SadhuSinghDr7ਉਹਨਾਂ ਦਾ ਧਿਆਨ ਉੱਖੜ ਉੱਖੜ ਕਿਧਰੇ ਹੋਰ ਹੀ ਚਲਿਆ ਜਾਂਦਾ ਸੀ। ਧਾਰਾ ਬੱਝਦੀ ਬੱਝਦੀ ਟੁੱਟ ਜਾਂਦੀ ...
(ਮਈ 16, 2015)

 

ਐਤਕੀਂ ਕੁਝ ਵੀ ਹੋ ਜਾਏ, ਸੁਆਮੀ ਜੀ ਨੂੰ ਜ਼ਰੂਰ ਮਿਲਕੇ ਜਾਣਾ ਹੈ। ਪਿਛਲੀ ਵਾਰ ਨਾ ਮਿਲਕੇ ਜਾਣ ਦੀ ਕੁਤਾਹੀ ਦਾ ਭਾਰ ਪੂਰੇ ਦੋ ਵਰ੍ਹੇ ਆਪਣੇ ਦਿਲਤੇ ਢੋਂਦਾ ਰਿਹਾ ਹਾਂ। ਦੋਸਤਾਂ ਨੂੰ ਮਿਲਣ ਤੋਂ ਵੱਡਾ ਕੋਈ ਹੋਰ ਸੁਆਬ, ਜੇ ਕੋਈ ਹੈ ਵੀ ਤਾਂ ਮੈਂ ਉਸ ਤੋਂ ਬਿਲਕੁਲ ਹੀ ਬੇਖਬਰ ਹਾਂ। ਬੇਖਬਰ ਕਿਉਂ? ਮੈਂ ਉਸ ਤੋਂ ਮੁਕਨਰ ਹੀ ਹਾਂ। ਫੇਰ ਵੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ, ਮਿੱਤਰਾਂ ਦੀ ਅਨੁਪਾਤ ਵਿਚ, ਰਾਤਾਂ ਦੇ ਥੁੜ ਜਾਣ ਦਾ ਹਾਦਸਾ ਵਾਪਰ ਹੀ ਜਾਂਦਾ ਰਿਹਾ ਹੈ।

ਪਰ ਉੱਪਰੋਥਲੀ ਦੂਜੀ ਵਾਰ ਇਸ ਗੁਨਾਹ ਦਾ ਦੁੱਖ ਜਰਨ ਜੋਗੀ ਮੇਰੇ ਵਿਚ ਤਾਂ ਸੱਤਿਆ ਹੀ ਨਹੀਂ। ਇਸ ਲਈ ਦੇਸ ਆਉਣ ਤੋਂ ਤੀਜੇ ਦਿਨ ਹੀ ਸੁਆਮੀ ਜੀ ਦੇ ਜਾਣੂੰ ਠਿਕਾਣਿਆਂਤੇ ਫੋਨ ਕੀਤੇ ਪਰ ਉਹਨਾਂ ਦਾ ਕੁਝ ਥਹੁ-ਪਤਾ ਨਾ ਲੱਗਾ।

ਬੀਤੇ ਕੁਝ ਵਰ੍ਹਿਆਂ ਦੌਰਾਨ ਸੁਆਮੀ ਜੀ ਦੀ ਮਹਿਮਾ ਸੱਚਮੁੱਚ ਹੀ ਅਪਰੰਪਾਰ ਹੋ ਗਈ ਹੈ। ਉਹ ਲਗਪਗ ਸਾਰਾ ਹੀ ਵਰ੍ਹਾ ਮੌਸਮ ਦੀ ਸੁਵਿਧਾ ਅਨੁਸਾਰ, ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਪ੍ਰਵਚਨ-ਯਾਤਰਾਤੇ ਚੜ੍ਹੇ ਰਹਿੰਦੇ ਹਨ।

ਜੂਨ ਦੇ ਮਹੀਨੇ ਉਹਨਾਂ ਨੂੰ ਮਿਥੇ ਪ੍ਰੋਗਰਾਮ ਅਨੁਸਾਰ ਮਨਾਲੀ ਹੋਣਾ ਚਾਹੀਦਾ ਸੀ। ਪਰ ਮਨਾਲੀ ਤੋਂ ਵੀ ਉਹਨਾਂ ਦੇ ਸੇਵਕ ਤੋਂ ਪਤਾ ਲੱਗਾ ਕਿ ਉਹ ਚਾਲੇ ਪਾ ਚੁੱਕੇ ਸਨ। “ਕਿੱਥੇ ਹੋਣਗੇ?” ਮੈਂ ਬੜੀ ਤੀਬਰਤਾ ਭਰੀ ਉਤਸੁਕਤਾ ਨਾਲ ਪੁੱਛਿਆ।

ਜੀ ਕੁਝ ਪੱਕਾ ਪਤਾ ਨਹੀਂ।

ਦੂਜੇ ਪਾਸਿਉਂ ਆਈ ਆਵਾਜ਼ ਕੁਝ ਜਾਣੀ-ਪਛਾਣੀ ਲੱਗ ਰਹੀ ਸੀ।

ਉਹ ਤੂੰ ਰਾਮ ਜੀ ਦਾਸ ਤਾਂ ਨਹੀਂ?”

ਹਾਂ ਤਾਂ ਜੀ ਰਾਮ ਜੀ ਹੀ, ਆਪ ਸਤਨਾਮ ਸਿੰਘ ਜੀ ਹੋ, ਲੁਧਿਆਨਾ ਵਾਲੇ?”

ਹਾਂ ਆਪਨੇ ਠੀਕ ਪਹਿਚਾਨਾ।

ਰਾਮ ਜੀ ਨੂੰ ਤਾਂ ਕਾਫੀ ਵਰ੍ਹੇ ਪਹਿਲਾਂ ਸੁਆਮੀ ਜੀ ਹੋਰਾਂ ਨਾਲ ਬਹੁਤ ਵਾਰ ਮਿਲ ਚੁੱਕਾ ਸਾਂ। ਕਈ ਵਾਰ ਉਹ ਸਾਡੇ ਘਰ ਵੀ ਆ ਚੁੱਕਾ ਸੀ। ਮੈਨੂੰ ਯਾਦ ਹੈ ਕਿ ਸੱਤ ਅੱਠ ਵਰ੍ਹੇ ਪਹਿਲਾਂ ਮੈਂ ਉਹਨੂੰ ਆਪਣੇ ਦੋਸਤ ਟਰਾਂਸਪੋਰਟ ਅਧਿਕਾਰੀ ਤੋਂ ਡਰਾਈਵਿੰਗ ਲਾਇਸੈਂਸ ਵੀ ਬਣਵਾ ਕੇ ਦਿੱਤਾ ਸੀ। ਰਾਮ ਜੀ ਨੂੰ ਇਹ ਵੀ ਪਤਾ ਸੀ ਕਿ ਮੈਂ ਤੇ ਸੁਆਮੀ ਜੀ ਆਪਸ ਵਿਚ ਵਾਹਵਾ ਘਿਉ ਖਿਚੜੀ ਹਾਂ।

ਬੜੀ ਦੇਰ ਬਾਅਦ ਆਪ ਕੀ ਆਵਾਜ਼ ਸੁਨੀ ਹੈ। ... ਤੁਸੀਂ ਤਾਂ ਜੀ ਮੈਨੂੰ ਬੜੇ ਧਰਮ ਸੰਕਟ ਵਿਚ ਪਾਇਆ। ਜੀ ਸੱਚੀ ਗੱਲ ਹੈ ਸੁਆਮੀ ਜੀ ਦਾ ਇਕ ਪੱਕਾ ਸੰਪਰਕ ਫੋਨ ਤਾਂ ਹੈ ਮੇਰੇ ਕੋਲ। ਉੱਥੇ ਉਹਨਾਂ ਦੇ ਰੋਜ਼ਾਨਾ ਪ੍ਰੋਗਰਾਮ ਦੀ ਪੂਰੀ ਖਬਰ ਹੁੰਦੀ ਹੈ। ਪਰ ਮੈਨੂੰ ਉਹ ਫੋਨ ਸਹਿਜੇ ਕੀਤੇ ਕਿਸੇ ਨੂੰ ਦੱਸਣ ਦੀ ਇਜਾਜ਼ਤ ਨਹੀਂ, ਪਰ ਜੀ ਤੁਹਾਥੋਂ ਕਾਹਦਾ ਪਰਦਾ।

ਰਾਮ ਜੀ ਨੇ ਮੈਨੂੰ ਇਸ ਵਾਰ ਮਨਾਲੀ ਜ਼ਰੂਰ ਪਧਾਰਨ ਦਾ ਵਚਨ ਲੈ ਕੇ ਉਹ ਫੋਨ ਨੰਬਰ ਲਿਖਾ ਦਿੱਤਾ।

ਉਹ ਫੋਨ ਮਨੀਮਾਜਰੇ ਦੀ ਕਿਸੇ ਸੁਆਣੀ ਚੰਦ੍ਰਿਕਾ ਚਤੁਰਵੇਦੀ ਦਾ ਸੀ। ਚੰਦ੍ਰਿਕਾ ਹੋਰਾਂ ਨੂੰ ਮੈਂ ਆਪਣਾ ਨਾਂ ਪਤਾ ਦੱਸਿਆ ਤਾਂ ਉਹ ਮੈਨੂੰ ਬੜੇ ਤਪਾਕ ਨਾਲ ਪੇਸ਼ ਆਏ। ਉਹਨਾਂ ਇਹ ਵੀ ਦੱਸਿਆ ਕਿ ਸੁਆਮੀ ਜੀ ਕਈ ਵਾਰ ਬੜੀ ਅਪਣੱਤ ਨਾਲ ਮੇਰਾ ਜ਼ਿਕਰ ਕਰਿਆ ਕਰਦੇ ਹਨ।

ਸੁਆਮੀ ਜੀ ਗੁਰੂਪੂਰਣਿਮਾ ਦਾ ਤਿਉਹਾਰ ਮਨਾਉਣ ਲਈ ਆਪਣੇ ਚਮੁੰਡਾ ਧਾਮ ਵਾਲੇ ਆਸ਼ਰਮ ਪੁਰਾਣੀ ਗੁਰੂ ਕੁਲ ਕਾਂਗੜੀ ਦੇ ਨੇੜੇ ਸ਼ਾਮਪੁਰ ਗਏ ਹੋਏ ਸਨ। ਚੰਦ੍ਰਿਕਾ ਨੇ ਮੈਨੂੰ ਉਹਨਾਂ ਦਾ ਸੈੱਲ ਫੋਨ ਨੰਬਰ ਵੀ ਦੇ ਦਿੱਤਾ।

ਮੈਂ ਉਹਦੇ ਫੋਨ ਮਿਲਾਇਆ। ਦੂਜੇ ਪਾਸਿਉਂ ਹਰੀ ਓਮ ਦੀ ਜਾਣੀ ਪਛਾਣੀ ਧੁਨੀ ਸੁਣਾਈ ਦਿੱਤੀ।

ਨਮਸਕਾਰ ਪੰਡਿਤ ਜੀ।ਮੈਂ ਅਗਾਂਹ ਕੁਝ ਕਹਿਣ ਹੀ ਵਾਲਾ ਸੀ।

ਕਿੱਥੋਂ ਬੋਲਦਾਂ।ਪੰਡਿਤ ਜੀ ਹੋਰਾਂ ਨੂੰ ਤੁਰਤ ਆਵਾਜ਼ ਪਛਾਣ ਕੇ ਇਹ ਜਾਣਨ ਦੀ ਕਾਹਲੀ ਸੀ ਕਿ ਮੈਂ ਕਿਤੇ ਪਰਦੇਸੋਂ ਤੇ ਹੀ ਨਹੀਂ ਫੋਨ ਕਰ ਰਿਹਾ।

ਇੱਥੋਂ ਜਲੰਧਰੋਂ ਹੀ।

ਆ ਜਾ ਫੇਰ।

ਲਓ ਹੁਣੇ ਤੁਰਿਆ ਸਮਝੋ।

ਬੱਸ ਮੈਂ ਵੀ ਸਮਝ ਦਰਾਂ ’ਚ ਖੜ੍ਹਾ ਹੀ ਉਡੀਕਦਾਂ।

ਝਟਪਟ ਮੈਂ ਆਪਣਾ ਸੰਖੇਪ ਜਿਹਾ ਪਿੱਠੂ ਬੈਗ ਤਿਆਰ ਕੀਤਾ ਤੇ ਸਿਖਰ ਦੁਪਹਿਰ ਹੀ ਆਪਣੀ ਤੁਰਤ ਹਰਿਦੁਆਰ ਰਵਾਨਗੀ ਦਾ ਐਲਾਨ ਕਰ ਦਿੱਤਾ।

ਘਰ ਵਾਲੇ ਹੈਰਾਨ ਪਰੇਸ਼ਾਨ ਕਿ ਐਡੀ ਵੀ ਕਿਹੜੀ ਬਸਰੇ ਦੀ ਲਾਮ ਲੱਗੀ ਹੋਈ ਸੀ। ਸੂਰਜ ਤਾਂ ਢਲ ਲੈਣ ਦਿੰਦਾ।

ਪਰ ਸੂਰਜ ਢਲਣ ਦੀ ਇੰਤਜ਼ਾਰ ਕਰਨ ਦਾ ਸਬਰ ਮੇਰੇ ਵਿਚ ਕਿੱਥੇ ਸੀ।

ਬੱਸਾਂ ਬਦਲਦਾ ਬਦਲਦਾ ਹਰਿਦੁਆਰ ਪੁੱਜਾ ਤਾਂ ਸ਼ਾਮ ਪੈ ਚੁੱਕੀ ਸੀ। ਬੱਸ ਅੱਡੇ ਤੋਂ ਸ਼ਾਮਪੁਰ ਲਈ ਥ੍ਰੀ ਵ੍ਹੀਲਰ ਕੀਤਾ। ਨਜੀਬਾਬਾਦ ਵਾਲੀ ਸੜਕੇ ਆਪਣੇ ਜਾਣੇ ਪਛਾਣੇ ਮੋੜਤੇ ਉੱਤਰਨ ਲੱਗੇ ਨੂੰ ਵਾਹਵਾ ਘੁਸਮੁਸਾ ਜਿਹਾ ਹੋ ਗਿਆ।

ਅੱਧਾ ਕੁ ਮੀਲ ਠਿੱਭਲ-ਟੋਇਆਂ ਵਾਲੇ ਪਹੇ ਦੀ ਯਾਤਰਾ ਕਰਨ ਤੋਂ ਬਾਅਦ ਆਪਣੇ ਟਿਕਾਣੇਤੇ ਪਹੁੰਚਾ ਤਾਂ ਉੱਥੇ ਦਾ ਸਭ ਕੁਝ ਬਦਲਿਆ ਹੋਇਆ ਸੀ। ਸੱਤ-ਅੱਠ ਕਿੱਲਿਆਂ ਦੇ ਦੁਆਲੇ ਪੱਕਾ ਵਾਗਲ਼ਾ ਕੀਤਾ ਹੋਇਆ ਸੀ।

ਝਕਦੇ ਝਕਦੇ ਨੇ ਲੋਹੇ ਦੇ ਵੱਡੇ ਸਾਰੇ ਗੇਟ ਦਾ ਕੁੰਡਾ ਖੜਕਾਇਆ ਤਾਂ ਪਹਿਲਾਂ ਇਕ ਕੁੱਤੇ ਦੇ ਭੌਂਕਣ ਦੀ ਤੇ ਝੱਟ ਮਗਰੋਂ ਹੀ ਹਰੀ ਓਮ ਦੀ ਜਾਣੀ ਪਛਾਣੀ ਧੁਨ ਸੁਣਾਈ ਦਿੱਤੀ।

ਸੁਆਮੀ ਜੀ ਜਿਵੇਂ ਸੱਚਮੁੱਚ ਹੀ ਗੇਟ ਦੇ ਕੌਲ਼ੇ ਨਾਲ ਖੜ੍ਹੇ ਮੈਨੂੰ ਹੀ ਉਡੀਕ ਰਹੇ ਹੋਣ।

ਅੰਦਰ ਵੜਨ ਸਾਰ ਹੀ ਉਹਨਾਂ ਮੈਨੂੰ ਆਪਣੇ ਉੱਪਰ ਓੜ੍ਹੀ ਜੋਗੀਆ ਚਾਦਰ ਦੀ ਬੁੱਕਲ ਵਿਚ ਸਮੇਟ ਲਿਆ।

ਕਰ ਹੀ ਲਈ ਫੇ’ ਹਿੰਮਤ ...

ਹਾਂ ਬੱਸ ਪਿਛਲੀ ਵਾਰ ...

ਪੰਡਿਤ ਜੀ ਨੂੰ ਅੱਧ-ਵਿਚਾਲ਼ਿਉਂ ਹੀ ਟੋਕ ਕੇ ਮੈਂ ਪਿਛਲੀ ਵਾਰ ਆਪਣੇ ਨਾ ਮਿਲ ਸਕਣ ਦੀ ਮਜਬੂਰੀ ਦਾ ਰਾਗ ਅਲਾਪਣ ਹੀ ਲੱਗਾ ਸਾਂ ਕਿ ਉਹਨਾਂ ਆਖਿਆ, “ਚੱਲ ਯਾਰ ਤੈਨੂੰ ਪਿਛਲੇ ਸਾਰੇ ਖੂਨ ਮੁਆਫ, ਤੂੰ ਹੁਣ ਦੀ ਸੁਣਾ ਕੀ ਹਾਲ ਚਾਲ ਹੈ?”

ਹਾਲ ਵਾਹਵਾ ਠੀਕ ਹੈ। ਲਗਦੈ ਪੰਡਿਤ ਜੀ ਕਿ ਧੀਆਂ ਦੀ ਕਬੀਲਦਾਰੀ ਦੇ ਠੀਕ-ਠਾਕ ਨਿਪਟ ਜਾਣ ਤੋਂ ਬਾਅਦ ਹੁਣ ਕੰਮ-ਕਾਰ ਦੇ ਤੇਜ਼-ਧਾਰ ਪਟੇ ਤੋਂ ਉੱਤਰ ਗਿਆ ਹਾਂ। ਸਾਲ ਕੁ ਹੋਰ ਟੁੱਟਵਾਂ ਜਿਹਾ ਕੰਮ ਕਰਾਂਗਾ ਤੇ ਫੇਰ ਹਰੀ ਹਰਿ, ਹਰੀ ਹਰਿ। ਚਲੋ ਫੇਰ ਵੀ ਠੀਕ ਹੀ ਸਮਝੋ, ਦੇਰ ਆਏ ਦਰੁਸਤ ਆਏ।

ਹੁਣ ਨਾ ਐਵੇਂ ਵਾਧੂ ਦੇ ਕਿਸੇ ਹੋਰ ਖਲਜਗਣ ਵਿਚ ਫਸਿਆ ਰਹੀਂ। ਮੈਂ ਤਾਂ ਤੈਨੂੰ ਪਹਿਲਾਂ ਵੀ ਕਿਹਾ ਸੀ ਪਈ ਮੇਰੇ ਨਾਲ ਹੀ ਆ ਰਲ਼ ਤੂੰ ਹੀ ਐਵੇਂ ਵਾਧੂ ਦੀ ਮੀਨ-ਮੇਖ ਵਿਚ ਪਿਆ ਜੇ-ਜੱਕਾਂ ਕਰਦਾ ਰਿਹਾ। ਹੁਣ ਆ ਜਾ ... ਥਿਆਲੀਤੇ ਸਰ੍ਹੋਂ ਨਾ ਜਮਾ ਦਿਆਂ ਤਾਂ ਆਖੀਂ, ਧਰਮ ਨਾਲ ਤੂੰ ਆ ਸਹੀ, ਮੂੰਹ ਮੰਗੀਆਂ ਮੁਰਾਦਾਂ ਪਾਏਂਗਾਜੇ ਹਾਲੇ ਵੀ ਐਵੇਂ ਯਭਕੀ ਜਾਣਾ ਤਾਂ ਤੇਰੀ ਮਰਜ਼ੀ।

ਪੰਡਿਤ ਜੀ ਦਾ ਮੁਕਤੀ ਵਿਖਿਆਨ ਹਾਲੇ ਅੱਧ ਵਿਚਕਾਰ ਹੀ ਸੀ ਕਿ ਅਚਾਨਕ ਪਾਸੇ ਦੇ ਬੂਹੇ ਵਿੱਚੋਂ ਭਗਵੇਂ ਵਸਤਰਾਂ ਵਿਚ ਮਬਲੂਸ ‘ਮਾਤਾ ਜੀ’ਆ ਪਧਾਰੇ।

ਨਮਸਕਾਰ ਜੀ”, ਉਹ ਹੱਥ ਜੋੜੀ ਮੇਰੇ ਸੌਹੇਂ ਪ੍ਰਸੰਨ ਮੁਦਰਾ ਵਿਚ ਸੁਸ਼ੋਭਤ ਖੜ੍ਹੇ ਸਨ।

ਨਮਸਕਾਰ ਜੀ’, ਆਖਣ ਸਾਰ ਉੱਠਦਿਆਂ ਮੈਂ ਉਹਨਾਂ ਦੇ ਚਰਨ ਛੂਹਣ ਲਈ ਅਹੁਲ਼ਿਆ ਹੀ ਸਾਂ ਕਿ ਉਹਨਾਂ ਅੱਧ ਵਿਚਕਾਰੋਂ ਹੀ ਹੱਥ ਫੜਕੇ ਮੈਨੂੰ ਰੋਕ ਲਿਆ।

ਮਾਤਾ ਜੀ ਤੇ ਸੁਆਮੀ ਜੀ ਆਪਣੇ ਆਪ ਨੂੰ ਪੂਰਵ-ਪਤੀ-ਪਤਨੀ ਆਖਦੇ ਸਨ। ਪੂਰਵ ਤੋਂ ਮੁਰਾਦ ਪਿਛਲੇ ਜਨਮ ਨਹੀਂ ਸਗੋਂ ਇਸ ਜਨਮ ਦੀ ਹੈ। ਕਈ ਵਰ੍ਹਿਆਂ ਤੋਂ ਦੋਵੇਂ ਸਨਿਅਸਤ ਹੋ ਗਏ ਹਨ, ਤੇ ਹੁਣ ਉਹਨਾਂ ਵਿਚਕਾਰ ਪਤੀ-ਪਤਨੀ ਵਾਲਾ ਸੰਬੰਧ ਨਹੀਂ ਰਿਹਾ। ਉਹਨਾਂ ਦੀਆਂ ਦੋ ਬੇਟੀਆਂ ਵਿਆਹੀਆਂ ਵਰੀਆਂ ਹਨ ਤੇ ਹੁਣ ਤਾਂ ਪੁੱਤਰ ਦੇ ਵੀ ਅਗਾਂਹ ਇਕ ਪੁੱਤਰ ਹੈ।

ਪਿਛਲੀ ਵਾਰ ਸੱਤ ਅੱਠ ਸਾਲ ਪਹਿਲਾਂ ਜਦੋਂ ਉਹਨਾਂ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਦਾ ਬੇਟਾ ਕੁਆਰਾ ਸੀ ਤੇ ਉਹਦੀ ਕੁੜਮਾਈ ਵਿਚਾਰ ਅਧੀਨ ਸੀ। ਸੁਆਮੀ ਜੀ ਤਾਂ ਉਦੋਂ ਵੀ ਸੰਨਿਆਸੀ ਹੋ ਚੁੱਕੇ ਸਨ। ਪਰ ਕਦੀ ਕਦਾਈਂ ਘਰ ਗੇੜਾ ਮਾਰ ਜਾਇਆ ਕਰਦੇ ਸਨ।

ਸੁਆਮੀ ਜੀ ਕਾਫੀ ਸਮੇਂ ਤੋਂ ਟਿਕਵੀਂ ਘਰ-ਗ੍ਰਹਿਸਤੀ ਤੋਂ ਉਚਾਟ ਜਿਹੇ ਰਹਿਣ ਲੱਗ ਪਏ ਸਨ। ਉਂਝ ਚੰਗੇ ਭਲੇ ਡਿਗਰੀ ਕਾਲਿਜ ਦੇ ਪ੍ਰਿੰਸੀਪਲ ਸਨ। ਪਰ ਤਬੀਅਤ ਜ਼ਰਾ ਜਿਸ ਸ਼ਹਿਰ ਮੇਂ ਭੀ ਰਹਿਨਾ, ਉਕਤਾਏ ਹੂਏ ਰਹਿਨਾ’ਵਾਲੀ ਸੀ। ਪ੍ਰਿੰਸੀਪਲੀ ਦੇ ਨਾਲ ਨਾਲ ਪਹਿਲੋਂ ਅਯੁਰਵੇਦ, ਫੇਰ ਜਯੋਤਿਸ਼-ਸ਼ਾਸਤਰ, ਸੰਗੀਤ ਤੇ ਫੇਰ ਅਧਿਆਤਮ ਵਿੱਦਿਆ ਵਿਚ ਗਹਿਰੇ ਉੱਤਰਦੇ ਏਨੀ ਦੂਰ ਲੰਘ ਗਏ ਕਿ ਵਾਪਸ ਮੁੜਨ ਦਾ ਰਸਤਾ ਹੀ ਭੁੱਲ ਗਏ। ਹਾਂ ਕਦੀ ਕਦਾਈਂ ਭੁੱਲੇ-ਭੁਲਾਏ  ਘਰ ਵੀ ਆ ਜਾਂਦੇ ਸਨ। ਪੁੱਤਰ ਦੀ ਪੜ੍ਹਾਈ ਤੇ ਭਲਾਈ ਦੀ ਰੀਮੋਟ ਕੰਟਰੋਲ ਰਾਹੀਂ ਹੀ ਪੈਰਵਹੀ ਰੱਖਦੇ ਰਹੇ ਸਨ।

ਉਂਝ ਤਾਂ ਹਰਿਦੁਆਰ ਦੇ ਨਿਵਾਸੀ ਆਮ ਤੌਰਤੇ ਥੋੜ੍ਹੀ-ਬਹੁਤ ਸਾਧ-ਵਿਰਤੀ ਵਾਲੇ ਹੋ ਹੀ ਜਾਂਦੇ ਹਨ। ਵੇਸ ਤੇ ਬਾਣੀ ਤੋਂ ਤਾਂ ਜ਼ਰੂਰ ਹੀ। ਪਰ ਮਾਤਾ ਜੀ ਦੇ ਵਰਤਮਾਨ ਤੋਂ ਬਿਨਾਂ ਵਿਰਾਸਤ ਵਿਚ ਵੀ ਅਜਿਹੇ ਬੀਜ ਵਿਦਮਾਨ ਸਨ। ਉਹਨਾਂ ਦੇ ਪਿਤਾ ਨੇ ਭੀ ਆਪਣੀ ਮਗਰਲੀ ਅਵਸਥਾ ਵਿਚ ਸੰਨਿਆਸ ਧਾਰਨ ਕਰ ਲਿਆ ਸੀ।

ਉਨ੍ਹੀਂ ਦਿਨੀਂ ਮਾਤਾ ਜੀ ਵੀ ਆਪਣਾ ਕਾਫੀ ਸਮਾਂ ਗੰਗਾ ਦੇ ਘਾਟਤੇ ਬਣੇ ਗੰਗੇਸ਼ਵਰ ਸੁਆਮੀ ਦੇ ਧਾਮਤੇ ਬਿਤਾਇਆ ਕਰਦੇ ਸਨ। ਪਰ ਸੁਬਹ-ਸ਼ਾਮ ਆਪਣੀ ਗ੍ਰਹਿਸਥੀ ਦੀ ਦੇਖ ਭਾਲ ਵਿਚ ਹੀ ਗੁਜ਼ਾਰਿਆ ਕਰਦੇ ਸਨ।

ਸੰਖੇਪ ਵਿਚ ਉਸ ਵੇਲੇ ਮਾਤਾ ਜੀ ਆਸ਼ਰਮ ਵਿਚ ਮਾਤਾ ਜੀ ਤੇ ਘਰ ਵਿਚ ਸਾਡੇ ਲਈ ਹਾਲੇ ਪੁਸ਼ਪਾ-ਭਾਬੀ ਜੀ ਹੀ ਹੋਇਆ ਕਰਦੇ ਸਨ।

ਉਸ ਦਿਨ ਰਾਮ ਜੀ ਨੇ ਘਰ ਦੁੱਧ ਤੇ ਸਬਜ਼ੀ-ਭਾਜੀ ਪੁੱਜਦੀ ਕਰਨ ਆਉਣਾ ਸੀ। ਮੈਂ ਸ਼ਹਿਰੋਂ ਇਕ ਦੋ ਨਿੱਤ-ਵਰਤੋਂ ਦੀਆਂ ਚੀਜ਼ਾਂ ਖਰੀਦਣੀਆਂ ਸਨ। ਮੈਂ ਉਹਦੇ ਨਾਲ ਹੀ ਘਰ ਆਇਆ ਤਾਂ ਭਾਬੀ ਜੀ ਕਾਫੀ ਉਦਾਸ ਮੁਦਰਾ ਵਿਚ ਸਨ। ਉਹਨਾਂ ਦਾ ਬੇਟਾ ਵੀ ਨਿੰਮੋਝੂਣਾ ਜਿਹਾ ਹੋਇਆ ਘਰ ਹੀ ਬੈਠਾ ਸੀ।

ਪੁੱਛਣਤੇ ਪਤਾ ਲੱਗਾ ਕਿ ਸੁਆਮੀ ਜੀ ਆਪਣੇ ਪੁੱਤਰ ਦਾ ਚੰਡੀਗੜ੍ਹ ਦੇ ਇਕ ਬੈਂਕ ਮੈਨੇਜਰ ਦੀ ਬੇਟੀ ਨਾਲ ਰਿਸ਼ਤਾ ਪੱਕਾ ਕਰ ਗਏ ਸਨ। ਸਵੇਰੇ ਅਗਲੀ ਧਿਰ ਕੁੜਮਾਈ ਦੀ ਰਸਮ ਲਈ ਆਉਣ ਵਾਲੀ ਸੀ। ਪਰ ਮੁੰਡਾ ਹਾਲੇ ਰਿਸ਼ਤੇ ਲਈ ਰਾਜ਼ੀ ਨਹੀਂ ਸੀ। ਮਾਂ ਦੇ ਕਹਿਣ ਅਨੁਸਾਰ ਉਸ ਹਾਲੇ ਬੀ. ਕੌਮ ਦੀ ਪੜ੍ਹਾਈ ਪੂਰੀ ਹੀ ਕੀਤੀ ਸੀ। ਤੇ ਉਹ ਅਗਾਂਹ ਪੜ੍ਹਨ ਦਾ ਇਰਾਦਾ ਰੱਖਦਾ ਸੀ। ਅਸ਼ੂ ਬੇਟੇ ਦੀ ਹਾਲਤ ਮੈਨੂੰ ਸੱਚਮੁੱਚ ਹੀ ਜਾਲ ’ਚ ਫਸੇ ਹਰਨੋਟੇ ਵਰਗੀ ਹੀ ਲੱਗ ਰਹੀ ਸੀ। ਪੁਸ਼ਪਾ ਭਾਬੀ ਆਪ ਆਪਣੇ ਪਤੀ, ਅਰਧ-ਪਤੀ ਜਾਂ ਪੂਰਵ ਪਤੀ ਨੂੰ ਵਾਭਰ ਕੇ ਵਰਜਣ ਦੀ ਹਿੰਮਤ ਨਹੀਂ ਸੀ ਜੁਟਾ ਪਾ ਰਹੀ। ਉਹਦੀ ਇੱਛਾ ਸੀ ਕਿ ਅਸ਼ੂ ਬੇਟੇ ਦੀ ‘ਗਾਰੇ ਵਿਚ ਫਸੀ ਗੱਡ ਨੂੰ ਬਾਹਰ ਕੱਢਣ ਲਈ’ਮੈਂ ਆਪਣਾ ਮੋਢਾ ਦੇਵਾਂ। ਮੈਨੂੰ ਸੁਆਮੀ ਜੀ ਆਪਣੇ ਬੇਟੇ ਨਾਲ ਸਰਾਸਰ ਜ਼ਿਆਦਤੀ ਕਰਦੇ ਪ੍ਰਤੀਤ ਹੋਏ। ਮੈਂ ਮਾਂ-ਪੁੱਤ ਨੂੰ ਇਸ ਜ਼ੁਲਮ ਨੂੰ ਠੱਲ੍ਹਣ ਲਈ ਆਪਣੇ ਪੂਰੇ ਸਹਿਯੋਗ ਦਾ ਭਰੋਸਾ ਦਿਵਾਇਆ।

ਸ਼ਾਮ ਵੇਲੇ ਮੈਂ ਘਰ ਰੋਟੀ ਖਾਣ ਦੇ ਆਨੀਂ-ਬਹਾਨੀਂ ਪੰਡਿਤ ਜੀ ਹੋਰਾਂ ਨੂੰ ਘਰ ਲੈ ਆਇਆ ਤੇ ਪਰਸ਼ਾਦੇ ਪਰੋਸੇ ਜਾਣ ਤੋਂ ਪਹਿਲਾਂ ਹੀ ਸਾਰੀ ਸਮੱਸਿਆ ਦਾ ਇਸ ਕਦਰ ਖੁਲਾਸਾ ਕੀਤਾ ਕਿ ਸੁਆਮੀ ਜੀ ਮੇਰੇ ਵੱਲ ਇਵੇਂ ਕਸੂਤੇ ਜਿਹੇ ਝਾਕੇ ਜਿਵੇਂ ਕੁੱਤੀ ਨੂੰ ਸ਼ਿਕਾਰ ਨਾਲ ਰਲ਼ ਜਾਣ ਦਾ ਉਲਾਂਭਾ ਦੇ ਰਹੇ ਹੋਣ।

ਉਹਨਾਂ ਗੁਸੈਲ਼ੇ ਤੇਵਰ ਅਪਣਾ ਲਏ। ਅਖੇ ਮੈਂ ਮੁੰਡੇ ਨੂੰ ਪਹਿਲੋਂ ਪੁੱਛਕੇ ਹਾਂ ਕੀਤੀ ਸੀ। ਮੇਰੀ ਹਾਜ਼ਰੀ ਤੋਂ ਹੌਂਸਲਾ ਲੈ ਕੇ ਦੱਬੇ-ਮੂੰਹ ਮਾਂ ਨੇ ਕਹਿ ਦਿੱਤਾ ਕਿ ਮੁੰਡੇ ਨੇ ਡਰਦੇ ਨੇ ਹਾਂ ਕੀਤੀ ਸੀ। ਤੇ ਮੁੰਡਾ ਹੁਣ ਵੀ ਡਰਦਾ ਮਾਰਾ ਭੀਲ-ਭੂਕ ਹੋਈ ਜਾ ਰਿਹਾ ਸੀ।

ਸੁਆਮੀ ਜੀ ਛਿੱਥੇ ਪਏ ਕਹਿ ਰਹੇ ਸਨ ਕਿ ਮੈਂ ਉਹਨਾਂ ਨੂੰ ਵਚਨ ਦੇ ਚੁੱਕਾ ਹਾਂ। ਕੱਲ੍ਹ ਨੂੰ ਉਹ ਆ ਰਹੇ ਹਨ।

ਮੈਂ ਆਖ ਰਿਹਾ ਸਾਂ ਕਿ ਇਸ ਮਜਬੂਰੀ ਦੇ ਨਰੜ ਦੀ ਕੀ ਤੁਕ। ਗੱਲ ਰੋਂਦੇ ਘੋੜ-ਚੜ੍ਹੇ, ਹੱਗ ਭਰੇ ਪਲਾਣ` ਵਾਲੀ ਹੀ ਹੋਵੇਗੀ।

ਸੁਆਮੀ ਜੀ ਨੂੰ ਭੱਜਦਿਆਂ ਰਾਹ ਨਹੀਂ ਸੀ ਲੱਭ ਰਿਹਾ।

ਹਾਰ ਕੇ ਉਹਨਾਂ ਕਿਹਾ, ਮੈਂ ਨਾਂਹ ਨਹੀਂ ਕਹਿ ਸਕਦਾ। ਨਾਂਹ ਤੁਸੀਂ ਆਪ ਕਰੋ।

ਤੇ ਪੁਸ਼ਪਾ ਭਾਬੀ ਜੀ ਹੋਰੀਂ ਦੋਹਾਂ ਧਿਰਾਂ ਦੇ ਨਾਨਕਿਆਂ ਦੇ ਗੋਤਾਂ ਦੀ ਸਾਂਝ ਦਾ ਅੜਿੱਕਾ ਪਾ ਕੇ ਬੜੇ ਜ਼ੋਰ ਸ਼ੋਰ ਨਾਲ ਗਲ਼ ਪੈ ਰਹੇ ਰਿਸ਼ਤੇ ਨੂੰ ਸ਼ਾਸਤਰੀ-ਮੁਹਾਰਤ ਨਾਲ ਇਸ ਤਰ੍ਹਾਂ ਪਟੜੀ ਤੋਂ ਲਾਹਿਆ ਸੀ ਕਿ ਅਗਲੀ ਧਿਰ ਉਭਾਸਰਕੇ ਵਾਅਦਾ-ਖਿਲਾਫ਼ੀ ਦਾ ਉਲਾਂਭਾ ਦੇਣ ਦੀ ਜੁਅਰਤ ਨਹੀਂ ਸੀ ਕਰ ਸਕੀ।

ਸ਼ਾਇਦ ਮੇਰੇ ਇਸ ਰੋਲ ਕਰਕੇ ਜਾਂ ਫਿਰ ਉਂਝ ਹੀ ਕਈ ਵਰ੍ਹਿਆਂ ਬਾਅਦ ਮਿਲਣ ਕਰਕੇ, ਕਈ ਸੇਵਕਾਂ ਦੀ ਮੌਜੂਦਗੀ ਦੇ ਬਾਵਜੂਦ ਸਾਡੇ ਲਈ ਮਾਤਾ ਜੀ ਖੁਦ ਚਾਹ ਦੀ ਥਾਂ ਇਲਾਚੀਆਂ ਵਾਲਾ ਦੁੱਧ ਉਬਾਲਕੇ ਲਿਆਏ ਸਨ।

ਮੈਨੂੰ ਪਤਾ ਲੱਗਾ ਸੀ ਕੁਝ ਵਰ੍ਹਿਆਂ ਬਾਅਦ ਅਸ਼ੂ ਦੇ ਪ੍ਰੇਮ-ਵਿਆਹ ਤੋਂ ਮਗਰੋਂ ਪੁਸ਼ਪਾ ਜੀ ਖੁਦ ਕੁਲਵਕਤੀ ਸੰਨਿਆਸੀ ਹੋ ਗਏ ਸਨ ਤੇ ਆਪਣਾ ਪੂਰਾ ਸਮਾਂ ਆਪਣੇ ਗੁਰੂ ਗੰਗੇਸ਼ਵਰ ਸੁਆਮੀ ਦੇ ਮਹਾਂ-ਸਮਾਧੀ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਉਨ੍ਹਾਂ ਦੇ ਤਪੋਬਣ ਵਾਲੇ ਆਸ਼ਰਮ ਦੀ ਸਾਂਭ-ਸੰਭਾਲ ਹਿਤ ਹੀ ਸਮਰਪਿਤ ਕਰ ਰਹੇ ਸਨ।

ਤਪੋਬਣ ਵਾਲੇ ਆਸ਼ਰਮ ਦਾ ਕੀ ਬਣਿਆ? ਇਹ ਚਮੁੰਡਾ ਧਾਮ ਵਾਲਾ ਆਸ਼ਰਮ ਤਾਂ ਆਨੰਦ ਸੁਆਮੀ ਹੋਰਾਂ ਸ਼ਹਿਰ ਵਿਚ ਸ਼ਿਵੋਮਧਾਮ ਵੇਚਕੇ ਹਰਿਦੁਆਰ ਤੋਂ ਨੌਂ-ਦਸ ਕਿਲੋਮੀਟਰ ਦੀ ਦੂਰੀਤੇ ਖੁੱਲ੍ਹੀ ਜ਼ਮੀਨ ਖਰੀਦ ਕੇ ਬਣਵਾਇਆ ਸੀ। ਮਾਤਾ ਜੀ ਇੱਥੇ ਕਿਵੇਂ? ਕੀ ਮਾਤਾ ਜੀ ਤੇ ਸੁਆਮੀ ਜੀ ਦੇ ਆਪੋ ਆਪਣੇ ਸੁਤੰਤਰ ਸੰਨਿਆਸ ਆਸ਼ਰਮਾਂ ਵਿਚਕਾਰ ਕੋਈ ਸਮਝੌਤਾ ਹੋ ਗਿਆ ਹੈ। ਇਸੇ ਸ਼ਸ਼ੋਪੰਜ ਵਿਚ ਉਲਝੇ ਹੋਇਆਂ ਮੈਂ ਮਾਤਾ ਜੀ ਨੂੰ ਆਖਿਆ ਕਿ ਇਸ ਵਾਰ ਮੈਂ ਗੰਗਾ ਘਾਟ ਤੋਂ ਤਪੋਬਣ ਆਸ਼ਰਮ ਦੇ ਟਿਕਾਣੇ ਦਾ ਪਤਾ ਕਰ ਕੇ ਉਨ੍ਹਾਂ ਨੂੰ ਵਾਪਸੀ ਤੋਂ ਪਹਿਲਾਂ ਜ਼ਰੂਰ ਮਿਲਕੇ ਜਾਣਾ ਸੀ।

ਚਲੋ ਏਥੇ ਹੀ ਮਿਲ ਪਏ। ਤੁਹਾਨੂੰ ਖੇਚਲ ਨਹੀਂ ਕਰਨੀ ਪਈ।

ਇਸ ਤੋਂ ਪਹਿਲਾਂ ਕਿ ਮੈਂ ਕੋਈ ਹੋਰ ਸੁਆਲ-ਜੁਆਬ ਕਰਦਾ ਮਾਤਾ ਜੀ ਨੇ ਦੱਸਿਆ ਕਿ ਤਪੋਬਣ ਦੀ ਦੇਖ-ਰੇਖ ਲਈ ਇਕ ਹੋਰ ਪੁਜਾਰੀ ਜੀ ਆ ਗਏ ਸਨ। ਆਨੰਦ ਸੁਆਮੀ ਜੀ ਦੇ ਪ੍ਰਵਚਨ-ਭ੍ਰਮਣਤੇ ਚੜ੍ਹੇ ਰਹਿਣ ਕਾਰਨ ਚਮੁੰਡਾ ਧਾਮ ਬੇ-ਰੌਣਕਾ ਹੀ ਹੋ ਰਿਹਾ ਸੀ। ਇਸ ਲਈ ਉਹਨਾਂ ਨੇ ਗੰਗੇਸ਼ਵਰ ਸੁਆਮੀ ਜੀ ਦੀ ਯਾਦ ਵਿਚ ਇੱਥੇ ਹੀ ਉਹਨਾਂ ਦੇ ਅਨਿੰਨ ਭਗਤਾਂ ਦੇ ਸਹਿਯੋਗ ਨਾਲ ਇਕ ਮੰਦਰ ਦੀ ਉਸਾਰੀ ਕਰਵਾ ਲਈ ਸੀ।

ਕਿਸੇ ਵੇਲੇ ਮੈਂ ਪੁਸ਼ਪਾ ਜੀ ਦੇ ਕਹਿਣਤੇ ਗੰਗੇਸ਼ਵਰ ਸੁਆਮੀ ਜੀ ਦੀਆਂ ਤਸਵੀਰਾਂ ਖਿੱਚੀਆਂ ਸਨ। ਮਾਤਾ ਜੀ ਨੇ ਦੱਸਿਆ ਉਹ ਤਸਵੀਰਾਂ ਉਹਨਾਂ ਵੱਡ-ਆਕਾਰੀ ਕਰਵਾ ਲਈਆਂ  ਸਨ ਤੇ ਹੁਣ ਗੰਗੇਸ਼ਵਰ ਮੰਦਰ ਵਿਚ ਸੁਭਾਇਮਾਨ ਹਨ ਤੇ ਇਸੇ ਮੰਦਰ ਵਿਚ ਦੋ ਦਿਨਾਂ ਤੋਂ ਬਾਅਦ ਗੁਰੂ ਪੂਰਣਿਮਾ ਪੁਰਵ ਮਨਾਇਆ ਜਾਏਗਾ। ਕਾਫ਼ੀ ਗਿਣਤੀ ਵਿਚ ਮਾਤਾ ਜੀ ਤੇ ਸੁਆਮੀ ਜੀ ਦੇ ਸ਼ਿਸ਼ਾਂ ਦੇ ਇਸ ਸ਼ੁਭ ਅਵਸਰਤੇ ਪਹੁੰਚਣ ਦੀ ਉਮੀਦ ਸੀ।

ਇਹ ਸੂਚਨਾ ਦੇਣ ਤੋਂ ਬਾਅਦ ਮਾਤਾ ਜੀ ਵਿਸ਼ਰਾਮ ਲਈ ਪ੍ਰਸਥਾਨ ਕਰ ਗਏ ਸਨ ਤੇ ਸੁਆਮੀ ਜੀ ਤੇ ਮੈਂ ਸੌਣ ਤੋਂ ਪਹਿਲਾਂ ਬੜੀ ਦੇਰ ਉਹਨਾਂ ਦੇ ਅਧਿਐਨ ਤੇ ਸਮਾਧੀ ਕਕਸ਼ ਵਿਚ ਹਾਸੇ-ਠੱਠੇ ਦਾ ਗਰੁੜ-ਗਿਆਨ ਕਰਦੇ ਰਹੇ ਸਾਂ।

ਅਗਲੇ ਦੋ ਦਿਨ ਅਸੀਂ ਆਲੇ-ਦੁਆਲੇ ਦੀ ਖੂਬ ਪੈਦਲ ਯਾਤਰਾ ਕੀਤੀ। ਹੋਰ ਬਹੁਤ ਸਾਰੀਆਂ ਗੱਲਾਂ ਤੋਂ ਬਿਨਾਂ ਉਹਨਾਂ ਮੈਨੂੰ ਇਹ ਵੀ ਦੱਸਿਆ ਕਿ ਸੂਰਤ ਵਿਚ ਦਿੱਤੇ ਪ੍ਰਵਚਨਾਂ ਦੌਰਾਨ ਜਿਗਿਆਸੂਆਂ ਵੱਲੋਂ ਅਰਪਿਆ ਸੱਤ ਲੱਖ ਰੁਪਇਆ ਉਹਨਾਂ ਖੜ੍ਹੇ ਪਹਿਰ ਹੀ ਭੁਜ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇ ਦਿੱਤਾ ਸੀ। ਦੇਸ਼ ਦੇ ਕਈ ਪ੍ਰਾਂਤਾਂ ਵਿਚ ਉਹਨਾਂ ਦੇ ਇਕ ਪੁਰਖੀ ਚਮੁੰਡਾ ਧਾਮ ਦੀਆਂ ਸ਼ਾਖਾਂ ਸਨ। ਸਭਨੀਂ ਥਾਹੀਂ ਮਹਾਰਾਜ ਦੀ ਕਿਰਪਾ ਨਾਲ ਲਹਿਰ ਬਹਿਰ ਸੀ।

ਇਹ ਦੋਨੋਂ ਦਿਨ ਸੰਧਿਆ ਵੇਲੇ ਸੁਆਮੀ ਜੀ ਲਗਪਗ ਦੋ ਘੰਟਿਆਂ ਲਈ ਭਗਵਤ ਪੁਰਾਣ ਦੀ ਕਥਾ ਕੀਤਾ ਕਰਦੇ ਸਨ। ਕਥਾ-ਵਿਆਖਿਆ ਦੌਰਾਨ ਮੈਂ ਵਾਚਿਆ ਕਿ ਸੁਆਮੀ ਜੀ ਦੇ ਅਨੁਭਵ ਤੇ ਗਿਆਨ ਵਿਚ ਪਹਿਲਾਂ ਨਾਲੋਂ ਕਿਤੇ ਵਧੀਕ ਗਹਿਰਾਈ ਤੇ ਉਹਨਾਂ ਦੀ ਬਾਣੀ ਵਿਚ ਮਧੁਰਤਾ ਆ ਗਈ ਸੀ। ਮੰਤਰ-ਮੁਗਧ ਹੋਏ ਸਰੋਤੇ ਉਹਨਾਂ ਦੁਆਰਾ ਉਚਰੇ ਹਰ ਸ਼ਬਦ ਨੂੰ ਪੂਰੀ ਧਿਆਨ ਮਗਨਤਾ ਨਾਲ ਸੁਣਦੇ ਸਨ।

ਮੇਰੇ ਧਿਆਨ ਵਿਚ ਇਹ ਗੱਲ ਵੀ ਆਈ ਕਿ ਸੁਆਮੀ ਜੀ ਦੀ ਕਥਾ ਵਿਚ ਪ੍ਰੇਮ ਦੇ ਪ੍ਰਸੰਗਾਂ ਦੀ ਗਿਣਤੀ ਕੁਝ ਜ਼ਿਆਦਾ ਹੀ ਸੀ। ਅੱਜ ਕਾਨ੍ਹ ਦੇ ਵਿਯੋਗ ਵਿਚ ਰੁੰਨੀਆਂ ਸਖੀਆਂ ਦੇ ਊਧੋ ਹੱਥ ਭੇਜੇ ਜਾਣ ਵਾਲੇ ਸੁਨੇਹੇ ਦਾ ਜ਼ਿਕਰ ਕਰਨ ਵੇਲੇ ਉਹਨਾਂ ਦਾ ਗਲ਼ਾ ਰੁੰਧ ਗਿਆ ਸੀ। ਬਾਣੀ ਵਿਚ ਸੰਘਣੇ ਰੁਦਨ ਵਿਰਲਾਪ ਦੀ ਚਾਸ਼ਣੀ ਸੀ। ਸੁਣ ਰਹੇ ਸਰੋਤੇ ਆਪ ਵਿਯੋਗ ਦੇ ਦੁੱਖ ਦੀ ਧਾਰਾ ਵਿਚ ਵਹਿ ਗਏ ਸਨ। ਕੁਝ ਔਰਤਾਂ ਦੀਆਂ ਸਾੜ੍ਹੀਆਂ ਦੇ ਪੱਲੂ ਹੰਝੂਆਂ ਨਾਲ ਭਿੱਜ ਗਏ ਸਨ। ਸੰਵੇਦਨਸ਼ੀਲ ਮਰਦਾਂ ਦੇ ਹਉਕੇ ਵੀ ਰੋਕਿਆਂ ਨਹੀਂ ਸਨ ਰੁਕੇ। ਇਕ ਥਾਂ ਤਾਂ ਸੁਆਮੀ ਜੀ ਦੀ ਹਿਚਕੀ ਜਿਹੀ ਹੀ ਬੱਝ ਗਈ ਸੀ। ਉਹਨਾਂ ਨੂੰ ਆਪਣੀ ਵਾਰਤਾ ਦੀ ਲੜੀ ਮੁੜ ਚਾਲੂ ਕਰਨ ਲਈ ਕੁਝ ਸਮਾਂ ਲੱਗ ਗਿਆ ਸੀ।

ਕਥਾ ਸਮਾਪਤੀ ਤੋਂ ਬਾਅਦ ਜਦੋਂ ਅਸੀਂ ਉਹਨਾਂ ਦੇ ਧਿਆਨ ਕਮਰੇ ਵਿਚ ਗਏ ਤਾਂ ਸੁਆਮੀ ਜੀ ਆਪਣੇ ਹੀ ਰੌਂ ਵਿਚ ਬੋਲੀ ਚਲੇ ਜਾ ਰਹੇ ਸਨ ... ਅੱਜ ਕੱਲ੍ਹ ਮਨ ਦੀ ਬੜੀ ਵਚਿੱਤਰ ਜਿਹੀ ਦਸ਼ਾ ਹੈ। ਗਿਆਨ ਤੇ ਕਰਮ ਦੇ ਮਾਰਗ ਪ੍ਰੇਮ ਤੇ ਭਗਤੀ ਦੀ ਧਾਰਾ ਵਿਚ ਰਲ਼ਕੇ ਲੁਪਤ ਹੋ ਰਹੇ ਪ੍ਰਤੀਤ ਹੁੰਦੇ ਹਨ। ਸਭ ਸ੍ਰਿਸ਼ਟੀ ਕਿਸੇ ਮਧੁਰ ਪ੍ਰੇਮ-ਗੀਤ ਵਿਚ ਲੀਨ ਜਾਪਦੀ ਹੈ। ਇਹ ਪਸ਼ੂ, ਪੰਛੀ, ਪਉਣ, ਪਾਣੀ, ਸਮੂਹ ਬਨਸਪਤੀ, ਸੂਰਜ, ਚੰਦਰਮਾ, ਇਹ ਤਾਰੇ ਰਹੱਸਮਈ ਤਾਲ ਵਿਚ ਝੂਮਦੇ ਕਿਸੇ ਅਨੰਤ ਯਾਤਰਾ ਵੱਲ ਵਧ ਰਹੇ ਪ੍ਰਤੀਤ ਹੁੰਦੇ ਹਨ। ਜ਼ੱਰਾ ਜ਼ੱਰਾ ਜਿਵੇਂ ਕਿਸੇ ਮਹਾਂ-ਨ੍ਰਿਤ ਵਿਚ ਲੀਨ ਹੋਵੇ! ਬ੍ਰਹਿਮੰਡ ਦਾ ਕਣ ਕਣ ਜਿਉਂ ਕਿਸੇ ਮਹਾਂ ਮਿਲਣ ਦੀ ਤਤਪਰਤਾ ਵਿਚ ਗਤੀਮਾਨ ਹੋਵੇ।"

ਬੈਠੇ ਬੈਠੇ ਆਪੇ ਹੀ ਅੱਖਾਂ ਮੁੰਦ ਜਾਂਦੀਆਂ ਹਨ। ਅੱਥਰੂ ਧਾਰਾ ਪ੍ਰਵਾਹਮਾਨ ਹੋ ਜਾਂਦੀ ਹੈ ਤੇ ਕੁਝ ਸਮੇਂ ਮਗਰੋਂ ਅੱਧ ਮੀਟੀਆਂ ਅੱਖਾਂ ਤੇ ਅੱਧ ਖੁੱਲ੍ਹੇ ਹੋਠ ਕਿਸੇ ਵਿਸਮਾਦੀ ਰਸ ਵਿਚ ਗੁਆਚ ਜਾਂਦੇ ਹਨ। ਸ਼ਿੰਗਾਰ ਭਗਤੀ ਵਿਚ ਤੇ ਭਗਤੀ ਰਸ ਸ਼ਿੰਗਾਰ ਵਿਚ ਅੰਤਰ-ਪਰਿਵਰਤਿਤ ਹੁੰਦੇ ਰਹਿੰਦੇ ਹਨ। ਬੜੀ ਵਚਿੱਤਰ ਲੀਲ੍ਹਾ ... ਤੇ ਸੁਆਮੀ ਜੀ ਦਾ ਪ੍ਰੇਮ ਪ੍ਰਵਚਨ ਪਤਾ ਨਹੀਂ ਕਿੰਨੀ ਦੇਰ ਜਾਰੀ ਰਿਹਾ। ਰਤੀ ਭਰ ਲਈ ਉਹਨਾਂ ਦੀ ਧਾਰਾ ਰੁਕੀ ਤੇ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ “ਵਾਹ”ਸੁਆਮੀ ਜੀ ਆਤਮ ਸੁਚੇਤ ਹੋ ਗਏ। ਉਹਨਾਂ ਆਖਿਆ, “ਅੱਜ ਕੁਝ ਖਾਣੇ ਦਾ ਮਨ ਨਹੀਂ। ਤੁਸੀਂ ਭੋਜਨ ਪਾ ਕੇ ਆਰਾਮ ਕਰੋ।ਤੇ ਮੈਂ ਕਿਸੇ ਅਗੰਮੀ ਹੁਕਮ ਦਾ ਬੱਧਾ ਸੱਤ ਬਚਨ ਆਖ ਕੇ ਉੱਠਿਆ ਤੇ ਪਉੜੀਆਂ ਉੱਤਰਕੇ ਹੇਠ ਆ ਗਿਆ।

ਭੋਜਨ ਛਕ ਕੇ ਮੈਂ ਵਰਾਂਡੇ ਵਿਚ ਚਲਦੇ ਪੱਖੇ ਹੇਠ ਗੱਦੇਦਾਰ ਤਖਤਪੋਸ਼ਤੇ ਹੀ ਟੇਢਾ ਹੋ ਗਿਆ। ਸੇਵਾਦਾਰ ਮੇਰੇ ਕੋਲ ਚਾਦਰ ਸਰ੍ਹਾਣਾ ਤੇ ਪਾਣੀ ਨਾਲ ਭਰੀ ਗੜਵੀ ਰੱਖ ਗਿਆ।

ਸਵੇਰੇ ਮੇਰੀ ਅੱਖ ਵਾਹਵਾ ਸਾਝਰੇ ਜਿਹੇ ਹੀ ਖੁੱਲ੍ਹ ਗਈ। ਮੈਂ ਸਰ੍ਹਾਣੇ ਪਈ ਦਾਤਣ ਚੁੱਕੀ ਤੇ ਬਾਹਰਲੇ ਵੱਡੇ ਗੇਟ ਵਿਚ ਹੀ ਫਿੱਟ ਕੀਤੇ ਛੋਟੇ ਦਰਵਾਜ਼ੇ ਦਾ ਹੌਲੀ ਦੇਣੀ ਅਰਲ਼ ਖੋਲ੍ਹ ਕੇ ਜੰਗਲ ਪਾਣੀ ਲਈ ਬਾਹਰ ਨਿਕਲ ਗਿਆ।

ਦਿਸ਼ਾ-ਮੈਦਾਨ ਤੋਂ ਵਾਪਸ ਆਇਆ ਤਾਂ ਆਸ਼ਰਮ ਵਿਚ ਇਕ ਅਜੀਬ ਜਿਹਾ ਤਣਾਉ ਸੀ। ਸਭਨਾਂ ਦੇ ਚਿਹਰੇ ਉੱਪਰ ਦੱਬੀ-ਘੁੱਟੀ ਬੇਚੈਨੀ ਜਿਹੀ ਦੇ ਪ੍ਰਭਾਵ ਉੱਕਰੇ ਹੋਏ ਸਨ।

ਮਾਤਾ ਜੀ ਨੇ ਦੱਸਿਆ ਕਿ ਰਾਤੀਂ ਸ਼ਹਿਰ ਵਿਚ ਕੋਈ ਭਾਣਾ ਵਾਪਰ ਗਿਆ ਸੀ। ਕਿਸੇ ਪੁਲਸੀਏ ਨੇ ਇਕ ਔਰਤ ਨਾਲ ਜ਼ਿਆਦਤੀ ਕੀਤੀ। ਗਲ਼ੀ-ਮੁਹੱਲੇ ਦੇ ਲੋਕ ਭੜਕ ਪਏ। ਵਧਦੀ ਵਧਦੀ ਨੌਬਤ, ਪਥਰਾਉ, ਲਾਠੀ ਚਾਰਜ ਤੇ ਅੱਗਜ਼ਨੀਤੇ ਆ ਗਈ। ਕੱਲ੍ਹ ਰਾਤ ਤੋਂ ਸ਼ਹਿਰ ਵਿਚ ਕਰਫਿਊ ਲੱਗਾ ਹੋਇਆ ਹੈ। ਸਭ ਕਿਸਮ ਦੀ ਆਵਜਾਈ ਠੱਪ ਹੈ। ਟੀ. ਵੀ.ਤੇ ਵਾਰ ਵਾਰ ਇਸ ਨਾਲ ਸੰਬੰਧਤ ਖ਼ਬਰਾਂ ਤੇ ਸੂਚਨਾਵਾਂ ਹੀ ਸੁਣਾਈਆਂ ਵਿਖਾਈਆਂ ਜਾ ਰਹੀਆਂ ਹਨ। ਸਾਰਿਆਂ ਨੂੰ ਫਿਕਰ ਹੈ ਕਿ ਜੇ ਇਹੋ ਹਾਲਤ ਰਹੀ ਤਾਂ ਗੁਰੂ-ਪੂਰਣਿਮਾ ਦੇ ਉਤਸਵ ਵਿਚ ਦੂਰ-ਦੁਰਾਡੇ ਸ਼ਹਿਰਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਕੀ ਹਾਲ ਹੋਵੇਗਾ।

ਇਸ ਖਬਰ ਨੂੰ ਸੁਣਨ ਤੋਂ ਬਾਅਦ ਆਮ ਤੌਰਤੇ ਮੁਕਾਬਲਤਨ ਨਿਰਲੇਪ ਰਹਿਣ ਵਾਲੇ ਸੁਆਮੀ ਕੁਝ ਵਧੇਰੇ ਹੀ ਬੇਚੈਨ ਹੋ ਗਏ ਸਨ। ਉਹਨਾਂ ਦੇ ਮਨ ਨੂੰ ਅਜਬ ਜਿਹੀ ਅੱਚਵੀ ਲੱਗੀ  ਹੋਈ ਸੀ। ਇਕ ਦੋ ਵਾਰ ਤਾਂ ਉਹ ਕੱਲ੍ਹ ਦੇ ਉਤਸਵ ਦੀ ਤਿਆਰੀ ਲਈ ਨਿੱਕੇ ਮੋਟੇ ਕੰਮ ਕਰ ਰਹੇ ਸੇਵਕਾਂ ਨਾਲ ਬਿਨਾਂ ਕਿਸੇ ਜ਼ਾਹਿਰਾ ਕਾਰਨ ਦੇ ਉੱਚੇ-ਨੀਵੇਂ ਵੀ ਹੋ ਗਏ ਸਨ। ਉਹ ਬੇ-ਮਤਲਬ ਹੀ ਪਉੜੀਆਂ ਚੜ੍ਹ ਉੱਤਰ ਰਹੇ ਸਨ। ਫੇਰ ਉਹ ਇਹ ਬਹਾਨਾ ਲਾ ਕੇ ਕਿ ਰਾਤੀਂ ਬਹੁਤ ਦੇਰ ਤੀਕ ਅਧਿਐਨ ਵਿਚ ਲੀਨ ਰਹੇ ਸਨ ਚੱਜ ਨਾਲ ਸੌਂ ਨਹੀਂ ਸੀ ਸਕੇ, ਕਿਹਾ ਕਿ ਉਹ ਆਰਾਮ ਕਰਨ ਉੱਪਰ ਜਾ ਰਹੇ ਹਨ। ਪਰ ਆਰਾਮ ਅੱਜ ਉਹਨਾਂ ਤੋਂ ਹੋ ਨਹੀਂ ਸੀ ਰਿਹਾ। ਉਹ ਕਈ ਵਾਰ ਬਾਹਰ ਆਏ ਤੇ ਟਿਕਟਿਕੀ ਲਾ ਕੇ ਹਰਿਦੁਆਰ ਵੱਲੋਂ ਆਉਂਦੇ ਰਾਹ ਨੂੰ ਬੜੀ ਨੀਝ ਨਾਲ ਵਿਹੰਦੇ ਤੇ ਫੇਰ ਕੁਝ ਦੇਰ ਬਾਅਦ ਨਿੰਮੋਝੂਣੇ ਜਿਹੇ ਹੋ ਕੇ ਵਾਪਸ ਕਮਰੇ ਵਿਚ ਪਰਤਦੇ ਰਹੇ ਸਨ।

ਲੌਢੇ ਪਹਿਰ ਉਹ ਇਸ਼ਨਾਨ ਕਰਕੇ ਹੇਠ ਉੱਤਰੇ ਤੇ ਸਿੱਧੇ ਮੰਦਰ ਦੇ ਪ੍ਰਵਚਨ ਹਾਲ ਵਿਚ ਆਪਣੇ ਆਸਣਤੇ ਜਾ ਬਿਰਾਜੇਹੌਲੀ ਹੌਲੀ ਬਾਕੀ ਲੋਕ ਵੀ ਥਾਂਹੋਂ ਥਾਹੀਂ ਬੈਠ ਗਏ।

ਸੁਆਮੀ ਜੀ ਨੇ ਮਾਈਕ ਸੌਹੋਂ ਹਲਕਾ ਜਿਹਾ ਖੰਘੂਰਾ ਮਾਰ ਕੇ ਆਪਣਾ ਗਲ਼ਾ ਸਾਫ ਕੀਤਾ ਤੇ ਹੌਲ਼ੀ ਹੌਲ਼ੀ ਮਰਨਾਊ ਜਿਹੇ ਸੁਰ ਵਿਚ ਪ੍ਰਵਚਨ ਆਰੰਭ ਕੀਤਾ। ਪਰ ਵਾਕ ਕਿਸੇ ਧਾਰਾ ਵਿਚ ਬੱਝ ਨਹੀਂ ਰਹੇ ਸਨ। ਉਹਨਾਂ ਦਾ ਧਿਆਨ ਉੱਖੜ ਉੱਖੜ ਕਿਧਰੇ ਹੋਰ ਹੀ ਚਲਿਆ ਜਾਂਦਾ ਸੀ। ਧਾਰਾ ਬੱਝਦੀ ਬੱਝਦੀ ਟੁੱਟ ਜਾਂਦੀ ਸੀ। ਨਜ਼ਰ ਆਪਣੇ ਸਰੋਤਿਆਂ ਉੱਪਰ ਟਿਕਣ ਦੀ ਥਾਂ ਵਾਰ ਵਾਰ ਪ੍ਰਵੇਸ਼ ਦੁਆਰ ਵੱਲ ਟਿਕ ਕੇ, ਉਸ ਤੋਂ ਵੀ ਪਾਰ ਕਿਧਰੇ ਹੋਰ ਜਾਣ ਲਈ ਭਟਕ ਰਹੀ ਸੀ। ਉਹਨਾਂ ਆਪਣੀ ਗੱਲ ਕਾਹਲ਼ੀ ਕਾਹਲ਼ੀ ਸਮੇਟ ਕੇ ਅੱਧ-ਵਿਚਕਾਰ ਹੀ ਅਚਾਨਕ ਇਹ ਐਲਾਨ ਕਰ ਦਿੱਤਾ ਸੀ ਕਿ “ਬੱਸ ਆਜ ਇਤਨਾ ਹੀ।ਤੇ ਉਹ ਆਸਣ ਤੋਂ ਉੱਠ ਖਲੋਏ ਸਨ।

ਉਹਨਾਂ ਇਸ਼ਾਰਾ ਕਰਕੇ ਮੈਨੂੰ ਆਪਣੇ ਕੋਲ਼ ਬੁਲਾਇਆ ਤੇ ਧੀਮੀਂ ਜਿਹੀ ਚਾਲੇ ਆਸ਼ਰਮ ਤੋਂ ਬਾਹਰ ਚਲੇ ਗਏ।

ਸੱਤਿਆ! ਗੱਲ ਦਰਅਸਲ ਇਹ ਹੈ ਕਿ ਕੱਲ੍ਹ ਦੇ ਪੁਰਵ ਵਿਚ ਸ਼ਾਮਲ ਹੋਣ ਲਈ ਮੇਰੀ ਇਕ ਸ਼ਿਸ਼ਿਆ ਨੇ ਆਉਣੈ ਆਪਣੀ ਕਿਸੇ ਕੁਲੀਗ ਨਾਲ ਮਨੀਮਾਜਰਿਉਂ। ਉੱਪਰੋਂ ਇਹ ਕਰਫਿਊ ਵਾਲਾ ਯੱਭ ਪੈ ਗਿਆ ਸ਼ਹਿਰ ਵਿਚ। ਹਰਿਦੁਆਰ ਵਿਚ ਕਰਫਿਊ ਕਦੇ ਅੱਗੇ ਨਾ

ਪਿੱਛੇ। ਇਹ ਸਾੜ੍ਹਸਤੀ ਵੀ ਜਿਵੇਂ ਅੱਜ ਹੀ ਵਾਪਰਨੀ ਸੀ। ਸਵੇਰ ਦਾ ਕਈ ਵਾਰ ਫੋਨ ਕਰ ਚੁੱਕਾ ਹਾਂ। ਫੋਨ ਕੋਈ ਚੁੱਕ ਨਹੀਂ ਰਿਹਾ। ਉਹ ਘਰੋਂ ਤਾਂ ਚੱਲ ਹੀ ਪਏ ਹੋਣੇ ਨੇ। ਸ਼ਹਿਰ ਆਪਣੇ ਕਿਸੇ ਜਾਣੂੰ ਐੱਸ. ਡੀ. ਐੱਮ ਨੂੰ ਫੋਨ ਕੀਤਾ ਸੀ। ਉਸ ਅਨੁਸਾਰ ਕਰਫਿਊ ਦੇ ਹਟਣ ਦਾ ਹਾਲੇ ਕੋਈ ਲੱਲ੍ਹ ਨਹੀਂ ਦਿਸਦਾ। ਕੁਝ ਮੁਹੱਲਿਆਂ ਵਿਚ ਹਾਲਤ ਬਹੁਤ ਹੀ ਵਿਗੜੇ ਹੋਏ ਨੇ। ਪੰਜਾਬ, ਹਰਿਆਣੇ ਵੰਨੀਉਂ ਆਉਂਦੀਆਂ ਬਹੁਤੀਆਂ ਬੱਸਾਂ ਜੁਆਲਾਪੁਰ ਹੀ ਰੋਕੀਆਂ ਜਾ ਰਹੀਆਂ ਹਨ। ਵਿਰਲੀਆਂ ਟਾਵੀਆਂ ਵਿੰਗ ਵਲ਼ ਪਾ ਕੇ ਅੱਡੇ ਪੁੱਜ ਹੀ ਰਹੀਆਂ ਹਨ ਤੇ ਅੱਗੋਂ ਸ਼ਹਿਰੋਂ ਇੱਥੋਂ ਤੀਕ ਕਰਫਿਊ ਦਾ ਪੁਆੜਾ। ਪਤਾ ਨਹੀਂ ਵਿਚਾਰੀ ਅੱਧ ਵਿਚਾਲ਼ੇ ਕਿੱਥੇ ਫਸੀ ਹੋਈ ਹੋਊ।

ਸੁਆਮੀ ਜੀ, ਮਨੀਮਾਜਰੇ ਤੋਂ ..., ਕੀ ਨਾਂ ਹੈ ਉਸ ਬੀਬੀ ਦਾ ... ਸ਼ਾਇਦ ਚੰਦ੍ਰਿਕਾ ਚਤੁਰਵੇਦੀ।

ਓਹ, ਆਹੋ ਯਾਰ, ਚੰਦ੍ਰਿਕਾ ਹੀ।

ਉਸੇ ਤੋਂ ਤਾਂ ਮੈਨੂੰ ਤੁਹਾਡਾ ਸੈੱਲ ਫੋਨ ਨੰਬਰ ਮਿਲਿਆ ਸੀ।

ਆਹੋ, ਮੈਨੂੰ ਦੱਸਿਆ ਸੀ ਉਹਨੇ।

ਸੋ, ਇਹ ਕਾਰਨ ਸੀ ਸੁਆਮੀ ਜੀ ਦੀ ਬੇਚੈਨੀ ਦਾ।

ਨਜੀਬਾਬਾਦ ਵਾਲੇ ਪਾਸਿਉਂ ਕਾਫੀ ਵੱਡੀ ਮਾਤਰਾ ਵਿਚ ਯਾਤਰੀ ਪੁੱਜ ਰਹੇ ਸਨ। ਹਰਿਦੁਆਰ ਤੋਂ ਵੀ ਵਿਰਲੇ ਟਾਵੇਂ ਬੰਦੇ ਆ ਹੀ ਰਹੇ ਸਨ ਪਰ ਚੰਦ੍ਰਿਕਾ ਦਾ ਕਿਤੇ ਨਾਂ-ਨਿਸ਼ਾਨ ਨਹੀਂ ਸੀ ਤੇ ਸੁਆਮੀ ਜੀ ਦੀ ਚਿੰਤਾ ਵਧਦੀ ਜਾ ਰਹੀ ਸੀ।

ਸੂਰਜ ਛਿਪਣ ਦੀ ਤਿਆਰੀ ਵਿਚ ਹੀ ਸੀ ਕਿ ਗੇਟ ਦੇ ਬਾਹਰ ਇਕ ਥ੍ਰੀ-ਵ੍ਹੀਲਰ ਦੇ ਰੁਕਣ ਦੀ ਆਵਾਜ਼ ਆਈ ਤੇ ਤੁਰਤ ਮਗਰੋਂ ਮੰਦਰ ਦੇ ਵਿਸ਼ਾਲ ਆਂਗਣ ਵਿਚ ਇਕ ਸੁਆਣੀ ਨੇ ਪ੍ਰਵੇਸ਼ ਕੀਤਾ।

ਹੱਥ ਵਿਚ ਇਕ ਛੋਟਾ ਜਿਹਾ ਅਟੈਚੀ। ਸਾਦਾ ਜਿਹੇ ਪਰ ਚੁਸਤ ਪੰਜਾਬੀ ਸੂਟ ਪਹਿਨੇ ਛੋਹਲ਼ੇ ਪੱਬ ਧਰਦੀ ਆ ਰਹੀ ਚੰਦ੍ਰਿਕਾ ਉੱਪਰ ਪੰਡਿਤ ਜੀ ਦੀ ਬਿਹਬਲ ਨਜ਼ਰ ਪਈ ਤੇ ਉਹਨਾਂ ਦੀ ਜਾਨ ਵਿਚ ਜਾਨ ਆਈ।

ਚੰਦ੍ਰਿਕਾ ਨੇ ਬੜੇ ਸਲੀਕੇ ਨਾਲ ਝੁਕੇ ਸੁਆਮੀ ਜੀ ਦੇ ਚਰਨ ਛੂਹੇ। ਸੁਆਮੀ ਜੀ ਨੇ ਬਿਨਾਂ ਸਿਰ ਪਲੋਸੇ ਆਪਣੀ ਵਿਸ਼ੇਸ਼ ਹਸਤ-ਮੁਦਰਾ ਨਾਲ ਹੀ ਉਹਨੂੰ ਆਸ਼ੀਰਵਾਦ ਦਿੱਤਾ।

ਸਫ਼ਰ ਵਿਚ ਕੋਈ ਤਕਲੀਫ ...

ਜੀ ਬਿਲਕੁਲ ਨਹੀਂ।

ਕਰਫਿਊ ਕਰਕੇ ...

ਨਹੀਂ ਜੀ, ਜਿਹਨਾਂ ਨੇ ਆਉਣਾ ਹੀ ਹੋਵੇ, ਉਹਨਾਂ ਨੂੰ ਕਰਫਿਊ ਕੁਝ ਨਹੀਂ ਕਹਿੰਦਾ ... ਇਹ ਤਾਂ ਐਵੇਂ ਨਾ ਆਉਣ ਦੇ ਬਹਾਨੇ ਹੁੰਦੇ ਹਨ।

ਫਿਰ ਭੀ ਤੁਸੀਂ ਇੱਥੇ ਤਕ ਪੁੱਜੇ ਕਿੱਦਾਂ?”

ਅੱਡੇ ਤੋਂ ਗੰਗਾ ਪੁਲ ਤੀਕ ਮੁਹੱਲਿਆਂ ਦੀਆਂ ਭੀੜੀਆਂ ਚੋਰ ਗਲ਼ੀਆਂ ਵਿੱਚੀਂ ਇਕ ਰਿਕਸ਼ੇ ਵਾਲਾ ਲੈ ਆਇਆ। ਪੁਲ ਤੋਂ ਇੱਥੋਂ ਤੀਕ ਥ੍ਰੀ-ਵ੍ਹੀਲਰ ਚੱਲ ਹੀ ਰਹੇ ਹਨ ਬਿਨਾਂ ਕਿਸੇ ਰੋਕ ਟੋਕ ਤੋਂ।

ਇਹ ਸਤਨਾਮ ਸਿੰਘ ਹੋਰੀਂ ਨੇ।

ਚੰਦ੍ਰਿਕਾ ਨੇ ਬੜੇ ਸਲੀਕੇ ਨਾਲ ਹੱਥ ਜੋੜ ਕੇ ਨਮਸਕਾਰ ਕੀਤੀ। ਸੁਆਮੀ ਜੀ ਤੁਆਰਫ ਵਜੋਂ ਕੁਝ ਹੋਰ ਉੱਚਰਨ ਹੀ ਵਾਲੇ ਸਨ ਕਿ ਚੰਦ੍ਰਿਕਾ ਨੇ ਆਖਿਆ, “ਮੈਂ ਪਰੀਚਿਤ ਹਾਂ ਜੀ ਇਹਨਾਂ ਤੋਂ।

ਤੇ ਚੰਦ੍ਰਿਕਾ ਦੀ ਗੱਲ ਕਾਫੀ ਹੱਦ ਤੀਕ ਠੀਕ ਵੀ ਸੀ। ਦੋਸਤਾਂ ਦੇ ਦੋਸਤਾਂ ਨੂੰ ਬਿਨ ਮਿਲਿਆਂ ਵੀ ਗ਼ੈਰ-ਹਾਜ਼ਰੀ ਵਿਚ ਹੀ ਹੋਏ ਜ਼ਿਕਰ-ਜ਼ਕਾਰ ਕਰਕੇ ਕਾਫੀ ਹੱਦ ਤਾਈਂ ਜਾਣੀਂਦਾ ਹੀ ਹੁੰਦਾ ਹੈ।

ਚੰਗਾ ਜੀ ਫੇਰ ਮੈਂ ਤਾਂ ਜਾ ਕੇ ਕੋਈ ਕੰਮ-ਕਾਰ ਕਰਵਾਵਾਂ।

ਸੰਖੇਪ ਜਿਹੀ ਗੱਲ ਬਾਤ ਤੋਂ ਮਗਰੋਂ ਚੰਦ੍ਰਿਕਾ ਨੇ ਆਪਣਾ ਹਲਕਾ ਜਿਹਾ ਅਟੈਚੀ ਕੇਸ ਚੁੱਕਿਆ ਤੇ ਪੋਲੇ ਪੋਲੇ ਪੈਰੀਂ ਮਾਤਾ ਜੀ ਵਾਲੇ ਕਮਰੇ ਵਿਚ ਜਾ ਵੜੀ।

ਉਸ ਸ਼ਾਮ ਤੇ ਅਗਲਾ ਸਾਰਾ ਦਿਨ ਚੰਦ੍ਰਿਕਾ ਸੱਚਮੁੱਚ ਹੀ ਇੱਧਰ ਉੱਧਰ ਭੰਬੀਰੀ ਵਾਂਗ ਘੁੰਮਦੀ ਰਹੀ। ਰਸੋਈ ਘਰ, ਲੰਗਰ ਹਾਲ, ਯੱਗਯਸ਼ਾਲਾ, ਪ੍ਰਵਚਨ ਸਥਲ - ਗੱਲ ਕੀ ਜਿੱਥੇ ਵੀ ਕਿਤੇ ਜ਼ਰੂਰਤ ਹੁੰਦੀ, ਚੰਦ੍ਰਿਕਾ ਲੋੜ ਪੈਣ ਤੋਂ ਪਹਿਲਾਂ ਹੀ ਉੱਥੇ ਪੁੱਜੀ ਹੋਈ ਹੁੰਦੀ। ਹਰ ਕੰਮ ਭੁਗਤਾਉਣ ਵਿਚ ਉਹਦਾ ਸਲੀਕਾ, ਕਰੀਨਾ, ਚੁਸਤੀ ਤੇ ਮੁਹਾਰਤ ਵੇਖਕੇ ਹਰ ਕਿਸੇ ਦਾ ਉਹਦੀ ਪ੍ਰਸ਼ੰਸਾ ਕਰਨ ਨੂੰ ਜੀਅ ਉਮ੍ਹਲਦਾ।

ਕਦੀ ਹਰ ਥਾਂ ਊਰੀ ਵਾਂਗ ਘੁੰਮਦੀ ਚੰਦ੍ਰਿਕਾ ਤੇ ਕਦੀ ਉਹਦਾ ਪਿੱਛਾ ਕਰ ਰਹੀਆਂ ਸੁਆਮੀ ਜੀ ਦੀਆਂ ਖੋਈਆਂ ਅੱਖਾਂ ਤੇ ਕਦੀ ਪਲ ਛਿਣ ਲਈ ਦੋਹਾਂ ਦੀਆਂ ਮਿਲਕੇ ਅਣਮੰਨੇ ਜਿਹੇ ਮਨ ਨਾਲ ਚੁਰਾ ਲਈਆਂ ਗਈਆਂ ਨਜ਼ਰਾਂ ਨੂੰ ਮਾਤਾ ਜੀ ਬੜੇ ਧਿਆਨ ਨਾਲ ਘੋਖਦੇ, ਥੋੜ੍ਹਾ ਜਿਹਾ ਕੁੜ੍ਹਦੇ ਤੇ ਫੇਰ ਮੈਨੂੰ ਕੀ ਦਾ ਅਭਿਨੈ ਕਰਦੇ ਆਪਣਾ ਧਿਆਨ ਹੋਰ ਕਿਧਰੇ ਲਾਉਣ ਦਾ ਯਤਨ ਕਰਦੇ।

ਰਾਤ ਵੇਲੇ ਕਰਫਿਊ ਵੀ ਹਟਾ ਲਿਆ ਗਿਆ ਸੀ। ਇਸ ਲਈ ਗੁਰੂ ਪੂਰਣਿਮਾ ਦੇ ਉਤਸਵ ਵਿਚ ਆਸ ਮੁਤਾਬਕ ਵਾਹਵਾ ਰੌਣਕ ਹੋ ਗਈ ਸੀ। ਇਸ ਉਤਸਵ ਦੇ ਸਭਨਾਂ ਕੰਮਾਂ - ਹਵਨ, ਯੱਗ, ਕੀਰਤਨ, ਪ੍ਰਵਚਨ ਤੇ ਆਰਤੀ ਆਦਿ ਵੇਲੇ ਸਭਨੀਂ ਥਾਹੀਂ ਮਾਤਾ ਜੀ ਦੀ ਹੀ ਪ੍ਰਥਮਤਾ ਤੇ ਪ੍ਰਧਾਨਗੀ ਸੀ। ਉਹਨਾਂ ਨੂੰ ਆਸ ਸੀ ਕਿ ਇਸ ਉਤਸਵ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਸ ਆਸ਼ਰਮ ਦੀ ਪ੍ਰਤਿਸ਼ਠਾ ਤੇ ਕੀਰਤੀ ਵਿਚ ਹੋਰ ਵੀ ਵਧੇਰੇ ਵਾਧਾ ਹੋ ਜਾਵੇਗਾ। ਇਸ ਲਈ ਉਹ ਪਾ ਲਾ ਕੇ ਸਭਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਜ਼ਰ ਆ ਰਹੇ ਸਨ।

ਅਗਲੇ ਭਲਕ ਸਵੇਰੇ ਸੁਵਖਤੇ ਹੀ ਮੈਂ ਸੈਰ ਲਈ ਤਿਆਰ ਹੋ ਹੀ ਰਿਹਾ ਸੀ ਕਿ ਸੁਆਮੀ ਜੀ ਵੀ ਆ ਹਾਜ਼ਰ ਹੋਏ ਤੇ ਕੁਝ ਹੀ ਪਲਾਂ ਦੀ ਵਿੱਥ ਨਾਲ ਸੈਲਾਨੀ ਜੁੱਤੀ ਪਹਿਨੀ, ਲੱਕ ਨੂੰ ਚੁੰਨੀ ਬੱਧੀ ਚੰਦ੍ਰਿਕਾ ਵੀ ਕਮਰੇ ’ਚੋਂ ਬਾਹਰ ਆ ਗਈ।

ਏਹ ਵੀ ਸਵੇਰ ਦੀ ਸੈਰ ਦੇ ਸ਼ੌਕੀਨ ਨੇ। ਆਪਣੇ ਨਾਲ ਹੀ ਚੱਲਣਗੇ।

ਜ਼ਰੂਰ।ਮੈਨੂੰ ਕੀ ਉਜ਼ਰ ਹੋ ਸਕਦਾ ਸੀ।

ਸੁਬਕ ਸਰੀਰੀ ਚੰਦ੍ਰਿਕਾ ਕਿਸੇ ਅਗੰਮੀ ਚਾਅ ਵਿਚ ਚਹਿਕਦੀ ਇਸ ਕਦਰ ਬੋਚ ਬੋਚ ਕਦਮ ਧਰ ਰਹੀ ਸੀ ਕਿ ਉਹਦੀ ਚਾਲ ਟੁਰਨ ਤੇ ਨ੍ਰਿਤ ਦੇ ਵਿਚਕਾਰ ਦੀ ਕੋਈ ਮੁਦਰਾ ਪ੍ਰਤੀਤ ਹੋ ਰਹੀ ਸੀ। ਟੁਰਨ ਦਾ ਮੇਰਾ ਅਭਿਆਸ ਵੀ ਮਾੜਾ ਨਹੀਂ ਸੀ। ਸੱਤਰਾਂ ਨੂੰ ਢੁੱਕੇ ਸੁਆਮੀ ਜੀ ਇਕ ਅੱਧ ਵਾਰ ਦਿਲ ਹੱਥੋਂ ਹਲਕਾ ਜਿਹਾ ਧੱਕਾ ਖਾ ਚੁੱਕੇ ਸਨ, ਪਰ ਆਪਣੇ ਖਾਣ ਪੀਣ ਦੀਆਂ ਆਦਤਾਂ ਸੁਅਸਥ ਤੇ ਸੁਥਰੀਆਂ ਹੋਣ ਕਾਰਨ ਤੇ ਕੁਝ ਸ਼ਾਇਦ ਮਨ-ਚਾਹੀ ਸੰਗਤ ਕਰਕੇ ਉਹਨਾਂ ਦੀ ਖੁੱਚ ਵੀ ਹਾਲੀ ਲਗਪਗ ਜੁਆਨਾਂ ਵਾਂਗ ਹੀ ਉੱਠ ਰਹੀ ਸੀ।

ਸਾਡੀ ਸੈਰ ਕਦੀ ਨਿੱਕੇ ਜਿਹੇ ਸਫਰੀ ਕਵੀ ਦਰਬਾਰ, ਕਦੀ ਹਲਕੇ ਫੁਲਕੇ ਹਾਸ-ਵਿਅੰਗ ਤੇ ਕਦੀ ਗਹਿਰੇ ਸ਼ਾਸਤ੍ਰਾਰਥ ਵਿਚ ਵਟਦੀ ਕਈ ਰੰਗਾਂ ਵਿਚ ਤਬਦੀਲ ਹੁੰਦੀ ਰਹੀ। ਚੰਦ੍ਰਿਕਾ ਦੀ ਇਸ ਵਿਚ ਭਾਵੇਂ ਸਰਗਰਮ ਭਾਗੀਦਾਰੀ ਤਾਂ ਨਹੀਂ ਸੀ ਪਰ ਉਸਦੇ ਧਿਆਨ, ਹੁੰਗਾਰੇ ਤੇ ਚਿਹਰੇ ਦੇ ਹਾਵ-ਭਾਵ ਉਸਦੀ ਸੁਜੱਗ ਸ਼ਿਰਕਤ ਦੇ ਗਵਾਹ ਸਨ।

ਵਾਰੋ ਵਾਰੀ ਸਾਰੇ ਆਪੋ ਆਪਣੀ ਵਧ ਰਹੀ ਉਮਰ ਦਾ ਪ੍ਰਸੰਗ ਛੇੜਦੇ। ਚੰਦ੍ਰਿਕਾ ਵੀ ਆਪਣੀ ਨੇੜੇ ਪੁੱਜ ਰਹੀ ਅਵਕਾਸ਼-ਪ੍ਰਾਪਤੀ ਦਾ ਜ਼ਿਕਰ ਛੂੰਹਦੀ। ਪਰ ਸਭਨਾਂ ਦੀਆਂ ਇਹ ਗੱਲਾਂ ਸਭ ਓਪਰੀ ਜਿਹੀ ਰਸਮ ਪੂਰਤੀ ਹੀ ਪ੍ਰਤੀਤ ਹੁੰਦੀਆਂ ਸਨ। ਸਭਨਾਂ ਦੀ ਚਾਲ ਢਾਲ ਤੇ ਗੱਲਬਾਤ ਦੇ ਰਸਵੰਤ ਰੰਗ ਢੰਗ ਤੋਂ ਇਹ ਲਗਦਾ ਸੀ ਕਿ ਉਮਰ ਨੇ ਉਹਨਾਂ ਦੇ ਚਿੱਤ ਉੱਤੇ ਕੋਈ ਗਹਿਰੇ ਨਿਸ਼ਾਨ ਨਹੀਂ ਸਨ ਪਾਏ। ਘੱਟੋ ਘੱਟ ਇਸ ਘੜੀ ਤਾਂ ਇਹ ਪ੍ਰਤੀਤ ਹੁੰਦਾ ਸੀ।

ਵਾਪਸੀ ਵੇਲੇ ਆਸ਼ਰਮ ਦੇ ਨਜ਼ਦੀਕ ਸਾਨੂੰ ਮਾਤਾ ਜੀ ਆਪਣੇ ਵੱਲ ਆਉਂਦੇ ਨਜ਼ਰ ਆਏ। ਜੋਗੀਆ ਧੋਤੀ ਕੁਰਤਾ, ਭਾਰੀ ਭਰਕਮ ਦੇਹ, ਹਿਚਕੋਲੇ ਖਾਂਦਾ ਲੱਕ ਤੇ ਗੋਡਿਆਂ-ਗਿੱਟਿਆਂ ਦੀ ਉੱਖੜੀ ਉੱਖੜੀ ਗਤੀ।

ਸੈਰ ਕਰਨ ਚੱਲੇ ਹੋ।ਮੈਂ ਨੇੜੇ ਆ ਕੇ ਰਸਮਨ ਜਿਹੇ ਕਿਹਾ।

ਹਾਂ ਮੈਂ ਤਾਂ ਅਸਲੋਂ ਨਾਕਾਮ ਹੋ ਚੱਲੀ ਸਾਂ। ਥੋੜ੍ਹਾ ਬਹੁਤ ਤੁਰਨਾ ਸ਼ੁਰੂ ਕੀਤਾ ਤਾਂ ਕੁਝ ਹਿੱਲਣ ਜੁੱਲਣ ਜੋਗੀ ਹੋਈ ਹਾਂ।

ਹਾਂ ਤੁਰਦੇ ਫਿਰਦਿਆਂ ਹੀ ਸਿਹਤ ਠੀਕ ਰਹਿੰਦੀ ਹੈ।ਇਹ ਆਖਦੇ ਅਸੀਂ ਤੁਰ ਪਏ ਤੇ ਮਾਤਾ ਜੀ ਆਪਣੀ ਖੂੰਡੀ ਦੀ ਟੇਕ ਲੈ ਕੇ ਦੂਜੀ ਦਿਸ਼ਾ ਵੱਲ ਚਾਲੇ ਪਾ ਗਏ।

ਆਸ਼ਰਮ ਦਾ ਪ੍ਰਵੇਸ਼ ਦੁਆਰ ਨੇੜੇ ਆ ਰਿਹਾ ਸੀ।

ਸੁਆਮੀ ਜੀ ਇਸ ਵਾਰ ਗੰਗਾ-ਕਿਨਾਰੇ ਨਹੀਂ ਜਾ ਹੋਇਆ। ਫੇਰ ਪਤਾ ਨਹੀਂ ਕਿੰਨੇ ਚਿਰ ਬਾਅਦ ਗੇੜਾ ਲੱਗੇ।

ਗੰਗਾ-ਕਿਨਾਰੇ ਜਾਣ ਨੂੰ ਕਿਹੜਾ ਮੰਤਰ ਪੜ੍ਹਨਾ। ਅਹੁ ਦੇਖੋ ਪ੍ਰਚੀਨ ਗੁਰੂ ਕੁਲ ਕਾਂਗੜੀ ਦੀ ਇਮਾਰਤ ਦੇ ਖੰਡਰ। ਉਹ ਗੰਗਾ ਦੇ ਪਰਲੇ ਪਾਰ ਹੈ। ਗੰਗਾ ਦਾ ਪਾਟ ਤਾਂ ਇੱਥੋਂ ਸਿੱਧੇ ਜਾ ਕੇ ਪੰਦਰਾਂ ਵੀਹਾਂ ਖੇਤਾਂ ਦੀ ਵਿੱਥ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਏਧਰਲੇ ਕੰਢੇ ਤਕ ਹੁਣੇ ਹੋ ਆਉਂਦੇ ਹਾਂ।

ਖੇਤੋਂ ਖੇਤੀ ਹੁੰਦੇ ਅਸੀਂ ਝਬਦੇ ਹੀ ਗੰਗਾਂ ਦੇ ਪਾਟ ਵਿਚ ਪੁੱਜ ਗਏ। ਦਸ ਪੰਦਰਾਂ ਗਜ਼ ਵਿਛੇ ਉਘੜ ਦੁਘੜੇ ਪਏ ਪੱਥਰਾਂ ਤੋਂ ਪਾਰ ਗੰਗਾ ਦੀ ਚਾਂਦੀ ਵੰਨੀ ਧਾਰ ਨਜ਼ਰ ਆ ਰਹੀ ਸੀ।

ਸੁਆਮੀ ਜੀ ਤੇ ਚੰਦ੍ਰਿਕਾ ਪਾਟ ਵਿਚ ਖੜ੍ਹੇ ਗੱਲਾਂ ਕਰਦੇ ਰਹੇ। ਮੈਂ ਪੱਥਰਾਂ ਉੱਪਰ ਦੀ ਹੁੰਦਾ ਹੋਇਆ ਨਦੀ ਕਿਨਾਰੇ ਜਾ ਪੁੱਜਾ। ਦੋ ਬੁੱਕ ਨਿਰਮਲ ਗੰਗਾ ਜਲ ਦੇ ਪੀਤੇ ਤੇ ਹੱਥ ਮੂੰਹ ਧੋ ਕੇ ਵਾਪਸ ਆ ਗਿਆ।

ਹੋ ਆਏ?” ਸੁਆਮੀ ਜੀ ਨੇ ਪੁੱਛਿਆ।

ਹਾਂ” ਹੌਲੀ ਦੇਣੀ ਮੈਂ ਕਿਹਾ।

ਸੁਆਮੀ ਜੀ ਦਾ ਗਰਮੀ ਤੇ ਲੰਮੀ ਸੈਰ ਕਾਰਨ ਜਿਵੇਂ ਹਲ਼ਕ ਸੁੱਕਾ ਹੋਇਆ ਹੋਵੇ। ਉਹਨਾਂ ਬੜੀ ਮੁਸ਼ਕਲ ਨਾਲ ਸੁੱਕੇ ਸੰਘ ਲਬ ਅੰਦਰ ਲੰਘਾਇਆ। ਨਦੀ-ਕਿਨਾਰੇ ਤੀਕ ਜਾਣ ਦੀ ਉਹਨਾਂ ਦੀ ਮਣਸ਼ਾ ਨਹੀਂ ਸੀ। ਉੱਚੇ-ਨੀਵੇਂ ਪਏ ਪੱਥਰ ਤੇ ਉੱਪਰ ਜੰਮੀ ਕਾਈ, ਐਵੇਂ ਕਿਤੇ ਪੈਰ ਤਿਲਕ ਗਿਆ ਤੇ ਜਾਹ ਜਾਂਦੀ ਦੀ ਹੋ ਜਾਊ।

ਉਹਨਾਂ ਬੜੀ ਤ੍ਰਿਸ਼ਨਾ ਨਾਲ ਜਲਧਾਰਾ ਵੱਲ ਦੇਖਿਆ।

ਚੱਲੀਏ?” ਤੇ ਅਧਮੰਨੇ ਜਿਹੇ ਮਨ ਨਾਲ ਕਿਹਾ।

ਰਤਾ ਠਹਿਰੋ, ਮੈਂ ਹੁਣੇ ਆਈ।ਅੰਤਰਯਾਮੀ ਚੰਦ੍ਰਿਕਾ ਬੜੀ ਫੁਰਤੀ ਨਾਲ ਪੱਥਰਾਂ ਉੱਤੇ ਪੰਛੀਆਂ ਵਾਂਗ ਪੈਰਾਂ ਦੀ ਜੰਜੀਰੀ ਟੁਕਦੀ ਜਲਧਾਰਾ ਕੋਲ ਪੁੱਜੀ, ਸਹਿਜ ਦੇਣੀ ਝੁਕੀ ਤੇ ਆਪਣੀਆਂ ਲੰਮੀਆਂ ਕਲਾਵੰਤ ਉਂਗਲੀਆਂ ਨੂੰ ਪੀਚ ਕੇ ਦੋਹਾਂ ਹੱਥਾਂ ਨੂੰ ਜੋੜਕੇ ਪਾਣੀ ਦਾ ਬੁੱਕ ਭਰ ਕੇ ਉਨ੍ਹੀਂ ਪੈਰੀਂ ਵਾਪਸ ਆ ਗਈ।

ਉਹਦੇ ਆਪਣੀ ਅੰਜਲੀ ਨੂੰ ਉਡੇਲਣ ਦੀ ਮੁਦਰਾ ਬਣਾਉਣ ਸਾਰ ਹੀ ਸੁਆਮੀ ਜੀ ਨਿਵੇਂ, ਓਕ ਬਣੇ ਹੱਥਾਂ ਦੀਆਂ ਹਥੇਲੀਆਂ ਨਾਲ ਤ੍ਰਿਹਾਏ ਬੁੱਲ੍ਹ ਛੁਹਾਏ ਤੇ ਉਹਨਾਂ ਦੇ ਸੁੱਕੇ ਤ੍ਰਿਹਾਏ ਹਲ਼ਕ ਹੇਠ ਸੀਤਲ ਜਲ ਜਿੱਥੋਂ ਦੀ ਲੰਘਿਆ, ਠੰਢ ਪਾਉਂਦਾ, ਪਿਆਸ ਬੁਝਾਉਂਦਾ ਗਿਆ। ਪੀਣ ਵਾਲੇ ਨਾਲੋਂ ਪਿਆਉਣ ਵਾਲੇ ਦੀਆਂ ਅੱਖਾਂ ਵਿਚ ਤ੍ਰਿਪਤੀ ਦਾ ਆਨੰਦ ਜੇ ਵੱਧ ਨਹੀਂ ਤਾਂ ਕਿਸੇ ਕਦਰ ਘੱਟ ਵੀ ਨਹੀਂ ਸੀ। ਚਹੁੰ ਨੈਣਾਂ ਦੇ ਮਹਾ-ਮਿਲਣ ਤੋਂ ਬਾਅਦ ਅਸੀਂ ਆਸ਼ਰਮ ਵੱਲ ਪਰਤੇ। ਆਹਿਸਤਾ ਆਹਿਸਤਾ। ਨਸ਼ਿਆਈ ਅਲਸਾਈ ਚਾਲ।

ਮੇਰਾ ਪੁੱਤਰ ਬ੍ਰਕਲੇਨ ਪੜ੍ਹਦਾ ਹੈ, ਸਰਕਾਰੀ ਵਜ਼ੀਫੇ ’ਤੇ। ਸ਼ਾਇਦ ਮੈਂ ਉਹਨੂੰ ਮਿਲਣ ਆਵਾਂ।ਚੰਦ੍ਰਿਕਾ ਨੇ ਥੋੜ੍ਹੀ ਦੇਰ ਬਾਅਦ ਮੈਨੂੰ ਮੁਖਾਤਿਬ ਹੁੰਦਿਆਂ ਕਿਹਾ।

ਜ਼ਰੂਰ।

ਮੈਨੂੰ ਹਿੰਦੂ ਵਿਸ਼ਵਕੋਸ਼ ਵਾਲਿਆਂ ਦੇ ਕਈ ਸੱਦੇ ਆਏ ਹਨ, ਨਿਊਯਾਰਕ ਤੋਂ। ਮੈਂ ਵੀ ਸ਼ਾਇਦ ਆਵਾਂ।ਸੁਆਮੀ ਜੀ ਉੱਚਰੇ।

ਆਪੋ ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਫੇਰ ਵੈਨਕੂਵਰ ਆਇਉ ਮੇਰੇ ਕੋਲ।

ਉਹ ਤਾਂ ਆਵਾਂਗੇ ਹੀ।

ਹਾਂ ਹਾਂ ਜ਼ਰੂਰ” ਦੋਨਾਂ ਨੇ ਉੱਪਰੋਥਲੀ ਆਖਿਆ।

ਸੁਆਮੀ ਜੀ, ਵੈਨਕੂਵਰ ਵਿਚ ਤੁਹਾਡੇ ਭਗਵੇਂ ਵਸਤਰ ਉਤਰਵਾ ਕੇ ਸੰਸਾਰੀ ਸੂਟ ਪੁਆ ਦੇਣਾ ਹੈ।

ਕਿਉਂ?”

ਦੋਵੇਂ ਸਾਕਾਰ ਪ੍ਰਸ਼ਨ ਚਿੰਨ੍ਹ ਬਣੇ ਮੇਰੇ ਵੱਲ ਹੈਰਾਨੀ ਨਾਲ ਝਾਕ ਰਹੇ ਸਨ।

ਸੰਸਾਰੀ ਕੱਪੜਿਆਂ ਵਿਚ ਸਹਿਜ ਹੋਣਾ ਸੌਖਾ ਹੁੰਦਾ ਹੈ।

ਇਸ ਸਾਦ-ਮੁਰਾਦਾ ਜਿਹੇ ਫਿਕਰੇ ਨੂੰ ਸੁਣਨ ਤੋਂ ਬਾਅਦ ਦੋਹਾਂ ਦੀਆਂ ਜੀਭਾਂ ਠਾਕੀਆਂ ਗਈਆਂ ਸਨ। ਉਹਨਾਂ ਸਵੀਕਾਰ (ਜਾਂ ਅਸਵੀਕਾਰ) ਵਿਚ ਕੁਝ ਕਹਿਣਾ ਚਾਹਿਆ, ਪਰ ਕਹਿਣ ਸੁਣਨ ਲਈ ਕੁਝ ਬਚਿਆ ਹੀ ਨਹੀਂ ਸੀ।

ਇਹ ਸਤਨਾਮ ਦਾ ਬੱਚਾ ਇਕ ਨਿੱਕੇ ਜਿਹੇ ਫਿਕਰੇ ਵਿਚ ਹੀ ਕਿੰਨੀ ਵੱਡੀ ਕਹਾਣੀ ਪਾ ਗਿਆ ਸੀ।

*****

(ਨੋਟ: ਇਹ ਕਹਾਣੀ ਕਈ ਵਰ੍ਹੇ ਪਹਿਲਾਂ ਤਿਮਾਹੀ ਸਾਹਿਤਕ ਪਰਚੇ ‘ਸਿਰਜਣਾ’ ਵਿਚ ਛਪੀ ਸੀ। ਅਸੀਂ ਧੰਨਵਾਦੀ ਹਾਂ ਡਾ. ਰਘਬੀਰ ਸਿੰਘ ‘ਸਿਰਜਣਾ ਦੇ, ਜਿਨ੍ਹਾਂ ਪਾਸੋਂ ਸਾਨੂੰ ਇਹ ਕਹਾਣੀ ਪ੍ਰਾਪਤ ਹੋਈ ਹੈ।)

(288)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਸਾਧੂ ਸਿੰਘ

ਡਾ. ਸਾਧੂ ਸਿੰਘ

Surrey, British Columbia, Canada.
Phone: 604 - 582 - 4261