ShyamSDeepti7ਅਸੀਂ ਘਰਗੋਦਾਮਦਫਤਰ ਜਾਂ ਵੇਅਰਹਾਊਸ ਦੀ ਚੋਰੀ ਪਿੱਛੇ ਕਾਰਜਸ਼ੀਲ ਕਾਰਨਾਂ ਨੂੰ ਲੱਭਣ ਦੀ ਬਜਾਏ ...
(12 ਨਵੰਬਰ 2017)

 

ਜਦੋਂ ਅਸੀਂ ਡਾਰਵਿਨ ਦੇ ਫਲਸਫੇ ਤੋਂ ਜੀਵ ਵਿਕਾਸ ਨੂੰ ਘੋਖਦੇ-ਪਰਖਦੇ ਹੋਏ, ਮਨੁੱਖੀ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਮਨੁੱਖ ਦਾ ਆਪਸੀ ਮੇਲ ਜੋਲ, ਇਕ ਦੂਸਰੇ ਨਾਲ ਸਬੰਧ ਬਣਾਉਣਾ ਜਾਂ ਇਕ ਸਮਾਜ ਵਿਚ ਰਹਿਣਾ, ਉਸ ਦੀ ਵਿਲੱਖਣਤਾ ਮੰਨਦੇ ਹਾਂ। ਜਾਨਵਰ ਵੀ ਝੁੰਡਾਂ ਵਿਚ ਰਹਿੰਦੇ ਹਨ, ਇਕੱਠੇ ਤੁਰਦੇ ਹਨ, ਪਰ ਆਪਸੀ ਸਹਿਯੋਗ ਅਤੇ ਮਦਦ ਉਹ ਵਿਸ਼ੇਸ਼ ਗੁਣ ਹਨ ਜੋ ਸਿਰਫ ਮਨੁੱਖਾਂ ਵਿੱਚ ਹੀ ਮੌਜੂਦ ਹਨ।

ਮਨੁੱਖ ਨੂੰ ਸਮਾਜਿਕ ਪ੍ਰਾਣੀ ਵੀ ਇਸ ਲਈ ਕਹਿੰਦੇ ਹਾਂ ਕਿ ਉਸ ਵਿਚ ਮਿਲ ਕੇ ਰਹਿਣ ਦੀ ਖਾਹਿਸ਼ ਹੈ। ਅਸੀਂ ਇਸ ਪੱਖ ਨੂੰ ਇਸ ਪਹਿਲੂ ਤੋਂ ਵੀ ਉਸਾਰਦੇ ਹਾਂ ਕਿ ਇਕੱਲਾ ਰਹਿਣਾ ਮਨੁੱਖ ਲਈ ਸਭ ਤੋਂ ਵੱਡੀ ਸਜ਼ਾ ਹੈ। ਭਾਵ ਉਹ ਇਕਲਾ ਹੁੰਦਿਆਂ ਹੀ ਬੇਚੈਨ ਤੇ ਉਦਾਸ ਹੋ ਜਾਂਦਾ ਹੈ। ਆਪਸੀ ਸਾਂਝ ਉਸ ਦਾ ਕੁਦਰਤੀ ਗੁਣ ਹੈ, ਉਸ ਦੀ ਮਾਨਸਿਕ ਖੁਰਾਕ ਹੈ।

ਸਮਾਜ ਦੀ ਹੋਂਦ ਪਿੱਛੇ ਮਨ ਅਤੇ ਦਿਮਾਗ ਦੇ ਵੀ ਕਈ ਪਹਿਲੂ ਹਨ। ਆਪਸੀ ਮਦਦ ਕਰਨਾ ਅਤੇ ਲੈਣਾ, ਸਭ ਤੋਂ ਅਹਿਮ ਪਹਿਲੂ ਹੈ ਕਿ ਕਿਸੇ ਨੂੰ ਦੁੱਖ-ਤਕਲੀਫ਼ ਵਿਚ ਦੇਖ ਕੇ ਉਸ ਦੀ ਹਾਲਤ ਨੂੰ ਆਪਣੇ ਉੱਪਰ ਮਹਿਸੂਸ ਕਰਨ ਦੀ ਕਾਬਲੀਅਤ ਮਨੁੱਖ ਕੋਲ ਹੈ। ਮਨੁੱਖੀ ਸਮਾਜ ਦੀ ਮਿਲ ਕੇ ਰਹਿਣ ਦੀ ਬੁਨਿਆਦ ਤਾਂ ਆਪਸੀ ਵਿਸ਼ਵਾਸ ਹੀ ਹੈ। ਇਸ ਆਪਸੀ ਵਿਸ਼ਵਾਸ ਅਤੇ ਸਹਿਯੋਗ ਦੇ ਸਹਾਰੇ ਹੀ ਅਸੀਂ ਸਮਾਜ ਵਿਚ ਇੰਨੀਆਂ ਖੁਲਾਂਘਾਂ ਪੁੱਟੀਆਂ ਹਨ ਤੇ ਵਿਕਾਸ ਕੀਤਾ ਹੈ।

ਹਰ ਇਕ ਮਨੁੱਖ ਜਦੋਂ ਖੋਜ ਕਰ ਰਿਹਾ ਹੁੰਦਾ ਹੈ, ਕੋਈ ਵੀ ਕਾਰਜ ਕਰ ਰਿਹਾ ਹੁੰਦਾ ਹੈ, ਉਸ ਦੇ ਮਨ ਵਿਚ ਆਪਣੇ ਤੋਂ ਅੱਗੇ ਹੋਰ ਲੋਕ, ਪਰਿਵਾਰ ਅਤੇ ਸਮਾਜ ਹੁੰਦਾ ਹੈ। ਖੇਤੀ ਸੰਦ ਬੁਣਾਉਣਾ, ਦਵਾਈਆਂ ਦੀ ਖੋਜ ਤੋਂ ਲੈ ਕੇ ਵਧੀਆ ਮਕਾਨ ਉਸਾਰੀ ਅਤੇ ਸਿਹਤਮੰਦ ਸ਼ਹਿਰ ਦੀ ਯੋਜਨਾਬੰਦੀ, ਸਭ ਕੁਝ ਪੂਰੇ ਸਮਾਜਿਕ ਪਰਿਪੇਖ ਲਈ ਹੁੰਦਾ ਹੈ। ਇਹ ਸਭ ਜ਼ਿਹਿਰ ਕਰਦਾ ਹੈ ਕਿ ਅਸੀਂ ਮਿਲ ਕੇ ਰਹਿਣਾ ਚਾਹੁੰਦੇ ਹਾਂ ਤੇ ਇਕ ਦੂਸਰੇ ਦੀ ਲੋੜ ਮਹਿਸੂਸ ਕਰਦੇ ਹਾਂ।

ਇਕ ਦੂਸਰੇ ਦੀ ਲੋੜ ਦੇ ਬੁਨਿਆਦੀ ਗੁਣ ਨੂੰ ਅਸੀਂ ਆਪਣੇ ਆਲੇ ਦੁਆਲੇ ਦੇਖ ਸਕਦੇ ਹਾਂ। ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਜਿਵੇਂ ਹੜ੍ਹ, ਤੂਫਾਨ, ਭੁਚਾਲ ਆਦਿ ਜਾਂ ਸਾਡੀਆਂ ਆਪਣੀਆਂ ਮਨੁੱਖੀ ਗਲਤੀਆਂ ਕਾਰਨ ਜਿਵੇਂ ਰੇਲ ਹਾਦਸੇ ਆਦਿ ਤਾਂ ਕਿਵੇਂ ਲੋਕ ਆਪਣਾ ਸਭ ਕੁਝ ਭੁਲ ਕੇ ਮਦਦ ਲਈ ਪਹੁੰਚ ਜਾਂਦੇ ਹਨ। ਦੂਰ-ਦਰਾਜ ਤੋਂ ਵੀ ਲੋਕ ਮਨੁੱਖਤਾ ਨੂੰ ਮੁੱਖ ਰੱਖਦੇ, ਜੋ ਵੀ ਸੰਭਵ ਹੁੰਦਾ ਹੈ, ਉਸ ਲਈ ਆਪਣਾ ਹੱਥ ਵਧਾਉਂਦੇ ਹਨ। ਮਨੁੱਖੀ ਵਿਕਾਸ ਦੇ ਇਸ ਸਫਰ ਵਿਚ ਖੇਤੀ, ਸਨਅਤ ਅਤੇ ਹੋਰ ਅਦਾਰੇ, ਵਿਗਿਆਨ ਨੇ ਆਪਦੀ ਵੱਡੀ ਭੂਮਿਕਾ ਨਿਭਾਈ ਹੈ।

ਵਿਗਿਆਨ ਨੇ ਵਿਕਾਸ ਦੇ ਨਿਯਮਾਂ ਨੂੰ ਸਮਝਿਆ ਤੇ ਮਨੁੱਖੀ ਭਲਾਈ ਲਈ, ਜ਼ਿੰਦਗੀ ਨੂੰ ਸੁਖਾਲਾ ਕਰਨ ਦੇ ਲਈ ਇਨ੍ਹਾਂ ਨੂੰ ਵਰਤਣ ਦੇ ਰਾਹ ਖੋਲ੍ਹੇ। ਇਨ੍ਹਾਂ ਨਿਯਮਾਂ ਨੂੰ ਆਧਾਰ ਬਣਾ ਕੇ ਤਕਨੀਕ ਵਿਕਸਿਤ ਹੋਈ ਤੇ ਫਿਰ ਸਨਅਤ ਨਾਲ ਜੁੜੀ। ਇਸ ਤਰ੍ਹਾਂ ਹੌਲੀ ਹੌਲੀ ਸਰਮਾਏਦਾਰੀ ਦਾ ਵਿਕਾਸ ਹੋਇਆ।

ਜਿਵੇਂ ਆਪਾਂ ਸਮਾਜ ਦੀ ਖਾਸੀਅਤ ਦੀ ਗੱਲ ਕਰਦੇ ਹਾਂ, ਉਸੇ ਤਰ੍ਹਾਂ ਸਰਮਾਏਦਾਰੀ ਦੀ ਖਾਸੀਅਤ ਹੈ, ਮੁਨਾਫਾ। ਦਰਅਸਲ ਮੁਨਾਫਾ ਜੇਕਰ ਜ਼ਿੰਦਗੀ ਦੀ ਲੋੜ ਨਾਲ ਜੁੜ ਕੇ ਕਾਰਜਸ਼ੀਲ ਹੋਵੇ ਤਾਂ ਕੋਈ ਹਰਜ਼ ਨਹੀਂ ਹੈ। ਪਰ ਮੁਨਾਫਾ ਜੇਕਰ ਲਾਲਚ ਦੀ ਹੱਦ ਵਿਚ ਪਹੁੰਚੇ, ਮਨੁੱਖੀ ਹੋਂਦ ਨੂੰ ਨਕਾਰੇ, ਤਾਂ ਇਹ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਕਰਦਾ ਹੈ।

ਸਰਮਾਏਦਾਰੀ ਦਾ ਮੁਨਾਫਾ ਕਮਾਉਣ/ਵਧਾਉਣ ਦਾ ਜੋ ਨੇਮ ਹੈ, ਉਹ ਹੈ ਮਾਲ ਦੀ ਕੀਮਤ ਵੱਧ ਰੱਖਣਾ ਅਤੇ ਮਜ਼ਦੂਰ ਨੂੰ ਦਿਹਾੜੀ ਘੱਟ ਦੇਣਾ ਤੇ ਦੂਸਰਾ ਹੈ ਆਪਣੇ ਬਾਜ਼ਾਰ ਨੂੰ ਵਧਾਉਣਾ। ਸਰਮਾਏਦਾਰੀ ਨਿਜ਼ਾਮ ਦੀ ਇਸ ਸੋਚ ਅਤੇ ਕਾਰਜਪ੍ਰਣਾਲੀ ਨੇ ਸਮਾਜ ਦੇ ਤਾਣੇ-ਬਾਣੇ, ਆਪਸੀ ਮਦਦ ਅਤੇ ਵਿਸ਼ਵਾਸ ਨੂੰ ਖੋਰਾ ਲਾਇਆ ਹੈ।

ਤਾਲਿਆਂ ਦੀ ਆਮਦ ਤੋਂ ਲੈ ਕੇ, ਤਾਲਿਆਂ ਦੀ ਤਕਨੀਕ ਵਿਚ ਵਿਕਾਸ ਤੱਕ ਪਹੁੰਚੇ ਅਤੇ ਹੁਣ ਸੀ.ਸੀ.ਟੀ.ਵੀ. ਕੈਮਰਿਆਂ ਤਕ ਆਉਣਾ, ਕੋਈ ਮਾਣ ਵਾਲੀ ਗੱਲ ਨਹੀਂ ਹੈ। ਅਸੀਂ ਆਪਣੀ ਹੀ ਬਣਾਈ ਕਹਾਵਤ ਨੂੰ ਝੂਠਾ ਕਰਨ ਲੱਗੇ ਹਾਂ ਕਿ ਬਜ਼ੁਰਗ ਘਰ ਦੇ ਤਾਲੇ ਹੁੰਦੇ ਨੇ ਤੇ ਹੁਣ ਘਰ ਵਿਚ ਸਾਰੇ ਜੀਅ ਹੋਣ ਦੇ ਬਾਵਜੂਦ ਸੀ.ਸੀ.ਟੀ.ਵੀ. ਕੈਮਰੇ ਲੱਗ ਰਹੇ ਹਨ। ਦਫਤਰਾਂ ਵਿਚ ਤਾਂ ਇਹ ਜਿਵੇਂ ਲਾਜ਼ਮੀ ਹੋ ਗਿਆ ਹੈ। ਤਾਲੇ ਜਾਂ ਇਹ ਕੈਮਰੇ ਕੀ ਦਰਸਾਉਂਦੇ ਹਨ? ਇਹੀ ਨਾ ਕਿ ਸਾਨੂੰ ਇਕ ਦੂਸਰੇ ’ਤੇ ਵਿਸ਼ਵਾਸ ਨਹੀਂ ਹੈ। ਮਨੁੱਖਾਂ ਦੇ ਆਪਸੀ ਵਿਸ਼ਵਾਸ ਦੇ ਘਾਟ ਦੇ ਸੂਚਕ ਹਨ, ਇਹ ਵਰਤਾਰੇ। ਇਸ ਦੇ ਨਾਲ ਹੀ ਸਰਮਾਏਦਾਰੀ ਦਾ ਮੁਨਾਫਾ ਕਮਾਉਣ ਦਾ ਦੂਸਰਾ ਪੈਂਤੜਾ ਹੈ, ਆਪਣੀ ਮਾਰਕੀਟ ਵਧਾਉਣਾ। ਖਪਤਕਾਰਾਂ ਦਾ ਘੇਰਾ ਵੱਡਾ ਕਰਨਾ। ਉਹ ਤਾਂ ਹੀ ਹੋ ਸਕਦਾ ਹੈ ਕਿ ਉਸ ਸਮਾਨ ਦੀ ਲੋੜ ਪੈਦਾ ਕੀਤੀ ਜਾਵੇ। ਹੌਲੀ ਹੌਲੀ ਲੋਕਾਂ ਨੂੰ ਤਿਆਰ ਕਰਕੇ ਉਨ੍ਹਾਂ ਦੇ ਮਨ ਵਿਚ ਬਿਠਾ ਦਿੱਤਾ ਜਾਵੇ ਕਿ ਇਹ ਵਸਤੂ ਲਾਜ਼ਮੀ ਹੈ, ਇਸ ਦੇ ਬਿਨਾਂ ਹੁਣ ਸਰ ਹੀ ਨਹੀਂ ਸਕਦਾ।

ਸਰਮਾਏਦਾਰੀ ਵਿਚ ਇਸ ਲੋੜ ਨੂੰ ਲਾਜ਼ਮੀ ਬਣਾਉਣ ਲਈ ਹਰ ਤਰ੍ਹਾਂ ਦੇ ਹਰਬੇ, ਹਥਕੰਡੇ ਵਰਤੇ ਜਾਂਦੇ ਹਨ। ਇਸ਼ਤਿਹਾਰਬਾਜ਼ੀ ਨੂੰ ਮਾਲ ਵੇਚਣ ਦਾ ਅਹਿਮ ਢੰਗ ਬੁਣਾਉਂਦੇ ਹੋਏ ਇੰਨਾ ਝੂਠ ਬੋਲਿਆ ਜਾਂਦਾ ਹੈ ਕਿ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ। ਵਿਗਿਆਨ ਦੀ ਕਾਢ ਟੀ.ਵੀ. ਨੂੰ ਗੈਰ ਵਿਗਿਆਨਕ ਸੂਚਨਾਵਾਂ ਲਈ ਵਰਤਿਆ ਜਾਂਦਾ ਹੈ। ਇਹ ਸਰਮਾਏਦਾਰੀ ਦਾ ਕਮਾਲ ਹੈ ਤੇ ਹਰ ਕੋਈ ਵਿਸ਼ਵਾਸ ਕਰ ਲੈਂਦਾ ਹੈ। ਮਨੁੱਖੀ ਸਮਾਜ ਦੀ ਮਿਲ ਕੇ ਰਹਿਣ ਦੀ ਬੁਨਿਆਦ ਤਾਂ ਆਪਸੀ ਵਿਸ਼ਵਾਸ ਹੀ ਹੈ। ਇਸ ਆਪਸੀ ਵਿਸ਼ਵਾਸ ਅਤੇ ਸਹਿਯੋਗ ਦੇ ਸਹਾਰੇ ਹੀ ਅਸੀਂ ਸਮਾਜ ਵਿਚ ਇੰਨੀਆਂ ਪੁਲਾਂਘਾਂ ਪੁੱਟੀਆਂ ਹਨ ਤੇ ਵਿਕਾਸ ਕੀਤਾ ਹੈ। ਵੈਸੇ ਤਾਂ ਸਮਾਜਿਕ ਤਾਣੇ-ਬਾਣੇ ਵਿਚ ਜਿੱਥੇ ਵਿਸ਼ਵਾਸ ਦੀ ਅਹਿਮੀਅਤ ਨੂੰ ਪਛਾਣਿਆ ਅਤੇ ਉਭਾਰਿਆ ਗਿਆ ਹੈ, ਧਰਮ, ਜਾਤ, ਖੇਤਰ, ਭਾਸ਼ਾ, ਰੰਗ-ਕੱਦ ਆਦਿ ਦੀਆਂ ਅਨੇਕਾਂ ਦੀਵਾਰਾਂ ਵੀ ਉੱਸਰਦੀਆਂ ਰਹੀਆਂ ਹਨ ਤੇ ਢਹਿੰਦੀਆਂ ਵੀ ਰਹੀਆਂ ਹਨ, ਜਦੋਂ ਜਦੋਂ ਮਨੁੱਖਤਾ ਨੂੰ ਪ੍ਰਮੁੱਖਤਾ ਮਿਲਦੀ ਰਹੀ ਹੈ। ਅਸੀਂ ਆਪਣੇ ਸਮਾਜਿਕ ਵਿਕਾਸ ਨੂੰ ਇਸ ਪਰਿਪੇਖ ਤੋਂ ਵੀ ਸਮਝ ਸਕਦੇ ਹਾਂ ਜਦੋਂ ਲੋਕਾਂ ਨੇ ਮਿਲ ਕੇ ਰਹਿਣਾ ਸ਼ੁਰੂ ਕੀਤਾ। ਕਬੀਲਿਆਂ-ਪਿੰਡਾਂ ਵਿਚ ਘਰ ਬਣਾ ਕੇ ਰਹੇ। ਭਾਵੇਂ ਟਾਵੀਂ-ਟਾਵੀਂ ਉਦਾਹਰਣ ਵਜੋਂ ਕੋਈ ਅਜਿਹਾ ਪਿੰਡ ਅਜੇ ਵੀ ਮਿਲ ਜਾਵੇਗਾ, ਜਿੱਥੇ ਦਰਵਾਜ਼ੇ-ਬਾਰੀਆਂ ਨਾ ਹੋਣ ਜਾਂ ਹੋਣ ਦੇ ਬਾਵਜੂਦ ਤਾਲਾ ਨਾ ਲਗਦਾ ਹੋਵੇ। ਕਿਸੇ ਤੇ ਵਿਸ਼ਵਾਸ ਨਾ ਕਰਨਾ ਮਨੋਰੋਗਾਂ ਦੀ ਸੂਚੀ ਵਿਚ, ਇਕ ਗੰਭੀਰ ਬੀਮਾਰੀ ਹੈ, ਜਿਸ ਵਿਚ ਰੋਗੀ ਹਰ ਇਕ ’ਤੇ ਸ਼ੱਕ ਕਰਦਾ ਹੈ। ਸ਼ੱਕ ਰੋਗ ਜਾਂ ਸਕੀਜ਼ੋਫਰੇਨੀਆਂ - ਅਸੀਂ ਖੁਦ ਆਪਣੇ ਵਿਵਹਾਰ ਰਾਹੀਂ ਲੋਕਾਂ ਨੂੰ ਇਸ ਵੱਲ ਧੱਕ ਰਹੇ ਹਾਂ।

ਤਕਨੀਕ ਦੇ ਵਿਕਾਸ ਦਾ ਇਕ ਹੋਰ ਰੂਪ, ਜੋ ਤੇਜ਼ੀ ਨਾਲ ਸਾਡੀ ਕਾਰਜਵਿਧੀ ਦਾ ਹਿੱਸਾ ਬਣ ਰਿਹਾ ਹੈ, ਉਹ ਹੈ ਬਾਇਓਮੈਟਰਿਕ ਪ੍ਰਣਾਲੀ। ਕਿਸੇ ਦਫਤਰ ਜਾਣਾ ਹੈ ਤਾਂ ਦਰਵਾਜ਼ਾ ਉਦੋਂ ਹੀ ਖੁੱਲ੍ਹੇਗਾ, ਜਦੋਂ ਕੋਈ ਆਪਣੇ ਅੰਗੂਠੇ ਜਾਂ ਉਂਗਲੀ ਨਾਲ ਬਟਨ ਦਬਾਏਗਾ। ਅੰਗੂਠੇ ਦੇ ਨਿਸ਼ਾਨਾਂ ਨਾਲ ਖਛਾਣ। ਮਤਲਬ ਕੋਈ ਓਪਰਾ ਬੰਦਾ ਅੰਦਰ ਨਹੀਂ ਆ ਸਕੇਗਾ। ਇਹ ਮਸ਼ੀਨ ਤੁਹਾਡੇ ਆਉਣ ਅਤੇ ਜਾਣ ਦੀ ਨਿਗਰਾਨੀ ਵੀ ਕਰੇਗੀ, ਕਿਉਂਜੋ ਇਕ ਅਜਿਹਾ ਮਾਹੌਲ ਉਸਾਰਿਆ ਗਿਆ ਹੈ ਜਿੱਥੇ ਕਿਸੇ ਨੂੰ, ਨਾ ਤੁਹਾਡੇ ’ਤੇ ਵਿਸ਼ਵਾਸ ਹੈ ਨਾ ਕਿਸੇ ਸੀਨੀਅਰ ਅਧਿਕਾਰੀ ’ਤੇ। ਇਸ ਉਪਰੋਕਤ ਦਫਤਰੀ ਕਾਰਗੁਜਾਰੀ ਨੂੰ, ਕੋਈ ਵੀ ਕਾਰਨ ਦੱਸ ਕੇ ਤੁਸੀਂ ਠੀਕ ਠਹਿਰਾ ਸਕਦੇ ਹੋ ਪਰ ਪਿਛਲੇ ਦਿਨਾਂ ਤੋਂ ਇਸ ਮਸ਼ੀਨ ਦਾ ਇਸਤੇਮਾਲ ਦੇਸ਼ ਦੇ ਰਾਜ ਉਤਰਾਖੰਡ ਵਿਚ, ਖੁਰਾਕ ਵੰਡ ਪ੍ਰਣਾਲੀ ਵਿਚ ਭ੍ਰਿਸ਼ਟਾਚਾਰ ਰੋਕਣ ਲਈ ਕੀਤਾ ਜਾ ਰਿਹਾ ਹੈ। ਡਿਪੋ ਦਾ ਮਾਲਕ, ਸਿਰਫ ਉਸ ਔਰਤ ਨੂੰ ਰਾਸ਼ਨ ਦੇਵੇਗਾ, ਜਿਸ ਦਾ ਅੰਗੂਠਾ ਉਸ ਦੀ ਪਛਾਣ ਕਰੇਗਾ। ਤੁਸੀਂ ਅੰਦਾਜਾ ਲਗਾਓ, ਇਕ ਬੁੱਢੀ ਔਰਤ, ਪੇਂਡੂ ਕੰਮਕਾਜੀ ਔਰਤ, ਖੇਤ/ਭੱਠੇ ’ਤੇ ਕੰਮ ਕਰਦੀ ਔਰਤ, ਜਿਸ ਨੂੰ ਆਧਾਰ ਕਾਰਡ ਬਣਵਾਉਣ ਵੇਲੇ ਦਿੱਕਤ ਹੋਈ ਤੇ ਹੁਣ ਰੋਜ਼ ਮਿੱਟੀ ਨਾਲ ਮਿੱਟੀ ਹੁੰਦੀ, ਜਦੋਂ ਰਾਸ਼ਨ ਲੈਣ ਆਉਂਦੀ ਹੈ ਤਾਂ ਮਸ਼ੀਨ ਉਸ ਦੇ ਅੰਗੂਠੇ ਨੂੰ ਨਹੀਂ ਪਛਾਣਦੀ। ਡਿਪੋ ਹੋਲਡਰ, ਜੋ ਪਿੰਡ ਦਾ ਬਸ਼ਿੰਦਾ ਹੈ, ਵੀਹ ਪੰਝੀ ਸਾਲ ਤੋਂ ਉਹ ਔਰਤ ਅਤੇ ਡਿਪੋ ਵਾਲਾ ਇਕ ਦੂਸਰੇ ਨੂੰ ਜਾਣਦੇ ਹਨ ਪਰ ਮਸ਼ੀਨ ’ਤੇ ਭਰੋਸਾ ਕਰਕੇ ਉਹ ਔਰਤ ਨੂੰ ਬੇਪਛਾਣ ਕਰ ਦਿੰਦਾ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਭ੍ਰਿਸ਼ਟਾਚਾਰ ਖਤਮ ਹੋਵੇਗਾ ਜਾਂ ਨਹੀਂ, ਪਰ ਮਨੁੱਖੀ ਤੱਤ ਜ਼ਰੂਰ ਖਤਮ ਹੋ ਰਿਹਾ ਹੈ।

ਬਹੁਤ ਪੁਰਾਣੀ ਗੱਲ ਨਹੀਂ ਹੈ, ਅਸੀਂ ਬੱਸ-ਗੱਡੀ ਵਿਚ ਸਫਰ ਕਰਦਿਆਂ ਆਪਸ ਵਿਚ ਰਲ ਕੇ ਖਾ ਪੀ ਲੈਂਦੇ ਸੀ। ਇਕ ਦੂਸਰੇ ਨਾਲ ਵੰਡ-ਵੰਡਾ ਲੈਂਦੇ ਸੀ। ਅੱਜ ਸਾਡੇ ਚੇਤਿਆਂ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਕਿਸੇ ਅਣਜਾਣ ਵਿਅਕਤੀ ਕੋਲੋਂ ਕੁਝ ਨਾ ਲਿਆ ਜਾਵੇ। ਕਿਸੇ ਦਾ ਸਮਾਨ ਨਾ ਸਾਂਭਿਆ ਜਾਵੇ। ਇਹ ਵਿਸ਼ਵਾਸ ਖਤਰਨਾਕ ਹੋ ਸਕਦਾ ਹੈ। ਇਹ ਮੇਲ-ਜੋਲ ਮਾਰੂ ਹੋ ਸਕਦਾ ਹੈ।

ਅਸੀਂ ਆਪਣੇ ਆਲੇ-ਦੁਆਲੇ ਵਿਚ ਵਧ ਰਹੇ ਅਸਾਵੇਂਪਣ ਦਾ ਕਾਰਨ ਨਹੀਂ ਲੱਭਿਆ ਜਾਂ ਲੱਭ ਹੀ ਨਹੀਂ ਰਹੇ। ਦੂਜਿਆਂ ਤੋਂ ਅੱਗੇ ਵਧਣ ਵਿਚ ਵਿਸ਼ਵਾਸ ਰੱਖਦੇ ਹਾਂ ਤੇ ਇਸ ਨੂੰ ਬੜੇ ਮਾਣ ਨਾਲ ਵਿਕਾਸ ਕਹਿੰਦੇ ਹਾਂ। ਪਹਿਲੀ ਚੋਰੀ ਹੋਈ ਅਸੀਂ ਤਾਲੇ ਲਾਏ। ਫਿਰ ਚੋਰੀ ਹੋਈ ਅਸੀਂ ਤਾਲੇ ਦਾ ਵਿਕਾਸ ਕੀਤਾ, ਉਸ ਦੀ ਤਕਨੀਕ ਨੂੰ ਸੁਧਾਰਿਆ। ਫਿਰ ਵੱਡੀ ਵਾਰਦਾਤ ਹੋਈ, ਅਸੀਂ ਸੀ.ਸੀ.ਟੀ.ਵੀ. ਕੈਮਰਿਆਂ ਲਈ ਰਾਹ ਪੱਧਰਾ ਕੀਤਾ।

ਅਸੀਂ ਘਰ, ਗੋਦਾਮ, ਦਫਤਰ ਜਾਂ ਵੇਅਰਹਾਊਸ ਦੀ ਚੋਰੀ ਪਿੱਛੇ ਕਾਰਜਸ਼ੀਲ ਕਾਰਨਾਂ ਨੂੰ ਲੱਭਣ ਦੀ ਬਜਾਏ, ਤਾਲਾ ਤਕਨੀਕ ਅਤੇ ਮਸ਼ੀਨਾਂ ਤੇ ਵੱਧ ਭਰੋਸਾ ਜਿਤਾਇਆ। ਸਾਨੂੰ ਚਾਹੀਦਾ ਸੀ ਜਾਂ ਅੱਜ ਵੀ ਉਸ ਦੀ ਲੋੜ ਹੈ ਕਿ ਅਸੀਂ ਮਨੁੱਖੀ ਵਿਵਹਾਰ ਲਈ ਬੰਬ, ਬੰਦੂਕ, ਮਿਜ਼ਾਇਲ, ਏ.ਕੇ. ਸੰਤਾਲੀ ਦੀ ਬਜਾਏ ਆਪਸੀ ਵਿਸ਼ਵਾਸ ਨੂੰ ਵਧਾਉਣ ਦੇ ਤਰੀਕੇ ਖੋਜਦੇ। ਇਸ ਤਰ੍ਹਾਂ ਦਾ ਹੱਲ ਵੀ ਅਸੀਂ ਲੱਭਿਆ ਹੈ ਤੇ ਅਸੀਂ ਉਨ੍ਹਾਂ ਦੀ ਕਾਰਜਕੁਸ਼ਲਤਾ, ਉਨ੍ਹਾਂ ਦੇ ਪ੍ਰਭਾਵ ਅਤੇ ਸਿੱਟੇ ਵੀ ਦੇਖੇ ਹਨ ਹਾਲਾਂਕਿ ਵਿਸ਼ਵ ਪੱਧਰ ’ਤੇ ਜੰਗ ਜਾਰੀ ਹੈ ਤੇ ਅਸ਼ਾਂਤੀ ਹੈ, ਪਰ ਅਸੀਂ ਕਹਿ ਰਹੇ ਹਾਂ, ਵਿਸ਼ਵਾਸ ਸਾਡੇ ਲਈ ਜ਼ਰੂਰੀ ਹੈ

*****

(894)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author