BoharSMallan7ਉੱਚ-ਯੋਗਤਾ ਪ੍ਰਾਪਤ ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਜਿਸ ਕੰਮ ਨੂੰ ਪੰਜਾਬ ਵਿਚ ਹੇਚ ਸਮਝਦੇ ਹਨਉਸੇ ਨੂੰ ਵਿਦੇਸ਼ਾਂ ਵਿੱਚ ...
(11 ਅਕਤੂਬਰ 2017)

 

ਪੰਜਾਬ ਗੁਰੂਆਂ, ਅਵਤਾਰਾਂ, ਯੋਧਿਆਂ ਤੇ ਮਿਹਨਤ-ਕਸ਼ਾਂ ਦੀ ਧਰਤੀ ਹੈ। ਵਿਦੇਸ਼ੀ ਹਮਲਾਵਰਾਂ ਦਾ ਪ੍ਰਵੇਸ਼ ਦੁਆਰ ਰਿਹਾ ਹੋਣ ਕਾਰਨ ਪੰਜਾਬੀ ਉੱਜੜ-ਉੱਜੜ ਕੇ ਵਸਣਾ ਜਾਣਦੇ ਹਨ। ਇਹਨਾਂ ਨੇ ਆਪਣੇ ਸੂਬੇ ਤੋਂ ਬਾਹਰ ਰਾਜਸਥਾਨ ਦੇ ਟਿੱਬਿਆਂ ਨੂੰ ਪੱਧਰ ਕੀਤਾ। ਯੂ.ਪੀ ਦੇ ਜੰਗਲਾਂ ਨੂੰ ਕੱਟਦਿਆਂ, ਜ਼ਮੀਨਾਂ ਨੂੰ ਆਬਾਦ ਕਰਕੇ ਆਪਣੀ ਧਾਂਕ ਜਮਾਈ ਕਲਕੱਤੇ ਦੀ ਟਰਾਂਸਪੋਰਟ ਅਤੇ ਹੋਟਲਾਂ ਦੇ ਕਾਰੋਬਾਰ ਵਿੱਚ ਮੱਲਾਂ ਮਾਰੀਆਂ। ਦੇਸ਼-ਵਿਦੇਸ਼ ਵਿੱਚ ਪੰਜਾਬੀਆਂ ਨੇ ਜਿਸ ਕੰਮ ਨੂੰ ਵੀ ਹੱਥ ਪਾਇਆ, ਸਫ਼ਲਤਾ ਨੇ ਉਨ੍ਹਾਂ ਦੇ ਕਦਮ ਚੁੰਮੇ। ਸਾਡੇ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਗੁਰਬਾਣੀ ਨੇ ਸਾਨੂੰ “ਕਿਰਤ ਕਰੋ” ਦਾ ਉਪਦੇਸ਼ ਦਿੱਤਾ ਹੈ। ਉਹਨਾਂ ਆਪਣੀ ਕਥਨੀ ਨੂੰ ਕਰਨੀ ਦਾ ਰੂਪ ਦੇ ਕੇ ਬੁਢਾਪੇ ਵਿੱਚ ਕਰਤਾਰਪੁਰ ਵਿਖੇ ਹਲ ਚਲਾਇਆ। ਗੁਰੂ ਜੀ ਨੇ ਵਿਹਲੜ ਮਲਕ ਭਾਗੋ ਦੀ ਥਾਂ ਕਾਮੇ ਭਾਈ ਲਾਲੋ ਦੀ ਰੁੱਖੀ-ਮਿੱਸੀ ਖਾਧੀ। ਗੁਰੂ ਗੋਬਿੰਦ ਸਿੰਘ ਜੀ ਨੇ ਨਿਕੰਮੇ ਲੜਕੇ ਹੱਥੋਂ ਪਾਣੀ ਦਾ ਗਿਲਾਸ ਨਹੀਂ ਸੀ ਪੀਤਾ। ਪੰਜਾਬੀਆਂ ਨੂੰ ਕਿਰਤ ਕਰਨ ਦੀ ਸਿੱਖਿਆ ਵਿਰਸੇ ਵਿੱਚੋਂ ਮਿਲੀ ਹੈ।

ਅਜੋਕੇ ਸਮੇਂ ਵਿੱਚ ਵਿੱਚ ਕਿਰਤ ਕਰਨ ਦੀ ਥਾਂ ਵਿਹਲੜੇਪੁਣੇ ਦਾ ਰੁਝਾਨ ਭਾਰੂ ਹੋ ਰਿਹਾ ਹੈ। ਖੇਤੀ ਦਾ ਮਸ਼ੀਨੀਕਰਨ ਹੋਣ ਕਰ ਕੇ ਮਹੀਨਿਆਂ ਦਾ ਕੰਮ ਦਿਨਾਂ ਤੇ ਘੰਟਿਆਂ ਵਿੱਚ ਖ਼ਤਮ ਹੋਣ ਕਰ ਕੇ ਇੱਥੋਂ ਦਾ ਨੌਜਵਾਨ ਵਿਹਲਾ ਹੋ ਰਿਹਾ ਹੈ। ਜੇ ਉਹ ਅੱਧੀ ਰਾਤੀਂ ਉੱਠ ਕੇ ਹਲ ਨਹੀਂ ਜੋੜਦਾ ਤਾਂ ਉਸ ਦੀ ਸੁਆਣੀ ਖੇਤੀਂ ਭੱਤਾ ਭੀ ਨਹੀਂ ਲੈ ਕੇ ਜਾਂਦੀ। ਖੇਤੀ ਕਰਨੀ (ਮੋਟਰ ਦਾ ਬਟਨ ਦਬਾਉਣ ਜਾਂ ਸਵੈ-ਚਾਲਕ ਯੰਤਰ ਹਨ), ਡੰਗਰਾਂ ਦੀ ਸਾਂਭ-ਸੰਭਾਲ, ਧਾਰਾਂ ਕੱਢਣੀਆਂ ਆਦਿ ਸਭ ਕੰਮ ਦੂਸਰੇ ਸੂਬਿਆਂ ਤੋਂ ਆਏ ਕਿਰਤੀਆਂ ਨੇ ਸੰਭਾਲ ਲਏ ਹਨ।

ਪਿੰਡਾਂ ਤੱਕ ਗੈਸੀ ਚੁੱਲ੍ਹੇ ਪਹੁੰਚਣ ਕਾਰਨ ਰਸੋਈ ਦਾ ਕੰਮ ਬਹੁਤ ਘਟ ਗਿਆ ਹੈ। ਔਰਤਾਂ ਦੇ ਸਰੀਰ ਦੀ ਕਸਰਤ ਵਾਲਾ ਦੁੱਧ ਰਿੜਕਣ ਦਾ ਕੰਮ ਦੋਧੀਆਂ ਨੇ ਮੁਕਾ ਦਿੱਤਾ ਹੈ। ਉਹ ਇਸ ਫ਼ਾਲਤੂ ਸਮੇਂ ਵਿੱਚ ਸਿਲਾਈ-ਕਢਾਈ ਜਿਹੇ ਕੰਮਾਂ ਨੂੰ ਤਿਲਾਂਜਲੀ ਦੇ ਕੇ ਗੁਆਂਢਣ ਨਾਲ ਗੱਪਾਂ ਮਾਰਨ, ਚੁਗਲੀਆਂ ਕਰਨ ਤੇ ਨੂੰਹ-ਸੱਸ ਦੇ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ ਕਰਨ ਵਾਲੇ ਸੀਰੀਅਲ ਵੇਖਣ ਨੂੰ ਤਰਜੀਹ ਦਿੰਦੀਆਂ ਹਨ, ਜਿਸ ਨਾਲ ਤਨ ਤੇ ਮਨ ਦੋਵੇਂ ਰੋਗੀ ਹੁੰਦੇ ਹਨ। ਅਜੋਕੀ ਪੰਜਾਬਣ ਸਿਰ ਤੇ ਗੋਹਾ ਚੁੱਕਣ, ਪਾਥੀਆਂ ਪੱਥ ਕੇ ਗਹੀਰੇ ਲਾਉਣ ਨੂੰ ਆਪਣੀ ਹੱਤਕ ਸਮਝਦੀ ਹੈ।

ਕਹਾਵਤ ਹੈ, ਵਿਹਲਾ ਮਨ ਸ਼ੈਤਾਨ ਦਾ ਘਰ। ਅੱਜ ਪੰਜਾਬੀ ਪੈਰਾਂ ’ਤੇ ਮਿੱਟੀ ਨਹੀਂ ਪੈਣ ਦਿੰਦਾ। ਸਾਦਗੀ ਉਸ ਦੇ ਜੀਵਨ ਵਿੱਚੋਂ ਮਨਫ਼ੀ ਹੋ ਚੁੱਕੀ ਹੈ। ਕੀਮਤੀ ਪੋਸ਼ਾਕ, ਮਹਿੰਗਾ ਮੋਬਾਈਲ, ਵੱਡਾ ਮੋਟਰ ਸਾਈਕਲ, ਮਹਿੰਗੀ ਵੱਡੀ ਕਾਰ, ਤਿੰਨ ਮੰਜ਼ਿਲੀ ਮਨ-ਲੁਭਾਉਣੀ ਕੋਠੀ ਨੂੰ ਉਹ ਮੁੱਢਲੀ ਲੋੜ ਸਮਝਦਾ ਹੈ। ਪ੍ਰੰਤੂ ਹੱਥੀਂ ਕਿਰਤ ਕਰੇ ਬਿਨਾਂ ਇੰਨੀ ਰਕਮ ਕਿੱਥੋਂ ਆਵੇ? ਫ਼ਲ-ਸਰੂਪ ਰਾਤੋ ਰਾਤ ਅਮੀਰ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉਹ ਬੇਈਮਾਨੀ, ਠੱਗੀ, ਚੋਰੀ ਤੇ ਲੁੱਟ-ਖੋਹ ਜਿਹੇ ਹੱਥਕੰਡੇ ਅਪਣਾਉਣ ਲੱਗ ਪਿਆ ਹੈ। ਵਿਹਲਣਪੁਣਾ ਉਸ ਨੂੰ ਨਸ਼ਿਆਂ ਵੱਲ ਧੱਕ ਰਿਹਾ ਹੈ। ਸ਼ੁਰੂ ਤੋਂ ਹੀ ਆਪਣੇ ਬੱਚੇ ਨੂੰ ਹੱਥੀਂ ਕੰਮ ਕਰਨ ਦੀ ਆਦਤ ਨਾ ਪਾਉਣ ਜਾਂ ਪ੍ਰੇਰਨਾ ਨਾ ਦੇਣ ਵਾਲੇ ਮਾਪੇ ਵੀ ਉਸਦੇ ਨਿਕੰਮੇਪਣ ਲਈ ਬਰਾਬਰ ਦੇ ਜ਼ਿੰਮੇਵਾਰ ਹਨ।

ਅੰਗਰੇਜ਼ੀ ਰਾਜ ਸਮੇਂ ਦੀ ਚਿੱਟ ਕੱਪੜੀਏ ਕਲਰਕ ਪੈਦਾ ਕਰਨ ਵਾਲੀ ਅਜੋਕੀ ਸਿੱਖਿਆ ਨੀਤੀ ਦਿਨੋਂ ਦਿਨ ਵਧ ਰਹੀ ਬੇਰੋਕ ਅਬਾਦੀ ਦੇ ਮੁਕਾਬਲੇ ਫੇਲ ਹੋ ਚੁੱਕੀ ਹੈ। ਸਰਕਾਰੀ ਨੌਕਰੀਆਂ ਘਟ ਰਹੀਆਂ ਹਨ। ਅਜਿਹੀ ਨੌਕਰੀ ਨਾ ਮਿਲਣ ਦੀ ਸੂਰਤ ਵਿੱਚ ਪੰਜਾਬੀ ਗੱਭਰੂ ਕੱਪੜੇ ਤੇ ਹੱਥ ਮੂੰਹ ਕਾਲੇ ਕਰਨ ਵਾਲੇ ਦਸਤਕਾਰੀ ਦੇ ਕੰਮ ਕਰਨ ਤੋਂ ਹਿਚਕਚਾਉਂਦਾ ਹੈ। ਸੌ ਪਾਪੜ ਵੇਲ ਕੇ ਜਿਸ ਵਿਰਲੇ ਨੂੰ ਅਜਿਹਾ ਰੋਜ਼ਗਾਰ ਮਿਲ ਜਾਂਦਾ ਹੈ, ਉਹ ਕੁਰਸੀ ਤੇ ਵਿਹਲਾ ਬੈਠ ਕੇ ਤਨਖ਼ਾਹ ਲੈਣੀ ਆਪਣਾ ਹੱਕ ਸਮਝਦਾ ਹੈ। ਸੇਵਾਦਾਰ ਤੋਂ ਉੱਚ ਅਧਿਕਾਰੀ ਤੱਕ ਕੋਈ ਵੀ ਨੇਕ ਨੀਅਤੀ ਨਾਲ ਆਪਣਾ ਫ਼ਰਜ਼ ਅਦਾ ਕਰਨ ਲਈ ਰਾਜ਼ੀ ਨਹੀਂ। ਉਸਦੇ ਮਨ ਵਿੱਚ ਭ੍ਰਿਸ਼ਟਾਚਾਰ ਦੀ ਰੁਚੀ ਜਨਮ ਲੈ ਲੈਂਦੀ ਹੈ। ਨਿਯਤ ਸਮੇਂ ’ਤੇ ਕੰਮ ’ਤੇ ਜਾਣਾ ਤੇ ਨਿਯਤ ਸਮੇਂ ’ਤੇ ਕੰਮ ਤੋਂ ਆਉਣਾ ਉਸ ਦੇ ਅਸੂਲਾਂ ਦੇ ਉਲਟ ਹੈ। ਸਾਡੇ ਚੁਣੇ ਹੋਏ ਲੋਕ ਨੁਮਾਇੰਦਿਆਂ (ਵਿਧਾਇਕ, ਸੰਸਦ ਮੈਂਬਰ, ਵਜ਼ੀਰ ਆਦਿ) ਤੱਕ ਦੇ ਦਫ਼ਤਰੋਂ ਲੇਟ ਜਾਂ ਗ਼ੈਰ-ਹਾਜ਼ਰ ਹੋਣ ਦੀਆਂ ਖ਼ਬਰਾਂ ਅਸੀਂ ਅਕਸਰ ਹੀ ਪੜ੍ਹਦੇ ਰਹਿੰਦੇ ਹਾਂ। ਹੋਰ ਤਾਂ ਛੱਡੋ, ਘਰੇਲੂ ਨੌਕਰ ਭੀ ਤਹਿ ਦਿਲੋਂ ਆਪਣੇ ਕਿੱਤੇ ਨੂੰ ਸਮਰਪਿਤ ਨਹੀਂ ... ਹਰ ਇੱਕ ਆਪਣੇ ਕੰਮ ਤੋਂ ਜੀਅ ਚੁਰਾਉਂਦਾ ਹੈ। ਹਰ ਕੋਈ “ਕੰਮ ਘੱਟ ਤੇ ਤਨਖ਼ਾਹ ਵੱਧ” ਦੀ ਇੱਛਾ ਰੱਖਦਾ ਹੈ। ਉੱਚ-ਯੋਗਤਾ ਪ੍ਰਾਪਤ ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਜਿਸ ਕੰਮ ਨੂੰ ਪੰਜਾਬ ਵਿਚ ਹੇਚ ਸਮਝਦੇ ਹਨ, ਉਸੇ ਨੂੰ ਵਿਦੇਸ਼ਾ ਵਿੱਚ ਹੱਸ-ਹੱਸ ਕੇ ਕਰਦੇ ਹਨ, ਕਿਉਂਕਿ ਉੱਥੇ ਕੰਮ ਹੀ ਪ੍ਰਧਾਨ ਤੇ ਸ਼ਾਨ ਹੈ। ਇੱਧਰ ਪੰਜਾਬ ਦਾ ਵਿਹਲੜ ਪੁੱਤ ਲੱਚਰ ਗਾਇਕੀ ਦੇ ਅਖਾੜੇ ਸੁਣਨ ਲਈ ਸੈਂਕੜੇ ਕੋਹਾਂ ਦਾ ਪੈਂਡਾ ਮਾਰ ਕੇ ਸਮੇਂ ਅਤੇ ਧਨ ਦੀ ਬਰਬਾਦੀ ਕਰਦਾ ਹੈ ਜਾਂ ਚਿੱਟਾ ਕੁੜਤਾ ਪਜਾਮਾ ਪਹਿਨ ਕੇ ਰਾਜਸੀ ਪਾਰਟੀਆਂ ਦੀਆਂ ਰੈਲੀਆਂ ਵਿੱਚ ਸ਼ਾਮਲ ਹੋ ਕੇ ਸੜਕਾਂ ਦੀ ਧੂੜ ਚੱਟਦਾ, ਮਾਪਿਆਂ ਉੱਪਰ ਬੋਝ ਬਣਦਾ ਹੈ। ਚੋਣਾਂ ਸਮੇਂ ਸਿਆਸਤਦਾਨਾਂ ਵੱਲੋਂ ਵਰਤਾਏ ਜਾਂਦੇ ਕੁਝ ਦਿਨਾਂ ਦੇ ਨਸ਼ੇ ਖਾ ਕੇ ਪੱਕਾ ਅਮਲੀ ਬਣ ਜਾਂਦਾ ਹੈ। ਆਪਣੀ ਦੋ ਏਕੜ ਤੱਕ ਦੀ ਜ਼ਮੀਨ ਵੀ ਹੱਥ ਮੈਲੇ ਹੋਣ ਤੋਂ ਬਚਣ ਲਈ ਉਸ ਨੂੰ ਠੇਕੇ (ਮਾਮਲੇ) ’ਤੇ ਦੇ ਕੇ ਮੌਜਾਂ ਮਾਣਦਾ ਹੈ।

ਛੋਟੇ ਦੁਕਾਨਦਾਰ ਤੋਂ ਲੈ ਕੇ ਵਪਾਰੀ ਦੇ ਪੁੱਤਰ ਤੱਕ ਹਰ ਇੱਕ ਆਪਣੇ ਪਿਤਾ-ਪੁਰਖੀ ਕੰਮ ਤੋਂ ਟਾਲਾ ਵੱਟ ਰਿਹਾ ਹੈ। ਕਿਰਤ ਸੱਭਿਆਚਾਰ ਖ਼ਤਮ ਹੋਣ ਦੇ ਕਿਨਾਰੇ ’ਤੇ ਹੋਣ ਕਾਰਨ ਪੰਜਾਬ ਦੇ ਵਿਕਾਸ ਦੀ ਥਾਂ ਇਸ ਦਾ ਵਿਨਾਸ਼ ਹੋ ਰਿਹਾ ਹੈ। ਜੇ ਕਰ ਅਸੀਂ ਹਾਲੇ ਭੀ ਆਪਣੇ ਕੰਮ ਤੋਂ ਮੁੱਖ ਮੋੜਨ ਵਾਲੇ ਸੁਭਾਅ ਤੋਂ ਵਾਪਸ ਨਾ ਪਰਤੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੇਰਾ ਰੰਗਲਾ ਪੰਜਾਬ “ਕੰਗਲਾ ਪੰਜਾਬ” ਅਖਵਾਉਣ ਲੱਗ ਪਵੇਗਾ। ਅਜੇ ਭੀ ਸੰਭਲਣ ਦਾ ਵੇਲਾ ਹੈ। ਆਓ ਆਪਾਂ ਸਭ ਵਿਹਲੜਪੁਣਾ ਤਿਆਗ ਕੇ ਕਿਰਤ ਕਰਨ ਦੇ ਰਾਹ ਪਈਏ।

*****

(859)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਾ. ਬੋਹੜ ਸਿੰਘ ਮੱਲਣ

ਮਾ. ਬੋਹੜ ਸਿੰਘ ਮੱਲਣ

Sri Mukatsar Sahib, Punjab, India.
Phone: (91 - 96461 - 41242)
Email: (gurpreetmallan7@gmail.com)