BalwinderKBansal7ਸੱਤਾ ਦੇ ਸਾਹਮਣੇ ਬੋਲਣਾ ਉਸ ਸਾਹਸ ਦਾ ਪ੍ਰਦਰਸ਼ਨ ਹੈ ਜਿਸਦਾ ਅਧਿਕਾਰ ਸੰਵਿਧਾਨ ਦਿੰਦਾ ਹੈ  ...
(7 ਅਕਤੂਬਰ 2017)

 

RavishKumar2ਸਤਿਕਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ,

ਆਸ ਹੀ ਨਹੀਂ ਸਗੋਂ ਪੂਰਾ ਵਿਸਵਾਸ਼ ਹੈ ਕਿ ਤੁਸੀਂ ਤੰਦਰੁਸਤ ਹੋਵੋਗੇ। ਮੈਂ ਹਮੇਸ਼ਾ ਤੁਹਾਡੀ ਚੰਗੀ ਸਿਹਤ ਲਈ ਸ਼ੁਭ ਕਾਮਨਾ ਕਰਦਾ ਹਾਂ। ਤੁਸੀਂ ਬੇਹੱਦ ਊਰਜਾ ਦੇ ਧਨੀ ਬਣੇ ਰਹੋ ਇਸਦੀ ਅਰਦਾਸ ਕਰਦਾ ਹਾਂ। ਚਿੱਠੀ ਦਾ ਮੰਤਵ ਸੀਮਤ ਹੈ। ਜਿਵੇਂ ਕਿ ਸਾਰੇ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਦੇ ਮੰਚ ’ਤੇ ਭਾਸ਼ਾਈ ਸਲੀਕੇ ਨੂੰ ਕੁਚਲਿਆ ਜਾ ਰਿਹਾ ਹੈ। ਇਸ ਵਿਚ ਤੁਹਾਡੀ ਅਗਵਾਈ ਵਿਚ ਚੱਲਣ ਵਾਲੇ ਸੰਗਠਨਾਂ ਦੇ ਮੈਂਬਰ, ਹਮਾਇਤੀਆਂ ਤੋਂ ਇਲਾਵਾ ਵਿਰੋਧੀਆਂ ਦੇ ਸੰਗਠਨ ਅਤੇ ਮੈਂਬਰ ਵੀ ਸ਼ਾਮਲ ਹਨ। ਇਸ ਵਰਤਾਰੇ ਅਤੇ ਨਿਘਾਰ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਦੁੱਖ ਦੀ ਗੱਲ ਹੈ ਕਿ ਬੇਹੂਦਾ ਭਾਸ਼ਾ ਵਰਤਣ ਅਤੇ ਧਮਕੀਆਂ ਦੇਣ ਵਾਲੇ ਕੁਝ ਲੋਕਾਂ ਨੂੰ ਤੁਸੀਂ ਟਵਿਟਰ ’ਤੇ ਫੌਲੋ ਕਰਦੇ ਹੋ। ਜਨਤਕ ਤੌਰ ’ਤੇ ਉਜਾਗਰ ਹੋਣ ਅਤੇ ਵਿਵਾਦ ਹੋਣ ਤੋਂ ਬਾਅਦ ਵੀ ਫੌਲੋ ਕਰਦੇ ਹੋ। ਭਾਰਤ ਦੇ ਪ੍ਰਧਾਨ ਮੰਤਰੀ ਦੀ ਸੋਹਬਤ ਵਿੱਚ ਅਜਿਹੇ ਲੋਕ ਹੋਣ ਇਹ ਨਾ ਤਾਂ ਤੁਹਾਨੂੰ ਸ਼ੋਭਾ ਦਿੰਦਾ ਹੈ ਅਤੇ ਨਾ ਹੀ ਤੁਹਾਡੇ ਅਹੁਦੇ ਦੀ ਸ਼ਾਨ ਨੂੰ। ਕਿਸੇ ਖਾਸ ਯੋਗਤਾ ਦੇ ਕਾਰਣ ਹੀ ਤੁਸੀਂ ਕਿਸੇ ਨੂੰ ਫੌਲੋ ਕਰਦੇ ਹੋਵੋਗੇ। ਮੈਨੂੰ ਪੂਰੀ ਉਮੀਦ ਹੈ ਕਿ ਧਮਕਾਉਣ, ਗਾਲਾਂ ਕੱਢਣ ਅਤੇ ਅੱਤ ਦਰਜੇ ਦੀਆਂ ਫਿਰਕੂ ਗੱਲਾਂ ਕਰਨ ਨੂੰ ਤੁਸੀਂ ਫੌਲੋ ਕਰਨ ਦੀ ਯੋਗਤਾ ਨਹੀਂ ਮੰਨਦੇ ਹੋਵੋਗੇ।

ਤੁਹਾਡੇ ਰੁਝੇਵੇਂ ਸਮਝ ਸਕਦਾ ਹਾਂ ਪਰ ਤੁਹਾਡੀ ਟੀਮ ਇਹ ਯਕੀਨੀ ਬਣਾ ਸਕਦੀ ਹੈ ਕਿ ਤੁਸੀਂ ਅਜਿਹੇ ਕਿਸੇ ਸਖਸ਼ ਨੂੰ ਟਵਿਟਰ ’ਤੇ ਫੌਲੋ ਨਾ ਕਰੋ। ਇਹ ਲੋਕ ਤੁਹਾਡੀ ਸ਼ਾਨ ਨੂੰ ਧੱਬਾ ਲਾ ਰਹੇ ਹਨ। ਭਾਰਤ ਦੀ ਜਨਤਾ ਨੇ ਤੁਹਾਨੂੰ ਬੇਹੱਦ ਪਿਆਰ ਦਿੱਤਾ ਹੈ, ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਸ ਤੋਂ ਮੰਗ ਸਕਦੇ ਹੋ, ਉਹ ਖੁਸ਼ੀ ਖੁਸ਼ੀ ਦੇ ਦੇਵੇਗੀ। ਪਰ ਇਹ ਸ਼ੋਭਾ ਨਹੀਂ ਦਿੰਦਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਅਜਿਹੇ ਲੋਕਾਂ ਨੂੰ ਫੌਲੋ ਕਰੇ ਜੋ ਅਲੋਚਕਾਂ ਦੇ ਜਿਉਂਦੇ ਹੋਣ ’ਤੇ ਦੁੱਖ ਪ੍ਰਗਟ ਕਰਦੇ ਹੋਣ।

ਅੱਜ ਜਦੋਂ ਤੋਂ altnews.in ’ਤੇ ਪੜ੍ਹਿਆ ਹੈ ਕਿ, ‘ਓਮ ਧਰਮ ਰਖਸ਼ਤਿ ਰਖਸ਼ਿਤ: ‘ਨਾਂ ਦੇ ਵਟਸਐੱਪ ਗਰੁੱਪ ਵਿਚ ਜਿਹੜੇ ਲੋਕ ਮੈਨੂੰ ਕੁਝ ਮਹੀਨਿਆਂ ਤੋਂ ਗੰਦੀਆਂ ਗਾਲਾਂ ਕੱਢ ਰਹੇ ਸਨ, ਧਮਕੀਆਂ ਦੇ ਰਹੇ ਸਨ, ਫਿਰਕੂ ਗੱਲਾਂ ਕਰ ਰਹੇ ਸਨ, ਮੇਰੇ ਵਰਗੇ ਸਰਵੋਤਮ ਦੇਸ਼ ਭਗਤ ਅਤੇ ਦੂਸਰੇ ਪੱਤਰਕਾਰਾਂ ਨੂੰ ਅੱਤਵਾਦੀ ਕਹਿ ਰਹੇ ਹਨ, ਉਹਨਾਂ ਵਿੱਚੋਂ ਕੁਝ ਕੁ ਨੂੰ ਤੁਸੀਂ ਟਵਿਟਰ ’ਤੇ ਫੌਲੋ ਕਰਦੇ ਹੋ, ਮੈਂ ਡਰ ਗਿਆ ਹਾਂ। ਪ੍ਰਧਾਨ ਮੰਤਰੀ ਜੀ, ਇਸ ਵਟਸਐਪ ਗਰੁੱਪ ਵਿਚ ਮੈਨੂੰ ਅਤੇ ਕੁਝ ਪੱਤਰਕਾਰਾਂ ਨੂੰ ਲੈ ਕੇ ਜਿਹੋ ਜਿਹੀ ਬੇਹੂਦਾ ਭਾਸ਼ਾ ਵਰਤੀ ਗਈ ਹੈ ਜੇ ਉਹ ਮੈਂ ਪੜ੍ਹ ਦੇਵਾਂ ਤਾਂ ਸੁਣਨ ਵਾਲੇ ਕੰਨ ਬੰਦ ਕਰ ਲੈਣਗੇ। ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਸਖ਼ਤ ਆਲੋਚਨਾ ਦੇ ਬਾਵਜੂਦ ਵੀ ਤੁਹਾਡਾ ਲਿਹਾਜ਼ ਕਰਾਂ। ਔਰਤ ਪੱਤਰਕਾਰਾਂ ਦੀ ਸ਼ਾਨ ਵਿੱਚ ਜਿਸ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਸ਼ਰਮਨਾਕ ਹੈ।

ਸੋਸ਼ਲ ਮੀਡੀਆ ’ਤੇ ਤੁਹਾਡੇ ਲਈ ਵੀ ਬੇਹੂਦਾ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸਦਾ ਮੈਨੂੰ ਵਾਕਈ ਅਫ਼ਸੋਸ ਹੈ। ਪਰ ਇੱਥੇ ਮਾਮਲਾ ਤੁਹਾਡੇ ਵਲੋਂ ਅਜਿਹੇ ਲੋਕਾਂ ਦਾ ਹੈ ਜੋ ਮੇਰੇ ਵਰਗੇ ਇੱਕਲੇ ਪੱਤਰਕਾਰ ਨੂੰ ਧਮਕੀਆਂ ਦਿੰਦੇ ਰਹਿੰਦੇ ਹਨ। ਜਦੋਂ ਵੀ ਇਸ ਵਟਸਐਪ ਗਰੁੱਪ ਵਿੱਚੋਂ ਵੱਖ ਹੋਣ ਦਾ ਯਤਨ ਕੀਤਾ, ਫੜੋ ਇਸ ਨੂੰ, ਦੌੜ ਰਿਹਾ ਹੈ, ਮਾਰੋ ਇਸ ਨੂੰ ਵਰਗੀ ਭਾਸ਼ਾ ਦਾ ਇਸਤੇਮਾਲ ਕਰਕੇ ਦੁਬਾਰਾ ਉਸ ਗਰੁੱਪ ਵਿਚ ਜੋੜ ਦਿੱਤਾ ਗਿਆ।

ਰਾਜਨੀਤੀ ਨੇ ਸੋਸ਼ਲ ਮੀਡੀਆ ਅਤੇ ਸੜਕਾਂ ਉੱਤੇ ਜੋ ਭੀੜ ਤਿਆਰ ਕੀਤੀ ਹੈ, ਇਕ ਦਿਨ ਸਮਾਜ ਲਈ, ਖਾਸ ਕਰਕੇ ਔਰਤਾਂ ਲਈ ਵੱਡੀ ਚੁਣੌਤੀ ਬਣ ਜਾਵੇਗੀ। ਇਹਨਾਂ ਦੀਆਂ ਗਾਲਾਂ ਔਰਤ ਵਿਰੋਧੀ ਹੁੰਦੀਆਂ ਹਨ। ਇੰਨੀਆਂ ਫਿਰਕੂ ਹੁੰਦੀਆਂ ਹਨ ਕਿ ਤੁਸੀਂ ਤਾਂ ਬਿਲਕੁਲ ਬਰਦਾਸ਼ਤ ਨਹੀਂ ਕਰੋਗੇ। ਵੈਸੇ ਵੀ 2022 ਤੱਕ ਭਾਰਤ ਵਿੱਚੋਂ ਫਿਰਕਾਪ੍ਰਸਤੀ ਮਿਟਾਉਣਾ ਚਾਹੁੰਦੇ ਹੋ। 15 ਅਗਸਤ ਦੇ ਤੁਹਾਡੇ ਭਾਸ਼ਣ ਦਾ ਵੀ ਇਹਨਾਂ ’ਤੇ ਕੋਈ ਅਸਰ ਨਹੀਂ ਹੋਇਆ ਅਤੇ ਉਹ ਵਾਰ ਵਾਰ ਮੈਨੂੰ ਧਮਕੀਆਂ ਦਿੰਦੇ ਰਹੇ ਹਨ।

ਹੁਣ ਮੇਰਾ ਤੁਹਾਨੂੰ ਇਕ ਸਵਾਲ ਹੈ, ਕੀ ਤੁਸੀਂ ਵਾਕਈ ਹੀ ਨੀਰਜ ਦਵੇ ਅਤੇ ਨਿਖਿਲ ਦਧੀਚ ਨੂੰ ਫੌਲੋ ਕਰਦੇ ਹੋ? ਕਿਉਂ ਕਰਦੇ ਹੋ? ਕੁਝ ਦਿਨ ਪਹਿਲਾਂ ਮੈਂ ਇਹਨਾਂ ਦੇ ਵਟਸਐੱਪ ਗਰੁੱਪ ਦੇ ਸਕਰੀਨ ਸ਼ਾਟ ਆਪਣੇ ਫੇਸਬੁਕ ਪੇਜ਼ @RavishKaPage ਜ਼ਾਹਿਰ ਕਰ ਦਿੱਤੇ ਸਨ।  altnews.in ਦੇ ਪ੍ਰਤੀਕ ਸਿਨਹਾ ਅਤੇ ਨੀਲੇਸ਼ ਪ੍ਰੋਹਿਤ ਦੀ ਪੜਤਾਲ ਦੱਸਦੀ ਹੈ ਕਿ ਗਰੁੱਪ ਦਾ ਮੈਂਬਰ ਨੀਰਜ ਦਵੇ ਰਾਜਕੋਟ ਦਾ ਰਹਿਣ ਵਾਲਾ ਹੈ ਅਤੇ ਇਕ ਐਕਸਪੋਰਟ ਕੰਪਨੀ ਦਾ ਪ੍ਰਬੰਧ ਨਿਰਦੇਸ਼ਕ ਹੈ। ਨੀਰਜ ਦਵੇ ਨੂੰ ਤੁਸੀਂ ਫੌਲੋ ਕਰਦੇ ਹੋ। ਜਦੋਂ ਮੈਂ ਲਿਖਿਆ ਕਿ ਇੰਨੀ ਬੇਹੂਦਾ ਭਾਸ਼ਾ ਦਾ ਇਸਤੇਮਾਲ ਨਾ ਕਰੋ ਤਾਂ ਲਿਖਦਾ ਹੈ ਕਿ ਮੈਨੂੰ ਦੁੱਖ ਹੈ ਕਿ ਤੂੰ ਅਜੇ ਤੱਕ ਜਿਉਂਦਾ ਏਂ।

ਵਟਸਐਪ ਗਰੁੱਪ ਦੇ ਇਕ ਹੋਰ ਮੈਂਬਰ ਨਿਖਿਲ ਦਧੀਚ ਬਾਰੇ ਕਿੰਨਾ ਕੁਝ ਲਿਖਿਆ ਗਿਆ। ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਹੋਇਆ, ਉਦੋਂ ਨਿਖਲ ਦਧੀਚ ਨੇ ਉਹਨਾਂ ਬਾਰੇ ਜੋ ਕੁਝ ਕਿਹਾ ਉਹ ਤੁਸੀਂ ਕਦੇ ਪਸੰਦ ਨਹੀਂ ਕਰੋਗੇ, ਇਹ ਵੱਖਰੀ ਗੱਲ ਹੈ ਕਿ ਤੁਸੀਂ ਉਸ ਸਖਸ਼ ਨੂੰ ਅਜੇ ਤੱਕ ਫੌਲੋ ਕਰ ਰਹੇ ਹੋ। ਜੇ ਮੇਰੀ ਜਾਣਕਾਰੀ ਸਹੀ ਹੈ ਤਾਂ ਹੁਣੇ ਜਿਹੇ ਬੀ ਜੇ ਪੀ ਦੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਗ਼ਲਤ ਤਰੀਕੇ ਨਾਲ ਐਡਿਟ ਕੀਤੀ ਹੋਈ ਮੇਰੇ ਭਾਸ਼ਣ ਦੀ ਵੀਡੀਓ ਸ਼ੇਅਰ ਕੀਤੀ ਸੀ। ਇਸ ਨਾਲ ਭਰਮ ਫੈਲਿਆ।  altnews.in ਨੇ ਉਸ ਨੂੰ ਵੀ ਉਜਾਗਰ ਕੀਤਾ ਪਰ ਅਮਿਤ ਮਾਲਵੀਆ ਨੇ ਅਫ਼ਸੋਸ ਤੱਕ ਨਹੀਂ ਜਿਤਾਇਆ।

ਪਰ ਸ੍ਰੀਮਾਨ ਜੀ ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਇਹ ਨਿਖਿਲ ਦਧੀਚ ਮੇਰੇ ਮੋਬਾਇਲ ਫੋਨ ਵਿਚ ਆ ਬੈਠਾ ਹੈ। ਅੱਤ ਫਿਰਕੂ ਵਟਸਐਪ ਗਰੁੱਪ ਦਾ ਮੈਂਬਰ ਹੈ, ਜਿਸ ਵਿਚ ਮੈਨੂੰ ਜ਼ਬਰਦਸਤੀ ਜੋੜਿਆ ਜਾਂਦਾ ਹੈ। ਜਿੱਥੇ ਮੇਰੇ ਖ਼ਿਲਾਫ਼ ਹਿੰਸਕ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਵਾਕਈ ਹੀ ਮੈਂ ਇਹ ਨਹੀਂ ਸੋਚਿਆ ਸੀ ਕਿ ਇਸ ਵਟਸਐਪ ਗਰੁੱਪ ਦੇ ਤਾਰ ਤੁਹਾਡੇ ਤੱਕ ਪਹੁੰਚਣਗੇ। ਕਾਸ਼! ਇਹ ਪੜਤਾਲ ਗ਼ਲਤ ਹੋਵੇ। ਨਿਖਿਲ ਦਧੀਚ ਦੀਆਂ ਤਾਂ ਤੁਹਾਡੇ ਕਈ ਮੰਤਰੀਆਂ ਨਾਲ ਤਸਵੀਰਾਂ ਹਨ।

ਇਹ ਹੀ ਨਹੀਂ ‘ਓਮ ਧਰਮ ਰਖਸ਼ਤਿ ਰਖਸ਼ਿਤ: ’ ਗਰੁੱਪ ਦੇ ਕਈ ਐਡਮਿਨ ਹਨ। ਕੁਝ ਐਡਮਿਨ ਦੇ ਨਾਂ RSS, RSS-2  ਰੱਖੇ ਗਏ ਹਨ। ਇਕ ਐਡਮਿਨ ਦਾ ਨਾਂ ਆਕਾਸ਼ ਸੋਨੀ ਹੈ। ਭਾਰਤ ਦੀ ਦੂਸਰੀ ਮਹਿਲਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਜੀ, ਸਿਹਤ ਮੰਤਰੀ ਜੇਪੀ ਨੱਢਾ ਜੀ ਅਤੇ ਦਿੱਲੀ ਬੀ ਜੇ ਪੀ ਦੇ ਪ੍ਰਧਾਨ ਮਨੋਜ ਤਿਵਾਰੀ ਨਾਲ ਆਕਾਸ਼ ਸੋਨੀ ਦੀਆਂ ਤਸਵੀਰਾਂ ਹਨ। ਤਸਵੀਰ ਕਿਸੇ ਦੀ ਵੀ ਕਿਸੇ ਦੇ ਨਾਲ ਹੋ ਸਕਦੀ ਹੈ। ਪਰ ਇਹ ਤਾਂ ਕਿਸੇ ਨੂੰ ਧਮਕਾਉਣ ਜਾਂ ਫਿਰਕੂ ਗੱਲਾਂ ਕਰਨ ਦਾ ਗਰੁੱਪ ਚਲਾਉਂਦਾ ਹੈ। ਤੁਹਾਡੇ ਬਾਰੇ ਕੋਈ ਲਿਖ ਦਿੰਦਾ ਹੈ ਤਾਂ ਉਸ ਵਟਸਐਪ ਗਰੁੱਪ ਦੇ ਐਡਮਿਨ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਮੈਂ ਅਜਿਹੀਆਂ ਕਈ ਖ਼ਬਰਾਂ ਪੜ੍ਹੀਆਂ ਹਨ।

ਕੀ ਆਕਾਸ਼ ਸੋਨੀ ਆਰ ਐੱਸ ਐੱਸ ਦਾ ਪ੍ਰਮੁੱਖ ਅਹੁਦੇਦਾਰ ਹੈ? ਆਕਾਸ਼ ਸੋਨੀ ਨੇ ਮੇਰੇ ਸਮੇਤ ਅਭਿਸਾਰ ਸ਼ਰਮਾ, ਰਾਜਦੀਪ ਸਰਦੇਸਾਈ ਅਤੇ ਬਰਖਾ ਦੱਤ ਦੇ ਫੋਨ ਨੰਬਰਾਂ ਨੂੰ ਆਪਣੇ ਪੇਜ਼ ’ਤੇ ਜਨਤਕ ਕੀਤਾ ਹੈ। altnews.in ਦੀ ਰਿਪੋਰਟ ਵਿਚ ਇਹ ਗੱਲ ਦੱਸੀ ਗਈ ਹੈ। ਪਹਿਲਾਂ ਵੀ ਤੁਹਾਡੀ ਅਗਵਾਈ ਵਿਚ ਚੱਲਣ ਵਾਲੇ ਸੰਗਠਨ ਦੇ ਨੇਤਾਵਾਂ ਨੇ ਮੇਰਾ ਫੋਨ ਨੰਬਰ ਜਨਤਕ ਕੀਤਾ ਹੈ ਅਤੇ ਮੈਨੂੰ ਧਮਕੀਆਂ ਮਿਲੀਆਂ ਹਨ। ਮੈਂ ਪਰੇਸ਼ਾਨ ਤਾਂ ਹੋਇਆ ਪਰ ਤੁਹਾਨੂੰ ਚਿੱਠੀ ਨਹੀਂ ਲਿਖੀ। ਇਸ ਵਾਰ ਲਿਖ ਰਿਹਾ ਹਾਂ ਕਿਉਂਕਿ ਮੈਂ ਜਾਨਣਾ ਚਾਹੁੰਦਾ ਹਾਂ ਅਤੇ ਤੁਸੀਂ ਵੀ ਪਤਾ ਕਰਵਾਓ ਕਿ ਕੀ ਇਸ ਵਟਸਐੱਪ ਗਰੁੱਪ ਦੇ ਲੋਕ ਮੇਰੀ ਜਾਨ ਲੈਣ ਦੀ ਹੱਦ ਤੱਕ ਜਾ ਸਕਦੇ ਹਨ? ਕੀ ਮੇਰੀ ਜਾਨ ਨੂੰ ਖ਼ਤਰਾ ਹੈ?

ਮੈਂ ਇਕ ਆਮ ਨਾਗਰਿਕ ਹਾਂ ਅਤੇ ਛੋਟਾ ਜਿਹਾ ਪਰ ਜਾਗਰੂਕ ਪੱਤਰਕਾਰ ਹਾਂ। ਜਿਸ ਬਾਰੇ ਅੱਜ-ਕੱਲ੍ਹ ਹਰ ਦੂਸਰਾ ਜਣਾ ਇਹ ਕਹਿ ਕੇ ਨਿਕਲ ਜਾਂਦਾ ਹੈ ਕਿ ਛੇਤੀ ਹੀ ਤੁਹਾਡੀ ਕਿਰਪਾ ਨਾਲ ਸੜਕ ’ਤੇ ਆਉਣ ਵਾਲਾ ਹਾਂ। ਪਿਛਲੇ ਦਿਨੀ ਸੋਸ਼ਲ ਮੀਡੀਆ ’ਤੇ ਇਸਦਾ ਜਸ਼ਨ ਵੀ ਮਨਾਇਆ ਗਿਆ ਕਿ ਹੁਣ ਮੇਰੀ ਨੌਕਰੀ ਜਾਵੇਗੀ। ਕਈਆਂ ਨੇ ਕਿਹਾ ਅਤੇ ਕਹਿੰਦੇ ਹਨ ਕਿ ਸਰਕਾਰ ਮੇਰੇ ਪਿੱਛੇ ਪਈ ਹੋਈ ਹੈ। ਹੁਣੇ ਜਿਹੇ ਹਿੰਦੋਸਤਾਨ ਟਾਈਮਜ਼ ਦੇ ਸੰਪਾਦਕ ਬੌਬੀ ਘੋਸ਼ ਨੂੰ ਤੁਹਾਡੀ ਨਾਪਸੰਦਗੀ ਦੇ ਕਾਰਣ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸਦੀ ਖਬਰ ਮੈਂ thewire.in  ਵਿਚ ਪੜ੍ਹੀ ਸੀ। ਕਹਿੰਦੇ ਹਨ ਕਿ ਹੁਣ ਮੇਰੀ ਵਾਰੀ ਹੈ। ਇਹ ਸਭ ਸੁਣ ਕੇ ਹਾਸਾ ਤਾਂ ਆਉਂਦਾ ਹੈ ਪਰ ਚਿੰਤਤ ਹੁੰਦਾ ਹਾਂ। ਮੇਰਾ ਯਕੀਨ ਕਰਨ ਨੂੰ ਦਿਲ ਨਹੀਂ ਕਰਦਾ ਕਿ ਤੁਹਾਡੇ ਵਰਗਾ ਤਾਕਤਵਰ ਪ੍ਰਧਾਨ ਮੰਤਰੀ ਇਕ ਪੱਤਰਕਾਰ ਦੀ ਨੌਕਰੀ ਖੋਹ ਸਕਦਾ ਹੈ। ਫਿਰ ਲੋਕ ਕਹਿੰਦੇ ਹਨ ਕਿ ਥੋੜ੍ਹੇ ਦਿਨਾਂ ਦੀ ਗੱਲ ਹੈ, ਦੇਖ ਲੈਣਾ, ਤੁਹਾਡਾ ਇੰਤਜ਼ਾਮ ਹੋ ਗਿਆ ਹੈ, ਕੀ ਅਜਿਹਾ ਹੈ ਸ੍ਰੀਮਾਨ ਜੀ?

ਅਜਿਹਾ ਹੋਣਾ ਮੇਰੇ ਲਈ ਵੱਡੇ ਭਾਗਾਂ ਦੀ ਗੱਲ ਹੈ। ਪਰ ਤੁਸੀਂ ਇੰਝ ਨਾ ਹੋਣ ਦੇਣਾ। ਮੇਰੇ ਲਈ ਨਹੀਂ, ਭਾਰਤ ਦੇ ਮਹਾਨ ਲੋਕਤੰਤਰ ਦੀ ਸ਼ਾਨ ਦੇ ਲਈ। ਨਹੀਂ ਤਾਂ ਲੋਕ ਕਹਿਣਗੇ ਕਿ ਜੇਕਰ ਮੇਰੀ ਆਵਾਜ਼ ਵੱਖਰੀ ਵੀ ਹੈ, ਤਲਖ਼ ਵੀ ਹੈ ਤਾਂ ਵੀ ਕੀ ਇਸ ਮਹਾਨ ਲੋਕਤੰਤਰ ਵਿਚ ਮੇਰੇ ਲਈ ਕੋਈ ਜਗ੍ਹਾ ਨਹੀਂ ਬਚੀ ਹੈ? ਪੱਤਰਕਾਰ ਦੀ ਨੌਕਰੀ ਖੋਹਣ ਦਾ ਇੰਤਜ਼ਾਮ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇ ਪੱਧਰ ’ਤੇ ਹੋਵੇਗਾ? ਅਜਿਹੇ ਕਿਆਫ਼ਿਆਂ ਨੂੰ ਮੈਂ ਵਟਸਐਪ ਗਰੁੱਪ ਵਿਚ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਨਾਲ ਜੋੜ ਕੇ ਦੇਖਦਾ ਹਾਂ। ਜੇਕਰ ਤੁਸੀਂ ਇਹਨਾਂ ਲੋਕਾਂ ਨੂੰ ਫੌਲੋ ਨਾ ਕਰਦੇ ਹੁੰਦੇ ਤਾਂ ਸੱਚਮੁੱਚ ਮੈਂ ਇਹ ਚਿੱਠੀ ਨਾ ਲਿਖਦਾ।

ਮੇਰੇ ਕੋਲ ਅਲਮੀਨੀਅਮ ਦਾ ਇਕ ਬਕਸਾ ਹੈ ਜਿਸ ਨੂੰ ਲੈ ਕੇ ਮੈਂ ਦਿੱਲੀ ਆਇਆ ਸੀ। ਇਹਨਾਂ 27 ਸਾਲਾਂ ਵਿਚ ਈਸ਼ਵਰ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਪਰ ਉਹ ਬਕਸਾ ਅੱਜ ਵੀ ਹੈ, ਮੈਂ ਉਸ ਬਕਸੇ ਨਾਲ ਮੋਤੀਹਾਰੀ ਵਾਪਸ ਜਾ ਸਕਦਾ ਹਾਂ। ਪਰ ਪਰਿਵਾਰ ਦੀ ਜਿੰਮੇਵਾਰੀ ਵੀ ਹੈ। ਰੁਜ਼ਗਾਰ ਦੀ ਚਿੰਤਾ ਕਿਸ ਨੂੰ ਨਹੀਂ ਹੁੰਦੀ। ਵੱਡੇ ਵੱਡੇ ਕਲਾਕਾਰ ਸੱਤਰ-ਪਝੱਤਰ ਸਾਲ ਦੇ ਹੋ ਕੇ ਵਿਗਿਆਪਨ ਕਰਦੇ ਰਹਿੰਦੇ ਹਨ ਤਾਂ ਕਿ ਪੈਸਾ ਕਮਾ ਸਕਣ। ਜਦੋਂ ਇੰਨੇ ਪੈਸੇ ਵਾਲਿਆਂ ਨੂੰ ਵੀ ਘਰ ਚਲਾਉਣ ਦੀ ਚਿੰਤਾ ਹੁੰਦੀ ਹੈ ਤਾਂ ਮੈਂ ਕਿਵੇਂ ਉਸ ਚਿੰਤਾ ਤੋਂ ਵੱਖ ਹੋ ਸਕਦਾ ਹਾਂ, ਮੈਨੂੰ ਵੀ ਹੈ।

ਤੁਸੀਂ ਮੇਰੇ ਬੱਚਿਆਂ ਨੂੰ ਸੜਕਾਂ ’ਤੇ ਨਹੀਂ ਦੇਖਣਾ ਚਾਹੋਗੇ। ਚਾਹੋਗੇ? ਮੇਰੇ ਨਾਲ ਇੰਨੀ ਨਫ਼ਰਤ? ਮੇਰੇ ਬੱਚੇ ਉਦੋਂ ਵੀ ਤੁਹਾਨੂੰ ਦੁਆਵਾਂ ਦੇਣਗੇ। ਮੈਨੂੰ ਸੜਕ ਨਾਲ ਪਿਆਰ ਹੈ, ਮੈਂ ਸੜਕ ’ਤੇ ਆ ਕੇ ਵੀ ਸਵਾਲ ਕਰਦਾ ਰਹਾਂਗਾ। ਚੰਪਾਰਨ ਆ ਕੇ ਬਾਪੂ ਨੇ ਇਹੀ ਤਾਂ ਮਿਸਾਲ ਦਿੱਤੀ ਸੀ ਕਿ ਸੱਤਾ ਕਿੰਨੀ ਵੱਡੀ ਹੋਵੇ, ਜਗ੍ਹਾ ਕਿੰਨੀ ਵੀ ਅਣਜਾਣ ਹੋਵੇ, ਨੈਤਿਕ ਬਲ ਨਾਲ ਕੋਈ ਵੀ ਉਸਦੇ ਸਾਹਮਣੇ ਖੜ੍ਹਾ ਹੋ ਸਕਦਾ ਹੈ। ਮੈਂ ਉਸ ਮਹਾਨ ਮਿੱਟੀ ਦਾ ਛੋਟਾ ਜਿਹਾ ਅੰਸ਼ ਹਾਂ।

ਮੈਂ ਕਿਸੇ ਨੂੰ ਡਰਾਉਣ ਲਈ ਸੱਚ ਨਹੀਂ ਬੋਲਦਾ। ਬਾਪੂ ਕਹਿੰਦੇ ਸੀ ਕਿ ਜਿਸ ਸੱਚ ਵਿਚ ਹੰਕਾਰ ਆ ਜਾਵੇ ਉਹ ਸੱਚ ਨਹੀਂ ਰਹਿ ਜਾਂਦਾ। ਮੈਂ ਆਪਣੇ ਆਪ ਨੂੰ ਹੋਰ ਆਜ਼ਜ਼ ਬਣਾਉਣ ਅਤੇ ਆਪਣੇ ਅੰਦਰੂਨੀ ਵਿਰੋਧਾਂ ਨੂੰ ਲੈ ਕੇ ਪਛਤਾਵਾ ਕਰਨ ਦੇ ਲਈ ਬੋਲਦਾ ਹਾਂ। ਜਦੋਂ ਮੈਂ ਬੋਲ ਨਹੀਂ ਸਕਦਾ, ਲਿਖ ਨਹੀਂ ਸਕਦਾ, ਤਾਂ ਉਸ ਸੱਚ ਨੂੰ ਲੈ ਕੇ ਜੂਝਦਾ ਰਹਿੰਦਾ ਹਾਂ। ਮੈਂ ਆਪਣੀਆਂ ਸਾਰੀਆਂ ਕਮਜ਼ੋਰੀਆਂ ਤੋਂ ਆਜ਼ਾਦ ਹੋਣ ਦੇ ਸੰਘਰਸ਼ ਵਿਚ ਹੀ ਉਹ ਗੱਲ ਕਹਿ ਦਿੰਦਾ ਹਾਂ ਜਿਸ ਨੂੰ ਸੁਣ ਕੇ ਲੋਕ ਕਹਿੰਦੇ ਹਨ - ਤੈਨੂੰ ਸਰਕਾਰ ਤੋਂ ਡਰ ਨਹੀਂ ਲੱਗਦਾ? ਮੈਨੂੰ ਆਪਣੀਆਂ ਕਮਜ਼ੋਰੀਆਂ ਤੋਂ ਡਰ ਲੱਗਦਾ ਹੈ। ਆਪਣੀਆਂ ਕਮਜ਼ੋਰੀਆਂ ਨਾਲ ਲੜਣ ਲਈ ਹੀ ਬੋਲਦਾ ਹਾਂ। ਲਿਖਦਾ ਹਾਂ। ਕਈ ਵਾਰ ਹਾਰ ਜਾਂਦਾ ਹਾਂ। ਉਸ ਵਕਤ ਆਪਣੇ ਆਪ ਨੂੰ ਦਿਲਾਸਾ ਦਿੰਦਾ ਹਾਂ ਕਿ ਇਸ ਵਾਰ ਫੇਲ੍ਹ ਹੋ ਗਿਆ, ਅਗਲੀ ਵਾਰ ਪਾਸ ਹੋਣ ਦੀ ਕੋਸ਼ਿਸ਼ ਕਰਾਂਗਾ। ਸੱਤਾ ਦੇ ਸਾਹਮਣੇ ਬੋਲਣਾ ਉਸ ਸਾਹਸ ਦਾ ਪ੍ਰਦਰਸ਼ਨ ਹੈ ਜਿਸਦਾ ਅਧਿਕਾਰ ਸੰਵਿਧਾਨ ਦਿੰਦਾ ਹੈ ਅਤੇ ਜਿਸਦੇ ਤੁਸੀਂ ਰਖਵਾਲੇ ਹੋ। ਮੈਂ ਇਹ ਖ਼ਤ ਜਨਤਕ ਰੂਪ ਵਿਚ ਵੀ ਪ੍ਰਕਾਸ਼ਤ ਕਰ ਰਿਹਾ ਹਾਂ ਅਤੇ ਆਪ ਜੀ ਨੂੰ ਡਾਕ ਰਾਹੀਂ ਵੀ ਭੇਜ ਰਿਹਾ ਹਾਂ। ਜੇਕਰ ਤੁਸੀਂ ਨਿਖਿਲ ਦਧੀਚ, ਨੀਰਜ ਦਵੇ ਅਤੇ ਆਕਾਸ਼ ਸੋਨੀ ਨੂੰ ਜਾਣਦੇ ਹੋ ਤਾਂ ਉਹਨਾਂ ਤੋਂ ਬੱਸ ਇੰਨਾ ਪੁੱਛ ਲੈਣਾ ਕਿ ਕਿਤੇ ਉਹਨਾਂ ਦਾ ਜਾਂ ਇਹਨਾਂ ਦੇ ਕਿਸੇ ਗਰੁੱਪ ਦਾ ਮੈਨੂੰ ਮਾਰਨ ਦਾ ਇਰਾਦਾ ਤਾਂ ਨਹੀਂ ਹੈ? ਖ਼ਤ ਲਿਖਦਿਆਂ ਜੇਕਰ ਮੈਂ ਤੁਹਾਡਾ ਨਿਰਾਦਰ ਕੀਤਾ ਹੈ ਤਾਂ ਮਾਫ਼ੀ ਚਾਹੁੰਦਾ ਹਾਂ।

ਤੁਹਾਡਾ ਸ਼ੁਭ ਚਿੰਤਕ

ਰਵੀਸ਼ ਕੁਮਾਰ (ਪੱਤਰਕਾਰ NDTV INDIA) 29 ਸਤੰਬਰ 2017

**

AmolakSinghA2

ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਪਿੰਡ ਬੀਹਲਾ (ਬਰਨਾਲਾ) ਵਿਖੇ 1 ਅਕਤੂਬਰ 2017 ਨੂੰ ਹੋਏ ਸਮਾਗਮ ਵਿੱਚ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਇਸ ਚਿੱਠੀ ਬਾਰੇ ਜਾਣਕਾਰੀ ਦਿੰਦਿਆਂ ਇਸਦਾ ਪੰਜਾਬੀ ਅਨੁਵਾਦ, ਲੋਕ ਅਰਪਣ ਕੀਤਾ।

*****

(855)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)