SurinderKaur7ਸਾਹਿਤ ਦਾ ਵਿਸ਼ਾ ਉਹ ਲੋਕ ਹੋਣੇ ਚਾਹੀਦੇ ਹਨ ਜਿਹੜੇ ਸਮਾਜਿਕ ਪੌੜੀ ਦੇ ਬਿਲਕੁਲ ...
(28 ਨਵੰਬਰ 2017)

 

ਸਾਹਿਤ ਮਾਨਵ ਦੀ ਅਜਿਹੀ ਸਿਰਜਣਾ ਹੈ ਜੋ ਸੁਹਜ, ਸੁਆਦ ਅਤੇ ਗਿਆਨ ਦਾ ਸੰਗਮ ਹੁੰਦਾ ਹੈ। ਸਾਹਿਤ ਸਿਰਜਣਾ ਕਿਸੇ ਅਗੰਮੀ ਸ਼ਕਤੀ ਦਾ ਪ੍ਰਗਟਾਅ ਨਹੀਂ, ਸਗੋਂ ਮਨੁੱਖ ਦੀ ਰੁਚੀ ਅਤੇ ਸਾਧਨਾਂ ਦਾ ਸਿੱਟਾ ਹੁੰਦੀ ਹੈ। ਮਨੁੱਖ ਦੇ ਆਪਣੇ ਇਤਿਹਾਸਿਕ, ਸਮਾਜਿਕ ਵਿਕਾਸ ਵਿੱਚੋਂ ਉਸਦੀ ਆਪਣੀ ਰੁਚੀ ਤੇ ਸਮਰੱਥਾ ਉੱਭਰਦੀ ਹੈ। ਹਰ ਕੰਮ ਭਾਵੇਂ ਹਰ ਇੱਕ ਦੇ ਵੱਸ ਨਹੀਂ, ਸਗੋਂ ਮਨੁੱਖ ਦੀ ਲਗਨ, ਮਿਹਨਤ ਤੇ ਦ੍ਰਿੜ੍ਹਤਾ ਉਸ ਨੂੰ ਸਫਲਤਾ ਦੇ ਦਰਵਾਜੇ ਤੱਕ ਲੈ ਪਹੁੰਚਦੀ ਹੈ। ਸਵਾਲ ਇਹ ਉਤਪਨ ਹੁੰਦਾ ਹੈ ਕਿ ਸਾਹਿਤ ਸਿਰਜਣਾ ਕੇਵਲ ਆਪਣਾ ਗੁੱਭ-ਗੁਭਾਟ ਕੱਢਣ ਲਈ ਕੀਤੀ ਜਾਵੇ ਜਾਂ ਫਿਰ ਸਮਾਜ ਦੀ ਕਿਸੇ ਖਾਸ ਧਿਰ ਦੇ ਹੱਕ ਜਾਂ ਵਿਰੋਧ ਵਿੱਚ ਕੀਤੀ ਜਾਵੇ ਜਾਂ ਫਿਰ ਸਮਾਜ ਤੇ ਪ੍ਰਕਿਰਤੀ ਨੂੰ ਹੋਰ ਖੂਬਸੂਰਤ ਬਣਾਉਣ ਲਈ ਕੀਤੀ ਜਾਵੇ।ੳਛ

ਉੱਚੀ ਸਾਹਿਤ ਸਿਰਜਣਾ ਸਮਾਜ ਤੇ ਪ੍ਰਕਿਰਤੀ ਦੀ ਖੂਬਸੂਰਤੀ ਲਈ ਕੀਤੀ ਗਈ ਹੁੰਦੀ ਹੈ। ਉਸ ਵਿੱਚ ਆਮ ਤੌਰ ’ਤੇ ਵਿਅਕਤੀ ਵਿਸ਼ੇਸ਼ ਦੇ ਹੱਕ ਜਾਂ ਵਿਰੋਧ ਦੀ ਥਾਂ ਸਮਾਜੀ ਗੁਣਾਂ-ਔਗੁਣਾਂ ਦੇ ਆਧਾਰ ’ਤੇ ਉੱਚੀਆਂ ਕਦਰਾਂ ਕੀਮਤਾਂ ਦੀ ਉਸਾਰੀ ਕੀਤੀ ਗਈ ਹੁੰਦੀ ਹੈ। ਸਾਹਿਤ ਸਮਾਜ ਦਾ ਸਿਰਫ਼ ਸੀਸ਼ਾ ਹੀ ਨਹੀਂ ਹੁੰਦਾ ਸਗੋਂ ਪ੍ਰਤੀਕਰਮ ਵੀ ਪ੍ਰਗਟ ਕਰਦਾ ਹੈ। ਵਕਤੀ ਸਵਾਰਥਾਂ ਤੋਂ ਉੱਪਰ ਉੱਠ ਕੇ ਨਰੋਈਆਂ ਕਦਰਾਂ ਕੀਮਤਾਂ ਉਸਾਰਨ ਵਾਲਾ ਸਾਹਿਤ ਜਾਂ ਫਿਰ ਲੋਕਾਂ ਦੇ ਹਾਵ-ਭਾਵਾਂ ਨੂੰ ਸੁਹਜ ਰੂਪ ਵਿੱਚ ਪੇਸ਼ ਕਰਨ ਵਾਲਾ ਸਾਹਿਤ ਲੋਕਾਂ ਦਾ ਆਪਣਾ ਸਾਹਿਤ ਬਣ ਜਾਂਦਾ ਹੈ। ਉਹ ਲੋਕਾਂ ਲਈ ਆਦਰਸ਼ ਹੋ ਨਿੱਬੜਦਾ ਹੈ ਅਤੇ ਉਨ੍ਹਾਂ ਦਾ ਇੱਕ ਅਨਮੋਲ ਖਜ਼ਾਨਾ ਬਣ ਜਾਂਦਾ ਹੈ। ਪੰਜਾਬੀ ਦਾ ਲੋਕ ਸਾਹਿਤ, ਸੂਫੀ ਕਾਵਿ, ਗੁਰਮਤਿ ਕਾਵਿ, ਵੀਰ ਕਾਵਿ ਅਤੇ ਕਿੱਸਾ ਕਾਵਿ ਆਦਿ ਦੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਆਧੁਨਿਕ ਪੰਜਾਬੀ ਸਾਹਿਤ ਦੀ ਦੀ ਪ੍ਰਮੁੱਖ ਸਮੱਸਿਆ ਹੈ ਬਹੁਤ ਹੀ ਸੀਮਤ ਪਾਠਕ ਵਰਗਬਹੁਤੇ ਲੇਖਕ ਪੰਜਾਬੀ ਸਾਹਿਤ ਪਰੰਪਰਾ ਅਤੇ ਲੋਕਾਂ ਦੀ ਬੋਲੀ, ਮੁਹਾਵਰੇ, ਸੁਭਾਅ ਅਤੇ ਪੱਧਰ ਤੋਂ ਦੂਰ ਵਿਚਰਦੇ ਹਨ।

ਸਮਾਜ ਦੇ ਮੌਜੂਦਾ ਸੰਦਰਭ ਵਿੱਚ ਸਾਡੀਆਂ ਸੰਸਥਾਵਾਂ ਵਿੱਚ ਪਦਾਰਥਕ ਪੱਖ ਤੋਂ ਕਾਫ਼ੀ ਤਰੱਕੀ ਹੋਈ ਹੈ, ਜਿਵੇਂ ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ, ਖੇਤੀਬਾੜੀ ਅਤੇ ਉਦਯੋਗ ਵਿੱਚ ਨਵੀਂ ਤਕਨੀਕ, ਵਿੱਦਿਅਕ ਤੇ ਮੈਡੀਕਲ ਸੰਸਥਾਵਾਂ, ਪ੍ਰਬੰਧਕੀ ਅਦਾਰੇ ਆਦਿ ਦੀ ਤਦਾਦ ਵਿੱਚ ਕਾਫ਼ੀ ਵਾਧਾ ਹੋਇਆ ਹੈ, ਪਰੰਤੂ ਇਨ੍ਹਾਂ ਸੰਸਥਾਵਾਂ ਦੇ ਨਿਗਰਾਨ ਤੇ ਚਲਾਉਣ ਵਾਲਿਆਂ ਵਿੱਚ ਜੋ ਸਮਾਜ ਪ੍ਰਤੀ ਸਮਰਪਨ ਦੀ ਭਾਵਨਾ ਹੋਣੀ ਚਾਹੀਦੀ ਹੈ, ਉਸ ਦੀ ਘਾਟ ਬੁਰੀ ਤਰ੍ਹਾਂ ਰੜਕਦੀ ਹੈ। ਇਕ ਡਾਕਟਰ, ਅਧਿਆਪਕ, ਇੰਜੀਨੀਅਰ ਜਾਂ ਪ੍ਰਬੰਧਕ ਵਿੱਚ ਲੋਕ ਸੇਵਾ ਦੀਆਂ ਕਦਰਾਂ ਕੀਮਤਾਂ ਵਿੱਚ ਗਿਰਾਵਟ ਆ ਚੁੱਕੀ ਹੈ। ਸਾਡੇ ਸਮਾਜ ਦੇ ਪ੍ਰਮੁੱਖ ਨਿਗਰਾਨ, ਰਾਜਨੀਤਿਕ ਪ੍ਰਬੰਧ ਵਿੱਚ ਸਮਾਜਿਕ ਵਿਕਾਸ ਦੇ ਆਦਰਸ਼ ਦੀ ਥਾਂ ਨਿੱਜੀ ਸਵਾਰਥ ਭਾਰੂ ਹੋ ਚੁੱਕੇ ਹਨ। ਸਰਸਵਤੀ ਉੱਪਰ ਲਕਸ਼ਮੀ ਦਾ ਬੋਲਬਾਲਾ ਹੈ। ਪੈਸੇ ਅਤੇ ਸ਼ੋਹਰਤ ਦੀ ਦੌੜ ਹੈ। ਪੈਸਾ ਲਾਉਣਾ ਤੇ ਪੈਸਾ ਕਮਾਉਣਾ ਹੀ ਪ੍ਰਮੁੱਖ ਕਾਰਜ ਬਣ ਗਿਆ ਹੈ। ਦੁਨੀਆ ਵਿੱਚ ਸਮਾਜਿਕ ਵਿਕਾਸ ਦੀ ਥਾਂ ਅਰਬਾਂ ਰੁਪਏ ਹਥਿਆਰਾਂ ਉੱਪਰ ਵਗਾਏ ਜਾ ਰਹੇ ਹਨ। ਪ੍ਰਮਾਣੂ ਧਮਾਕਿਆਂ ਦੁਆਰਾ ਸਮਾਜ ਅਤੇ ਪ੍ਰਕਿਰਤੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਸਮੁੱਚੀ ਮਨੁੱਖਤਾ ਅਤੇ ਪ੍ਰਕਿਰਤੀ ਦੇ ਹਰ ਕਣ ਦਾ ਦਮ ਘੁੱਟਦਾ ਹੈ। ਨੇਤਾ ਤੇ ਪਰਜਾ, ਮਾਲਕ ਤੇ ਮਜ਼ਦੂਰ, ਡਾਕਟਰ ਤੇ ਮਰੀਜ਼, ਅਧਿਆਪਕ ਤੇ ਵਿਦਿਆਰਥੀ, ਪ੍ਰਬੰਧਕ ਤੇ ਸਹਾਇਕ ਆਦਿ ਵਿੱਚ ਆਪਸੀ ਸੰਬੰਧ ਆਮ ਤੌਰ ’ਤੇ ਸੁਹਿਰਦਤਾ ਵਾਲੇ ਨਹੀਂ ਸਗੋਂ ਪੈਸੇ ਅਤੇ ਵਕਤੀ ਮੁਫਾਦਾਂ ਵਾਲੇ ਬਣ ਗਏ ਹਨ ਪਰੰਤੂ ਅੱਜ ਵੀ ਹਰ ਅਦਾਰੇ ਵਿੱਚ ਰੌਸ਼ਨੀ ਦੇਣ ਵਾਲੀਆਂ ਸ਼ਖਸੀਅਤਾਂ ਮੌਜੂਦ ਹਨ ਜੋ ਸੋਹਣੇ ਸਮਾਜ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ।

ਅਫਸੋਸ, ਅਜੋਕੀ ਨੌਜਵਾਨ ਪੀੜ੍ਹੀ ਦਾ ਸਾਹਿਤ ਨਾਲੋਂ ਮੋਹ ਟੁੱਟਦਾ ਜਾ ਰਿਹਾ ਹੈ ਅੱਜ ਬਹੁਤ ਸਾਰੇ ਨੌਜਵਾਨ ਅਤੇ ਮੁਟਿਆਰਾਂ ਵਧੀਆ ਸਾਹਿਤਕ ਕਿਤਾਬਾਂ ਪੜ੍ਹਨ ਜਾਂ ਕੁਝ ਲਿਖਣ ਨੂੰ ਮਗਜ਼ ਖਪਾਈ ਸਮਝਦੇ ਹਨਲਗਭਗ ਹਰ ਸਕੂਲ ਕਾਲਜ ਵਿੱਚ ਲਾਇਬਰੇਰੀ ਹੁੰਦੀ ਹੈ, ਪਰ ਇਨ੍ਹਾਂ ਲਾਇਬਰੇਰੀਆਂ ਵਿੱਚ ਬੈਠ ਕੇ ਚੰਗੀਆਂ ਸਾਹਿਤਕ ਕਿਤਾਬਾਂ ਕਿੰਨੇ ਵਿਦਿਆਰਥੀ ਪੜ੍ਹਦੇ ਹਨ, ਇਹ ਸਚਾਈ ਸਾਰੇ ਜਾਣਦੇ ਹਨ। ਅਜੋਕੀ ਨੌਜਵਾਨ ਪੀੜ੍ਹੀ ਕੋਲ ਸਾਹਿਤ ਪੜ੍ਹਨ ਲਈ ਮਿੰਟ ਦਾ ਸਮਾਂ ਵੀ ਨਹੀਂ ਪਰ ਵਿਹਲੇ ਬਹਿ ਕੇ ਗੱਪਾਂ ਮਾਰਨ, ਦੂਜਿਆਂ ਦੀ ਬੁਰਾਈ ਕਰਨ, ਮੋਬਾਇਲ ’ਤੇ ਘੰਟਿਆਂ ਬੱਧੀ ਗੱਲਾਂ ਕਰਨ ਲਈ ਸਮਾਂ ਬਹੁਤ ਹੁੰਦਾ ਹੈ। ਲੱਖਾਂ ਕਿਤਾਬਾਂ ਆਪਣੇ ਪਾਠਕਾਂ ਨੂੰ ਉਡੀਕ ਰਹੀਆਂ ਹਨ। ਚੰਗਾ ਸਾਹਿਤ ਲਿਖ ਕੇ ਜਾਂ ਪੜ੍ਹਕੇ ਦ੍ਰਿੜ੍ਹਤਾ, ਸ਼ਹਿਣਸੀਲਤਾ, ਸਵੈ-ਨਿਰਭਰਤਾ ਵਰਗੇ ਕਈ ਗੁਣ ਆਪਣੇ ਅੰਦਰ ਪੈਦਾ ਕੀਤੇ ਜਾ ਸਕਦੇ ਹਨ। ਸਾਹਿਤ ਪੜ੍ਹਦਿਆਂ ਜਾਂ ਲਿਖਦਿਆਂ ਅਜਿਹੀ ਸੇਧ ਮਿਲਦੀ ਹੈ ਕਿ ਇਨਸਾਨ ਆਮ ਤੋਂ ਖਾਸ ਬਣ ਜਾਂਦਾ ਹੈ।

ਚੰਗਾ ਸਾਹਿਤ ਸਮੁੱਚੇ ਸਮਾਜ ਲਈ ਮਾਰਗ-ਦਰਸ਼ਕ ਹੁੰਦਾ ਹੈ। ਗੋਰਿਆਂ ਵਿੱਚ ਪੁਸਤਕਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਪਰ ਸਾਡੇ ਨੌਜਵਾਨਾਂ ਵਿੱਚ ਇਹ ਆਦਤ ਬਹੁਤ ਘਟ ਰਹੀ ਹੈ। ਇਸ ਲਈ ਉਹ ਦੇਸ਼ ਕਿੱਥੇ ਜਾ ਰਹੇ ਹਨ ਅਤੇ ਅਸੀਂ ਕਿੱਥੇ? ਕਹਿੰਦੇ ਹਨ ਕਿ ਕਲਮ ਦਾ ਵਾਰ ਤਲਵਾਰ ਦੇ ਵਾਰ ਨਾਲੋਂ ਕਈ ਗੁਣਾ ਤਿੱਖਾ ਹੁੰਦਾ ਹੈ। ਬੰਦੇ ਨੂੰ ਚੰਗਾ ਇਨਸਾਨ ਬਣਾਉਣ ਵਿੱਚ ਸਾਹਿਤ ਦਾ ਮੋਹਰੀ ਰੋਲ ਹੁੰਦਾ ਹੈ। ਚੰਗਾ ਸਾਹਿਤ ਹੀ ਚੰਗੇ ਸਮਾਜ ਦੀ ਸਥਾਪਨਾ ਕਰ ਸਕਦਾ ਹੈ।

ਸਾਹਿਤ ਦਾ ਵਿਸ਼ਾ ਉਹ ਲੋਕ ਹੋਣੇ ਚਾਹੀਦੇ ਹਨ ਜਿਹੜੇ ਸਮਾਜਿਕ ਪੌੜੀ ਦੇ ਬਿਲਕੁਲ ਹੇਠਲੇ ਡੰਡਿਆਂ ਉੱਤੇ ਖੜ੍ਹੇ ਹਨ। ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਲੋਕਾਂ ਦੇ ਮਸਲਿਆਂ, ਸੰਘਰਸ਼ਾਂ ਨੂੰ ਆਪਣੀ ਰਚਨਾਵਾਂ ਰਾਹੀਂ ਉਜਾਗਰ ਕਰਨ। ਫਰੇਬ ਤੇ ਲੁੱਟ ’ਤੇ ਟਿਕੇ ਇਸ ਨਿਜਾਮ ਦੀਆਂ ਖਾਮੀਆਂ, ਗਲਤ ਕੀਮਤਾਂ ਤੇ ਵਿਰੋਧਤਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ। ਸਾਹਿਤਕਾਰਾਂ ਨੂੰ ਨਿੱਜੀ ਲਾਭ ਜਾਂ ਨਾਮਣਾ ਖੱਟਣ ਤੇ ਲਾਲਚ ਵਿੱਚ ਲੋਕਾਂ ਨੂੰ ਕੁਰਾਹੇ ਪਾਉਣ ਦੀਆਂ ਸਿਆਸਤੀ ਨੀਤੀਆਂ ਤੇ ਫੁੱਲ ਨਹੀਂ ਚੜ੍ਹਾਉਣੇ ਚਾਹੀਦੇ। ਸਮੇਂ ਦੇ ਹਾਣੀ ਹੋ ਕੇ ਲਿਖਣ ਤੇ ਲੋਕਾਂ ਨੂੰ ਉਨ੍ਹਾਂ ਦੀ ਤਾਕਤ ਤੋਂ ਜਾਣੂ ਕਰਵਾਕੇ ਜ਼ਿੰਦਗੀ ਦੇ ਸੰਘਰਸ਼ ਲਈ ਪ੍ਰੇਰਿਤ ਕਰਨ। ਸਾਹਿਤ ਵਿੱਚ ਇਹ ਸ਼ਕਤੀ ਹੈ ਜੋ ਲੋਕਾਂ ਨੂੰ ਉਨ੍ਹਾਂ ਦੀ ਉਸ ਸ਼ਕਤੀ ਤੋਂ ਜਾਣੂ ਕਰਵਾਉਂਦੀ ਹੈ, ਜਿਸ ਨੂੰ ਵੱਡੀ ਤੋਂ ਵੱਡੀ ਫੌਜੀ ਤਾਕਤ ਵੀ ਕੁਚਲ ਨਹੀਂ ਸਕਦੀ। ਇਹ ਲੋਕ ਸ਼ਕਤੀ ਤਲਵਾਰ ਦੀ ਧਾਰ ਤੋਂ ਤੋਪਾਂ ਦੀਆਂ ਗਰਜਾਂ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ।

ਸੋ ਅਜਿਹੀ ਸਮਾਜਿਕ ਵਿਵਸਥਾ ਵਿੱਚ ਉੱਚ ਸਾਹਿਤ ਸਿਰਜਣ ਦੀ ਬਹੁਤ ਜ਼ਰੂਰਤ ਹੈ, ਜੋ ਇਨਸਾਨ ਨੂੰ ਅੱਛਾ ਇਨਸਾਨ ਬਣਾਵੇ, ਬੱਚਿਆਂ ਦੇ ਭਵਿੱਖ ਅਤੇ ਬਜ਼ੁਰਗਾਂ ਦੇ ਸਤਿਕਾਰ ਪ੍ਰਤੀ ਚਿੰਤਤ ਹੋਵੇ, ਜੋ ਈਰਖਾ ਦੀ ਥਾਂ ਪਿਆਰ ਅਤੇ ਇੱਛਾਵਾਂ ਦੀ ਥਾਂ ਸਬਰ ਉਤਪਨ ਕਰੇ। ਜੋ ਸਮਾਜਿਕ ਵਿਤਕਰੇ ਅਤੇ ਬੇਇਨਸਾਫ਼ੀ ਪ੍ਰਤੀ ਅਵਾਜ਼ ਬਣੇ, ਜੋ ਬਾਹਰੀ ਦਿਖਾਵਟ ਦੀ ਥਾਂ ਇਨਸਾਨ ਦੀ ਅੰਦਰਲੀ ਖੂਬਸੂਰਤੀ ਨੂੰ ਉਭਾਰੇ ਅਤੇ ਜੋ ਪ੍ਰਕਿਰਤਕ ਵਾਤਾਵਰਨ ਨੂੰ ਸ਼ੁੱਧ ਤੇ ਸੁਹਾਵਣਾ ਬਣਾਉਣ ਲਈ ਜਾਗ੍ਰਤੀ ਪੈਦਾ ਕਰੇ।

*****

(911)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਰਿੰਦਰ ਕੌਰ ਲੈਕਚਰਾਰ

ਸੁਰਿੰਦਰ ਕੌਰ ਲੈਕਚਰਾਰ

Punjabi Lecturer (S.S.S.S. Fatta Maloka, Mansa, Punjab, India.)
Phone: (91 - 96536 - 50200)