GurmitShugli7ਹਕੀਕਤ ਇਹ ਹੈ ਕਿ ਕੋਈ ਵੀ ਰਾਜਨੀਤਕ ਪਾਰਟੀ ਹੋਵੇ ਜਾਂ ਜਥੇਬੰਦੀਉਹ ਸਿਰਫ਼ ...
(11 ਦਸੰਬਰ 2017)

 

ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੀਆਂ ਨਾਮਜ਼ਦਗੀਆਂ ਨੇ ਐਤਕੀਂ ਜਿਹੜੇ ਰੰਗ ਦਿਖਾਏ ਹਨ, ਇਹ ਪਹਿਲਾਂ ਘੱਟ ਦੇਖਣ ਨੂੰ ਮਿਲਦੇ ਹੁੰਦੇ ਸਨ। ਪਿਛਲੀ ਸਰਕਾਰ ਮੌਕੇ ਵੀ ਜਦੋਂ ਜਦੋਂ ਇਹ ਚੋਣਾਂ ਹੋਈਆਂ, ਤਲਖ ਕਲਾਮੀ ਦੀਆਂ ਖ਼ਬਰਾਂ ਤਾਂ ਆਉਂਦੀਆਂ ਸਨ, ਪਰ ਹਾਲਾਤ ਅਜਿਹੇ ਨਹੀਂ ਸਨ ਕਿ ਸੱਤਾ ਤੋਂ ਬਾਹਰ ਬੈਠੀ ਪਾਰਟੀ ਨੂੰ ਸਨਮਾਨ ਬਚਾਉਣ ਲਈ ਧਰਨੇ ਦੇਣੇ ਪੈਣ। ਖ਼ੈਰ ਰਸਮੀ ਤੌਰ ’ਤੇ ਸਤਾਰਾਂ ਦਸੰਬਰ ਨੂੰ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਨੇ ਬਾਜ਼ੀ ਮਾਰੀ ਹੈ, ਪਰ ਰਾਜਨੀਤਕ ਮਾਹਿਰ ਹੁਣੇ ਤੋਂ ਜਾਣਦੇ ਹਨ ਕਿ ਇਹ ਚੋਣਾਂ ਕਾਂਗਰਸ ਦੇ ਨਾਂਅ ਰਹਿਣਗੀਆਂ। ਜਿਹੜੇ ਸੂਬੇ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਹੋਵੇ, ਨਿਗਮ ਤੇ ਪੰਚਾਇਤੀ ਚੋਣਾਂ ਆਮ ਕਰਕੇ ਉਸੇ ਦੀਆਂ ਹੁੰਦੀਆਂ ਹਨ। ਲੋਕ ਵੀ ਸੋਚਦੇ ਹਨ ਕਿ ਜਿਹੜੀ ਪਾਰਟੀ ਦੀ ਸਰਕਾਰ ਉੱਪਰ ਹੈ, ਜਿਹੜੀ ਪਾਰਟੀ ਦਾ ਵਿਧਾਇਕ ਜਾਂ ਸੰਸਦ ਮੈਂਬਰ ਹੈ, ਕੌਂਸਲਰ ਵੀ ਉਸੇ ਦਾ ਹੀ ਬਣਾਇਆ ਜਾਵੇ ਤਾਂ ਇਲਾਕੇ ਦਾ ਮਾੜਾ-ਮੋਟਾ ਵਿਕਾਸ ਹੋ ਸਕਦਾ ਹੈ। ਜੇ ਉਲਟ ਦਿਸ਼ਾ ਵੱਲ ਗੱਲ ਗਏ ਤਾਂ ਸਿਵਾਏ ਖਹਿਬੜਨ ਵਾਲੀਆਂ ਖ਼ਬਰਾਂ ਦੇ ਹੋਰ ਕੱਖ ਨਹੀਂ ਮਿਲਣਾ।

ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖਰੀ ਦਿਨ ਐਤਕੀਂ ਪੰਜਾਬ ਵਿੱਚ ਪੰਜ ਛੇ ਥਾਵਾਂ ’ਤੇ ਜੋ-ਜੋ ਵਾਪਰਿਆ, ਉਹ ਬੜਾ ਕੁੱਝ ਸੋਚਣ ਵਾਸਤੇ ਮਜਬੂਰ ਕਰਦਾ ਹੈ। ਲੋਕ ਤਾਂ ਥਾਂ-ਥਾਂ ਇਹ ਵੀ ਗੱਲਾਂ ਕਰਦੇ ਸੁਣੀਂਦੇ ਹਨ ਕਿ ਅਕਾਲੀਆਂ ਨਾਲ ਵੀ ਧੱਕਾ ਹੋਣ ਲੱਗ ਗਿਆ। ਵਿਚਾਰੇ, ਅਕਾਲੀ ਆਗੂ। ਲੋਕ ਇਹ ਵੀ ਆਖਦੇ ਹਨ ਕਿ ਇਹ ਚਰਚਾ ਵਿੱਚ ਰਹਿਣ ਦੀ ਅਜਿਹੀ ਖੇਡ ਹੈ, ਜਿਹੜੀ ਸੱਤਾ ਤੋਂ ਬਾਹਰ ਬੈਠੀ ਪਾਰਟੀ ਅਕਸਰ ਖੇਡਦੀ ਹੁੰਦੀ ਹੈ। ਜਦੋਂ ਕਾਂਗਰਸ ਵਿਰੋਧੀ ਧਿਰ ਵਿੱਚ ਸੀ, ਉਦੋਂ ਉਹ ਸੜਕਾਂ ਮੱਲਦੀ ਸੀ ਤੇ ਅਕਾਲੀ ਆਗੂ ਕਹਿੰਦੇ ਹੁੰਦੇ ਸਨ, ‘ਇਹ ਡਰਾਮੇ ਕਰਦੇ ਨੇ, ਪਾਖੰਡੀ ਨੇ। ਸੜਕਾਂ, ਰੇਲਾਂ ਰੋਕ ਕੇ ਕਿਹੜੇ ਮਸਲੇ ਹੱਲ ਹੁੰਦੇ ਆ। ਇਹ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਸਮਝਦੇ।’

ਅੱਗੋਂ ਕਾਂਗਰਸੀ ਆਖਦੇ ਹੁੰਦੇ ਸੀ, ‘ਸਾਨੂੰ ਧਰਨੇ ਮਾਰਨ ਦਾ ਸ਼ੌਕ ਨਹੀਂ। ਸੱਤਾ ਧਿਰ ਨੇ ਹਾਲਾਤ ਹੀ ਇਹੋ ਜਿਹੇ ਬਣਾਏ ਹੋਏ ਨੇ ਕਿ ਮਜਬੂਰੀ ਵਿੱਚ ਇਹ ਸਭ ਕਰਨਾ ਪੈਂਦਾ।’

ਹੁਣ ਬਾਜ਼ੀ ਪੁੱਠੀ ਹੈ। ਕਾਂਗਰਸ ਸੱਤਾ ਵਿੱਚ ਹੋਣ ਕਰਕੇ ਕਹਿ ਰਹੀ ਹੈ ਕਿ ਅਕਾਲੀ ਪਾਖੰਡ ਕਰਦੇ ਹਨ ਤੇ ਅਕਾਲੀ ਕਹਿੰਦੇ ਹਨ, ‘ਮਜਬੂਰੀ ਹੈ। ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ। ਪੁਲਿਸ ਸਰਕਾਰ ਦੀ ਹਥਠੋਕੀ ਬਣ ਕੇ ਰਹਿ ਗਈ ਹੈ। ਸਾਡੇ ਵਰਕਰਾਂ ’ਤੇ ਝੂਠੇ ਪਰਚੇ ਪਾਏ ਗਏ ਹਨ। ਨਾਮਜ਼ਦਗੀਆਂ ਦਾਖ਼ਲ ਕਰਨੋਂ ਰੋਕਿਆ ਗਿਆ ਹੈ। ਇਸੇ ਕਰਕੇ ਮਜਬੂਰੀ ਵਿੱਚ ਧਰਨਿਆਂ ’ਤੇ ਬੈਠੇ ਹਾਂ।’

ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਆਪਣੇ ਸਾਥੀਆਂ ਨਾਲ ਹਰੀਕੇ ਪੱਤਣ ’ਤੇ ਧਰਨਾ ਲਾ ਕੇ ਬੈਠ ਗਏ। ਬੜੀਆਂ ਫੋਟੋਆਂ ਵਾਇਰਲ ਹੋਈਆਂ ਉਨ੍ਹਾਂ ਦੀਆਂ। ਅਚਾਰ ਨਾਲ ਪ੍ਰਸ਼ਾਦਾ ਛਕਦੇ ਹੋਏ ਛੋਟੇ ਬਾਦਲ। ਬੈਠੇ ਹੋਏ ਲੋਕਾਂ ਦੇ ਵਿਚਾਲੇ ਸੁੱਤੇ ਹੋਏ ਮਜੀਠੀਆ। ਥੱਲੇ ਲੋਕਾਂ ਦੀਆਂ ਟਿੱਪਣੀਆਂ ਪੜ੍ਹਨਯੋਗ ਸਨ। ਕਿਸੇ ਨੇ ਕੁੱਝ ਲਿਖਿਆ, ਕਿਸੇ ਨੇ ਕੁੱਝ। ਪਰ ਸੋਚ ਕੇ ਦੇਖੋ ਕਿ ਸੜਕਾਂ ਤੇ ਪੁਲ਼ ਮੱਲ ਕੇ ਬਹਿਣ ਨਾਲ ਕਾਂਗਰਸ ਦਾ ਕੀ ਨੁਕਸਾਨ ਹੋਇਆ ਤੇ ਅਕਾਲੀਆਂ ਨੂੰ ਕੀ ਲਾਭ ਮਿਲਿਆ। ਹਾਈਕੋਰਟ ਦੀ ਘੁਰਕੀ ਮਗਰੋਂ ਅਕਾਲੀਆਂ ਨੂੰ ਧਰਨੇ ਚੁੱਕਣੇ ਪਏ। ਸੁਖਬੀਰ ਨੂੰ ਗੋਲ-ਮੋਲ ਮਾਫ਼ੀ ਵੀ ਮੰਗਣੀ ਪਈ। ਅਖੇ, ‘ਏਨਾ ਅੱਤਿਆਚਾਰ ਪੰਜਾਬ ਦੇ ਇਤਿਹਾਸ ਵਿੱਚ ਕਦੇ ਨਹੀਂ ਸੀ ਹੋਇਆ। ਕੈਪਟਨ ਅੱਗ ਨਾਲ ਖੇਡ ਰਿਹਾ। ਇਹ ਚੋਣਾਂ ਧੱਕੇ ਨਾਲ ਹੋ ਰਹੀਆਂ ਹਨ। ਅਸੀਂ ਧਰਨੇ ’ਤੇ ਸ਼ੌਕੀਆ ਨਹੀਂ ਬੈਠੇ। ਆਪਣੀ ਗੱਲ ਸਰਕਾਰ ਤੱਕ ਪੁਚਾਉਣ ਲਈ ਇਹ ਰਾਹ ਚੁਣਨਾ ਪਿਆ। ਖੱਜਲ ਹੋਏ ਲੋਕਾਂ ਤੋਂ ਅਸੀਂ ਮਾਫ਼ੀ ਮੰਗਦੇ ਹਾਂ।’

ਹਕੀਕਤ ਇਹ ਹੈ ਕਿ ਕੋਈ ਵੀ ਰਾਜਨੀਤਕ ਪਾਰਟੀ ਹੋਵੇ ਜਾਂ ਜਥੇਬੰਦੀ, ਉਹ ਸਿਰਫ਼ ਆਪਣੇ ਬਾਰੇ ਸੋਚਦੀ ਹੈ। ਕਦੇ ਕਿਸੇ ਨੇ ਨਹੀਂ ਸੋਚਿਆ ਕਿ ਰਾਹ ਰੋਕਣ ਨਾਲ ਲੱਖਾਂ ਲੋਕ ਕਿਵੇਂ ਪ੍ਰਭਾਵਤ ਹੁੰਦੇ ਹਨ। ਜਦੋਂ ਜਾਮ ਲੱਗਦੇ ਹਨ ਤਾਂ ਸੰਪਰਕ ਟੁੱਟ ਜਾਂਦੇ ਹਨ। ਇੱਕ ਤੋਂ ਦੂਜੀ ਥਾਂ ਜਾਣਾ ਦੁਸ਼ਵਾਰ ਹੋ ਜਾਂਦਾ ਹੈ। ਐਂਬੂਲੈਂਸਾਂ ਨਹੀਂ ਲੰਘਦੀਆਂ। ਮਰੀਜ਼ ਤੜਫ਼ਦੇ ਹਨ। ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਖੱਜਲ ਹੁੰਦੇ ਹਨ। ਜ਼ਰੂਰੀ ਕੰਮਾਂ ’ਤੇ ਜਾਣ ਵਾਲਿਆਂ ਦੀ ਸਮੱਸਿਆ ਵਧਦੀ ਹੈ। ਇਨ੍ਹਾਂ ਮੁਸ਼ਕਲਾਂ ਵੱਲ ਕਦੇ ਕਿਸੇ ਨੇ ਧਿਆਨ ਨਹੀਂ ਦਿੱਤਾ। ਭਾਰਤ ਵਿੱਚ ਵੈਸੇ ਵੀ ਰਾਹ ਰੋਕ ਬਹਿਣਾ ਖੇਡ ਬਣ ਗਈ ਹੈ। ਕੋਈ ਮੰਗ ਮਨਵਾਉਣੀ ਹੋਵੇ ਤਾਂ ਸੜਕ ਵਿਚਾਲੇ ਆਣ ਬੈਠੋ। ਲੋਕ ਤਿਲਮਿਲਾਉਂਦੇ ਹਨ ਕਿ ਸਾਡਾ ਕੀ ਕਸੂਰ। ਜਿਹੜੇ ਤੁਹਾਡੀਆਂ ਮੰਗਾਂ ਨਹੀਂ ਮੰਨਦੇ, ਉਨ੍ਹਾਂ ਦੇ ਘਰਾਂ ਮੂਹਰੇ ਜਾ ਕੇ ਬੈਠੋ। ਉਨ੍ਹਾਂ ਨੂੰ ਵੋਟਾਂ ਨਾ ਪਾਓ। ਇਹ ਰਾਹ ਰੋਕਣ ਦਾ ਕੀ ਪਖੰਡ ਹੋਇਆ।

ਹਰਿਆਣੇ ਦੇ ਜਾਟ ਅੰਦੋਲਨ ਤੋਂ ਲੈ ਕੇ ਜਿੰਨੇ ਵੀ ਅੰਦੋਲਨ ਹੋਏ ਜਾਂ ਕਿਸੇ ਘਟਨਾ ਦੇ ਵਾਪਰਨ ਮਗਰੋਂ ਲੋਕਾਂ ਦਾ ਰੋਸ ਫੁੱਟਿਆ, ਉਹ ਸੜਕਾਂ ’ਤੇ ਹੀ ਸੀ। ਕਈ ਵਾਰ ਅਦਾਲਤ ਵੱਲੋਂ ਸੂਬਾ ਸਰਕਾਰ ਦੀ ਖਿਚਾਈ ਕਰਕੇ ਰਾਹ ਖੁੱਲ੍ਹਵਾਏ ਜਾਂਦੇ ਹਨ ਤੇ ਕਈ ਵਾਰ ਕਈ ਦਿਨ ਲੰਘਣ ਮਗਰੋਂ ਵਿਚਕਾਰਲਾ ਰਾਹ ਨਿਕਲਦਾ ਹੈ ਤੇ ਧਰਨੇ ਉੱਠਦੇ ਹਨ।

ਭਾਰਤ ਵਿੱਚ ਏਨਾ ਸਖਤ ਕਾਨੂੰਨ ਨਹੀਂ ਬਣ ਸਕਿਆ ਕਿ ਧਰਨੇ ਲਾ ਕੇ ਆਮ ਲੋਕਾਂ ਨੂੰ ਖੱਜਲ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਕਾਲੀਆਂ ਦੇ ਹੁਣ ਵਾਲੇ ਧਰਨਿਆਂ ਬਾਰੇ ਤਾਂ ਇਹ ਕਹਿਣਾ ਜ਼ਰੂਰੀ ਹੋ ਜਾਂਦਾ ਕਿ ਸਿਆਸੀ ਤੌਰ ’ਤੇ ਜਿਊਂਦੇ ਰਹਿਣ ਲਈ ਇਹ ਸਭ ਕੁੱਝ ਕੀਤਾ ਜਾ ਰਿਹਾ। ਪਾਠਕਾਂ ਨੂੰ ਸ਼ਾਇਦ ਚੇਤੇ ਹੋਵੇ ਕਿ ਪਿਛਲੇ ਵਰ੍ਹੇ ਸੁਖਬੀਰ ਸਿੰਘ ਬਾਦਲ ਧਰਨਿਆਂ ਦੀ ਰਾਜਨੀਤੀ ਤੋਂ ਤੰਗ ਆ ਕੇ ਇੱਕ ਵਾਰ ਬੋਲੇ ਸਨ, ‘ਜਿਨ੍ਹਾਂ ਨੂੰ ਘਰ ਕੋਈ ਨਹੀਂ ਪੁੱਛਦਾ, ਉਹ ਧਰਨਿਆਂ ’ਤੇ ਆ ਕੇ ਬੈਠ ਜਾਂਦੇ ਹਨ।’

ਪਰ ਐਤਕੀਂ ਜਦੋਂ ਉਹ ਹਰੀਕੇ ਪੱਤਣ ਕੰਬਲ ਲੈ ਕੇ ਬੈਠ ਗਏ ਤਾਂ ਲੋਕਾਂ ਸਵਾਲ ਕੀਤਾ, ‘ਹੁਣ ਤੁਹਾਡੇ ’ਤੇ ਵੀ ਪੁਰਾਣੀ ਗੱਲ ਲਾਗੂ ਹੁੰਦੀ ਹੈ ਜਾਂ ਨਹੀਂ।’

ਇਹ ਡਰਾਮੇਬਾਜ਼ੀ ਬੰਦ ਹੋਣੀ ਚਾਹੀਦੀ ਹੈ। ਇਹ ਸਭ ਕਰਨ ਨਾਲ ਸਿਆਸੀ ਪਾਰਟੀਆਂ ਦਾ ਤਾਂ ਭਲਾ ਹੋ ਸਕਦਾ, ਪੰਜਾਬ ਦਾ ਕੋਈ ਨਹੀਂ। ਨਗਰ ਨਿਗਮ ਚੋਣਾਂ ਹੋਣ ਜਾਂ ਕੋਈ ਹੋਰ, ਇਨ੍ਹਾਂ ਲਈ ਸੱਤਾਧਾਰੀ ਧਿਰ ਹਰ ਹਰਬਾ ਵਰਤਦੀ ਰਹੀ ਹੈ ਤੇ ਵਰਤਦੀ ਰਹੇਗੀ, ਕਿਉਂਕਿ ਰਾਜਨੀਤੀ ਵਿੱਚ ‘ਸੇਵਾ’ ਸ਼ਬਦ ਸਿਰਫ਼ ਦਿਖਾਵੇ ਮਾਤਰ ਰਹਿ ਗਿਆ ਹੈ। ਇਹ ਜੋ ਝੜਪਾਂ ਹੋਈਆਂ, ਇਸ ਕਰਕੇ ਨਹੀਂ ਹੋਈਆਂ ਕਿ ਇਨ੍ਹਾਂ ਉਮੀਦਵਾਰੀ ਦਾਖ਼ਲ ਕਰਨ ਦੇ ਚਾਹਵਾਨਾਂ ਵਿੱਚ ਲੋਕ ਸੇਵਾ ਦਾ ਜਜ਼ਬਾ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ, ਇਹ ਸਿਰਫ਼ ਕੁਰਸੀਆਂ ਨੂੰ ਜੱਫ਼ਿਆਂ ਖਾਤਰ ਹੋਈਆਂ।

ਸੋ ਜਦੋਂ ਆਮ ਲੋਕਾਂ ਨੂੰ ਹੁਣ ਸਾਰਾ ਡਰਾਮਾ ਸਮਝ ਆ ਰਿਹਾ ਤਾਂ ਰਾਜਨੀਤਕ ਲੋਕ ਕਿਨ੍ਹਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਚਾਹ ਰਹੇ ਹਨ। ਕੰਮ ਉਹ ਕੀਤੇ ਜਾਣ, ਜੋ ਪੰਜਾਬ ਦੇ ਹਿੱਤ ਵਿੱਚ ਹੋਣ। ਵੈਸੇ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਇਸ ਕਰਕੇ ਨਹੀਂ ਪੂਰੇ ਕੀਤੇ, ਕਿਉਂਕਿ ਪਿਛਲੀ ਸਰਕਾਰ ਖਜ਼ਾਨੇ ਵਿੱਚ ਕੁਝ ਛੱਡ ਕੇ ਨਹੀਂ ਗਈ। ਪਰ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਜਿਹੜਾ ਵਿਕਾਸ ਪੱਤਰ ਜਾਰੀ ਕੀਤਾ ਹੈ, ਉਸ ਵਿੱਚ ਮੁੜ ਵਾਅਦਿਆਂ ਦੀ ਝੜੀ ਲਾ ਦਿੱਤੀ ਗਈ ਹੈ। ਪਤਾ ਨਹੀਂ ਹੁਣ ਵਿਕਾਸ ਲਈ ਪੈਸੇ ਕਿੱਥੋਂ ਆਉਣਗੇ?

*****

(926)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author