HarpreetSekha7ਜਦੋਂ ਮੇਓ ਸਿੰਘ ਟਾਪੂ ’ਤੇ ਮਿੱਲ ਲਈ ਥਾਂ ਦੇਖਣ ਆਇਆ ਸੀਉਸ ਰਾਤ ਉਸ ਨੂੰ ...
(18 ਨਵੰਬਰ 2017)

 

ਅੰਗਰੇਜ਼ੀ ਕਿਤਾਬ ‘ਜਿਊਲਜ਼ ਆਫ ਦੀ ਕਿਲਾ’ ਦਾ ਪੰਜਾਬੀ ਵਿੱਚ ਅਨੁਵਾਦ ਕਰਦਿਆਂ ਪਾਲਦੀ ਪਿੰਡ ਨਾਲ ਮੈਂ ਡੂੰਘੀ ਸਾਂਝ ਮਹਿਸੂਸ ਕਰਨ ਲੱਗਾ ਸੀ। ਇਹ ਮੇਰੇ ਸੁਪਨਿਆਂ ਵਿੱਚ ਆਉਣ ਲੱਗਾ। ਪਿੰਡ ਭਾਵੇਂ ਨਹੀਂ ਰਿਹਾ ਪਰ ਇਸਦੇ ਬਚੇ ਨਿਸ਼ਾਨਾਂ ਨੂੰ ਦੇਖਣ ਦੀ ਮੇਰੀ ਰੀਝ ਸੀ। ਹੋਰ ਰੁਝੇਵਿਆਂ ਕਾਰਣ ਕਦੇ ਜਾ ਨਾ ਸਕਿਆ, ਭਾਵੇਂ ਇਹ ਮੇਰੇ ਹੀ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਹੈ।

ਇਨ੍ਹਾਂ ਗਰਮੀਆਂ ਵਿੱਚ ਸੁਕੀਰਤ ਹੋਰੀਂ ਕਨੇਡਾ ਆਏ ਤਾਂ ਉਨ੍ਹਾਂ ਨਾਲ ਪਾਲਦੀ ਜਾਣ ਦਾ ਸਬੱਬ ਬਣ ਗਿਆ। ਸੁਕੀਰਤ ਦੇ ਨਾਲ ਨਾਲ ਪੰਜਾਬੀ ਦੇ ਦੋ ਹੋਰ ਵੱਡੇ ਵਿਦਵਾਨਾਂ, ਡਾ. ਰਘਬੀਰ ਸਿੰਘ ਸਿਰਜਣਾ ਅਤੇ ਡਾ. ਸਾਧੂ ਸਿੰਘ ਦਾ ਵੀ ਸਾਥ ਬਣ ਗਿਆ। ਕਾਰ ਦਾ ਡਰਾਈਵਰ ਮੈਂ ਸੀ। ਵਿਦਵਾਨਾਂ ਦੀ ਦੇਖ-ਭਾਲ ਮੈਨੂੰ ਕੱਚ ਦੇ ਸਮਾਨ ਵਾਂਗ ਕਰਨੀ ਪੈਣੀ ਸੀ।

ਪਾਲਦੀ ਵੈਨਕੂਵਰ ਦੇ ਇੱਕ ਟਾਪੂ ’ਤੇ ਸਥਿੱਤ ਹੈ, ਜਿੱਥੇ ਫੈਰੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ ਜਾਂ ਹਵਾਈ ਸਫਰ ਰਾਹੀਂ। ਟਾਪੂ ’ਤੇ ਜਾਣ ਲਈ ਵੈਨਕੂਵਰ ਇਲਾਕੇ ਵਿੱਚ ਦੋ ਬੰਦਰਗਾਹਾਂ ਹਨ, ਟਵਾਸਨ ਅਤੇ ਹੌਰਸ ਸ਼ੂ ਬੇਅ। ਟਵਾਸਨ ਤੋਂ ਟਾਪੂ ’ਤੇ ਸਥਿਤ ਦੋ ਪ੍ਰਮੁੱਖ ਸ਼ਹਿਰਾਂ ਵਿਕਟੋਰੀਆ ਅਤੇ ਨਨਾਇਮੋ ਨੂੰ ਫੈਰੀਆਂ ਜਾਂਦੀਆਂ ਹਨ ਅਤੇ ਅੱਗੇ ਪਾਲਦੀ ਨੂੰ ਸੜਕ ਰਾਹੀਂ ਪਹੁੰਚਿਆ ਜਾਂਦਾ ਹੈ। ਹੌਰਸ ਸ਼ੂ ਬੇਅ ਟਰਮੀਨਲ ਤੋਂ ਨਨਾਇਮੋ ਸ਼ਹਿਰ ਨੂੰ ਫੈਰੀ ਜਾਂਦੀ ਹੈ ਪਰ ਵਿਕਟੋਰੀਆ ਨੂੰ ਨਹੀਂ। ਕਿਸੇ ਤਰੀਕੇ ਨਾਲ ਮੇਰੇ ਦਿਮਾਗ ਵਿੱਚ ਇਹ ਗੱਲ ਅਟਕੀ ਹੋਈ ਸੀ ਕਿ ਪਾਲਦੀ ਜਾਣ ਲਈ ਪਹਿਲਾਂ ਨਨਾਇਮੋ ਹੀ ਜਾਇਆ ਜਾਂਦਾ ਹੈ। ਸ਼ਾਇਦ ਪਾਲਦੀ ਨਨਾਇਮੋ ਸ਼ਹਿਰ ਦੇ ਜ਼ਿਆਦਾ ਨਜ਼ਦੀਕ ਹੋਣ ਕਾਰਣ ਮੈਂ ਇਸ ਤਰ੍ਹਾਂ ਸੋਚਦਾ ਸੀ। ਹੌਰਸ ਸ਼ੂ ਬੇਅ ਤੋਂ ਫੈਰੀ ਦੀ ਸਰਵਿਸ ਦੋ ਘੰਟੇ ਬਾਅਦ ਹੈ। ਟਵਾਸਨ ਤੋਂ ਵੀ ਨਨਾਇਮੋ ਲਈ ਉੰਨੀ ਦੇਰ ਬਾਅਦ ਹੀ ਹੈ ਪਰ ਟਵਾਸਨ ਤੋਂ ਵਿਕਟੋਰੀਆ ਲਈ ਹਰ ਘੰਟੇ ਬਾਅਦ ਫੈਰੀ ਮਿਲ ਜਾਂਦੀ ਹੈ। ਇਹ ਗੱਲ ਮੇਰੇ ਦਿਮਾਗ ਵਿੱਚ ਨਾ ਜਾਣ ਵੇਲੇ ਤੇ ਨਾ ਹੀ ਆਉਣ ਵੇਲੇ ਆਈ ਕਿ ਵਿਕਟੋਰੀਆ ਰਾਹੀਂ ਵੀ ਉੱਥੇ ਜਾਇਆ ਜਾ ਸਕਦਾ ਹੈ। ਖੈਰ, ਮੈਂ ਕਾਰ ਹੌਰਸ ਸ਼ੂਅ ਬੇਅ ਟਰਮੀਨਲ ਵੱਲ ਕਰ ਲਈ। ਸਾਢੇ ਅੱਠ ਵਜੇ ਵਾਲੀ ਫੈਰੀ ਅਸੀਂ ਫੜਨੀ ਸੀ। ਟਾਈਮ ਸਾਡੇ ਕੋਲ ਪੂਰਾ-ਪੂਰਾ ਹੀ ਸੀ। ਕਾਰ ਦੀ ਸਪੀਡ ਮੈਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਵਾਲੇ ਰੂਟ ’ਤੇ 130 ਦੀ ਕਰ ਦਿੱਤੀ। ਕੱਚ ਦੇ ਸਮਾਨ ਦਾ ਵੀ ਮੈਨੂੰ ਪੂਰਾ ਖਿਆਲ ਸੀ। ਮੇਰਾ ਪੂਰਾ ਧਿਆਨ ਕਾਰ ਚਲਾਉਣ ਵੱਲ ਹੀ ਸੀ ਪਰ ਧੁੜਕੂ ਇਹ ਵੀ ਸੀ ਕਿ ਤਿੰਨਾਂ ਵਿਦਵਾਨਾਂ ਵਿੱਚੋਂ ਕੋਈ ਇਹ ਨਾ ਆਖ ਦੇਵੇ ਕਿ ਕਾਰ ਹੌਲੀ ਚਲਾਵਾਂ। ਇਸ ਤਰ੍ਹਾਂ ਕਰਨ ਨਾਲ ਫੈਰੀ ਲੰਘ ਜਾਣੀ ਸੀ ਅਤੇ ਸਾਨੂੰ ਦੋ ਘੰਟੇ ਉਡੀਕ ਕਰਨੀ ਪੈਣੀ ਸੀ। ਪਰ ਉਨ੍ਹਾਂ ਵਿੱਚੋਂ ਕਿਸੇ ਨੇ ਕਿਹਾ ਨਹੀਂ। ਮੈਨੂੰ ਲਗਦਾ ਸੀ ਕਿ ਸੁਕੀਰਤ ਹੋਰਾਂ ਦੀ ਨਿਗ੍ਹਾ ਸਪੀਡੋਮੀਟਰ ਵੱਲ ਸੀ। ਸ਼ਾਇਦ ਇਹ ਮੇਰਾ ਭਰਮ ਹੋਵੇ। ਅਸੀਂ ਅੱਠ ਵੱਜ ਕੇ ਪੱਚੀ ਮਿੰਟ ’ਤੇ ਟਰਮੀਨਲ ’ਤੇ ਪਹੁੰਚ ਗਏ। ਸਾਡੀ ਕਾਰ ਫੈਰੀ ’ਤੇ ਚੜ੍ਹੀ ਹੀ ਸੀ ਕਿ ਅਗਲਿਆਂ ਨੇ ਗੇਟ ਬੰਦ ਕਰਕੇ ਫੈਰੀ ਤੋਰ ਲਈ। ਮੈਂ ਸ਼ੁਰਲੀ ਛੱਡ ਦਿੱਤੀ, “ਇਹ ਆਪਣੀ ਹੀ ਉਡੀਕ ਕਰਦੇ ਸੀ।”

Coastal Renaissance ਨਾਂ ਦੀ ਇਹ ਫੈਰੀ 2007 ਵਿੱਚ ਜਰਮਨੀ ਦੀ ਬਣੀ ਹੋਈ ਹੈ। ਇਸ ਵਿੱਚ 310 ਕਾਰਾਂ ਚੜ੍ਹ ਸਕਦੀਆਂ ਹਨ ਅਤੇ 1600 ਦੇ ਕਰੀਬ ਮੁਸਾਫਰ। ਇਹ 160 ਮੀਟਰ ਲੰਬੀ ਹੈ। ਹੇਠਲੇ ਡੈੱਕ ਉੱਪਰ ਕਾਰਾਂ, ਬੱਸਾਂ ਤੇ ਟਰੱਕ ਖੜ੍ਹਾਏ ਜਾਂਦੇ ਹਨ ਅਤੇ ਉੱਪਰਲਿਆਂ ਵਿੱਚ ਮੁਸਾਫਰ ਬੈਠਦੇ ਹਨ।

ਬਾਹਰ ਮੀਂਹ ਪੈ ਰਿਹਾ ਸੀ। ਠੰਢ ਸੀ। ਅਸੀਂ ਕਾਰ ਵਿੱਚੋਂ ਬਾਹਰ ਆ ਕੇ ਉੱਪਰਲੀਆਂ ਮੰਜ਼ਿਲਾਂ ਵੱਲ ਤੁਰ ਪਏ। ਕਈ ਰੋਜ਼ ਦੇ ਯਾਤਰੀ ਆਪਣੀਆਂ ਕਾਰਾਂ ਵਿੱਚ ਹੀ ਬੈਠੇ ਰਹਿੰਦੇ ਹਨ। ਉੱਪਰਲੀ ਮੰਜਿਲ ’ਤੇ ਜਾ ਕੇ ਅਸੀਂ ਚਾਰ ਜੁੜਵੀਆਂ ਸੀਟਾਂ ਮੱਲ ਲਈਆਂ। ਬਾਹਰਲੇ ਨਜ਼ਾਰੇ ਬੱਦਲਾਂ ਅਤੇ ਧੁੰਦ ਨੇ ਕੱਜੇ ਹੋਏ ਸਨ। ਅਸੀਂ ਅੰਦਰ ਹੀ ਬੈਠੇ ਰਹੇ। ਸੁਕੀਰਤ ਹੋਰਾਂ ਨੇ ਫੈਰੀ ਦੀ ਵਾਈ-ਫਾਈ ਨਾਲ ਆਪਣਾ ਫੋਨ ਜੋੜ ਲਿਆ ਅਤੇ ਮੇਰੀ ਸੁਰਤੀ ਜਿਊਲਜ਼ ਆਫ ਦੀ ਕਿਲਾਕਿਤਾਬ ਵਿੱਚ ਪੜ੍ਹੇ ਉਨ੍ਹਾਂ ਮੋਢੀ ਪੰਜਾਬੀਆਂ ਨਾਲ ਜੁੜ ਗਈ, ਜਿਨ੍ਹਾਂ ਨੂੰ ਇਸੇ ਟਾਪੂ ’ਤੇ ਜਾਣ ਵੇਲੇ ਫੈਰੀ ਵਿੱਚ ਵੱਖਰੀਆਂ ਬਣੀਆਂ ਥਾਵਾਂ ’ਤੇ ਬੈਠਣਾ ਪੈਂਦਾ ਸੀ। ਮੈਂ ਸੋਚਣ ਲੱਗਾ ਕਿ ਇਸ ਤਰ੍ਹਾਂ ਦੇ ਸਿੱਧੇ ਵਿਤਕਰੇ ਨੂੰ ਉਹ ਕਿਵੇਂ ਸਹਾਰਦੇ ਹੋਣਗੇ। ਫਿਰ ਮੇਰੇ ਦਿਮਾਗ ਵਿੱਚ ਮਈਆ ਸਿੰਘ ਆਇਆ, ਜਿਹੜਾ ਬਾਅਦ ਵਿੱਚ ਮੇਓ ਸਿੰਘ ਦੇ ਨਾਂ ਨਾਲ ਮਸ਼ਹੂਰ ਹੋਇਆ ਅਤੇ ਜਿਹੜਾ ਪਾਲਦੀ ਪਿੰਡ ਵਸਾਉਣ ਵਾਲੇ ਮੋਢੀਆਂ ਵਿੱਚੋਂ ਇੱਕ ਸੀ। ਉਹ ਹੁਸੈਨ ਰਹੀਮ ਦੇ ਸੁਝਾਅ ਨਾਲ 1916 ਵਿੱਚ ਵੈਨਕੂਵਰ ਦੇ ਇਸ ਟਾਪੂ ’ਤੇ ਰੇਲਵੇ ਦੀ ਮਲਕੀਅਤ ਵਾਲੀ ਜ਼ਮੀਨ ਦੇਖਣ ਆਇਆ ਸੀ, ਜਿੱਥੇ ਉਹ ਆਪਣੀ ਲੱਕੜ ਮਿੱਲ ਲਾ ਸਕਣ। ਬੀ ਸੀ ਸਰਕਾਰ ਦੀ ਮਲਕੀਅਤ ਵਾਲੇ ਦਰਖਤਾਂ ਨੂੰ ਸਿਰਫ ਵੋਟ ਪਾਉਣ ਦੇ ਹੱਕਦਾਰ ਨਾਗਰਿਕ ਹੀ ਕੱਟ ਸਕਦੇ ਸਨ ਅਤੇ ਸਾਊਥ ਏਸ਼ੀਅਨ ਲੋਕਾਂ ਕੋਲ ਉਸ ਵੇਲੇ ਵੋਟ ਪਾਉਣ ਦਾ ਹੱਕ ਨਹੀਂ ਸੀ। ਟਾਪੂ ’ਤੇ ਕਾਊਚਨ ਵਾਦੀ ਵਿੱਚ ਉਸ ਨੇ ਉਹ ਥਾਂ ਲੱਭ ਲਈ ਸੀ, ਜਿੱਥੇ ਉਨ੍ਹਾਂ ਨੇ ਮਿੱਲ ਲਾਈ। ਇਸ ਥਾਂ ਦਾ ਨਾਂ ਮੇਓ ਸਾਈਡਿੰਗ ਪਿਆ। ਬਾਅਦ ਵਿੱਚ ਇਸ ਪਿੰਡ ਦਾ ਨਾਮ ਪਾਲਦੀ ਰੱਖ ਦਿੱਤਾ। ਜਦੋਂ ਮੇਓ ਸਿੰਘ ਟਾਪੂ ’ਤੇ ਮਿੱਲ ਲਈ ਥਾਂ ਦੇਖਣ ਆਇਆ ਸੀ, ਉਸ ਰਾਤ ਉਸ ਨੂੰ ਨੇੜਲੇ ਸ਼ਹਿਰ ਡੰਕਨ ਦੇ ਕਿਸੇ ਵੀ ਹੋਟਲ ਮਾਲਕ ਨੇ ਆਪਣੇ ਹੋਟਲ ਵਿੱਚ ਰਹਿਣ ਲਈ ਥਾਂ ਨਹੀਂ ਸੀ ਦਿੱਤੀ। ਫਿਰ ਕਿਸੇ ਨੇ ਉਸ ਨੂੰ ਦੱਸਿਆ ਸੀ ਕਿ ਉਸ ਵਰਗਾ ਹੀ ਇੱਕ ਹਿੰਦੂਰੇਲਵੇ ਦਾ ਕਰਮਚਾਰੀ ਹੈ ਤੇ ਇੱਕ ਝੁੱਗੀ ਵਿੱਚ ਰਹਿੰਦਾ ਹੈ। ਮੇਓ ਸਿੰਘ ਨੇ ਉਸਦੀ ਝੁੱਗੀ ਲੱਭ ਕੇ ਉੱਥੇ ਰਾਤ ਕੱਟੀ ਸੀ।

ਨਨਾਇਮੋ ਪਹੁੰਚਣ ਲਈ ਫੈਰੀ ਨੂੰ ਇੱਕ ਘੰਟਾ ਚਾਲੀ ਮਿੰਟ ਲੱਗਣੇ ਸਨ। ਅੱਜ-ਕੱਲ੍ਹ ਫੈਰੀ ਵਿੱਚ ਪਹਿਲੇ ਜਾਂ ਦੂਜੇ ਦਰਜੇ ਦੀਆਂ ਕੋਈ ਵੱਖਰੀਆਂ ਸੀਟਾਂ ਨਹੀਂ ਹਨ। ਜਿੱਥੇ ਵੀ ਕਿਸੇ ਨੂੰ ਸੀਟ ਮਿਲਦੀ, ਉੱਥੇ ਹੀ ਮੱਲ ਲੈਂਦਾ ਹੈ। ਪਰ ਜਦੋਂ ਟਾਪੂ ’ਤੇ ਵਸਣ ਵਾਲੇ ਮੋਢੀ ਪੰਜਾਬੀ ਫੈਰੀ ਵਿੱਚ ਸਫਰ ਕਰਦੇ ਸਨ, ਉਦੋਂ ਫੈਰੀ ਦੇ ਤਿੰਨ ਹਿੱਸੇ ਹੁੰਦੇ ਸਨ। ਪਹਿਲੀ ਕਲਾਸ ਵਿੱਚ ਜ਼ਿਆਦਾ ਕਿਰਾਇਆ ਖਰਚਣ ਵਾਲੇ ਸਰਦੇ-ਪੁੱਜਦੇ ਬੈਠਦੇ, ਦੂਜੇ ਹਿੱਸੇ ਵਿੱਚ ਆਮ ਜਨਤਾ ਬੈਠਦੀ ਅਤੇ ਅਲੱਗ ਕਰਕੇ ਬਣਾਏ ਤੀਜੇ ਹਿੱਸੇ ਵਿੱਚ ਆਦਿ-ਵਾਸੀ, ਚੀਨੇ, ਜਪਾਨੀ ਤੇ ਸਾਊਥ ਏਸ਼ੀਅਨ ਲੋਕ ਬੈਠਦੇ। ਪਾਲਦੀ ਵਸਾਉਣ ਵਾਲੇ ਇਹ ਮੋਢੀ ਪੰਜਾਬੀ ਕੁਝ ਹੀ ਸਾਲਾਂ ਵਿੱਚ ਸਰਮਾਏਦਾਰ ਬਣ ਕੇ ਫੈਰੀ ਵਿੱਚ ਪਹਿਲੇ ਦਰਜੇ ਦੀਆਂ ਸੀਟਾਂ ਬੁੱਕ ਕਰਵਾ ਕੇ ਸਫਰ ਕਰਨ ਲੱਗ ਪਏ ਸਨ। ਫਿਰ ਮੇਰੇ ਦਿਮਾਗ ਵਿੱਚ ਕਾਊਚਨ ਵਾਦੀ ਵਿੱਚ ਪੈਦਾ ਹੋਈਆਂ ਪ੍ਰਮੁੱਖ ਹਸਤੀਆਂ ਘੁੰਮਣ ਲੱਗੀਆਂ। ਕਨੇਡਾ ਦੇ ਕਿਸੇ ਸੂਬੇ ਵਿੱਚ ਭਾਰਤੀ-ਮੂਲ ਦਾ ਪਹਿਲਾ ਐੱਮ ਐੱਲ ਏ ਅਤੇ ਪਹਿਲਾ ਕੈਬਨਿਟ ਮੰਤਰੀ ਮੋਅ ਸਹੋਤਾ ਇਸ ਵਾਦੀ ਦੇ ਡੰਕਨ ਸ਼ਹਿਰ ਵਿੱਚ ਜੰਮਿਆ। ਪੰਜਾਬੀ ਮੂਲ ਦਾ ਪਹਿਲਾ ਜੱਜ, ਵਾਲੀ ਉੱਪਲ ਵੀ ਇੱਥੇ ਹੀ ਵੱਡਾ ਹੋਇਆ। ਨੈਸ਼ਨਲ ਹਾਕੀ ਲੀਗ (ਆਈਸ ਹਾਕੀ) ਵਿੱਚ ਲੀਹ ਪਾੜਣ ਵਾਲਾ ਰੌਬਿਨ ਬਾਵਾ ਵੀ ਇੱਥੋਂ ਦੀ ਹੀ ਪੈਦਾਵਾਰ ਹੈ। ਇਸ ਖੇਡ ਵਿੱਚ ਹਾਲੇ ਵੀ ਇੱਕਾ-ਦੁੱਕਾ ਨੂੰ ਛੱਡ ਕੇ ਬਾਕੀ ਖਿਡਾਰੀ ਗੋਰੇ ਹੀ ਹਨ। ਰੌਬਿਨ ਦੇ ਦਾਦੇ, ਬਾਵਾ ਸਿੰਘ ਨੂੰ ਮੇਓ ਸਿੰਘ ਦੀ ਪਤਨੀ ਨੇ ਆਪਣੇ ਪਤੀ ਦੀ ਮਿੱਲ ਵਿੱਚ ਨੌਕਰੀ ਦਿਵਾ ਕੇ ਪਾਲਦੀ ਲਿਆਂਦਾ ਸੀ। ਪਾਲਦੀ ਵਿੱਚ ਹੀ ਜੰਮੀਆਂ ਤੇ ਇੱਥੋਂ ਦੇ ਸਕੂਲ ਵਿੱਚੋਂ ਹੀ ਮੁਢਲੀ ਪੜ੍ਹਾਈ ਕਰਨ ਵਾਲੀਆਂ ਜਗਦੀਸ਼ ਕੌਰ ਤੇ ਸਰਜੀਤ ਕੌਰ ਡਾਕਟਰ ਬਣੀਆਂ ਅਤੇ ਆਪਣੇ ਮਾਪਿਆਂ ਦੇ ਦੇਸ਼ ਭਾਰਤ ਜਾ ਕੇ ਸਾਰੀ ਉਮਰ ਬਿਮਾਰਾਂ ਦੀ ਸੇਵਾ ਕਰਦੀਆਂ ਰਹੀਆਂ। ਇਹ ਦੋਨੋਂ ਕਪੂਰ ਸਿੰਘ ਸਿੱਧੂ ਦੀਆਂ ਬੇਟੀਆਂ ਸਨ। ਮੇਓ ਸਿੰਘ ਮਿਨਹਾਸ ਅਤੇ ਕਪੂਰ ਸਿੰਘ ਸਿੱਧੂ ਦੇ ਤੀਜੇ ਮੁੱਖ ਭਾਈਵਾਲ ਦੁੰਮਣ ਸਿੰਘ ਮਿਨਹਾਸ ਦਾ ਬੇਟਾ ਹਰਬ ਦੁੰਮਣ ਬਾਅਦ ਵਿੱਚ ਬੀ ਸੀ ਦੇ ਜੰਗਲਾਤ ਉਦਯੋਗ ਵਿੱਚ ਇੱਕ ਵੱਡੇ ਵਪਾਰੀ ਵਜੋਂ ਸਥਾਪਤ ਹੋਇਆ, ਵੀ ਇੱਥੇ ਹੀ ਪੈਦਾ ਹੋਇਆ।

ਸਾਡੀ ਫੈਰੀ ਨਨਾਇਮੋ ਸ਼ਹਿਰ ਦੀ ਬੰਦਰਗਾਹ, ਡੀਪਾਰਚਰ ਬੇਅ ’ਤੇ ਪਹੁੰਚ ਗਈ ਸੀ। ਫੈਰੀ ਵਿੱਚੋਂ ਨਿਕਲਦੇ ਹੀ ਡਾਕਟਰ ਸਾਧੂ ਸਿੰਘ ਬੋਲੇ, “ਹੁਣ ਆਪਾਂ ਨੂੰ ਕਾਹਲੀ ਕੋਈ ਨੀ। ਰਾਮ ਨਾਲ ਚੱਲਣਾ।” ਮੈਂ ਤਾਂ ਸਮਝਦਾ ਸੀ ਕਿ ਉਨ੍ਹਾਂ ਨੂੰ ਗੱਲਾਂ ਵਿੱਚ ਮੇਰੇ ਓਵਰ ਸਪੀਡ ਜਾਣ ਬਾਰੇ ਪਤਾ ਨਹੀਂ ਲੱਗਾ ਹੋਵੇਗਾ। “ਠੀਕ ਐ ਜੀ,” ਆਖ ਕੇ ਮੈਂ ਜੀ ਪੀ ਐੱਸ ਲਾ ਲਿਆ। ਇਹ ਪਾਲਦੀ ਦੀ ਦੂਰੀ 64 ਕਿਲੋਮੀਟਰ ਦੱਸ ਰਿਹਾ ਸੀ। ਸਾਨੂੰ ਉੱਥੇ ਪਹੁੰਚਣ ਲਈ ਘੰਟਾ ਕੁ ਲੱਗਣਾ ਸੀ। ਡੰਕਨ ਸ਼ਹਿਰ ਵੱਲ ਜਾਣ ਵਾਲੇ ਕਾਊਚਨ ਵੈਲੀ ਹਾਈਵੇਅਵਿੱਚੋਂ ਨਿਕਲਦੀ ਪਾਲਦੀ ਜਾਣ ਵਾਲੀ ਟੈਨਸਰ ਰੋਡ ਬਿਲਕੁਲ ਸੁੰਨਸਾਨ ਸੀ। ਦਰਖਤਾਂ ਵਿੱਚ ਘਿਰੀ ਸੜਕ ’ਤੇ ਜਾਂਦਿਆਂ ਸੁਕੀਰਤ ਹੋਰਾਂ ਦੀ ਤੇਜ ਨਿਗ੍ਹਾ ਇਕ ਬੋਰਡ ’ਤੇ ਪਈ, ਜਿਸ ’ਤੇ ਲਿਖਿਆ ਸੀ: ਈਸਟ ਇੰਡੀਅਨ ਕਰੇਮੇਟੋਰੀਅਮ।” ਸਾਡੀ ਕਾਰ ਅੱਗੇ ਲੰਘ ਗਈ ਸੀ। ਸੋਚਿਆ ਕਿ ਮੁੜਦੀ ਵਾਰੀ ਦੇਖਦੇ ਚੱਲਾਂਗੇ। ਅੱਗੇ ਪਾਲਦੀ ਵੱਲ ਪਾਟਣ ਵਾਲੀ ਸੜਕ ਦਾ ਨਾਂ ਕਪੂਰ ਰੋਡ’ ਹੈ ਅਤੇ 700 ਮੀਟਰ ਅੱਗੇ ਪਾਲਦੀ ਰੋਡ। ਅਸੀਂ ਉਸ ਥਾਂ ਪਹੁੰਚ ਗਏ ਸੀ, ਜਿੱਥੇ ਕਦੇ ਘੁੱਗ ਵਸਦਾ ਪਿੰਡ ਸੀ। ਜਿੱਥੇ ਪੰਜਾਬੀਆਂ ਦੇ ਨਾਲ-ਨਾਲ ਚੀਨੇ ਅਤੇ ਜਪਾਨੀ ਲੋਕ ਵੀ ਰਹਿੰਦੇ ਸਨ। ਹੁਣ ਉੱਥੇ ਸਿਰਫ ਇੱਕ ਗੁਰਦਵਾਰੇ ਦੀ ਇਮਾਰਤ ਹੈ। ਜਾਂ ਕੁਝ ਦੂਰੀ ’ਤੇ ਮੇਓ ਸਿੰਘ ਦੀ ਵਿਧਵਾ ਨੂੰਹ ਜੋਨ ਮੇਓ ਰਹਿੰਦੀ ਹੈ, ਜਿਹੜੀ ਬਿਰਧ ਹੋ ਗਈ ਹੈ। ਜੋਨ ਉਸ ਵੇਲੇ ਗੁਰਦਵਾਰੇ ਦੇ ਅੰਦਰ ਹੀ ਸੀ। ਸਾਨੂੰ ਲੰਗਰ ਹਾਲ ਵਿੱਚ ਮਿਲ ਗਈ। ਮੇਓ ਸਿੰਘ ਦੇ ਬੇਟੇ ਰਜਿੰਦੀ ਨੇ ਇਸ ਨਾਲ ਆਪਣੇ ਮਾਪਿਆਂ ਤੋਂ ਬਾਹਰਾ ਹੋ ਕੇ ਵਿਆਹ ਕਰਵਾਇਆ ਸੀ। ਇਨ੍ਹਾਂ ਦੇ ਪਿਆਰ ਦੀ ਕਹਾਣੀ ਫਿਲਮੀ ਕਹਾਣੀਆਂ ਵਰਗੀ ਹੈ। ਮੇਓ ਸਿੰਘ ਦੇ ਘਰਵਾਲੀ ਬਿਸ਼ਨ ਕੌਰ ਪੰਜਾਬ ਗਈ ਬਿਮਾਰ ਹੋ ਗਈ ਸੀ। ਮੇਓ ਸਿੰਘ ਨੇ ਆਪਣੇ ਬੇਟੇ ਰਜਿੰਦੀ ਨੂੰ ਗੋਰੀ ਜੋਨ ਤੋਂ ਪਾਸੇ ਕਰਨ ਲਈ ਪੰਜਾਬ ਬੁਲਵਾ ਕੇ ਉਸਦਾ ਵਿਆਹ ਪੰਜਾਬੀ ਕੁੜੀ ਨਾਲ ਕਰ ਦਿੱਤਾ। ਪਰ ਰਜਿੰਦੀ ਨੇ ਕਨੇਡਾ ਵਾਪਸ ਆ ਕੇ ਜੋਨ ਨਾਲ ਵਿਆਹ ਕਰਵਾ ਲਿਆ। ਹੁਣ ਇਸੇ ਜੋਨ ਦਾ ਬੇਟਾ ਦਵਿੰਦਰ ਸਿੰਘ ਮੇਓ ਇਸ ਗੁਰਦਵਾਰੇ ਦਾ ਪ੍ਰਧਾਨ ਹੈ। ਐਤਵਾਰ ਹੋਣ ਕਰਕੇ ਗੁਰਦਵਾਰੇ ਵਿੱਚ ਸਮਾਗਮ ਸੀ। ਹਰ ਦੂਜੇ ਐਤਵਾਰ ਗੁਰਦਵਾਰੇ ਵਿੱਚ ਸੰਗਤ ਜੁੜਦੀ ਹੈ। ਗੁਰਦਵਾਰੇ ਦਾ ਭਾਈ ਜੀ ਅਤੇ ਉਸਦੀ ਘਰਵਾਲੀ ਗੁਰਦਵਾਰੇ ਵਿੱਚ ਹੀ ਰਹਿੰਦੇ ਹਨ । ਬਾਕੀ ਸੰਗਤ ਨੇੜਲੇ ਸ਼ਹਿਰ ਡੰਕਨ ਤੋਂ ਸੀ। ਵੀਹ-ਪੱਚੀ ਮਰਦ-ਔਰਤਾਂ ਹੋਣਗੇ। ਚਾਰ-ਪੰਜ ਨਿਆਣੇ। ਤਿੰਨਾਂ ਕੰਧਾਂ ਨਾਲ ਢੋਅ ਲਾ ਕੇ ਵਿਰਲੇ ਵਿਰਲੇ ਦੂਰ ਦੂਰ ਬੈਠੇ ਸਨ। ਭਾਈ ਜੀ ਕੀਰਤਨ ਕਰ ਰਿਹਾ ਸੀ। ਕਦੇ ਇਹ ਸਾਰਾ ਹਾਲ ਭਰਿਆ ਹੁੰਦਾ ਹੋਵੇਗਾ। ਜੋੜ ਮੇਲਿਆਂ ਵੇਲੇ ਤਾਂ ਇੱਥੇ ਬਹੁਤ ਗਹਿਮਾ-ਗਹਿਮੀ ਹੁੰਦੀ ਸੀ। ਮੈਨੂੰ ਕਿਤਾਬ ਵਿੱਚ ਪੜ੍ਹਿਆ ਬਿਰਤਾਂਤ ਚੇਤੇ ਆ ਗਿਆ। ਪਾਲਦੀ ਵਿੱਚ ਪਹਿਲੀ ਜੁਲਾਈ ਨੂੰ ਡੁਮੀਨੀਅਨ ਡੇਅ ਦੀ ਛੁੱਟੀ ਵਾਲੇ ਦਿਨ, ਜਿਸ ਨੂੰ ਹੁਣ ਕਨੇਡਾ ਡੇਅ ਕਹਿੰਦੇ ਹਨ, ਜੋੜ ਮੇਲਾ ਲਗਦਾ ਸੀ। ਸਾਰੇ ਬੀ ਸੀ ਵਿੱਚੋਂ ਸੰਗਤਾਂ ਆਉਂਦੀਆਂ।

ਸਕੂਲ ਦੇ ਬੱਚੇ ਹਫਤਾ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ। ਉਹ ਰੱਸੀਆਂ ਨਾਲ ਟੰਗਣ ਲਈ ਰੰਗਦਾਰ ਕਾਗਜਾਂ ਦੀਆਂ ਝੰਡੀਆਂ ਬਣਾਉਂਦੇ। ਇਹ ਗੁਰਦਵਾਰੇ ਤੋਂ ਕੁੱਕਹਾਊਸ ਅਤੇ ਬੰਕ ਹਾਊਸਾਂ ਤੱਕ ਟੰਗੀਆਂ ਹੁੰਦੀਆਂ। ਸਫਾਈਆਂ ਅਤੇ ਹੋਰ ਤਿਆਰੀਆਂ ਸ਼ੂਰੂ ਹੋ ਜਾਂਦੀਆਂ। ਬੰਦੇ ਅਤੇ ਮੁੰਡੇ ਗੁਰਦਵਾਰੇ ਦੀ ਜ਼ਮੀਨੀ ਮੰਜਿਲ ’ਤੇ ਰਹਿੰਦੇ। ਔਰਤਾਂ ਅਤੇ ਕੁੜੀਆਂ ਘਰਾਂ ਵਿੱਚ ਜਾ ਪੈਂਦੀਆਂ। ਬੈਂਡ ਦੇ ਸਾਜੀ ਮਿੱਲ੍ਹ ਵਿੱਚੋਂ ਛੁੱਟੀ ਕਰਕੇ ਬਸਾਂ ਰਾਹੀਂ ਆਉਣ ਵਾਲੇ ਪ੍ਰਾਹੁਣਿਆਂ ਦੇ ਸਵਾਗਤ ਲਈ ਮੂਹਰੇ ਜਾਂਦੇ ਅਤੇ ਉਨ੍ਹਾਂ ਨੂੰ ਗੁਰਦਵਾਰੇ ਤੱਕ ਲੈ ਕੇ ਜਾਂਦੇ। ਸ਼ੁੱਕਰਵਾਰ ਸ਼ਾਮ ਨੂੰ ਖਾਸ ਸਮਾਂ ਹੁੰਦਾ, ਜਦੋਂ ਗੁਰਦਵਾਰੇ ਦੇ ਸਾਹਮਣੇ ਅਰਦਾਸ ਅਤੇ ਕੀਰਤਨ ਹੁੰਦਾ ਅਤੇ ਨਿਸ਼ਾਨ ਸਾਹਬ ਦੀ ਸੇਵਾ ਹੁੰਦੀ।

ਪਾਲਦੀ ਵਿੱਚ ਗੁਰਦਵਾਰਾ 1919 ਵਿੱਚ ਬਣਿਆ ਸੀ। 1921 ਵਿੱਚ ਕਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੀਤੀ ਵਿੱਚ ਤਬਦੀਲੀ ਕਰਨ ਨਾਲ ਆਦਮੀ ਆਪਣੇ ਪਰਿਵਾਰ ਕਨੇਡਾ ਮੰਗਵਾਉਣ ਦੇ ਯੋਗ ਹੋ ਗਏ ਸਨ। 1923 ਵਿੱਚ ਕਪੂਰ ਸਿੰਘ ਸਿੱਧੂ ਦੀ ਪਤਨੀ ਬਸੰਤ ਕੌਰ ਪਾਲਦੀ ਵਿੱਚ ਆਉਣ ਵਾਲੀ ਪਹਿਲੀ ਭਾਰਤੀ ਔਰਤ ਸੀ। ਔਰਤਾਂ ਅਤੇ ਬੱਚਿਆਂ ਦੇ ਆਉਣ ਨਾਲ ਪਾਲਦੀ ਵਿੱਚ ਸਕੂਲ ਖੁੱਲ੍ਹ ਗਿਆ। ਬਿਜਲੀ ਵਾਸਤੇ ਪਿੰਡ ਵਿੱਚ ਆਪਣਾ ਜਨਰੇਟਰ ਸੀ। ਪਾਣੀ ਵਾਸਤੇ ਆਪਣਾ ਖੂਹ ਸੀ, ਜਿਹੜਾ ਹੁਣ ਵੀ ਗੁਰਦਵਾਰੇ ਦੀ ਇਮਾਰਤ ਦੇ ਨਾਲ ਸੁਰੱਖਿਅਤ ਹੈ।

ਮੇਓ ਸਿੰਘ ਦਾ ਬਰਾਬਰ ਦਾ ਵਪਾਰਕ ਭਾਈਵਾਲ, ਕਪੂਰ ਸਿੰਘ ਸਿੱਧੂ 1935 ਵਿੱਚ ਆਪਣੇ ਪਰਿਵਾਰ ਨਾਲ ਪਾਲਦੀ ਛੱਡ ਕੇ ਵੈਨਕੂਵਰ ਚਲਾ ਗਿਆ। ਮਿੱਲ੍ਹ ਵਿੱਚ ਦੋ ਧੜੇ ਬਣ ਗਏ ਸਨ। ਇੱਕ ਕਪੂਰ ਸਿੰਘ ਦੇ ਜੱਟਾਂ ਦਾ ਅਤੇ ਦੂਜਾ ਮੇਓ ਸਿੰਘ ਦੇ ਰਾਜਪੂਤ ਮਿਨਹਾਸਾਂ ਦਾ। ਕਪੂਰ ਸਿੰਘ ਦੇ ਵੈਨਕੂਵਰ ਜਾਣ ਤੋਂ ਬਾਅਦ ਮੇਓ ਸਾਈਡਿੰਗ ਦਾ ਨਾਂ ਮੇਓ ਸਿੰਘ ਦੇ ਪੰਜਾਬ ਵਿਚਲੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਪਾਲਦੀ ਦੇ ਨਾਂ ’ਤੇ ਰੱਖ ਲਿਆ। 1937 ਵਿੱਚ ਪਾਲਦੀ ਵਿੱਚ 100 ਪਰਿਵਾਰਾਂ ਅਤੇ 150 ਇਕੱਲੇ-ਕਾਰੇ ਬੰਦਿਆਂ ਦਾ ਵਸੇਬਾ ਸੀ। ਗੁਰਦਵਾਰੇ ਦੇ ਨੇੜੇ ਹੀ ਜਪਾਨੀਆਂ ਦਾ ਹਾਲ ਸੀ, ਜਿੱਥੇ ਉਹ ਬੈਠਕਾਂ ਕਰਦੇ ਜਾਂ ਆਪਣਾ ਪੂਜਾ-ਪਾਠ।

ਮੇਓ ਸਿੰਘ ਦੀ ਪਤਨੀ ਬਿਸ਼ਨ ਕੌਰ ਦੀ ਮੌਤ 1952 ਵਿੱਚ ਹੋ ਗਈ ਅਤੇ 1955 ਵਿੱਚ ਮੇਓ ਸਿੰਘ ਦੀ ਮੌਤ ਹੋ ਗਈ।

ਸੰਨ 1945-46 ਵਿੱਚ ਪਾਲਦੀ ਵਾਲੀ ਮਿੱਲ੍ਹ ਬੰਦ ਹੋ ਗਈ ਸੀ ਪਰ ਬੰਦੇ ਮੇਓ ਲੰਬਰ ਕੰਪਨੀਦੀ ਸਮਿਟ ਵਾਲੀ ਮਿੱਲ੍ਹ ਅਤੇ ਲੌਗਿੰਗ ਕੈਂਪਾਂ ਵਿੱਚ ਕੰਮ ਕਰਦੇ ਰਹੇ। ਕੰਪਨੀ ਨੇ 1965 ਵਿੱਚ ਨਨਾਇਮੋ ਸ਼ਹਿਰ ਵਿੱਚ ਨਵੀਂ ਮਿੱਲ ਸ਼ੁਰੂ ਕਰ ਲਈ ਸੀ। ਕਾਮਿਆਂ ਨੂੰ ਪਾਲਦੀ ਤੋਂ ਨਨਾਇਮੋ ਬੱਸ ਰਾਹੀਂ ਲਿਜਾਇਆ ਜਾਂਦਾ। ਫਿਰ ਲੋਕੀਂ ਕੰਮ ਵਾਲੀ ਥਾਂ ਦੇ ਨੇੜੇ ਰਹਿਣਾ ਸ਼ੁਰੂ ਕਰਨ ਲੱਗ ਪਏ। 1969 ਵਿੱਚ ਬੱਚਿਆਂ ਦੀ ਗਿਣਤੀ ਘਟਣ ਕਾਰਣ ਸਕੂਲ ਬੰਦ ਹੋ ਗਿਆ। 1965 ਤੋਂ 1975 ਤੱਕ ਪਾਲਦੀ ਹਿੱਪੀਆਂ ਲਈ ਸਵਰਗ ਬਣ ਗਿਆ। ਕੋਈ ਵੀ ਖਾਲੀ ਹੋਇਆ ਛੱਤੜਾ ਉਹ ਆਪਣੇ ਕਬਜ਼ੇ ਵਿੱਚ ਕਰ ਲੈਂਦੇ। 1975 ਤੱਕ ਸਾਰੇ ਜਪਾਨੀ ਅਤੇ ਚੀਨੇ ਵੀ ਪਾਲਦੀ ਛੱਡ ਗਏ ਅਤੇ ਕੁਝ ਕੁ ਪੰਜਾਬੀ ਹੀ ਪਾਲਦੀ ਵਿੱਚ ਰਹਿ ਗਏ। 1980 ਤੱਕ 15 ਮਕਾਨ ਹੀ ਪਾਲਦੀ ਵਿੱਚ ਰਹਿ ਗਏ ਸਨ, ਜਿਹੜੇ ਕਿਰਾਏ ਉੱਪਰ ਦਿੱਤੇ ਹੋਏ ਸਨ। 1997 ਵਿੱਚ ਬਾਕੀ ਬਚੀ ਅਤੇ ਕਿਰਾਏ ’ਤੇ ਦਿੱਤੀ ਹੋਈ ਸਕੂਲ ਦੀ ਇਮਾਰਤ ਵੀ ਸ਼ੱਕੀ ਅੱਗ ਦੀ ਲਪੇਟ ਵਿੱਚ ਆ ਗਈ।

2012 ਵਿੱਚ ਬੈਂਕ ਵੱਲੋਂ ਅਦਾਲਤੀ ਹੁਕਮਾਂ ਨਾਲ, ਜਿਸ ਜ਼ਮੀਨ ਉੱਪਰ ਗੁਰਦਵਾਰਾ ਬਣਿਆ ਹੋਇਆ ਸੀ, ਉਹ ਵੇਚਣ ਵਾਸਤੇ ਲਾ ਦਿੱਤੀ। ਪਰ ਕਈ ਜੱਥੇਬੰਦੀਆਂ ਦੇ ਉਪਰਾਲੇ ਨਾਲ 2017 ਵਿੱਚ ਪਾਲਦੀ ਦੇ ਗੁਰਦਵਾਰੇ ਨੂੰ ਇਤਿਹਾਸਕ ਯਾਦਗਾਰ ਵਜੋਂ ਮਾਨਤਾ ਮਿਲ ਗਈ।

ਗੁਰਦਵਾਰੇ ਦੀ ਬੇਸਮੈਂਟ ਵਿੱਚ ਛੋਟਾ ਜਿਹਾ ਅਜਾਇਬ ਘਰ ਬਣਿਆ ਹੋਇਆ ਹੈ, ਜਿੱਥੇ ਮੇਓ ਪਰਿਵਾਰ ਦੇ ਨਾਲ ਨਾਲ ਕੁਝ ਕੁ ਹੋਰ ਤਸਵੀਰਾਂ ਨੂੰ ਕੰਧਾਂ ਉੱਪਰ ਸਜਾਇਆ ਹੋਇਆ ਹੈ। ਗੁਰਦਵਾਰੇ ਵਿੱਚ ਗੁਰੂ ਗਰੰਥ ਸਾਹਿਬ ਦੀ ਪੁਰਾਤਨ ਬੀੜ ਵੀ ਸੰਭਾਲੀ ਹੋਈ ਹੈ। ਇਹ ਸਭ ਕੁਝ ਭਾਈ ਜੀ ਨੇ ਬਹੁਤ ਪਿਆਰ ਨਾਲ ਸਾਨੂੰ ਦਿਖਾਇਆ। ਬਾਹਰੋਂ ਆਏ ਬੰਦਿਆਂ ਨੂੰ ਦੇਖ ਕੇ ਸੇਵਾਦਾਰਾਂ ਨੂੰ ਚਾਅ ਚੜ੍ਹਿਆ ਹੋਇਆ ਸੀ। ਉਹ ਬਹੁਤ ਪਿਆਰ ਨਾਲ ਮਿਲੇ। ਅਸੀਂ ਕੁਰਸੀਆਂ ’ਤੇ ਬੈਠ ਕੇ ਲੰਗਰ ਛਕਿਆ, ਜਿਹੜਾ ਸੰਗਤਾਂ ਨੇ ਗੁਰਦਵਾਰਾ ਸਾਹਿਬ ਵਿੱਚ ਹੀ ਤਿਆਰ ਕੀਤਾ ਸੀ। ਐਨੇ ਸਵਾਦ ਰੁਮਾਲੀ ਪ੍ਰਸ਼ਾਦੇ ਮੈਂ ਪਹਿਲਾਂ ਕਦੇ ਨਹੀਂ ਸੀ ਛਕੇ, ਜਿਹੜੇ ਕਾਊਚਨ ਵਾਦੀ ਵਿੱਚ ਜੰਮੀਆਂ-ਪਲੀਆਂ ਬੀਬੀਆਂ ਵੱਲੋਂ ਹੀ ਪਕਾਏ ਲੱਗਦੇ ਸਨ। ਗੁਰਦਵਾਰੇ ਵਿੱਚੋਂ ਨਿਕਲ ਕੇ ਮੈਂ ਆਸੇ-ਪਾਸੇ ਦੇਖਿਆ। ਮੈਂ ਅਨੁਮਾਨ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕਿੱਥੇ ਸਕੂਲ ਹੁੰਦਾ ਹੋਵੇਗਾ, ਕਿੱਥੇ ਜਪਾਨੀਆਂ, ਚੀਨਿਆਂ ਜਾਂ ਪੰਜਾਬੀਆਂ ਦੇ ਬੰਕ ਹਾਊਸ ਹੁੰਦੇ ਹੋਣਗੇ ਪਰ ਮੈਨੂੰ ਕਦੇ ਘੁੱਗ ਵਸਦੇ ਪਿੰਡ ਦੀ ਹੋਰ ਕੋਈ ਨਿਸ਼ਾਨੀ ਨਾ ਦਿਸੀ। ਉਨ੍ਹਾਂ ਇਮਾਰਤਾਂ ਦੀ ਭਾਵੇਂ ਕੋਈ ਨਿਸ਼ਾਨੀ ਨਹੀਂ ਬਚੀ ਪਰ ਇਸ ਕਾਊਚਨ ਵਾਦੀ ਵਿੱਚ ਜੰਮੀਆਂ-ਪਲੀਆਂ ਉਹ ਸਖਸ਼ੀਅਤਾਂ ਤਾਂ ਯਾਦ ਕੀਤੀਆਂ ਜਾਂਦੀਆਂ ਰਹਿਣਗੀਆਂ, ਜਿਨ੍ਹਾਂ ਨੇ ਵੱਡੇ ਮੁਕਾਮ ਹਾਸਲ ਕੀਤੇ।

*****

(898)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਪ੍ਰੀਤ ਸੇਖਾ

ਹਰਪ੍ਰੀਤ ਸੇਖਾ

Surrey, British Columbia, Canada.
Phone: (778 - 231 - 1189)
Email: (hsekha@hotmail.com)