RajnishBSingh7ਇਸ ਟੈਕਸਟ ਦੇ ਮੁੱਖ ਤੌਰ ਉੱਤੇ ਤਿੰਨ ਪਾਸਾਰ ਉੱਭਰਵੇਂ ਰੂਪ ਵਿੱਚ ਸਾਹਮਣੇ ਆਉਂਦੇ ਹਨ। ਇੱਕ ਆਰਥਿਕਤਾ ਨਾਲ ...
(5 ਨਵੰਬਰ 2017)

 

SukiratBook8ਵਰਤਮਾਨ ਦੇ ਕੋਸ਼ਗਤ ਅਰਥ ਤਾਂ ਹੁਣੇ ਵਾਪਰੀਆਂ ਘਟਨਾਵਾਂ ਵੱਲ ਸੰਕੇਤ ਕਰਦੇ ਹਨ, ਪ੍ਰੰਤੂ ਸੰਕਲਪੀ ਪੱਧਰ ਉੱਤੇ ਇਹਨਾਂ ਹੁਣੇ ਵਾਪਰੀਆਂ ਘਟਨਾਵਾਂ ਦਾ ਸੰਬੰਧ ਦਹਾਕਿਆਂ ਤੱਕ ਫੈਲਿਆ ਹੁੰਦਾ ਹੈ ਅਤੇ ਘਟਨਾਵਾਂ ਨਾਲ ਜੁੜੇ ਵਿਅਕਤੀਆਂ ਦੇ ਸਮੂਹਿਕ ਅਵਚੇਤਨ ਦੀਆਂ ਜੜ੍ਹਾਂ ਸਦੀਆਂ ਤੱਕ ਫੈਲੀਆਂ ਹੁੰਦੀਆਂ ਹਨ। ਜਿਵੇਂ ਨਾਇਕ ਦਾ ਬਿੰਬ, ਨੈਤਿਕ ਮੁੱਲ, ਮੁਹਾਵਰਿਆਂ ਅਤੇ ਜੁਮਲੇਬਾਜ਼ੀ, ਅਫਵਾਹ ਫੈਲਾਉਣ ਦੀਆਂ ਜੁਗਤਾਂ, ਸਰੀਰਕ ਅਦਾਵਾਂ ਦੇ ਭਾਸ਼ਾਈ ਸੰਕੇਤ ਆਦਿ। ਪਿਛਲੇ ਕਈ ਸਾਲਾਂ ਤੋਂ ਭਾਰਤੀ ਰਾਜਸੀ ਪ੍ਰਵਚਨ ਵਿੱਚ ਇੱਕ ਗਲਬਾਮੂਲਕ ਸੋਚ ਦੀ ਵਿਚਾਰਧਾਰਾ ਵਾਲੀਆਂ ਰਾਜਸੀ ਧਿਰਾਂ ਸੱਤਾ ਹਥਿਆਉਣ ਦੇ ਆਹਰ ਵਿੱਚ ਸਨ। ਇਸ ਲਈ ਕੌਮੀ ਸਰਮਾਏਦਾਰੀ ਵਿਚਲੀਆਂ ਹੰਕਾਰੀ ਅਤੇ ਭ੍ਰਿਸ਼ਟ ਧਿਰਾਂ ਦੇ ਗਲਬੇ ਨੇ ਉਹਨਾਂ ਲਈ ਸਪੇਸ ਪੈਦਾ ਕਰ ਦਿੱਤੀ ਅਤੇ ਖੱਬੀਆਂ ਧਿਰਾਂ ਦੇ ਸੰਘਰਸ਼ ਤੋਂ ਟੁੱਟਣ ਅਤੇ ਆਪਣੀ ਨੀਤੀ ਸ਼ੁੱਧ ਹੋਣ ਦੇ ਭਰਮ ਅਤੇ ਹੰਕਾਰੀ ਰਵੱਈਏ ਨੇ ਸਰਮਾਏਦਾਰੀ ਧਿਰਾਂ ਵਿਚਲੇ ਜਾਤੀਵਾਦ, ਖੇਤਰੀਵਾਦ ਅਤੇ ਮੌਕਾਪ੍ਰਸਤ ਧਿਰਾਂ ਦੇ ਵੱਡੇ ਹਿੱਸੇ ਨੂੰ ਵੀ ਸੱਜ-ਪਿਛਾਖੜੀ ਰਾਜਸੀ ਧਿਰਾਂ ਵੱਲ ਧੱਕ ਦਿੱਤਾ। ਇਸ ਸਥਿਤੀ ਵਿੱਚ ਰਾਜਸੀ ਵਿਚਾਰਧਾਰਕ ਧੁੰਦ ਵੱਡੇ ਪੱਧਰ ਉੱਤੇ ਫੈਲੀ। ਇਹਨਾਂ ਸਥਿਤੀਆਂ ਉੱਤੇ ਸਵਾਰ ਹੋ ਕੇ ਸੱਜ-ਪਿਛਾਖੜੀ ਤਾਕਤਾਂ ਸੱਤਾ ਉੱਤੇ ਕਾਬਜ਼ ਹੋ ਗਈਆਂ। ਇਹਨਾਂ ਤਾਕਤਾਂ ਨੂੰ ਇੱਥੋਂ ਤੱਕ ਪਹੁੰਚਾਉਣ ਵਿੱਚ ਜੁਮਲੇਬਾਜ਼ੀ, ਮੁਹਾਵਰਾਮੁਖੀ ਭਾਸ਼ਾ ਰਾਹੀਂ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਦੀ ਵੱਡੀ ਭੂਮਿਕਾ ਸੀ। ਇਸ ਦੇ ਪ੍ਰਚਾਰ ਅਤੇ ਪਾਸਾਰ ਵਿੱਚ ਸੋਸ਼ਲ ਮੀਡੀਆ ਦਾ ਵਿਸ਼ੇਸ਼ ਯੋਗਦਾਨ ਰਿਹਾ। ਸੱਤਾ ਉੱਤੇ ਕਾਬਜ਼ ਹੁੰਦੇ ਹੀ ਇਸ ਪ੍ਰਚਾਰ ਦਾ ਸਾਹਮਣਾ ਦੇਸ਼ ਦੀਆਂ ਕਠੋਰ ਹਕੀਕਤਾਂ ਨਾਲ ਹੋਣਾ ਸ਼ੁਰੂ ਹੋਇਆ। ਇਹਨਾਂ ਹਕੀਕਤਾਂ ਉੱਤੇ ਪਰਦਾ ਪਾਉਣ ਲਈ ਮੀਡੀਏ ਉੱਤੇ ਕੰਟਰੋਲ ਕੀਤਾ ਗਿਆ। ਅਜਿਹੀ ਸਥਿਤੀ ਵਿੱਚ ਮੀਡੀਏ ਦਾ ਇੱਕ ਹਿੱਸਾ, ਖਾਸ ਤੌਰ ’ਤੇ ਖੱਬੇ ਪੱਖੀ ਅਤੇ ਖੱਬੇ ਪੱਖ ਦਾ ਹਮਾਇਤੀ ਮੀਡੀਆ ਸੱਜ-ਪਿਛਾਖੜੀ ਸ਼ਕਤੀਆਂ ਦੇ ਫਰੇਬ ਦੇ ਵਿਰੋਧ ਵਿੱਚ ਖੜ੍ਹਾ ਰਿਹਾ। ਪੰਜਾਬੀ ਪੱਤਰਕਾਰੀ ਵਿੱਚ ਰੋਜ਼ਾਨਾ ‘ਨਵਾਂ ਜ਼ਮਾਨਾ’ ਦੀ ਇਸ ਸਮੇਂ ਵਿਸ਼ੇਸ਼ ਭੂਮਿਕਾ ਰਹੀ ਹੈ। ਸੁਕੀਰਤ ਦਾ ਕਾਲਮ ‘ਖਰੀਆਂ ਖੋਟੀਆਂ’ ਪਿਛਲੇ ਸਮੇਂ ਚਰਚਾ ਵਿੱਚ ਰਿਹਾ। ਹੱਥਲੀ ਪੁਸਤਕ ਵਿੱਚ ਪਿਛਲੇ ਚਾਰ ਸਾਲਾਂ ਦੀਆਂ ਰਾਜਸੀ ਘਟਨਾਵਾਂ ਦਾ ਡੂੰਘਾ ਵਿਸ਼ਲੇਸ਼ਣ ਕਰਦੇ ਲੇਖ ਸ਼ਾਮਲ ਹਨ।

ਸੁਕੀਰਤ ਦੁਆਰਾ ਲਿਖੇ ਇਹਨਾਂ ਲੇਖਾਂ ਦੇ ਸੰਗ੍ਰਹਿ ਨੂੰ ਇੱਕ ਤਰਤੀਬ ਵਿੱਚ ਪੜ੍ਹ ਕੇ ਚਾਰ ਸਾਲਾਂ ਦਾ ਇੱਕ ਰਾਜਸੀ ਨੇਰੇਟਿਵ ਸਾਹਮਣੇ ਆਉਂਦਾ ਹੈ। ਇਸ ਰਾਜਸੀ ਘਟਨਾਕ੍ਰਮ ਦੇ ਪਿੱਛੇ ਆਰਥਿਕ ਸਾਂਸਿਤਕ ਨੇਰੇਟਿਵ ਮੌਜੂਦ ਹਨ। ਸੁਕੀਰਤ ਚਾਹੇ ਕਹਾਣੀ ਲਿਖ ਰਿਹਾ ਹੋਵੇ ਜਾਂ ਵਾਰਤਕ, ਉਹ ਰੂਪਾਕਾਰ ਅਤੇ ਭਾਸ਼ਾ ਦੀ ਵਰਤੋਂ ਪ੍ਰਤੀ ਬਹੁਤ ਸੁਚੇਤ ਰਹਿੰਦਾ ਹੈ। ਰਾਜਸੀ ਘਟਨਾਵਾਂ ਉੱਤੇ ਲਿਖਦੇ ਹੋਏ ਉਹ ਆਪਣੇ ਦ੍ਰਿਸ਼ਟੀਕੋਣ ਸੰਬੰਧੀ ਵੀ ਓਨਾ ਹੀ ਸੁਚੇਤ ਰਹਿੰਦਾ ਹੈ, ਜਿੰਨਾ ਸਿਰਜਣਕਾਰੀ ਕਰਦੇ ਸਮੇਂ। ਉਸ ਦੇ ਇਕੱਲੇ-ਇਕੱਲੇ ਲੇਖਾਂ ਅਤੇ ਬੱਝਵੀਂ ਟੈਕਸਟ ਦੇ ਰੂਪ ਵਿੱਚ ਪ੍ਰਭਾਵ ਇੱਕੋ ਜਿਹਾ ਰਹਿੰਦਾ ਹੈ। ਉਹ ਰਾਜਸੀ ਘਟਨਾਵਾਂ ਵਿੱਚੋਂ ਘਟਨਾਵੀ ਕਾਰਕਾਂ ਦੀਆਂ ਕਈ ਪਰਤਾਂ ਦੀ ਪਛਾਣ ਕਰਦਾ ਹੈ। ਸੁਕੀਰਤ ਇਸ ਟੈਕਸਟ ਦੇ ਮੁੱਖ ਬੰਧ ਵਿੱਚ ਲਿਖਦਾ ਹੈ, “ਸਤੰਬਰ 2013 ਤੋਂ ਸਤੰਬਰ 2017 ਚਾਰ ਸਾਲਾਂ ਦੇ ਵਕਫੇ ਉੱਤੇ ਫੈਲੇ ਹੋਏ ਇਹ ਲੇਖ ਸਮੇਂ-ਸਮੇਂ ਸਿਰਫ ਇਸ ਮੰਤਵ ਨਾਲ ਲਿਖੇ ਗਏ ਸਨ ਕਿ ਚਲੰਤ ਘਟਨਾਵਾਂ ਦੀ ਡੂੰਘੇਰੀ ਪੜਚੋਲ ਕੀਤੀ ਜਾ ਸਕੇ। ਬਾਹਰੋਂ ਲਿਸ਼ਕਾ-ਪੁਸ਼ਕਾ ਕੇ ਪੇਸ਼ ਕੀਤੀਆਂ ਜਾ ਰਹੀਆਂ ਘਟਨਾਵਾਂ ਦੇ ਪਿੱਛੇ ਲੁਕੇ ਗੁਬਾਰ ਅਤੇ ਗੰਦਗੀ ਨੂੰ ਨਸ਼ਰ ਕੀਤਾ ਜਾ ਸਕੇ। ਚਲਾਕੀ ਨਾਲ ਪਰੋਸੇ ਜਾ ਰਹੇ ਝੂਠਾਂ ਦਾ ਚੁੰਧਿਆਊ ਵਰਕ ਉਚੇੜ ਕੇ ਉਹਨਾਂ ਪਿੱਛੇ ਲੁਕੇ ਨੰਗੇ ਚਿੱਟੇ ਸੱਚ ਨੂੰ ਉਜਾਗਰ ਕੀਤਾ ਜਾ ਸਕੇ।”

ਇਸ ਹਵਾਲੇ ਵਿੱਚੋਂ ਲੇਖਕ ਦੀ ਦ੍ਰਿਸ਼ਟੀ ਸਾਫ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਟੈਕਸਟ ਸਾਹਮਣੇ ਕੁਝ ਵੱਡੇ ਸਰੋਕਾਰ ਹਨ। ਹੁਣ ਦੇ ਸਮੇਂ ਖਤਰਨਾਕ ਸਥਿਤੀ ਨੂੰ ਭਾਂਪਦੇ ਹੋਏ ਅੱਗੇ ਚੱਲ ਕੇ ਮੁਖ-ਬੰਧ ਵਿੱਚ ਹੀ ਸੁਕੀਰਤ ਲਿਖਦਾ ਹੈ, “ਸਾਡਾ ਦੇਸ਼ ਇਸ ਸਮੇਂ ਜਿਸ ਖਤਰਨਾਕ ਮੋੜ ਉੱਤੇ ਲੈ ਆਂਦਾ ਗਿਆ ਹੈ, ਉੱਥੇ ਇਹ ਖਤਰਾ ਸਾਫ ਦਿਸਣ ਲੱਗ ਪਿਆ ਹੈ ਕਿ ਇਹ ਕਿਧਰੇ ਫਾਸ਼ੀਵਾਦ ਵੱਲ ਮੋੜਾ ਹੀ ਨਾ ਕੱਟ ਜਾਵੇ। ਇਸ ਲਈ ਸਭ ਲੋਕ ਪੱਖੀ ਧਿਰਾਂ ਦਾ ਏਕਾ ਅਤੇ ਆਪਣੀ ਸਿਧਾਂਤਕ ਸੂਝ-ਬੂਝ ਦੀ ਵਰਤੋਂ ਇਸ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਵਰਗਲਾਏ ਜਾ ਰਹੇ ਲੋਕਾਂ ਨੂੰ ਸੇਧ ਦੇਣ ਲਈ, ਉਨ੍ਹਾਂ ਨੂੰ ਜਾਗਰੂਕ ਕਰਨ ਲਈ ਕੇਵਲ ਸਿਆਸੀ ਦਲਾਂ ਨੂੰ ਹੀ ਨਹੀਂ, ਬੁੱਧੀਜੀਵੀਆਂ-ਲੇਖਕਾਂ, ਕਲਾਕਾਰਾਂ, ਅਧਿਆਪਕਾਂ, ਸੂਝਵਾਨ ਅਤੇ ਸੋਚਵਾਨ ਪਾਠਕਾਂ ਨੂੰ ਵੀ ਆਪਣਾ ਫਰਜ਼ ਨਿਭਾਉਣਾ ਪਵੇਗਾ। ਮੋਦੀ ਸਰਕਾਰ ਦੀਆਂ ਪਿਛਲੇ 4 ਸਾਲਾਂ ਦੀਆਂ ਕਾਰਗੁਜ਼ਾਰੀਆਂ ਨੂੰ ਸੂਤਰਬੱਧ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਇਹ ਪੁਸਤਕ ਉਸੇ ਉਪਰਾਲੇ ਦਾ ਹਿੱਸਾ ਹੈ।”

ਇਸ ਟੈਕਸਟ ਦੇ ਮੁੱਖ ਤੌਰ ਉੱਤੇ ਤਿੰਨ ਪਾਸਾਰ ਉੱਭਰਵੇਂ ਰੂਪ ਵਿੱਚ ਸਾਹਮਣੇ ਆਉਂਦੇ ਹਨ। ਇੱਕ ਆਰਥਿਕਤਾ ਨਾਲ ਜੁੜਿਆ ਹੋਇਆ, ਦੂਜਾ ਰਾਸ਼ਟਰਵਾਦ ਅਤੇ ਤੀਜਾ ਸਮਾਜਿਕ ਤਾਣੇ-ਬਾਣੇ ਨੂੰ ਫਿਰਕੂ ਲੀਹਾਂ ਉੱਤੇ ਵੰਡਣ ਦੀ ਸਾਜਿਸ਼। ਬਾਕੀ ਸਾਰੀਆਂ ਸਬ-ਟੈਕਸਟਾਂ ਇਹਨਾਂ ਦੇ ਆਸ-ਪਾਸ ਹੀ ਘੁੰਮਦੀਆਂ ਹਨ। ਆਰਥਿਕਤਾ ਅਜਿਹੀ ਚੂਲ ਹੈ, ਜਿਹੜੀ ਮਨੁੱਖੀ ਵਿਹਾਰ ਦਾ ਸਭ ਤੋਂ ਪ੍ਰਭਾਵਸ਼ਾਲੀ ਸੰਦ ਹੈ। ਆਰਥਿਕ ਸੰਕਟ ਜਦੋਂ ਰਾਜਸੀ ਸੰਕਟ ਵਿੱਚ ਪਰਿਵਰਤਤ ਹੋਣ ਲੱਗਦਾ ਹੈ ਤਾਂ ਸੱਤਾ ਪਰਿਵਰਤਨ ਲਈ ਰਾਹ ਪੱਧਰਾ ਹੋ ਜਾਂਦਾ ਹੈ। ਭਾਰਤ ਦਾ ਵਿਕਾਸ ਆਜ਼ਾਦੀ ਤੋਂ ਬਾਅਦ ਸਰਮਾਏਦਾਰੀ ਲੀਹਾਂ ਉੱਤੇ ਤੇਜ਼ੀ ਨਾਲ ਹੋਇਆ। ਇਸੇ ਵਿਕਾਸ ਪੱਧਤੀ ਵਿੱਚੋਂ ਭ੍ਰਿਸ਼ਟਾਚਾਰ ਪਨਪਣ ਲਈ ਰਾਹ ਪੱਧਰਾ ਹੋਇਆ। ਇਹ ਭ੍ਰਿਸ਼ਟਾਚਾਰ ਕੁਝ ਸਮੇਂ ਬਾਅਦ ਰਾਜਸੀ ਖੇਤਰ ਵਿੱਚ ਪ੍ਰਵੇਸ਼ ਕਰ ਗਿਆ। ਸੁਕੀਰਤ ਸਮਕਾਲੀ ਸੰਕਟ ਦੀਆਂ ਜੜ੍ਹਾਂ ਨੂੰ ਨਵ ਉਦਾਰਵਾਰੀ ਆਰਥਿਕ ਨੀਤੀਆਂ ਵਿੱਚੋਂ ਤਲਾਸ਼ਦਾ ਹੈ, ‘ਨਵ-ਉਦਾਰਵਾਦੀ ਨੀਤੀਆਂ ਨੇ ਗੰਭੀਰ ਕਿਸਮ ਦੀਆਂ ਸਮੱਸਿਆਵਾਂ ਵੀ ਪੈਦਾ ਕਰ ਦਿੱਤੀਆਂ। ਸਰਕਾਰੀ ਕੰਟਰੋਲ ਘਟਣ ਦੇ ਨਾਲ-ਨਾਲ ਕਾਰਪੋਰੇਟਾਂ ਲਈ ਤੱਤਫੱਟ ਵੱਡੇ ਮੁਨਾਫੇ ਹੜੱਪ ਸਕਣ ਦਾ ਰਾਹ ਵੀ ਪੱਧਰਾ ਹੋਣਾ ਸ਼ੁਰੂ ਹੋਇਆ ਅਤੇ ਉੱਚ-ਪੱਧਰੀ ਭ੍ਰਿਸ਼ਟਾਚਾਰ ਦੇ ਪਨਪਣ ਲਈ ਜ਼ਮੀਨ ਵੀ ਤਿਆਰ ਹੋਈ। ਜੇਕਰ ਪਹਿਲਾਂ ਭ੍ਰਿਸ਼ਟਾਚਾਰ ਹਜ਼ਾਰਾਂ ਦੇ ਕੇ ਅਫਸਰਾਂ ਕੋਲੋਂ ਕੰਮ ਕਰਵਾਉਣ ਤੱਕ ਸੀਮਤ ਸੀ, ਤਾਂ ਹੁਣ ਰਿਸ਼ਵਤ ਦਾ ਪੱਧਰ ਮੰਤਰੀਆਂ ਅਤੇ ਕਰੋੜਾਂ ਤੱਕ ਪਹੁੰਚ ਗਿਆ। ਜਿੰਨਾ ਵੱਧ ਮੁਨਾਫਾ ਹੋਣ ਦੀ ਆਸ ਜਾਂ ਸੰਭਾਵਨਾ, ਓਨੀ ਹੀ ਵੱਡੀ ਰਿਸ਼ਵਤ ਦੀ ਰਕਮ ਅਤੇ ਰਿਸ਼ਵਤ ਲੈਣ ਵਾਲੇ ਦਾ ਰੁਤਬਾ।’ ਇਸ ਸਥਿਤੀ ਨੇ ਸੱਜ-ਪਿਛਾਖੜੀ ਸ਼ਕਤੀਆਂ ਲਈ ਸੱਤਾ ਹਥਿਆਉਣ ਦਾ ਰਾਹ ਖੋਲ੍ਹ ਦਿੱਤਾ। ਇਸ ਲਈ ਭਾਰਤੀ ਜਨਤਾ ਪਾਰਟੀ ਨੇ ਪਾਰਟੀ ਅੰਦਰ ਪ੍ਰੰਪਰਾਗਤ ਆਗੂਆਂ ਨੂੰ ਪਿੱਛੇ ਛੱਡ ਕੇ ਹਿੰਦੂਤਵ ਦੇ ਵੱਡੇ ਚਿਹਰੇ ਨਰਿੰਦਰ ਮੋਦੀ ਨੂੰ ਅੱਗੇ ਲੈ ਆਂਦਾ। ਉਸ ਨਾਲ ਵਿਕਾਸ ਪੁਰਸ਼ ਤੋਂ ਲੈ ਕੇ ਭ੍ਰਿਸ਼ਟਾਚਾਰ ਮੁਕਤੀ ਵਰਗੇ ਕਈ ਲਕਬ ਜੋੜ ਦਿੱਤੇ। ਇਸ ਬਰਾਂਡ ਦੇ ਚਮਕਣ ਦੀਆਂ ਸਥਿਤੀਆਂ ਅਤੇ ਕਾਰਕਾਂ ਨੂੰ ਸੁਕੀਰਤ ਅੰਕਿਤ ਕਰਦਾ ਹੈ, ‘ਨਰਿੰਦਰ ਮੋਦੀ ਦੇ ਉਠਾਣ ਦੀ ਲਹਿਰ ਦੇ ਚਰਚੇ, ਉਸ ਦੇ ਵਿਕਾਸ-ਪੁਰਸ਼ ਹੋਣ ਦੀਆਂ ਕਹਾਣੀਆਂ, ਉਸ ਦੇ ਭ੍ਰਿਸ਼ਟਾਚਾਰ ਮੁਕਤ ਹੋਣ ਦੀਆਂ ਦਲੀਲਾਂ ਸਾਡੇ ਦੇਸ਼ ਦੇ ਪਿਛਲੇ ਕੁਝ ਸਾਲਾਂ ਦੇ ਇਤਿਹਾਸ ਅੰਦਰ ਅੱਖਾਂ ਵਿੱਚ ਘੱਟਾ ਪਾਉਣ, ਇਸ਼ਤਿਹਾਰਬਾਜ਼ੀ ਦੀ ਸਭ ਤੋਂ ਉੱਘੜਵੀਂ, ਸਭ ਤੋਂ ਸਫਲ ਅਤੇ ਸਭ ਤੋਂ ਵੱਧ ਖਤਰਨਾਕ ਮਿਸਾਲ ਹਨ। ਉੱਤੋਂ ਸਿਤਮ ਇਹ ਕਿ ਕਾਂਗਰਸ ਦੀ ਅਗਵਾਈ ਹੇਠ ਯੂ ਪੀ ਏ-2 ਸਰਕਾਰ ਦੀ ਦਿਸ਼ਾਹੀਣਤਾ, ਉਸਦੀਆਂ ਪਾਲਸੀਆਂ ਦਾ ਨਵ-ਉਦਾਰਵਾਦੀ ਝੁਕਾਅ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬੇਲੋੜੀ ਨਰਮ ਛਵ੍ਹੀ, ਪਿਛਲੇ ਕੁਝ ਸਾਲਾਂ ਵਿੱਚ ਸਾਹਮਣੇ ਆਏ ਸਕੈਂਡਲਾਂ ਦੀ ਲੜੀ, ਇੱਕ ਅਜਿਹਾ ਧੂੜ ਭਰਿਆ ਮਾਹੌਲ ਸਿਰਜਦੇ ਹਨ, ਜਿਸ ਵਿੱਚ ਕਾਲੇ-ਚਿੱਟੇ ਵਿਚਕਾਰ ਫਰਕ ਕਰਨਾ ਵੀ ਸੰਭਵ ਨਹੀਂ ਰਹਿੰਦਾ। ਇਸ ਸਥਿਤੀ ਨੂੰ ਹੋਰ ਤਿੱਖਾ ਕਰਨ ਲਈ ਸੱਜ-ਪਿਛਾਖੜੀਆਂ ਦੇ ਮੋਦੀ ਟੋਲੇ ਨੇ ਇਤਿਹਾਸ ਵਿੱਚੋਂ ਪ੍ਰਤੀਕ ਚੁਣ ਕੇ ਉਹਨਾਂ ਦੇ ਬਿੰਬ ਨੂੰ ਆਪਣੀ ਮਰਜ਼ੀ ਨਾਲ ਤੋੜਨਾ-ਮਰੋੜਨਾ ਤੇਜ਼ ਕਰ ਦਿੱਤਾ। ਇਸ ਵਿੱਚ ਨਹਿਰੂ ਅਤੇ ਪਟੇਲ ਦੀਆਂ ਕੁਝ ਵੱਖਰਤਾਵਾਂ ਨੂੰ ਲੈ ਕੇ ਪਟੇਲ ਨੂੰ ਆਪਣੀ ਵਿਚਾਰਧਾਰਕ ਧਿਰ ਬਣਾ ਕੇ ਪੇਸ਼ ਕਰਨਾ, ਬਿਹਾਰੀਆਂ ਨੂੰ ਸਿਕੰਦਰ ਨੂੰ ਭਜਾ ਦੇਣ ਵਾਲੀ ਕੌਮ ਬਣਾ ਕੇ ਪੇਸ਼ ਕਰਨਾ ਆਦਿ। ਗੁਜਰਾਤ ਦੇ ਆਰਥਿਕ ਵਿਕਾਸ ਨੂੰ ਇੱਕ ਮਾਡਲ ਬਣਾ ਕੇ ਉਭਾਰਨਾ, ਇਸੇ ਤਰ੍ਹਾਂ ਨੋਟਬੰਦੀ ਨੂੰ ਕਾਲਾ ਧਨ ਬਾਹਰ ਕਢਾਉਣ, ਅੱਤਵਾਦ ਖਤਮ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਮੂਲਮੰਤਰ ਕਹਿਣਾ ਅਤੇ ਫਿਰ ਇਸ ਪ੍ਰਚਾਰ ਲਈ ਬਿਜਲਈ ਅਤੇ ਪ੍ਰਿੰਟ ਮੀਡੀਆ ਦੀ ਵਰਤੋਂ ਕਰਨਾ। ਇਹ ਸਾਰੇ ਮੁੱਦੇ ਇੱਕ-ਇੱਕ ਕਰਕੇ ਇਸ ਪੁਸਤਕ ਵਿੱਚੋਂ ਤਰਕ ਸਮੇਤ ਉੱਭਰਦੇ ਹਨ।

ਇਸ ਪੁਸਤਕ ਦਾ ਅਗਲਾ ਪਾਸਾਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਨੂੰ ਰਾਸ਼ਟਰ-ਵਿਰੋਧ ਨਾਲ ਜੋੜਨਾ ਹੈ। ਆਰਥਿਕ ਮਾਡਲ ਦੀ ਅਸਫਲਤਾ ਨੂੰ ਲੁਕੋਣ ਲਈ ਫਿਰਕੂ ਕਤਾਰਬੰਦੀ ਅਤੇ ਰਾਸ਼ਟਰ-ਵਿਰੋਧੀ ਧਾਰਨਾਵਾਂ ਨਾਲ ਕੁਚਲਿਆ ਜਾ ਰਿਹਾ ਹੈ। ਇਹ ਅਸਲ ਵਿੱਚ ਆਰ ਐੱਸ ਐੱਸ ਦਾ ਏਜੰਡਾ ਹੈ, ਜਿਸ ਨੂੰ ਭਾਰਤੀ ਜਨਤਾ ਪਾਰਟੀ ਲਾਗੂ ਕਰ ਰਹੀ ਹੈ ਅਤੇ ਮੌਕਾਪ੍ਰਸਤ ਧਿਰਾਂ ਸੱਤਾ ਦੇ ਲਾਲਚ ਵਿੱਚ ਇਹਨਾਂ ਦਾ ਸਾਥ ਦੇ ਰਹੀਆਂ ਹਨ। ਸੁਕੀਰਤ ਨੇ ਇਸ ਮੁੱਦੇ ਨੂੰ ਪੂਰੀ ਗੰਭੀਰਤਾ ਨਾਲ ਇਸ ਪੁਸਤਕ ਵਿੱਚ ਉਠਾਇਆ ਹੈ। ਖਾਸ ਕਰ ਇਹ ਹਮਲਾ ਗੁਰਮੇਹਰ ਉੱਤੇ ਹੀ ਨਹੀਂ ਹੋਇਆ, ਇੱਕ ਰਾਸ਼ਟਰ-ਵਿਰੋਧੀ ਦੀ ਡਾਇਰੀ, ਰਾਸ਼ਟਰਵਾਦ ਦੀ ਜਕੜ ਵਿੱਚ, ਤਾਨਾਸ਼ਾਹੀ ਲਿਆਉਣ ਲਈ ਯੋਜਨਾਬੱਧ ਸਾਜ਼ਿਸ਼ ਹੈ ਇਹ, ਆਦਿ ਲੇਖਾਂ ਨੂੰ ਦੇਖਿਆ ਜਾ ਸਕਦਾ ਹੈ। ਲੇਖਕ ਸਰਕਾਰੀ ਤੰਤਰ ਅਤੇ ਰਾਜ ਉੱਤੇ ਕਾਬਜ਼ ਪਾਰਟੀ ਦੀ ਮਨਸ਼ਾ ਨੂੰ ਸਿੱਧਾ ਕਾਟੇ ਥੱਲੇ ਰੱਖਦਾ ਹੈ। ਗੁਰਮੇਹਰ ਕੌਰ ਵਾਲੇ ਅਧਿਆਏ ਦੇ ਮੁੱਢ ਵਿੱਚ ਹੀ ਉਹ ਸਰਕਾਰ ਦੀ ਇਸ ਖਤਰਨਾਕ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੋਇਆ ਲਿਖਦਾ ਹੈ, ‘ਪਿਛਲੇ ਦਿਨੀਂ ਤਕਰੀਬਨ ਇਨ੍ਹੀਂ ਹੀ ਦਿਨੀਂ ਕਨੱਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਵਾਨ ਸੁਰਖੀਆਂ ਵਿੱਚ ਸਨ, ਹੁਣ ਗੁਰਮੇਹਰ ਕੌਰ ਹੈ। ਸੁਰਖੀਆਂ ਵਿੱਚ ਉਹ ਆਏ ਨਹੀਂ, ਘੜੀਸੇ ਗਏ, ਕਿਉਂਕਿ ਅਜੋਕੀ ਸਰਕਾਰ ਅਤੇ ਉਸ ਦੀ ਵਿਚਾਰਧਾਰਾ ਦੇ ਧਾਰਨੀਆਂ ਨੂੰ ਇਹੋ ਜਿਹੇ ਵਿਦਿਆਰਥੀ ਹਜ਼ਮ ਨਹੀਂ ਹੋ ਰਹੇ, ਜੋ ਸੋਚਣ ਅਤੇ ਆਪਣੀ ਗੱਲ ਕਹਿਣ ਦਾ ਮਾਦਾ ਜਾਂ ਜੇਰਾ ਰੱਖਦੇ ਹੋਣ। ਨਾਲੇ ਅਜੋਕੀ ਸਰਕਾਰ ਆਪਣੇ ਪਹਿਲੇ ਦਿਨਾਂ ਤੋਂ ਹੀ ਵਿਦਿਅਕ ਅਦਾਰਿਆਂ ਉੱਤੇ ਕਾਬਜ਼ ਹੋਣ, ਰਾਸ਼ਟਰਵਾਦ ਦੇ ਬਾਣੇ ਵਿੱਚ ਆਪਣੀ ਫਾਸ਼ੀਵਾਦੀ ਅਤੇ ਨਫਰਤ ਫੈਲਾਊ ਵਿਚਾਰਧਾਰਾ ਨੂੰ ਸਥਾਪਤ ਕਰਨ ਲਈ ਹਰ ਹਰਬਾ ਵਰਤ ਰਹੀ ਹੈ। ਵਿੱਦਿਅਕ ਅਦਾਰਿਆਂ ਉੱਤੇ ਆਪਣੀ ਪ੍ਰਭੂਸੱਤਾ ਥੋਪਣ ਲਈ ਅਜਿਹੇ ਸੂਝਵਾਨ ਵਿਦਿਆਰਥੀਆਂ ਨੂੰ (ਜੋ ਇਸ ਦੇਸ਼ ਦਾ ਅਸਲੀ ਭਵਿੱਖ ਹਨ, ਤਿਰੰਗਾ ਚੁੱਕ ਕੇ ਮਾਂ-ਭੈਣ ਦੀ ਕਰਨ ਵਾਲੇ ਸਰਕਾਰ-ਪੱਖੀ ਗੁੰਡਾਗਰਦ ਲਾਣੇ ਤੋਂ ਉਲਟ) ਦੇਸ਼-ਧਰੋਹੀ ਗਰਦਾਨ ਕੇ ਬਿੱਲੇ ਲਾਉਣ ਦੀ ਕੋਸ਼ਿਸ਼ ਕਰਨਾ ਅਜੋਕੀ ਸਰਕਾਰ ਅਤੇ ਇਸ ਨਾਲ ਜੁੜੇ ਅਨਸਰਾਂ ਦਾ ਨਿੱਤ ਦਾ ਕੰਮ ਹੋ ਗਿਆ ਜਾਪਦਾ ਹੈ। ਇਸ ਸਥਿਤੀ ਨੂੰ ਹੋਰ ਤੇਜ਼ ਕਰਨ ਪ੍ਰਤੀ ਸਰਕਾਰੀ ਮੰਤਰੀ, ਮੈਂਬਰ ਪਾਰਟੀਮੈਂਟ, ਵਿਧਾਇਕ ਅਤੇ ਸੰਗਠਨ ਨਾਲ ਜੁੜੇ ਆਦਮੀ ਨਿੱਤ ਜ਼ਹਿਰੀਲਾ ਪ੍ਰਚਾਰ ਕਰ ਰਹੇ ਹਨ। ਵਿਰੋਧ ਦੀ ਹਰ ਆਵਾਜ਼ ਨੂੰ ਦਬਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਕੋਈ ਕੀ ਖਾਏਗਾ, ਕੀ ਪਹਿਨੇਗਾ, ਕੀ ਬੋਲੇਗਾ, ਇਹ ਸਭ ਕੁਝ ਸਰਕਾਰੀ ਤੰਤਰ ਤੈਅ ਕਰੇਗਾ। ਰਾਸ਼ਟਰ ਵਿਰੋਧੀ ਪਾਲ ਵਿੱਚ ਹੁਣ ਸਮਾਜ ਦਾ ਹਰ ਚੇਤੰਨ ਵਿਅਕਤੀ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਵਿੱਚ ਸਨਮਾਨ ਵਾਪਸ ਕਰਨ ਵਾਲੇ ਲੇਖਕ, ਸਾਇੰਸਦਾਨ, ਇਤਿਹਾਸਕਾਰ ਅਤੇ ਕਲਾਕਾਰ ਸ਼ਾਮਲ ਕੀਤੇ ਜਾ ਰਹੇ ਹਨ। ਬਕੌਲ ਸੁਕੀਰਤ ਇਹ ਗੱਲ ਮਾਣ ਕਰਨ ਵਾਲੀ ਹੈ ਕਿ ਸਨਮਾਨ ਵਾਪਸ ਕਰਨ ਵਾਲਿਆਂ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਇਸ ਤਰ੍ਹਾਂ ਇਸ ਪੁਸਤਕ ਦੀ ਭਾਰੂ ਸੁਰ ਉਹਨਾਂ ਤਾਕਤਾਂ ਦੀ ਹੈ, ਜਿਹੜੀਆਂ ਇੱਕ ਧੁਨੀ, ਇੱਕ ਕੌਮ, ਇੱਕ ਧਰਮ ਅਤੇ ਵਿਚਾਰਧਾਰਾ ਦੇ ਵਿਰੋਧ ਵਿੱਚ ਖੜ੍ਹੀਆਂ ਨਜ਼ਰ ਆਉਂਦੀਆਂ ਹਨ।

ਇਸ ਪੁਸਤਕ ਦਾ ਇੱਕ ਹੋਰ ਮਹੱਤਵਪੂਰਨ ਪਾਸਾਰ ਗੁਜਰਾਤ ਦੇ ਦੰਗਿਆਂ ਨਾਲ ਜੁੜੇ ਸੱਚ ਨੂੰ ਉਭਾਰਨ ਅਤੇ ਜੇ ਐੱਨ ਯੂ ਦੇ ਰਾਸ਼ਟਰ-ਵਿਰੋਧੀ ਹੋਣ ਦੇ ਅਖੌਤੀ ਦੋਸ਼ ਦਾ ਸਾਹਮਣਾ ਕਰ ਰਹੇ ਕਨੱਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਨਾਲ ਕੀਤੀਆਂ ਵਿਚਾਰਧਾਰਕ ਸੰਵਾਦ ਛੇੜਦੀਆਂ ਮੁਲਾਕਾਤਾਂ ਹਨ। ਸੁਕੀਰਤ ਮੁਲਾਕਾਤ ਕਰਨ ਦਾ ਮਾਹਿਰ ਹੈ। ਉਹ ਵਿਅਕਤੀ ਦੀ ਸ਼ਖਸੀਅਤ ਪਿੱਛੇ ਲੁਕੇ ਵਰਤਾਰਿਆਂ ਦੀ ਪਛਾਣ ਕਰਕੇ ਉਸ ਨੂੰ ਵਿਅਕਤੀ ਮੂੰਹੋਂ ਕਢਾਉਣ ਦਾ ਢੰਗ ਜਾਣਦਾ ਹੈ। ਉਸਦੀਆਂ ਸਾਹਿਤਕ ਅਤੇ ਕਲਾ ਨਾਲ ਜੁੜੇ ਵਿਅਕਤੀ ਨਾਲ ਕੀਤੀਆਂ ਮੁਲਾਕਾਤਾਂ ਪੰਜਾਬੀ ਪਾਠਕਾਂ ਦੇ ਜ਼ਿਹਨ ਵਿੱਚ ਵਸੀਆਂ ਹੋਈਆਂ ਹਨ। ਕਨੱਈਆ ਕੁਮਾਰ ਵਾਲੀ ਮੁਲਾਕਾਤ ਦੇ ਦੋ ਪਹਿਲੂ ਬਹੁਤ ਮਹੱਤਵਪੂਰਨ ਹਨ। ਇੱਕ ਇੰਦਰਾ ਗਾਂਧੀ ਅਤੇ ਨਰਿੰਦਰ ਮੋਦੀ ਦੀਆਂ ਸ਼ਖਸੀਅਤਾਂ ਵਿਚਲੇ ਅੰਤਰ ਦੀ ਵਿਆਖਿਆ। ਇਹ ਵੱਖਰਤਾ ਅਸਲ ਵਿੱਚ ਦੋ ਵਿਚਾਰਧਾਰਾਵਾਂ ਦੀ ਹੈ। ਇਹ ਭਾਗ ਉਹਨਾਂ ਸਾਥੀਆਂ ਲਈ ਮਹੱਤਵਪੂਰਨ ਹੈ, ਜਿਹੜੇ ਖੱਬੇ ਰੈਡੀਕਲਜ਼ਮ ਦਾ ਸ਼ਿਕਾਰ ਹੋ ਕੇ ਸਾਰੇ ਵਰਤਾਰਿਆਂ ਨੂੰ ਸਿਰਫ ਕਾਲੇ ਚਿੱਟੇ ਰੂਪ ਵਿੱਚ ਵੇਖਦੇ ਹਨ:

? ਤੁਹਾਡੀ ਗੱਲ ਤੋਂ ਮੈਨੂੰ ਸਭ ਤੋਂ ਪਹਿਲਾਂ ਸਾਹਿਤ ਅਕਾਦਮੀ ਦਾ ਪੁਰਸਕਾਰ ਵਾਪਸ ਕਰਨ ਵਾਲੀ ਲੇਖਕਾ ਨਯਨਤਾਰਾ ਸਹਿਗਲ ਦਾ ਕਥਨ ਚੇਤੇ ਆਉਂਦਾ ਹੈ। ਉਸ ਦੀ ਟਿੱਪਣੀ ਸੀ: ਇੰਦਰਾ ਜਮਹੂਰੀਅਤਵਾਦੀ ਜੋ ਬੁਰੀ ਤਰ੍ਹਾਂ ਭਟਕ ਗਈ, ਪਰ ਮੋਦੀ ਜਮਾਂਦਰੂ ਫਾਸ਼ੀਵਾਦੀ ਹੈ।’

-ਮੈਨੂੰ ਲੱਗਦਾ ਹੈ ਕਿ ਮੋਦੀ ਜੀ ਤੇ ਇੰਦਰਾ ਜੀ ਵਿੱਚ ਇੱਕ ਹੋਰ ਫਰਕ ਵੀ ਹੈ, ਜਿਸ ਨੂੰ ਸਮਝਣ ਦੀ ਲੋੜ ਹੈ। ਇੰਦਰਾ ਜੀ ਦੇ ਸਮੇਂ ਵਿੱਚ ਜਿਹੜਾ ਪੂੰਜੀਵਾਦ ਸੀ, ਉਸ ਵਿੱਚ ਜੋ ਸਰਪਲੱਸ ਪੈਦਾ ਹੋ ਰਿਹਾ ਸੀ, ਉਹ ਵਾਪਸ ਉਤਪਾਦਨ ਵਿੱਚ ਲੱਗ ਰਿਹਾ ਸੀ, ਪਰ ਹੁਣ ਜਿਹੜਾ ਪੂੰਜੀਵਾਦ ਹੈ, ਇਸ ਵਿੱਚ ਜੋ ਸਰਪਲੱਸ ਪੈਦਾ ਹੋ ਰਿਹਾ ਹੈ, ਉਹ ਤਾਂ ਫਿਕਸੀਸ਼ਿਅਸ ਸਰਮਾਇਆ ਹੈ, ਹਵਾਈ ਹੈ, ਕਿਉਂਕਿ ਉਹ ਸੱਟਾ ਬਾਜ਼ਾਰ ਵਿੱਚ ਜਾ ਰਿਹਾ ਹੈ, ਉਹ ਯਾਰੀ-ਬਾਸੀ ਦਾ ਯਾਨੀ ਕਰੋਨੀ ਪੂੰਜੀਵਾਦ ਹੈ, ਸਾਰਾ ਸਰਮਾਇਆ ਗਿਣਵੇਂ ਹੱਥਾਂ ਵਿੱਚ ਇਕੱਤਰ ਹੋ ਰਿਹਾ ਹੈ, ਭਾਵੇਂ ਦੋਵੇਂ ਬੁਰਜੂਆ ਪਾਰਟੀਆਂ ਹਨ। ਦੋਹਾਂ ਦੇ ਖਾਸੇ ਅਤੇ ਏਜੰਡੇ ਵਿੱਚ ਫਰਕ ਹੈ। ਇਸ ਪੂੰਜੀਵਾਦ ਨੇ ਆਪਣੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਲਾਗੂ ਕਰਨਾ ਹੈ। 2025 ਵਿੱਚ ਆਰ ਐੱਸ ਐੱਸ ਦੇ ਸੌ ਸਾਲ ਪੂਰੇ ਹੋ ਰਹੇ ਹਨ, ਇਹ 2025 ਵਿੱਚ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦੀ ਤਿਆਰੀ ਵਿੱਚ ਹੈ। ਇਸੇ ਮੁਲਾਕਾਤ ਵਿੱਚ ਅੱਗੇ ਚੱਲ ਕੇ ਕਨੱਈਆ ਦੇਸ਼ ਨੂੰ, ਸੰਵਿਧਾਨ ਨੂੰ, ਲੋਕਤੰਤਰ ਨੂੰ ਬਚਾਉਣ ਲਈ ਵੱਡੇ ਏਕੇ ਦੀ ਲੋੜ ਦੀ ਗੱਲ ਕਰਦਾ ਹੈ।

ਇਸੇ ਪ੍ਰਕਾਰ ਉਮਰ ਖਾਲਿਦ ਅਤੇ ਅਨਿਰਬਾਨ ਵੀ ਇਸ ਵਰਤਾਰੇ ਨੂੰ ਆਪਣੇ ਜੀਵਨ ਅਨੁਭਵ ਦੇ ਵੱਖ-ਵੱਖ ਪੜਾਵਾਂ ਵਿੱਚ ਗ੍ਰਹਿਣ ਕਰਦੇ ਹਨ। ਇਹਨਾਂ ਦਾ ਨਜ਼ਰੀਆ ਧਾਰਮਿਕ ਪਰਿਪੇਖ ਤੋਂ ਹੁੰਦਾ ਹੋਇਆ ਵਿਸ਼ਾਲ ਦਿਸਹੱਦਿਆਂ ਵੱਲ ਫੈਲਦਾ ਹੈ। ਉਹ ਜਮਹੂਰੀਅਤ ਨੂੰ ਲੋਕਾਂ ਦੇ ਅਧਿਕਾਰਾਂ ਨਾਲ ਮਿਲਾ ਕੇ ਵੇਖਦੇ ਹਨ। ਦੋਹਾਂ ਨਾਲ ਸਾਂਝੀ ਮੁਲਾਕਾਤ ਵਿੱਚੋਂ ਮਹੱਤਵਪੂਰਨ ਪਹਿਲੂ ਪਾਠਕ ਦੇ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਮੁਲਾਕਾਤ ਦਾ ਮਹੱਤਵਪੂਰਨ ਪਹਿਲੂ ਮਾਰਕਸਵਾਦੀ ਦ੍ਰਿਸ਼ਟੀ ਨਾਲ ਜੁੜਿਆ ਹੋਇਆ ਹੈ। ਇਸੇ ਦ੍ਰਿਸ਼ਟੀ ਕਾਰਨ ਉਹਨਾਂ ਨੂੰ ਮੂਲਵਾਦੀ ਸੋਚ ਉੱਤੇ ਗੁੱਸਾ ਆਉਂਦਾ ਹੈ ਕਿ ਕਿਵੇਂ ਮੂਲਵਾਦੀ ਸੋਚ ਮੁਸਲਮਾਨ ਕੌਮ ਨੂੰ ਜਹਾਲਤ ਵੱਲ ਧੱਕ ਰਹੀ ਹੈ। ਇਹ ਸੋਚ ਵਿੱਚ ਦ੍ਰਿਸ਼ਟੀਗਤ ਬਦਲਾਅ ਇਸ ਮੁਲਾਕਾਤ ਦਾ ਕੇਂਦਰੀ ਨੁਕਤਾ ਹੈ, ਪੰਜਾਬੀ ਪਾਠਕ ਲਈ ਇਸ ਮੁਲਾਕਾਤ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ।

ਇਸ ਪ੍ਰਕਾਰ ਇਹ ਟੈਕਸਟ ਵਰਤਮਾਨ ਰਾਜਸੀ ਦ੍ਰਿਸ਼ਟੀ ਨੂੰ ਆਪਣੇ ਕਲੇਵਰ ਵਿੱਚ ਸਮੇਟਦੀ ਹੈ। ਇਸ ਰਾਜਸੀ ਦ੍ਰਿਸ਼ ਦੇ ਕੇਂਦਰ ਵਿੱਚ ਸਿਰਫ ਰਾਜਸੀ ਘਟਨਾਵਾਂ ਨਹੀਂ, ਸਗੋਂ ਇਹਨਾਂ ਘਟਨਾਵਾਂ ਪਿੱਛੇ ਕੰਮ ਕਰਦੇ ਬਹੁ-ਪਰਤੀ ਵਰਤਾਰਿਆਂ ਦੀਆਂ ਧੁਨੀਆਂ ਵੀ ਸੁਣਾਈ ਦਿੰਦੀਆਂ ਹਨ, ਜਿਨ੍ਹਾਂ ਵਿੱਚ ਆਰਥਿਕਤਾ ਤੋਂ ਲੈ ਕੇ ਸਮਾਜਿਕ ਸੰਸਥਾਵਾਂ ਅਤੇ ਮਾਨਸਿਕ ਅਵਚੇਤਨ ਨੂੰ ਪ੍ਰਭਾਵਤ ਕਰਨ ਵਾਲੇ ਵਰਤਾਰੇ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸੇ ਲਈ ਇਹ ਪੁਸਤਕ ਇਸ ਸੰਵਾਦ ਲਈ ਵੀ ਸਮੇਸ ਪੈਦਾ ਕਰਦੀ ਹੈ। ਇਹ ਸੰਵਾਦ ਖੱਬੀਆਂ ਧਿਰਾਂ ਲਈ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਫਾਸ਼ੀਵਾਦੀ ਵਰਤਾਰੇ ਨਾਲ ਲੜਨ ਲਈ ਅਤੇ ਲੋਕਤੰਤਰੀ ਮੁਹਾਜ ਉਸਾਰਨ ਲਈ ਇਸ ਦਸਤਾਵੇਜ਼ ਦਾ ਮਹੱਤਵ ਵਰਤਮਾਨ ਵਿੱਚ ਹੋਰ ਵੀ ਵਧ ਜਾਂਦਾ ਹੈ।

**

ਪੁਸਤਕ: ਇਸ ਖਤਰਨਾਕ ਮੋੜ ’ਤੇ।
ਸਫੇ: 152,
ਮੁੱਲ: 150 ਰੁਪਏ।
ਪ੍ਰਕਾਸ਼ਕ:
ਪੀਪਲਜ਼ ਫੋਰਮ, ਬਰਗਾੜੀ।

*****

(886)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਰਜਨੀਸ਼ ਬਹਾਦਰ ਸਿੰਘ

ਡਾ. ਰਜਨੀਸ਼ ਬਹਾਦਰ ਸਿੰਘ

Jalandhar, Punjab, India.
Mobile: (91 - 98148 - 60778)
Email: (pravachan07@gmail.com)