GurmitShugli7ਰਾਜਨੀਤੀ ਵਿੱਚ ਵਾਪਰ ਭਾਵੇਂ ਕਿਸੇ ਵੇਲੇ ਕੁਝ ਵੀ ਸਕਦਾ ਹੈਪਰ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ...
(12 ਅਕਤੂਬਰ 2017)

 

ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿੱਚ ਇਕਦਮ ਮੋੜ ਆਇਆ ਹੈ। ਪਿਛਲੇ ਦਿਨਾਂ ਵਿੱਚ ਆਇਆ ਇਹ ਮੋੜ ਕਈਆਂ ਦੀਆਂ ਆਸਾਂ ’ਤੇ ਪਾਣੀ ਫੇਰਨ ਵਾਲਾ ਹੈ। ਹੁਣ ਤਾਂ ਕਈ ਆਗੂ ਇਹ ਵੀ ਦੱਬੀ ਸੁਰ ਵਿੱਚ ਆਖਣ ਲੱਗੇ ਹਨ ਕਿ ਸਾਡੀ ਪਾਰਟੀ ਇੱਜ਼ਤ ਬਚਾਉਣ ਲਈ ਹੀ ਚੋਣ ਮੈਦਾਨ ਵਿੱਚ ਡਟਣ ਦਾ ਦਿਖਾਵਾ ਕਰ ਰਹੀ ਹੈ। ਇਸ ਚੋਣ ਵਿੱਚ ਕੁੱਲ ਗਿਆਰਾਂ ਉਮੀਦਵਾਰ ਮੈਦਾਨ ਵਿੱਚ ਹਨ, ਪਰ ਚਰਚਾ ਤਿੰਨ ਦੀ ਹੀ ਸੀ, ਤੇ ਹੈ। ਹੁਣ ਤਿੰਨਾਂ ਵਿੱਚੋਂ ਇੱਕ ਦਾ ਅਕਸ ਖਰਾਬ ਹੋ ਰਿਹਾ ਹੈ, ਇੱਕ ਲੋਕਾਂ ਤੋਂ ਦੂਰ ਬਹੁਤ ਹੈ ਤੇ ਇੱਕ ਨੂੰ ਸੱਤਾਧਾਰੀ ਧਿਰ ਦਾ ਹੋਣ ਕਰਕੇ ਵੱਡਾ ਫ਼ਾਇਦਾ ਮਿਲਦਾ ਦਿਸ ਰਿਹਾ ਹੈ।

ਪਹਿਲਾਂ ਇਹ ਜਾਪਦਾ ਸੀ ਕਿ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਦਾ ਮੁਕਾਬਲਾ ਹੋਵੇਗਾ ਤੇ ‘ਆਪ’ ਉਮੀਦਵਾਰ ਸਿਰਫ਼ ਵੋਟਾਂ ਤੋੜਨ ਦਾ ਕੰਮ ਕਰੇਗਾ, ਪਰ ਹਾਲਾਤ ਦੀ ਪਲਟੀ ਅਜਿਹੀ ਵੱਜੀ ਕਿ ਦੋ ਪਾਰਟੀਆਂ ਦੇ ਉਮੀਦਵਾਰ ਦੂਜੇ ਨੰਬਰ ’ਤੇ ਆਉਣ ਲਈ ਲੜਦੇ ਪ੍ਰਤੀਤ ਹੋ ਰਹੇ ਹਨ। ਕਾਂਗਰਸ ਦੇ ਹੱਕ ਵਿੱਚ ਪਹਿਲੀ ਵੱਡੀ ਗੱਲ ਇਹ ਗਈ ਸੀ ਕਿ ਭਾਜਪਾ ਨੇ ਵਿਨੋਦ ਖੰਨਾ ਦੀ ਘਰਵਾਲੀ ਨੂੰ ਟਿਕਟ ਦੇਣ ਦੀ ਥਾਂ ਸਵਰਨ ਸਲਾਰੀਆ ਨੂੰ ਟਿਕਟ ਦੇ ਦਿੱਤੀ ਸੀ। ਸਲਾਰੀਆ ਬਿਨਾਂ ਸ਼ੱਕ ਪੈਸੇ ਵਾਲਾ ਇਨਸਾਨ ਹੈ ਤੇ ਬਾਬਾ ਰਾਮਦੇਵ ਦੇ ਨੇੜਲਿਆਂ ਵਿੱਚੋਂ ਹੋਣ ਕਰਕੇ ਉਹ ਟਿਕਟ ਵਿੱਚ ਬਾਜ਼ੀ ਮਾਰ ਗਿਆ, ਪਰ ਅਗਲੇ ਹੀ ਦਿਨ ਕਵਿਤਾ ਤੇ ਸੁਨੀਲ ਜਾਖੜ ਦੀ ਮੀਟਿੰਗ ਨੇ ਸਿੱਧ ਕਰ ਦਿੱਤਾ ਕਿ ਸਲਾਰੀਆ ਦਾ ਰਾਹ ਇੰਨਾ ਅਸਾਨ ਨਹੀਂ। ਖੰਨਾ ਗਰੁੱਪ ਪੂਰੇ ਦਾ ਪੂਰਾ ਸਲਾਰੀਆ ਨਾਲ ਤੁਰ ਪਵੇਗਾ, ਇਸ ਦੀ ਆਸ ਸੀ, ਪਰ ਮਗਰੋਂ ਆ ਕੇ ਸੁੱਚਾ ਸਿੰਘ ਲੰਗਾਹ ਨੇ ਅਜਿਹੀ ਬਾਜ਼ੀ ਪਲਟਾਈ ਕਿ ਸਲਾਰੀਆ ਪ੍ਰਚਾਰ ਵਿੱਚ ਪੱਛੜਦਾ ਪ੍ਰਤੀਤ ਹੋਣ ਲੱਗਾ। ਨੀਲੀ ਪੱਗ ਵਾਲੇ ਲੰਗਾਹ ਦੀ ਨੀਲੀ ਵੀਡੀਓ ਇੰਨੀ ਕੁ ਚਰਚਿਤ ਹੋ ਗਈ ਕਿ ਗੂਗਲ ’ਤੇ ਉਹ ਸਭ ਤੋਂ ਵੱਧ ਲੱਭੇ ਜਾਣ ਵਾਲੇ ਨੇਤਾਵਾਂ ਵਿੱਚੋਂ ਇੱਕ ਬਣ ਗਿਆ। ਅਕਾਲੀ ਦਲ ਦੇ ਜਿਹੜੇ ਆਗੂ ਸਲਾਰੀਏ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਸਨ, ਲੰਗਾਹ ਮਾਮਲੇ ਦਾ ਜਵਾਬ ਦੇਣੋਂ ਭੱਜਣ ਲੱਗੇ। ਪਹਿਲਾਂ ਜਵਾਬੀ ਰੂਪ ਵਿੱਚ ਆਖਦੇ ਸਨ ਕਿ ਇਹ ਸਭ ਕਾਂਗਰਸ ਦੀ ਸਾਜ਼ਿਸ਼ ਹੈ, ਪਰ ਜਦੋਂ ਸਾਫ਼ ਵੀਡੀਓ ਸਾਹਮਣੇ ਆ ਗਈ ਤਾਂ ਸਭ ਨੇ ਚੁੱਪ ਵੱਟ ਲਈ। ਕਾਹਲੀ-ਕਾਹਲੀ ਲੰਗਾਹ ਤੋਂ ਅਸਤੀਫ਼ੇ ਲੈ ਕੇ ਉਸ ਨੂੰ ਪਾਰਟੀ ਵਿੱਚੋਂ ਕੱਢਿਆ ਤੇ ਫੇਰ ਪੰਥ ਵਿੱਚੋਂ ਕਢਵਾਇਆ ਗਿਆ, ਪਰ ਇਨ੍ਹਾਂ ਯਤਨਾਂ ਦਾ ਕੋਈ ਲਾਭ ਨਹੀਂ ਹੋਇਆ। ਪਰਨਾਲਾ ਹਿੱਲਿਆ ਤੱਕ ਨਹੀਂ।

ਫੇਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਸਲਾਰੀਆ ਦੇ ਪਾਜ ਉਧੇੜਨੇ ਸ਼ੁਰੂ ਕਰ ਦਿੱਤੇ ਕਿ ਉਹ ਮੁੰਬਈ ਵਿੱਚ ਇੱਕ ਦਲਿਤ ਕੁੜੀ ਨਾਲ ਜਬਰ-ਜ਼ਨਾਹ ਕਰਦਾ ਰਿਹਾ ਹੈ। ਪਹਿਲਾਂ ਹੀ ਝੰਬੇ ਪਏ ਸਲਾਰੀਏ ਦੇ ਪ੍ਰਚਾਰ ਨੂੰ ਇਸ ਦੋਸ਼ ਨਾਲ ਹੋਰ ਵੱਡੀ ਸੱਟ ਲੱਗ ਗਈ। ਹੁਣ ਉਹ ਔਰਤ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾ ਆਈ ਹੈ ਤੇ ਕਾਂਗਰਸ ਨੇ ਮੰਗ ਕੀਤੀ ਹੈ ਕਿ ਸਲਾਰੀਏ ਦੀ ਉਮੀਦਵਾਰੀ ਰੱਦ ਕੀਤੀ ਜਾਵੇ, ਕਿਉਂਕਿ ਉਸ ਨੇ ਇਸ ਕੇਸ ਬਾਰੇ ਆਪਣੇ ਹਲਫ਼ਨਾਮੇ ਵਿੱਚ ਕੁਝ ਨਹੀਂ ਸੀ ਦੱਸਿਆ।

ਇਸ ਸਾਰੇ ਘਟਨਾਕ੍ਰਮ ਕਾਰਨ ਅਕਾਲੀਆਂ ਤੇ ਭਾਜਪਾਈਆਂ ਕੋਲ ਕਹਿਣ ਨੂੰ ਕੁਝ ਨਹੀਂ ਬਚਿਆ। ਸੋ ਇਹ ਜਾਪਣਾ ਕੁਦਰਤੀ ਹੈ ਕਿ ਚੋਣ ਜੰਗ ਵਿੱਚ ਹੁਣ ਸਲਾਰੀਆ ਤੇ ਖਜੂਰੀਆ ਸਿਰਫ਼ ਦੂਜੇ ਨੰਬਰ ਦੀ ਲੜਾਈ ਲੜ ਰਹੇ ਹਨ।

ਰਾਜਨੀਤੀ ਵਿੱਚ ਵਾਪਰ ਭਾਵੇਂ ਕਿਸੇ ਵੇਲੇ ਕੁਝ ਵੀ ਸਕਦਾ ਹੈ, ਪਰ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਹਾਲਾਤ ਮੁਤਾਬਕ ਜਾਖੜ ਦੀ ਜਿੱਤ ਦੀ ਸੰਭਾਵਨਾ ਹੈ। ਸੁਰੇਸ਼ ਖਜੂਰੀਆ, ਜੋ ‘ਆਪ’ ਦੇ ਉਮੀਦਵਾਰ ਹਨ, ਉਨ੍ਹਾਂ ਦੀ ਇਹ ਪਹਿਲੀ ਚੋਣ ਹੈ। ਉਹ ਸਾਬਕਾ ਫ਼ੌਜੀ ਅਧਿਕਾਰੀ ਵੀ ਹਨ। ਅਕਸ ਵੀ ਚੰਗਾ ਹੈ, ਪਰ ‘ਆਪ’ ਦਾ ਗ੍ਰਾਫ਼ ਪਿਛਲੇ ਕੁਝ ਸਮੇਂ ਵਿੱਚ ਪਹਿਲਾਂ ਦੇ ਮੁਕਾਬਲਤਨ ਬਹੁਤ ਥੱਲੇ ਆਇਆ ਹੈ। ਜਦੋਂ ਪੰਜਾਬ ਵਿੱਚ ਵਿਧਾਨ ਸਭਾ ਦੀ ਚੋਣ ਹੋਣੀ ਸੀ, ਉਦੋਂ ਵੀ ਮਾਝਾ ਖੇਤਰ ਵਿੱਚ ਹੀ ‘ਆਪ’ ਸਭ ਤੋਂ ਵੱਧ ਕਮਜ਼ੋਰ ਸੀ। ਮਾਝੇ ਵਿੱਚ ਸੁੱਚਾ ਸਿੰਘ ਛੋਟੇਪੁਰ, ਫੇਰ ਗੁਰਪ੍ਰੀਤ ਘੁੱਗੀ ਤੇ ਮਗਰਲੇ ਦਿਨੀਂ ਇੱਕ ਹੋਰ ਆਗੂ ਪਾਰਟੀ ਤੋਂ ਅਲੱਗ ਹੋਇਆ ਜਾਂ ਕਰ ਦਿੱਤਾ ਗਿਆ, ਜਿਸ ਕਰਕੇ ਮਾਝੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਕਮਜ਼ੋਰ ਹੁੰਦੀ ਗਈ। ਹੁਣ ਹਾਲਾਤ ਇਹ ਬਣ ਗਏ ਹਨ ਕਿ ਖੁਦ ਅਰਵਿੰਦ ਕੇਜਰੀਵਾਲ ਇੱਥੇ ਪ੍ਰਚਾਰ ਲਈ ਨਹੀਂ ਪਹੁੰਚ ਰਹੇ। ਉਹ ਜਾਣਦੇ ਹਨ ਕਿ ਖੁਦ ਗੁਰਦਾਸਪੁਰ ਪਹੁੰਚ ਕੇ ਇਹ ਪ੍ਰਭਾਵ ਦੇਣ ਦੀ ਲੋੜ ਨਹੀਂ ਕਿ ਸਭ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਾਨੂੰ ਇੱਥੇ ਸਫ਼ਲਤਾ ਨਹੀਂ ਮਿਲੀ। ਜੇ ਇਹ ਪ੍ਰਭਾਵ ਜਾਂਦਾ ਹੈ ਤਾਂ ਬਾਕੀ ਸੂਬਿਆਂ ਤੱਕ ਪਾਰਟੀ ਦਾ ਪ੍ਰਭਾਵ ਮਾੜਾ ਜਾਂਦਾ ਹੈ। ‘ਆਪ’ ਦੇ ਪੰਜਾਬ ਦੇ ਕਈ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਣ ਕਰਕੇ ਉਨ੍ਹਾਂ ਨੂੰ ਗੁਰਦਾਸਪੁਰ ਵਿੱਚ ਹੁਕਮ ਵਜਾਉਣ ਜਾਣਾ ਪੈਂਦਾ ਹੈ, ਪਰ ਜ਼ਿਮਨੀ ਚੋਣ ਵਿੱਚ ਮੁਕਾਬਲੇ ਵਾਲੀ ਗੱਲ ਸਾਨੂੰ ਵੀ ਨਹੀਂ ਜਾਪਦੀ।

ਸੋ ਇਨ੍ਹਾਂ ਸਭ ਪੱਖਾਂ ਨੂੰ ਦੇਖਦਿਆਂ ਸਾਡੀ ਜਾਂਚ ਇਸ ਵਕਤ ਪੂਰੀ ਖੇਡ ਕਾਂਗਰਸ ਦੇ ਹੀ ਹੱਥ ਹੈ। ਇਹ ਵੀ ਹੋ ਸਕਦਾ ਬਾਜਵਾ ਪਰਵਾਰ ਜਾਖੜ ਨਾਲ ਸੱਚੇ ਦਿਲੋਂ ਨਾ ਤੁਰ ਰਿਹਾ ਹੋਵੇ, ਪਰ ਇਸ ਮੋੜ ’ਤੇ ਉਨ੍ਹਾਂ ਦਾ ਅੰਦਰਖਾਤੇ ਵਿਰੋਧ ਵੀ ਬਹੁਤਾ ਨੁਕਸਾਨ ਕਰਨ ਦੇ ਸਮਰੱਥ ਨਹੀਂ ਹੋਵੇਗਾ। ਜੇ ਕਾਂਗਰਸ ਇਹ ਸੀਟ ਜਿੱਤਦੀ ਹੈ ਤਾਂ ਇਸਦਾ ਇਹ ਅਰਥ ਨਹੀਂ ਕਿ ਲੋਕ ਕਾਂਗਰਸ ਦੇ ਸੱਤ ਮਹੀਨੇ ਦੇ ਰਾਜ ਤੋਂ ਬਹੁਤ ਖੁਸ਼ ਹਨ, ਸਗੋਂ ਮਤਲਬ ਇਹ ਹੈ ਕਿ ਲੋਕ ਅਕਾਲੀਆਂ ਦੇ ਦਸ ਸਾਲ ਦੇ ਰਾਜ ਨੂੰ ਹਾਲੇ ਤੱਕ ਨਹੀਂ ਭੁੱਲੇ।

ਸੋ ਪਹਿਲੇ ਨੰਬਰ ਦੀ ਦੌੜ ਨਾਲੋਂ ਵੱਧ ਧਿਆਨ ਦੂਜੇ ਨੰਬਰ ’ਤੇ ਰਹਿਣ ਵਾਲੇ ਵੱਲ ਟਿਕਿਆ ਹੋਇਆ ਹੈ।

*****

(860)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author