MandeepGhuman7ਮੀਤ ... ਹੁਣ ਭਾਈ ਤੂੰ ਨਾ ਆਇਆ ਕਰ ਐਥੇ ...
(ਜੁਲਾਈ 24, 2016)

 

ਬਜਾਜ ਤੋਂ ਆਪਣੇ ਲਈ ਸੂਟ ਉਸ ਖਰੀਦ ਲਿਆ, ਪਰ ਦੁਕਾਨ ਵਿੱਚੋਂ ਉੱਠਣ ਲਈ ਉਸ ਦਾ ਮਨ ਨਾ ਮੰਨਿਆ। ਉਸ ਨੇ ਦੁਕਾਨ ਵਾਲੇ ਭਾਈ ਤੋਂ ਪਾਣੀ ਦਾ ਗਿਲਾਸ ਮੰਗਿਆ। ਦੁਕਾਨ ’ਤੇ ਕੰਮ ਕਰਦਾ ਮੁੰਡਾ ਪਾਣੀ ਲੈ ਆਇਆ। ਪਾਣੀ ਦਾ ਘੁੱਟ ਭਰਦੇ-ਭਰਦੇ ਉਸ ਨੇ ਕੰਧ ’ਤੇ ਲੱਗੀ ਘੜੀ ਵੱਲ ਤੱਕਿਆ, ਬਾਰਾਂ ਵੱਜ ਚੁੱਕੇ ਸਨ। ਉਸ ਨੂੰ ਘਰੋਂ ਆਈ ਨੂੰ ਅਜੇ ਤਿੰਨ ਘੰਟੇ ਹੋਏ ਸਨ। ਇੱਥੋਂ ਉਸਦੇ ਘਰ ਤੱਕ ਦਾ ਸਫਰ ਸਿਰਫ ਅੱਧੇ ਕੁ ਘੰਟੇ ਦਾ ਸੀ, ਉਹ ਪਹਿਲੀ ਬੱਸ ਫੜ ਕੇ ਇੱਥੇ ਅੱਪੜ ਗਈ ਸੀ। ਬੱਸ ਹੌਲੀ ਆਈ ਸੀ, ਉਸ ਨੇ ਇੱਥੇ ਤੱਕ ਪਹੁੰਚਦਿਆਂ-ਪਹੁੰਚਦਿਆਂ ਟੁੱਟੀ ਹੋਈ ਸੜਕ ਤੇ ਪੌਣਾ ਘੰਟਾ ਲਾ ਦਿੱਤਾ ਸੀ। ਪਰ ਉਸ ਨੂੰ ਅੱਜ ਬੱਸ ਦੀ ਸਪੀਡ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੱਗੀ ਸੀ। ਪਹਿਲਾਂ ਜਦੋਂ ਵੀ ਉਹ ਆਈ ਸੀ ਉਸ ਨੂੰ ਬੱਸ ਦੀ ਸਪੀਡ ਅੱਜ ਤੋਂ ਵੱਧ ਹੋਣ ਦੇ ਬਾਵਜੂਦ ਵੀ ਬੱਸ ਦੀ ਚਾਲ ਉਸ ਨੂੰ ਬਲਦ ਗੱਡੇ ਤੋਂ ਵੱਧ ਨਹੀਂ ਸੀ ਲੱਗੀ। ਪਰ ਅੱਜ ਉਹ ਚਾਹੁੰਦੀ ਸੀ ਕਿ ਬੱਸ ਉਸਦੇ ਪਿੰਡ ਦੇ ਨੇੜਲੇ ਸ਼ਹਿਰ ਪਹੁੰਚਦਿਆਂ-ਪਹੁੰਚਦਿਆਂ ਕਈ ਘੰਟੇ ਲਾ ਦੇਵੇ। ਇਸ ਛੋਟੇ ਸ਼ਹਿਰ ਵਿਚ ਪਹੁੰਚ ਕੇ ਉਹ ਬਹੁਤ ਹੌਲੀ-ਹੌਲੀ ਤੁਰ ਕੇ ਬਜਾਜੀ ਦੀ ਦੁਕਾਨ ’ਤੇ ਪਹੁੰਚੀਬਜਾਜ ਆਪਣੇ ਕੰਮ ਵਿਚ ਮਗਨ ਸੀ। ਉਸ ਨੇ ਸ਼ੁਕਰ ਕੀਤਾ, ਬਜਾਜ ਅੱਧਾ-ਪੌਣਾ ਘੰਟਾ ਆਪਣੀ ਦੁਕਾਨ ਦੇ ਕੱਪੜਿਆਂ ਦੀ ਥਾਂ ਟਿਕਾਈ ਕਰਦਾ ਰਿਹਾ। ਫਿਰ ਉਸ ਨੇ ਮਾਈ ਵੱਲ ਵੇਖ ਕੇ ਪੁੱਛਿਆ, ਮਾਈ ਕੀ ਲੈਣੈ?”

ਪੁੱਤ ਕੋਈ ਕੱਪੜਾ ਦਿਖਾ ਦੇ ਮੇਰੇ ਲਈ।” ਉਸ ਨੇ ਬਜਾਜ ਨੂੰ ਕਿਹਾ।

ਬਜਾਜ ਨੇ ਕੱਪੜੇ ਵਿਖਾਏ। ਉਸ ਨੇ ਉਨ੍ਹਾਂ ਵਿੱਚੋਂ ਇਕ ਵਧੀਆ ਲਗਦਾ ਸੂਟ ਖਰੀਦ ਲਿਆ। ਆਪਣੇ ਕਈ ਸਾਲਾਂ ਤੋਂ ਬਚਾਏ ਪੈਸਿਆਂ ਵਿੱਚੋਂ ਬਜਾਜ ਦੇ ਦੱਸੇ ਅਨੁਸਾਰ ਪੈਸੇ ਗਿਣ ਕੇ ਫੜਾ ਦਿੱਤੇ। ਪਾਣੀ ਪੀ ਕੇ ਜਦੋਂ ਉਹ ਤੁਰਨ ਲੱਗੀ ਤਾਂ ਦੁਕਾਨ ਦੇ ਦਰਵਾਜੇ ਅੱਗੇ ਫਿਰ ਉਸਦੀ ਸੋਚ ਜਾਗੀ, … ਅਜੇ ਤਾਂ ਸੁੱਖ ਨਾਲ ਉਹ ਸੁਹਾਗਣ ਹੈ ... ਉਹ ਕਹਿਣਗੀਆਂ, “ਮਾਂ ਬਾਪੂ ਨੂੰ ਕੁਝ ਨੀ ਲਾਇਆ?”

ਉਹ ਫਿਰ ਦੁਕਾਨ ਵਿਚ ਜਾ ਵੜੀ।

ਮਾਤਾ ਕੁੱਝ ਹੋਰ ਲੈਣੈ।” ਬਜਾਜ ਉਸ ਨੂੰ ਵੇਖ ਕੇ ਬੋਲਿਆ।

ਹਾਂ ਪੁੱਤ, ਇਕ ਪੱਗ ਵੀ ਪਾੜ ਦੇ ਫਿੱਕੇ ਅਸਮਾਨੀ ਰੰਗ ਦੀ, … ਪੰਜ ਮੀਟਰ।”

ਬਜਾਜ ਨੇ ਪੱਗ ਪਾੜ ਕੇ ਸੂਟ ਵਾਲੇ ਲਿਫਾਫੇ ਵਿਚ ਹੀ ਪਾ ਦਿੱਤੀ।

ਪੁੱਤ ਇੱਕ ਝੋਲੇ ਦਾ ਕੱਪੜਾ ਵੀ ਦੇ ਦੇ।” ਉਹ ਕੁੱਝ ਸੋਚ ਕੇ ਬੋਲੀ।

ਬਜਾਜ ਨੇ ਇਕ ਮੋਟਾ ਜਿਹਾ ਕੱਪੜਾ ਪਾੜ ਕੇ ਉਸ ਦੇ ਹੱਥ ਫੜਾ ਦਿੱਤਾ। ਜਿੰਨੇ ਪੈਸੇ ਬਜਾਜ ਨੇ ਮੰਗੇ, ਉਸ ਨੇ ਗਿਣ ਕੇ ਫੜਾ ਦਿੱਤੇ। ਉਹ ਕਾਫੀ ਦੇਰ ਬੈਠੀ ਰਹੀ, ਜਿੰਨੀ ਦੇਰ ਉਸ ਨੂੰ ਇਹ ਨਾ ਲੱਗਿਆ ਕਿ ਹੁਣ ਬਜਾਜ ਉਸ ਨੂੰ ਪੁੱਛੇਗਾ, ਮਾਈ ਹੋਰ ਕੁਝ ਦਿਖਾਵਾਂ?

ਉੱਠ ਕੇ ਉਹ ਦੁਕਾਨ ਤੋਂ ਬਾਹਰ ਆ ਗਈ। ਨੇੜੇ ਦੀ ਇਕ ਦਰਜੀ ਦੀ ਦੁਕਾਨ ਤੋਂ ਉਸ ਨੇ ਝੋਲਾ ਸਿਵਾਇਆ। ਬਜਾਜੀ ਦੀ ਦੁਕਾਨ ਤੋਂ ਖਰੀਦੇ ਕੱਪੜੇ ਉਸ ਨੇ ਬੜੇ ਸਲੀਕੇ ਨਾਲ ਤਹਿ ਲਾ ਕੇ ਝੋਲੇ ਵਿਚ ਪਾ ਲਏ ਤੇ ਬੱਸ ਅੱਡੇ ਵੱਲ ਤੁਰ ਪਈ। ਸੂਰਜ ਅਜੇ ਤਪਣਾ ਸ਼ੁਰੂ ਹੋਇਆ ਸੀ। ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਘਰ ਜਾ ਕੇ ਸ਼ਾਮ ਨੂੰ ਹੀ ਕੁੱਝ ਖਾਵਾਂਗੀ, ਉਸ ਨੇ ਸੋਚਿਆ। ਪਰ ਉਸ ਦੇ ਅੰਦਰਲੀ ਸੋਚ ਜਾਗੀ ... ਉਹ ਕਹਿਣਗੀਆਂ, “ਮਾਂ ਪੇਕਿਓ ਭੁੱਖੀਓ ਆ ਗੀ?”

ਰੁਕਦੇ ਰੁਕਦੇ ਵੀ ਉਸਦੇ ਕਦਮ ਢਾਬੇ ਵੱਲ ਚੱਲ ਪਏ। ਢਾਬੇ ਵਿਚ ਜਾ ਕੇ ਉਸ ਨੇ ਢਿੱਡ ਭਰ ਕੇ ਰੋਟੀ ਖਾਧੀ। ਭੁੱਖ ਦੋ ਰੋਟੀਆਂ ਦੀ ਸੀ ਪਰ ਉਸ ਨੇ ਤਿੰਨ ਖਾਧੀਆਂ ਤਾਂ ਜੋ ਘਰ ਜਾ ਕੇ ਨਾ ਖਾਣੀ ਪਵੇ। ਢਾਬੇ ਵਿਚ ਰੋਟੀ ਖਾ ਕੇ ਵੀ ਉਹ ਕਾਫੀ ਦੇਰ ਉੱਥੇ ਹੀ ਬੈਠੀ ਰਹੀ। ਜਿੰਦਗੀ ਵਿਚ ਪਹਿਲੀ ਵਾਰ ਉਸ ਨੇ ਢਾਬੇ ਵਿਚ ਰੋਟੀ ਖਾਧੀ ਸੀ। ਅਸਲ ਵਿਚ ਉਹ ਪਹਿਲੀ ਵਾਰ ਢਾਬੇ ਵਿਚ ਵੜੀ ਸੀ।

ਰੋਟੀ ਖਾ ਕੇ ਉਹ ਬੱਸ ਅੱਡੇ ਵੱਲ ਤੁਰ ਪਈ । ਰਸਤੇ ਵਿਚ ਖਿਡੌਣਿਆਂ ਦੀ ਦੁਕਾਨ ਕੋਲ ਜਾ ਕੇਉਸ ਦੀ ਸੋਚ ਫਿਰ ਜਾਗੀ, ... ਉਹ ਕਹਿਣਗੀਆਂ, “ਮਾਂ ਸੋਨੂੰ ਲਈ ਕੁੱਝ ਨਹੀਂ ਲੈ ਕੇ ਦਿੱਤਾ?”

ਉਸ ਨੇ ਆਪਣੇ ਪੋਤੇ ਸੋਨੂੰ ਲਈ ਇਕ ਛੋਟੀ ਜਿਹੀ ਕਾਰ ਖਰੀਦੀ ਅਤੇ ਅੱਗੇ ਤੁਰ ਪਈ। ਬੱਸ ਅੱਡੇ ਜਾ ਕੇ ਉਸ ਦੇ ਪਿੰਡ ਜਾਣ ਵਾਲੀ ਬੱਸ ਤਿਆਰ ਖੜ੍ਹੀ ਸੀ, ਉਹ ਬੱਸ ਵਿਚ ਚੜ੍ਹ ਗਈ । ਪਰ ਜਦੋਂ ਉਹ ਬੱਸ ਵਿਚ ਬੈਠਣ ਲੱਗੀ ਤਾਂ ਉਸ ਦੀ ਸੋਚ ਜਾਗੀ, ... ਉਹ ਕਹਿਣਗੀਆਂ, “ਮਾਂ ਅੱਜ ਸਾਝਰਿਓ ਆ ਗੀ?”

ਉਹ ਥੱਲੇ ਉੱਤਰ ਆਈ। ਦੁਪਿਹਰ ਦਾ ਸਮਾਂ ਹੋਣ ਕਾਰਨ ਸੂਰਜ ਸਿਰ ’ਤੇ ਆਪਣੀ ਪੂਰੇ ਜਲੌ ਨਾਲ ਚਮਕ ਰਿਹਾ ਸੀ।ਉਸ ਨੂੰ ਬਹੁਤ ਗਰਮੀ ਲੱਗੀ। ਨੇੜੇ ਹੀ ਇਕ ਸ਼ਿਕੰਜਵੀ ਦੀ ਰੇਹੜੀ ਸੀ। ਰੇਹੜੀ ਵਾਲੇ ਤੋਂ ਉਸ ਨੇ ਸ਼ਿਕੰਜਵੀ ਦਾ ਗਿਲਾਸ ਬਣਵਾ ਕੇ ਪੀਤਾ।

ਭਾਈ ਮਾਜਰੇ ਨੂੰ ਇਹ ਤੋਂ ਬਾਅਦ ਹੋਰ ਵੀ ਬੱਸ ਜਾਉਗੀ?” ਉਸ ਸ਼ਿਕੰਜਵੀਂ ਵਾਲੇ ਨੂੰ ਪੈਸੇ ਫੜਾਉਂਦੇ ਹੋਏ ਪੁੱਛਿਆ।

ਹਾਂ ਮਾਈ, ਅਜੇ ਦੋ ਟਾਇਮ ਹੋਰ ਆ ਮਾਜਰੇ ਵੱਲ ਦੇ ...।” ਉਹ ਬੋਲਿਆ।

ਉਸ ਨੇ ਆਲੇ-ਦੁਆਲੇ ਵੇਖਿਆ। ਅੱਡੇ ਦੇ ਇਕ ਪਾਸੇ ਥੋੜ੍ਹਾ ਹਟਵਾਂ ਉਸ ਨੂੰ ਇਕ ਦਰਖਤ ਹੇਠ ਥੜ੍ਹਾ ਜਿਹਾ ਬਣਿਆ ਦਿਸਿਆ।

ਵੇ ਭਾਈ, ਜਦ ਮਾਜਰੇ ਵਾਲੀ ਆਖਰੀ ਬੱਸ ਆਵੇ ਤਾਂ ਦੱਸ ਦੇਈਂ। ਮੈਂ ਉਸ ਥੜ੍ਹੇ ’ਤੇ ਬੈਠਦੀ ਹਾਂ।” ਉਸ ਨੇ ਸ਼ਿਕੰਜਵੀਂ ਵਾਲੇ ਨੂੰ ਆਖਿਆ।

ਚੰਗਾ ਮਾਈ, ਦੱਸ ਦੂੰਗਾ।” ਉਹ ਬੋਲਿਆ।

ਉਹ ਹੌਲੀ-ਹੌਲੀ ਜਾ ਕੇ ਥੜ੍ਹੇ ’ਤੇ ਬੈਠ ਗਈ । ਪਿੰਡ ਦਾ ਕੋਈ ਬੰਦਾ ਵੇਖ ਨਾ ਲਵੇ, ਇਸ ਕਾਰਨ ਉਹ ਥੋੜ੍ਹਾ ਹਟ ਕੇ ਬੈਠੀ ਸੀ ਪਰ ਉਹ ਸ਼ਿਕੰਜਵੀ ਵਾਲੇ ਦੇ ਸਾਹਮਣੇ ਹੀ ਬੈਠੀ ਸੀ ਤਾਂ ਜੋ ਆਖਰੀ ਬੱਸ ਆਉਣ ’ਤੇ ਉਹ ਉਸ ਨੂੰ ਦੱਸ ਸਕੇ। ਦਰਖਤ ਹੇਠ ਥੜ੍ਹੇ ਉੱਤੇ ਉਹ ਕਾਫੀ ਦੇਰ ਬੈਠੀ ਆਲੇ-ਦੁਆਲੇ ਵੇਖਦੀ ਰਹੀ। ਹੌਲੀ-ਹੌਲੀ ਉਸ ਦੀ ਸੋਚ ਬੀਤੇ ਦੀਆਂ ਪਰਤਾਂ ਫਰੋਲਣ ਲੱਗੀ ...

ਕਦੇ ਉਹ ਅੱਜ ਵਾਂਗ ਹੀ ਪਹਿਲੀ ਬੱਸ ਚੜ੍ਹ ਕੇ ਪੇਕੇ ਪਿੰਡ ਖੇੜੀ ਮਾਂ ਨੂੰ ਮਿਲਣ ਜਾਂਦੀ ਹੁੰਦੀ ਸੀ। ਮਾਂ ਉਸ ਨੂੰ ਵੇਖ ਕੇ ਫੁੱਲੀ ਨਾ ਸਮਾਉਂਦੀ। ਮਾਂ ਉਸ ਕੋਲ ਦਿਲ ਫਰੋਲਦੀ ਅਤੇ ਉਹ ਮਾਂ ਕੋਲ। ਕਈ ਵਾਰ ਇਸ ਫੋਲ ਫਲਾਈ ਜਿਆਦਾ ਹੀ ਹੋ ਜਾਂਦੀ। ਇਹ ਸਭ ਉਸਦੀਆਂ ਭਰਜਾਈਆਂ ਨੂੰ ਪਸੰਦ ਨਹੀਂ ਸੀ। ਉਸਦੀਆਂ ਭਰਜਾਈਆਂ ਕੁੜ੍ਹਦੀਆਂ।, ਉਸਦੀ ਮਾਂ ਉਸਦੀਆਂ ਭਰਜਾਈਆਂ ਨਾਲ ਲੜ ਪੈਂਦੀ। ਇਸ ਸਾਰੇ ਦਾ ਕਾਰਨ ਭਰਜਾਈਆਂ ਦੇ ਸੁਭਾ ਤਾਂ ਸਨ ਹੀ, ਇਕ ਕਾਰਨ ਉਸਦੀ ਆਪਣੀ ਜੁਬਾਨ ਵੀ ਸੀ, ਜੋ ਜਿਆਦਾ ਹੀ ਚਲਦੀ ਸੀ। ਜਦੋਂ ਉਹ ਪੇਕਿਓਂ ਸਹੁਰਿਆਂ ਨੂੰ ਚਲਦੀ, ਮਾਂ ਢੇਰ ਸਾਰੀਆਂ ਅਸੀਸਾਂ ਦੇ ਨਾਲ-ਨਾਲ ਨਿਕਸੁਕ ਦਾ ਝੋਲਾ ਭਰ ਕੇ ਉਸ ਦੇ ਹੱਥ ਫੜਾਕੇ ਤੋਰਦੀ। ...

ਆਪਣੀ ਉਮਰ ਭੋਗ ਕੇ ਮਾਂ ਮਰੀ ਤਾਂ ਉਹ ਬਹੁਤ ਰੋਈ। ਮਾਂ ਦੀ ਮੌਤ ਤੋਂ ਬਾਅਦ ਉਸਦਾ ਪੇਕੇ ਜਾਣਾ ਘਟ ਗਿਆ। ਭਾਈਆਂ ਦਾ ਪਿਆਰ ਉਸ ਨੂੰ ਖਿੱਚਦਾ ਤਾਂ ਉਹ ਪੇਕੇ ਫੇਰਾ ਪਾ ਆਉਂਦੀ ਪਰ ਖਾਲੀ ਹੱਥ ਉਸ ਨੂੰ ਭਾਈ ਵੀ ਕਦੇ ਨਾ ਤੋਰਦੇ, ਭਾਵੇਂ ਭਰਜਾਈਆਂ ਤੰਗ ਹੀ ਕਿਉਂ ਨਾ ਰਹਿਣ। ਸਮੇਂ ਦੇ ਨਾਲ-ਨਾਲ ਦੋਹਾਂ ਭਾਈਆਂ ਦੇ ਪੁੱਤ ਵੀ ਵਿਆਹੇ ਗਏ, ਵਿਆਹੇ ਉਸਦੇ ਆਪਣੇ ਪੁੱਤ ਵੀ ਗਏ। ਨੂੰਹਾਂ ਵਿਚ ਉਹ ਆਪਣੇ ਪੇਕਿਆਂ ਦੀ ਪੂਰੀ ਠੁੱਕ ਰੱਖਦੀ। ਪੇਕੇ ਉਹ ਦੋ ਚਾਰ ਮਹੀਨੇ ਬਾਅਦ ਫੇਰਾ ਪਾ ਹੀ ਆਉਂਦੀ।

ਹੌਲੀ-ਹੌਲੀ ਪੇਕੇ ਘਰ ਉਸਦੇ ਭਾਈਆਂ ਦੀ ਬਜਾਏ ਭਤੀਜਿਆਂ, ਭਰਜਾਈਆਂ ਅਤੇ ਉਹਨਾਂ ਦੀਆਂ ਨੂੰਹਾਂ ਦਾ ਪ੍ਰਭਾਵ ਵਧ ਗਿਆ। ਪਰ ਉਸਦਾ ਸੁਭਾ ਨਾ ਬਦਲਿਆ। ਉਸਦੇ ਸੁਭਾ ਕਾਰਨ ਇਕ ਦਿਨ ਜਦ ਉਹ ਪੇਕੇ ਗਈ ਹੋਈ ਸੀ ਤਾਂ ਘਰ ਵਿਚ ਕਲੇਸ਼ ਛਿੜ ਗਿਆ। ਭਰਜਾਈਆਂ ਅਤੇ ਉਹਨਾਂ ਦੀਆਂ ਨੂੰਹਾਂ ਨੇ ਉਸ ਨੂੰ ਵਧ ਚੜ੍ਹ ਕੇ ਕੋਸਿਆ। ਭਤੀਜੇ ਤਮਾਸ਼ਬੀਨ ਬਣੇ ਵੇਖਦੇ ਰਹੇ। ਉਸ ਦਿਨ ਜਦੋਂ ਉਹ ਤੁਰਨ ਲੱਗੀ ਤਾਂ ਵੱਡੇ ਭਾਈ ਨੇ ਭਰਿਆ ਝੋਲਾ ਉਸ ਦੇ ਹੱਥ ਫੜਾਉਦਿਆਂ ਕਿਹਾ, “ਮੀਤ ... ਹੁਣ ਭਾਈ ਤੂੰ ਨਾ ਆਇਆ ਕਰ ਐਥੇ।”

ਉਸ ਤੋਂ ਬਾਅਦ ਉਹ ਫੇਰ ਪੇਕੇ ਨਾ ਗਈ।ਪਰ ਇਹ ਗੱਲ ਉਸ ਨੇ ਆਪਣੇ ਘਰ ਆ ਕੇ ਨਾ ਦੱਸੀ। ਘਰੋਂ ਹੋਰ ਵੀ ਕੋਈ ਇਸ ਸਮੇਂ ਦੌਰਾਨ ਉਸਦੇ ਪੇਕੇ ਘਰ ਨਾ ਗਿਆ। ਛੇ ਮਹੀਨੇ ਗੁਜਰ ਗਏ। ਪਰਸੋਂ ਉਹ ਗੁਆਂਢੋਂ ਗਲੀ ਵਿਚ ਤੁਰੀ ਘਰ ਵੱਲ ਆ ਰਹੀ ਸੀ। ਜਦੋਂ ਘਰ ਦੇ ਨੇੜੇ ਆਈ ਤਾਂ ਉਸ ਨੇ ਖਿੜਕੀ ਵਿੱਚੋਂ ਨੂੰਹਾਂ ਦੀ ਘੁਸਰ-ਮੁਸਰ ਸੁਣੀ। ਇਸ ਤਰ੍ਹਾਂ ਚੋਰੀ-ਚੋਰੀ ਅੱਗੇ ਵੀ ਉਹ ਉਨ੍ਹਾਂ ਦੀਆਂ ਗੱਲਾਂ ਸੁਣਦੀ ਹੁੰਦੀ ਸੀ। ਕਾਫੀ ਦੇਰ ਉਹ ਖੜ੍ਹੀ ਗੱਲਾਂ ਸੁਣਦੀ ਰਹੀ, ਨੂੰਹਾਂ ਆਪਸ ਵਿਚ ਗੱਲਾਂ ਕਰਦੀਆਂ ਰਹੀਆਂ।

ਨੀ ਭੈਣ ... ਹੁਣ ਆਪਣੀ ਬੁੜ੍ਹੀ ਨੀ ਗਈ ਖੇੜੀ?” ਛੋਟੀ ਨੇ ਵੱਡੀ ਨੂੰ ਪੁੱਛਿਆ।

ਇਹ ਹਾਂ, ਮੈਂ ਤਾਂ ਸੋਚਿਆ ਨੀ ਕਦੇ, ਕਿਤੇ ਕੋਈ ਗੱਲ ਤਾਂ ਨੀ ਹੋ ਗੀ।” ਵੱਡੀ ਬੋਲੀ।

ਕੋਈ ਗੱਲ ਹੋਊ ਜਰੂਰ ... ਨਹੀਂ ਤਾਂ ਮਹੀਨਾ ਨੀ ਤੀ ਟੱਪਣ ਦਿੰਦੀ।” ਛੋਟੀ ਬੋਲੀ।

ਉਹ ਸੁਣ ਕੇ ਪਾਣੀ-ਪਾਣੀ ਹੋ ਗਈ। ਫਿਰ ਨੂੰਹਾਂ ਕੀ ਗੱਲਾਂ ਕਰਦੀਆਂ ਰਹੀਆਂ, ਉਸ ਨੂੰ ਕੁਝ ਨਾ ਸੁਣਿਆ। ਥੋੜ੍ਹਾ ਕੁ ਸੰਭਲ ਕੇ ਉਹ ਘਰ ਆ ਗਈ। ਤੀਜੇ ਦਿਨ ਅੱਜ ਚੋਰੀਓਂ ਜੋੜੇ ਪੈਸੇ ਆਪਣੇ ਰੁਮਾਲ ਵਿਚ ਬੰਨ੍ਹ ਕੇ ਹੱਥ ਵਿਚ ਫੜ ਉਸ ਨੇ ਖੇੜੀ ਜਾਣ ਦਾ ਆਖ ਪਹਿਲੀ ਬੱਸ ਫੜ ਲਈ। ਪਰ ਜਾਂਦੀ ਕਿੱਥੇ? ਭਾਈ ਤਾਂ ਉਸ ਲਈ ਦਰ ਢੋ ਚੁੱਕੇ ਸਨ। ਇਸ ਲਈ ਸਾਰਾ ਦਿਨ ਉਸ ਨੇ ਪੇਕਿਆ ਅਤੇ ਸਹੁਰਿਆਂ ਦੇ ਵਿਚਕਾਰ ਪੈਂਦੇ ਛੋਟੇ ਜਿਹੇ ਸ਼ਹਿਰ ਵਿਚ ਬਤੀਤ ਕਰਨ ਦਾ ਫੈਸਲਾ ਕੀਤਾ। ਹੁਣ ਉਹ ਪਿੰਡ ਨੂੰ ਜਾਣ ਵਾਲੀ ਆਖਰੀ ਬੱਸ ’ਤੇ ਵਾਪਸ ਜਾਣ ਲਈ ਬੱਸ ਅੱਡੇ ਦੇ ਨੇੜੇ ਬੈਠੀ ਸੋਚਾਂ ਵਿਚ ਲੀਨ ਸੀ।

ਮਾਈ ... ਬੱਸ ਆ ਗੀ ਆਖਰੀ ਮਾਜਰੇ ਜਾਣ ਵਾਲੀ।” ਸ਼ਿਕੰਜਵੀ ਵਾਲੇ ਦੀ ਅਵਾਜ਼ ਨੇ ਉਸ ਦੀ ਸੁਰਤ ਨੂੰ ਤੋੜਿਆ। ਉਹ ਉੱਠ ਕੇ ਬੱਸ ਅੱਡੇ ਵੱਲ ਤੁਰ ਪਈ।

ਮਿੱਠੀ ਰਸਗੁੱਲੇ ਵਰਗੀ, ਮੋਟੀ ਕਾਲੀ ਜਾਮਣ, ਲੈ ਲੋ ਭਾਈ ਜਾਮਣ, ਮੋਟੀ ਤਾਜੀ ਜਾਮਣ।” ਕੋਲ ਲੰਘੇ ਜਾਂਦੇ ਰਹੇੜੀ ਵਾਲੇ ਨੇ ਉਸ ਦਾ ਧਿਆਨ ਖਿੱਚਿਆ। ਉਸ ਨੂੰ ਪੇਕਿਆਂ ਦੇ ਵਿਹੜੇ ਵਿਚ ਖੜੀ ਜਾਮਣ ਯਾਦ ਆਈ ਪਰ ਜਾਮਣ ਤਾਂ ਉਸਦੇ ਸਹੁਰਿਆਂ ਦੇ ਵਿਹੜੇ ਵਿਚ ਵੀ ਖੜ੍ਹੀ ਹੈ, ਉਸ ਸੋਚਿਆ। ਕੁਝ ਸੋਚ ਕੇ ਉਹ ਜਾਮਣਾਂ ਵਾਲੇ ਭਾਈ ਕੋਲ ਜਾ ਕੇ ਰੁਕੀ । ਜਾਮਣਾਂ ਦਾ ਭਾਅ ਪੁੱਛਿਆ । ਫਿਰ ਆਪਣੇ ਕੋਲ ਬਚੇ ਰੁਪਇਆਂ ਨੂੰ ਗਿਣਿਆ। ਕਿਰਾਏ ਦੇ ਪੈਸੇ ਪੂਰੇ ਕਰ ਕੇ ਹਿਸਾਬ ਲਾਇਆ।

ਭਾਈ ਇੱਕ ਕਿਲੋ ਪਾ ਦੇ।” ੳਸ ਨੇ ਜਾਮਣਾਂ ਵਾਲੇ ਨੂੰ ਕਿਹਾ।

ਜਾਮਣਾਂ ਵਾਲੇ ਨੇ ਕਿਲੋ ਜਾਮਣਾ ਤੋਲ ਕੇ ਲਿਫਾਫੇ ਵਿਚ ਪਾ ਕੇ ਉਸ ਦੇ ਹੱਥ ਫੜਾਈਆਂ। ਉਸ ਨੂੰ ਲਿਫਾਫਾ ਹੌਲਾ-ਹੌਲਾ ਜਾਪਿਆ।

ਭਾਈ ਦੋ ਕਿਲੋ ਕਰ ਦੇ।” ਉਸ ਨੇ ਲਿਫਾਫਾ ਭਾਈ ਦੇ ਹੱਥ ਫੜਾਉਂਦਿਆਂ ਕਿਹਾ।

ਜਾਮਣਾਂ ਵਾਲੇ ਨੇ ਦੋ ਕਿਲੋ ਜਾਮਣਾ ਤੋਲ ਕੇ ਲਿਫਾਫੇ ਵਿਚ ਪਾ ਕੇ ਉਸ ਨੂੰ ਫੜਾ ਦਿੱਤੀਆਂ।

ਉਸ ਨੇ ਜਾਮਣਾਂ ਅਤੇ ਸਵੇਰ ਦਾ ਖਰੀਦਿਆ ਨਿਕਸੁਕ ਝੋਲੇ ਵਿਚ ਪਾਇਆ ਅਤੇ ਝੋਲੇ ਨੂੰ ਸੰਭਾਲਦੀ ਹੋਈ ਮਾਜਰੇ ਵਾਲੀ ਬੱਸ ਵਿਚ ਜਾ ਬੈਠੀ।

*****

(364)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਨਦੀਪ ਸਿੰਘ ਘੁੰਮਣ

ਮਨਦੀਪ ਸਿੰਘ ਘੁੰਮਣ

Village: Dadiana, Fatehgarh Sahib, Punjab, India.
Mobile: 91 - 94177 - 33038
Email:
(mandeep038@gmail.com)