ਨਹੀਂ-ਨਹੀਂ ਸੱਚ ਕਰਮਾ ਹਾਰੀ ਤਾਂ ਕਦੋਂ ਦੀ ਜਾ ਚੁੱਕੀ ਸੀ। ਬੱਸ ਧਰਤੀ ਉੱਪਰ ਪਿਆ ਸੀ ਕੀੜਿਆਂ ’ਤੇ ਗੰਧ ਨਾਲ ਭਰਿਆ ਪੁੱਤਰਾਂ ਵਾਲ਼ੀ ਮਾਂ ਦਾ ਇੱਕ ਬੇਜਾਨ ਸਰੀਰ।

*****

(480)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੁਲਦੀਪ ਸਿੰਘ ਖੋਖਰ

ਕੁਲਦੀਪ ਸਿੰਘ ਖੋਖਰ

Lecturer (Samrala, Ludhiana, Punjab, India.)
Phone: (91 - 98141 - 40077)