ShangaraSBhullar7"ਉਹ ਹੈ ਬੜਾ ਕਮਾਲ ਦਾ ਬੰਦਾ, ਐਨ ਖਰਾ ਸੋਨਾ। ਵਰਨਾ ਅਫਸਰਸ਼ਾਹੀ ਵਿਚ ਤਾਂ ਬੰਦਾ ..."
(2 ਅਕਤੂਬਰ 2017)

 

NripinderRattan1ਨ੍ਰਿਪਇੰਦਰ ਸਿੰਘ ਰਤਨ (ਐਨ.ਐਸ. ਰਤਨ) ਪੰਜਾਬੀ ਸਾਹਿਤ ਅਤੇ ਪੰਜਾਬ ਦੀ ਅਫਸਰਸ਼ਾਹੀ ਵਿਚ ਇਕ ਦ੍ਰਿੜ੍ ਇਰਾਦੇ ਦੇ ਮਾਲਕ ਅਤੇ ਸੱਚ ਦਾ ਪੱਲਾ ਫੜਨ ਵਾਲੇ ਸਖਤ ਜਾਨ ਸਖਸ਼ ਦਾ ਨਾਂ ਹੈ। ਉਸਨੇ ਜਿਉਂ ਹੋਸ਼ ਸੰਭਾਲੀ, ਪਹਿਲੇ ਦਿਨੋਂ ਹੀ ਅੰਦਰੋਂ ਬਾਹਰੋਂ ਇੱਕ ਹੈ। ਮਰਜ਼ੀ ਦਾ ਮਾਲਕ ਜੋ ਚੰਗਾ ਲੱਗੇ ਜਾਂ ਫਿਰ ਜਿੱਥੇ ਗਰਾਰੀ ਅੜ ਜਾਵੇ, ਉਹ ਉਹਨੇ ਕਰਕੇ ਹੀ ਛੱਡਣਾ ਹੈ। ਕਿਸੇ ਨੜੇ ਨਤੀਜੇ ਦੀ ਪ੍ਰਵਾਹ ਨਹੀਂ, ਭਾਵੇਂ ਅਸਮਾਨ ਕਿਉਂ ਨਾ ਡਿੱਗ ਪਵੇ। ਅਸੂਲਾਂ ਦਾ ਏਡਾ ਪੱਕਾ ਕਿ ਪੜ੍ਹਾਈ ਕਰਦਿਆਂ ਆਪਣੇ ਸਿਧਾਂਤਾਂ ’ਤੇ ਪਹਿਰਾ ਦੇਣ ਖਾਤਰ ਆਪਣੇ ਸੰਤ ਨੁਮਾ ਪਿਓ ਅੱਗੇ ਵੀ ਵਿਹਰ ਖਲੋਤਾ ਸੀ। ਆਈ.ਏ.ਐੇਸ. ਲਈ ਚੁਣੇ ਜਾਣ ਪਿੱਛੋਂ ਮਸੂਰੀ ਵਿਖੇ ਸਿਖਲਾਈ ਲੈਂਦਿਆਂ ਉੱਥੋਂ ਦੇ ਬੜੇ ਅਨੁਸ਼ਾਸਨ ਪਸੰਦ ਡਾਇਰੈਕਟਰ ਦੇ ਵੀ ਸਾਹਮਣੇ ਹੋ ਖਲੋਤਾ ਸੀ। ਪੰਜਾਬ ਸਰਕਾਰ ਦੀ ਨੌਕਰੀ ਕਰਦਿਆਂ ਅਨੇਕਾਂ ਮੌਕਿਆਂ ’ਤੇ ਕਿਸੇ ਦੀ ਈਨ ਨਹੀਂ ਮੰਨੀ। ਖਤਰੇ ਵਿਚ ਪੈ ਕੇ ਨਿੱਠ ਕੇ ਨੌਕਰੀ ਕੀਤੀ ਹੈ। ਕਈ ਇੱਕ ਤਕਲੀਫਾਂ ਵੀ ਝੱਲੀਆਂ ਹਨ। ਸਾਹਿਤ ਵਿਚ ਵੀ ਜਿੰਨਾ ਲਿਖਿਆ ਹੈ, ਸਿਰੇ ਦਾ ਲਿਖਿਆ ਹੈ, ਉਹ ਭਾਵੇਂ ਕਹਾਣੀ ਹੈ ਜਾਂ ਕਵਿਤਾ। ਇਹ ਤੇ ਕਈ ਇਹੋ ਜਿਹੇ ਕੁਝ ਹੋਰ ਦੀਆਂ ਝਲਕਾਂ ਰਤਨ ਦੀ ਹੁਣ ਤਕ ਆਪਣੀਆਂ ਜੀਵਨ ਯਾਦਾਂ ਬਾਰੇ ਲਿਖੀ ਗਈ ਤ੍ਰੈਲੜੀ ਪੁਸਤਕ “ਕਤਰਨ ਕਤਰਨ ਯਾਦਾਂ” ਵਿੱਚੋਂ ਸਹਿਵਨ ਹੀ ਮਿਲ ਜਾਂਦੀਆਂ ਹਨ।

ਹੁਣੇ ਜਿਹੇ ਤਿੰਨੇ ਕਿਤਾਬਾਂ ਵਾਲੀ ਇਸ ਪੁਸਤਕ ਲੜੀ - ਮੇਰੀ ਪਹਿਲੀ ਕਮਾਈ, ਇਕ ਦਰਵੇਸ਼ ਮੰਤਰੀ ਅਤੇ ਚੁਰਾਸੀ ਦੇ ਚੱਕਰ - ਨੂੰ ਮੈਂ ਬੜੇ ਗਹੁ ਨਾਲ ਵਾਚਿਆ ਹੈ। ਤੁਸੀਂ ਜਿਸ ਸਖਸ਼ ਨੂੰ ਦੇਰ ਤੋਂ ਅਤੇ ਕਾਫੀ ਨੇੜਿਓਂ ਜਾਣਦੇ ਹੋਵੋ ਤਾਂ ਉਸਦੀਆਂ ਜੀਵਨ ਯਾਦਾਂ ਵਿੱਚੋਂ ਲੰਘਣਾ ਉਸ ਦੀ ਸਖਸ਼ੀਅਤ ਦੇ ਵੱਖ ਵੱਖ ਪਹਿਲੂ ਪੇਸ਼ ਕਰਦਾ ਹੈ, ਸਗੋਂ ਇਹ ਸਭ ਕੁਝ ਜਾਨਣ ਲਈ ਤੁਹਾਡੀ ਬੜੀ ਉਤਸੁਕਤਾ ਹੁੰਦੀ ਹੈ। ਰਤਨ ਦੇ ਧੱਕੜਪੁਣੇ ਅਤੇ ਅੜਬੰਗੀ ਦੇ ਕਿੱਸੇ ਕਹਾਣੀਆਂ ਤਾਂ ਪਹਿਲਾਂ ਵੀ ਸੁਣਦੇ ਰਹੇ ਹਾਂ ਪਰ ਹੁਣ ਇਹ ਲਿਖਤ ਰੂਪ ਵਿਚ ਤੁਹਾਨੂੰ ਬਹੁਤ ਕੁਝ ਅੰਦਰ ਤਕ ਝਾਤ ਪੁਆਉਂਦੀਆਂ ਹਨ। ਤੁਸੀਂ ਜਿਸ ਸਖਸ਼ ਦੇ ਸੁਭਾਅ ਦੇ ਪਹਿਲੂਆਂ ਨੂੰ ਜਾਣਦੇ ਹੋਵੋਂ, ਪੜ੍ਹਨ ਵੇਲੇ ਜੇ ਉਨ੍ਹਾਂ ਵਿਚ ਕਿਤੇ ਕਾਣ ਹੋਵੇ ਤਾਂ ਉਸ ਬਾਰੇ ਬਣੇ ਪ੍ਰਤੀਬਿੰਬ ਵਿਚ ਵੀ ਤ੍ਰੇੜ ਆਉਣ ਲਗਦੀ ਹੈ। ਕਿਹਾ ਜਾ ਸਕਦਾ ਹੈ ਕਿ ਉਸ ਬਾਰੇ ਜੋ ਵੀ ਸੁਣਿਆ ਉਹ ਤਾਂ ਹੈ ਹੀ ਪਰ ਜੋ ਕੁਝ ਉਹਨੇ ਲਿਖਿਆ ਹੈ ਉਹ ਸੱਚੋ ਸੱਚ ਹੈ ਅਤੇ ਕਿਤੇ ਵੀ ਆਪਣੇ ਬਾਹਰਲੇ ਨੂੰ ਅੰਦਰਲੇ ’ਤੇ ਹਾਵੀ ਨਹੀਂ ਹੋਣ ਦਿੱਤਾ। ਉਹ ਹੈ ਬੜਾ ਕਮਾਲ ਦਾ ਬੰਦਾ, ਐਨ ਖਰਾ ਸੋਨਾ। ਵਰਨਾ ਅਫਸਰਸ਼ਾਹੀ ਵਿਚ ਤਾਂ ਬੰਦਾ ਵਗਦੀ ਗੰਗਾ ਵਿੱਚ ਹੱਥ ਧੋਣੋ ਬਹੁਤੀ ਕਿਰਸ ਨਹੀਂ ਕਰਦਾ। ਇਹ ਰਤਨ ਹੈ ਜਿਹੜਾ ਆਪਣੇ ਮੁੱਖ ਮੰਤਰੀ ਨੂੰ ਹਿੱਕ ਠੋਕ ਕੇ ਇਹ ਕਹਿ ਸਕਦਾ ਹੈ ਕਿ ਉਹਦੇ ਵਿਰੁੱਧ ਭਲੇ ਹੀ ਵਿਜੀਲੈਂਸ ਕੋਲੋਂ ਜਾਂਚ ਕਰਵਾ ਲਓ ਜੇ ਉਹ ਕਸੂਰਵਾਰ ਹੋਇਆ ਤਾਂ ਬੇਸ਼ੱਕ ਚੁਰਾਹੇ ਵਿਚ ਫਾਂਸੀ ਲਾ ਦੇਣਾ। ਜੇ ਮੈਂ ਬੇਕਸੂਰ ਹੋਇਆ, ਜੋ ਮੈਂ ਕਹਿੰਦਾ ਵੀ ਹਾਂ, ਤਾਂ ਫਿਰ ਸ਼ਿਕਾਇਤ ਕਰਤਾਵਾਂ ਨੂੰ ਸਜ਼ਾ ਦੇਣੀ ਤੁਹਾਡਾ ਕੰਮ। ਆਈ.ਏ.ਐੱਸ. ਦੀ ਨੌਕਰੀ ਵਿੱਚ ਕਿਰਸ ਕਰਕੇ ਰੋਟੀ ਖਾਣ ਤੇ ਬੱਚੇ ਪਾਲਣ ਵਾਲੇ ਰਤਨ ਵਰਗੇ ਜੇ ਕੁਝ ਕੁ ਹੀ ਸੱਚੇ ਸੁੱਚੇ ਅਫਸਰ ਵਿਚ ਹੋਣ ਤਾਂ ਬਿਨਾਂ ਸ਼ੱਕ ਭ੍ਰਿਸ਼ਟਾਚਾਰ ਦਾ ਇਕ ਸਿਰਾ ਬੜੀ ਅਸਾਨੀ ਨਾਲ ਇੱਥੋਂ ਹੀ ਠੱਲਿਆ ਜਾ ਸਕਦਾ ਹੈ।

ਇਸ ਤ੍ਰੈਲੜੀ ਪੁਸਤਕ ਦੀ ਚੌਥੀ ਕੜੀ ਵੀ ਲਗਪਗ ਤਿਆਰ ਹੈ ਅਤੇ ਨੇੜ ਭਵਿੱਖ ਵਿਚ ਕਿਸੇ ਵੇਲੇ ਵੀ ਪੰਜਾਬੀ ਸਾਹਿਤ ਵਿੱਚ ਉਹਦਾ ਆਗਮਨ ਹੋ ਸਕਦਾ ਹੈ। ਫਿਲਹਾਲ ਇਨ੍ਹਾਂ ਤਿੰਨਾਂ ਪੁਸਤਕਾਂ ਵਿੱਚ ਕੁਲ ਮਿਲਾ ਕੇ 90-91 ਲੇਖ ਹਨ। ਇਨ੍ਹਾਂ ਵਿਚ ਕਈ ਤਾਂ ਉਸਦੀਆਂ ਜੀਵਨ ਯਾਦਾਂ ਹਨ ਤੇ ਸਕੂਲ ਪੜ੍ਹਾਈ ਤੋਂ ਲੈ ਕੇ ਕਾਲਜ ਦੀ ਪੜ੍ਹਾਈ, ਨਾਭਾ ਦੇ ਸਰਕਾਰੀ ਕਾਲਜ ਵਿਚ ਨੌਕਰੀ ਦੌਰਾਨ ਕੁਝ ਤਲਖ ਤੇ ਅਨੰਦਮਈ ਘਟਨਾਵਾਂ ਹਨ। ਫਿਰ ਆਈ.ਏ.ਐੱਸ. ਬਣਨ ਤੋਂ ਲੈ ਕੇ ਮਸੂਰੀ ਦੀ ਸਿਖਲਾਈ, ਭਾਰਤ ਦਰਸ਼ਨ ਅਤੇ ਨੌਕਰੀ ਦੌਰਾਨ ਹੋਏ ਖੱਟੇ ਮਿੱਠੇ ਅਨੁਭਵ ਹਨ। ਕੁਝ ਲੇਖ ਵਿਦੇਸ਼ ਫੇਰੀ ਦੇ ਵੀ ਹਨ। ਕੁੱਲ ਮਿਲਾ ਕੇ ਇਹ ਯਾਦਾਂ ਦਾ ਇਕ ਮਿਲਗੋਭਾ ਜਾਂ ਗੁਲਦਸਤਾ ਹੈ। ਕਤਰਨ ਕਤਰਨ ਯਾਦਾਂ ਉਸਨੇ ਰਿਟਾਇਰ ਹੋਣ ਪਿੱਛੋਂ ਲਿਖੀਆਂ। ਇਹ ਸ਼ਾਇਦ ਇਸ ਲਈ ਕਿ ਨੌਕਰੀ ਦੌਰਾਨ ਇਹ ਲਿਖੀਆਂ ਵੀ ਨਾ ਜਾ ਸਕਦੀਆਂ ਜਾਂ ਫਿਰ ਲਿਖ ਕੇ “ਆ ਬੈਲ ਮੁਝੇ ਮਾਰ” ਵਾਲੀ ਕਹਾਣੀ ਸਹੇੜ ਲੈਂਦਾ। ਵੈਸੇ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਜੀਵਨ ਯਾਦਾਂ ਨੂੰ ਉਹਨੇ ਜਾਣਬੁੱਝ ਕੇ ਕੋਈ ਤਰਤੀਬ ਨਹੀਂ ਦਿੱਤੀ ਤਾਂ ਕਿ ਇੱਕੋ ਵਿਸ਼ੇ ਬਾਰੇ ਪੜ੍ਹ ਕੇ ਪਾਠਕ ਬੋਰ ਨਾ ਹੋਣ ਅਤੇ ਉਨ੍ਹਾਂ ਦੀ ਦਿਲਚਸਪੀ ਨਾ ਟੁੱਟੇ। ਇਸੇ ਲਈ ਕਿਤੇ ਬਚਪਨ ਦੀਆਂ ਯਾਦਾਂ ਦਾ ਵੇਰਵਾ ਹੈ, ਕਿਤੇ ਕਾਲਜ ਦਾ ਅਤੇ ਕਿਤੇ ਅਫਸਰਸ਼ਾਹੀ ਦਾ ਅਤੇ ਇਸੇ ਤਰ੍ਹਾਂ ਕਿਤੇ ਲੰਡਨ, ਅਮਰੀਕਾ ਜਾਂ ਕੈਨੇਡਾ ਦੀ ਸੈਰ ਦਾ। ਉਂਜ ਇਸ ਤੋਂ ਪਹਿਲਾਂ ਉਹ ਤਿੰਨ ਕਾਵਿ ਸੰਗ੍ਰਹਿ ਅਤੇ ਤਿੰਨ ਕਹਾਣੀ ਸੰਗ੍ਰਹਿ ਵੀ ਛਪਵਾ ਚੁੱਕਾ ਹੈ। ਉਹਦੀ ਜੀਵਨੀ ਵੀ ਹੈ - ਰਤਨ ਕੋਠੜੀ ਖੁੱਲ੍ਹੀ ਅਨੂਪਾ। ਇਹ ਸਾਰੀਆਂ ਕਿਤਾਬਾਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪੀਆਂ ਹਨ।

ਦਰਮਿਆਨੇ ਕੱਦ ਅਤੇ ਰਤਾ ਕੁ ਭਾਰੀ ਸਰੀਰ ਵਾਲਾ ਰਤਨ ਵੇਖਣ ਨੂੰ ਬੜਾ ਮਸਤ ਮੌਲਾ ਲਗਦਾ ਹੈ ਪਰ ਹੈ ਸਿਰੇ ਦਾ ਜ਼ਿਹਨ ਜ਼ਹੀਨ। ਪੜ੍ਹਾਈ ਵਿਚ ਵੀ ਉਸਨੇ ਬੜੇ ਮਾਅਰਕੇ ਮਾਰੇ ਹੋਏ ਹਨ। ਬੱਸ ਘੋਟੇ/ਰੱਟੇ ਦੀ ਲੋੜ ਨਹੀਂ ਜੋ ਇਕ ਵਾਰੀ ਪੜ੍ਹ ਲਿਆ ਸਮਝੋ ਸਲੇਟ ਉੱਤੇ ਉੱਕਰ ਗਿਆ। ਆਈ.ਏ.ਐੱਸ. ਬਣਨ ਬਾਰੇ ਉਹਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਉਹ ਤਾਂ ਪ੍ਰੋਫੈੱਸਰੀ ਕਰਨੀ ਚਾਹੁੰਦਾ ਸੀ ਅਤੇ ਜਦੋਂ ਆਈ.ਏ.ਐੱਸ. ਲਈ ਇਮਤਿਹਾਨ ਦਿੱਤਾ ਤਾਂ ਉਦੋਂ ਵੀ ਪ੍ਰੋਫੈਸਰੀ ਕਰ ਰਿਹਾ ਸੀ। ਇਹ ਤਾਂ ਉਹਦੀ ਇਕ ਜਮਾਤਣ ਕੁੜੀ ਦੀ ਮਾਰੀ ਬੋਲੀ ਸੀ ਕਿ ਉਹਨੂੰ ਪਹਿਲੀ ਕੋਸ਼ਿਸ਼ ਵਿਚ ਆਈ.ਏ.ਐੱਸ. ਅਫਸਰ ਬਣਾ ਦਿੱਤਾ। ਉਹ ਕੁੜੀ ਕਾਲਜ ਪੜ੍ਹਦਿਆਂ ਵੀ ਅਤੇ ਫਿਰ ਆਈ.ਏ.ਐੱਸ. ਦੀ ਪ੍ਰੀਖਿਆ ਦਿੰਦਿਆਂ ਵੀ ਰਤਨ ਨੂੰ ਹਰ ਹੀਲੇ ਪਛਾੜਨਾ ਚਾਹੁੰਦੀ ਸੀ ਪਰ ਬਦਕਿਸਮਤੀ ਨੂੰ ਪਛੜ ਆਪ ਗਈ ਸੀ। ਰਤਨ ਲਈ ਇਹ ਤਾਂ ਕੁੱਬੇ ਦੇ ਮਾਰੀ ਲੱਤ ਵਰ ਆ ਗਈ ਵਾਲੀ ਗੱਲ ਹੋਈ ਸੀ।

ਅੰਗਰੇਜ਼ੀ ਦਾ ਤਕੜਾ ਮਾਹਿਰ ਹੋਣ ਦੇ ਬਾਵਜੂਦ ਉਹ ਲੇਖਕ ਪੰਜਾਬੀ ਦਾ ਹੈ। ਉਹਦੀ ਸ਼ੈਲੀ ਬੜੀ ਠੇਠ ਅਤੇ ਠੁੱਕਦਾਰ ਹੈ। ਲਿਖਤ ਵਿਚ ਕਈ ਐਸੇ ਸ਼ਬਦ ਵਰਤੇ ਹਨ ਜਿਹੜੇ ਸ਼ਾਇਦ ਬਹੁਤ ਵਿਦਵਾਨ ਵੀ ਨਹੀਂ ਵਰਤਦੇ। ਉਹਦੀ ਬੋਲੀ ਬੋਲ ਚਾਲ ਵਾਲੀ ਹੈ ਜੋ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਅਫਸਰਸ਼ਾਹੀ ਜੀਵਨ ਦੀਆਂ ਕੁਝ ਤਲਖ ਘਟਨਾਵਾਂ ਪੜ੍ਹ ਕੇ ਉਹਦੇ ਨਾਲ ਹਮਦਰਦੀ ਵੀ ਹੋਣ ਲਗਦੀ ਹੈ ਪਰ ਜਿਵੇਂ ਉੱਪਰ ਜ਼ਿਕਰ ਹੈ, ਰਤਨ ਬਹੁਤ ਸਿਰੜੀ ਹੈ। ਮੇਰੀ ਰਾਏ ਹੈ ਕਤਰਨ ਕਤਰਨ ਯਾਦਾਂ ਦਾ ਚੌਥਾ ਹਿੱਸਾ ਛਪਣ ਉਪਰੰਤ ਜੋ ਬਿਹਤਰ ਹੋਵੇ ਤਾਂ ਉਹ ਵਿਦੇਸ਼ ਫੇਰੀ ਵਾਲੀਆਂ ਯਾਦਾਂ ਨੂੰ ਸਫਰਨਾਮੇ ਦੇ ਰੂਪ ਵਿੱਚ ਵੱਖਰਾ ਰੂਪ ਦੇਵੇ ਅਤੇ ਬਾਕੀ ਸਭ ਨੂੰ ਵੱਖਰਾ ਰੂਪ। ਮਸੂਰੀ ਵਿਚਲੀ ਸਿਖਲਾਈ ਸੰਸਥਾ ਵਿਚ ਉਸਦੀਆਂ ਇਹ ਚਾਰੇ ਪੁਸਤਕਾਂ ਆਈ.ਏ.ਐੱਸ. ਵਿਚ ਨਵੇਂ ਆਏ ਸਿਖਾਂਦਰੂਆਂ ਨੂੰ ਕੋਰਸ ਵਜੋਂ ਜਾਂ ਉਂਜ ਹੀ ਜ਼ਰੂਰ ਪੜ੍ਹਾਈਆ ਜਾਣ। ਸ਼ਾਇਦ ਬਹੁਤ ਸਾਰੀ ਨਵੀਂ ਅਫਸਰਸ਼ਾਹੀ ਉੱਥੋਂ ਹੀ ਰਿਸ਼ਵਤਖੋਰੀ ਤੋਂ ਲਾਂਭੇ ਹੋ ਕੇ ਲੋਕਾਂ ਦੇ ਸੇਵਕ ਵਜੋਂ ਕੰਮ ਕਰਨ ਲੱਗ ਪਵੇ। ਇਨ੍ਹਾਂ ਲਿਖਤਾਂ ਤੋਂ ਜੇ ਹੋਰ ਕੁਝ ਨਹੀਂ ਤਾਂ ਇਕ ਨਵਾਂ ਅਫਸਰਸ਼ਾਹ ਘੱਟੋ-ਘੱਟ ਸਿਆਸਤ ਅਤੇ ਸਿਆਸਤਦਾਨਾਂ ਦਾ ਪਿਛਲੱਗ ਬਣਨੋਂ ਗੁਰੇਜ਼ ਜ਼ਰੂਰ ਕਰੇਗਾ।

*****

(850)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author