GurmitPalahi7ਵਿਗਿਆਨੀਆਂ ਅਨੁਸਾਰ ਗੱਡੀਆਂ ਵਿੱਚੋਂ ਨਿਕਲਣ ਵਾਲੇ ਧੂੰਏਂ ਦਾ ਲਗਭਗ 99.4 ਫੀਸਦੀ ਹਿੱਸਾ ਵਾਤਾਵਰਨ ਵਿੱਚ ਘੁਲਕੇ ...
(20 ਅਕਤੂਬਰ 2017)

 

DiwaliPollutionA2

 

ਠੰਢ ਦੇ ਦਿਨ ਹੁਣ ਆਉਣਗੇ। ਖੇਤਾਂ ਵਿੱਚ ਝੋਨੇ ਦੀ ਪਰਾਲੀ ਜਾਲਣ ਦਾ ਸਮਾਂ ਵੀ ਆ ਗਿਆ ਹੈ ਅਤੇ ਦੀਵਾਲੀ ’ਤੇ ਪਟਾਖਿਆਂ ਤੋਂ ਨਿਕਲਦੇ ਜ਼ਹਿਰੀਲੇ ਪਦਾਰਥਾਂ ਦਾ ਖਤਰਾ ਮੰਡਰਾ ਰਿਹਾ ਹੈ। ਇਹੋ ਜਿਹੇ ਵਿੱਚ ਪਿਛਲੇ ਸਾਲ “ਸਮਾਗ” ਦੇ ਕਾਰਣ ਪੈਦਾ ਹੋਈ ਦਹਿਸ਼ਤ ਫਿਰ ਤੋਂ ਉੱਭਰਨ ਲੱਗੀ ਹੈ, ਜਿਸ ਨੂੰ “ਦ ਗ੍ਰੇਟ ਸਮਾਗ” ਦਾ ਨਾਮ ਦਿੱਤਾ ਗਿਆ ਹੈ। ਹਵਾ ਪ੍ਰਦੂਸ਼ਣ ਨੂੰ ਜਦ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਜਾਨ-ਲੇਵਾ ਕਿਹਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ ਉੱਤੇ ਵੀ ਖ਼ਤਰਾ ਮੰਡਰਾ ਰਿਹਾ ਹੋਵੇ ਤਾਂ ਚਿੰਤਾ ਤਾਂ ਕਰਨੀ ਬਣਦੀ ਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਦੇ ਅਨੁਸਾਰ ਹਵਾ ਪ੍ਰਦੂਸ਼ਣ ਦੇ ਭੈੜੇ ਅਸਰ ਦੁਨੀਆ ਦੇ ਸਭ ਤੋਂ ਵੱਡੇ ਵਾਤਾਵਰਨ ਖਤਰਿਆਂ ਵਿੱਚੋਂ ਇੱਕ ਹੈ, ਜਿਸ ਦਾ ਅਸਰ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਬਣਿਆ ਰਹਿ ਸਕਦਾ ਹੈ। ਵਾਤਾਵਰਨ ਪ੍ਰਦੂਸ਼ਣ ਨਿਯੰਤਰਣ ਪ੍ਰਾਧੀਕਰਣ (ਈ ਪੀ ਸੀ ਏ) ਦੇ ਚੇਅਰਮੈਨ ਡਾ. ਭੂਰੇ ਲਾਲ ਦਾ ਕਹਿਣਾ ਵੀ ਹੈਰਾਨ ਕਰਦਾ ਹੈ ਕਿ ਪ੍ਰਦੂਸ਼ਣ ਨਾਲ ਦਿੱਲੀ-ਐੱਨ ਸੀ ਆਰ ਵਿੱਚ ਲੋਕਾਂ ਦੀ ਉਮਰ ਨੌਂ ਸਾਲ ਤੱਕ ਘੱਟ ਹੋ ਰਹੀ ਹੈ। ਜੇਕਰ ਹੁਣ ਵੀ ਅਸੀਂ ਸੁਚੇਤ ਨਾ ਹੋਏ ਤਾਂ ਸਥਿਤੀ ਹੋਰ ਵੀ ਭਿਅੰਕਰ ਹੋ ਜਾਏਗੀ।

ਇਸ ਵੇਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਜਿਹੇ ਰਾਜਾਂ ਵਿੱਚ “ਸਮਾਗ” ਦੇ ਅਗਾਊਂ ਖਤਰੇ ਨੂੰ ਦੇਖਦਿਆਂ ਪ੍ਰਦੂਸ਼ਣ ਕੰਟਰੋਲ ਰੱਖਣ ਦੀ ਹਿਦਾਇਤ ਖਾਸ ਤੌਰ ’ਤੇ ਦਿੱਤੀ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ਅਧਿਕਾਰੀਆਂ ਮੁਤਾਬਿਕ ਪੂਰੇ ਦੇਸ਼ ਵਿੱਚ ਲਗਭਗ 100 ਸ਼ਹਿਰਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਹਵਾ ਤੈਅ ਕੀਤੇ ਮਾਪ ਦੰਡਾਂ ਤੋਂ ਬਦਤਰ ਹੈ। ਇੱਕ ਰਿਪੋਰਟ ਵਿੱਚ ਤਾਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਚਾਰ ਭਾਰਤੀ ਸ਼ਹਿਰ ਬੰਗਲੌਰ, ਚੇਨਈ, ਦਿੱਲੀ ਅਤੇ ਮੁੰਬਈ ਵਿੱਚ ਸਵੇਰ ਦੇ ਸਮੇਂ ਹਵਾ ਪ੍ਰਦੂਸ਼ਣ ਸਭ ਤੋਂ ਜ਼ਿਆਦਾ ਹੁੰਦਾ ਹੈ। ਸਾਲ 2008 ਅਤੇ 2015 ਦੇ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਨੂੰ ਦੇਖੀਏ ਤਾਂ ਪਤਾ ਚਲਦਾ ਹੈ ਕਿ ਉਤਰ ਪ੍ਰਦੇਸ਼ ਦੇ ਕਾਨਪੁਰ, ਫਿਰੋਜ਼ਾਬਾਦ, ਅਲਾਹਾਬਾਦ, ਲਖਨਊ ਸ਼ਹਿਰ ਦੁਨੀਆਂ ਦੇ 25 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹਨ।

ਕੁਝ ਸਮਾਂ ਪਹਿਲਾਂ ਗੈਰ ਸਰਕਾਰੀ ਸੰਸਥਾ ‘ਗਰੀਨ ਪੀਸ’ ਦੀ ਇੱਕ ਰਿਪੋਰਟ ਵਿੱਚ ਦੇਸ਼ ਦੇ 168 ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਦੇ ਮੁਲਾਂਕਣ ਵਿੱਚ ਦੇਖਿਆ ਗਿਆ ਕਿ ਕੋਈ ਵੀ ਸ਼ਹਿਰ ਵਿਸ਼ਵ ਸਿਹਤ ਸੰਸਥਾ ਵਲੋਂ ਨਿਰਧਾਰਤ ਹਵਾ ਗੁਣਵੱਤਾ ਦੇ ਮਾਪਦੰਡਾਂ ਦੇ ਬਰਾਬਰ ਦਾ ਨਹੀਂ। ਦੇਸ਼ ਭਰ ਵਿੱਚ ਹਵਾ ਦੀ ਗੁਣਵੱਤਾ ਡਿੱਗਣ ਦਾ ਮੁੱਖ ਕਾਰਨ ਪੈਟਰੋਲ, ਡੀਜ਼ਲ ਆਦਿ ਜਿਹਾ ਜਲਣਯੋਗ ਬਾਲਣ ਹੈ। ਪ੍ਰੰਤੂ ਬੇਹਿਸਾਬ ਪਟਾਖੇ ਜਲਾਕੇ ਉਤਸਵ ਮਨਾਉਣ ਦਾ ਅੰਦਾਜ਼ ਵੀ ਸਾਡੇ ਸ਼ਹਿਰਾਂ ਦੀ ਆਬੋ-ਹਵਾ ਨੂੰ ਕਈ ਗੁਣਾ ਪ੍ਰਦੂਸ਼ਿਤ ਕਰ ਦਿੰਦਾ ਹੈ। ਇਹੀ ਨਹੀਂ, ਸੜਕ ਉੱਤੇ ਦੌੜਨ ਵਾਲੇ ਵਾਹਨਾਂ ਦੀ ਲਗਾਤਾਰ ਵਧ ਰਹੀ ਗਿਣਤੀ ਵੀ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ।

ਸੜਕਾਂ ਉੱਤੇ ਪ੍ਰਤੀ ਦਿਨ ਦੌੜਦੇ ਲੱਖਾਂ ਵਾਹਨਾਂ ਵਿੱਚੋਂ ਹਰ ਰੋਜ਼ ਕਾਰਬਨ-ਮੋਨੋਔਕਸਾਈਡ, ਹਾਈਡਰੋਕਾਰਬਨ, ਨਾਈਟਰੋਕਾਰਬਨ ਆਕਸਾਈਡ, ਵਾਸ਼ਪਸ਼ੀਲ ਕਾਰਬਨਿਕ ਯੋਗਿਕ, ਸਲਫਰ ਡਾਈ ਔਕਸਾਈਡ ਅਤੇ ਦੂਸਰੇ ਖਤਰਨਾਕ ਕਣ ਨਿਕਲ ਰਹੇ ਹਨ। ਸੈਂਟਰ ਫਾਰ ਇਕੌਲੋਜੀਕਲ ਸਾਇੰਸ ਆਫ ਦੀ ਇੰਡੀਅਨ ਇਨਸਟੀਚੀਊਟ ਬੰਗਲੌਰ ਵਲੋਂ ਕੀਤੇ ਗਏ ਇੱਕ ਅਧਿਐਨ ਦੀ ਰਿਪੋਰਟ ਦੱਸਦੀ ਹੈ ਕਿ ਦਿੱਲੀ ਦਾ ਪਰਿਵਹਿਨ ਤੰਤਰ ਕਲਕੱਤਾ ਦੇ ਮੁਕਾਬਲੇ ਛੇ ਗੁਣਾ, ਅਹਿਮਦਾਬਾਦ ਦੇ ਮੁਕਾਬਲੇ ਪੰਜ ਗੁਣਾ, ਗ੍ਰੇਟਰ ਮੁੰਬਈ ਅਤੇ ਚੈਨਈ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਗਰੀਨ ਹਾਊਸ ਗੈਸ ਪੈਦਾ ਕਰਦਾ ਹੈ। ਰਿਪੋਰਟ ਕਹਿੰਦੀ ਹੈ ਕਿ ਦਿੱਲੀ ਦਾ ਪਰਿਵਹਿਨ ਤੰਤਰ 12.39 ਮਿਲੀਅਨ ਟਨ ਕਾਰਬਨ ਡਾਈਔਕਸਾਈਡ ਪੈਦਾ ਕਰਦਾ ਹੈ, ਜਦ ਕਿ ਗ੍ਰੇਟਰ ਬੰਗਲੌਰ ਦਾ ਪਰਿਵਹਿਨ ਤੰਤਰ 128.61 ਅਤੇ ਹੈਦਾਰਾਬਾਦ ਦਾ 7.81 ਮਿਲੀਅਨ ਟੱਨ ਦੇ ਬਰਾਬਰ ਕਾਰਬਨ ਡਾਈਔਕਸਾਈਡ ਪੈਦਾ ਕਰਦਾ ਹੈ। ਪਿਛਲੇ 15 ਸਾਲਾਂ ਵਿੱਚ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਨਿੱਜੀ ਵਾਹਨਾਂ ਦੀ ਗਿਣਤੀ ਵਿੱਚ 82 ਫੀਸਦੀ ਦਾ ਵਾਧਾ ਹੋਇਆ ਹੈ।

ਵਿਗਿਆਨੀਆਂ ਅਨੁਸਾਰ ਗੱਡੀਆਂ ਵਿੱਚੋਂ ਨਿਕਲਣ ਵਾਲੇ ਧੂੰਏਂ ਦਾ ਲਗਭਗ 99.4 ਫੀਸਦੀ ਹਿੱਸਾ ਵਾਤਾਵਰਨ ਵਿੱਚ ਘੁਲਕੇ ਅਲੋਪ ਹੋ ਜਾਂਦਾ ਹੈ। ਇਸ ਵਿੱਚੋਂ ਹਾਈਡਰੋਕਾਰਬਨ ਅਤੇ ਨਾਈਟਰੋਕਾਰਬਨ ਆਕਸਾਈਡ ਸੂਰਜ ਦੀ ਰੌਸ਼ਨੀ ਅਤੇ ਉੱਚ ਤਾਪਮਾਨ ਦੇ ਨਾਲ ਕਿਰਿਆ ਕਰਕੇ ਧਰਤੀ ਦੇ ਪੱਧਰ ਦੀ ਓਜ਼ੋਨ ਦਾ ਨਿਰਮਾਣ ਕਰਦੇ ਹਨ। ਇਹ ਧਰਤੀ ਪੱਧਰ ਦੀ ਓਜ਼ੋਨ, ਸਾਹ ਦੀ ਬਿਮਾਰੀਆਂ ਪੈਦਾ ਕਰਦੀ ਹੈ ਅਤੇ ਫੇਫੜਿਆਂ ਨੂੰ ਹਾਨੀ ਪਹੁੰਚਾਉਂਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਪਿਛਲੇ ਸਾਲ ਦਿਵਾਲੀ ਦੇ ਮੌਕੇ ਦੇਸ਼ ਭਰ ਵਿੱਚ ਪਾਰਟੀਕੁਲੇਟ ਮੈਟਰ 2.5 ਦੀ ਔਸਤ ਪੱਧਰ, ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਤੋਂ 2.4 ਗੁਣਾ ਵੱਧ ਅਤੇ ਦਿੱਲੀ ਵਿੱਚ 16 ਗੁਣਾ ਜ਼ਿਆਦਾ ਪਾਇਆ ਗਿਆ ਸੀ। ਪੀ ਐੱਮ-2.5 (ਪਾਰਟੀਕੁਲੇਟ ਮੈਟਰ) ਧਰਤੀ ਦੇ ਵਾਯੂਮੰਡਲ ਵਿੱਚ ਠੋਸ ਜਾਂ ਤਰਲ ਪਦਾਰਥਾਂ ਦੇ ਇਹੋ ਜਿਹੇ ਛੋਟੇ ਕਣ ਹਨ, ਜਿਨ੍ਹਾਂ ਦਾ ਸਾਈਜ਼ 2.5 ਮਾਈਕ੍ਰੋਗ੍ਰਾਮ ਤੋਂ ਵੀ ਘੱਟ ਹੁੰਦਾ ਹੈ। ਇਹ ਕਣ ਆਸਾਨੀ ਨਾਲ ਨੱਕ ਅਤੇ ਮੂੰਹ ਰਾਹੀਂ ਸਰੀਰ ਦੇ ਅੰਦਰ ਤੱਕ ਪੁੱਜਕੇ ਲੋਕਾਂ ਨੂੰ ਬੀਮਾਰ ਕਰ ਸਕਦੇ ਹਨ। ਇਹ ਮਨੁੱਖ ਦੇ ਵਾਲ ਤੋਂ ਵੀ 30 ਗੁਣਾ ਜਿਆਦਾ ਬਰੀਕ ਹੋ ਸਕਦੇ ਹਨਇਸ ਨਾਲ ਦਿਲ ਦੇ ਦੌਰੇ, ਦਿਲ ਫੇਲ ਹੋਣਾ, ਫੇਫੜਿਆਂ ਦਾ ਕੈਂਸਰ ਅਤੇ ਸਾਹ ਲੈਣ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਵਧਦਾ ਹੈ। ਇਹ ਮਨੁੱਖੀ ਸਿਹਤ ਲਈ ਸਭ ਤੋਂ ਵੱਧ ਖਤਰਾ ਪੈਦਾ ਕਰਨ ਦਾ ਕਾਰਣ ਮੰਨੇ ਜਾਂਦੇ ਹਨ।

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਹਵਾ ਪ੍ਰਦੂਸ਼ਣ ਵਿੱਚ ਸਿਹਤ ਜੋਖ਼ਮ ਦਾ ਪੱਧਰ ਨਾਪਣ ਦੇ ਲਈ ਪੀ ਐੱਮ-2.5 ਸਭ ਤੋਂ ਸਟੀਕ ਪੈਮਾਨਾ ਹੈ। ਵਿਸ਼ਵ ਸਿਹਤ ਸੰਗਠਨ ਚਿਤਾਵਨੀ ਦਿੰਦਾ ਰਿਹਾ ਹੈ ਕਿ ਪੀ.ਐੱਮ., ਓਜ਼ੋਨ, ਨਾਈਟਰੋਜਨ ਮੋਨੋਔਕਸਾਈਡ ਅਤੇ ਸਲਫਰ ਡਾਈ ਔਕਸਾਈਡ ਲੋਕਾਂ ਦੀ ਸਿਹਤ ਲਈ ਖਤਰਨਾਕ ਹੈ। ਵਿਸ਼ਵ ਸਿਹਤ ਸੰਗਠਨ ਨੇ ਕਈ ਵੇਰ ਕਿਹਾ ਹੈ ਕਿ ਇਨ੍ਹਾਂ ਹਾਨੀਕਾਰਕ ਚੀਜ਼ਾਂ ਦੇ ਲਈ ਇੱਕ ਸੀਮਾ ਤੈਅ ਕਰਨੀ ਚਾਹੀਦੀ ਹੈ, ਨਹੀਂ ਤਾਂ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਨੁਕਸਾਨ ਪੁੱਜ ਸਕਦਾ ਹੈ। ਇਹਨਾਂ ਸਾਰੀਆਂ ਚੇਤਾਵਨੀਆਂ ਦੇ ਬਾਵਜੂਦ ਲੋਕ ਬੇਪ੍ਰਵਾਹ ਹੋ ਕੇ ਪਟਾਖੇ ਜਲਾਉਂਦੇ ਹਨ, ਜਦਕਿ ਪਟਾਖਿਆਂ ਵਿੱਚ ਵਰਤੇ ਜਾਂਦੇ ਕਾਪਰ ਕੈਡਮੀਅਮ, ਲੈੱਡ, ਮੈਗਨੀਜ਼ੀਅਮ, ਸੋਡੀਅਮ, ਜ਼ਿੰਕ ਨਾਈਟਰੇਟ ਅਤੇ ਨਾਈਟਰਾਈਟ ਜਿਹੇ ਰਸਾਇਣ ਇਹਨਾਂ ਨੂੰ ਘਾਤਕ ਬਣਾ ਦਿੰਦੇ ਹਨ। ਪਟਾਖਿਆਂ ਵਿੱਚੋਂ ਕਾਰਬਨ ਮੌਨੋਔਕਸਾਈਡ, ਕਾਰਬਨ ਡਾਈਔਕਸਾਈਡ ਅਤੇ ਸਲਫਰ ਡਾਈਔਕਸਾਈਡ ਜਿਹੀਆਂ ਜ਼ਹਿਰੀਲੀਆਂ ਗੈਸਾਂ ਅਤੇ ਧੂੰਆਂ ਨਿਕਲਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਿਕ ਦੁਨੀਆ ਦੇ 20 ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 9 ਭਾਰਤ ਦੇ ਹਨ। ਹਾਲਾਂਕਿ ਦੇਸ਼ ਦੇ ਪੰਜਵੇਂ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਅਹਿਮਦਾਬਾਦ ਵਿੱਚ ਹਵਾ ਪ੍ਰਦੂਸ਼ਣ ਦੇ ਲਈ ਪਹਿਲੀ ਨਿਗਰਾਨੀ ਅਤੇ ਅਗਾਊਂ ਚੇਤਾਵਨੀ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ, ਅਤੇ ਉਸਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਪ੍ਰੰਤੂ ਹਰ ਸ਼ਹਿਰ ਵਿੱਚ ਇਸ ਸਬੰਧੀ ਦਖਲ-ਅੰਦਾਜ਼ੀ ਦੀ ਲੋੜ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ ਵਿੱਚ ਪਟਾਖਿਆਂ ਦੇ ਕਾਰਨ ਦੀਵਾਲੀ ਦੇ ਬਾਅਦ ਹਵਾ ਪ੍ਰਦੂਸ਼ਣ ਛੇ ਤੋਂ ਦਸ ਗੁਣਾ ਅਤੇ ਆਵਾਜ਼ ਦਾ ਪੱਧਰ 15 ਡੈਸੀਬਲ ਤੱਕ ਵੱਧ ਜਾਂਦਾ ਹੈ। ਆਮ ਦਿਨਾਂ ਵਿੱਚ ਰੌਲੇ ਦਾ ਪੱਧਰ ਦਿਨ ਵਿੱਚ 55 ਅਤੇ ਰਾਤ ਵਿੱਚ 45 ਡੈਸੀਬਲ ਦੇ ਲਗਭਗ ਹੁੰਦਾ ਹੈ ਪਰ ਦੀਵਾਲੀ ਵੇਲੇ 70 ਤੋਂ 90 ਡੈਸੀਬਲ ਤੱਕ ਪਹੁੰਚ ਜਾਂਦਾ ਹੈ। ਇੰਨਾ ਜ਼ਿਆਦਾ ਰੌਲਾ ਸਾਨੂੰ ਕੰਨੋਂ ਬੋਲਾ ਕਰਨ ਲਈ ਕਾਫੀ ਹੈ। ਪਟਾਖਿਆਂ ਦੇ ਫਟਣ ਨਾਲ ਮਨੁੱਖ ਕੁਝ ਪਲਾਂ ਲਈ ਬੋਲਾ ਹੋ ਜਾਂਦਾ ਹੈ। ਕਈ ਵੇਰ ਪੀੜਤ ਪੱਕੇ ਤੌਰ ’ਤੇ ਹੀ ਬਹਿਰਾ (ਬੋਲਾ) ਹੋ ਜਾਂਦਾ ਹੈ।

ਇਹਨਾ ਵਿੱਚੋਂ ਕਈ ਪਟਾਖੇ ਇਹੋ ਜਿਹੇ ਹਨ, ਜਿਨ੍ਹਾਂ ਉੱਤੇ ਭਾਰਤੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਾਬੰਦੀ ਲਗਾਈ ਹੋਈ ਹੈ। ਸਤੰਬਰ 2001 ਵਿੱਚ ਸੁਪਰੀਮ ਕੋਰਟ ਨੇ ਦਸ ਵਜੇ ਤੋਂ ਬਾਅਦ ਜ਼ਿਆਦਾ ਰੌਲਾ-ਰੱਪਾ ਅਤੇ ਪ੍ਰਦੂਸ਼ਣ ਪੈਲਾਉਣ ਵਾਲੇ ਪਟਾਖੇ ਚਲਾਉਣ ਉੱਤੇ ਰੋਕ ਲਗਾਈ ਸੀ। ਹਸਪਤਾਲ, ਸਿੱਖਿਆ ਸੰਸਥਾਵਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਪਟਾਖੇ ਨਾ ਚਲਾਉਣ ਦੇ ਨਿਯਮ ਵੀ ਹਨ। ਅਦਾਲਤ ਵਲੋਂ ਵੀਹ ਤੋਂ ਜ਼ਿਆਦਾ ਇਹੋ ਜਿਹੇ ਪਟਾਖਿਆਂ ਉੱਤੇ ਪਾਬੰਦੀ ਵੀ ਲਗਾਈ ਗਈ ਹੈ, ਜਿਹੜੇ 125 ਡੈਸੀਵਲ ਦੀ ਆਵਾਜ਼ ਸੀਮਾ ਤੋਂ ਵੱਧ ਹਨ। ਇੱਥੋਂ ਤੱਕ ਕਿ ਇਹੋ ਜਿਹੇ ਪਟਾਖੇ ਬਣਾਉਣ ਵਾਲਿਆਂ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ, ਜਿਨ੍ਹਾਂ ਦਾ ਵਿਸਫੋਟ 125 ਡੈਸੀਬਲ ਤੋਂ ਜ਼ਿਆਦਾ ਸੀ ਪਰ ਅੱਜ ਵੀ ਇਹਨਾਂ ਨਿਯਮਾਂ ਦਾ ਉਲੰਘਣ ਹੋ ਰਿਹਾ ਹੈ, ਕਿਉਂਕਿ ਅਸੀਂ ਦੀਵਾਲੀ ਉਤਸਵ ਨੂੰ ਧੂੰਏਂ ਨਾਲ ਉਡਾ ਦੇਣ ਦੇ ਆਦੀ ਹੋ ਗਏ ਹਾਂ।

*****

(869)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਮੀਤ ਪਲਾਹੀ

ਗੁਰਮੀਤ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author